ਹਮਦਰਦੀ ਦਾ ਹਲਫਨਾਮਾ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ-ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ! ਪਿਛਲੇ ਲੇਖ ਵਿਚ ਡਾ[ ਭੰਡਾਲ ਨੇ ਬਾਬੇ ਨਾਨਕ ਦੀ ਬਾਣੀ ਤੋਂ ਨਾ ਸਿਰਫ ਟੁੱਟੇ ਸਗੋਂ ਉਲਟ ਚੱਲ ਰਹੇ ਅਜੋਕੇ ਸਿੱਖਾਂ ਦੀ ਗਾਥਾ ਬਿਆਨਦਿਆਂ ਗਿਲਾ ਕੀਤਾ ਸੀ, “ਵਪਾਰ ਮਾੜਾ ਨਹੀਂ, ਪਰ ਜਦ ਇਹ ਧਰਮ ਨੂੰ ਵੇਚਣ ਲੱਗ ਪਵੇ, ਮਨੁੱਖੀ ਕਮੀਨਗੀ ਦਾ ਆਧਾਰ ਬਣ ਜਾਵੇ, ਗੁਰਦੁਆਰਿਆਂ ਨੂੰ ਕਾਰਪੋਰੇਟ ਅਦਾਰੇ ਬਣਾ ਲਿਆ ਜਾਵੇ, ਨਿੱਜੀ ਜਾਇਦਾਦ ਸਮਝ ਲਿਆ ਜਾਵੇ

ਅਤੇ ‘ਘਰ ਘਰ ਅੰਦਰੁ ਧਰਮਸਾਲ[[[’ ਦੀ ਥਾਂ ਘਰਾਂ ਨੂੰ ਗੁਰਦੁਆਰੇ ਰਜਿਸਟਰ ਕਰਵਾ ਕੇ, ਸਰਕਾਰੀ ਛੋਟਾਂ ਲੈਣ ਦਾ ਵਸੀਲਾ ਬਣਾ ਲਿਆ ਜਾਵੇ ਤਾਂ ਤੇਰੀ ਸੋਚ ਵਿਚਲੇ ਸਚਿਆਰੇਪਣ ਅਤੇ ਨਿਆਰੇਪਣ ਨੂੰ ਗੰਧਲਾ ਹੀ ਕਰ ਰਹੇ ਹਾਂ।” ਹਥਲੇ ਲੇਖ ਵਿਚ ਡਾ[ ਭੰਡਾਲ ਨੇ ਹਮਦਰਦੀ ਦੇ ਅਰਥਾਂ ਦੀ ਪੜਚੋਲ ਕਰਦਿਆਂ ਕਿਹਾ ਹੈ, “ਹਮਦਰਦੀ ਪ੍ਰਗਟ ਕਰਨ ਲਈ ਦਿਲ-ਗੁਰਦਾ ਚਾਹੀਦਾ। ਇਸ ਲਈ ਦੌਲਤ, ਸਰੀਰਕ ਸਮਰੱਥਾ ਜਾਂ ਰੁਤਬਾ ਨਹੀਂ ਲੋੜੀਂਦਾ। ਸਿਰਫ ਮਨ ਵਿਚ ਲੋਚਾ ਹੋਵੇ ਤਾਂ ਹਮਦਰਦੀ ਆਪਣੇ ਆਪ ਹੀ ਪੈਦਾ ਹੁੰਦੀ।[[[ਹਮਦਰਦੀ ਮੰਗਣ ਵਾਲਿਆਂ ਨੂੰ ਮੰਗਤਾ ਨਾ ਸਮਝੋ ਅਤੇ ਨਾ ਹੀ ਮੰਗਤਾ ਬਣਾਓ। ਸਗੋਂ ਹਮਦਰਦੀ ਦੇ ਲੁਕਵੇਂ ਸਰੂਪ ਰਾਹੀਂ ਉਸ ਨੂੰ ਅਜਿਹਾ ਕਾਬਲ ਬਣਾਓ ਕਿ ਹਮਦਰਦੀ ਉਸ ਲਈ ਵੀ ਜੀਵਨ-ਜਾਚ ਬਣ ਜਾਵੇ। ਉਹ ਹਮਦਰਦੀ ‘ਤੇ ਜਿਉਣਾ ਛੱਡ, ਹਮਦਰਦੀ ਦੀ ਲੋਅ ਨੂੰ ਵੰਡਣ ਦਾ ਕਰਮਵੇਤਾ ਬਣ ਜਾਵੇ।” –ਸੰਪਾਦਕ

ਡਾ[ ਗੁਰਬਖਸ਼ ਸਿੰਘ ਭੰਡਾਲ
ਹਮਦਰਦੀ, ਮਨ ਦੀ ਸ਼ੁਭ ਇੱਛਾ, ਦਰਦਮੰਦ ਲਈ ਅੱਖ ‘ਚ ਨਮੀ, ਲੋੜਵੰਦ ਲਈ ਕੁਝ ਚੰਗਾ ਕਰਨ ਦੀ ਤਮੰਨਾ, ਆਸਵੰਦ ਦੀ ਆਸ ਪੁਗਾਉਣ ਦਾ ਹੀਆ ਅਤੇ ਦੀਦ-ਤਰਸਣੀ ਨੂੰ ਦਰਸ਼ ਦੇਣ ਦੀ ਨੀਅਤ।
ਹਮਦਰਦੀ, ਮਨ ਦੀਆਂ ਭਾਵਨਾਵਾਂ ਵਿਚਲੀ ਸੁੱਚਮ ਤੇ ਉਤਮਤਾ ਦਾ ਚਸ਼ਮਾ, ਸੂਖਮ ਅਹਿਸਾਸਾਂ ਵਿਚ ਜਿਉਂਦੀ ਮਾਨਵਤਾ, ਸੁਹਜ-ਸੋਚ ਵਿਚ ਮਨੁੱਖਵਾਦੀ ਨਜ਼ਰੀਏ ਦਾ ਵਹਿੰਦਾ ਦਰਿਆ ਅਤੇ ਪੀੜ-ਪਿਲੱਤਣ ਲਈ ਭਰੀ ਜਾਣ ਵਾਲੀ ਹਾਅ।
ਹਮਦਰਦੀ, ਹਮ-ਸ਼ਕਲਾਂ, ਹਮ-ਰੁਤਬਿਆਂ, ਹਮ-ਜਮਾਤੀਆਂ, ਹਮ-ਜਾਤੀਆਂ ਜਾਂ ਹਮ-ਕੌਮ ਦੇ ਲੋਕਾਂ ਤੀਕ ਹੀ ਸੀਮਤ ਨਹੀਂ ਹੁੰਦੀ। ਇਸ ਦੀ ਦਰਿਆ-ਦਿਲੀ ਹੱਦਾਂ, ਸਰਹੱਦਾਂ, ਕੌਮਾਂ, ਮਜ਼ਹਬਾਂ, ਕਿੱਤਿਆਂ, ਖਿੱਤਿਆਂ, ਦੇਸ਼-ਦੇਸ਼ਾਂਤਰਾਂ ਤੋਂ ਉਪਰ ਉਠ ਕੇ ਹਰੇਕ ਜੀਵ ਲਈ ਹੁੰਦੀ, ਕਿਉਂਕਿ ਚੰਗਿਆਈ ਦੀ ਕੋਈ ਸੀਮਾ ਜਾਂ ਧਰਮ ਨਹੀਂ ਹੁੰਦਾ। ਇਹ ਤਾਂ ਫਿਤਰਤ ਏ ਅਤੇ ਫਿਤਰਤ ਵਿਚ ਕਦੇ ਵੀ ਕਾਣੀ ਵੰਡ-ਵੰਡਾਈ ਨਹੀਂ ਹੁੰਦੀ। ਹਰੇਕ ਦੀਆਂ ਲੋੜਾਂ-ਥੋੜ੍ਹਾਂ, ਕਮੀਆਂ-ਕੁਹਜਾਂ ਦੀ ਪੂਰਤੀ ਕਰਦੀ। ਇਹ ਤਾਂ ਕਰਮਯੋਗਤਾ ਹੈ, ਜੋ ਕਮਾਉਣੀ ਪੈਂਦੀ।
ਹਮਦਰਦੀ ਪ੍ਰਗਟ ਕਰਨ ਲਈ ਦਿਲ-ਗੁਰਦਾ ਚਾਹੀਦਾ। ਇਸ ਲਈ ਦੌਲਤ, ਸਰੀਰਕ ਸਮਰੱਥਾ ਜਾਂ ਰੁਤਬਾ ਨਹੀਂ ਲੋੜੀਂਦਾ। ਸਿਰਫ ਮਨ ਵਿਚ ਲੋਚਾ ਹੋਵੇ ਤਾਂ ਹਮਦਰਦੀ ਆਪਣੇ ਆਪ ਹੀ ਪੈਦਾ ਹੁੰਦੀ।
ਹਮਦਰਦੀ ਭਰੀ ਫਿਤਰਤ, ਮਨੁੱਖੀ ਸ਼ਖਸੀਅਤ ਦਾ ਅਹਿਮ ਗੁਣ, ਜਿਸ ਸਦਕਾ ਮਨੁੱਖ ਹਰਦਿਲ-ਅਜ਼ੀਜ਼ ਬਣ ਜਾਂਦਾ।
ਜੀਵਨ ਵਿਚ ਹਮਦਰਦੀ ਜਤਾਉਣ ਦੇ ਬਹੁਤ ਮੌਕੇ ਮਿਲਦੇ, ਪਰ ਕੁਝ ਹੀ ਲੋਕ ਹੁੰਦੇ, ਜੋ ਹਮਦਰਦੀ ਕਮਾਉਂਦੇ ਅਤੇ ਹਮਦਰਦ ਬਣ ਕੇ ਬਿਗਾਨੀ ਰੂਹ ਵਿਚ ਸਦੀਵੀ ਆਲ੍ਹਣਾ ਪਾਉਂਦੇ। ਮਾਈਕਰੋਸਾਫਟ ਦਾ ਸੀ[ ਈ[ ਓ[ ਲਿਖਦਾ ਹੈ ਕਿ ਸਕੂਲੀ ਪੜ੍ਹਾਈ ਦੌਰਾਨ ਇਕ ਵਾਰ ਲੱਤ ਟੁੱਟੀ ਹੋਣ ਕਾਰਨ ਫਾਹੁੜੀਆਂ ਨਾਲ ਸਕੂਲ ਜਾ ਰਿਹਾ ਸਾਂ ਤਾਂ ਮੇਰੇ ਕੋਲੋਂ ਮੇਰਾ ਬੈਗ ਸੰਭਲ ਨਹੀਂ ਸੀ ਰਿਹਾ। ਇੰਨੇ ਚਿਰ ਨੂੰ ਇਕ ਵਿਦਿਆਰਥੀ ਵੀਲ੍ਹ-ਚੇਅਰ ‘ਤੇ ਕੋਲ ਆਇਆ ਅਤੇ ਮੇਰਾ ਬੈਗ ਫੜ ਕੇ ਕਲਾਸ ਵਿਚ ਪਹੁੰਚਣ ਵਿਚ ਮਦਦ ਕੀਤੀ। ਜਾਣ ਲੱਗਾ ਕਹਿਣ ਲੱਗਾ, ਰੱਬ ਕਰੇ ਤੂੰ ਬਹੁਤ ਜਲਦੀ ਠੀਕ ਹੋ ਜਾਵੇਂ। ਇਕ ਅਪਾਹਜ ਦੇ ਮਨ ਵਿਚ ਪੈਦਾ ਹੋਈ ਹਮਦਰਦੀ ਸਦਕਾ ਲੋੜਵੰਦ ਦੀ ਸਮੇਂ ਸਿਰ ਕੀਤੀ ਮਦਦ ਉਨ੍ਹਾਂ ਬਹੁਤ ਸਾਰੇ ਵਿਦਿਆਰਥੀਆਂ ਲਈ ਇਕ ਸਬਕ ਏ, ਜੋ ਮੈਨੂੰ ਮੁਸ਼ਕਿਲ ਵਿਚ ਫਸੇ ਨੂੰ ਦੇਖ ਕੇ ਕੋਲ ਦੀ ਲੰਘ ਰਹੇ ਸਨ। ਕਿਸੇ ਦੇ ਮਨ ਵਿਚ ਵੀ ਮੇਰੀ ਮਦਦ ਕਰਨ ਦਾ ਅਹਿਸਾਸ ਪੈਦਾ ਨਾ ਹੋਇਆ।
ਦਰਅਸਲ ਹਮਦਰਦੀ ਸਾਨੂੰ ਪਰਿਵਾਰ, ਆਲੇ-ਦੁਆਲੇ ਅਤੇ ਸਾਡੀ ਪਰਵਰਿਸ਼ ਵਿਚੋਂ ਹੀ ਮਿਲਣੀ ਹੁੰਦੀ ਹੈ ਕਿ ਸਾਡੇ ਮਾਪਿਆਂ ਨੇ ਸਾਨੂੰ ਕੀ ਸਿੱਖਾਇਆ? ਸਾਡੇ ਚੌਗਿਰਦੇ ਵਿਚ ਕੀ ਹੋ ਰਿਹਾ ਹੈ? ਅਸੀਂ ਚੌਗਿਰਦੇ ਨੂੰ ਕੀ ਦੇ ਰਹੇ ਹਾਂ? ਜੀਵਨ ਬਹੁਤ ਹੀ ਸੁੰਦਰ ਹੈ। ਲੋੜ ਹੈ, ਇਸ ਨੂੰ ਹੋਰ ਸੁੰਦਰ ਤੇ ਸਦੀਵੀ ਬਣਾਉਣ ਲਈ ਬਣਦਾ ਯੋਗਦਾਨ ਪਾਉਣ ਹਿੱਤ ਪਹਿਲ ਕਰਨ ਦੀ ਬਿਰਤੀ ਸਾਡੇ ਵਿਅਕਤੀਤਵ ਦਾ ਹਿੱਸਾ ਹੋਵੇ।
ਹਮਦਰਦੀ ਦੇ ਕਈ ਰੂਪ-ਇਹ ਆਰਥਕ ਵੀ ਹੋ ਸਕਦੀ ਏ, ਕਿਸੇ ਦਾ ਦੁੱਖ ਵੰਡਾਉਣਾ ਵੀ, ਕਿਸੇ ਦੇ ਤਿੜਕੇ ਸੁਪਨਿਆਂ ਨੂੰ ਪੁਨਰ-ਸਜੀਵ ਕਰਨਾ ਵੀ, ਕਿਸੇ ਦੇ ਬਸਤੇ ਵਿਚਲੀਆਂ ਪਾਟੀਆਂ ਪੁਸਤਕਾਂ ਤੇ ਰੋਂਦੇ ਪੂਰਨਿਆਂ ਨੂੰ ਵਰਾਇਆ ਵੀ ਜਾ ਸਕਦੈ, ਕਿਸੇ ਲਈ ਦੋ ਡੰਗ ਦੀ ਰੋਟੀ ਦਾ ਆਹਰ ਵੀ ਬਣ ਸਕਦੇ ਹਾਂ, ਕਿਸੇ ਭੁੱਲੇ-ਭਟਕੇ ਨੂੰ ਚੰਗੀ ਸੇਧ ਰਾਹੀਂ ਮਾਰਗ ਵੀ ਰੁਸ਼ਨਾ ਸਕਦੇ ਹਾਂ, ਵਿਛੜੇ ਨੂੰ ਮਿਲਾਉਣ ਦਾ ਸਬੱਬ ਵੀ ਬਣ ਸਕਦੇ ਹਾਂ ਜਾਂ ਕਿਸੇ ਦੇ ਜਖਮ ਨੂੰ ਮਰ੍ਹਮ ਲਾ ਕੇ ਉਸ ਦੀ ਪੀੜਾ ਨੂੰ ਘੱਟ ਕਰਨ ਲਈ ਉਦਮ ਕਰ ਸਕਦੇ ਹਾਂ।
ਹਮਦਰਦੀ ਦਾ ਰੌਸ਼ਨ ਪੱਖ ਹੈ ਇਕ ਅਧਿਆਪਕ, ਜੋ ਮਸ਼ਾਲ ਬਣ ਕੇ ਆਪਣੇ ਸ਼ਾਗਿਰਦ ਨੂੰ ਉਸ ਦੀਆਂ ਤਰਜੀਹਾਂ, ਤਦਬੀਰਾਂ ਤੇ ਤਕਦੀਰਾਂ ਦੀ ਨਿਸ਼ਾਨਦੇਹੀ ਕਰਨ ਲਈ ਪ੍ਰੇਰਿਤ ਕਰਦਾ। ਸ਼ਾਗਿਰਦ ਲਈ ਜ਼ਿੰਦਗੀ ਦੇ ਅਰਥ ਹੀ ਬਦਲ ਜਾਂਦੇ। ਅਧਿਆਪਕ ਦੇ ਜੀਵਨ ਵਿਚ ਬਹੁਤ ਸਾਰੇ ਮੌਕੇ ਹੁੰਦੇ, ਜਦ ਉਹ ਹਮਦਰਦੀ ਨੂੰ ਦਿਖਾਵਾ ਨਹੀਂ ਬਣਾਉਂਦੇ ਸਗੋਂ ਚੁੱਪ-ਚੁਪੀਤੇ ਕੁਝ ਅਜਿਹਾ ਕਰ ਜਾਂਦੇ ਕਿ ਉਨ੍ਹਾਂ ਦੀ ਕੀਰਤੀ, ਵਿਦਿਆਰਥੀਆਂ ਦੇ ਦਿਲੋ-ਦਿਮਾਗ ‘ਤੇ ਸਦੀਵੀ ਉਕਰੀ ਜਾਂਦੀ।
ਕੰਪਿਊਟਰ ਕੰਪਨੀ ਇਨਫੋਸਿਸ ਦੀ ਚੇਅਰਮੈਨ ਸੁਧਾ ਮੂਰਤੀ ਦੀ ਕਿਤਾਬ “ਠਹੲ ਧਅੇ ੀ Sਟੋਪਪੲਦ ਧਰਨਿਕਨਿਗ ੰਲਿਕ” ਵਿਚ ਇਕ ਲਘੂ ਕਹਾਣੀ ਹੈ, “ਮੁੰਬਈ ਤੋਂ ਬੰਗਲੌਰ (ਹੁਣ ਬੰਗਲੂਰੂ) ਜਾ ਰਹੀ ਗੱਡੀ ਦੇ ਟੀ[ ਸੀ[ ਨੇ ਸੀਟ ਹੇਠਾਂ ਲੁਕੀ ਇੱਕ ਤੇਰਾਂ-ਚੌਦਾਂ ਸਾਲ ਦੀ ਕੁੜੀ ਨੂੰ ਬਾਂਹ ਫੜ ਕੇ ਬਾਹਰ ਕੱਢ ਲਿਆ ਅਤੇ ਪੁੱਛਿਆ, ‘ਤੇਰੀ ਟਿਕਟ ਦਿਖਾ ਕਿੱਥੇ ਆ?’ ਕੰਬਦੀ ਹੋਈ ਕੁੜੀ ਨੇ ਕਿਹਾ, ‘ਨਹੀਂ ਹੈ ਸਾਹਬ।’ ਟੀ[ ਸੀ[ ਨੇ ਥੱਪੜ ਦਿਖਾਉਂਦਿਆਂ ਕਿਹਾ, ‘ਚੱਲ ਉਤਰ ਜਾਹ ਗੱਡੀ `ਚੋਂ। ਦੁਬਾਰਾ ਚੜ੍ਹੀ ਤਾਂ ਮੈਂ ਪੁਲਿਸ ਦੇ ਹਵਾਲੇ ਕਰ ਦੇਵਾਂਗਾ।’
‘ਇਹਦਾ ਟਿਕਟ ਮੈਂ ਦੇ ਰਹੀ ਹਾਂ।’ ਪਿੱਛਿਓਂ ਉਸੇ ਡੱਬੇ `ਚ ਸਫਰ ਕਰਦੀ ਇੱਕ ਔਰਤ ਨੇ ਕਿਹਾ। ਇਸ ਔਰਤ ਦਾ ਨਾਂ ਪੋ੍ਰ[ ਊਸ਼ਾ ਭੱਟਾਚਾਰੀਆ ਸੀ।
ਊਸ਼ਾ: ਤੂੰ ਕਿੱਥੇ ਜਾਣਾ ਪੁੱਤਰ?
ਲੜਕੀ: ਪਤਾ ਨਹੀਂ ਮੈਡਮ।
ਊਸ਼ਾ: ਤਾਂ ਚੱਲ ਫਿਰ ਮੇਰੇ ਨਾਲ ਚੱਲ ਬੰਗਲੌਰ। ਤੇਰਾ ਨਾਂ ਕੀ ਹੈ ਪੁੱਤਰ?
ਲੜਕੀ: ਚਿੱਤਰਾ ਹੈ ਮੈਡਮ।
ਬੰਗਲੌਰ ਪਹੁੰਚਦੇ ਹੀ ਉਸ ਔਰਤ ਨੇ ਚਿੱਤਰਾ ਨੂੰ ਇੱਕ ਸਮਾਜ ਸੇਵੀ ਸੰਸਥਾ ਨੂੰ ਸੌਂਪ ਦਿੱਤਾ ਅਤੇ ਇੱਕ ਵੱਡੇ ਸਕੂਲ ਵਿਚ ਉਸ ਦਾ ਦਾਖਲਾ ਕਰਵਾ ਦਿੱਤਾ। ਜਲਦੀ ਹੀ ਊਸ਼ਾ ਦੀ ਬਦਲੀ ਦਿੱਲੀ ਦੀ ਹੋ ਗਈ ਅਤੇ ਉਸ ਦਾ ਸੰਪਰਕ ਚਿੱਤਰਾ ਨਾਲੋਂ ਟੁੱਟ ਗਿਆ। ਕਦੇ ਕਦੇ ਫੋਨ `ਤੇ ਗੱਲ ਹੋ ਜਾਂਦੀ।
ਕਰੀਬ ਵੀਹ ਸਾਲ ਬਾਅਦ ਪ੍ਰੋ[ ਊਸ਼ਾ ਨੂੰ ਇੱਕ ਲੈਕਚਰ ਦੇਣ ਲਈ ਸੈਨ ਫਰਾਂਸਿਸਕੋ (ਅਮਰੀਕਾ) ਸੱਦਿਆ ਗਿਆ। ਲੈਕਚਰ ਪਿਛੋਂ ਜਦੋਂ ਉਹ ਆਪਣਾ ਬਿੱਲ ਦੇਣ ਰਿਸੈਪਸ਼ਨ `ਤੇ ਪੁੱਜੀ ਤਾ ਪਤਾ ਲੱਗਾ ਕਿ ਉਸ ਦਾ ਬਿੱਲ ਪਿੱਛੇ ਖੜ੍ਹੇ ਇੱਕ ਸੋਹਣੇ-ਸੁਨੱਖੇ ਜਵਾਨ ਜੋੜੇ ਨੇ ਦੇ ਦਿੱਤਾ ਸੀ। ਪਹਿਲਾਂ ਤਾਂ ਉਸ ਨੂੰ ਯਕੀਨ ਨਹੀਂ ਹੋਇਆ। ਇੱਥੇ ਤਾਂ ਉਸ ਦੀ ਜਾਣ-ਪਛਾਣ ਵਾਲਾ ਕੋਈ ਨਹੀਂ ਸੀ। ਉਹ ਉਸ ਅਜਨਬੀ ਜੋੜੇ ਵੱਲ ਵਧੀ,
ਪ੍ਰੋ[ ਊਸ਼ਾ: ਮੁਆਫ ਕਰਨਾ, ਮੈਂ ਤਾਂ ਤੁਹਾਨੂੰ ਜਾਣਦੀ ਵੀ ਨਹੀਂ। ਤੁਸੀਂ ਮੇਰਾ ਐਡਾ ਬਿੱਲ ਕਿਉਂ ਦੇ ਦਿੱਤਾ?
ਜੁਆਬ ਸੀ: ਮੈਡਮ! ਮੁੰਬਈ ਤੋਂ ਲੈ ਕੇ ਬੰਗਲੌਰ ਵਾਲੀ ਟਿਕਟ ਦੇ ਸਾਹਮਣੇ ਇਹ ਬਿੱਲ ਕੁਝ ਵੀ ਨਹੀਂ।
ਊਸ਼ਾ: ਉਹ ਚਿੱਤਰਾ! ਤੂੰ ਇੱਥੇ?
ਇਹ ਚਿੱਤਰਾ ਕੋਈ ਹੋਰ ਨਹੀਂ ਸਗੋ ਕੰਪਿਊਟਰ ਦੀ ਦੁਨੀਆਂ ਦੀ ਸਭ ਤੋਂ ਪ੍ਰਭਾਵਸ਼ਾਲੀ ਕੰਪਨੀ ਇਨਫੋਸਿਸ ਦੀ ਚੇਅਰਮੈਨ ਸੁਧਾ ਮੂਰਤੀ ਸੀ। ਯਾਦ ਰੱਖੋ, ਸਾਡੇ ਵਲੋਂ ਕੀਤੀ ਗਈ ਮਾਮੂਲੀ ਜਿਹੀ ਮਦਦ ਕਿਸੇ ਦਾ ਪੂਰਾ ਜੀਵਨ ਬਦਲ ਸਕਦੀ ਹੈ। ਸੋ, ਖੁਸ਼ੀਆਂ ਵੰਡਦੇ ਰਹੋ। ਮਨ ਵਿਚ ਕੁਝ ਕਰਨ ਦਾ ਵਲਵਲਾ ਹੋਵੇ ਤਾਂ ਕੁਝ ਵੀ ਹੋ ਸਕਦਾ ਏ। ਨਾ ਕਰਨ ਵਾਲੇ ਬਹੁਤ ਬਹਾਨੇ ਘੜਦੇ, ਪਰ ਕੁਝ ਕਰਨ ਵਾਲੇ ਬਹਾਨਿਆਂ ਦਾ ਓਹਲਾ ਨਹੀਂ ਕਰਦੇ। ਉਨ੍ਹਾਂ ਦੇ ਮਨ ਵਿਚ ਕੁਝ ਕਰਨ ਦੀ ਤਮੰਨਾ ਜੁ ਹੁੰਦੀ ਆ।
ਹਮਦਰਦੀ ਜਤਾਉਣ ਲਈ ਪਾਰਖੂ ਅੱਖ ਦਾ ਹੋਣਾ ਬਹੁਤ ਜਰੂਰੀ, ਕਿਉਂਕਿ ਅਜੋਕੇ ਸਮੇਂ ਵਿਚ ਕੁਝ ਲੋਕ ਹਮਦਰਦੀ ਹਾਸਲ ਕਰਨ ਲਈ ਪਖੰਡ ਦਾ ਸਹਾਰਾ ਵੀ ਲੈਣ ਲੱਗ ਪਏ ਨੇ, ਇਹ ਹਮਦਰਦੀ ਦੇ ਨਾਂ ‘ਤੇ ਕਲੰਕ ਏ। ਇਸ ਨੇ ਸੱਚੇ-ਸੁੱਚੇ ਹਮਦਰਦਾਂ ਦੇ ਮਨਾਂ ਵਿਚ ਵੀ ਹਮਦਰਦੀ ਪ੍ਰਤੀ ਸ਼ੱਕ ਪੈਦਾ ਕਰ ਦਿੱਤੇ ਨੇ; ਪਰ ਹਮਦਰਦੀ ਲੋਚਣ ਵਾਲੇ ਸਾਰੇ ਹੀ ਬਹੁਰੂਪੀਏ ਨਹੀਂ ਹੁੰਦੇ। ਬਹੁਤੇ ਲੋੜਵੰਦ ਲੋਕ ਹਮਦਰਦੀ ਹਾਸਲ ਕਰਕੇ ਫਿਰ ਆਪਣੇ ਪੈਰਾਂ ‘ਤੇ ਖੜੋ, ਹਮਦਰਦੀ ਦੀ ਅਜਿਹੀ ਲੰਮੀ ਕੜੀ ਪੈਦਾ ਕਰਦੇ ਨੇ ਕਿ ਹਮਦਰਦੀ ਇਕ ਲਹਿਰ ਬਣ ਕੇ ਬਹੁਤ ਸਾਰੀਆਂ ਜ਼ਿੰਦਗੀਆਂ ਨੂੰ ਸੁੰਦਰ, ਸੰਵੇਦਨਸ਼ੀਲ ਅਤੇ ਸਾਰਥਕ ਬਣਾਉਣ ਲਈ ਸੁਚਾਰੂ ਰੋਲ ਨਿਭਾਉਣ ਵਿਚ ਕਾਮਯਾਬ ਹੁੰਦੀ।
ਹਮਦਰਦੀ ਹੱਕ ਨਹੀਂ, ਇਹ ਤਾਂ ਸੰਵੇਦਨਸ਼ੀਲ ਮਨ ਵਿਚ ਉਠਿਆ ਅਜਿਹਾ ਸੰਕਲਪ, ਜੋ ਮਨੁੱਖੀ ਮਨ ਦੀਆਂ ਤਹਿਆਂ ਵਿਚਲੀ ਬਾਰੀਕ-ਬੀਨੀ ਰਾਹੀਂ ਸਮਾਜ ਨੂੰ ਕੁਝ ਦੇਣ ਦੇ ਵਾਅਦੇ ਨਾਲ ਸ਼ੁਰੂ ਹੁੰਦਾ।
ਹਮਦਰਦੀ ਮੰਗਣ ਵਾਲਿਆਂ ਨੂੰ ਮੰਗਤਾ ਨਾ ਸਮਝੋ ਅਤੇ ਨਾ ਹੀ ਮੰਗਤਾ ਬਣਾਓ। ਸਗੋਂ ਹਮਦਰਦੀ ਦੇ ਲੁਕਵੇਂ ਸਰੂਪ ਰਾਹੀਂ ਉਸ ਨੂੰ ਅਜਿਹਾ ਕਾਬਲ ਬਣਾਓ ਕਿ ਹਮਦਰਦੀ ਉਸ ਲਈ ਵੀ ਜੀਵਨ-ਜਾਚ ਬਣ ਜਾਵੇ। ਉਹ ਹਮਦਰਦੀ ‘ਤੇ ਜਿਉਣਾ ਛੱਡ, ਹਮਦਰਦੀ ਦੀ ਲੋਅ ਨੂੰ ਵੰਡਣ ਦਾ ਕਰਮਵੇਤਾ ਬਣ ਜਾਵੇ।
ਹਮਦਰਦੀ ਇਕ ਵਾਰ ਜਾਂ ਦੋ ਵਾਰ ਹੋ ਸਕਦੀ ਏ, ਸਦੀਵੀ ਨਹੀਂ। ਜੇ ਮਿਲੀ ਹਮਦਰਦੀ ਵਿਚੋਂ ਕੁਝ ਪ੍ਰਾਪਤ ਕਰਕੇ, ਜੀਵਨੀ ਹਾਸਲ ਬਣਾਉਣ ਵੰਨੀਂ ਕਦਮ ਉਠਾਵਾਂਗੇ ਤਾਂ ਜੀਵਨ-ਸੁੰਦਰਤਾ ਸਾਡਾ ਹਾਸਲ ਹੋਵੇਗਾ ਤੇ ਜਿਉਣਾ ਚੰਗਾ ਲੱਗੇਗਾ।
ਹਮਦਰਦੀ ਨੂੰ ਕਦੇ ਵੀ ਪਖੰਡ ਨਾ ਬਣਾਓ। ਇਸ ਦੀ ਇਸ਼ਤਿਹਾਰਬਾਜ਼ੀ ਨਾ ਕਰੋ। ਬਿਆਨਬਾਜ਼ੀ ਤੋਂ ਪਰਹੇਜ਼ ਕਰੋ, ਦਿਖਾਵਾ ਨਾ ਬਣਨ ਦਿਓ, ਸਗੋਂ ਹਮਦਰਦੀ ਅਜਿਹੀ ਹੋਣੀ ਚਾਹੀਦੀ ਹੈ ਕਿ ਸੱਜੇ ਹੱਥ ਨੂੰ ਇਹ ਪਤਾ ਨਾ ਲੱਗੇ ਕਿ ਖੱਬਾ ਹੱਥ ਕੀ ਵੰਡ ਰਿਹਾ ਏ। ਕਦੇ ਵੀ ਹਮਦਰਦੀ ਜਤਾਉਂਦੇ ਲੋੜਵੰਦ ਦੀਆਂ ਅੱਖਾਂ ਵਿਚ ਨਾ ਝਾਕੋ। ਸਗੋਂ ਅੱਖਾਂ ਨੀਵੀਆਂ ਰੱਖੋ ਤਾਂ ਕਿ ਲੋੜਵੰਦ ਦੇ ਮਨ ਵਿਚ ਹੀਣ-ਭਾਵਨਾ ਪੈਦਾ ਨਾ ਹੋਵੇ। ਹੀਣਤਾ ਪੈਦਾ ਕਰਕੇ ਜਤਾਈ ਹਮਦਰਦੀ ਦੇ ਕੋਈ ਅਰਥ ਨਹੀਂ ਰਹਿ ਜਾਂਦੇ। ਇਹ ਤਾਂ ਹੰਕਾਰ ਅਤੇ ਹੈਂਕੜ ਦਾ ਪ੍ਰਗਟਾਵਾ। ਸੱਚੇ ਹਮਦਰਦ ਕਦੇ ਵੀ ਹੰਕਾਰੀ ਨਹੀਂ ਹੁੰਦੇ। ਉਹ ਤਾਂ ਰਹਿਮ ਦਿਲ ਹੁੰਦੇ, ਜੋ ਕਿਸੇ ਦੇ ਦੁੱਖ-ਦਰਦ ਵਿਚ ਪਸੀਜ ਜਾਂਦੇ।
ਹਰ ਸ਼ਖਸ ਹਮਦਰਦ ਨਹੀਂ ਹੋ ਸਕਦਾ। ਕੁਝ ਕੁ ਵਿਰਲੇ ਲੋਕ ਹੀ ਹੁੰਦੇ, ਜੋ ਹਮਦਰਦੀ ਦਾ ਦਮ ਭਰਦੇ। ਉਨ੍ਹਾਂ ਲਈ ਹਮਦਰਦੀ ਬੰਦਗੀ ਹੁੰਦੀ। ਬੰਦਿਆਈ ਦਾ ਧਰਮ ਪੁਗਾਉਣ ਦੀ ਨੀਅਤ। ਚੰਗਿਆਈ ਦੀ ਚੰਗੇਰ ਉਨ੍ਹਾਂ ਦੀ ਰੂਹ-ਰਹਿਤਲ ਵਿਚ ਸਦੀਵੀ ਵੱਸਦੀ।
ਕੁਝ ਲੋਕ ਹਮਦਰਦੀ ਦਾ ਢੋਂਗ ਰਚਾਉਂਦੇ ਅਤੇ ਹਮਦਰਦੀ ਨੂੰ ਨਿੱਜੀ ਮੁਨਾਫੇ ਲਈ ਵਰਤਦੇ। ਆਪਣੇ ਵਪਾਰ ਜਾਂ ਅਦਾਰੇ ਨੂੰ ਚਮਕਾਉਣ ਲਈ ਲੋਕ-ਭਲਾਈ ਦੇ ਕਾਰਜ ਕਰਨ ਲਈ ਮੋਹਰੇ ਹੁੰਦੇ। ਜਦ ਨਸ਼ਿਆਂ ਦੇ ਸੌਦਾਗਰ, ਲੋਕਾਂ ਦਾ ਲਹੂ ਪੀਣੀਆਂ ਜੋਕਾਂ ਅਤੇ ਜਵਾਨੀ ਨਾਲ ਖਿਲਵਾੜ ਕਰਨ ਵਾਲੇ ਮੈਡੀਕਲ ਕੈਂਪ ਲਾਉਣ, ਖੇਡ ਮੇਲੇ ਕਰਵਾਉਣ, ਗਰੀਬ ਕੁੜੀਆਂ ਦੇ ਵਿਆਹ ਕਰਨ ਜਾਂ ਗਰੀਬਾਂ ਨੂੰ ਰਾਸ਼ਨ ਵੰਡਣ ਲਈ ਸਮਾਗਮ ਕਰਨ ਤਾਂ ਉਨ੍ਹਾਂ ਦਾ ਕੋਈ ਲੁਕਵਾਂ ਏਜੰਡਾ ਹੁੰਦਾ। ਭੋਲੇ-ਭਾਲੇ ਲੋਕ ਇਸ ਏਜੰਡੇ ਦਾ ਸ਼ਿਕਾਰ ਹੋ, ਇਕ ਪਛਤਾਵਾ ਹੀ ਬਣ ਜਾਂਦੇ। ਅਜਿਹੀ ਹਮਦਰਦੀ ਦਾ ਦੈਂਤ ਅਜੋਕੇ ਸਮੇਂ ਵਿਚ ਬਹੁਤ ਦਹਾੜ ਰਿਹਾ ਏ। ਲੋੜ ਏ, ਅਜਿਹੇ ਦੈਂਤ ਤੋਂ ਬਚਣ ਦੀ।
ਕੁਝ ਅਜਿਹੇ ਹਮਦਰਦ ਵੀ ਹੁੰਦੇ, ਜੋ ਸਮਾਜਕ ਕਾਰਜਾਂ ਵਿਚ ਵਧ ਚੜ੍ਹ ਕੇ ਹਿੱਸਾ ਪਾਉਂਦੇ, ਨੌਜਵਾਨਾਂ ਨੂੰ ਚੰਗੇ ਪਾਸੇ ਲਾਉਂਦੇ, ਪਰ ਕਦੇ ਵੀ ਉਹ ਆਪਣਾ ਆਪ ਜਾਹਰ ਨਹੀਂ ਕਰਦੇ, ਕਿਉਂਕਿ ਉਨ੍ਹਾਂ ਦੀ ਚਾਹਨਾ ਮਸ਼ਹੂਰ ਹੋਣ ਦੀ ਨਹੀਂ ਹੁੰਦੀ। ਉਹ ਤਾਂ ਗੁੰਮਨਾਮੀ ਵਿਚ ਹੀ ਕੁਝ ਚੰਗਾ ਕਰਕੇ ਮਨ ਦਾ ਸਕੂਨ ਹਾਸਲ ਕਰਨ ਤੀਕ ਹੀ ਸੀਮਤ ਹੁੰਦੇ। ਅਜਿਹੇ ਲੋਕਾਂ ਦੀਆਂ ਅੱਖਾਂ ਵਿਚ ਸੰਤੁਸ਼ਟੀ ਅਤੇ ਸੁਹਜ ਨੂੰ ਕਿਆਸਣਾ, ਤੁਹਾਨੂੰ ਪਤਾ ਲੱਗੇਗਾ ਕਿ ਇਹ ਲੋਕ ਕਿੰਨੇ ਮਹਾਨ ਹੋ ਕੇ ਸਦਾ ਨਿਮਾਣੇ ਰਹਿੰਦੇ ਨੇ। ਕੁਝ ਕਰਕੇ ਵੀ ਕੁਝ ਨਾ ਕਰਨ ਦਾ ਹੀ ਖਿਆਲ ਮਨ ਵਿਚ ਪੈਦਾ ਕਰਦੇ।
ਹਮਦਰਦੀ ਕਿਵੇਂ, ਕਿਥੇ, ਕਿਸ ਨਾਲ ਤੇ ਕਿਹੜੇ ਰੂਪ ਵਿਚ ਪ੍ਰਗਟ ਕਰਨੀ, ਇਹ ਹਾਲਾਤ, ਸਮਾਂ ਅਤੇ ਸਥਿਤੀ ‘ਤੇ ਨਿਰਭਰ। ਕਿਸੇ ਦੇ ਸਦੀਵੀ ਵਿਛੋੜੇ ‘ਤੇ ਹਮਦਰਦੀ ਭਰੇ ਦੋ ਬੋਲ ਉਸ ਪਿਆਰੇ ਜਾਂ ਪਰਿਵਾਰ ਲਈ ਢਾਰਸ ਬਣ ਜਾਂਦੇ। ਕਿਸੇ ਦੇ ਰੋਣ ਲਈ ਦਿਤਾ ਮੋਢਾ ਉਸ ਲਈ ਆਪਣੀ ਪੀੜਾ ਘਟਾਉਣ ਦਾ ਸਬੱਬ ਬਣ ਸਕਦਾ। ਅੱਖਰ ਵਿਹੂਣੇ ਬਾਲ ਲਈ ਕਿਤਾਬਾਂ ਵਾਲਾ ਝੋਲਾ ਅਤੇ ਸਕੂਲ ਦੀ ਫੀਸ ਹੀ ਹਮਦਰਦ ਹੋਣ ਦਾ ਉਤਮ ਸਰੂਪ ਹੋ ਸਕਦੀ ਏ। ਡਿਗਰੀਆਂ ਦਾ ਬੋਝ ਢੋਂਦੇ ਬੇਰੁਜ਼ਗਾਰ ਲਈ ਨੌਕਰੀ ਹੀ ਸਭ ਤੋਂ ਵੱਡੀ ਨੇਕਨਾਮੀ ਹੋ ਸਕਦੀ ਹੈ। ਭੁੱਖੇ ਲਈ ਦੋ ਡੰਗ ਦਾ ਖਾਣਾ ਅਤੇ ਰੋਟੀ ਦਾ ਪੱਕਾ ਵਸੀਲਾ ਹੀ ਹਮਦਰਦੀ ਨਿਭਾਉਣ ਦਾ ਵਧੀਆ ਤਰੀਕਾ ਹੋ ਸਕਦਾ ਏ। ਚਿੱਟੀ ਚੁੰਨੀ ਨੂੰ ਮਿਲਿਆ ਦਿਲਾਸਾ ਹੀ ਰੱਬੀ ਅਹਿਸਾਨ ਹੋ ਸਕਦਾ ਏ। ਚੌਰਾਹੇ ਵਿਚ ਕੀਤੀ ਬੇਪੱਤ ਬੇਵਾ ਦੇ ਸਿਰ ‘ਤੇ ਦਿਤਾ ਅਣਖ ਦਾ ਪੱਲੂ ਹੀ ਉਸ ਲਈ ਮਾਣ ਨਾਲ ਜਿਉਣ ਦਾ ਪ੍ਰਤੀਕ ਹੋ ਸਕਦਾ।
ਕਿਸੇ ਅੱਖੜ ਤੇ ਅਮੋੜ ਨੂੰ ਉਸ ਦੀ ਔਕਾਤ ਦੇ ਰੂਬਰੂ ਕਰ, ਕਿਸੇ ਨਿਤਾਣੇ ਲਈ ਹਿੱਕ ਡਾਹ ਕੇ ਵੀ ਹਮਦਰਦ ਬਣਿਆ ਜਾ ਸਕਦਾ। ਜੀਵਨੀ ਮੋੜ ‘ਤੇ ਬਹੁਤ ਸਾਰੇ ਮੌਕੇ ਮਿਲਦੇ ਨੇ। ਸਿਰਫ ਲੋੜ ਹੈ ਕਿ ਲੋੜ ਪੈਣ ‘ਤੇ ਮਨ ਵਿਚ ਉਪਜੀ ਹਮਦਰਦੀ ਨੂੰ ਦਫਨ ਨਾ ਕਰੋ, ਸਗੋਂ ਮੌਲਣ ਦਿਓ। ਇਹ ਮਨੁੱਖਤਾ ਦੇ ਵਿਹੜੇ ਵਿਚ ਇਕ ਅਜਿਹਾ ਬਿਰਖ ਬਣ ਕੇ ਵਧੇ-ਫੁਲੇਗਾ ਕਿ ਇਸ ਦੇ ਫੁੱਲ, ਫਲ, ਰੰਗ ਅਤੇ ਮਹਿਕ ਨੂੰ ਸਮਾਂ ਵੀ ਸਲਾਮ ਕਰੇਗਾ।
ਹਮਦਰਦੀ ਲਈ ਹੱਠ, ਹੌਂਸਲਾ, ਹਲੀਮੀ, ਹੰਭਲਾ ਤੇ ਹੁੰਗਾਰੇ ਦੀ ਪੁਠ ਚੜ੍ਹ ਜਾਵੇ ਤਾਂ ਇਸ ਦਾ ਲੇਪ ਸਮਾਜਕ ਦਿੱਖ ਨੂੰ ਹੋਰ ਵੀ ਰੁਸ਼ਨਾ ਦਿੰਦਾ। ਇਸ ਦੀ ਸੁਰਖ ਭਾਅ ਨਾਲ ਪੀਲੇ ਪਏ ਚਿਹਰਿਆਂ ਨੂੰ ਨਵੀਂ ਨਰੋਈ ਰੰਗਤ ਨਸੀਬ ਹੁੰਦੀ।
ਹਮਦਰਦੀ ਨੂੰ ਹਊਆ ਨਾ ਬਣਾਓ ਅਤੇ ਨਾ ਹੀ ਇਸ ਦਾ ਮੁਖੌਟਾ ਪਹਿਨਾਵੋ ਕਿਉਂਕਿ ਮੁਖੌਟੇ ਕਦੇ ਵੀ ਅਸਲੀਅਤ ਨਹੀਂ ਹੁੰਦੇ। ਅਸਲੀਅਤ ਜਾਹਰ ਹੋਣ ‘ਤੇ ਦੰਭੀ ਕਿਰਦਾਰ ਦੀ ਕਮੀਨਗੀ ਬਿੰਬ ਨੂੰ ਹੋਰ ਗੰਧਲਾ ਕਰ ਦਿੰਦੀ।
ਪਾਣੀ, ਧਰਤ, ਹਵਾ ਅਤੇ ਬਿਰਖ ਮਨੁੱਖ ਦੇ ਸਭ ਤੋਂ ਵੱਡੇ ਹਮਦਰਦ; ਪਰ ਕਦੇ ਵੀ ਉਹ ਹਮਦਰਦੀ ਜਾਹਰ ਨਹੀਂ ਕਰਦੇ, ਸਗੋਂ ਆਪਣੀ ਕਰਮ-ਜਾਚਨਾ ਨੂੰ ਕੀਰਤੀ ਵਾਂਗ ਨਿਭਾਉਂਦੇ, ਮਨੁੱਖ ਨੂੰ ਨਿਆਮਤਾਂ ਨਾਲ ਨਿਹਾਲ ਕਰਦੇ ਅਤੇ ਹੋਂਦ-ਸਦੀਵਤਾ ਲਈ ਦੁਆਵਾਂ ਬਣਦੇ।
ਕੁਝ ਹਮਦਰਦ ਅਜਿਹੇ ਵੀ ਹੁੰਦੇ, ਜੋ ਹਮਦਰਦੀ ਦੇ ਓਹਲੇ ‘ਚ ਕਿਸੇ ਦਾ ਮਾਨਸਿਕ, ਸਮਾਜਕ, ਸਰੀਰਕ ਜਾਂ ਆਰਥਕ ਨੁਕਸਾਨ ਕਰਨ ਦੀ ਤਾਕ ਵਿਚ ਰਹਿੰਦੇ। ਅਜਿਹੇ ਲੋਕ ਹਮਦਰਦਾਂ ਦੇ ਭੇਸ ਵਿਚ ਦਰਿੰਦੇ ਹੁੰਦੇ, ਜਿਨ੍ਹਾਂ ਨੂੰ ਕਿਸੇ ਦੀਆਂ ਸਿਸਕੀਆਂ ਵਿਚੋਂ ਹੀ ਸਕੂਨ ਪ੍ਰਾਪਤ ਕਰਨ ਦੀ ਆਦਤ ਹੁੰਦੀ।
ਹਮਦਰਦਾਂ ਦੀ ਭੀੜ ਤਾਂ ਹੋ ਸਕਦੀ ਏ, ਪਰ ਹਮਦਰਦੀ ਦੀ ਰੂਹ ਨੂੰ ਅੰਤਰੀਵ ਵਿਚ ਵਸਾਉਣ ਵਾਲੇ ਘੱਟ ਹੁੰਦੇ। ਬਹੁਤੇ ਤਾਂ ਹਮਦਰਦੀ ਦਾ ਦਿਖਾਵਾ ਹੀ ਕਰਦੇ।
ਹਮਦਰਦੀ ਦਾ ਬਾਣਾ ਪਾ ਕੇ ਕੁਝ ਲੋਕ ਹਮਦਰਦੀ ਨੂੰ ਜਲੀਲ ਕਰਦੇ, ਇਸ ਦੀ ਪਾਕੀਜ਼ਗੀ ਨੂੰ ਗੰਧਲਾ ਕਰਦੇ, ਆਪਣੀ ਖੁਦੀ ਨੂੰ ਨਿਵਾਣ ਦੇ ਰਾਹ ਪਾਉਂਦੇ। ਜਰੂਰੀ ਹੈ, ਅਜਿਹੇ ਕਿਰਦਾਰਾਂ ਤੋਂ ਸੁਚੇਤ ਰਿਹਾ ਜਾਵੇ ਅਤੇ ਇਨ੍ਹਾਂ ਨੂੰ ਇਨ੍ਹਾਂ ਦੇ ਅਸਲੀ ਰੂਪ ਦਾ ਸ਼ੀਸ਼ਾ ਦਿਖਾਉਣ ਲਈ ਉਪਰਾਲਾ ਕੀਤਾ ਜਾਵੇ।
ਹਮਦਰਦੀ ਦਾ ਹੋਕਰਾ ਬਣਨ ਵਾਲੇ ਲੋਕ ਕਾਫਲਾ ਹੁੰਦੇ, ਹਜ਼ੂਮ ਨਹੀਂ ਹੁੰਦੇ। ਕਾਫਲੇ ਕਿਰਨਾਂ ਦਾ ਵਪਾਰ ਕਰਦੇ, ਜਦ ਕਿ ਹਜ਼ੂਮ ਹਮੇਸ਼ਾ ਹਿੰਸਾ ਦਾ ਹਾਮੀ ਹੁੰਦਾ।
ਹਮਦਰਦੀ ਜਦ ਜੀਵਨ ਦਾ ਮੂਲ ਮੰਤਰ ਬਣ ਜਾਂਦੀ ਤਾਂ ਜੀਵਨ-ਜਾਚ ਦੇ ਮੁਹਾਂਦਰੇ ‘ਤੇ ਖੇੜਾ ਉਮਡਦਾ। ਇਸ ਖੇੜੇ ਵਿਚ ਹੀ ਖੁਸ਼ੀਆਂ ਤੇ ਚਾਅ ਨਹੀਂ ਮਿਉਂਦੇ, ਹਮਦਰਦੀ ਹੁੰਦੀ ਏ-ਕਿਸੇ ਦੇ ਹੰਝੂ ਪੂੰਝਣੇ, ਮਦਦ ਕਰਨਾ, ਫਾਹੁੜੀ ਬਣਨਾ ਜਾਂ ਸਰਵਣ-ਵਹਿੰਗੀ ਨੂੰ ਮੋਢੇ ‘ਤੇ ਉਠਾਉਣਾ।
ਹਮਦਰਦੀ ਤਾਂ ਹੀ ਪੈਦਾ ਹੁੰਦੀ, ਜਦ ਕੋਈ ਪੀੜਤ ਵਾਂਗ ਦੇਖੇ, ਮਹਿਸੂਸ ਕਰੇ। ਉਸ ਵਾਂਗ ਹੀ ਸੋਚੇ, ਸਮਝੇ। ਉਸ ਵਾਂਗ ਹੀ ਉਸ ਨੂੰ ਸ਼ਬਦ ਅਹੁੜਨ ਅਤੇ ਉਸ ਦੀ ਬੋਲ ਬਾਣੀ ਵਿਚ ਉਹੀ ਭਾਵ ਪੈਦਾ ਕਰਨ। ਵਿਅਕਤੀ ਉਸ ਪੀੜਾ ਨੂੰ ਜਿਉਂਦਾ, ਪੀੜ ਪੀੜ ਹੋ ਕੇ ਇਸ ਤੋਂ ਰਾਹਤ ਪਾਉਣ ਲਈ ਉਤਾਵਲਾ ਹੁੰਦਾ। ਫਿਰ ਉਹ ਪੀੜਤ ਨੂੰ ਰਾਹਤ ਦੇਣ ਲਈ ਹਰ ਹੀਲਾ ਵਰਤਦਾ।
ਹਮਦਰਦੀ ਫੋਕੀ ਨਹੀਂ ਹੋਣੀ ਚਾਹੀਦੀ, ਸਗੋਂ ਦਿਲੋਂ ਅਤੇ ਸਦਭਾਵਨਾ ਨਾਲ ਹੋਵੇ ਤਾਂ ਇਸ ਦਾ ਅਸਰ ਤੁਰੰਤ ਅਤੇ ਸਦੀਵੀ ਹੁੰਦਾ। ਸ਼ੁਭ-ਕਰਮਨ ਦਾ ਭਾਵ ਚੌਗਿਰਦੇ ਦੇ ਨਾਮ ਹੁੰਦਾ।
ਹਮਦਰਦ ਉਹ ਲੋਕ ਹੁੰਦੇ, ਜੋ ਮਿੱਟੀ ਨਾਲ ਜੁੜੇ ਹੁੰਦੇ, ਜਿਨ੍ਹਾਂ ਨੇ ਖੇਤਾਂ ‘ਚ ਆਪਣਾ ਲਹੂ ਵਗਾਇਆ ਹੁੰਦਾ, ਜਿਨ੍ਹਾਂ ਨੇ ਵਾਗੀ ਬਣ ਕੇ ਜੀਵਨ ਦੀਆਂ ਧੁੱਪਾਂ ਨੂੰ ਪਿੰਡੇ ‘ਤੇ ਹੰਢਾਇਆ ਹੁੰਦਾ, ਜਿਨ੍ਹਾਂ ਨੇ ਨੰਗੇ ਪੈਰੀਂ ਤਪਦੀ ਧੁੱਦਲ ਵਿਚ ਨਰਮ ਤਲੀਆਂ ਨੂੰ ਪਕਾਇਆ ਹੁੰਦਾ ਅਤੇ ਜਿਨ੍ਹਾਂ ਨੇ ਸਿਰ ‘ਤੇ ਪੱਠਿਆਂ ਦੀ ਪੰਡ ਢੋਂਦਿਆਂ ਪੈਰਾਂ ਤੀਕ ਪਸੀਨਾ ਵਹਾਇਆ ਹੁੰਦਾ।
ਹਮਦਰਦੀ ਮਨੁੱਖ ਦਾ ਸਭ ਤੋਂ ਉਤਮ ਗੁਣ ਅਤੇ ਇਸ ਗੁਣ ਸਦਕਾ ਹੀ ਮਨੁੱਖਤਾ ਅਤੇ ਮਾਨਵਭਾਵੀ ਸੋਚ ਨੂੰ ਹੁਲਾਰ ਮਿਲਦਾ। ਹਮਦਰਦੀ-ਹੀਣ ਲੋਕ ਤਾਂ ਧਰਤੀ ‘ਤੇ ਭਾਰ ਹੀ ਹੁੰਦੇ।
ਹਮਦਰਦੀ, ਹੌਂਸਲਾ ਅਤੇ ਸੂਖਮ-ਸੋਚ, ਮਨੁੱਖ ਦੇ ਬਿਹਤਰੀਨ ਗੁਣਾਂ ਦੀ ਤਫਸੀਲ। ਇਸ ਵਿਚੋਂ ਹੀ ਮਨੁੱਖ ਦੀ ਤਕਦੀਰ ਅਤੇ ਸੁਪਨਿਆਂ ਦੀ ਤਾਜਪੋਸ਼ੀ ਹੁੰਦੀ। ਧਨ, ਰੁਤਬਾ, ਗਿਆਨ, ਬੁੱਧੀ ਤੇ ਚੌਧਰ, ਇਸ ਦਾ ਕੀ ਮੁਕਾਬਲਾ ਕਰ ਸਕਦੇ?
ਹਮਦਰਦੀ ਦੀ ਗੈਰ-ਹਾਜ਼ਰੀ ਵਿਚ ਮਨੁੱਖ ਜਾਲਮ, ਝਗੜਾਲੂ, ਨਿਜਪ੍ਰਸਤ ਅਤੇ ਹੰਕਾਰ ਨਾਲ ਅਜਿਹੇ ਸਮਾਜ ਨੂੰ ਉਸਾਰਦਾ ਜਿਸ ਦੀਆਂ ਖੋਖਲੀਆਂ ਨੀਂਹਾਂ ਕਾਰਨ ਇਸ ਦੇ ਢਹਿ-ਢੇਰੀ ਹੋਣ ਦਾ ਹਮੇਸ਼ਾ ਹੀ ਡਰ ਬਣਿਆ ਰਹਿੰਦਾ।
ਹਮਦਰਦੀ ਵਿਚੋਂ ਹੀ ਅਜਿਹੇ ਸਬੰਧ ਬਣਦੇ, ਜੋ ਰਿਸ਼ਤਿਆਂ ਨਾਲੋਂ ਵੀ ਵੱਧ ਕਰੀਬੀ ਹੁੰਦੇ। ਅਜਿਹੇ ਰਿਸ਼ਤੇ, ਜੋ ਮਿੱਟੀ ‘ਤੇ ਲਿਖੀ ਇਬਾਰਤ ਵਰਗੇ ਨਹੀਂ ਹੁੰਦੇ, ਜੋ ਥੋੜ੍ਹੀ ਜਿਹੀ ਹਵਾ ਵੱਗਣ ‘ਤੇ ਹੀ ਮਿੱਟ ਜਾਂਦੀ ਏ; ਸਗੋਂ ਪਾਣੀ ਸੰਗ ਇਕ ਮਿੱਕ ਹੋਏ ਅੱਖਰ-ਬੋਧ ਹੁੰਦੇ, ਜੋ ਆਖਰ ਤੀਕ ਸਾਥ ਨਿਭਾਉਣ ਦੀ ਕਸਮ ਹੁੰਦੇ।
ਕਈ ਵਾਰ ਰਿਸ਼ਤੇਦਾਰਾਂ, ਸਕੇ-ਸਬੰਧੀਆਂ ਜਾਂ ਨੇੜਲਿਆਂ ਦੀ ਹਮਦਰਦੀ ਵਿਚ ਸੂਖਮ ਜਾਂ ਅਦ੍ਰਿਸ਼ਟ ਰੂਪ ਵਿਚ ਨਿੱਜ ਜਰੂਰ ਛੁਪਿਆ ਹੁੰਦਾ, ਜਦ ਕਿ ਮਿੱਤਰਾਂ ਦੀ ਹਮਦਰਦੀ ਨਿਰਛੱਲ, ਨਿਰ-ਕਪਟ ਅਤੇ ਬਿਨਾ ਕਿਸੇ ਉਚੇਚ ਜਾਂ ਲੋਭ-ਲਾਲਚ ਦੇ ਹੁੰਦੀ। ਇਹ ਹਮਦਰਦੀ ਇਕ-ਦੂਜੇ ਪ੍ਰਤੀ ਸਮਰਪਣ ਦੀ ਭਾਵਨਾ ਅਤੇ ਇਕ ਦੂਜੇ ਦੇ ਦੁੱਖ-ਸੁੱਖ ਨੂੰ ਆਪਣਾ ਸਮਝਣ ਵਿਚੋਂ ਹੀ ਪੈਦਾ ਹੁੰਦੀ।
ਹਮਦਰਦੀ ਦਾ ਹਲਫਨਾਮਾ ਬਣ ਕੇ ਭਾਈ ਘਨੱਈਆ ਦੀ ਰੂਹ ਨਾਲ ਸੰਵਾਦ ਰਚਾਓ, ਜਿੰLਦਗੀ ਦੀਆਂ ਤਰਜੀਹਾਂ, ਰੌਸ਼ਨ ਆਭਾ ਬਣ ਕੇ ਤੁਹਾਡੇ ਮੁਖੜੇ ਨੂੰ ਉਜਲਾ ਕਰਨਗੀਆਂ। ਪੰਜਾਬੀ ਪਿਆਰੇ ਤਾਂ ਅਜਿਹਾ ਕਰ ਹੀ ਸਕਦੇ ਨੇ!