ਕੀ ਗੁਰਬਾਣੀ ਤੇ ਵਿਗਿਆਨ ਦਾ ਮੂਲ ਮੰਤਰ ਇੱਕੋ ਹੀ?

ਡਾ. ਸੁਖਪਾਲ ਸੰਘੇੜਾ
ਗੁਰੂ ਨਾਨਕ ਦੇਵ ਜੀ ਇੱਕ ਮਹਾਨ ਫਿਲਾਸਫਰ ਸਨ। ਫਲਸਫਾ ਸ਼ਬਦ ਦਾ ਮੁੱਢ ਇਕ ਗਰੀਕ ਲਫਜ਼ ਹੈ, ਜਿਸ ਦਾ ਅਰਥ ਹੈ, ਗਿਆਨ ਤੇ ਸਿਆਣਪ ਲਈ ਪਿਆਰ। ਸੋ, ਫਲਸਫਾ ਅਧਿਅਨ ਦਾ ਅਜਿਹਾ ਖੇਤਰ ਹੈ, ਜਿਸ ਵਿਚ ਗਿਆਨ ਦੇ ਹਰ ਵਿਸ਼ੇ, ਜਿਵੇਂ ਹੋਂਦ, ਮਨ, ਧਰਮ, ਤਰਕ, ਕੁਦਰਤ, ਬ੍ਰਹਿਮੰਡ ਆਦਿ ਬਾਰੇ ਬੁਨਿਆਦੀ ਸੁਆਲ ਪੁੱਛੇ ਜਾਂਦੇ ਹਨ ਅਤੇ ਜੁਆਬ ਲੱਭਣ ਵਿਚ ਦਰਪੇਸ਼ ਸਮੱਸਿਆਵਾਂ ਨੂੰ ਪ੍ਰਭਾਸ਼ਿਤ ਕਰਕੇ ਉਨ੍ਹਾਂ ਦਾ ਹੱਲ ਕੱਢਿਆ ਜਾਂਦਾ ਹੈ। ਪ੍ਰਾਚੀਨ ਫਲਸਫੇ ਵਿਚ, ਸਣੇ ਵਿਗਿਆਨ ਸਭ ਬੌਧਿਕ ਯਤਨ ਤੇ ਗਿਆਨ ਵਿਸ਼ੇ ਸ਼ਾਮਲ ਸਨ। ਮਿਸਾਲ ਵਜੋਂ ਫਿਲਾਸਫਰ ਅਰਸਤੂ (384-322 ਈਸਾ ਪੂਰਵ) ਦੁਨੀਆਂ ਦਾ ਪਹਿਲਾ ਭੌਤਿਕ ਵਿਗਿਆਨੀ ਵੀ ਮੰਨਿਆ ਜਾਂਦਾ ਹੈ।

ਸੰਕਲਪ ਤੇ ਖਿਆਲ ਫਲਸਫੇ ਦੇ ਕਿਸੇ ਵੀ ਵਿਸ਼ੇ ਦੇ ਬੁਨਿਆਦੀ ਤੱਤ ਹੁੰਦੇ ਹਨ। ਇਹ ਕੋਈ ਅਨਹੋਣੀ ਗੱਲ ਨਹੀਂ ਕਿ ਫਲਸਫੇ ਦੇ ਦੋ ਅਲੱਗ ਖੇਤਰਾਂ ਵਿਚ ਇੱਕੋ ਮੂਲ ਖਿਆਲ ਦੋ ਵੱਖ ਰੂਪਾਂ ਵਿਚ ਵੱਖਰੀ ਤਰ੍ਹਾਂ ਵਰਤਿਆ ਜਾਏ, ਤੇ ਉਸ ਵਰਤੋਂ ਦੇ ਨਤੀਜੇ ਉਨ੍ਹਾਂ ਦੋ ਖੇਤਰਾਂ ਵਿਚ ਵੱਖ ਵੱਖ ਨਿਕਲਣ। ਇਸ ਸੰਦਰਭ ਵਿਚ ਗੁਰਬਾਣੀ ਦੇ ਮੂਲ ਮੰਤਰ ਦੀ ਵਿਗਿਆਨ ਦੇ ਇੱਕ ਕੇਂਦਰੀ ਮੂਲ ਸਿਧਾਂਤ ਨਾਲ ਤੁਲਨਾ ਕਰਦਿਆਂ ਵੇਖਾਂਗੇ ਕਿ ਕਿੰਜ ਇਨ੍ਹਾਂ ਦੋਹਾਂ ਦੇ ਪਿੱਛੇ ਮੂਲ ਖਿਆਲ ਇੱਕ ਹੀ ਹੈ।
ਗੁਰਬਾਣੀ ਦਾ ਮੂਲ ਮੰਤਰ ਗੁਰਬਾਣੀ ਦਾ ਕੇਂਦਰੀ ਬਿੰਦੂ ਹੈ, ਜਿਸ ਦੁਆਲੇ ਬਾਕੀ ਦੀ ਬਾਣੀ ਘੁੰਮਦੀ ਹੈ। ਇਸ ਵਿਚ ਇਲਾਹੀ ਸ਼ਕਤੀ ਦਾ ਨਾਂ ਲਏ ਬਿਨਾ ਉਹਦੇ ਗੁਣ ਉਚਰੇ ਗਏ ਹਨ। ਜਪੁਜੀ ਸਾਹਿਬ ਵਿਚ ਦਰਜ ਮੂਲ ਮੰਤਰ ਨਾਲ ਗੁਰੂ ਗ੍ਰੰਥ ਸਾਹਿਬ ਸ਼ੁਰੂ ਹੁੰਦਾ ਹੈ, ਜਦੋਂ ਗੁਰੂ ਨਾਨਕ ਦੇਵ ਜੀ ਆਪਣੇ ਕਲਾਮ ਵਿਚ ਫਰਮਾਉਂਦੇ ਹਨ:
“ÅÆ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥”
ਪ੍ਰੋ[ ਸਾਹਿਬ ਸਿੰਘ ਤੇ ਗੁਰਬਾਣੀ ਦੇ ਹੋਰ ਵਿਦਵਾਨਾਂ ਦੇ ਹਵਾਲਿਆਂ ‘ਤੇ ਆਧਾਰਤ ਹੇਠਾਂ ਇਸ ਮੂਲ ਮੰਤਰ ਦੀ ਵਿਆਖਿਆ ਸੰਖੇਪ ਵਿਚ ਪੇਸ਼ ਹੈ:
ÅÆ : ਉਹ ਇਕ (੧) ਹੈ, ਪਰ ਹਰ ਥਾਂ ਨਿਰੰਤਰ ਮੌਜੂਦ ਹੈ, ਅਨੇਕ ਰੂਪਾਂ ਵਿਚ; ਸਰਬ ਵਿਆਪਕ (ਓ)।
ਸਤਿਨਾਮੁ: ‘ਸਤਿ’ ਸ਼ਬਦ ਦੀ ਜੜ੍ਹ ਵਿਚ ਸੰਸਕ੍ਰਿਤ ਦੇ ਦੋ ਲਫਜ਼ ਹਨ, ਜਿਨ੍ਹਾਂ ਦੇ ਅਰਥ ਹਨ-ਹੋਂਦ ਤੇ ਪ੍ਰਮਾਣ। ਇਸ ਲਈ ‘ਸਤਿਨਾਮ’ ਦਾ ਮਤਲਬ ਹੋਇਆ, ਪ੍ਰਮਾਣਿਤ ਯਾਨਿ ਸੱਚੇ ਗੁਣਾਂ ਦੀ ਹੋਂਦ ਵਾਲਾ।
ਕਰਤਾ ਪੁਰਖੁ: ‘ਕਰਤਾ’ ਦਾ ਭਾਵ ਉਹ ਬ੍ਰਹਿਮੰਡ ਦਾ ਰਚਣਹਾਰਾ ਤੇ ਚਲਾਉਣ ਵਾਲਾ ਹੈ। ਹਿੰਦੂ ਫਲਸਫਾ, ਜੋ ਗੁਰੂ ਨਾਨਕ ਜੀ ਦਾ ਪਰਿਵਾਰਕ ਪਿਛੋਕੜ ਸੀ, ਦੇ ਸੰਖਿਆ ਮੱਤ ਅਨੁਸਾਰ ‘ਪੁਰਖੁ’ ਅਨੰਤ ਇਲਾਹੀ ਆਤਮਾ ਹੈ, ਜੋ ਨਸ਼ਟ ਨਹੀਂ ਕੀਤੀ ਜਾ ਸਕਦੀ। ਇੱਥੇ ਵੀ ਪੁਰਖੁ ਦਾ ਇਹੀ ਅਰਥ ਹੈ।
ਨਿਰਭਉ ਨਿਰਵੈਰ: ਉਹ ਡਰ ਤੇ ਵੈਰ ਤੋਂ ਉਪਰ ਹੈ। ਆਪਣੇ ਨਿਯਮਾਂ ਮੁਤਾਬਕ ਚੱਲਦਾ ਹੈ, ਭੈਅ ਜਾਂ ਵੈਰ ਵਿਚ ਨਹੀਂ।
ਅਕਾਲ ਮੂਰਤਿ: ਉਹ ਸਮੇਂ ਤੋਂ ਪਰ੍ਹੇ ਹੈ, ਭਾਵ ਉਹ ਸਦਾ ਤੋਂ ਇੱਥੇ ਹੈ ਤੇ ਨਸ਼ਟ ਨਹੀਂ ਕੀਤਾ ਜਾ ਸਕਦਾ (ਅਕਾਲ); ਉਹਦਾ ਆਪਣਾ ਕੋਈ ਰੂਪ ਨਹੀਂ ਪਰ ਫਿਰ ਵੀ ਉਹ ਪ੍ਰਗਟ (ਮੂਰਤਿ) ਰਹਿੰਦਾ ਹੈ।
ਅਜੂਨੀ: ਉਹ ਜੂਨਾਂ ਤੋਂ ਉਪਰ ਹੈ; ਜਨਮ-ਮਰਨ ਦੇ ਚੱਕਰ ਤੋਂ ਬਾਹਰ; ਨਾ ਪੈਦਾ ਤੇ ਨਾ ਨਸ਼ਟ ਕੀਤਾ ਜਾ ਸਕਦਾ ਹੈ।
ਸੈਭੰ: ਇਹ ਸ਼ਬਦ ਸੰਸਕ੍ਰਿਤ ਦੇ ਉਸ ਲਫਜ਼ ‘ਚੋਂ ਕੱਢਿਆ ਗਿਆ ਹੈ, ਜਿਸ ਦਾ ਅਰਥ ਹੈ, ਆਪਣੇ ਆਪ ਤੋਂ ਹੀ ਹੋਣ ਵਾਲਾ ਯਾਨਿ ਉਹ ਆਪਣਾ ਮੂਲ ਆਪ ਹੈ, ਕਿਸੇ ਹੋਰ ਚੀਜ਼ ‘ਚੋਂ ਨਹੀਂ ਉਪਜਿਆ।
ਗੁਰ ਪ੍ਰਸਾਦਿ: ਉਹਨੂੰ ਗੁਰੂ ਦੀ ਕਿਰਪਾ ਨਾਲ ਜਾਣਿਆ ਜਾ ਸਕਦਾ ਹੈ।
ਗੁਰੂ ਨਾਨਕ ਦੇਵ ਜੀ ਦਾ ਫਲਸਫਾ ਕਾਵਿ ਰੂਪ ਵਿਚ ਹੋਰਾਂ ਦੇ ਨਾਲ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ। ਕਿਉਂਕਿ ਫਿਲਾਸਫਰ ਅਕਸਰ ਸੁਆਲ ਤੋਂ ਸ਼ੁਰੂ ਕਰਦੇ ਹਨ, ਤਾਂ ਉਹ ਕਿਹੜਾ ਬੁਨਿਆਦੀ ਸੁਆਲ ਹੋਵੇਗਾ, ਜਿਸ ਦਾ ਜੁਆਬ ਹੈ, ਮੂਲ ਮੰਤਰ? ਮੂਲ ਮੰਤਰ ਤੋਂ ਸ਼ੁਰੂ ਕਰਕੇ, ਥੋੜ੍ਹੀ ਜਿਹੀ ਪੁੱਠੀ ਯਾਨਿ ਰਿਵਰਸ ਇੰਜੀਨੀਅਰਿੰਗ ਨਾਲ ਜਿਸ ਵਿਆਪਕ ਬੁਨਿਆਦੀ ਸੁਆਲ ਤੱਕ ਪਹੁੰਚ ਸਕਦੇ ਹਾਂ, ਉਹ ਇਹ ਹੋਵੇਗਾ:
“ਉਹ ਕਿਹੜੀ ਚੀਜ਼ ਹੈ, ਜਿਸ ਤੋਂ ਬ੍ਰਹਿਮੰਡ ਬਣਿਆ ਜਾਂ ਜਿਸ ਨੇ ਬ੍ਰਹਿਮੰਡ ਬਣਾਇਆ, ਤੇ ਇਸ ਨੂੰ ਚਲਾਉਂਦੀ ਹੈ; ਅਤੇ ਇਸ ਚੀਜ਼ ਦੇ ਵਿਆਪਕ ਲੱਛਣ ਕੀ ਹਨ?”
ਅਸਲ ਵਿਚ ਇਹ ਪ੍ਰਸ਼ਨ ਪ੍ਰਾਚੀਨ ਕਾਲ ਤੋਂ ਹੀ ਇੱਕ ਤੋਂ ਵੱਧ ਗਿਆਨ ਖੇਤਰਾਂ ਵਿਚ ਅਨੇਕਾਂ ਫਿਲਾਸਫਰ ਪੁੱਛਦੇ ਆਏ ਹਨ। ਇਹ ਪ੍ਰਸ਼ਨ ਵਿਗਿਆਨੀਆਂ ਨੇ ਵੀ ਉਠਾਇਆ, ਜਿਨ੍ਹਾਂ ਨੂੰ ਪ੍ਰਾਚੀਨ ਕਾਲ ਤੇ ਮੱਧਕਾਲੀਨ ਕਾਲ ਵਿਚ ਕੁਦਰਤੀ ਫਿਲਾਸਫਰ ਕਿਹਾ ਜਾਂਦਾ ਸੀ। ਜਿਵੇਂ ਇਸ ਲੇਖ ਵਿਚ ਥੋੜਾ ਅੱਗੇ ਜਾ ਕੇ ਤੁਸੀਂ ਵੇਖੋਗੇ, ਵਿਗਿਆਨਕ ਖੋਜ ਸਦਕਾ ਇਸ ਪ੍ਰਸ਼ਨ ਦੇ ਜੋ ਉਤਰ ਲੱਭੇ ਹਨ, ਉਨ੍ਹਾਂ ਦਾ ਨਿਚੋੜ ਜਾਂ ‘ਮੂਲ ਮੰਤਰ’, ਗੁਰਬਾਣੀ ਦੇ ਮੂਲ ਮੰਤਰ ਨਾਲ ਬਿਲਕੁਲ ਮਿਲਦਾ ਹੈ। ਇਸ ਨਤੀਜੇ ਵੱਲ ਨੂੰ ਤਰਕਸ਼ੀਲਤਾ ਨਾਲ ਵਧਣ ਲਈ ਆਪਣੇ ਚੌਗਿਰਦੇ ਨਜ਼ਰ ਦੌੜਾਓ, ਕਿਉਂਕਿ ਵਿਗਿਆਨ ਭੌਤਿਕ ਪ੍ਰਮਾਣ `ਤੇ ਨਿਰਭਰ ਕਰਦੀ ਹੈ, ਗਿਆਨ ਪ੍ਰਾਪਤ ਕਰਨ ਲਈ।
ਆਪਣਾ ਆਲਾ ਦੁਆਲਾ ਵਾਚਣ ਪਿਛੋਂ ਜੇ ਤੁਸੀਂ ਕਹਿ ਦਿਓ ਕਿ ਬ੍ਰਹਿਮੰਡ ਚੀਜ਼ਾਂ ਦਾ ਬਣਿਆ ਹੋਇਆ ਹੈ, ਤਾਂ ਬਿਆਨ ਵਿਗਿਆਨ ਦੇ ਮਾਰਗ ‘ਤੇ ਚੱਲਦਿਆਂ ਬ੍ਰਹਿਮੰਡ ਨੂੰ ਸਮਝਣ ਲਈ ਉਸ ਵੱਲ ਪੁੱਟਿਆ ਪਹਿਲਾਂ ਕਦਮ ਹੋਏਗਾ। ਅਸੀਂ ਜੋ ਵੀ ਚੀਜ਼ਾਂ ਵੇਖਦੇ ਹਾਂ, ਉਨ੍ਹਾਂ ਨੂੰ ਦੋ ਕਿਸਮਾਂ ਵਿਚ ਵੰਡ ਸਕਦੇ ਹਾਂ-ਮਾਦਾ ਤੇ ਊਰਜਾ। ਮਾਦੇ ਦੀ ਕਿਸਮ ਵਿਚ ਉਹ ਸਭ ਚੀਜ਼ਾਂ ਆਉਂਦੀਆਂ ਹਨ, ਜੋ ਪੁਲਾੜ ਵਿਚ ਥਾਂ ਮੱਲਦੀਆਂ ਹਨ ਅਤੇ ਉਨ੍ਹਾਂ ਦਾ ਪੁੰਜ ਯਾਨਿ ੰਅਸਸ ਹੁੰਦਾ ਹੈ, ਜੋ ਗੁਰੂਤਾ ਖਿੱਚ ਕਰਕੇ ਭਾਰ ਬਣ ਜਾਂਦਾ ਹੈ; ਜਿਵੇਂ ਸੂਰਜ, ਤਾਰੇ, ਕਾਰਾਂ, ਬੱਦਲ, ਕਣੀਆਂ, ਇੱਟਾਂ, ਇਮਾਰਤਾਂ, ਰੋਟੀਆਂ, ਤੇ ਅਸੀਂ ਸਭ। ਜੋ ਚੀਜ਼ਾਂ ਮਾਦਾ ਨਹੀਂ ਹਨ, ਉਹ ਊਰਜਾ ਕਿਸਮ ਵਿਚ ਆਉਂਦੀਆਂ ਹਨ, ਜਿਵੇਂ ਧੁੱਪ, ਗਰਮੀ, ਬਿਜਲੀ, ਰੋਸ਼ਨੀ ਆਦਿ। ਊਰਜਾ ਪ੍ਰਤੱਖ ਰੂਪ ‘ਚ ਮਾਦੇ ਵਿਚ ਨਹੀਂ, ਬਲਕਿ ਲਹਿਰਾਂ ਵਿਚ ਜਿਉਂਦੀ ਹੈ, ਤੇ ਲਹਿਰਾਂ ਦਾ ਕੋਈ ਪੁੰਜ ਜਾਂ ਭਾਰ ਨਹੀਂ ਹੁੰਦਾ। ਮਿਸਾਲ ਵਜੋਂ ਧੁੱਪ ਸੂਰਜ ਤੋਂ ਤੇ ਚਾਂਦਨੀ ਚੰਦਰਮਾ ਤੋਂ ਲਹਿਰਾਂ ਦੇ ਰੂਪ ਵਿਚ ਸਾਡੇ ਕੋਲ ਪਹੁੰਚਦੀ ਹੈ। ਮਾਦੇ ਤੇ ਊਰਜਾ (ਜਾਂ ਲਹਿਰ) ਦੇ ਘੇਰੇ ਤੋਂ ਬਾਹਰ ਵਿਗਿਆਨੀਆਂ ਨੂੰ ਕੋਈ ਵੀ ਚੀਜ਼ ਅੱਜ ਤੱਕ ਨਹੀਂ ਲੱਭੀ, ਬ੍ਰਹਿਮੰਡ ਵਿਚੋਂ।
ਜ਼ਰਾ ਗਹੁ ਨਾਲ ਦੇਖਿਆ ਜਾਵੇ ਤਾਂ ਮਾਦੇ ਤੇ ਊਰਜਾ ਦਾ ਰਿਸ਼ਤਾ ਅਟੁੱਟ ਜਾਪਦਾ ਹੈ। ਮਿਸਾਲ ਵਜੋਂ ਧੁੱਪ ਜਾਂ ਕਿਸੇ ਰੋਸ਼ਨੀ, ਭਾਵ ਊਰਜਾ ਦੀ ਮਦਦ ਨਾਲ ਅਸੀਂ ਮਾਦਾ ਚੀਜ਼ਾਂ ਨੂੰ ਦੇਖਦੇ ਹਾਂ। ਚੁਲ੍ਹੇ ਵਿਚ ਲੱਕੜ, ਜੋ ਮਾਦਾ ਹੈ, ਅੱਗ ਪੈਦਾ ਕਰਦਾ ਹੈ। ਅੱਗ ਦੀ ਊਰਜਾ ਰੋਟੀਆਂ, ਜੋ ਮਾਦਾ ਹਨ, ਪਕਾਉਂਦੀ ਹੈ। ਰੋਟੀਆਂ ਅਸੀਂ ਖਾਂਦੇ ਹਾਂ, ਜਿਨ੍ਹਾਂ ਨੂੰ ਸਾਡੇ ਸਰੀਰਾਂ ਦੇ ਸੈੱਲ ਊਰਜਾ ਵਿਚ ਬਦਲ ਦਿੰਦੇ ਹਨ, ਜਿਸ ਊਰਜਾ ਬਿਨਾ ਸਾਡਾ ਚਲਣਾ, ਫਿਰਨਾ ਤੇ ਕੰਮ ਕਰਨਾ ਤਾਂ ਦੂਰ ਦੀ ਗੱਲ, ਅਸੀਂ ਜਿੰਦਾ ਵੀ ਨਹੀਂ ਰਹਿ ਸਕਦੇ। ਇੰਜਣ ਮਾਦਾ ਪੈਟਰੋਲ ਨੂੰ ਊਰਜਾ ਵਿਚ ਬਦਲ ਕੇ ਕਾਰਾਂ, ਬੱਸਾਂ, ਹਵਾਈ ਜਹਾਜਾਂ ਆਦਿ ਨੂੰ ਚਲਾਉਂਦੇ ਹਨ। ਇੰਜ ਸਾਰਾ ਸੰਸਾਰ ਹੀ ਨਹੀਂ, ਸਗੋਂ ਸਾਰਾ ਬ੍ਰਹਿਮੰਡ ਹੀ ਮਾਦੇ, ਊਰਜਾ, ਤੇ ਇਨ੍ਹਾਂ ਦੋ ਕਿਸਮਾਂ ਦੇ ਆਪਸ ਵਿਚ ਤਬਦੀਲ ਹੋ ਜਾਣ ਦਾ ਖੇਲ ਹੈ।
‘ਲੱਕੜਾਂ ਦਾ ਬਲਣਾ’ ਤੇ ‘ਸਰੀਰ ਦੇ ਸੈੱਲਾਂ ਵਲੋਂ ਭੋਜਨ ਨੂੰ ਊਰਜਾ ਵਿਚ ਵਟਾਉਣਾ’ ਦੋਵੇਂ ਹੀ ਮਾਦੇ ਦੇ ਊਰਜਾ ਵਿਚ ਬਦਲਣ ਦੀਆਂ ਮਿਸਾਲਾਂ ਹਨ। ਭਾਵੇਂ ਰੋਜ਼ਾਨਾ ਜ਼ਿੰਦਗੀ ਵਿਚੋਂ ਮਿਸਾਲ ਨਹੀਂ ਮਿਲਦੀ, ਪਰ ਪੁੱਠੀ ਪ੍ਰਕ੍ਰਿਆ ਯਾਨਿ ਊਰਜਾ ਦਾ ਮਾਦੇ ਵਿਚ ਤਬਦੀਲ ਹੋ ਜਾਣਾ ਵੀ ਸੰਭਵ ਹੈ। ਮਿਸਾਲ ਵਜੋਂ ਜਦੋਂ ਮੈਂ ਯੂਰਪੀਅਨ ਆਰਗੇਨਾਈਜੇਸ਼ਨ ਫਾਰ ਨਿਊਕਲੀਅਰ ਰਿਸਰਚ (ਸਰਨ) ਨਾਂ ਦੀ ਪ੍ਰਯੋਗਸ਼ਾਲਾ ਵਿਚ ਰਿਸਰਚ ਸਾਇੰਸਦਾਨ ਵਜੋਂ ਕੰਮ ਕਰਦਾ ਸਾਂ ਤਾਂ ਸਾਥੀ ਸਾਇੰਸਦਾਨਾਂ ਨਾਲ ਰੋਜ਼ ਊਰਜਾ ‘ਚੋਂ ਮਾਦੇ ਦੇ ਕਣ ਬਣਾਉਣ ਦੇ ਤਜਰਬੇ ‘ਚੋਂ ਲੰਘਦਾ ਸਾਂ। ਇਸ ਪ੍ਰਯੋਗਸ਼ਾਲਾ ਵਿਚ ਮੂਲ ਕਣਾਂ-ਇਲੈਕਟ੍ਰਾਨ ਤੇ ਪੌਜ਼ੀਟ੍ਰਾਨ ਨੂੰ ਐਕਸੇਲਾਰੇਟਰ ਵਿਚ ਕਰੀਬ ਰੋਸ਼ਨੀ ਦੀ ਗਤੀ ਤੱਕ ਵਿਰੋਧੀ ਦਿਸ਼ਾਵਾਂ ਵਿਚ ਦੌੜਾ ਕੇ ਇੱਕ ਦੂਜੇ ਨਾਲ ਸਿੱਧੇ ਮੱਥੇ ਭਿੜਾਇਆ ਜਾਂਦਾ ਸੀ; ਉਨ੍ਹਾਂ ਦੀ ਗਤੀ ਦੀ ਊਰਜਾ ਅਜਿਹੇ ਮੂਲ ਕਣ ਪੈਦਾ ਕਰਦੀ, ਜੋ ਬ੍ਰਹਿਮੰਡ ਦੇ ਸ਼ੁਰੂ ਵਿਚ ਹੀ ਆਜ਼ਾਦ ਹਾਲਤ ਵਿਚ ਸਨ, ਜਿਵੇਂ ਕੁਆਰਕ ਤੇ ਜ਼ੀ ਪਾਰਟੀਕਲ। ਫਿਰ ਅਸੀਂ ਇਨ੍ਹਾਂ ਪੈਦਾ ਹੋਏ ਕਣਾਂ ਦਾ ਅਧਿਅਨ ਕਰਦੇ, ਬ੍ਰਹਿਮੰਡ ਦਾ ਮੁੱਢ ਖੋਜਣ ਲਈ।
ਸੋ ਮਾਦਾ ਅਤੇ ਊਰਜਾ ਇੱਕ ਦੂਜੇ ਵਿਚ ਤਬਦੀਲ ਹੋ ਸਕਦੇ ਹਨ, ਭਾਵ ਉਹ ਸਮਵਸਤ ਹਨ; ਇੱਕ ਹੀ ਚੀਜ਼ ਦੇ ਦੋ ਰੂਪ ਹਨ। ਕਹਿ ਸਕਦੇ ਹਾਂ ਕਿ ਬ੍ਰਹਿਮੰਡ ਸਿਰਫ ਊਰਜਾ ਤੋਂ ਬਣਿਆ ਹੈ; ਮਾਦਾ ਤਾਂ ਊਰਜਾ ਦਾ ਹੀ ਇੱਕ ਰੂਪ ਹੈ। ਮਾਦਾ ਵਸਤਾਂ ਦੇ ਅਣਗਿਣਤ ਰੂਪ ਹਨ। ਵੱਖੋ-ਵੱਖਰੇ ਬੰਦੇ, ਪਸੂ, ਰੁੱਖ, ਅਨਾਜ, ਕੱਪੜੇ ਆਦਿ। ਕੁਝ ਮਾਦਾ ਵਸਤਾਂ ਨੂੰ ਇੱਕ ਰੂਪ ਤੋਂ ਦੂਜੇ ਰੂਪ ਵਿਚ ਬਦਲਿਆ ਜਾ ਸਕਦਾ ਹੈ; ਮਿਸਾਲ ਵਜੋਂ ਆਟੇ, ਤੇਲ, ਖੰਡ ਤੇ ਰੰਗ ਨੂੰ ਜਲੇਬੀਆਂ ਵਿਚ ਤਬਦੀਲ ਕੀਤਾ ਜਾ ਸਕਦਾ ਹੈ। ਊਰਜਾ ਤਾਂ ਮਾਦੇ ਦਾ ਰੂਪ ਹੈ ਹੀ, ਆਪਣੇ ਆਪ ਵਿਚ ਹੀ ਊਰਜਾ ਦੇ ਕੁਝ ਰੂਪਾਂ ਨੂੰ ਦੂਜੇ ਰੂਪਾਂ ਵਿਚ ਬਦਲਿਆ ਜਾ ਸਕਦਾ ਹੈ। ਮਿਸਾਲ ਵਜੋਂ ਹਾਈਡਰੋਪਾਵਰ ਪਲਾਂਟ ਡਿਗਦੇ ਪਾਣੀ ਦੀ ਗਤੀਆਤਮਕ ਊਰਜਾ ਅਤੇ ਸੋਲਰ ਸੈਲ ਧੁੱਪ ਊਰਜਾ ਨੂੰ ਬਿਜਲਈ ਊਰਜਾ ਵਿਚ ਤਬਦੀਲ ਕਰਦੇ ਹਨ; ਬਿਜਲਈ ਚੁੱਲ੍ਹੇ ਬਿਜਲਈ ਊਰਜਾ ਨੂੰ ਗਰਮੀ ਊਰਜਾ ਵਿਚ ਬਦਲਦੇ ਹਨ; ਤੇ ਸਾਡਾ ਸਰੀਰ ਭੋਜਨ ਦੀ ਕੈਮੀਕਲ ਊਰਜਾ ਨੂੰ ਮਕੈਨੀਕਲ ਤੇ ਬਿਜਲਈ ਊਰਜਾ ਵਿਚ ਬਦਲਦਾ ਹੈ ਤਾਂ ਕਿ ਅਸੀਂ ਚੱਲ-ਫਿਰ ਸਕੀਏ।
ਸਦੀਆਂ-ਬੱਧੀ ਸਮੇਂ ਦੌਰਾਨ, ਕਈ ਵਿਗਿਆਨੀਆਂ ਦੇ ਕੰਮ ਮਿਲਾ ਕੇ, ਵਿਗਿਆਨ ਵਿਚ ਇੱਕ ਕੇਂਦਰੀ ਮੂਲ ਸਿਧਾਂਤ ਸਥਾਪਤ ਹੋਇਆ, ਜਿਸ `ਤੇ ਹੋਰ ਕਈ ਸਿਧਾਂਤ ਨਿਰਭਰ ਕਰਦੇ ਹਨ; ਇਸ ਲਈ ਮੈਂ ਇਸ ਸਿਧਾਂਤ ਨੂੰ ਵਿਗਿਆਨ ਦਾ ਮੂਲ ਮੰਤਰ ਕਿਹਾ ਹੈ। ਊਰਜਾ ਨੂੰ ਮਾਦੇ ਦਾ ਹੀ ਇਕ ਰੂਪ ਸਮਝਦਿਆਂ ਵਿਗਿਆਨ ਦਾ ਇਹ ਮੂਲ ਸਿਧਾਂਤ ਇੰਜ ਬਿਆਨ ਸਕਦੇ ਹਾਂ,
“ਬ੍ਰਹਿਮੰਡ ਸਿਰਫ ਮਾਦੇ ਤੋਂ ਬਣਿਆ ਹੋਇਆ ਹੈ। ਮਾਦਾ ਨਾ ਪੈਦਾ ਹੁੰਦਾ ਹੈ ਤੇ ਨਾ ਹੀ ਨਸ਼ਟ ਕੀਤਾ ਜਾ ਸਕਦਾ ਹੈ; ਇਹ ਸਿਰਫ ਰੂਪ ਬਦਲ ਸਕਦਾ ਹੈ। ਮਾਦੇ ਦੀ ਕੁੱਲ ਮਾਤਰਾ ਹਮੇਸ਼ਾ ਹੀ ਸਥਿਰ ਤੇ ਨਿਰੰਤਰ ਰਹਿੰਦੀ ਹੈ; ਵਧਦੀ ਘਟਦੀ ਨਹੀਂ।”
ਇਸ ਨਿਯਮ ਨੂੰ ਪੰਜਾਬੀ ਵਿਚ ‘ਮਾਦਾ ਦੀ ਅਵਿਨਾਸ਼ਤਾ’ ਦਾ ਸਿਧਾਂਤ ਕਹਿ ਸਕਦੇ ਹਾਂ। ਇਸ ਨਿਯਮ ਅਤੇ ਇਸ ਤੋਂ ਪਹਿਲਾਂ ਮਾਦੇ ਤੇ ਊਰਜਾ ਦੇ ਚਰਚੇ ਅਨੁਸਾਰ ਮਾਦੇ ਦੇ ਗੁਣਾਂ ਦੀ ਗੁਰਬਾਣੀ ਦੇ ਮੂਲ ਮੰਤਰ ਨਾਲ ਇੰਜ ਤੁਲਨਾ ਕਰ ਸਕਦੇ ਹਾਂ:
ÅÆ : ਮਾਦਾ ਇਕ (੧) ਹੈ, ਪਰ ਹਰ ਥਾਂ ਨਿਰੰਤਰ ਮੌਜੂਦ ਹੈ, ਅਨੇਕ ਰੂਪਾਂ ਵਿਚ; ਸਰਬ ਵਿਆਪਕ (ਓਂਕਾਰ)।
ਸਤਿਨਾਮੁ: ਮਾਦਾ ਪ੍ਰਮਾਣਿਤ ਯਾਨਿ ਸੱਚੇ ਗੁਣਾਂ ਦੀ ਹੋਂਦ ਵਾਲਾ।
ਕਰਤਾ ਪੁਰਖੁ: ਬ੍ਰਹਿਮੰਡ ਸਿਰਫ ਮਾਦੇ ਤੋਂ ਬਣਿਆ ਹੋਇਆ ਹੈ ਤੇ ਮਾਦੇ ਨਿਯਮਾਂ ਮੁਤਾਬਕ ਚੱਲਦਾ ਹੈ (ਕਰਤਾ); ਮਾਦਾ ਨਸ਼ਟ ਨਹੀਂ ਕੀਤਾ ਜਾ ਸਕਦਾ (ਪੁਰਖੁ)।
ਨਿਰਭਉ ਨਿਰਵੈਰ: ਮਾਦੇ ਨੂੰ ਕਿਸੇ ਦਾ ਡਰ ਨਹੀਂ ਤੇ ਨਾ ਕਿਸੇ ਨਾਲ ਵੈਰ ਹੈ। ਇਹ ਆਪਣੇ ਨਿਯਮਾਂ ਮੁਤਾਬਕ ਚੱਲਦਾ ਹੈ।
ਅਕਾਲ ਮੂਰਤਿ: ਮਾਦਾ ਨਸ਼ਟ ਨਹੀਂ ਕੀਤਾ ਜਾ ਸਕਦਾ। ਉਹਦਾ ਕੋਈ ਖਾਸ ਰੂਪ ਨਹੀਂ, ਪਰ ਫਿਰ ਵੀ ਉਹ ਵੱਖ ਵੱਖ ਰੂਪਾਂ ਵਿਚ ਪ੍ਰਗਟ (ਮੂਰਤਿ) ਰਹਿੰਦਾ ਹੈ।
ਅਜੂਨੀ ਸੈਭੰ: ਮਾਦਾ ਪੈਦਾ ਜਾਂ ਨਸ਼ਟ ਨਹੀਂ ਕੀਤਾ ਜਾ ਸਕਦਾ (ਅਜੂਨੀ); ਇਸ ਲਈ ਉਹ ਆਪਣਾ ਮੂਲ ਆਪ ਹੀ ਹੈ (ਸੈਭੰ)।
ਗੁਰ ਪ੍ਰਸਾਦਿ: ਮਾਦੇ ਤੇ ਇਹਦੇ ਸਿਧਾਂਤਾਂ ਨੂੰ ਗੁਰੂ ਯਾਨਿ ਅਧਿਆਪਕ ਦੀ ਮਦਦ ਨਾਲ ਜਾਣਿਆ ਜਾ ਸਕਦਾ ਹੈ।
ਉਪਰ ਮੈਂ ਦਰਸਾਇਆ ਹੈ ਕਿ ਗੁਰਬਾਣੀ ਦੇ ਮੂਲ ਮੰਤਰ ਤੇ ਮਾਦੇ ਦੀ ਅਵਿਨਾਸ਼ਤਾ ਦਾ ਸਿਧਾਂਤ ਅਰਥਾਂ ਤੋਂ ਇੱਕ ਦੂਜੇ ਦੇ ਐਨ ਫਿੱਟ ਬਹਿੰਦੇ ਹਨ; ਨਾ ਕੋਈ ਘੱਟ ਤੇ ਨਾ ਕੋਈ ਵੱਧ। ਹੋਰਨਾਂ ਕਈ ਧਾਰਮਿਕ ਫਲਸਫਿਆਂ ਵਿਚ ਵੀ ਇਲਾਹੀ ਸ਼ਕਤੀ ਦੇ ਮੂਲ ਮੰਤਰ ਵਿਚ ਉਚਰੇ ਬਾਹਲੇ ਗੁਣਾਂ ਦਾ ਜ਼ਿਕਰ ਮਿਲ ਜਾਂਦਾ ਹੈ, ਪਰ ਅਕਸਰ ਖਿਲਰੇ ਰੂਪ ਵਿਚ। ਇਹ ਗਜ਼ਬ ਦੀ ਗੱਲ ਹੈ ਕਿ ਅਧਿਆਤਮਵਾਦੀ ਫਲਸਫੇ ਦੀ ਕਿਸੇ ਕਿਤਾਬ ‘ਚੋਂ ਇਬਾਰਤ ਦਾ ਕੋਈ ਸਾਬਤਾ ਟੋਟਾ ਵਿਗਿਆਨ ਦੇ ਇੰਨੇ ਮੂਲ ਸਿਧਾਂਤ ਦੇ ਐਨ ਸੂਤ ਬਹਿੰਦਾ ਹੋਵੇ। ਮੂਲ ਖਿਆਲ ਦੋਹਾਂ ਪਿੱਛੇ ਇੱਕ ਹੀ ਹੈ; ਫਰਕ ਸਿਰਫ ਨਾਂ ਦਾ ਹੈ, ਅਰਥਾਂ ਦਾ ਨਹੀਂ। ਮਾਦੇ ਦੀ ਅਵਿਨਾਸ਼ਤਾ ਦਾ ਸਿਧਾਂਤ ਮਾਦੇ ਬਾਰੇ ਹੈ, ਜਦ ਕਿ ਗੁਰਬਾਣੀ ਦਾ ਮੂਲ ਮੰਤਰ ਕਿਸੇ ਅਧਿਆਤਮ ਸ਼ਕਤੀ ਬਾਰੇ, ਜਿਹਦਾ ਮੂਲ ਮੰਤਰ ਨਾਂ ਨਹੀਂ ਲੈਂਦਾ, ਬੱਸ ਉਹਦੇ ਗੁਣਾਂ ਦੀ ਹੀ ਗੱਲ ਕਰਦਾ ਹੈ। ਇੱਕ ਫਰਕ ਹੋਰ ਹੈ ਕਿ ਗੁਰਬਾਣੀ ਦਾ ਮੂਲ ਮੰਤਰ ਇੱਕ ਬਿਆਨ ਜਾਂ ਫੁਰਮਾਨ ਹੈ, ਜਿਸ ਦੇ ਇਲਾਹੀ ਸੱਚ ਨੂੰ ਮੰਨਣ ਲਈ ਕੇਵਲ ਵਿਸ਼ਵਾਸ ਦੀ ਲੋੜ ਹੁੰਦੀ ਹੈ, ਪਰ ਮਾਦੇ ਦੀ ਅਵਿਨਾਸ਼ਤਾ ਦਾ ਸਿਧਾਂਤ ਅਜਿਹਾ ਭੌਤਿਕ ਸੱਚ ਹੈ, ਜੋ ਸਦੀਆਂ-ਬੱਧੀ ਵਿਗਿਆਨਕ ਵਿਧੀ ਦੇ ਛਾਣਨੇ `ਚ ਮੁੜ ਮੁੜ ਛਣ ਚੁਕਾ ਹੈ। ਵਿਗਿਆਨ ਦੇ ਖੇਤਰ ਵਿਚ ਕੋਈ ਵੀ ਬਿਆਨ ਗਿਆਨ ਪ੍ਰਾਪਤੀ ਦੀ ਵਿਧੀ ਦੇ ਕਈ ਕਦਮਾਂ ‘ਚੋਂ ਸਿਰਫ ਇੱਕ ਕਦਮ ਹੈ, ਆਖਰੀ ਸੱਚ ਨਹੀਂ।
ਵਿਗਿਆਨਕ ਵਿਧੀ ਅਜਿਹਾ ਤਰੀਕਾ ਹੈ, ਜਿਸ ਤਹਿਤ ਭੌਤਿਕ ਪ੍ਰਮਾਣ ਦੇ ਆਧਾਰ `ਤੇ ਯੋਜਨਾਬੱਧ ਢੰਗ ਨਾਲ ਗਿਆਨ ਪ੍ਰਾਪਤ ਕੀਤਾ ਜਾਂਦਾ ਹੈ। ਇਸ ਵਿਧੀ ਅਧੀਨ ਕਿਸੇ ਵਿਚਾਰਗੋਚਰੀ ਚੀਜ਼, ਵਰਤਾਰੇ ਜਾਂ ਸਮੱਸਿਆ ਦੀ ਨਜ਼ਰਸਾਨੀ ਜਾਂ ਨਿਰੀਖਣ ਦੌਰਾਨ ਇਕੱਤਰ ਕੀਤੇ ਤੱਥਾਂ ਤੇ ਗਿਣਤੀਆਂ-ਮਿਣਤੀਆਂ ਨੂੰ ਅੰਕੜੇ ਕਿਹਾ ਜਾਂਦਾ ਹੈ। ਇਨ੍ਹਾਂ ਅੰਕੜਿਆਂ ਦਾ ਵਿਸ਼ਲੇਸ਼ਣ ਕਰਕੇ ਤਰਕਸ਼ੀਲ ਢੰਗਾਂ ਨਾਲ ਨਤੀਜਿਆਂ ‘ਤੇ ਪਹੁੰਚਿਆ ਜਾਂਦਾ ਹੈ; ਅਤੇ ਇਨ੍ਹਾਂ ਨਤੀਜਿਆਂ ਦੇ ਆਧਾਰ ‘ਤੇ ਸੱਚਾਈ ਦਾ ਅੰਦਾਜ਼ਾ ਲਾਇਆ ਜਾਂਦਾ ਹੈ, ਬਿਆਨ ਜਾਂ ਬਿਆਨਾਂ ਦੇ ਰੂਪ ਵਿਚ, ਜਿਸ ਨੂੰ ਪਰੀਸਿਧਾਂਤ ਜਾਂ ਪਰੀਨਿਯਮ ਯਾਨਿ ਹਾਈਪੋਥੇਸਿਜ਼ ਕਿਹਾ ਜਾਂਦਾ ਹੈ। ਹਰ ਪਰੀਸਿਧਾਂਤ ਦਾ ਇੱਕ ਲਾਜ਼ਮੀ ਲੱਛਣ ਹੈ ਕਿ ਉਹ ਚੀਜ਼ਾਂ ਤੇ ਵਰਤਾਰਿਆਂ ਬਾਰੇ ਭਵਿਖਵਾਣੀਆਂ ਕਰੇ। ਜਿਸ ਪਰੀਸਿਧਾਂਤ ਦੀਆਂ ਭਵਿਖਵਾਣੀਆਂ ਵਾਰ ਵਾਰ ਵਰਿ੍ਹਆਂ-ਬੱਧੀ ਵੱਖ ਵੱਖ ਹਾਲਾਤ ਅਧੀਨ ਤਜਰਬੇ ਦੀ ਕਸੌਟੀ `ਤੇ ਪੂਰੀਆਂ ਉਤਰਦੀਆਂ ਚਲੀਆਂ ਜਾਣ, ਉਹ ਪਰੀਸਿਧਾਂਤ ਫਿਰ ਸਿਧਾਂਤ ਬਣ ਜਾਂਦਾ ਹੈ। ਇਸ ਵਿਗਿਆਨਕ ਵਿਧੀ ਜਾਂ ਪਹੁੰਚ ਦੇ ਨਜ਼ਰੀਏ ਤੋਂ ਚੀਜ਼ਾਂ, ਚੀਜ਼ਾਂ ਦੇ ਆਪਸੀ ਸਬੰਧਾਂ, ਵਰਤਾਰਿਆਂ ਤੇ ਸਮੱਸਿਆਵਾਂ ਬਾਰੇ ਸੋਚਣ ਢੰਗ ਨੂੰ ਹੀ ਵਿਗਿਆਨਕ ਸੋਚਣੀ ਕਿਹਾ ਜਾਂਦਾ ਹੈ।
ਇਸ ਤਰ੍ਹਾਂ ਵਿਗਿਆਨਕ ਖੋਜ ਦੇ ਖੇਤਰ ਵਿਚ ਬਿਆਨਾਂ ਨੂੰ ਸਿਧਾਂਤ ਬਣਦੇ ਬਣਦੇ ਲੰਬਾ ਅਰਸਾ ਲੱਗ ਜਾਂਦਾ ਹੈ, ਪਰ ਸਹਿਜੇ ਸਹਿਜੇ ਪਕਾਏ ਇਨ੍ਹਾਂ ਸਿਧਾਂਤਾਂ ਵਿਚ ਮਨੁੱਖੀ ਸਮਾਜਾਂ ਉਪਰ ਜਬਰਦਸਤ ਪ੍ਰਭਾਵ ਪਾਉਣ ਤੇ ਯੁੱਗ ਪਰਿਵਰਤਨ ਲਿਆਉਣ ਦੀ ਸ਼ਕਤੀ ਹੁੰਦੀ ਹੈ। ਮਿਸਾਲ ਵਜੋਂ 14ਵੀਂ ਸਦੀ ਤੋਂ 17ਵੀਂ ਸਦੀ ਤੱਕ ਯੂਰਪ ਵਿਚ ਚੱਲੀ ਜਾਗ੍ਰਿਤੀ ਲਹਿਰ ਦੇ ਪੈਦਾ ਤੇ ਵਿਕਸਿਤ ਹੋਣ ਵਿਚ ਵਿਗਿਆਨ ਨੇ ਸਿੱਧੇ-ਅਸਿੱਧੇ ਤੌਰ ‘ਤੇ ਅਹਿਮ ਭੂਮਿਕਾ ਨਿਭਾਈ। ਵਿਗਿਆਨ ਦੇ ਖੋਜੇ ਸਿਧਾਂਤਾਂ ਦੇ ਸਹਾਰੇ ਇਸ ਲਹਿਰ ਨੇ ਮਨੁੱਖੀ ਜ਼ਿੰਦਗੀ ਦੇ ਹਰ ਖੇਤਰ ਨੂੰ ਪ੍ਰਭਾਵਿਤ ਕਰਦਿਆਂ ਹੌਲੀ ਹੌਲੀ ਯੂਰਪ ਨੂੰ ਮੱਧਕਾਲੀਨ ਯੁੱਗ ਵਿਚੋਂ ਕੱਢ ਕੇ ਆਧੁਨਿਕ ਯੁੱਗ ਨਾਲ ਜੋੜ ਦਿੱਤਾ। ਆਧੁਨਿਕ ਯੁੱਗ ਦੀਆਂ ਅਣਗਿਣਤ ਅਤੇ ਕਰੀਬ ਸੱਭੇ ਲੋੜਾਂ ਤੇ ਸਹੂਲਤਾਂ ਵਿਗਿਆਨ ਦੇ ਖੋਜੇ ਮਾਦੇ ਦੀ ਅਵਿਨਾਸ਼ਤਾ ਅਤੇ ਹੋਰ ਸਿਧਾਂਤਾਂ ਉਤੇ ਹੀ ਟਿਕੀਆਂ ਹੋਈਆਂ ਹਨ।
ਸਿੱਟੇ ਵਜੋਂ ਪਹਿਲਾ ਤੱਥ ਹੈ ਕਿ ਸਦੀਆਂ-ਬੱਧੀ ਸਮਾਂ ਤੇ ਵਿਗਿਆਨਕ ਕੋਸ਼ਿਸ਼ਾਂ ਨਾਲ ਸਥਾਪਤ ਹੋਏ ਯੁੱਗ ਪਰਿਵਰਤਕ ਵਿਗਿਆਨਕ ਸਿਧਾਂਤਾਂ ਵਿਚੋਂ ਇੱਕ ਬਹੁਤ ਹੀ ਮੂਲ ਸਿਧਾਂਤ ਨਾਲ ਗੁਰਬਾਣੀ ਦੇ ਮੂਲ ਮੰਤਰ ਦਾ ਅਰਥਾਂ ਵਜੋਂ ਐਨ ਮਿਲ ਜਾਣਾ। ਦੂਸਰਾ ਤੱਥ, ਭਾਵੇਂ ਮਾਦੇ ਦੀ ਅਵਿਨਾਸ਼ਤਾ ਦਾ ਖਿਆਲ ਗਰੀਕ ਫਿਲਾਸਫਰ ਥੇਲਜ਼ (624 ਤੋਂ 546 ਈਸਾ ਪੂਰਵ) ਤੱਕ ਜਾਂਦਾ ਹੈ, ਪਰ ਇਸ ਸਿਧਾਂਤ ਦੇ ਮੁਕੰਮਲ ਰੂਪ ਦਾ ਅਹਿਸਾਸ 20ਵੀਂ ਸਦੀ ਵਿਚ ਉਦੋਂ ਹੋਇਆ, ਜਦ ਆਈਨਸਟਾਈਨ ਨੇ ਖੋਜਿਆ ਕਿ ਮਾਦਾ ਅਤੇ ਊਰਜਾ ਸਮਵਸਤ ਹਨ; ਉਹ ਇੱਕ ਦੂਜੇ ਦਾ ਰੂਪ ਵਟਾ ਸਕਦੇ ਹਨ; ਪਰ ਮੂਲ ਮੰਤਰ ਇਸ ਤੋਂ ਕਰੀਬ ਚਾਰ ਸਦੀਆਂ ਪਹਿਲਾਂ ਲਿਖਿਆ ਗਿਆ ਸੀ। ਇਹ ਦੋ ਤੱਥ ਮਿਲ ਕੇ ਬੜਾ ਕੁਝ ਦੱਸਦੇ ਹਨ।
ਮੇਰੀ ਜਾਂਚੇ ਅਹਿਮ ਗੱਲ ਉਹ ਇਹ ਦੱਸਦੇ ਹਨ ਕਿ ਅਧਿਆਤਮਵਾਦੀ ਫਲਸਫੇ ਦੇ ਚੌਖਟੇ ਵਿਚ ਗੁਰੂ ਨਾਨਕ ਦੇਵ ਜੀ ਦੀ ਪਹੁੰਚ ਭੂਤਮੁਖੀ ਨਾ ਹੋ ਕੇ ਭਵਿੱਖਮੁਖੀ ਸੀ। ਉਨ੍ਹਾਂ ਦੀ ਬਾਣੀ ਵਿਚ ਔਰਤ ਨੂੰ ਮਰਦ ਦੇ ਬਰਾਬਰ ਦਾ ਦਰਜਾ, ਜ਼ੁਲਮ ਦਾ ਵਿਰੋਧ, ਕਿਰਤ ਤੇ ਹੱਕ-ਸੱਚ ਦਾ ਸਾਥ, ਤੇ ਹੋਰ ਮਾਨਵਵਾਦੀ ਮੁੱਲ ਵੀ ਉਨ੍ਹਾਂ ਦੀ ਪਹੁੰਚ ਦੇ ਭਵਿੱਖਮੁਖੀ ਹੋਣ ਵੱਲ ਸਪਸ਼ਟ ਇਸ਼ਾਰਾ ਕਰਦੇ ਹਨ। ਸੋ, ਮੌਜੂਦਾ ਪੰਜਾਬੀ ਚਿੰਤਕ ਨਾਨਕ-ਬਾਣੀ ਤੋਂ ਜੋ ਸਬਕ ਸਿੱਖ ਸਕਦੇ ਹਨ, ਉਨ੍ਹਾਂ ਵਿਚੋਂ ਸਭ ਤੋਂ ਅਹਿਮ ਹੋਏਗਾ: ਆਧੁਨਿਕ ਸਮਾਜ ਵਿਚ ਅੱਜ ਦੀਆਂ ਸਮੱਸਿਆਵਾਂ ਦੇ ਹੱਲ ਲੱਭਣ ਲਈ ਇਤਿਹਾਸਕ ਸ਼ਖਸੀਅਤਾਂ ਤੋਂ ਸੇਧਾਂ ਭਾਲਣ ਦੀ ਕੋਸ਼ਿਸ਼ ਕਰਨ ਦੀ ਭੂਤਮੁਖੀ ਪਹੁੰਚ ਅਪਨਾਉਣ ਦੀ ਥਾਂ ਅੱਜ ਦੇ ਹਾਲਾਤ ‘ਤੇ ਆਧਾਰਤ ਭਵਿੱਖ-ਮੁਖੀ ਵਿਗਿਆਨਕ ਪਹੁੰਚ ਅਪਨਾਉਣਾ। ਬੇਸ਼ਕ ਅਸੀਂ ਸਣੇ ਇਤਿਹਾਸਕ ਸ਼ਖਸੀਅਤਾਂ ਦੇ ਅਤੀਤ ਕੋਲੋਂ ਉਸ ਸਮੇਂ ਦੇ ਸੰਦਰਭ ਵਿਚ ਸਿੱਖ ਜਰੂਰ ਸਕਦੇ ਹਾਂ।