ਮੌਸਮੀ ਤਬਦੀਲੀਆਂ ਅਤੇ ਜ਼ਮੀਨ ਦੀ ਵਰਤੋਂ

ਡਾ. ਗੁਰਿੰਦਰ ਕੌਰ*
ਫੋਨ: 408-493-9776
8 ਅਗਸਤ 2019 ਨੂੰ ਸਵਿਟਜ਼ਰਲੈਂਡ ਦੇ ਸ਼ਹਿਰ ਜਨੇਵਾ ਵਿਚ ਆਈ[ ਪੀ[ ਸੀ[ ਸੀ[ ਨੇ ‘ਕਲਾਈਮੇਟ ਐਂਡ ਲੈਂਡ’ (ਮੌਸਮ ਅਤੇ ਧਰਤੀ) ਨਾਂ ਦੀ ਇਕ ਸਪੈਸ਼ਲ ਰਿਪੋਰਟ ਰਿਲੀਜ਼ ਕੀਤੀ ਹੈ, ਜਿਸ ਵਿਚ ਦੁਨੀਆਂ ਦੇ ਸਾਰੇ ਮੁਲਕਾਂ ਨੂੰ ਚਿਤਾਵਨੀ ਦਿੰਦਿਆਂ ਖੁਲਾਸਾ ਕੀਤਾ ਗਿਆ ਹੈ ਕਿ ਹੁਣ ਸਾਨੂੰ ਧਰਤੀ ਉਤੇ ਵਧ ਰਹੇ ਤਾਪਮਾਨ ਨੂੰ ਬਿਨਾ ਸਮਾਂ ਗੁਆਏ ਸੁਰੱਖਿਅਤ ਸੀਮਾ ਤੱਕ ਰੱਖਣ ਲਈ ਤੇਜ਼ੀ ਨਾਲ ਉਪਰਾਲੇ ਕਰਨ ਦੀ ਲੋੜ ਹੈ, ਨਹੀਂ ਤਾਂ ਆਉਣ ਵਾਲੇ ਸਮੇਂ ਵਿਚ ਮੌਸਮ ਵਿਚ ਆਈਆਂ ਤਬਦੀਲੀਆਂ ਨਾਲ ਫਸਲਾਂ ਦੀ ਪੈਦਾਵਾਰ ਵਿਚ ਭਾਰੀ ਕਮੀ ਆ ਜਾਵੇਗੀ। ਇਸ ਨਾਲ ਦੁਨੀਆਂ ਵਿਚ ਅਨਾਜ ਅਤੇ ਖਾਣ ਵਾਲੀਆਂ ਵਸਤਾਂ ਦੀ ਕੀਮਤ ਵਿਚ ਵੀ ਭਾਰੀ ਵਾਧਾ ਹੋ ਜਾਵੇਗਾ।

300 ਪੰਨਿਆਂ ਦੀ ਇਹ ਰਿਪੋਰਟ 107 ਵਿਗਿਆਨੀਆਂ ਨੇ 7000 ਖੋਜ ਪੱਤਰਾਂ ਦੇ ਆਧਾਰ `ਤੇ ਤਿਆਰ ਕੀਤੀ ਹੈ। ਰਿਪੋਰਟ ਵਿਚ ਇਹ ਵੀ ਖੁਲਾਸਾ ਕੀਤਾ ਗਿਆ ਹੈ ਕਿ ਵਾਤਾਵਰਣ ਵਿਚ ਕਾਰਬਨ ਡਾਇਆਕਸਾਈਡ ਦੇ ਵਾਧੇ ਨਾਲ ਕਈ ਫਸਲਾਂ ਵਿਚ ਪੌਸ਼ਟਿਕ ਤੱਤ ਘਟ ਜਾਣਗੇ। ਇਕ ਖੋਜ ਅਨੁਸਾਰ ਕਾਰਬਨ ਡਾਇਆਕਸਾਈਡ ਦੇ ਵਾਧੇ ਨਾਲ ਕਣਕ ਵਿਚ 6 ਤੋਂ 10 ਫੀਸਦ ਪ੍ਰੋਟੀਨ, 4 ਤੋਂ 7 ਫੀਸਦ ਜਿੰਕ ਅਤੇ 5 ਤੋਂ 8 ਫੀਸਦ ਆਇਰਨ ਦੀ ਕਮੀ ਆਂਕੀ ਗਈ ਹੈ। 2050 ਤੱਕ ਭਾਰਤ ਦੇ 48 ਕਰੋੜ ਲੋਕ ਇਸ ਤੋਂ ਪ੍ਰਭਾਵਿਤ ਹੋ ਸਕਦੇ ਹਨ। ਇਕ ਹੋਰ ਖੋਜ ਅਨੁਸਾਰ ਦੁਨੀਆਂ ਦੇ ਕਣਕ, ਮੱਕੀ, ਚੌਲ, ਪਾਮ ਆਇਲ, ਸੋਇਆਬੀਨ ਆਦਿ ਵਿਚੋਂ ਹਰ ਸਾਲ 35 ਟ੍ਰਿਲੀਅਨ ਕੈਲਰੀਆਂ ਘਟ ਜਾਂਦੀਆਂ ਹਨ ਅਤੇ ਇਸ ਨਾਲ 50 ਮਿਲੀਅਨ ਲੋਕ ਪ੍ਰਭਾਵਿਤ ਹੁੰਦੇ ਹਨ। ਹਵਾ ਵਿਚ ਕਾਰਬਨ ਡਾਇਆਕਸਾਈਡ ਦੀ ਮਾਤਰਾ ਸਨਅਤੀ ਸਮੇਂ ਤੋਂ ਪਹਿਲਾਂ ਕਰੀਬ 235 ਪਾਰਟਸ ਪ੍ਰਤੀ ਮਿਲੀਅਨ ਸੀ, ਜੋ 11 ਅਸਗਤ 2014 ਤੱਕ ਵਧ ਕੇ 411 ਪਾਰਟਸ ਪ੍ਰਤੀ ਮਿਲੀਅਨ ਹੋ ਗਈ ਸੀ।
ਇਕ ਖੋਜ ਅਨੁਸਾਰ ਤਾਪਮਾਨ ਵਿਚ 1 ਡਿਗਰੀ ਸੈਲਸੀਅਸ ਦੇ ਵਾਧੇ ਨਾਲ ਕਣਕ ਦੇ ਝਾੜ ਵਿਚ 5 ਫੀਸਦ ਕਮੀ ਆ ਸਕਦੀ ਹੈ। ਮੈਕਸੀਕੋ ਦੇ ਉਤਰ-ਪੱਛਮੀ ਹਿੱਸੇ ਦੇ ਸਨੋਰਾ ਖੇਤਰ ਵਿਚ ਰਾਤ ਦੇ ਤਾਪਮਾਨ ਵਿਚ 1981 ਤੋਂ 2018 ਤੱਕ 4[4 ਡਿਗਰੀ ਸੈਲਸੀਅਸ ਵਾਧਾ ਰਿਕਾਰਡ ਕੀਤਾ ਗਿਆ ਹੈ, ਜਦਕਿ ਸਾਇਬੇਰੀਆ ਵਿਚ 1988 ਤੋਂ 2015 ਦਰਮਿਆਨ ਰਾਤ ਦੇ ਔਸਤ ਤਾਪਮਾਨ ਵਿਚ 2[2 ਡਿਗਰੀ ਵਾਧਾ ਹੋਇਆ।
ਜ਼ਿਕਰਯੋਗ ਹੈ ਕਿ 2015 ਦੀ ਪੈਰਿਸ ਮੌਸਮ ਸੰਧੀ ਅਨੁਸਾਰ ਤਾਪਮਾਨ ਦੇ ਵਾਧੇ ਦੀ ਸੁਰੱਖਿਅਤ ਸੀਮਾ ਉਦਯੋਗਿਕ ਸਮੇਂ ਦੇ ਔਸਤ ਤਾਪਮਾਨ ਤੋਂ 1[5 ਡਿਗਰੀ ਸੈਲਸੀਅਸ ਰੱਖੀ ਗਈ ਸੀ, ਜਦਕਿ ਇਸ ਰਿਪੋਰਟ ਅਨੁਸਾਰ ਧਰਤੀ ਦੇ ਥਲ ਮੰਡਲ ਉਤੇ ਤਾਪਮਾਨ 1[53 ਡਿਗਰੀ ਸੈਲਸੀਅਸ ਹੋ ਚੁਕਾ ਹੈ, ਪਰ ਜਲਮੰਡਲ ਅਤੇ ਥਲਮੰਡਲ ਉਤੇ ਤਾਪਮਾਨ ਦਾ ਔਸਤ ਵਾਧਾ 0[87 ਡਿਗਰੀ ਸੈਲਸੀਅਸ ਹੈ। ਤਾਪਮਾਨ ਦੇ ਇਸ ਵਾਧੇ ਕਾਰਨ ਦੁਨੀਆਂ ਦਾ ਹਰ ਮੁਲਕ ਅਣਕਿਆਸੀਆਂ ਮੌਸਮੀ ਤਬਦੀਲੀਆਂ ਨਾਲ ਜੂਝ ਰਿਹਾ ਹੈ। ਅਮਰੀਕਾ, ਕੈਨੇਡਾ ਅਤੇ ਯੂਰਪ ਵਰਗੇ ਠੰਡੇ ਤਾਪਮਾਨ ਵਾਲੇ ਮੁਲਕ ਵੀ ਪਿਛਲੇ ਦਹਾਕੇ ਤੋਂ ਗਰਮ ਹਵਾਵਾਂ ਦੀ ਮਾਰ ਝੱਲ ਰਹੇ ਹਨ।
ਰਿਪੋਰਟ ਵਿਚ ਇਹ ਵੀ ਖੁਲਾਸਾ ਕੀਤਾ ਗਿਆ ਹੈ ਕਿ ਧਰਤੀ ਉਤੇ ਮੌਸਮ ਦਾ ਬਦਲਦਾ ਮਿਜ਼ਾਜ ਧਰਤੀ ਦੇ ਥਲਮੰਡਲ ਨੂੰ ਵਰਤਣ ਦੇ ਤਰੀਕਿਆਂ ਉਤੇ ਵੀ ਨਿਰਭਰ ਕਰਦਾ ਹੈ। ਧਰਤੀ ਦੀ ਵਰਤੋਂ ਦੇ ਵਿਸ਼ੇ ਉਤੇ ਸੰਜ਼ੀਦਗੀ ਨਾਲ ਅਧਿਐਨ ਕਰਦਿਆਂ ਹਰ ਕੁਦਰਤੀ ਸਰੋਤ ਜਿਵੇਂ ਜੰਗਲ, ਮਿੱਟੀ, ਜਲਗਾਹ, ਦਲਦਲੀ ਖੇਤਰ, ਪਾਣੀ ਦੇ ਸਰੋਤਾਂ ਆਦਿ ਦੀ ਅੰਨ੍ਹੇਵਾਹ ਵਰਤੋਂ ਨੇ ਇਨ੍ਹਾਂ ਵਿਚ ਇਸ ਹੱਦ ਤੱਕ ਤਬਦੀਲੀ ਕਰ ਦਿੱਤੀ ਕਿ ਗਰੀਨ ਹਾਊਸ ਗੈਸਾਂ ਜਜ਼ਬ ਕਰਨ ਦੀ ਥਾਂ ਵਾਤਾਵਰਣ ਵਿਚ ਗੈਸਾਂ ਛੱਡਣ ਲੱਗ ਗਏ ਹਨ।
ਆਰਥਕ ਅਤੇ ਸਨਅਤੀ ਵਿਕਾਸ ਲਈ ਜੰਗਲ ਲਗਾਤਾਰ ਕੱਟੇ ਜਾ ਰਹੇ ਹਨ। ਵਰਲਡ ਵਾਈਲਡ ਫੰਡ ਦੀ ਇਕ ਰਿਪੋਰਟ ਅਨੁਸਾਰ ਹਰ ਸਾਲ 18[7 ਮਿਲੀਅਨ ਏਕੜ ਰਕਬੇ ਤੋਂ ਜੰਗਲ ਕੱਟੇ ਜਾ ਰਹੇ ਹਨ, ਜਿਸ ਨਾਲ ਵਾਤਾਵਰਣ ਵਿਚ ਲਗਾਤਾਰ ਕਾਰਬਨ ਡਾਇਆਕਸਾਈਡ ਦੀ ਮਾਤਰਾ ਵਧਦੀ ਜਾ ਰਹੀ ਹੈ। ਜਲਗਾਹਾਂ ਨੂੰ ਮਿੱਟੀ ਨਾਲ ਭਰ ਕੇ ਉਥੇ ਰਿਹਾਇਸ਼ੀ ਕਾਲੋਨੀਆਂ ਬਣਾਈਆਂ ਜਾ ਰਹੀਆਂ ਹਨ ਅਤੇ ਕਈ ਥਾਂਵਾਂ `ਤੇ ਜਲਗਾਹਾਂ ਅਤੇ ਦਲਦਲੀ ਖੇਤਰਾਂ ਤੋਂ ਪਾਣੀ ਕੱਢ ਕੇ ਉਥੇ ਤੇਲ ਲਈ ਪਾਮ ਦੇ ਰੁੱਖ ਲਾਏ ਜਾ ਰਹੇ ਹਨ ਅਤੇ ਸੋਇਆਬੀਨ ਆਦਿ ਵਰਗੀਆਂ ਫਸਲਾਂ ਉਗਾਈਆਂ ਜਾ ਰਹੀਆਂ ਹਨ। ਦਲਦਲੀ ਖੇਤਰਾਂ ਅਤੇ ਜਲਗਾਹਾਂ ਆਪਣੇ ਵਿਚ ਵੱਡੀ ਮਾਤਰਾ ਵਿਚ ਗਰੀਨ ਹਾਊਸ ਗੈਸਾਂ ਅਤੇ ਪਾਣੀ ਨੂੰ ਜਜ਼ਬ ਕਰ ਕੇ ਰੱਖਦੀਆਂ ਸਨ, ਪਰ ਉਨ੍ਹਾਂ ਵਿਚ ਤਬਦੀਲੀ ਕਾਰਨ ਗੈਸਾਂ ਵਾਤਾਵਰਣ ਵਿਚ ਜਾ ਕੇ ਤਾਪਮਾਨ ਵਿਚ ਵਾਧਾ ਕਰਨ ਲੱਗ ਗਈਆਂ ਹਨ ਅਤੇ ਪਾਣੀ ਦੀ ਗੈਰ-ਮੌਜੂਦਗੀ ਨਾਲ ਧਰਤੀ ਹੇਠਲੇ ਪਾਣੀ ਦਾ ਪੱਧਰ ਡਿੱਗਣ ਲੱਗ ਗਿਆ ਹੈ।
ਮੌਜੂਦਾ ਫਸਲੀ-ਚੱਕਰ ਵੀ ਮੌਸਮ ਦੀ ਤਬਦੀਲੀ ਦਾ ਇਕ ਅਹਿਮ ਕਾਰਨ ਹੈ। ਵਧਦੀ ਆਬਾਦੀ ਲਈ ਅਨਾਜ ਦੀ ਪੂਰਤੀ ਲਈ ਫਸਲਾਂ ਦੀ ਪੈਦਾਵਾਰ ਵਧਾਉਣ ਲਈ ਰਸਾਇਣਕ ਖਾਦਾਂ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਇਨ੍ਹਾਂ ਖਾਦਾਂ ਵਿਚੋਂ ਨਿਕਲੇ ਨਾਈਟਰੋਜਨ ਵਰਗੇ ਰਸਾਇਣ ਵਾਤਾਵਰਣ ਵਿਚ ਜਾ ਕੇ ਨਾਈਟਰੋਜਨ ਆਕਸਾਈਡ ਵਿਚ ਬਦਲ ਕੇ ਉਸ ਨੂੰ ਕਾਰਬਨ ਡਾਇਆਕਸਾਈਡ ਨਾਲੋਂ 300 ਗੁਣਾ ਵੱਧ ਗਰਮ ਕਰਦੇ ਹਨ। ਸਾਡੇ ਖਾਧ-ਪਦਾਰਥਾਂ ਦੀ ਚੋਣ ਵੀ ਤਾਪਮਾਨ ਲਈ ਜ਼ਿੰਮੇਵਾਰ ਹੈ ਜਿਵੇਂ ਖੇਤੀ ਅਤੇ ਮਾਸਾਹਾਰੀ ਭੋਜਨ ਲਈ ਵੱਡੀ ਗਿਣਤੀ ਵਿਚ ਪਸੂ ਪਾਲਣਾ, ਪਸੂ ਅਤੇ ਧਾਨ ਦੀ ਫਸਲ ਵਿਚ ਖੜਾ ਪਾਣੀ ਕੁੱਲ ਮਿਥੇਨ ਗੈਸ ਦਾ 50 ਫੀਸਦ ਵਾਤਾਵਰਣ ਵਿਚ ਛੱਡਦੇ ਹਨ, ਜੋ ਵਾਤਾਵਰਣ ਨੂੰ ਕਾਰਬਨ ਡਾਇਆਕਸਾਈਡ ਨਾਲੋਂ 30 ਗੁਣਾ ਵਧ ਗਰਮ ਕਰਦੀ ਹੈ। ਅਮਰੀਕਾ ਵਿਚ ਕੁੱਲ ਫਸਲੀ ਰਕਬੇ ਦਾ ਸਿਰਫ ਪੰਜਵਾਂ ਹਿੱਸਾ ਮਨੁੱਖਾਂ ਦੇ ਖਾਣ ਲਈ ਫਸਲਾਂ ਉਗਾਉਣ ਲਈ ਵਰਤਿਆ ਜਾਂਦਾ ਹੈ, ਬਾਕੀ ਹਿੱਸੇ ਵਿਚ ਸੋਇਆਬੀਨ ਅਤੇ ਮੱਕੀ ਬੀਜੀ ਜਾਂਦੀ ਹੈ, ਜੋ ਉਨ੍ਹਾਂ ਪਸੂਆਂ ਅਤੇ ਸੂਰਾਂ ਨੂੰ ਖੁਆਈ ਜਾਂਦੀ ਹੈ, ਜਿਨ੍ਹਾਂ ਦਾ ਮਾਸ ਭੋਜਨ ਦੇ ਰੂਪ ਵਿਚ ਖਾਧਾ ਜਾਂਦਾ ਹੈ।
ਰਿਪੋਰਟ ਵਿਚ ਇਹ ਵੀ ਖੁਲਾਸਾ ਕੀਤਾ ਗਿਆ ਹੈ ਕਿ ਜੇ ਮਾਸਾਹਾਰੀ ਭੋਜਨ ਦੀ ਥਾਂ ਸ਼ਾਕਾਹਾਰੀ ਭੋਜਨ ਖਾਧਾ ਜਾਵੇ ਤਾਂ ਮੌਜੂਦਾ ਗਰੀਨ ਹਾਊਸ ਗੈਸਾਂ ਵਿਚ 33 ਫੀਸਦ ਦੀ ਕਮੀ ਆ ਸਕਦੀ ਹੈ, ਕਿਉਂਕਿ ਸਭ ਤੋਂ ਪਹਿਲਾਂ ਜੰਗਲ ਜਾਂ ਦਰਖਤ ਕੱਟ ਕੇ ਚਾਰਾ ਉਗਾਇਆ ਜਾਂਦਾ ਹੈ, ਜਿਸ ਵਿਚ ਰਸਾਇਣਕ ਖਾਦਾਂ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਉਸ ਪਿਛੋਂ ਮਾਸਾਹਾਰੀ ਭੋਜਨ ਲਈ ਪਸੂ ਪਾਲੇ ਜਾਂਦੇ ਹਨ। ਇਸ ਸਾਰੀ ਪ੍ਰਕ੍ਰਿਆ ਵਿਚ ਵਾਤਾਵਰਣ ਵਿਚ ਤਿੰਨ ਤਰ੍ਹਾਂ ਦੀਆਂ ਗੈਸਾਂ ਦੀ ਨਿਕਾਸੀ ਹੁੰਦੀ ਹੈ। ਜੰਗਲ ਵੱਢਣ ਨਾਲ ਕਾਰਬਨ ਡਾਇਆਕਸਾਈਡ, ਰਸਾਇਣਕ ਖਾਦਾਂ ਦੀ ਵਰਤੋਂ ਨਾਲ ਨਾਈਟਰੋਜਨ ਆਕਸਾਈਡ ਅਤੇ ਪਸੂ ਭਾਰੀ ਮਾਤਰਾ ਵਿਚ ਮਿਥੇਨ ਅਤੇ ਕਾਰਬਨ ਡਾਇਆਕਸਾਈਡ ਗੈਸ ਛੱਡਦੇ ਹਨ।
ਦੁਨੀਆਂ ਦੇ ਕੁੱਲ ਖਾਦ-ਪਦਾਰਥਾਂ ਦਾ ਲਗਭਗ 30 ਫੀਸਦ ਹਿੱਸਾ ਖਰਾਬ ਹੋ ਜਾਂਦਾ ਹੈ ਜਾਂ ਖਾਣ ਲਈ ਵਰਤਿਆ ਨਹੀਂ ਜਾਂਦਾ ਹੈ, ਜੋ 8-10 ਫੀਸਦ ਗਰੀਨ ਹਾਊਸ ਗੈਸਾਂ ਛੱਡ ਕੇ ਤਾਪਮਾਨ ਵਿਚ ਵਾਧਾ ਕਰਦਾ ਹੈ ਜਦਕਿ ਦੁਨੀਆਂ ਵਿਚ 821 ਮਿਲੀਅਨ ਲੋਕਾਂ ਨੂੰ ਪੂਰਾ ਖਾਣਾ ਨਹੀਂ ਮਿਲਦਾ।
ਵਧਦੀ ਆਬਾਦੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਵਧ ਉਤਪਾਦਨ ਵਾਲੀਆਂ ਫਸਲਾਂ ਬੀਜੀਆਂ ਜਾਦੀਆਂ ਹਨ, ਜਿਨ੍ਹਾਂ ਲਈ ਵੱਧ ਊਰਜਾ, ਖਾਦ ਅਤੇ ਪਾਣੀ ਚਾਹੀਦਾ ਹੈ, ਜਿਸ ਨਾਲ ਮਿੱਟੀ ਦੀ ਗੁਣਵਤਾ ਮਿੱਟੀ ਬਣਨ ਦੀ ਪ੍ਰਕਿਰਿਆ ਨਾਲੋਂ 100 ਗੁਣਾ ਵੱਧ ਵਰਤੋਂ ਨਾਲ ਧਰਤੀ ਹੇਠਲੇ ਪਾਣੀ ਦਾ ਪੱਧਰ ਤੇਜ਼ੀ ਨਾਲ ਘਟਦਾ ਜਾ ਰਿਹਾ ਹੈ। ਇਸ ਦੇ ਨਾਲ ਦੁਨੀਆਂ ਦੇ ਕੁਝ ਖੇਤਰ ਮੌਸਮੀ ਤਬਦੀਲੀਆਂ ਕਾਰਨ ਸੋਕੇ ਦੀ ਮਾਰ ਵਿਚ ਆ ਕੇ ਮਾਰੂਥਲ ਬਣ ਗਏ ਹਨ। 2015 ਵਿਚ ਲਗਭਗ 500 ਮਿਲੀਅਨ ਲੋਕ ਉਨ੍ਹਾਂ ਖੇਤਰਾਂ ਵਿਚ ਰਹਿ ਰਹੇ ਸਨ, ਜੋ 1980 ਤੋਂ 2000 ਦਰਮਿਆਨ ਮੌਸਮੀ ਤਬਦੀਲੀਆਂ ਕਾਰਨ ਮਾਰੂਥਲ ਬਣ ਗਏ ਹਨ। ਰਿਪੋਰਟ ਅਨੁਸਾਰ 1961 ਤੋਂ 2013 ਦਰਮਿਆਨ ਦੁਨੀਆਂ ਭਰ ਵਿਚ ਮਾਰੂ ਖੇਤਰਾਂ ਵਿਚ ਔਸਤਨ 1 ਫੀਸਦ ਦੀ ਦਰ ਨਾਲ ਵਾਧਾ ਹੋਇਆ ਹੈ।
ਵਪਾਰਕ ਖੇਤੀ ਦੇ ਚੱਕਰ ਨੇ ਵੀ ਮੌਸਮ ਵਿਚ ਆਉਣ ਵਾਲੀਆਂ ਤਬਦੀਲੀਆਂ ਵਿਚ ਵਾਧਾ ਕੀਤਾ ਹੈ ਜਿਵੇਂ ਭਾਰਤ ਦੇ ਪੂਰਬੀ ਖੇਤਰਾਂ ਵਿਚ ਮੌਨਸੂਨ ਦੇ ਆਉਣ ਤੋਂ ਪਹਿਲਾ ਹੀ ਖੇਤ ਸਿੰਜ ਦਿੱਤੇ ਜਾਂਦੇ ਹਨ, ਜਿਸ ਨਾਲ ਜ਼ਮੀਨ ਵਿਚ ਪਹਿਲਾਂ ਹੀ ਨਮੀ ਹੋਣ ਕਾਰਨ ਮੌਨਸੂਨ ਆਉਣ ਵਿਚ ਦੇਰੀ ਹੋ ਜਾਂਦੀ ਹੈ ਅਤੇ ਇਸ ਨਾਲ ਮੀਂਹ ਵੀ ਘਟ ਜਾਂਦਾ ਹੈ। ਬੇਮੌਸਮੀ ਅਤੇ ਥੋੜ੍ਹੇ ਸਮੇਂ ਵਿਚ ਵੱਧ ਮੀਂਹ ਦੀਆਂ ਘਟਨਾਵਾਂ ਵਿਚ ਵਾਧਾ ਹੋ ਰਿਹਾ ਹੈ।
ਇਸ ਤਰ੍ਹਾਂ ਮਨੁੱਖੀ ਗਤੀਵਿਧੀਆਂ ਰਾਹੀਂ ਧਰਤੀ ਦੇ ਥਲਮੰਡਲ ਦੀ ਬਦਲਦੀ ਵਰਤੋਂ ਤਾਪਮਾਨ ਵਿਚ ਵਾਧਾ ਕਰਕੇ, ਅਣਕਿਆਸੀਆਂ ਤਬਦੀਲੀਆਂ ਲਿਆ ਕੇ ਦੁਨੀਆਂ ਭਰ ਵਿਚ ਅਨਾਜ ਦੀ ਥੁੜ੍ਹ ਪੈਦਾ ਕਰ ਸਕਦੀ ਹੈ। ਇਸ ਲਈ ਸਾਨੂੰ ਚਾਹੀਦਾ ਹੈ ਕਿ ਕੌਮੀ ਅਤੇ ਕੌਮਾਂਤਰੀ ਪੱਧਰ `ਤੇ ਜੰਗਲਾਂ ਦੀ ਕਟਾਈ ਉਤੇ ਰੋਕ ਲਾਈਏ। ਜਲਗਾਹਾਂ ਦੀ ਕੁਦਰਤੀ ਹੋਂਦ ਨੂੰ ਬਰਕਰਾਰ ਰੱਖਣ ਦੇ ਨਾਲ ਨਾਲ ਉਨ੍ਹਾਂ ਦੀ ਸਾਫ-ਸਫਾਈ ਵੱਲ ਵੀ ਪੂਰਾ ਧਿਆਨ ਦੇਈਏ। ਇਸ ਤੋਂ ਇਲਾਵਾ ਜੰਗਲਾਂ ਥੱਲੇ ਰਕਬਾ ਵਧਾਉਣ ਦੇ ਨਾਲ ਨਾਲ, ਸਜਾਵਟੀ ਅਤੇ ਵਪਾਰਕ ਦਰਖਤਾਂ ਦੀ ਥਾਂ ਸਥਾਨਕ ਦਰਖਤ ਲਾਈਏ ਤਾਂਕਿ ਵਾਤਾਵਰਣ ਵਿਚ ਅਣਚਾਹੀਆਂ ਗੈਸਾਂ ਦੀ ਨਿਕਾਸੀ ਨਾ ਹੋਵੇ। ਸੋਕੇ ਵਾਲੇ ਖੇਤਰਾਂ ਵਿਚ ਦਲਦਲੀ ਖੇਤਰਾਂ ਵਾਲੇ ਦਰਖਤ ਨਾ ਲਾਈਏ ਜਿਵੇਂ ਕੈਲੀਫੋਰਨੀਆ ਵਿਚ ਦਲਦਲੀ ਖੇਤਰ ਵਾਲੇ ਸਫੈਦੇ ਦੇ ਰੁੱਖ ਹਨ, ਜੋ ਵੱਧ ਪਾਣੀ ਚੂਸ ਕੇ ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਹੋਰ ਵੀ ਨੀਵਾਂ ਕਰਕੇ ਮਾਰੂ ਇਲਾਕੇ ਵਿਚ ਵਾਧਾ ਕਰਦੇ ਹਨ।
ਖਾਣ-ਪੀਣ ਦੇ ਤੌਰ ਤਰੀਕੇ ਬਦਲ ਕੇ ਭਾਵ ਮਾਸਾਹਾਰੀ ਤੋਂ ਸ਼ਾਕਾਹਾਰੀ ਭੋਜਨ ਖਾਣ ਦੀ ਆਦਤ ਪਾਉਣ ਦੇ ਨਾਲ ਨਾਲ ਪਸੂਆਂ ਦੀਆਂ ਚਾਰਗਾਹਾਂ ਵਾਲੀ ਜ਼ਮੀਨ ਦੀ ਵਰਤੋਂ ਜੰਗਲਾਂ ਦੇ ਵਾਧੇ ਲਈ ਕਰਨੀ ਚਾਹੀਦੀ ਹੈ। ਇਸ ਤੋਂ ਬਿਨਾ ਫਸਲਾਂ ਵਿਚ ਰਸਾਇਣਕ ਖਾਦਾਂ ਦੀ ਵਰਤੋਂ ਨਾ ਕਰਕੇ ਅਜਿਹਾ ਫਸਲੀ-ਚੱਕਰ ਅਪਨਾਇਆ ਜਾਵੇ, ਜਿਸ ਨਾਲ ਇਕ ਫਸਲ ਦੂਜੀ ਫਸਲ ਲੋੜੀਂਦੇ ਖਣਿਜ ਧਰਤੀ ਵਿਚ ਛੱਡ ਦੇਵੇ। ਆਈ[ ਪੀ[ ਸੀ[ ਸੀ[ ਅਤੇ ਹੋਰ ਸੰਸਥਾਵਾਂ ਦੀਆਂ ਉਪਰੋਥਲੀ ਆ ਰਹੀਆਂ ਰਿਪੋਰਟਾਂ ਕੌਮੀ ਅਤੇ ਕੌਮਾਂਤਰੀ ਪੱਧਰ ਉਤੇ ਸਾਰੇ ਰਾਜਸੀ ਨੇਤਾਵਾਂ ਨੂੰ ਵਾਰ ਵਾਰ ਸਖਤ ਸ਼ਬਦਾਂ ਵਿਚ ਸੁਨੇਹਾ ਦੇ ਰਹੀਆਂ ਹਨ ਕਿ ਧਰਤੀ ਉਤੇ ਵਧ ਰਹੇ ਤਾਪਮਾਨ ਨੂੰ ਕਾਬੂ ਕਰਨ ਲਈ ਤੇਜ਼ੀ ਨਾਲ ਉਪਰਾਲੇ ਕਰਨੇ ਚਾਹੀਦੇ ਹਨ ਅਤੇ ਜ਼ਮੀਨ ਦੀ ਵਰਤੋਂ ਦੇ ਸਬੰਧ ਵਿਚ ਸਾਡੇ ਕੋਲ ਹੁਣ ਉਡੀਕਣ ਦਾ ਸਮਾਂ ਨਹੀਂ ਬਚਿਆ। ਇਸ ਲਈ ਸਾਨੂੰ ਆਪਣੀ ਖਾਧ-ਖੁਰਾਕ ਦੀਆਂ ਆਦਤਾਂ ਬਦਲਣ ਤੋਂ ਲੈ ਕੇ ਫਸਲੀ-ਚੱਕਰ ਵਿਚ ਬਦਲਾਅ, ਜੰਗਲਾਂ ਦੇ ਰਕਬੇ ਵਿਚ ਵਾਧਾ ਅਤੇ ਜਲਗਾਹਾਂ ਅਤੇ ਦਲਦਲੀ ਖੇਤਰਾਂ ਦਾ ਰੱਖ-ਰਖਾਵ ਅਜਿਹੇ ਢੰਗਾਂ ਨਾਲ ਕਰਨਾ ਚਾਹੀਦਾ ਹੈ ਤਾਂ ਕਿ ਜ਼ਮੀਨ ਦੀ ਵਰਤੋਂ ਕੁਦਰਤ-ਪੱਖੀ ਹੋ ਸਕੇ, ਜਿਸ ਨਾਲ ਸਾਡੀ ਮੌਜੂਦਾ ਪੀੜ੍ਹੀ ਦੇ ਨਾਲ ਨਾਲ ਆਉਣ ਵਾਲੀਆਂ ਪੀੜ੍ਹੀਆਂ ਨੂੰ ਅਨਾਜ ਦੀ ਥੁੜ੍ਹ ਨਾ ਝੱਲਣੀ ਪਵੇ ਅਤੇ ਲੋਕਾਈ ਨੂੰ ਮੌਸਮੀ ਤਬਦੀਲੀਆਂ ਦੀ ਮਾਰ ਤੋਂ ਬਚਿਆ ਜਾ ਸਕੇ।

*ਪ੍ਰੋਫੈਸਰ, ਜਿਓਗਰਾਫੀ ਵਿਭਾਗ,
ਪੰਜਾਬੀ ਯੂਨੀਵਰਸਿਟੀ, ਪਟਿਆਲਾ।