ਗੁਰਬਖਸ਼ ਸਿੰਘ ਪ੍ਰੀਤ ਲੜੀ ਅਤੇ ਉਨ੍ਹਾਂ ਦਾ ਪ੍ਰੀਤ ਫਲਸਫਾ

ਪੰਜਾਬੀ ਸਾਹਿਤ ਨਾਲ ਮੱਸ ਰੱਖਣ ਵਾਲਾ ਕਿਹੜਾ ਪੰਜਾਬੀ ਹੈ, ਜੋ ਗੁਰਬਖਸ਼ ਸਿੰਘ ਪ੍ਰੀਤ ਲੜੀ ਅਤੇ ਉਨ੍ਹਾਂ ਦੇ ਸ਼ੁਰੂ ਕੀਤੇ ‘ਪ੍ਰੀਤ ਲੜੀ’ ਰਸਾਲੇ ਤੋਂ ਵਾਕਫ ਨਹੀਂ। ਗੁਰਬਖਸ਼ ਸਿੰਘ ਪ੍ਰੀਤ ਲੜੀ ਬਾਰੇ ਇਹ ਲੇਖ 20 ਅਗਸਤ 1977 ਨੂੰ ਉਨ੍ਹਾਂ ਦੀ ਮੌਤ ਪਿਛੋਂ ਗੁਰਚਰਨ ਸਿੰਘ ਸਹਿੰਸਰਾ ਨੇ ਲਿਖਿਆ ਸੀ। ਸਹਿੰਸਰਾ ਖੁਦ ਗਦਰੀ, ਗਦਰੀ ਇਤਿਹਾਸਕਾਰ ਅਤੇ ਦੇਸ਼ ਭਗਤ ਯਾਦਗਾਰ ਹਾਲ, ਜਲੰਧਰ ਦੇ ਟਰਸਟੀ ਤੇ ਫਾਊਂਡਰ ਮੈਂਬਰ ਸਨ। ਇਹ ਲੇਖ ਸਾਨੂੰ ਹਰਜਿੰਦਰ ਦੋਸਾਂਝ ਨੇ ਭੇਜਿਆ ਹੈ, ਜੋ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ।

-ਸੰਪਾਦਕ

ਗੁਰਚਰਨ ਸਿੰਘ ਸਹਿੰਸਰਾ

ਸ[ ਗੁਰਬਖਸ਼ ਸਿੰਘ ਸਾਡੇ ਜੁਗ ਦੀ ਮੰਨੀ ਪ੍ਰਮੰਨੀ ਇਤਿਹਾਸਕ ਹਸਤੀ ਹਨ। ਸਾਡੇ ਜੁਗ ਤੋਂ ਮੁਰਾਦ ਉਹ ਸਮਾਂ ਹੈ, ਜੋ ਸਰਮਾਏਦਾਰ ਜਮਹੂਰੀਅਤ ਤੇ ਫਿਊਡਲ ਜੁਗ ਦੀ ਸਮਾਜੀ ਤੇ ਸਿਆਸੀ ਜੂਲੀ ਪਾੜਨ ਤੇ ਦੇਸ ਨੂੰ ਆਜ਼ਾਦ ਕਰਵਾਉਣ ਲਈ ਅੰਗਰੇਜ਼ੀ ਸਾਮਰਾਜ ਨਾਲ ਸੰਗਰਾਮ ਕਰਨ ਵਿਚ ਲੰਘਿਆ। ਇਕ ਪਾਸੇ ਜਨਤਾ ਦੀ ਅਨਪੜ੍ਹਤਾ ਤੇ ਅਗਿਆਨਤਾ ਕਾਰਨ ਫਿਊਡਲ ਰਹਿਤ ਦੇ ਪਿਛਾਖੜ ਨੇ ਜਨਤਾ ਨੂੰ ਧਾਰਮਿਕ ਸ਼ਰਧਾ ਦੇ ਵਹਿਮਾਂ ਭਰਮਾਂ, ਜਾਤ ਪਾਤ ਦੀਆਂ ਵੰਡੀਆਂ ਤੇ ਵਿਤਕਰਿਆਂ ਅਤੇ ਕਰਮ ਕਾਂਡਾਂ, ਸਾਧਾਂ ਸੰਤਾਂ, ਪੀਰਾਂ ਫਕੀਰਾਂ ਤੇ ਮੜ੍ਹੀ ਮਸਾਣਾਂ ਦੀ ਮਾਨਤਾ ਸਮਾਜੀ ਸੰਸਕਾਰਾਂ ਅੰਦਰ ਜਾਦੂ ਟੂਣਿਆਂ ਤੇ ਕਰਾਮਾਤਾਂ ਦੇ ਪਖੰਡਾਂ ਵਿਚ ਗ੍ਰਸਿਆ ਹੋਇਆ ਸੀ, ਦੂਜੇ ਪਾਸੇ ਅੰਗਰੇਜ਼ੀ ਸਾਮਰਾਜ ਆਪਣੇ ਹਿਤਾਂ ਲਈ ਸਾਡੇ ਦੇਸ਼ ਦੀ ਆਰਥਕ, ਸਮਾਜੀ ਤੇ ਸਿਆਸੀ ਉਨਤੀ ਤੇ ਪਸਾਰ ਨੂੰ ਰੋਕੀ ਖੜ੍ਹਾ ਸੀ।
ਫਿਊਡਲਚਾਰੇ ਦੀ ਇਹ ਪਿਛਾਖੜ ਅੰਗਰੇਜ਼ਾਂ ਦੇ ਬੜੇ ਕੰਮ ਆ ਰਹੀ ਸੀ। ਉਹ ਏਸ ਨੂੰ ਸਾਡੇ `ਤੇ ਠੋਸੀ ਰੱਖ ਕੇ ਜਨਤਾ ਨੂੰ ਜਮਹੂਰੀ ਸੋਝੀ ਨਹੀਂ ਸੀ ਆਉਣ ਦੇਣਾ ਚਾਹੁੰਦੇ। ਸਿਆਸੀ ਤੌਰ `ਤੇ ਇਹ ਅੰਗਰੇਜ਼ੀ ਸਾਮਰਾਜ ਤੇ ਫਿਊਡਲ ਪਿਛਾਖੜ ਤੋਂ ਛੁਟਕਾਰਾ ਪਾਉਣ ਦਾ ਬੁਰਜੁਆ ਜਮਹੂਰੀ ਇਨਕਲਾਬ ਦਾ ਦੌਰ ਸੀ। ਫਿਊਡਲਿਜ਼ਮ ਤੋਂ ਅਗਾਂਹ ਸਰਮਾਏਦਾਰੀ ਵਲ ਵਧਣ ਦਾ ਸਮਾਂ। ਭਾਵ ਪਿਛਾਖੜ ਤੋਂ ਅਗੇਤਰ ਵਲ ਬਦਲੀ ਹੋ ਰਹੀ ਸੀ।
ਇਹ ਇਤਿਹਾਸਕ ਬਦਲੀਆਂ ਦੋ ਤਰ੍ਹਾਂ ਹੁੰਦੀਆਂ ਹਨ, ਇਨਕਲਾਬ ਜਾਂ ਰੁਮਕ (ਐਵੋਲਿਊਸ਼ਨ) ਨਾਲ। ਇਨਕਲਾਬੀ ਬਦਲੀ ਲੋਕਾਂ ਦੀ ਸਿਆਸੀ ਜਾਗ੍ਰਿਤੀ ਦੇ ਜ਼ੋਰ `ਤੇ ਜਬਰ ਨਾਲ ਛੜੱਪਾ ਮਾਰ ਕੇ ਹੁੰਦੀ ਹੈ। ਰੁਮਕ ਵਾਲੀ ਬਦਲੀ ਸਮੇਂ ਦੀਆਂ ਪੈਦਾਵਾਰ ਹਾਲਤਾਂ ਅੰਦਰ ਪੈਦਾਵਾਰੀ ਸ਼ਕਤੀਆਂ ਦੇ ਵਿਕਾਸ ਦੇ ਨਾਲੋ ਨਾਲ ਜਨਤਾ ਦੇ ਵਿਚਾਰਾਂ ਤੇ ਕਰਨੀਆਂ ਨੂੰ ਮੱਠੀ ਮੱਠੀ ਚਾਲੇ ਅਗਾਂਹ ਲਈ ਜਾਂਦੀ ਹੈ, ਜਿਸ ਨੂੰ ਲੋਕ ਸ਼ਬਦਾਵਲੀ ਵਿਚ ਸੁਧਾਰ ਆਖ ਲਿਆ ਜਾਂਦਾ ਹੈ। ਇਨਕਲਾਬ ਦਾ ਚਾਰਾ ਤਾਂ ਸਿਆਸੀ ਪਾਰਟੀਆਂ ਤੇ ਉਨ੍ਹਾਂ ਦੀ ਲੀਡਰਸ਼ਿੱਪ ਕਰਦੀ ਹੈ, ਪਰ ਸਮਾਜ ਨੂੰ ਰੁਮਕਾਉਣ ਦਾ ਕੰਮ ਸੂਝਵਾਨ ਵਿਅਕਤੀ ਹੀ ਕਰਦੇ ਹਨ।
ਸਾਡਾ ਸੁਧਾਰ ਸਮਾਂ ਅੰਗਰੇਜ਼ਾਂ ਵਿਰੁੱਧ ਆਜ਼ਾਦੀ ਦੀ ਲੜਾਈ ਨਾਲੋਂ ਪਹਿਲਾਂ ਸ਼ੁਰੂ ਹੋਇਆ। ਆਰੀਆ ਸਮਾਜ ਤੇ ਸਿੰਘ ਸਭਾ ਇਸ ਸੁਧਾਰ ਦੀਆਂ ਲਹਿਰਾਂ ਸਨ, ਜੋ ਕੇਵਲ ਧਾਰਮਿਕ ਮਨਾਉਤਾਂ ਤੇ ਕਰਮਕਾਂਡਾਂ ਵਿਚ ਸੁਧਾਰ ਦੀਆਂ ਮੀਰੀ ਤਾਂ ਸਨ, ਪਰ ਸਮਾਜੀ ਜੀਵਨ ਨੂੰ ਪਿਛਾਖੜ ਤੋਂ ਮੁਕਤ ਨਹੀਂ ਕਰਵਾਉਂਦੀਆਂ ਸਨ। ਇਹ ਕੰਮ ਲੋਕਾਂ ਵਿਚ ਸਿਆਸੀ ਜਾਗ੍ਰਿਤੀ ਆਏ ਬਿਨਾ ਨਹੀਂ ਤੁਰਨਾ ਸੀ। ਪਰ ਵੀਹਵੀਂ ਸਦੀ ਚੜ੍ਹਦਿਆਂ ਦੇਸ਼ ਦੇ ਸੂਝਵਾਨਾਂ ਵਿਚ ਅੰਗਰੇਜ਼ਾਂ ਦੀ ਗੁਲਾਮੀ ਵਿਰੁੱਧ ਰੋਹ ਜਾਗਣ ਲੱਗ ਪਿਆ, ਜੋ ਸਮੇਂ ਸਮੇਂ ਜਨਤਕ ਲਹਿਰਾਂ ਤੇ ਮੋਰਚਿਆਂ ਵਿਚ ਫੁਟ ਤੁਰਦਾ ਰਿਹਾ।
ਪਹਿਲੀ ਵੱਡੀ ਜੰਗ ਮੁੱਕਣ ਪਿਛੋਂ ਕੌਮੀ ਲਹਿਰ ਅੰਦਰ ਸਮੇਂ ਸਮੇਂ ਉਭਾਰ ਆਉਣ ਲੱਗ ਪਏ। 1921 ਦੀ ਕਾਂਗਰਸ ਲਹਿਰ ਤੇ ਇਸ ਦੇ ਨਾਲ ਹੀ ਉਠ ਤੁਰੀ ਅਕਾਲੀ ਲਹਿਰ ਦੇ ਅੰਗਰੇਜ਼ ਹਕੂਮਤ ਨਾਲ ਲਾਏ ਮੋਰਚੇ ਨੇ ਜਨਤਾ ਵਿਚ ਆਜ਼ਾਦੀ ਦੀ ਰੂਹ ਫੂਕ ਦਿੱਤੀ। ਉਧਰੋਂ ਰੂਸੀ ਇਨਕਲਾਬ ਦੀ ਸਫਲਤਾ ਦੀਆਂ ਸੋਆਂ ਦੀ ਲਾਗ ਨਾਲ ਕਿਰਤੀ ਤੇ ਕਿਸਾਨ ਜਮਾਤਾਂ ਦੇ ਵਿਚਾਰਵਾਨ ਸਮਾਜਵਾਦ ਦੀ ਲਾਈਨ ਗ੍ਰਹਿਣ ਕਰਨ ਲੱਗ ਪਏ। ਕਾਂਗਰਸ ਦੇ ਫੈਲਣ ਦੇ ਨਾਲ ਨਾਲ ਕਮਿਊਨਿਸਟ ਪਾਰਟੀ ਅਤੇ ਕਿਰਤੀ ਕਿਸਾਨਾਂ ਤੇ ਨੌਜਵਾਨਾਂ ਦੀਆਂ ਇਨਕਲਾਬੀ ਜਥੇਬੰਦੀਆਂ ਬਣ ਗਈਆਂ, ਜਿਨ੍ਹਾਂ ਨੇ 1930 ਵਿਚ ਕਾਂਗਰਸ ਨਾਲ ਰਲ ਕੇ ਸਿਵਲ-ਨਾ-ਫੁਰਮਾਨੀ ਦੀ ਲਹਿਰ ਨੂੰ ਵਿਸ਼ਾਲ ਤੇ ਜ਼ੋਰਾਵਰ ਕਰ ਦਿੱਤਾ। ਇਸ ਦੀ ਸਫਲਤਾ ਨਾਲ ਸਾਰੇ ਦੇਸ਼ ਵਿਚ ਆਜ਼ਾਦੀ ਦੀ ਹਵਾ ਵਗ ਤੁਰੀ। ਸਾਡੇ ਲੇਖਕਾਂ ਦੀਆਂ ਸਾਹਿਤ ਰਚਨਾਵਾਂ ਨੇ ਇਸ ਹਵਾ ਨੂੰ ਬਣਨ ਤੇ ਵਗਾਉਣ ਲਈ ਬੜਾ ਰੋਲ ਅਦਾ ਕੀਤਾ। ਉਨ੍ਹਾਂ ਦੀਆਂ ਕਲਮਾਂ ਜਿੱਥੇ ਕੌਮੀ ਏਕਾ ਉਸਾਰਨ ਤੇ ਆਜ਼ਾਦੀ ਦੇ ਮੁਤਾਲਬੇ ਕਰਨ ਲਗ ਪਈਆਂ ਸਨ, ਉਥੇ ਫਿਊਡਲ ਪਿਛਾਖੜ ਨੂੰ ਵੀ ਨੌਲਣ ਲੱਗ ਪਈਆਂ ਸਨ। ਇਹ ਬੁਰਜੁਆ ਜਮਹੂਰੀਅਤ ਦੀ ਹਵਾ ਸੀ, ਜੋ ਦੇਸ਼ ਦੀ ਆਜ਼ਾਦੀ ਤੇ ਵਿਕਾਸ ਦੇ ਰਾਹ ਦੀਆਂ ਸਭ ਤਰ੍ਹਾਂ ਦੀਆਂ ਰੁਕਾਵਟਾਂ ਨੂੰ ਚੈਲਿੰਜ ਕਰਦੀ ਸੀ।
ਉਸ ਸਮੇਂ ਅਸੀਂ ਕਮਿਊਨਿਸਟ ਤੇ ਹੋਰ ਖੱਬੇ ਪੱਖ ਦੇ ਅੰਸ਼ ਇਸ ਗੱਲ `ਤੇ ਦ੍ਰਿੜ ਸਾਂ ਕਿ ਅੰਗਰੇਜ਼ਾਂ ਨੂੰ ਸਿਆਸੀ ਜਬਰ ਜ਼ੋਰ ਨਾਲ ਦੇਸ਼ ਵਿਚੋਂ ਕੱਢਣ ਉਪਰੰਤ ਹੀ ਬੁਰਜੂਆ ਜਮਹੂਰੀ ਇਨਕਲਾਬ ਤੁਰ ਸਕਦਾ ਹੈ, ਪਹਿਲੋਂ ਨਹੀਂ। ਕਿਉਂਕਿ ਅਸੀਂ ਬੁਰਜ਼ੁਆਜ਼ੀ ਨੂੰ ਇਸ ਕੰਮ ਦੇ ਅਸਮਰਥ ਸਮਝਦੇ ਸਾਂ। ਅਸੀਂ ਸਮਾਜਕ ਰੁਮਕ (ਐਵੋਲਿਊਸ਼ਨ) ਦੀ ਅਹਿਮੀਅਤ ਨੂੰ ਨਹੀਂ ਸਮਝਦੇ ਸਾਂ, ਸਗੋਂ ਇਸ ਨੂੰ ਇਨਕਲਾਬ ਦਾ ਕੁਰਾਹ ਦੱਸਦੇ ਸਾਂ।
ਇਹ ਸਮਾਂ ਸੀ ਜਦੋਂ ਗੁਰਬਖਸ਼ ਸਿੰਘ ਕਲਮ ਦਵਾਤ ਲੈ ਕੇ ਸਾਹਿਤਕ ਪਿੜ ਵਿਚ ਆ ਨਿਤਰੇ। ਉਹ ਅਮਰੀਕਾ ਵਿਚੋਂ ਆਏ ਸਨ, ਜਿੱਥੇ ਬੁਰਜੂਆ ਜਮਹੂਰੀਅਤ ਪ੍ਰਚਲਿਤ ਸੀ। ਕੋਈ ਕਿਸੇ ਤਰ੍ਹਾਂ ਦੀ ਸਮਾਜੀ, ਸਿਆਸੀ, ਆਰਥਕ ਤੇ ਸ਼ਖਸੀ ਬੰਦਿਸ਼ ਨਹੀਂ ਸੀ, ਕਿਸੇ ਭਾਈਚਾਰਕ ਰਹੁ-ਰੀਤ ਦਾ ਸੰਗ ਸੰਕੋਚ ਨਹੀਂ ਸੀ, ਕੋਈ ਬਰਾਦਰੀ ਭਾਈਚਾਰਾ ਨਹੀਂ ਸੀ। ਹਰ ਕਿਸੇ ਨੂੰ ਆਪਣੀ ਕਹਿਣ ਤੇ ਸਹਿਣ ਦੀ ਖੁੱਲ੍ਹ ਸੀ। ਪਰਾਏ ਇਸਤਰੀ-ਮਰਦ ਦਾ ਆਪਸ ਵਿਚ ਗੱਲਬਾਤ ਕਰਨਾ, ਮਿਲਣਾ ਮਿਲਾਉਣਾ ਜਾਂ ਫਿਰਨਾ ਤੁਰਨਾ ਕੋਈ ਪਾਪ ਜਾਂ ਐਬ ਨਹੀਂ ਸੀ। ਕੁੜੀ-ਮੁੰਡਾ ਆਪਣੀ ਰਲੀ ਮਰਜ਼ੀ ਨਾਲ ਵਿਆਹ ਕਰ ਲੈਂਦੇ ਤੇ ਨਾ ਨਿਭੇ ਤਾਂ ਤੋੜ ਲੈਂਦੇ ਸਨ। ਉਥੇ ਉਨ੍ਹਾਂ ਸਮਾਜੀ ਬਸਤੀਆਂ ਵੀ ਵੇਖੀਆਂ, ਜਿੱਥੇ ਸੈਂਕੜੇ ਟੱਬਰ ਰਲ ਕੇ ਰਹਿੰਦੇ ਤੇ ਇਕੇ ਥਾਂ ਖਾਂਦੇ ਪੀਂਦੇ ਤੇ ਗੱਪ ਗਪੋੜ ਕਰਦੇ। ਉਨ੍ਹਾਂ ਬਸਤੀਆਂ ਦੇ ਇਸ ਸਭ ਕਾਸੇ ਵਿਚ ਇਕ ਤਰ੍ਹਾਂ ਦੀ ਪਿਆਰ ਭਾਵਨਾ ਕੰਮ ਕਰਦੀ ਸੀ, ਜੋ ਇਸ ਸਮਾਜੀ ਕਰਮ-ਕਾਂਡ ਨੂੰ ਚਲਾ ਰਹੀ ਸੀ। ਉਨ੍ਹਾਂ ਨੇ ਇਸ ਜੀਵਨ ਜਾਚ ਨੂੰ ਪਸੰਦ ਕੀਤਾ ਤੇ ਸਾਡੀ ਪਿਛਾਖੜ ਹਟਾਉਣ ਲਈ ਇਸ ਨੂੰ ਬਹੁਤ ਲਾਹੇਵੰਦ ਸਮਝਿਆ ਤੇ ਹਿੰਦੁਸਤਾਨ ਵਿਚ ਆ ਕੇ ਇਸ ਦੇ ਪ੍ਰਚਾਰ ਤੇ ਸਥਾਪਨਾ ਲਈ ਆਪਣਾ ਤਨ, ਮਨ ਤੇ ਧਨ ਲਾ ਦੇਣ ਦਾ ਫੈਸਲਾ ਕੀਤਾ।
ਹਿੰਦੁਸਤਾਨ ਆ ਕੇ ਗੁਰਬਖਸ਼ ਸਿੰਘ ਹੋਰਾਂ ਆਪਣੇ ਵਿਚਾਰ ਪੇਸ਼ ਕਰਨ ਲਈ ਪਹਿਲਾਂ ਨੌਸ਼ਹਿਰਿਓਂ ਤੇ ਫੇਰ ਲਾਹੌਰੋਂ ‘ਪ੍ਰੀਤ ਲੜੀ’ ਨਾਂ ਦਾ ਪੰਜਾਬੀ ਮਾਸਕ ਪੱਤਰ ਜਾਰੀ ਕੀਤਾ, ਜਿਸ ਵਿਚ ਉਨ੍ਹਾਂ ਨੇ ਸਮਾਜ ਦੀ ਨਵੀਂ ਉਸਾਰੀ ਲਈ ਅਮਰੀਕਾ ਵਿਚ ਵੇਖੀ ਤੇ ਸਿੱਖੀ ਨਵੀਂ ਜਮਹੂਰੀ ਜੀਵਨ ਜਾਚ ਦਾ ਪ੍ਰਚਾਰ ਸ਼ੁਰੂ ਕੀਤਾ। ਧਾਰਮਿਕ ਵਹਿਮਾਂ, ਭਰਮਾਂ ਤੇ ਕੁਰੀਤੀਆਂ, ਸਾਧਾਂ ਸੰਤਾਂ ਤੇ ਪੀਰਾਂ ਫਕੀਰਾਂ ਦੇ ਪਖੰਡਾਂ, ਜਾਤਪਾਤ ਤੇ ਊਚ ਨੀਚ ਦੀਆਂ ਵੰਡਾਂ, ਮੜ੍ਹੀ ਮਸਾਣਾਂ ਦੀ ਪੂਜਾ, ਜਾਦੂ ਟੂਣਿਆਂ ਤੇ ਕਰਾਮਾਤਾਂ ਦੀ ਨਿਖੇਧੀ ਸ਼ੁਰੂ ਕੀਤੀ, ਅੰਨੀ ਸ਼ਰਧਾਂ ਦੇ ਕੜ ਤੋੜੇ, ਪਰਮਾਤਮਾ ਦੀ ਵਿਚਾਰਧਾਰਾ ਤੋਂ ਨਾਬਰਤਾ ਦਰਸਾਈ, ਸ਼ਖਸੀ ਆਜ਼ਾਦੀ ਤੇ ਪ੍ਰੀਤ ਕਰਨ ਕਰਾਉਣ ਦਾ ਹੱਕ ਪੂਰਿਆ। ਵਿਆਹ ਨੂੰ ‘ਖਸਮ ਦਾ ਗਲਬਾ` ਨਹੀਂ, ਦੰਪਤੀ ਦੀ ਮਿੱਤਰਤਾ ਦਾ ਜੀਵਨ ਨਿਰਬਾਹ ਦੱਸਿਆ।
ਨਤੀਜਾ ਇਹ ਹੋਇਆ, ਪੰਜਾਬੀ ਜਗਤ ਵਿਚ ਇਕ ਹਲਚਲ ਮੱਚ ਗਈ। ਨੌਜਵਾਨ ਬੁੱਧੀਜੀਵੀਆਂ ਤੇ ਪੜ੍ਹਿਆ ਲਿਖਿਆਂ ਨੂੰ ਨਵੀਂ ਜਾਗ ਲੱਗ ਤੁਰੀ। ਪਿਛਾਖੜ ਵਿਰੁੱਧ ਬਗਾਵਤ ਹੋ ਉਠੀ, ਭਾਈਆਂ, ਗ੍ਰੰਥੀਆਂ, ਸਾਧੂ ਸੰਤਾਂ, ਪੀਰਾਂ ਫਕੀਰਾਂ, ਮੁੱਲਾਂ ਕਾਜ਼ੀਆਂ ਦੇ ਪਖੰਡੀ ਬਹੁਰੂਪ ਨੰਗੇ ਹੋਣ ਲੱਗ ਪਏ। ਸਾਹਿਤਕਾਰ, ਜੋ ਪਹਿਲਾਂ ਧਾਰਮਿਕ ਪਰੰਪਰਾਵਾਦੀ ਆਸ਼ਿਆਂ `ਤੇ ਹੀ ਸਾਹਿਤ ਰਚਨਾ ਕਰਦੇ ਸਨ, ਇਨ੍ਹਾਂ ਨਵੇਂ ਆਸ਼ਿਆਂ ਨੂੰ ਮੁੱਖ ਰੱਖ ਤੁਰੇ। ਉਨ੍ਹਾਂ ਨਿਰਾ ਕਵਿਤਾ ਨੂੰ ਹੀ ਨਹੀਂ, ਗਲਪ ਨੂੰ ਵੀ ਧਰਮੋਂ ਨਿਰਲੇਪ ਕਰਕੇ ਪਿਛਾਖੜੀ ਪਰੰਪਰਾ ਤੋਂ ਬੇਮੁੱਖ ਕਰ ਲਿਆ। ਕਵਿਤਾ, ਕਹਾਣੀ, ਨਾਵਲ, ਨਾਟਕ ਤੇ ਲੇਖਾਂ ਨੂੰ ਧਰਮ ਮਰਿਆਦਾ ਵਿਚੋਂ ਕੱਢ ਕੇ ਨਿਰੋਲ ਸਮਾਜੀ ਜਾਂ ਸਿਆਸੀ ਆਸ਼ਿਆਂ ਦੀ ਲੀਹੇ ਪਾ ਲਿਆ। ਉਹ ‘ਪ੍ਰੀਤ ਲੜੀ’ ਦੇ ਨਿਰੇ ਸਨੇਹੀ ਹੀ ਨਹੀਂ ਸਗੋਂ ਉਪਾਸ਼ਕ ਬਣ ਗਏ। ‘ਪ੍ਰੀਤ ਲੜੀ` ਦੀ ਚੜ੍ਹ ਮੱਚ ਗਈ। ‘ਪ੍ਰੀਤ ਲੜੀ` ਤੋਂ ਪਹਿਲਾਂ ਧਾਰਮਿਕ ਆਸ਼ਿਆਂ `ਤੇ ਚੱਲ ਰਹੇ ਹੋਰ ਮਾਸਕ ਪੱਤਰਾਂ ਨੇ ਵੀ ਧਰਮ ਨਿਰਲੇਪਤਾ ਧਾਰਨ ਕਰ ਲਈ।
ਪਰ ਧਾਰਮਿਕ ਜਗਤ ਬਹੁਤ ਔਖਾ ਹੋਇਆ। ਧਾਰਮਿਕ ਸਥਾਨਾਂ ਤੇ ਜਥੇਬੰਦੀਆਂ ਵਲੋਂ ਹਾਲ ਪਾਹਰਿਆ ਸ਼ੁਰੂ ਹੋ ਗਈ। ਅਨਹੰਦੜ ਪਰੰਪਰਾ ਤੇ ਧਰਮ ਮਰਿਆਦਾ ਦੇ ਨਾਮਧਰੀਕ ਰਾਖੇ ਬਹੁਤ ਲੋਹੇ ਲਾਖੇ ਹੋਏ। ਦੀਵਾਨਾਂ ਤੇ ਜੋੜ ਮੇਲਿਆਂ ਵਿਚ ‘ਪ੍ਰੀਤ ਲੜੀ` ਦੇ ਬਾਈਕਾਟ ਤੇ ਸਰਦਾਰ ਜੀ ਵਿਰੁੱਧ ਘ੍ਰਿਣਾ ਪ੍ਰਗਟਾਉਣ ਦੇ ਮਤੇ ਹੋਏ। ਗੱਲ ਕੀ, ਸਾਰਾ ਪਿਛਾਖੜੀ ਲਾਣਾ ਪਿੱਟ ਉਠਿਆ; ਪਰ ਗੁਰਬਖਸ਼ ਸਿੰਘ ਹੋਰਾਂ ਕੱਖ ਪਰਵਾਹ ਨਾ ਕੀਤੀ, ਬਿਨਾ ਕਿਸੇ ਡਰ ਡੁੱਕਰ ਦੇ ਆਪਣੇ ਆਦੇਸ਼ `ਤੇ ਡਟੇ ਰਹੇ। ਤੇ ਲੇਖਕ ਦਲੇਰ ਹੋ ਤੁਰੇ। ਨਤੀਜਾ ਇਹ ਹੋਇਆ ਕਿ ‘ਪ੍ਰੀਤ ਲੜੀ` ਦੀ ਮਾਨਤਾ ਹੋਰ ਵਧ ਗਈ ਤੇ ਉਹ ਪੰਜਾਬੀ ਦਾ ਸਿਰਕੱਢ ਪਰਚਾ ਹੋ ਗਿਆ।
ਸ[ ਗੁਰਬਖਸ਼ ਸਿੰਘ ਨੇ ਆਪਣੇ ਸਾਹਿਤਕ ਵਿਚਾਰਾਂ ਦਾ ਸਾਕਾਰ ਨਮੂਨਾ ਪੇਸ਼ ਕਰਨ ਲਈ ‘ਪ੍ਰੀਤ ਲੜੀ` ਦੇ ਉਪਾਸ਼ਕਾਂ ਦੀ ਅਮਰੀਕਾ ਦੀਆਂ ਸਾਂਝੀਵਾਲ ਬਸਤੀਆਂ ਵਾਂਗ ਪਰਸਪਰ ਪ੍ਰੀਤ `ਤੇ ਆਧਾਰਤ ਇਕ ਬਸਤੀ ਵਸਾਉਣ ਦਾ ਮਨ ਬਣਾਇਆ, ਜਿਸ ਦਾ ਨਾਂ ‘ਪ੍ਰੀਤ ਨਗਰ` ਰੱਖਿਆ। ਕਲਮ ਦੇ ਜ਼ੋਰ ਇਸ ਬਸਤੀ ਦੇ ਵਸਨੀਕ ਤਿਆਰ ਕੀਤੇ, ਜੋ ਪ੍ਰੀਤ ਮੰਡਲ ਦੇ ਨਾਂ ਨਾਲ ਪ੍ਰਸਿੱਧ ਹੋਏ। ਜਿਲਾ ਅੰਮ੍ਰਿਤਸਰ ਵਿਚ ਲੋਪੋਕੇ ਲਾਗੇ ਦੋ ਕੁ ਪੱਕੀਆਂ ਹਵੇਲੀਆਂ ਤੇ ਇਕ ਤਲਾਬ ਵਾਲੀ ਕਈ ਏਕੜ ਬੇਆਬਾਦ ਜ਼ਮੀਨ ਖਰੀਦ ਲਈ। ਪ੍ਰੀਤ ਉਪਾਸ਼ਕਾਂ ਦੀ ਇਕੋ ਜਿਹੇ ਹਿੱਸਿਆਂ ਦੇ ਮਕਾਨਾਂ `ਤੇ ਆਧਾਰਤ ਇਹ ਬਸਤੀ ਤਿਆਰ ਹੋ ਗਈ। ਸਾਰੀ ਬਸਤੀ ਦੇ ਜੀਆਂ ਦਾ ਖਾਣਾ ਇਕੋ ਲੰਗਰ ਵਿਚ ਪਕਾਇਆ ਤੇ ਖਾਧਾ ਜਾਂਦਾ। ਸਾਰੇ ਟੱਬਰਾਂ ਦੇ ਇਸਤਰੀ ਮਰਦ ਤੇ ਕੁੜੀਆਂ ਮੁੰਡੇ ਬਿਨਾ ਸੰਗ ਸਰਫੇ ਦੇ ਆਪਸ ਵਿਚ ਮਿਲ ਬਹਿਣ-ਖਲੋਣ ਤੇ ਬੋਲਣ ਲਗ ਪਏ। ਨਰ-ਨਾਰੀ ਵਾਲਾ ਪਿਛਾਖੜੀ ਲੋਕ ਲੱਜ ਤੇ ਝਕ ਝਕਾਅ ਜਾਂਦਾ ਰਿਹਾ। ਕੁੜੀਆਂ-ਮੁੰਡਿਆਂ ਦਾ ਰਲਵਾਂ ਸਕੂਲ ਚਲਾਇਆ ਗਿਆ, ਜਿੱਥੇ ਪੜ੍ਹਾਈ ਦੇ ਨਾਲ ਕੋਈ ਨਾ ਕੋਈ ਕਿੱਤਾ ਕਰਨਾ ਸਿਖਾਇਆ ਜਾਂਦਾ। ਗੁਰਬਖਸ਼ ਸਿੰਘ ਦੇ ਪ੍ਰੀਤ ਫਲਸਫੇ ਦੀ ਇਹ ਨਗਰ ਤੇ ਸਕੂਲ ਸਾਕਾਰ ਮੂਰਤ ਸੀ। ਇਸ ਦੀ ਸਥਾਪਨਾ ਨਾਲ ਗੁਰਬਖਸ਼ ਸਿੰਘ ਆਪਣੇ ਬੱਚਿਆਂ ਤੋਂ ਅਗਾਂਹ ਹਰ ਕਿਸੇ ਦੇ ‘ਦਾਰ ਜੀ` ਬਣ ਗਏ।
ਪ੍ਰੀਤ ਨਗਰ ਦੀ ਸਥਾਪਨਾ ਤੋਂ ਨਿਰਾ ਪਿਛਾਖੜ ਹੀ ਔਖਾ ਨਾ ਹੋਇਆ, ਅਸਾਂ ਕਮਿਊਨਿਸਟਾਂ ਨੇ ਵੀ ਕੰਨ ਚੁੱਕ ਲਏ। ਅਸਾਂ ਇਸ ਨੂੰ ਜਮਹੂਰੀ ਇਨਕਲਾਬ ਦੇ ਆਪਣੇ ਘੋਰ ਦੇ ਰਸਤੇ ਨੂੰ ਕੁਰਸਤੇ ਪਾਉਣਾ ਸਮਝਿਆ। ਕਾਰਲ ਮਾਰਕਸ ਵੇਲੇ ਓਵਨ ਰਾਬਰਟ ਤੇ ਕਾਬਤ ਨੇ ਨਵੀਂ ਆਬਾਦ ਹੋ ਰਹੀ ਅਮਰੀਕਾ ਵਿਚ ਜਾ ਜਾ ਸਾਂਝੀਵਾਲਤਾ ਦੇ ਅਸੂਲਾਂ `ਤੇ ਆਧਾਰਤ ਬਸਤੀਆਂ ਬਣਾ ਬਣਾ ਵਸਣ ਦੇ ਇਸ ਤਰ੍ਹਾਂ ਯੂਰਪ ਵਿਚ ਮਚੀ ਹੋਈ ਜਮਾਤੀ ਜੰਗ ਦੀ ਘੈਂਸ ਘੈਂਸ ਤੋਂ ਦੂਰ ਜਾ ਕੇ ਸਮਾਜਵਾਦ ਸਥਾਪਤ ਕਰ ਲੈਣ ਦਾ ਰਾਹ ਦੱਸਿਆ। ਮਾਰਕਸ ਨੇ ਇਸ ਨੂੰ ‘ਸੰਕਲਪਤ ਸਮਾਜਵਾਦ` ਆਖ ਕੇ ਨਿੰਦਿਆ ਸੀ। ਗੁਰਬਖਸ਼ ਸਿੰਘ ਅਮਰੀਕਾ ਅਜਿਹੀਆਂ ਬਸਤੀਆਂ ਚਲਦੀਆਂ ਵੇਖ ਕੇ ਆਇਆ ਸੀ। ਮਾਰਕਸ ਨੇ ਤਾਂ ਕਮਿਊਨਿਜ਼ਮ ਸਥਾਪਨਾ ਦੇ ਸਿਲਸਿਲੇ ਵਿਚ ਇਹ ਕੀਤਾ ਹੋਵੇਗਾ, ਪਰ ਸਾਡੇ ਸਾਹਮਣੇ ਬੁਰਜੁਆ ਜਮਹੂਰੀਅਤ ਦੀ ਗੱਲ ਸੀ, ਜਿਸ ਨੂੰ ਇਨਕਲਾਬ ਰਾਹੀਂ ਲਿਆਇਆ ਜਾਣਾ ਸੱਚ ਮੰਨਦੇ ਸਾਂ ਤੇ ਜਮਹੂਰੀਅਤ ਲਈ ਰੁਮਕੀ (ਐਵੋਲੂਸ਼ਨਰੀ) ਰਾਹ ਦੀ ਕੀਮਤ ਨਹੀਂ ਪਾਉਂਦੇ ਸਾਂ। ਪ੍ਰੀਤ ਨਗਰ ਦੀ ਸਥਾਪਨਾ ਗੁਰਬਖਸ਼ ਸਿੰਘ ਦਾ ਜਮਹੂਰੀਅਤ ਲਈ ਰੁਮਕੀ ਚਾਰਾ ਸੀ, ਜੋ ਸਾਡੇ ਭਾਣੇ ਇਨਕਲਾਬ ਵਿਰੋਧੀ ਸੀ। ਪਰ ਇਹ ਸਾਡੇ ਤੇ ਪਿਛਾਖੜ ਦੇ ਵਿਰੋਧ ਦੇ ਬਾਵਜੂਦ ਚਾਲੂ ਰਿਹਾ।
ਚਿਰਾਂ ਬਾਅਦ ਜਦ ਅਸੀਂ ਇਨਕਲਾਬ ਵਾਸਤੇ ਕੱਖ ਨਾ ਕਰ ਸਕੇ ਤੇ ਰੁਮਕ ਆਪਣਾ ਕੰਮ ਕਰ ਗਈ ਤਾਂ ਸਾਨੂੰ ਰੁਮਕ ਦੇ ਇਤਿਹਾਸਕ ਰੋਲ ਦਾ ਪਤਾ ਲੱਗਾ, ਅਸੀਂ ਮੱਠੇ ਪੈ ਗਏ।
ਜਦੋਂ ‘ਪ੍ਰੀਤ ਲੜੀ’ ਚਾਲੂ ਹੋਈ ਤਾਂ ਗੁਰਬਖਸ਼ ਸਿੰਘ ਜਮਹੂਰੀਅਤ ਦੇ ਵਿਚਾਰ ਲੈ ਕੇ ਮੈਦਾਨ ਵਿਚ ਆਏ, ਉਦੋਂ ਪੰਜਾਬ ਦੀ ਲੋਕ ਰਹਿਤ ਬਹੁਤ ਹੀ ਪਿਛਾਖੜੀ ਸੀ, ਜੋ ਦੇਸ਼ ਵਿਚ ਦਿਨ ਪਰ ਦਿਨ ਵਧਦੇ ਜਾ ਰਹੇ ਸਰਮਾਏਦਾਰ ਵਿਕਾਸ ਲਈ ਲੋੜੀਂਦੇ ਲੋਕਚਾਰੇ ਦੇ ਰਾਹ ਵਿਚ ਰੁਕਾਵਟ ਸੀ। ਪੰਜਾਬੀ ਲੋਕਾਂ ਦੀ ਇਹ ਇਤਿਹਾਸਕ ਲੋੜ ਪੂਰਨ ਲਈ ਜਮਹੂਰੀਅਤ `ਤੇ ਆਧਾਰਤ ਨਵੇਂ ਲੋਕਾਚਾਰ ਦੀ ਲੋੜ ਸੀ, ਜਿਸ ਦਾ ਸਾਕਾਰ ਨਮੂਨਾ ਪ੍ਰੀਤ ਨਗਰ ਵਿਚ ਸਥਾਪਤ ਕੀਤਾ ਗਿਆ।
ਇਹ ਬਸਤੀ 1947 ਦੀ ਵੰਡ ਤੱਕ ਚੱਲੀ, ਜੋ ਵੰਡ ਤੋਂ ਬਾਅਦ ਕਾਇਮ ਨਾ ਰਹੀ ਪਰ ਉਸ ਦੇ ਕਾਇਮ ਕੀਤੇ ਤੇ ਚਲਾਏ ਲੋਕਚਾਰੇ ਦੀ ਵਿਸ਼ਾ ਵਸਤੂ ਸਾਡੇ ਅੱਜ ਪ੍ਰਚਲਿਤ ਹੋ ਤੁਰੇ ਸਭਿਆਚਾਰ ਦਾ ਕਾਲਬ ਬਣੀ ਹੋਈ ਹੈ।
ਸ[ ਗੁਰਬਖਸ਼ ਸਿੰਘ ਦੀਆਂ ਪੰਜਾਬੀ ਲੋਕਚਾਰੇ, ਸਾਹਿਤਕਾਰੀ ਤੇ ਭਾਸ਼ਾ ਨੂੰ ਕਈ ਪ੍ਰਥਮਤਾਵਾਂ ਪ੍ਰਾਪਤ ਹਨ।
1[ ਪੰਜਾਬੀ ਸ਼ੈਲੀ ਦਾ ਕਥਾ ਰੂਪ ਹੀ ਬਦਲ ਦਿੱਤਾ। ਇਸ ਨੂੰ ਧਾਰਮਿਕ ਸ਼ਰਧਾ ਤੇ ਮਿਥਿਹਾਸ ਵਾਲੀ ਲਫਾਫੇਬਾਜ਼ੀ ਤੋਂ ਮੁਕਤ ਕਰਕੇ ਸਾਧਾਰਨ ਲੋਕ ਭਾਸ਼ਾ ਵਿਚ ਪੇਸ਼ ਕਰਨਾ ਸ਼ੁਰੂ ਕੀਤਾ।
2[ ਆਪਣੇ ਵਿਚਾਰਾਂ ਤੇ ਆਸ਼ਿਆਂ ਨੂੰ ਸਿੱਧ ਕਰਨ ਲਈ ਧਰਮ ਗ੍ਰੰਥਾਂ ਤੋਂ ਮਿਥਿਹਾਸ ਦੇ ਹਵਾਲੇ ਦੇਣ ਵਾਲੀ ‘ਗੁਣੀ ਗਿਆਨੀਆਂ` ਦੀ ਪ੍ਰਥਾ ਛੱਡ ਕੇ ਨਿਰੋਲ ਸਾਇੰਸੀ ਤੇ ਦੁਨਿਆਵੀ ਦਲੀਲਾਂ ਤੋਂ ਕੰਮ ਲਿਆ। ਇਸ ਤਰ੍ਹਾਂ ਪੰਜਾਬੀ ਵਿਚ ਦਲੀਲਬਾਜ਼ੀ ਦਾ ਰਿਵਾਜ ਪਾਇਆ।
3[ ਧਰਮ ਨੂੰ ਜਾਣਨ ਵਾਸਤੇ ਅੰਨੀ ਸ਼ਰਧਾ ਦੀ ਥਾਂ, ਸਾਇੰਸੀ ਜਾਣਕਾਰੀ ਨੂੰ ਅਪਨਾਇਆ। ਗੁਰੂਆਂ, ਗ੍ਰੰਥਾਂ ਤੇ ਪੀਰਾਂ ਪੈਗੰਬਰਾਂ ਨੂੰ ਸ਼ਰਧਾਲੂ ਲੋਕਾਂ ਵਾਂਗ ਕੇਵਲ ਸ਼ਰਧਾ ਪੱਖੋਂ ਹੀ ਪੂਜੀ ਤੇ ਮੰਨੀ ਜਾਣ ਦੀ ਥਾਂ, ਉਨ੍ਹਾਂ ਦੀ ਇਤਿਹਾਸ ਨੂੰ ਕਿਸੇ ਦੇਣ ਦੇ ਆਧਾਰ `ਤੇ ਸਲਾਹਿਆ।
4[ ਇਸ਼ਕ ਮੁਹੱਬਤ ਦੀ ਪੁਰਾਣੀ ਪਿਰਤ ਤੇ ਫਿਊਡਲ ਸੰਗ-ਸੰਕੋਚ ਦੀ ਥਾਂ ਇਸਤਰੀ ਮਾਰਦ ਵਿਚ ਕਾਮ ਵਾਸ਼ਨਾ ਤੋਂ ਨਿਰਲੇਪ ਖੁੱਲ੍ਹੀ ਪ੍ਰੀਤ ਦਾ ਰਿਵਾਜ ਤੋਰਿਆ। ਵਿਆਹ ਨੂੰ ਨਰੜ ਜਾਣਨ ਦੀ ਥਾਂ, ਦੋਹਾਂ ਜੀਆਂ ਦਾ ਬਰੋ-ਬਰਾਬਰ ਦਾ ਮਿੱਤਰਤਾਨਾ ਸਬੰਧ ਦੱਸਿਆ।
5[ ਇਸਤਰੀਆਂ ਲਈ ਸਮਾਜੀ ਬਰਾਬਰੀ ਦੇ ਨਿਸ਼ਾਨ ਬਰਦਾਰ ਹੋਏ।
6[ ਵਿਰੋਧੀ ਤੇ ਹਮਾਇਤੀ ਖਿਆਲਾਂ ਤੇ ਨਿਸ਼ਚਿਆਂ ਦੀ ਪਰਸਪਰ ਹੋਂਦ ਨੂੰ ਪਰਵਾਨ ਕੀਤਾ ਤੇ ਪਰਚਾਰਿਆ।
7[ ਪਾਠਕਾਂ ਦੇ ਧਰਮੀ ਭਰਮਾਂ, ਸਮਾਜੀ ਵਹਿਮਾਂ, ਰੋਗੀ ਸੁਭਾਵਾਂ ਅਤੇ ਦਿਮਾਗੀ ਤੇ ਸਰੀਰ ਉਲਝੇਵਿਆਂ ਤੇ ਮੁਸ਼ਕਿਲਾਂ ਨਵਿਰਿਤ ਕਰਨ ਦੀਆਂ ਸਲਾਹਾਂ ਦਿੰਦੇ ਰਹੇ।
ਗੱਲ ਕੀ, ਉਹ ਅਜੋਕੇ ਸਾਹਿਤ, ਅਜੋਕੀ ਸ਼ੈਲੀ ਤੇ ਅਜੋਕੇ ਸਭਿਆਚਾਰ ਦੇ ਉਸ ਤਰ੍ਹਾਂ ਪਿਤਾਮਾ ਹਨ, ਜਿਸ ਤਰ੍ਹਾਂ ਟੈਗੋਰ ਬੰਗਾਲੀ ਸਾਹਿਤ ਤੇ ਸਭਿਆਚਾਰ ਦੇ।
ਇਤਿਹਾਸਕ ਤੌਰ `ਤੇ ਜਾਈਏ ਤਾਂ ਉਹ ਫਿਊਡਲ ਪਿਛਾਖੜ ਵਿਚੋਂ ਉਭਰ ਆਈ ਤੇ ਉਭਰ ਰਹੀ ਬੁਰਜੂਆ ਜਮਹੂਰੀਅਤ ਵੇਲੇ ਆਏ ਤੇ ਹੁਣ ਬੁਰਜੂਆ ਜਮਹੂਰੀਅਤ ਵਿਚੋਂ ਉਭਰ ਰਹੇ ਸੋਸ਼ਲਿਜ਼ਮ ਦੇ ਦੌਰ ਦੇ ਬੂਹੇ `ਤੇ ਆ ਕੇ ਸਾਥੋਂ ਵਿਛੜ ਗਏ। ਇਸ ਤਰ੍ਹਾਂ ਉਨ੍ਹਾਂ ਇਕ ਪੂਰਾ ਜੁਗ ਹੰਢਾ ਲਿਆ। ਸਾਡੇ ਸਾਹਿਤ, ਲੋਕਾਚਾਰ ਤੇ ਸਮਾਜੀ ਸੋਝੀ ਨੂੰ ਪਿਛਾਖੜ ਵਿਚੋਂ ਕੱਢ ਕੇ ਸੋਸ਼ਲਿਜ਼ਮ ਦੇ ਬੂਹੇ ਤੱਕ ਲੈ ਆਉਣ ਦੇ ਇਤਿਹਾਸ ਦਾ ਉਹ ਜਮਹੂਰੀਅਤ ਦੇ ਵਿਕਾਸ ਦੀ ਤੋਰ ਦੇ ਅੱਗੇ ਹੀ ਅੱਗੇ ਰਹੇ ਤੇ ਜਦ ਜਗਤ ਵਿਚ ਸਮਾਜਵਾਦ ਦੀ ਮਾਨਤਾ ਤੇ ਪ੍ਰਧਾਨਤਾ ਪ੍ਰਵਾਨਤ ਹੋ ਤੁਰੀ ਤਾਂ ਆਪ ਸਮਾਜਵਾਦੀ ਪੱਖ ਪੂਰਨ ਲਗ ਪਏ। ਉਨ੍ਹਾਂ ਦਾ ਹਮੇਸ਼ਾਂ ਅਗਾਂਹਵਧੂ ਰੋਲ ਹੀ ਰਿਹਾ। ਉਹ ਬੇਸ਼ਕ ਇਨਕਲਾਬੀ ਨਹੀਂ ਸਨ, ਪਰ ਤੁਰਦੇ ਉਸੇ ਪਾਸੇ ਰਹੇ ਸਨ, ਜਿਸ ਪਾਸੇ ਨੂੰ ਇਨਕਲਾਬ ਨੇ ਜਾਣਾ ਸੀ। ਉਨ੍ਹਾਂ ਦੀ ਸੁਧਾਰਕ ਤੋਰ ਇਨਕਲਾਬੀ ਆਸ਼ੇ ਦੀ ਹਮੇਸ਼ਾਂ ਸਮਰਥਕ ਰਹੀ।