ਹੱਦ ਹੋ ਗਈ ਜਹਾਲਤ ਦੀ!

ਭਾਰਤ ਵਿਚ ਜਦੋਂ ਦੀ ਭਾਜਪਾ ਸਰਕਾਰ ਬਣੀ ਹੈ, ਆਮ ਲੋਕਾਂ, ਮੁਸਲਮਾਨਾਂ, ਦਲਿਤਾਂ ਅਤੇ ਹੋਰ ਘੱਟਗਿਣਤੀਆਂ `ਤੇ ਜ਼ੁਲਮ ਵਧੇ ਹਨ। ਲੋਕਾਂ ਉਤੇ ਸਮੂਹਕ ਹਿੰਸਾ ਦੀਆਂ ਘਟਨਾਵਾਂ ਵਧੀਆਂ ਹਨ। ਕਸ਼ਮੀਰ ਵਿਚ ਧਾਰਾ 370 ਖਤਮ ਕੀਤੇ ਜਾਣਾ ਕਸ਼ਮੀਰੀਆਂ ਨਾਲ ਵਿਤਕਰੇ ਦੀ ਇਕ ਹੋਰ ਮਿਸਾਲ ਹੈ। ਇਸ ਲੇਖ ਵਿਚ ਡਾ[ ਗੁਰਨਾਮ ਕੌਰ ਨੇ ਭਾਜਪਾ ਹਕੂਮਤ ਅਤੇ ਹਿੰਦੂਤਵੀਆਂ ਵਲੋਂ ਕੀਤੇ ਜਾ ਰਹੇ ਜ਼ੁਲਮਾਂ ਦਾ ਵਰਕਾ ਫਰੋਲਿਆ ਹੈ।

-ਸੰਪਾਦਕ

ਡਾ[ ਗੁਰਨਾਮ ਕੌਰ, ਕੈਨੇਡਾ
ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਉਸ ਦੇ ਹਮਖਿਆਲੀ ਕੱਟੜ ਹਿੰਦੂਤਵੀ ਵਿਚਾਰਧਾਰਾ ਨੂੰ ਪ੍ਰਣਾਏ ਸੰਗਠਨਾਂ ਦਾ ਆਦਿਵਾਸੀਆਂ, ਦਲਿਤਾਂ, ਧਾਰਮਿਕ ਘੱਟਗਿਣਤੀ ਭਾਈਚਾਰਿਆਂ ਅਤੇ ਔਰਤਾਂ ਪ੍ਰਤੀ ਕਿਹੋ ਜਿਹਾ ਨਜ਼ਰੀਆ ਹੈ, ਉਹ ਕਿਸੇ ਤੋਂ ਲੁਕਿਆ ਨਹੀਂ ਰਿਹਾ ਹੈ| ਗੁਜਰਾਤ ਦੰਗਿਆਂ ਅਤੇ 2014 ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਭਾਜਪਾ ਸਰਕਾਰ ਬਣਨ ਤੋਂ ਲੈ ਕੇ ਹੁਣ ਤੱਕ ਦਲਿਤਾਂ, ਘੱਟਗਿਣਤੀਆਂ ਅਤੇ ਔਰਤਾਂ ਨਾਲ ਦਮਨ, ਮਾਰ-ਕੁੱਟ ਅਤੇ ਬਦਸਲੂਕੀ ਦੇ ਇੱਕ ਨਹੀਂ, ਅਨੇਕਾਂ ਮਾਮਲੇ ਅਖਬਾਰਾਂ ਦੀਆਂ ਸੁਰਖੀਆਂ ਬਣ ਚੁਕੇ ਹਨ| ਜੰਮੂ ਵਿਚ ਕਠੂਆ ਕਾਂਡ ਦੀ ਯਾਦ ਲੋਕ ਮਨਾਂ ਵਿਚ ਹਾਲੇ ਵੀ ਤਾਜ਼ਾ ਹੈ, ਜਦੋਂ ਪੁਜਾਰੀ, ਉਸ ਦੇ ਰਿਸ਼ਤੇਦਾਰ ਲੜਕਿਆਂ ਅਤੇ ਪੁਲਿਸ ਕਰਮਚਾਰੀ ਆਦਿ ਬਲਾਤਕਾਰੀਆਂ ਦੇ ਹੱਕ ਵਿਚ ਭਾਜਪਾ ਹਮਾਇਤੀ ਵਕੀਲਾਂ ਤੇ ਹੋਰ ਕਾਰਕੁਨਾਂ ਨੇ ਜਲੂਸ ਕੱਢਿਆ ਸੀ, ਪੀੜਿਤ ਮਰਹੂਮ ਬੱਚੀ ਦੀ ਵਕੀਲ ਨੂੰ ਤਰ੍ਹਾਂ ਤਰ੍ਹਾਂ ਦੀਆਂ ਧਮਕੀਆਂ ਦਿੱਤੀਆਂ ਗਈਆਂ ਸਨ|
ਉਤਰ ਪ੍ਰਦੇਸ਼ ਦੇ ਉਨਾਉ ਇਲਾਕੇ ਵਿਚ ਵਿਧਾਇਕ ਕੁਲਦੀਪ ਸਿੰਘ ਸੇਂਗਰ ਦੇ ਮਾਮਲੇ ਵਿਚ ਤਾਂ ਕਦੀ ਉਸ ਦੇ ਹੱਕ ਵਿਚ ਜਲੂਸ ਕੱਢੇ ਗਏ, ਪੀੜਿਤਾ ਦੇ ਬਾਪ `ਤੇ ਉਲਟਾ ਕੇਸ ਪਾ ਕੇ ਉਸ ਨੂੰ ਜੇਲ੍ਹ ਵਿਚ ਸੁੱਟਿਆ ਗਿਆ, ਜਿੱਥੇ ਉਸ ਦੀ ਪੁਲਿਸ ਹਿਰਾਸਤ ਵਿਚ ਮੌਤ ਹੋ ਗਈ| ਪਿੱਛੇ ਜਿਹੇ ਪੀੜਿਤਾ ਦੇ ਵਾਹਨ ਨੂੰ ਟਰੱਕ ਹਾਦਸੇ ਦਾ ਸ਼ਿਕਾਰ ਬਣਾਇਆ ਗਿਆ, ਜਿਸ ਵਿਚ ਉਸ ਦੀਆਂ ਦੋ ਰਿਸ਼ਤੇਦਾਰ ਔਰਤਾਂ ਖਤਮ ਹੋ ਗਈਆਂ, ਪੀੜਿਤਾ ਅਤੇ ਉਸ ਦਾ ਵਕੀਲ ਬਹੁਤ ਹੀ ਗੰਭੀਰ ਹਾਲਤ ਵਿਚ ਹਸਪਤਾਲ `ਚ ਜ਼ਿੰਦਗੀ ਅਤੇ ਮੌਤ ਵਿਚਾਲੇ ਲਟਕ ਰਹੇ ਹਨ| ਪਰਿਵਾਰ ਵੱਲੋਂ ਵਾਰ ਵਾਰ ਅਪੀਲਾਂ ਕਰਨ ‘ਤੇ ਅਦਾਲਤ ਦੇ ਦਖਲ ਨਾਲ ਹੁਣ ਕੇਸ ਦੀ ਸੁਣਵਾਈ ਦਿੱਲੀ ਅਦਾਲਤ ਵਿਚ ਬਦਲੀ ਗਈ ਹੈ|
ਪਾਰਟੀ ਨੇ ਭਾਵੇਂ ਦੋਸ਼ੀ ਵਿਧਾਇਕ ਨੂੰ ਜੇਲ੍ਹ ਵਿਚ ਇੱਕ ਸਾਲ ਗੁਜ਼ਾਰਨ ਪਿਛੋਂ ਪਾਰਟੀ ਵਿਚੋਂ ਕੱਢ ਦਿੱਤਾ ਹੈ, ਪਰ ਉਸ ਨਾਲ ਪਾਰਟੀ ਦਾ ਮੋਹ ਖਤਮ ਨਹੀਂ ਹੋਇਆ| ਸੱਜਰੀਆਂ ਖਬਰਾਂ ਅਨੁਸਾਰ ਆਜ਼ਾਦੀ ਦਿਹਾੜੇ ਮੌਕੇ ਉਰੂਗ੍ਰਾਮ ਪੰਚਾਇਤ ਦੇ ਚੇਅਰਮੈਨ ਅਨੁਜ ਕੁਮਾਰ ਦੀਕਸ਼ਿਤ ਵੱਲੋਂ ਦਿੱਤੇ ਇਸ਼ਤਿਹਾਰ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਵਿਧਾਇਕ ਕੁਲਦੀਪ ਸਿੰਘ ਸੇਂਗਰ ਦੀ ਫੋਟੋ ਵੀ ਲਾਈ ਗਈ|
ਉਤਰ ਪ੍ਰਦੇਸ਼ ਵਿਚ ਜਿੱਥੇ ਯੋਗੀ ਅਦਿੱਤਿਆਨਾਥ ਦੀ ਅਗਵਾਈ ਵਿਚ ਭਾਜਪਾ ਦੀ ਸਰਕਾਰ ਹੈ, ਇੱਕ ਔਰਤ ਵਕੀਲ ਦਾ ਕਤਲ ਕਰ ਦਿੱਤਾ ਗਿਆ| ਇੱਕ ਹੋਰ ਮਾਮਲੇ ਵਿਚ ਵਕੀਲਾਂ ਦੀ ਪ੍ਰਧਾਨ ਔਰਤ ਦਾ ਕਤਲ ਵੀ ਉਤਰ ਪ੍ਰਦੇਸ਼ ਵਿਚ ਹੀ ਕੀਤਾ ਗਿਆ ਹੈ| ਔਰਤਾਂ ਨਾਲ ਵਧੀਕੀਆਂ ਅਤੇ ਬਲਾਤਕਾਰ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ| ਜਨਵਰੀ 2019 ਤੋਂ ਜੁਲਾਈ 2019 ਤੱਕ ਭਾਰਤ ਵਿਚ ਬੱਚੀਆਂ ਨਾਲ ਜਿਣਸੀ ਸੋਸ਼ਣ ਦੇ ਕਰੀਬ 26000 ਕੇਸ ਸਾਹਮਣੇ ਆਏ ਹਨ| ਸਭ ਤੋਂ ਵੱਧ ਕੇਸ ਭਾਜਪਾ ਦੀ ਹਕੂਮਤ ਵਾਲੇ ਉਤਰ ਪ੍ਰਦੇਸ਼ ਵਿਚ ਹੋਏ ਦੱਸੇ ਜਾਂਦੇ ਹਨ| ਕਿੰਨੀ ਹੈਰਾਨੀ ਦੀ ਗੱਲ ਹੈ ਕਿ ਸੂਬੇ ਦੇ ਮੁੱਖ ਮੰਤਰੀ ਨੇ ਅਦਾਲਤ ਨੂੰ ਲਿਖ ਕੇ ਅਪੀਲ ਕੀਤੀ ਹੈ ਕਿ ਮੁਜ਼ੱਫਰਪੁਰ ਦੇ ਦੰਗਿਆਂ ਵਿਚ ਸ਼ਾਮਲ ਵਿਧਾਇਕਾਂ ਤੋਂ ਕੇਸ ਹਟਾ ਦਿਤੇ ਜਾਣ|
ਰਾਜਸਥਾਨ ਵਿਚ ਹਜ਼ੂਮ ਵੱਲੋਂ ਪਹਿਲੂ ਖਾਨ ਦੇ ਕਤਲ ਦੇ ਮਾਮਲੇ ਵਿਚ ਅਲਵਰ ਦੀ ਅਦਾਲਤ ਨੇ ਸਾਰੇ ਛੇ ਮੁਲਜ਼ਿਮਾਂ ਨੂੰ ਬਰੀ ਕਰ ਦਿਤਾ ਹੈ| ਵਕੀਲ ਅਨੁਸਾਰ ਵਧੀਕ ਸੈਸ਼ਨ ਜੱਜ ਸਰਿਤਾ ਸਵਾਮੀ ਨੇ ਪਹਿਲੂ ਖਾਨ ਕਤਲ ਕੇਸ ਵਿਚ ਦੋਸ਼ੀਆਂ ਨੂੰ ਸ਼ੱਕ ਦਾ ਲਾਭ ਦਿੰਦਿਆਂ ਬਰੀ ਕੀਤਾ ਹੈ| ਜਾਣਕਾਰੀ ਅਨੁਸਾਰ ਪਹਿਲੂ ਖਾਨ ਤੇ ਉਸ ਦੇ ਦੋ ਪੁੱਤਰਾਂ ਅਤੇ ਕੁਝ ਹੋਰ ਵਿਅਕਤੀ ਜਦੋਂ ਗਊਆਂ ਲੈ ਕੇ ਆ ਰਹੇ ਸਨ ਤਾਂ ਉਨ੍ਹਾਂ ਨੂੰ ਕਥਿਤ ਗਊ ਰੱਖਿਅਕਾਂ ਨੇ ਪਹਿਲੀ ਅਪਰੈਲ ਨੂੰ ਅਲਵਰ ਦੇ ਬਹਿਰੋਰ ਨੇੜੇ ਘੇਰ ਲਿਆ ਅਤੇ ਉਨ੍ਹਾਂ ਦੀ ਭਾਰੀ ਕੁੱਟ ਮਾਰ ਕੀਤੀ ਸੀ। ਘਟਨਾ ਵਿਚ 55 ਸਾਲਾ ਪਹਿਲੂ ਖਾਨ ਦੀ ਤਿੰਨ ਅਪਰੈਲ 2017 ਨੂੰ ਮੌਤ ਹੋ ਗਈ ਸੀ| ਇਸ ਪਿਛੋਂ ਲੋਕ ਰੋਹ ਦੀ ਲਹਿਰ ਫੈਲ ਗਈ ਅਤੇ ‘ਗਊ ਰੱਖਿਅਕਾਂ’ ਦੇ ਹਮਲਿਆਂ ਵੱਲ ਸਰਕਾਰ ਨੇ ਧਿਆਨ ਦਿੱਤਾ ਸੀ| ਇਸ ਦੌਰਾਨ ਸਰਕਾਰੀ ਵਕੀਲ ਯੋਗੇਂਦਰ ਖਟਾਨਾ ਨੇ ਦੱਸਿਆ ਕਿ ਅਦਾਲਤ ਨੇ ਸਾਰੇ ਛੇ ਦੋਸ਼ੀਆਂ ਨੂੰ ਹਜੂਮੀ ਹੱਤਿਆ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ|
‘ਪੰਜਾਬ ਟਾਈਮਜ਼’ ਦੇ 17 ਅਗਸਤ ਦੇ ਅੰਕ ਵਿਚ ਡਾ[ ਕੁਲਦੀਪ ਕੌਰ ਨੇ ਆਪਣੇ ਲੇਖ ‘ਕਸ਼ਮੀਰ: ਵਤਨ ਕੀ ਫਿਕਰ ਕਰ ਨਾਦਾਂ’ ਵਿਚ ਜ਼ਿਕਰ ਕੀਤਾ ਹੈ, “ਕਸ਼ਮੀਰ ਦੇ ਮੁੱਦੇ ਬਾਰੇ ਅਹਿਮ ਲੇਖ ਵਿਚ ਕੌਮਾਂਤਰੀ ਜੰਗੀ ਮਸਲਿਆਂ ਦੇ ਮਾਹਿਰ ਪੱਤਰਕਾਰ ਰਾਬਰਟ ਫਿਸਕ ਦੀ ਚਿੰਤਾ ਜਾਇਜ਼ ਹੈ, ਜਦੋਂ ਉਹ ਲਿਖਦੇ ਹਨ ਕਿ ਹੁਣ ਭਾਰਤ ਦੱਖਣ-ਏਸ਼ੀਆਈ ਖਿੱਤੇ ਵਿਚ ਇਜ਼ਰਾਈਲ ਦੇ ਹਥਿਆਰਾਂ ਦੀ ਸਭ ਤੋਂ ਵੱਡੀ ਮੰਡੀ ਬਣ ਚੁਕਾ ਹੈ| ਯਹੂਦੀਵਾਦ ਅਤੇ ਹਿੰਦੂਤਵ ਦੀ ਸਿਆਸਤ ਦੀਆਂ ਚੂਲਾਂ ਧਾਰਮਿਕ ਫਿਰਕਾਪ੍ਰਸਤੀ ਦੇ ਰੰਗ ਵਿਚ ਰੰਗੀਆਂ ਹੋਈਆਂ ਹਨ| ਇਸ ਰੰਗ ਨੂੰ ‘ਇਸਲਾਮੀ ਫੋਬੀਆ’ ਅਤੇ ‘ਦਹਿਸ਼ਤਗਰਦੀ ਖਿਲਾਫ ਜੰਗ’ ਦੀਆਂ ਮਿਥਕ ਧਾਰਨਾਵਾਂ ਨੇ ਕਈ ਗੁਣਾ ਜ਼ਰਬ ਦਿੱਤੀ ਹੈ ਅਤੇ ਉਤਰੀ-ਦੱਖਣੀ ਖੇਮਿਆਂ ਦੀ ਧਰੁਵੀਕਰਣ ਦੀ ਪ੍ਰਕ੍ਰਿਆ ਨੂੰ ਤਿਖੇਰਾ ਕੀਤਾ ਹੈ|”
ਡਾ[ ਕੁਲਦੀਪ ਕੌਰ ਦੇ ਲੇਖ ਸਮੇਤ ਕਸ਼ਮੀਰ ਤੋਂ ਧਾਰਾ 370 ਅਤੇ 35-ਏ ਹਟਾ ਕੇ ਉਸ ਦਾ ਖਾਸ ਦਰਜਾ ਖਤਮ ਕਰਕੇ ਉਸ ਦੇ ਦੋ ਹਿੱਸੇ ਬਣਾ ਕੇ ਕੇਂਦਰ ਸਾਸ਼ਤ ਪ੍ਰਦੇਸ਼ ਬਣਾਉਣ ਪਿਛੋਂ ਅਨੇਕਾਂ ਲੇਖ ਹੁਣ ਤੱਕ ਕਸ਼ਮੀਰ ਉਤੇ ਲਿਖੇ ਜਾ ਚੁਕੇ ਹਨ| ਸਭ ਨੂੰ ਪਤਾ ਹੀ ਹੈ ਕਿ ਕਸ਼ਮੀਰ ਦਾ ਖਾਸ ਦਰਜਾ ਖਤਮ ਹੋਣ ਤੋਂ ਪਹਿਲਾਂ ਕੋਈ ਗੈਰ-ਕਸ਼ਮੀਰੀ ਕਸ਼ਮੀਰ ਵਿਚ ਜਾਇਦਾਦ ਨਹੀਂ ਸੀ ਖਰੀਦ ਸਕਦਾ ਅਤੇ ਇਹ ਵੀ ਕਿ ਜੇ ਕਸ਼ਮੀਰੀ ਕੁੜੀ ਕਸ਼ਮੀਰ ਤੋਂ ਬਾਹਰਲੇ ਕਿਸੇ ਲੜਕੇ ਨਾਲ ਵਿਆਹ ਕਰ ਲਵੇ ਤਾਂ ਉਸ ਦੇ ਜਾਇਦਾਦ ਵਗੈਰਾ ਤੇ ਹਰ ਤਰ੍ਹਾਂ ਦੇ ਹੱਕ ਖਤਮ ਹੋ ਜਾਂਦੇ ਸਨ| ਹੁਣ ਧਾਰਾ ਹਟਣ ਪਿਛੋਂ ਜੇ ਉਹ ਕਸ਼ਮੀਰ ਤੋਂ ਬਾਹਰ ਵਿਆਹ ਕਰਦੀ ਹੈ, ਉਸ ਦੇ ਹੱਕ `ਤੇ ਕੋਈ ਅਸਰ ਨਹੀਂ ਪਵੇਗਾ| ਕਸ਼ਮੀਰ ਦਾ ਖਾਸ ਦਰਜਾ ਖਤਮ ਕਰ ਦੇਣ ਪਿਛੋਂ ਮੁਲਕ ਦੇ ਕਈ ਹਿੱਸਿਆਂ ਵਿਚ ਹਿੰਦੂਤਵੀ ਹਮਾਇਤੀਆਂ ਨੇ ਜਿਵੇਂ ਜਨਤਕ ਤੌਰ `ਤੇ ਲੱਡੂ ਵੰਡੇ ਤੇ ਜਸ਼ਨ ਮਨਾਏ ਹਨ, ਉਸ ਤੋਂ ਸੁਨੇਹਾ ਇਹ ਨਸ਼ਰ ਕੀਤਾ ਜਾਪਦਾ ਹੈ ਜਿਵੇਂ ਕਿਸੇ ਬਿਗਾਨੇ ਮੁਲਕ ਨਾਲ ਯੁੱਧ ਕਰਕੇ ਫੌਜੀ ਜਿੱਤ ਪ੍ਰਾਪਤ ਕੀਤੀ ਹੋਵੇ|
ਮੁਲਕ ਦੇ ਵੱਖ ਵੱਖ ਹਿੱਸਿਆਂ ਵਿਚ ਪੜ੍ਹ ਰਹੇ ਕਸ਼ਮੀਰੀ ਵਿਦਿਆਰਥੀਆਂ ਅਤੇ ਆਮ ਕਸ਼ਮੀਰੀਆਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾਂਦਾ ਰਿਹਾ ਹੈ| ਸਭ ਤੋਂ ਸ਼ਰਮਨਾਕ ਅਤੇ ਘਿਨਾਉਣੇ ਉਹ ਬਿਆਨ ਹਨ, ਜੋ ਖਾਸ ਦਰਜਾ ਖਤਮ ਹੋਣ ਪਿਛੋਂ ਹਿੰਦੂਤਵੀ ਕਾਰਕੁਨਾਂ ਅਤੇ ਭਾਜਪਾ ਲੀਡਰਾਂ ਵੱਲੋਂ ਕਸ਼ਮੀਰੀ ਕੁੜੀਆਂ ਦੇ ਸਬੰਧ ਵਿਚ ਦਿਤੇ ਗਏ ਹਨ| ਜਿਸ ਕਿਸਮ ਦੇ ਕੋਝੇ ਮਜ਼ਾਕ ਕੁੜੀਆਂ ਪ੍ਰਤੀ ਕੀਤੇ ਗਏ, ਸੁਣ ਕੇ ਹੀ ਬੰਦੇ ਦਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ| ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹੁਕਮਰਾਨ ਹਿੰਦੂ ਕੌਮੀ ਭਾਜਪਾ ਦੇ ਹਮਾਇਤੀਆਂ ਵੱਲੋਂ ਸੋਸ਼ਲ ਮੀਡੀਏ `ਤੇ ਸੰਵਿਧਾਨਕ ਤਬਦੀਲੀ ਪ੍ਰਤੀ ਖੁਸ਼ੀਆਂ ਮਨਾਉਂਦੀਆਂ ਪੋਸਟਾਂ ਦਾ ਇੱਕ ਤਰ੍ਹਾਂ ਨਾਲ ਹੜ੍ਹ ਜਿਹਾ ਹੀ ਲਿਆਂਦਾ ਗਿਆ| ਉਨ੍ਹਾਂ ਵਿਚੋਂ ਬਹੁਤ ਸਾਰੇ ਮਰਦਾਂ ਨੇ ਟਵਿੱਟਰ ਅਤੇ ਟਿਕ ਟਾਕ ਪਲੈਟਫਾਰਮ `ਤੇ ਵੀਡੀਓ ਪਾ ਕੇ ਕਿਹਾ ਕਿ ਹੁਣ ਕਸ਼ਮੀਰਨਾਂ ਨਾਲ ਵਿਆਹ ਕਰਨਾ ਸੌਖਾ ਹੋ ਜਾਵੇਗਾ| ਇੱਕ ਪੋਸਟ ਵਿਚ ਸੰਵਿਧਾਨਕ ਵਿਵਸਥਾ ਨੂੰ ਖਤਮ ਕਰਨ ਵੱਲ ਇਸ਼ਾਰਾ ਕਰਦਿਆਂ ਕਿਹਾ ਗਿਆ, “ਵਧਾਈਆਂ ਭਾਰਤ ਹੁਣ ਕੁਆਰੇ ਮੁੰਡੇ ਸੁਨੱਖੀਆਂ ਕਸ਼ਮੀਰੀ ਕੁੜੀਆਂ ਨਾਲ ਵਿਆਹ ਕਰ ਸਕਦੇ ਹਨ, ਧਾਰਾ 370 ਹਟਾ ਦਿੱਤੇ ਜਾਣ ਤੋਂ ਬਾਅਦ|”
ਇੱਕ ਹੋਰ ਪੋਸਟ ਵਿਚ ਕਿਹਾ ਗਿਆ, “ਹਰ ਭਾਰਤੀ ਮੁੰਡੇ ਦਾ ਸੁਪਨਾ ਹੁਣ: 1[ ਕਸ਼ਮੀਰ ਵਿਚ ਪਲਾਟ, 2[ ਕਸ਼ਮੀਰ ਵਿਚ ਨੌਕਰੀ, 3[ ਕਸ਼ਮੀਰੀ ਕੁੜੀਆਂ ਨਾਲ ਵਿਆਹ|” ਬੁੱਧਵਾਰ ਦੇ ਦਿਨ ਇਨ੍ਹਾਂ ਅਵਾਜ਼ਾਂ ਵਿਚ ਆਪਣੀ ਅਵਾਜ਼ ਮਿਲਾਉਂਦਿਆਂ ਵਿਕਰਮ ਸੈਣੀ, ਜੋ ਭਾਜਪਾ ਦਾ ਕਾਨੂੰਨਘਾੜਾ ਹੈ, ਨੂੰ ਇੱਕ ਵੀਡੀਓ ਵਿਚ ਪਾਰਟੀ ਕਾਰਕੁਨਾਂ ਨੂੰ ਕਸ਼ਮੀਰੀ ਕੁੜੀਆਂ ਨਾਲ ਵਿਆਹ ਕਰਨ ਲਈ ਪ੍ਰੇਰਦਿਆਂ ਦਿਖਾਇਆ ਗਿਆ| ਵੀਡੀਓ ਵਿਚ ਉਤਰੀ ਭਾਰਤ ਵਿਚ ਇੱਕ ਰੈਲੀ ਸਮੇਂ ਪ੍ਰਧਾਨ ਮੰਤਰੀ ਮੋਦੀ ਦੇ ਪੋਸਟਰ ਅੱਗੇ ਖੜ੍ਹਾ ਹੋ ਕੇ ਉਹ ਕਹਿ ਰਿਹਾ ਸੀ, “ਹੁਣ ਅਸੀਂ ਆਪਣੀ ਪਾਰਟੀ ਵਿਚ ਕੁਆਰੇ ਕਾਰਕੁਨਾਂ ਦਾ ਉਥੇ ਵਿਆਹ ਕਰਵਾ ਸਕਦੇ ਹਾਂ, ਕੋਈ ਸਮੱਸਿਆ ਨਹੀਂ ਹੈ| ਸਾਡੇ ਮੁਸਲਿਮ ਪਾਰਟੀ ਕਾਰਕੁਨਾਂ ਨੂੰ ਹੁਣ ਖੁਸ਼ ਹੋਣਾ ਚਾਹੀਦਾ ਹੈ, ਹੁਣ ਉਹ ਜਾ ਸਕਦੇ ਹਨ ਅਤੇ ਗੋਰੇ ਰੰਗ ਦੀਆਂ ਕਸ਼ਮੀਰੀ ਕੁੜੀਆਂ ਨਾਲ ਵਿਆਹ ਕਰ ਸਕਦੇ ਹਨ|”
ਇਸੇ ਬਿਮਾਰ ਮਾਨਸਿਕਤਾ ਦਾ ਪ੍ਰਗਟਾਵਾ ਕਰਦਿਆਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਫਤਿਹਾਬਾਦ ਵਿਚ ਮਹਾਂਰਿਸ਼ੀ ਭਗੀਰਥੀ ਜੈਅੰਤੀ ਨਾਲ ਸਬੰਧਤ ਰਾਜ ਪੱਧਰੀ ਸਮਾਰੋਹ ਵਿਚ ਸੰਬੋਧਨ ਕਰਦਿਆਂ ਹਰਿਆਣਾ ਵਿਚ ਮੁੰਡੇ-ਕੁੜੀਆਂ ਦੇ ਲਿੰਗ ਅਨੁਪਾਤ ਦੇ ਤਵਾਜ਼ਨ, ਜੋ ਹੁਣ 1000 ਮੁੰਡਿਆਂ ਪਿੱਛੇ 850 ਤੋਂ 933 `ਤੇ ਚਲਾ ਗਿਆ ਹੈ, ਦੀ ਗੱਲ ਕਰਦਿਆਂ ਕਿਹਾ ਕਿ ਪ੍ਰੰਤੂ ਇਹ ਕਾਫੀ ਨਹੀਂ ਹੈ, ਜਦੋਂ ਤੱਕ ਲਿੰਗ ਅਨੁਪਾਤ ਸਥਿਰ ਨਹੀਂ ਹੋ ਜਾਂਦਾ| ਉਸ ਨੇ ਅੱਗੇ ਕਿਹਾ, “ਪਹਿਲਾਂ ਓ[ ਪੀ[ ਧਨਕਦ ਕਹਿੰਦਾ ਸੀ ਕਿ ਹਰਿਆਣਾ ਵਿਚ ਵਿਆਹੁਣ ਲਈ ਅਸੀਂ ਕੁੜੀਆਂ ਬਿਹਾਰ ਤੋਂ ਲਿਆਵਾਂਗੇ| ਹੁਣ ਕੁਝ ਲੋਕ ਕਹਿ ਰਹੇ ਹਨ ਕਿ ਅਸੀਂ ਇਹ ਕਸ਼ਮੀਰ ਤੋਂ ਲਿਆਵਾਂਗੇ, ਪਰ ਮਖੌਲ ਇੱਕ ਪਾਸੇ ਰਹੇ, ਜਦੋਂ ਸਾਡੇ ਸਮਾਜ ਵਿਚ ਲਿੰਗ ਅਨੁਪਾਤ ਸਥਿਰ ਹੋ ਜਾਵੇਗਾ, ਅਸੀਂ ਤਵਾਜ਼ਨ ਰੱਖ ਸਕਦੇ ਹਾਂ|”
ਭਾਵੇਂ ਇਸ ਸਬੰਧੀ ਮੁੱਖ ਮੰਤਰੀ ਖੱਟਰ ਨੇ ਪਿਛੋਂ ਕਾਫੀ ਸਫਾਈਆਂ ਪੇਸ਼ ਕੀਤੀਆਂ ਹਨ, ਪਰ ਇਸ ਤੋਂ ਉਸ ਦੀ ਜ਼ਹਿਨੀਅਤ ਸਾਫ ਪ੍ਰਗਟ ਹੁੰਦੀ ਹੈ| ਇਹ ਉਹੀ ਮਨੋਹਰ ਲਾਲ ਖੱਟਰ ਹੈ, ਜਿਸ ਦੇ ਰਾਜ ਵਿਚ ਜਾਟ ਅੰਦੋਲਨ ਵੇਲੇ ਪੰਜਾਬ ਨੂੰ ਜਾਣ ਵਾਲੀਆਂ ਔਰਤਾਂ ਨਾਲ, ਜਿਨ੍ਹਾਂ ਵਿਚੋਂ ਕਈ ਬਾਹਰਲੇ ਮੁਲਕਾਂ ਤੋਂ ਆਈਆਂ ਸਨ ਤੇ ਪੰਜਾਬ ਨੂੰ ਜਾ ਰਹੀਆਂ ਸਨ, ਮੂਰਥਲ `ਚ ਬਲਾਤਕਾਰ ਕੀਤੇ ਗਏ ਸਨ ਅਤੇ ਹਰਿਆਣਾ ਪੁਲਿਸ ਨੇ ਪੀੜਤਾਂ ਦੀ ਕੋਈ ਮਦਦ ਨਹੀਂ ਸੀ ਕੀਤੀ| ਸੌਦਾ ਸਾਧ ਇਸੇ ਖੱਟਰ ਦੇ ਨੱਕ ਹੇਠਾਂ ਸਿਰਸਾ ਡੇਰੇ ਵਿਚ ਗੈਰ-ਸਮਾਜਕ ਕੰਮ ਕਰਦਾ ਰਿਹਾ ਅਤੇ ਹਰਿਆਣੇ ਦੀ ਭਾਜਪਾ ਲੀਡਰਸ਼ਿਪ ਵੋਟਾਂ ਕਰਕੇ ਉਸ ਨੂੰ ਛੁਡਾਉਣ ਲਈ ਯਤਨਸ਼ੀਲ ਹੈ|
ਸਰਕਾਰ ਵੱਲੋਂ ਲੋਕਾਂ ਦਾ ਧਿਆਨ ਕਸ਼ਮੀਰ ਵਾਲੇ ਪਾਸਿਓਂ ਹਟਾਉਣ ਲਈ ਦਿੱਲੀ ਦੇ ਤੁਗਲਕਾਬਾਦ ਦੇ ਜੰਗਲ ਵਿਚ ਭਗਤ ਰਵਿਦਾਸ ਦਾ ਪੁਰਾਣਾ ਮੰਦਿਰ ਢਾਹ ਦਿੱਤਾ ਗਿਆ ਹੈ| ਸਾਰੇ ਉੱਤਰੀ ਭਾਰਤ ਦੇ ਲੋਕਾਂ, ਖਾਸ ਕਰਕੇ ਦਲਿਤ ਭਾਈਚਾਰੇ ਵਿਚ ਇਸ ਮੁੱਦੇ ਨੂੰ ਲੈ ਕੇ ਬਹੁਤ ਰੋਸ ਹੈ ਅਤੇ ਹਲਚਲ ਮੱਚ ਗਈ ਹੈ| ਪੰਜਾਬ ਅਤੇ ਹੋਰ ਥਾਂਵਾਂ ਤੋਂ ਲੋਕ ਵੱਡੀ ਗਿਣਤੀ ਵਿਚ ਵਿਖਾਵੇ ਤੇ ਹੜਤਾਲਾਂ ਕਰ ਰਹੇ ਹਨ| ਲੋਕਾਂ ਨੂੰ ਇਸ ਨੂੰ ਧਾਰਮਿਕ ਮੁੱਦਾ ਨਾ ਬਣਾਉਣ ਲਈ ਕਿਹਾ ਜਾ ਰਿਹਾ ਹੈ| ਦੂਜੇ ਪਾਸੇ ਭਾਜਪਾਈ ਬਾਬਰੀ ਮਸਜਿਦ ਡੇਗ ਕੇ ਉਸ ਦੀ ਥਾਂ ਰਾਮ ਮੰਦਿਰ ਦੀ ਉਸਾਰੀ ਲਈ ਪੂਰਾ ਜ਼ੋਰ ਲਾ ਰਹੇ ਹਨ|
ਕਿਸੇ ਵੇਲੇ ਯੋਗੀ ਅਦਿਤਿਆਨਾਥ ਨੇ ਬਿਆਨ ਦਿਤਾ ਸੀ, “ਜੇ ਮੁਸਲਮਾਨ ਇੱਕ ਹਿੰਦੂ ਕੁੜੀ ਲੈ ਕੇ ਜਾਂਦੇ ਹਨ, ਅਸੀਂ ਸੌ ਮੁਸਲਮਾਨ ਕੁੜੀਆਂ ਲੈ ਕੇ ਆਵਾਂਗੇ|” ਇਸੇ ਕਿਸਮ ਦਾ ਬਿਆਨ ਪਿਛਲੇ ਦਿਨੀਂ ਇੱਕ ਭਾਜਪਾਈ ਸਾਧਵੀ ਨੇ ਦਾਗਿਆ ਹੈ| ਇਥੇ ਇਨ੍ਹਾਂ ਸਭ ਘਟਨਾਵਾਂ ਦਾ ਜ਼ਿਕਰ ਭਾਜਪਾਈ ਨੁਮਾਇੰਦਿਆਂ ਅਤੇ ਉਨ੍ਹਾਂ ਦੇ ਸਮਰਥਕਾਂ ਦੀ ਘੱਟਗਿਣਤੀ ਭਾਈਚਾਰਿਆਂ, ਦਲਿਤਾਂ ਅਤੇ ਔਰਤਾਂ ਪ੍ਰਤੀ ਘਟੀਆ ਸੋਚ ਨੂੰ ਦੱਸਣਾ ਹੈ ਕਿ ਇਹ ਲੋਕ ਕਿਸ ਤਰ੍ਹਾਂ ਦੂਜਿਆਂ ਪ੍ਰਤੀ ਨੱਕੋ ਨੱਕ ਨਫਰਤ ਨਾਲ ਭਰੇ ਹੋਏ ਹਨ|
ਸੱਜਰੀ ਘਟਨਾ ਐਨ[ ਡੀ[ ਟੀ[ ਵੀ[ ਚੈਨਲ ਦੀ ਹੈ| ਇਹ ਇੱਕੋ ਇੱਕ ਅਜਿਹਾ ਚੈਨਲ ਹੈ, ਜੋ ਵਾਰ ਵਾਰ ਦਰਪੇਸ਼ ਲੋਕ ਮੁੱਦਿਆਂ ਨੂੰ ਉਭਾਰਦਾ ਹੈ, ਨਿਰਪੱਖ ਖਬਰਾਂ ਦਿੰਦਾ ਹੈ, ਗਾਹੇ ਬਗਾਹੇ ਸਰਕਾਰ ਦੀਆਂ ਗਲਤ ਨੀਤੀਆਂ ਨੂੰ ਉਭਾਰਦਾ ਹੈ, ਲੋਕਾਈ ਨੂੰ ਹਿੰਦੂ-ਮੁਸਲਿਮ ਨਫਰਤ ਦੇ ਪ੍ਰਚਾਰ ਨੂੰ ਛੱਡ ਕੇ ਲੋਕਾਂ ਨੂੰ, ਖਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਮੁਲਕ ਨੂੰ ਦਰਪੇਸ਼ ਅਸਲੀ ਸਮੱਸਿਆਵਾਂ ਅਤੇ ਚੁਣੌਤੀਆਂ ਪ੍ਰਤੀ ਸੁਚੇਤ ਕਰਨ ਦੀ ਕੋਸ਼ਿਸ਼ ਕਰਦਾ ਹੈ|
ਇਨ੍ਹੀਂ ਦਿਨੀਂ ਅਖਬਾਰਾਂ ਵਿਚ ਨਸ਼ਰ ਹੋਈ ਇੱਕ ਖਬਰ ਅਨੁਸਾਰ “ਕੇਂਦਰੀ ਜਾਂਚ ਏਜੰਸੀ (ਸੀ[ ਬੀ[ ਆਈ[) ਨੇ ਸੀਨੀਅਰ ਪੱਤਰਕਾਰ ਅਤੇ ਐਨ[ ਡੀ[ ਟੀ[ ਵੀ[ ਦੇ ਸਹਿ ਸੰਸਥਾਪਕ ਪ੍ਰਣਯ ਰੌਏ, ਉਸ ਦੀ ਪਤਨੀ ਰਾਧਿਕਾ ਰੌਏ ਅਤੇ ਕੰਪਨੀ ਦੇ ਸੀ[ ਈ[ ਓ[ ਤੇ ਡਾਇਰੈਕਟਰ ਵਿਕਰਮਾ ਦਿੱਤਿਆ ਚੰਦਰਾ ਖਿਲਾਫ ਕੇਸ ਦਰਜ ਕੀਤਾ ਹੈ| ਤਿੰਨਾਂ `ਤੇ ਦੋਸ਼ ਲਾਇਆ ਗਿਆ ਹੈ ਕਿ ਇਨ੍ਹਾਂ ਅਣਪਛਾਤੇ ਨੌਕਰਸ਼ਾਹਾਂ ਦਾ ਕਾਲਾ ਧਨ ਗੁੰਝਲਦਾਰ ਲੈਣ-ਦੇਣ ਕਰਕੇ ਸਿੱਧੇ ਵਿਦੇਸ਼ੀ ਨਿਵੇਸ਼ ਰਾਹੀਂ ਕੰਪਨੀਆਂ ਵਿਚ ਲਾਇਆ| ਜਾਂਚ ਏਜੰਸੀ ਨੇ ਕਿਹਾ ਹੈ ਕਿ ਐਨ[ ਡੀ[ ਟੀ[ ਵੀ[ ਨੇ ਆਪਣੇ ਪ੍ਰੋਮੋਟਰਾਂ ਪ੍ਰਣਯ, ਰਾਧਿਕਾ, ਕੇ[ ਵੀ[ ਐਲ[ ਨਰੈਣ ਰਾਉ (ਮਰਹੂਮ) ਤੇ ਚੰਦਰਾ ਰਾਹੀਂ ਅਪਰਾਧਕ ਸਾਜਿਸ਼ ਘੜੀ ਤੇ ਨੌਕਰਸ਼ਾਹਾਂ ਨੂੰ ਇਸ ਲਈ ਵਰਤਿਆ| ਐਫ[ ਆਈ[ ਆਰ[ ਵਿਚ ਕਿਹਾ ਗਿਆ ਹੈ ਕਿ 2004 ਤੋਂ 2010 ਤੱਕ ਐਨ[ ਡੀ[ ਟੀ[ ਵੀ[ ਲਿਮਟਿਡ ਨੇ 32 ਸਹਿਯੋਗੀ ਫਰਮਾਂ ਖੜ੍ਹੀਆਂ ਕੀਤੀਆਂ, ਜਿਨ੍ਹਾਂ ਵਿਚੋਂ ਜ਼ਿਆਦਾਤਰ ਟੈਕਸ ਰਾਹਤ ਦੇਣ ਵਾਲੇ ਦੇਸ਼ਾਂ ਹਾਲੈਂਡ, ਯੂ[ ਕੇ[, ਦੁੱਬਈ, ਮਲੇਸ਼ੀਆ ਅਤੇ ਮੌਰੀਸ਼ਸ ਵਿਚ ਹਨ| ਏਜੰਸੀ ਨੇ ਕਿਹਾ ਹੈ ਕਿ ਜ਼ਿਆਦਾਤਰ ਫਰਮਾਂ ਨੇ ਕੋਈ ਵਪਾਰਕ ਲੈਣ-ਦੇਣ ਨਹੀਂ ਕੀਤਾ ਤੇ ਇਨ੍ਹਾਂ ਦਾ ਇਸਤੇਮਾਲ ਸਿਰਫ ਵਿਦੇਸ਼ਾਂ ਤੋਂ ਫੰਡ ਹਾਸਲ ਕਰਕੇ ਵਿੱਤੀ ਲੈਣ-ਦੇਣ ਲਈ ਕੀਤਾ ਗਿਆ ਹੈ| ਫਰਮਾਂ ਸਿਰਫ ਦਿਖਾਵੇ ਲਈ ਸਨ|”
ਇਸ ਸਭ ਕੁੱਝ ਤੋਂ ਉਸ ਬੀਮਾਰ ਬ੍ਰਾਹਮਣਵਾਦੀ ਵਿਚਾਰਧਾਰਾ, ਮੰਨੂਵਾਦੀ ਮਾਨਸਿਕਤਾ ਦਾ ਪ੍ਰਗਟਾਵਾ ਹੁੰਦਾ ਹੈ, ਜੋ ਭਾਰਤੀ ਜਨਤਾ ਪਾਰਟੀ ਦੇ ਰੂਪ ਵਿਚ ਦਿਨ-ਬ-ਦਿਨ ਲੋਕਾਂ ਦੇ ਸਾਹਮਣੇ ਸਪੱਸ਼ਟ ਤੌਰ `ਤੇ ਉਘੜ ਕੇ ਸਾਹਮਣੇ ਆ ਰਹੀ ਹੈ| ਬ੍ਰਾਹਮਣਵਾਦੀ ਵਿਚਾਰਧਾਰਾ ਉਹ ਫਲਸਫਾ ਹੈ, ਜਿਸ ਨੇ ਆਪਣੇ ਹੀ ਸਮਾਜ ਨੂੰ ਵਰਣ-ਆਸ਼ਰਮ ਸਿਧਾਂਤ `ਤੇ ਆਧਾਰਤ ਵੱਖ ਵੱਖ ਵਰਗਾਂ ਵਿਚ ਸਦੀਆਂ ਤੋਂ ਵੰਡਿਆ ਹੋਇਆ ਹੈ| ਇਹ ਵਰਗ ਵੰਡ ਅਜਿਹੀ ਹੈ, ਜਿਸ ਵਿਚ ਜਾਤ ਅਤੇ ਜਮਾਤ ਆਧਾਰਤ ਦੋਵਾਂ ਤਰ੍ਹਾਂ ਦੇ ਵਖਰੇਵੇਂ ਪੈਦਾ ਹੋਏ ਹਨ| ਕਹਿਣ ਤੋਂ ਭਾਵ ਹੈ ਕਿ ਇਸ ਵਿਚਾਰਧਾਰਾ ਨੇ ਇੱਕ ਪਾਸੇ ਜਾਤ ਵੰਡ ਰਾਹੀਂ ਮਨੁੱਖੀ ਭਾਈਚਾਰੇ ਨੂੰ ਉੱਚਾ ਜਾਂ ਨੀਵਾਂ ਹੋਣ ਦਾ ਦਰਜਾ ਦੇ ਕੇ ਪਸੂਆਂ ਤੋਂ ਵੀ ਨੀਵੇਂ ਪੱਧਰ `ਤੇ ਜਿਉਣ ਲਈ ਮਜ਼ਬੂਰ ਕੀਤਾ, ਔਰਤ ਨੂੰ ਹਰ ਤਰ੍ਹਾਂ ਨਾਲ ਤ੍ਰਿਸਕਾਰਿਆ ਅਤੇ ਨਾਲ ਹੀ ਇਸ ਵਰਗ ਵੰਡ ਨੇ ਅਮੀਰ ਅਤੇ ਗਰੀਬ ਵਿਚਲਾ ਪਾੜਾ ਵਧਾਇਆ|
ਗੁਰਮਤਿ ਸਿਧਾਂਤਾਂ ਦੀ ਵਿਆਖਿਆ ਕਰਦਿਆਂ ਭਾਈ ਗੁਰਦਾਸ ਨੇ ਕਿਹਾ ਹੈ ਕਿ ‘ਦੇਖ ਪਰਾਈਆਂ ਚੰਗੀਆਂ ਮਾਂਵਾਂ ਧੀਆਂ ਭੈਣਾਂ ਜਾਣੈ’ ਅਰਥਾਤ ਪਰਾਈ ਇਸਤਰੀ ਦਾ ਹਰ ਤਰ੍ਹਾਂ ਨਾਲ ਸਤਿਕਾਰ ਕਰਨਾ ਹੈ, ਜੇ ਕੋਈ ਉਮਰ ਵਿਚ ਆਪ ਤੋਂ ਵੱਡੀ ਹੈ ਤਾਂ ਉਸ ਨੂੰ ਮਾਂ ਦੇ ਬਰਾਬਰ ਮੰਨਣਾ ਹੈ, ਛੋਟੀ ਨੂੰ ਧੀ ਦੇ ਬਰਾਬਰ ਅਤੇ ਉਮਰ ਵਿਚ ਬਰਾਬਰ ਦੀ ਦਾ ਸਤਿਕਾਰ ਆਪਣੀ ਭੈਣ ਸਮਝ ਕੇ ਕਰਨਾ ਹੈ| ਇਸੇ ਸਿਧਾਂਤ ਨੂੰ ਪ੍ਰਣਾਏ ਸਿੱਖ ਵੀਰਾਂ ਨੇ ਕਸ਼ਮੀਰੀ ਬੱਚੀਆਂ ਨੂੰ ਇਸ ਮੁਸੀਬਤ ਦੇ ਸਮੇਂ ਕਸ਼ਮੀਰ ਵਿਚ ਆਪੋ ਆਪਣੇ ਘਰੀਂ ਪਹੁੰਚਣ ਵਿਚ ਮਦਦ ਕੀਤੀ| ਪਹਿਲਾਂ ਕਸ਼ਮੀਰੀ ਵਿਦਿਆਰਥੀਆਂ ਨੂੰ ਵੀ ਘਰੋ ਘਰੀਂ ਪਹੁੰਚਦੇ ਕੀਤਾ ਸੀ ਤੇ ਹੁਣ ਇਸ ਹਾਲਤ ਵਿਚ ਵੀ ਸੁਰੱਖਿਆ ਦਿੱਤੀ| ਮੁਲਕ ਦੇ ਮੌਜੂਦਾ ਹਾਲਾਤ ਅਤੇ ਲੋਕਾਂ ਪ੍ਰਤੀ ਨਜ਼ਰੀਏ ਨੂੰ ਵੇਖਦਿਆਂ ਲਗਦਾ ਹੈ ਕਿ ਵਾਕਿਆ ਹੀ ਉਹ ਸਮਾਂ ਆ ਗਿਆ ਹੈ, ਜਦੋਂ ਵਤਨ ਦਾ ਫਿਕਰ ਕਰਨ ਦੀ ਲੋੜ ਪੈਦਾ ਹੋ ਗਈ ਹੈ| ਨੌਜੁਆਨ ਪੀੜ੍ਹੀ ਨੂੰ ਖਾਸ ਕਰਕੇ ਸੁਚੇਤ ਹੋਣਾ ਪਵੇਗਾ|