ਵਜੂਦ-ਗੁਨ੍ਹੀ ਨੈਤਿਕਤਾ ਵਾਲਾ ਕਲਾਕਾਰ

ਬਲਕਾਰ ਸਿੰਘ
ਸ[ ਤ੍ਰਿਲੋਕ ਸਿੰਘ ਚਿੱਤਰਕਾਰ ਨੂੰ ਮੈਂ 1963-64 ਵਿਚ ਪਹਿਲੀ ਵਾਰ ਪਟਿਆਲੇ ਦੇ ਸ਼ਾਹੀ ਕਿਲੇ ਵਿਚ ਸਥਿਤ ਭਾਸ਼ਾ ਵਿਭਾਗ ਵਿਚ ਵੇਖਿਆ ਸੀ। ਸੱਜਰੀ ਸੱਜਰੀ ਐਮ[ ਏ[ ਪੰਜਾਬੀ ਕਰਕੇ ਪਹਿਲੀ ਆਰਜ਼ੀ ਨੌਕਰੀ ਮਰਹੂਮ ਗਿਆਨੀ ਲਾਲ ਸਿੰਘ ਦੀ ਮਿਹਰਬਾਨੀ ਨਾਲ ਇਥੇ ਹੀ ਮਿਲੀ ਸੀ। ਵਿਭਾਗ ਦੇ ਸੀਨੀਅਰਜ਼ ਵਿਚੋਂ ਸੁਹਿਰਦ ਸਲੀਕੇ ਨਾਲ ਮਿਲਣ ਵਾਲਿਆਂ ਵਿਚ ਸ[ ਤ੍ਰਿਲੋਕ ਸਿੰਘ ਚਿੱਤਰਕਾਰ ਸਭ ਤੋਂ ਅੱਗੇ ਸਨ। ਉਹ ਬਹੁਤਾ ਨਹੀਂ ਬੋਲਦੇ ਸਨ ਅਤੇ ਫਿਰ ਵੀ ਦੂਜੇ ਦੀਆਂ ਲੋੜਾਂ ਦੀ ਸੁਤੇ ਪਛਾਣ ਦੇ ਮਾਲਕ ਲੱਗਦੇ ਸਨ। ਸੰਜੀਦਗੀ ਨੂੰ ਉਨ੍ਹਾਂ ਨੇ ਨਿਮ੍ਹੀ ਜਿਹੀ ਮੁਸਕਾਨ ਅਤੇ ਸੰਜੀਦਾ ਹਾਸੇ ਨਾਲ ਢਕਿਆ ਹੋਇਆ ਸੀ।

ਅੱਜ ਏਨੇ ਸਾਲਾਂ ਬਾਅਦ ਉਨ੍ਹਾਂ ਬਾਰੇ ਚਿਤਵਦਾ ਹਾਂ ਤਾਂ ਲੱਗਦਾ ਹੈ ਕਿ ਕਲਾਕਾਰੀ ਵਿਚ ਦਾਨਿਸ਼ਵਰੀ ਨਿਹਿਤ ਹੋਣ ਦੇ ਬਾਵਜੂਦ ਕਲਾਕਾਰੀ ਨੂੰ ਦਾਨਿਸ਼ਵਰੀ ਦੀ ਕੋਈ ਮੁਥਾਜੀ ਨਹੀਂ ਹੁੰਦੀ। ਉਨ੍ਹਾਂ ਦੀ ਸੰਗਤ ਵਿਚ ਕਿਹੋ ਜਿਹੀ ਸੰਤੁਸ਼ਟੀ ਮਿਲਦੀ ਸੀ, ਇਸ ਦਾ ਜਿਸ ਤਰ੍ਹਾਂ ਇਸ ਵੇਲੇ ਅਹਿਸਾਸ ਹੋ ਰਿਹਾ ਹੈ, ਉਸ ਤਰ੍ਹਾਂ ਉਸ ਵੇਲੇ ਹੋਇਆ ਹੋਵੇ, ਯਾਦ ਨਹੀਂ ਹੈ। ਸ[ ਤ੍ਰਿਲੋਕ ਸਿੰਘ ਜਿਹੀਆਂ ਹੁਸੀਨ ਰੂਹਾਂ, ਪ੍ਰੋ[ ਪੂਰਨ ਸਿੰਘ ਦੇ ਸ਼ਬਦਾਂ ਵਿਚ ਸੱਚੀਓਂ ‘ਪ੍ਰਭੂ ਦੇ ਆਪਣੇ ਹੱਥੀਂ ਸਿਰਜੇ ਆਤਮ ਅਨੰਦ ਦਾ ਰੂਪ’ ਹੁੰਦੀਆਂ ਹਨ। ਇਹੋ ਜਿਹੇ ਹੀ ਸਨ, ਚਿਤਰਕਾਰ ਸ[ ਤ੍ਰਿਲੋਕ ਸਿੰਘ, ਕਿਉਂਕਿ ਉਹ ਸਿੱਖ-ਸਭਿਆਚਾਰ ਅਤੇ ਪੰਜਾਬੀ-ਸਭਿਆਚਾਰ ਦੇ ਤਾਸੀਰੀ-ਸੰਗਮ ਦੀ ਜਿਉਂਦੀ ਜਾਗਦੀ ਮਿਸਾਲ ਸਨ। ਅੱਜ ਵੀ ਉਨ੍ਹਾਂ ਦੇ ਸਾਰੇ ਗੁਣ ਉਨ੍ਹਾਂ ਦੀ ਚਿੱਤਰਕਾਰੀ ਵਿਚ ਸੰਭਾਲੇ ਹੋਏ ਹਨ।
ਕਲਾ ਨੂੰ ਬੇਸ਼ੱਕ ਸਮੇਂ ਅਤੇ ਸਥਾਨ ਦਾ ਬੰਧਨ ਨਹੀਂ ਹੋਣਾ ਚਾਹੀਦਾ, ਪਰ ਕਲਾਕਾਰੀ, ਕਲਾਕਾਰ ਦੇ ਸਮਕਾਲ ਨਾਲ ਬਹੁਤ ਨੇੜਿਉਂ ਜੁੜੀ ਹੁੰਦੀ ਹੈ। ਵਰਤਮਾਨ ਵਿਚ ਉਨ੍ਹਾਂ ਦੇ ਚਿੱਤਰਾਂ ਵਿਚ ਪ੍ਰਾਪਤ ਬਿੰਬਾਂ ਦੀ ਡੀਕੋਡਿੰਗ ਰਾਹੀਂ ਉਹ ਮਾਹੌਲ ਉਸਾਰਿਆ ਜਾ ਸਕਦਾ ਹੈ, ਜੋ ਉਸ ਵੇਲੇ ਸਿਆਸੀ ਦਖਲ ਤੋਂ ਕਰੀਬ ਬਚਿਆ ਹੋਇਆ ਸੀ। ਇਹ ਲੋੜ ਪੰਜਾਬ ਨੂੰ ਪੰਜਾਬ ਰੱਖਣ ਅਤੇ ਭਾਰਤ ਨੂੰ ਭਾਰਤ ਰੱਖਣ ਵਾਸਤੇ ਇਸ ਵੇਲੇ ਬਹੁਤ ਮਹਿਸੂਸ ਹੋ ਰਹੀ ਹੈ।
ਪਟਿਆਲਾ, ਬੇਸ਼ੱਕ ਪੰਜਾਬ ਦਾ ਓਸੇ ਤਰ੍ਹਾਂ ਸਭਿਆਚਾਰਕ ਕੇਂਦਰ ਹੈ, ਜਿਸ ਤਰ੍ਹਾਂ ਪੰਜਾਬ ਦਾ ਅਧਿਆਤਮਕ ਕੇਂਦਰ ਅੰਮ੍ਰਿਤਸਰ ਹੈ। ਚਿੱਤਰਕਾਰ ਸ[ ਤ੍ਰਿਲੋਕ ਸਿੰਘ ਦੇ ਸਮੇਂ ਨੂੰ ਚੇਤਿਆਂ ਵਿਚ ਤਾਜ਼ਾ ਕਰੀਏ ਤਾਂ ਉਸ ਵੇਲੇ ਦੇ ਪਟਿਆਲੇ ਵਿਚ ਲੋਅਰ ਮਾਲ (ਮਹਿੰਦਰਾ ਕਾਲਜ ਤੋਂ ਫੁਹਾਰਾ ਚੌਂਕ ਤੱਕ ਦੀ ਸੜਕ), ਸਿੱਖ-ਸੁਜੱਗਤਾ ਦੇ ਜਲੌਅ ਵਜੋਂ ਲਟ ਲਟ ਬਲਦੀ ਸੀ। ਧੀਰੋ ਕੀ ਮਾਜਰੀ ਵਿਚ ਡਾ[ ਗੰਡਾ ਸਿੰਘ, ਪ੍ਰੋ[ ਪ੍ਰੀਤਮ ਸਿੰਘ ਅਤੇ ਭੂਤ-ਵਾੜਾ ਇਕੋ ਗਲੀ ਦੇ ਮੁੱਢ ਵਿਚ ਸਨ। ਕੁਝ ਗਜਾਂ ਦੀ ਵਿੱਥ ਤੇ ਸ[ ਤ੍ਰਿਲੋਕ ਸਿੰਘ ਚਿੱਤਰਕਾਰ ਅਤੇ ਪਿਆਰਾ ਸਿੰਘ ਪਦਮ ਸਾਂਝੀ ਕੰਧ ਵਾਲੇ ਦੋ ਘਰਾਂ ਵਿਚ ਰਹਿ ਰਹੇ ਸਨ।
ਪਟਿਆਲਵੀ ਅਮੀਰੀ ਦੀ ਇਸ ਪੰਜੋਖਰੀ ਚੇਤਨਾ ਨਾਲ ਜੁੜੀ ਪ੍ਰਚੰਡਤਾ ਦੀਆਂ ਸਾਰੀਆਂ ਪਰਤਾਂ ਆਪੋ ਆਪਣੇ ਰੰਗ ਵਿਚ ਜਿਸ ਤਰ੍ਹਾਂ ਬੇਰੋਕ ਵਹਿ ਰਹੀਆਂ ਸਨ, ਉਹ ਸ਼ਾਇਦ ਦੱਸਿਆਂ ਸਮਝ ਨਹੀਂ ਆਏਗਾ। ਚਸ਼ਮਦੀਦ ਗਵਾਹ ਵਾਂਗ ਚੇਤੇ ਕਰਦਾ ਹਾਂ ਤਾਂ ਉਦਾਸੀ ਹੁੰਦੀ ਹੈ ਕਿ ਇਸ ਦੀ ਨਿਰੰਤਰਤਾ ਵਿਚ ਰੁਕਾਵਟਾਂ ਕਿਉਂ ਤੇ ਕਿਵੇਂ ਆਈਆਂ? ਇਸ ਦਾ ਲੇਖਾ ਜੋਖਾ ਅਜੇ ਹੋਣਾ ਹੈ। ਅਜਿਹਾ ਕਰਨ ਨਾਲ ਹੀ ਪਤਾ ਲੱਗਣਾ ਹੈ ਕਿ ਵਿਰਾਸਤੀ ਪੁਰਖਿਆਂ ਦੇ ਸੁਜੱਗ ਪਹਿਲੂਆਂ ਨੂੰ ਜੇ ਚੇਤਿਆਂ ਵਿਚ ਤਾਜ਼ਾ ਨਹੀਂ ਰੱਖਾਂਗੇ ਤਾਂ ਬੌਧਿਕ ਸੋਕੜੇ ਦੀਆਂ ਸੰਭਾਵਨਾਵਾਂ ਤੋਂ ਨਹੀਂ ਬਚ ਸਕਾਂਗੇ। ਸੋਚਾਂਗੇ ਤਾਂ ਸਮਝ ਸਕਾਂਗੇ ਕਿ ਜਿਹੋ ਜਿਹੀ ਭੂਮਿਕਾ ਕਿਸੇ ਵੇਲੇ ਪਟਿਆਲੇ ਵਿਚ ਮਹਿੰਦਰਾ ਕਾਲਜ ਅਤੇ ਭਾਸ਼ਾ ਵਿਭਾਗ ਨਿਭਾ ਰਹੇ ਸਨ, ਉਸ ਵੱਲ ਪਟਿਆਲਵੀਆਂ ਦੀ ਪਿੱਠ ਕਿਉਂ ਹੋ ਗਈ ਹੈ? ਹੋ ਸਕਦਾ ਹੈ ਇਹ ਕਾਰਨ ਵੀ ਹੋਵੇ ਕਿ ਵਿਸ਼ਵਾਸ ਦੀ ਦੁਨੀਆਂ ਵਿਚ ਸੋਚ ਸਮਝ ਕੇ ਗੱਲ ਕਰਨ ਦਾ ਸਲੀਕਾ ਖੁਰਦਾ ਖੁਰਦਾ ਬਹੁਤ ਖੁਰ ਚੁਕਾ ਹੈ।
ਜਿਨ੍ਹਾਂ ਵੇਲਿਆਂ ਵਿਚ ਚਿੱਤਰਕਾਰ ਸ[ ਤ੍ਰਿਲੋਕ ਸਿੰਘ ਦੀ ਚਿੱਤਰਕਾਰੀ ਪ੍ਰਵਾਨ ਚੜ੍ਹ ਰਹੀ ਸੀ, ਉਸ ਵੇਲੇ ਪੰਜਾਬ ਦੀ ਪੇਂਡੂ ਮੱਧ ਸ਼੍ਰੇਣੀ ਨੌਕਰੀਆਂ ਦੇ ਬਹਾਨੇ ਸ਼ਹਿਰਾਂ ਵੱਲ ਹਿਜਰਤ ਕਰ ਰਹੀ ਸੀ। ਏਸੇ ਵਿਚੋਂ ਪੈਦਾ ਹੋ ਰਹੇ ਸਨ, ਸ[ ਤ੍ਰਿਲੋਕ ਸਿੰਘ ਜਿਹੇ ਚਿੱਤਰਕਾਰ ਅਤੇ ਗਿਆਨੀ ਲਾਲ ਸਿੰਘ ਵਰਗੇ ਪ੍ਰਬੰਧਕੀ ਨੈਤਿਕਤਾ ਦੇ ਮਾਲਕ। ਇਸ ਵੇਲੇ ਇਨ੍ਹਾਂ ਲੋਕਾਂ ਦੀ ਅਗਲੀ ਪੀੜ੍ਹੀ ਦਾ ਮੁਕੰਮਲ ਸ਼ਹਿਰੀਕਰਣ ਹੋ ਗਿਆ ਹੈ। ਸ਼ਹਿਰੀਕਰਣ ਨਾਲ ਟਕਸਾਲੀ ਮਧ ਸ਼੍ਰੇਣੀ ਬੇਸ਼ੱਕ ਖੁਸ਼ਹਾਲ ਹੋ ਗਈ ਹੈ, ਪਰ ਇਸ ਦੀ ਕੀਮਤ ਵੀ ਬਹੁਤ ਚੁਕਾਉਣੀ ਪੈ ਰਹੀ ਹੈ। ਏਸੇ ਕਰਕੇ ਸਾਡੀਆਂ ਖੁਸ਼ਹਾਲੀਆਂ ਦੀ ਨੀਂਹ ਰੱਖਣ ਵਾਲਿਆਂ ਨੂੰ ਆਰਕਾਈਵਲ ਹੋ ਜਾਣ ਵੱਲ ਧੱਕ ਦਿੱਤਾ ਗਿਆ ਹੈ। ਇਹ ਸਥਿਤੀ ਉਦੋਂ ਪੈਦਾ ਹੁੰਦੀ ਹੈ, ਜਦੋਂ ਨਵਾਂ ਤੇ ਸਮਕਾਲ ਦੇ ਹਾਣ ਦਾ ਰੋਲ ਮਾਡਲ ਉਸਾਰੇ ਬਿਨਾ ਪ੍ਰਾਪਤ ਰੋਲ ਮਾਡਲ ਨੂੰ ਵਿਸਾਰ ਦਿੱਤਾ ਜਾਂਦਾ ਹੈ। ਏਸੇ ਦਾ ਸਿੱਟਾ ਹੈ ਕਿ ਧਰਤੀ ਮਾਤਾ ਦੇ ਨਵੇਂ ਰੂਪ ਬਰਾਸਤਾ ਧਰਤੀ-ਵਹੁਟੀ, ਉਲਾਰ ਉਪਭੋਗੀ ਮਾਨਸਿਕਤਾ ਦੁਆਰਾ ਧਰਤੀ ਨੂੰ ਕੰਜਰੀ ਸਮਝਣ ਵਾਲੇ ਰਾਹ ਪੈ ਗਏ ਹਨ। ਇਸ ਵੰਗਾਰ ਨਾਲ ਜੂਝਣ ਦੀ ਥਾਂ ਖੁਦਕੁਸ਼ੀਆਂ ਵੱਲ ਵਧ ਰਹੇ ਪੰਜਾਬ ਨੂੰ ਪੈਰ ਰੋਕ ਕੇ ਸੋਚਣਾ ਪਵੇਗਾ ਕਿ ਤੇਜ਼ੀ ਨਾਲ ਕਮਜ਼ੋਰ ਹੁੰਦੇ ਜਾ ਰਹੇ ਚੜ੍ਹਦੀ ਕਲਾ ਦੇ ਸਿੱਖ ਜਜ਼ਬੇ ਵਾਲੀਆਂ ਸੁਰਤੀਆਂ ਬਿਰਤੀਆਂ ਵਾਲੇ ਸਿੱਖ ਕਲਾਕਾਰਾਂ ਨੂੰ ਹਾਸ਼ੀਏ `ਤੇ ਧੱਕੇ ਜਾਣ ਤੋਂ ਰੋਕ ਕੇ ਮੁੱਖ ਧਾਰਾ ਦੀ ਰਹਿਨੁਮਾਈ ਲਈ ਕਿਵੇਂ ਵਰਤੀਏ? ਇਸ ਪ੍ਰਸੰਗ ਵਿਚ ਸ[ ਤ੍ਰਿਲੋਕ ਸਿੰਘ ਚਿੱਤਰਕਾਰ ਦੇ ਯੋਗਦਾਨ ਦੇ ਰੂਬਰੂ ਹੋਣ ਦਾ ਜੋ ਉਪਰਾਲਾ ਕੀਤਾ ਜਾ ਰਿਹਾ ਹੈ, ਉਸ ਵਾਸਤੇ ਪ੍ਰਬੰਧਕ ਵਧਾਈ ਦੇ ਪਾਤਰ ਹਨ।
ਮੇਰੇ ਨਜ਼ਦੀਕ ਅੱਜ ਵੀ ਚਿੱਤਰਕਾਰ ਸ[ ਤ੍ਰਿਲੋਕ ਸਿੰਘ ਸਕਰਮਕ ਕਲਾਕਾਰ ਹਨ ਅਤੇ ਆਪਣੀਆਂ ਰੀਝਾਂ ਨੂੰ ਚਿੱਤਰਾਂ ਵਿਚ ਸੰਭਾਲ ਗਏ ਹਨ। ਉਨ੍ਹਾਂ ਦੀ ਕਲਾ ਨੂੰ ਨਮੋ ਕਰਦਿਆਂ ਆਪਣੀ ਗੱਲ ਨੂੰ ਮੈਂ ਪ੍ਰੋ[ ਪੂਰਨ ਸਿੰਘ ਦੇ ਹਵਾਲੇ ਨਾਲ ਸਮੇਟਣਾ ਚਾਹੁੰਦਾ ਹਾਂ, “ਆਰਟ ਇਉਂ ਮਜ਼੍ਹਬ ਦਾ ਇਕ ਘੜੀ ਦੀ ਘੜੀ ਦਾ ਸਾਹ ਲੈਣਾ ਹੈ, ਯਾ ਉਹ ਖਿਣ ਹੈ, ਜਿਸ ਵਿਚ ਪ੍ਰੀਤ ਅੱਧੀ ਬੇਹੋਸ਼ ਜਿਹੀ ਅਨੰਤ ਦੇ ਭਾਲ ਦੀ ਯਾਤਰਾ ਵਿਚ ਜਾਂਦੀ ਠਹਿਰ ਜਾਂਦੀ ਹੈ ਤੇ ਬੜੀ ਮਮਤਾ ਨਾਲ ਮੁੱਕ ਚੁਕੇ ਪਿੱਛੇ ਨੂੰ ਵੇਖਦੀ ਹੈ ਤੇ ਧੁੰਧਲੇ ਜਿਹੇ ਅੱਗੇ ਨੂੰ ਲੋਚਦੀ ਹੈ, ਦਿੱਸਣ ਵਾਲੇ ਦਿਸਦੇ-ਕਿਸੇ ਅਣਖੁਲ੍ਹੇ ਜਿਹੇ ਰਾਜ਼ ਦੇ ਇਸ਼ਾਰੇ ਮਾਤਰ ਦਾ ਸੁਫਨਾ ਇਸ ਥੀਂ ਵੱਧ ਕੋਈ ਠੋਸ ਚੀਜ਼ ਨਾਂਹ, ਪਰ ਰੂਹ ਦੇ ਹੋਣ ਦਾ ਪੂਰਾ ਇਸ਼ਾਰਾ, ਇਸ ਉਤੇ ਸੱਚ ਦੀ ਉਤਮਤਾ ਘੱਟ ਨਾਂਹ।”