ਸੰਤ ਸੀਚੇਵਾਲ ਨੇ ਪ੍ਰਧਾਨ ਮੰਤਰੀ ਕੋਲ ਉਠਾਇਆ ਕਾਲੀ ਵੇਈਂ ਦਾ ਮੁੱਦਾ

ਨਵੀਂ ਦਿੱਲੀ: ਸ੍ਰੀ ਗੁਰੂ ਨਾਨਕ ਦੇਵ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਕਾਲੀ ਵੇਈਂ ਦੇ ਪਲੀਤ ਹੋ ਰਹੇ ਪਾਣੀ ਦੇ ਮੁੱਦੇ ਨੂੰ ਲੈ ਕੇ ਪ੍ਰਸਿੱਧ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪ੍ਰਧਾਨ ਮੰਤਰੀ ਡਾæ ਮਨਮੋਹਨ ਸਿੰਘ ਨਾਲ ਮੁਲਾਕਾਤ ਕਰਕੇ ਇਸ ਪਾਸੇ ਧਿਆਨ ਦਵਾਇਆ ਹੈ। ਸੰਤ ਸੀਚੇਵਾਲ ਨੇ ਪ੍ਰਧਾਨ ਮੰਤਰੀ ਨੂੰ ਕਾਲੀ ਵੇਈਂ ਦੇ ਇਤਿਹਾਸਕ ਪਿਛੋਕੜ ਬਾਰੇ ਜਾਣਕਾਰੀ ਦਿੱਤੀ ਤੇ ਦੱਸਿਆ ਕਿ ਇਸ ਵੇਈਂ ਨੂੰ ਪੰਜਾਬ ਸਰਕਾਰ ਨੇ ਪਵਿੱਤਰ ਐਲਾਨਿਆ ਹੋਇਆ ਹੈ ਪਰ ਇਸ ਦੇ ਬਾਵਜੂਦ ਇਸ ਗੰਦਾ ਪਾਣੀ ਸੁੱਟਿਆ ਜਾ ਰਿਹਾ ਹੈ। ਉਨ੍ਹਾਂ ਡਾæ ਮਨਮੋਹਨ ਸਿੰਘ ਨੂੰ ਸੁਲਤਾਨਪੁਰ ਲੋਧੀ ਆਉਣ ਦਾ ਸੱਦਾ ਵੀ ਦਿੱਤਾ। 
ਸੰਤ ਸੀਚੇਵਾਲ ਨੇ ਦੱਸਿਆ ਕਿ ਉਕਤ ਮੁਲਾਕਾਤ ਦਾ ਮਕਸਦ ਪੰਜਾਬ ਦੇ ਗੰਧਲੇ ਹੋ ਰਹੇ ਪਾਣੀਆਂ ਦਾ ਮਸਲਾ ਪ੍ਰਧਾਨ ਮੰਤਰੀ ਦੇ ਧਿਆਨ ਵਿਚ ਲਿਆਉਣਾ ਸੀ। ਮੀਟਿੰਗ ਦੌਰਾਨ ਉਨ੍ਹਾਂ ਪ੍ਰਧਾਨ ਮੰਤਰੀ ਦਾ ਧਿਆਨ ਉਸ ਅਧੂਰੇ ਪ੍ਰਾਜੈਕਟ ਵੱਲ ਦਿਵਾਇਆ ਜਿਸ ਤਹਿਤ 2200 ਕਰੋੜ ਰੁਪਏ ਦੀ ਵਿਸ਼ੇਸ਼ ਗਰਾਂਟ ਨਾਲ ਪੰਜਾਬ ਦੇ ਦਰਿਆਵਾਂ ਨੂੰ 30 ਨਵੰਬਰ 2011 ਤੱਕ ਸਾਫ ਕਰਨ ਦਾ ਟੀਚਾ ਮਿਥਿਆ ਗਿਆ ਸੀ। ਡਾæ ਮਨਮੋਹਨ ਸਿੰਘ ਨੇ ਕਿਹਾ ਕਿ ਉਹ ਪੰਜਾਬ ਦੇ ਦਰਿਆਵਾਂ ਵਿਚ ਪੈ ਰਹੇ ਜ਼ਹਿਰੀਲੇ ਪਾਣੀਆਂ ਤੋਂ ਕਾਫੀ ਚਿੰਤਤ ਹਨ ਤੇ  ਦਰਿਆਵਾਂ ਨੂੰ ਸਾਫ ਕਰਨ ਦੇ ਪ੍ਰਾਜੈਕਟ ਵਿਚ ਹੋ ਰਹੀ ਦੇਰੀ ਦੇ ਕਾਰਨਾਂ ਬਾਰੇ ਪਤਾ ਲਗਾਉਣਗੇ।
ਮੁਲਾਕਾਤ ਦੌਰਾਨ ਸੰਤ ਸੀਚੇਵਾਲ ਨੇ ਪ੍ਰਧਾਨ ਮੰਤਰੀ ਨੂੰ ਜਾਣਕਾਰੀ ਦਿੱਤੀ ਕਿ ਕਾਲਾ ਸੰਘਿਆ ਡਰੇਨ, ਬੁੱਢਾ ਨਾਲਾ, ਚਿੱਟੀ ਵੇਈਂ ਸਮੇਤ ਪੰਜਾਬ ਦੀਆਂ ਹੋਰ ਡਰੇਨਾਂ ਕਿਵੇਂ ਜ਼ਹਿਰ ਦੇ ਨਾਲੇ ਬਣ ਕੇ ਵਗ ਰਹੀਆਂ ਹਨ। ਇਸ ਮੌਕੇ ਜਲੰਧਰ ਤੋਂ ਲੋਕ ਸਭਾ ਮੈਂਬਰ ਮਹਿੰਦਰ ਸਿੰਘ ਕੇæਪੀ ਨੇ ਸੰਤ ਸੀਚੇਵਾਲ ਵੱਲੋਂ ਉਠਾਇਆ ਮੁੱਦਿਆਂ ਦੀ ਪ੍ਰੋੜਤਾ ਕਰਦਿਆਂ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ ਨੂੰ ਦੱਸਿਆ ਕਿ ਕਾਲਾ ਸੰਘਿਆ ਡਰੇਨ ਦਾ ਮਾਮਲਾ ਬੜਾ ਗੰਭੀਰ ਬਣਿਆ ਹੋਇਆ ਹੈ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਵੱਲ ਉਚੇਚਾ ਧਿਆਨ ਦੇਣ। ਉਨ੍ਹਾਂ ਕਿਹਾ ਕਿ ਜੇ ਇਸ ਪ੍ਰਦੂਸ਼ਣ ਨੂੰ ਰੋਕਿਆ ਨਾ ਗਿਆ ਤਾਂ ਹੋਰ ਵੀ ਵੱਧ ਨੁਕਸਾਨ ਹੋਣਾ ਹੈ।

Be the first to comment

Leave a Reply

Your email address will not be published.