ਹਿੰਦੂਤਵ ਦੀ ਚੜ੍ਹਤ ਕਿਵੇਂ ਹੋਈ-2

ਸਨਾਤਨ ਸੰਸਥਾ
ਰਾਸ਼ਟਰੀ ਸਵੈਮਸੇਵਕ ਸੰਘ (ਆਰ[ਐਸ[ਐਸ[) ਨੇ ਆਪਣੀ ਹੋਂਦ ਦੇ ਕਰੀਬ ਨੌਂ ਦਹਾਕਿਆਂ `ਚ ਬੜੇ ਉਤਰਾ-ਚੜ੍ਹਾਅ ਦੇਖੇ ਹਨ। ਅੱਜ ਕੱਲ੍ਹ ਇਸ ਦੇ ਸਿਆਸੀ ਵਿੰਗ ਭਾਜਪਾ ਦੇ ਹੱਥਾਂ ਵਿਚ ਹਕੂਮਤ ਹੈ। ਇਸ ਵੇਲੇ ਇਹ ਸੰਸਾਰ ਦੀ ਸਭ ਤੋਂ ਵੱਡੀ ਪਾਰਟੀ ਹੈ; ਆਰ[ ਐਸ[ ਐਸ[ ਵੀ ਸੰਸਾਰ ਦੀ ਸਭ ਤੋਂ ਵੱਡੀ ਵਾਲੰਟੀਅਰ ਸੰਸਥਾ ਹੈ। ਉਘੇ ਪੱਤਰਕਾਰ ਧੀਰੇਂਦਰ ਕੁਮਾਰ ਝਾਅ ਨੇ ਹਿੰਦਤਵੀ ਤਾਕਤਾਂ ਦੀ ਚੜ੍ਹਤ ਲਈ ਜ਼ਿੰਮੇਵਾਰ ਸੰਗਠਨਾਂ ਬਾਰੇ ਚਰਚਾ ਆਪਣੀ ਕਿਤਾਬ ‘ਸ਼ੈਡੋ ਆਰਮੀਜ਼’ (ਹਿੰਦੂਤਵੀ ਲਸ਼ਕਰ) ਵਿਚ ਕੀਤੀ ਹੈ।

ਸਨਾਤਨ ਸੰਸਥਾ ਨੇ ਕਿਸ ਤਰ੍ਹਾਂ ਹਿੰਦੂਤਵ ਦਾ ਪ੍ਰਚਾਰ ਕੀਤਾ ਤੇ ਆਪਣੇ ਵਿਰੋਧੀਆਂ ਨੂੰ ਖਤਮ ਕਰਨ ਦੀਆਂ ਯੋਜਨਾਵਾਂ ਉਲੀਕੀਆਂ, ਇਸ ਬਾਰੇ ਖੁਲਾਸਾ ਇਸ ਲੇਖ ਵਿਚ ਬਾਖੂਬੀ ਕੀਤਾ ਗਿਆ ਹੈ। -ਸੰਪਾਦਕ

ਧੀਰੇਂਦਰ ਕੁਮਾਰ ਝਾਅ
(ਲੜੀ ਜੋੜਨ ਲਈ ਪਿਛਲਾ ਅੰਕ ਵੇਖੋ)
ਗੋਆ ਦੇ ਇਕ ਪਿੰਡ ਵਿਚ ਦੁੱਧ ਚਿੱਟੀ ਇਮਾਰਤ ਦੀ ਵੱਡੀ ਪੋਰਚ, ਹਰੇ ਭਰੇ ਮਾਹੌਲ `ਚ ਅਲੱਗ ਹੀ ਦਿਸਦੀ ਹੈ। ਇਹ ਸਨਾਤਨ ਸੰਸਥਾ ਦਾ ਰਾਮਨਥੀ ਵਿਚਲਾ ਆਸ਼ਰਮ ਹੈ। ਇਥੇ ਸੰਸਥਾ ਦਾ ‘ਪਰਮਾਤਮਾ` ਡਾ[ ਜੈਯੰਤ ਬਾਲਾਜੀ ਅਠਾਵਲੇ ਰਹਿੰਦਾ ਹੈ। ਤਿੰਨ ਮੰਜ਼ਲੀ ਇਮਾਰਤ ਪਿੰਡ ਵਿਚ ਵਿਲੱਖਣ ਜਾਪਦੀ ਹੈ ਪਰ ਜਦੋਂ ਵੀ ਤੁਸੀਂ ਆਸ਼ਰਮ ਦੀ ਗੱਲ ਕਰਦੇ ਹੋ ਤਾਂ ਇਸ ਖਿਲਾਫ ਲੋਕਾਂ ਅੰਦਰ ਵਿਰੋਧ ਅਤੇ ਨਫਰਤ ਸਾਫ ਦਿਖਾਈ ਦਿੰਦੇ ਹਨ।
100 ਦੇ ਕਰੀਬ ਲੋਕ ਪੱਕੇ ਤੌਰ ‘ਤੇ ਇਥੇ ਰਹਿੰਦੇ ਹਨ। ਇੰਨੇ ਕੁ ਲੋਕ ਭਗਵੇਂ ਕੱਪੜਿਆਂ ਵਿਚ ਮੱਥੇ ‘ਤੇ ਤਿਲਕ ਲਾ ਕੇ ਸਵੇਰੇ ਮੰਦਿਰ ਆ ਜਾਂਦੇ ਹਨ ਤੇ ਸ਼ਾਮ ਨੂੰ ਘਰ ਵਾਪਸ ਮੁੜਦੇ ਹਨ।
ਆਸ਼ਰਮ ਦੇ ਸਾਹਮਣੇ ਸੜਕ ਦੇ ਪਾਰ ਵੱਡੇ ਖੇਤ ਦੀ ਢਲਾਣ ਉਸ ਨਦੀ ਵੱਲ ਹੈ, ਜੋ ਪਿੰਡ ਦੇ ਉਤਰ ਵਾਲੇ ਪਾਸੇ ਹੈ। ਇਸ ਜ਼ਮੀਨ ਵਿਚ ਵਧੀਆ ਖੇਤੀ ਹੁੰਦੀ ਸੀ, ਪਰ 2008 ਦੀ ਮੌਨਸੂਨ ਦੇ ਦਿਨੀਂ ਨਦੀ ਵਿਚ ਖੜ੍ਹੇ ਪਾਣੀ ਵਿਚੋਂ ਬਦਬੋ ਆਉਣ ਲੱਗੀ, ਜੋ ਇੰਨੀ ਭੈੜੀ ਸੀ ਕਿ ਖੜ੍ਹਨਾ ਔਖਾ ਸੀ। ਜਦੋਂ ਪਾਣੀ ਘਟਿਆ ਤਾਂ ਲੋਕਾਂ ਨੇ ਖੇਤ ਵਿਚ ਹਜ਼ਾਰਾਂ ਵਰਤੇ ਹੋਏ ਕੰਡੋਮ ਖਿੰਡੇ ਹੋਏ ਦੇਖੇ, ਅਸਲ ਵਿਚ ਇਹ ਦੁਰਗੰਧ ਇਨ੍ਹਾਂ ਕੰਡੋਮਾਂ ਦੀ ਹੀ ਸੀ। ਇਹ ਗੱਲ ਰਾਮਨਾਥ ਮੰਦਿਰ ਦੇ ਪੁਜਾਰੀ ਬਸੰਤ ਭੱਟ ਨੇ ਦੱਸੀ। ਇਹ ਮੰਦਿਰ ਪਿੰਡ ਦੇ ਐਨ ਵਿਚਕਾਰ ਹੈ। ਜਾਹਰ ਹੈ ਕਿ ਕੋਈ ਵੀ ਅਜਿਹੇ ਖੇਤ ਵਿਚ ਖੇਤੀ ਕਰਨ ਜਾਂ ਵਾਹੁਣ ਬਾਰੇ ਨਹੀਂ ਸੀ ਸੋਚ ਸਕਦਾ। ਲੋਕਾਂ ਲਈ ਇਹ ਸਾਰਾ ਕੁਝ ਬੜਾ ਨਿਰਾਸ਼ਾਜਨਕ ਸੀ। ਕੰਡੋਮਾਂ ਬਾਰੇ ਭੇਤ ਭਾਵੇਂ ਬਰਕਰਾਰ ਹੈ ਪਰ ਸ਼ੱਕ ਹੈ ਕਿ ਇਹ ਆਸ਼ਰਮ ਵਿਚੋਂ ਹੀ ਆਏ।
ਪਿੰਡ ਵਾਲੇ ਇਸੇ ਨਤੀਜੇ ‘ਤੇ ਹੀ ਪੁੱਜੇ, ਕਿਉਂਕਿ ਅਠਾਵਲੇ ਅਤੇ ਉਸ ਦੇ ਚੇਲੇ 2002 ਤੋਂ ਚਰਚਾ ਵਿਚ ਹਨ। ਇਥੇ ਆਉਣ ਤੋਂ ਦੋ ਸਾਲ ਪਹਿਲਾਂ ਸੰਸਥਾ ਨੇ ਨਾਲ ਲੱਗਦੇ ਪਿੰਡ ਪਰਵਾਤੀ ਬਾਤਾ `ਚ ਆਸ਼ਰਮ ਬਣਾਉਣ ਬਾਰੇ ਸੋਚਿਆ ਪਰ ਲੋਕਾਂ ਦੇ ਵਿਰੋਧ ਕਾਰਨ ਉਹ ਰਾਮ ਨਾਥੀ ਆ ਗਏ, ਜਿਸ ਦੀ ਪੁਸ਼ਟੀ ਪਿੰਡ ਪਰਵਾਤੀ ਬਾਤਾ ਦੇ ਸਾਬਕਾ ਸਰਪੰਚ ਤੇ ਪੁਰਾਣੇ ਵਾਸੀ ਸ਼ੇਖਰ ਨਾਇਕ ਨੇ ਕੀਤੀ। ਬਹੁਤ ਸਾਰੇ ਲੋਕ ਸਨਾਤਨ ਸੰਸਥਾ ਨੂੰ ਕਾਮੁਕ ਪੂਜਾ ਰੀਤੀ ਕੇਂਦਰ ਸਮਝਦੇ ਹਨ, ਪਰ ਇਸ ਦੇ ਪੁਖਤਾ ਸਬੂਤ ਨਹੀਂ ਮਿਲੇ। 16 ਅਕਤੂਬਰ 2009 ਨੂੰ ਮੜਗਾਓਂ ਵਿਚ ਹੋਏ ਧਮਾਕਿਆਂ ਵੇਲੇ ਪੁਲਿਸ ਨੇ ਸੰਸਥਾ ਤੇ ਰਾਮ ਨਾਥੀ ਆਸ਼ਰਮ ਉਪਰ ਛਾਪਾ ਮਾਰਿਆ ਤਾਂ ਉਸ ਵੇਲੇ ਵੀ ਲੋਕ ਬਹੁਤ ਪ੍ਰੇਸ਼ਾਨ ਹੋਏ।
ਪੁਲਿਸ ਰਿਕਾਰਡ ਅਨੁਸਾਰ ਸੰਸਥਾ ਨਰਕ ਸੁਰਾ ਦੇ ਪੁਤਲੇ ਸਾੜਨ ਦਾ ਵਿਰੋਧ ਕਰਦੀ ਹੈ, ਜੋ ਦੀਵਾਲੀ ਸਮੇਂ ਸਾੜੇ ਜਾਂਦੇ ਹਨ। 16 ਅਕਤੂਬਰ 2009 ਨੂੰ ਸੰਸਥਾ ਦੇ ਦੋ ਮੈਂਬਰ ਮਲਗੌਂਡਾ ਪਾਟਿਲ ਅਤੇ ਯੋਗੇਸ਼ ਨਾਇਕ ਸਕੂਟਰ ‘ਤੇ ਬੰਬ ਲੈ ਕੇ ਜਾ ਰਹੇ ਸਨ ਜੋ ਮੜਗਾਓਂ ਵਿਖੇ ਤਿਉਹਾਰ ਸਮੇਂ ਚਲਾਉਣਾ ਸੀ ਪਰ ਰਸਤੇ ਵਿਚ ਹੀ ਬੰਬ ਫਟਣ ਕਾਰਨ ਦੋਹਾਂ ਦੀ ਮੌਤ ਹੋ ਗਈ। “ਸਾਨੂੰ ਬਹੁਤ ਸਦਮਾ ਲੱਗਾ। ਤੁਰੰਤ ਹੀ ਰਾਮ ਨਾਥੀ ਦੇ ਲੋਕਾਂ ਨੇ ਲੋਕ ਭਲਾਈ ਸੰਸਥਾ ‘ਜਨ ਜਾਗਰਤੀ ਮੰਚ` ਬਣਾਇਆ ਜਿਸ ਦੇ ਪ੍ਰਧਾਨ ਬਸੰਤ ਭੱਟ ਅਤੇ ਸਕੱਤਰ ਸ਼ੇਖਰ ਨਾਇਕ ਬਣੇ। ਇਸ ਦਾ ਮੰਤਵ ਪਿੰਡ ਵਿਚੋਂ ਸਨਾਤਨ ਸੰਸਥਾ ਨੂੰ ਬਾਹਰ ਕੱਢਣਾ ਸੀ।” ਇਹ ਗੱਲ ਸੌਰਭ ਲੋਟਲੀਕਰ ਨੇ ਦੱਸੀ।
ਅਗਲੇ ਦਿਨ ਦੀ ਮੀਟਿੰਗ ਵਿਚ ਥੋੜ੍ਹੇ ਲੋਕ ਪਹੁੰਚੇ। ਹੌਲੀ-ਹੌਲੀ ਗਿਣਤੀ ਵਧਦੀ ਗਈ। 20 ਅਕਤੂਬਰ ਨੂੰ ਬੁਲਾਈ ਮੀਟਿੰਗ ਵਿਚ ਕੇਵਲ ਰਾਮ ਨਾਥੀ ਤੋਂ ਹੀ ਨਹੀਂ, ਪੂਰੀ ਪੌਡਾ ਤਹਿਸੀਲ ਵਿਚੋਂ ਤਿੰਨ ਚਾਰ ਸੌ ਦੀ ਆਸ ਦੇ ਉਲਟ, ਦੋ ਹਜ਼ਾਰ ਲੋਕ ਇਕਠੇ ਹੋਏ ਅਤੇ ਸਨਾਤਨ ਸੰਸਥਾ ਵਿਰੁਧ ਮਾਰਚ ਕੀਤਾ। ਰਾਮ ਨਾਥੀ ਦੇ ਪ੍ਰਦਰਸ਼ਨ ਦੀ ਪ੍ਰੈਸ ਵਿਚ ਕਈ ਹਫਤੇ ਚਰਚਾ ਹੁੰਦੀ ਰਹੀ, ਪਰ ਸਨਾਤਨ ਸੰਸਥਾ ਦੀ ਖਸਲਤ ਅਤੇ ਅਠਾਵਲੇ ਦੇ ਪ੍ਰਚਾਰ ਤੱਤ ਬਾਰੇ ਕੋਈ ਖਾਸ ਜਾਣਕਾਰੀ ਪ੍ਰਾਪਤ ਨਾ ਹੋਈ।

ਮੜਗਾਓਂ ਬੰਬ ਕਾਂਡ ਤੋਂ ਪਹਿਲਾਂ ਪਿੰਡ ਦੇ ਲੋਕ ਇਸ ਸੰਸਥਾ ਨੂੰ ਇੰਨਾ ਤਾਕਤਵਰ ਅਤੇ ਖਤਰਨਾਕ ਗਰੋਹ ਨਹੀਂ ਸਨ ਸਮਝਦੇ ਪਰ ਉਸ ਪਿਛੋਂ ਪਤਾ ਲੱਗਾ ਕਿ ਇਸ ਦੇ ਮੈਂਬਰ ਪਹਿਲਾਂ ਵੀ ਅਜਿਹੇ ਧਮਾਕਿਆ ਵਿਚ ਸ਼ਾਮਲ ਰਹੇ ਹਨ।
2008 ਦੇ ਅੱਧ ਵਿਚ ਮਹਾਂਰਾਸ਼ਟਰ ਪੁਲਿਸ ਨੇ ਥਾਨੇ ਅਤੇ ਵਾਸ਼ੀ ਬੰਬ ਧਮਾਕਿਆਂ ਦੇ ਸਬੰਧ ਵਿਚ ਕਈ ਮੈਬਰਾਂ ਨੂੰ ਗ੍ਰਿਫਤਾਰ ਕੀਤਾ ਸੀ। 4 ਜੂਨ ਨੂੰ ਥਾਨੇ ਦੇ ਬੰਬ ਧਮਾਕੇ ਵਿਚ 7 ਆਦਮੀ ਜ਼ਖਮੀ ਹੋਏ ਸਨ, ਜਦੋਂ ‘ਗਡਕਰੀ ਰੰਗਿਆ ਤਨ ਆਡੋਟੋਰੀਅਮ’ ਵਿਚ ਮਰਾਠੀ ਡਰਾਮਾ ‘ਐਂਬੀ ਪਚਪੁਟੇ’ ਖੇਡਿਆ ਜਾ ਰਿਹਾ ਸੀ, ਜਿਸ ਵਿਚ ਉਨ੍ਹਾਂ ਅਨੁਸਾਰ ਹਿੰਦੂ ਦੇਵੀ-ਦੇਵਤਿਆਂ ਦਾ ਮਾੜਾ ਅਕਸ ਦਿਖਾਇਆ ਗਿਆ ਸੀ। ਲੋਕ ਸੰਸਥਾ ਦਾ ਵਿਰੋਧ ਕਰ ਰਹੇ ਸਨ। ਕੁਝ ਦਿਨ ਪਹਿਲਾਂ 31 ਮਈ ਨੂੰ ‘ਵਿਸ਼ਨੂੰ ਦਾਸ ਭਾਵੇ ਆਡੋਟੋਰੀਅਮ, ਵਾਸ਼ੀ` ਵਿਚ ਬੰਬ ਫਟਿਆ ਸੀ। ਅਗਸਤ 2011 `ਚ ਮਹਾਂਰਾਸ਼ਟਰ ਦੀ ਅਦਾਲਤ ਨੇ ਸੰਸਥਾ ਦੇ ਦੋ ਮੈਂਬਰਾਂ ਵਿਕਰਮ ਭਾਵੇ ਤੇ ਰਮੇਸ਼ ਗਡਕਰੀ ਨੂੰ ਇਨ੍ਹਾਂ ਬੰਬ ਧਮਾਕਿਆ ਲਈ ਜ਼ਿੰਮੇਵਾਰ ਠਹਿਰਾ ਕੇ 10 ਸਾਲ ਦੀ ਬਾਮੁਸ਼ੱਕਤ ਕੈਦ ਦੀ ਸਜ਼ਾ ਦਿੱਤੀ।
ਜਦੋਂ ਵੀ ਕਿਸੇ ਮੈਂਬਰ ‘ਤੇ ਅਜਿਹੇ ਦੋਸ਼ ਸਾਬਤ ਹੋ ਜਾਂਦੇ ਤਾਂ ਸੰਸਥਾ ਉਸ ਤੋਂ ਕਿਨਾਰਾ ਕਰ ਲੈਂਦੀ ਤੇ ਉਨ੍ਹਾਂ ਦੀਆਂ ਵਾਰਦਾਤਾਂ ਦੀ ਜ਼ਿੰਮੇਵਾਰੀ ਨਾ ਲੈਂਦੀ। ਇਹ ਇਉਂ ਹੀ ਚਲਦਾ ਰਿਹਾ, ਭਾਵੇਂ ਗੋਆ ਪੁਲਿਸ ਨੇ ਮੜਗਾਓਂ ਧਮਾਕਿਆਂ ਤੋਂ ਕੁਝ ਮਹੀਨੇ ਪਿਛੋਂ ਸੰਸਥਾ ਦੀ ਅਸਲੀਅਤ ਸਾਹਮਣੇ ਲੈ ਆਂਦੀ ਸੀ। ਉਸ ਦੀ 2010 ਦੀ ਰਿਪੋਰਟ ਅਨੁਸਾਰ ‘ਸੰਸਥਾ ਅਤਿਵਾਦੀ ਕਾਰਵਾਈਆਂ ਵੱਲ ਵਧਦੀ ਜਾਪ ਰਹੀ ਹੈ। ਜੇ ਰੋਕਿਆ ਨਾ ਗਿਆ ਤਾਂ ਗੋਆ ਵਰਗੇ ਸ਼ਾਂਤੀ ਵਾਲੇ ਰਾਜ ਵਿਚ ਜਾਨ ਮਾਲ ਅਤੇ ਫਿਰਕੂ ਸਦਭਾਵਨਾ ਨੂੰ ਖਤਰਾ ਹੈ।” ਗੋਆ ਪੁਲਿਸ ਦੀ ਇਹ ਰਿਪੋਰਟ 1000 ਪੰਨਿਆਂ ਦੀ ਉਸ ਰਿਪੋਰਟ ਦਾ ਆਧਾਰ ਬਣੀ ਜੋ ਏ[ਟੀ[ਐਸ[ ਨੇ ਕੇਂਦਰ ਸਰਕਾਰ ਨੂੰ 2001 ਵਿਚ ਭੇਜੀ। ਇਸ ਵਿਚ ਸੰਸਥਾ ‘ਤੇ ਪਾਬੰਦੀ ਦੀ ਮੰਗ ਕੀਤੀ ਗਈ ਸੀ ਪਰ ਰਾਜ ਅਤੇ ਕੇਂਦਰ ਸਰਕਾਰਾਂ ਵਿਚਕਾਰ ਸਹਿਮਤੀ ਨਾ ਬਣਨ ਕਾਰਨ ਸੰਸਥਾ ਖਿਲਾਫ ਕੋਈ ਕਾਰਵਾਈ ਨਾ ਕੀਤੀ ਗਈ।
ਖੈਰ! ਅੱਜ ਤੱਕ ਵੀ ਇਹ ਨਹੀਂ ਪਤਾ ਕਿ ਮਹਾਰਾਸ਼ਟਰ ਦੇ ਮੁੱਖ ਮੰਤਰੀ ਪ੍ਰਿਥਵੀ ਰਾਜ ਚੌਹਾਨ ਨੇ ਮਸਲੇ ਨੂੰ ਠੀਕ ਢੰਗ ਨਾਲ ਪੇਸ਼ ਨਹੀਂ ਕੀਤਾ ਜਾਂ ਕੇਂਦਰੀ ਗ੍ਰਹਿ ਮੰਤਰੀ ਸ਼ੁਸ਼ੀਲ ਕੁਮਾਰ ਸ਼ਿੰਦੇ ਘੇਸਲ ਵੱਟ ਗਏ। ਚਾਰ ਸਾਲਾਂ ਪਿਛੋਂ ਜਦ ਗੋਆ ਅਤੇ ਕੇਂਦਰ ਵਿਚ ਵੀ ਭਾਜਪਾ ਸਰਕਾਰ ਹੈ ਤਾਂ ਸ਼ਿੰਦੇ ਦਾ ਇਹ ਕਹਿਣਾ ਕਿ ਚੌਹਾਨ ਨੇ ਗੰਭੀਰਤਾ ਨਾਲ ਰਿਪੋਰਟ ਪੇਸ਼ ਨਹੀਂ ਕੀਤੀ ਤਾਂ ਚੌਹਾਨ ਦਾ ਜਵਾਬ ਸੀ, “ਮੈਂ ਪ੍ਰੇਸ਼ਾਨ ਹਾਂ ਜੋ ਮੇਰੇ ਸੀਨੀਅਰ ਸਾਥੀ ਨੇ ਕਿਹਾ ਹੈ ਪਰ ਮੈਂ ਬਿਨਾ ਟਿੱਪਣੀ ਕੀਤੇ ਇਸ ਉਪਰ ਹੱਸ ਹੀ ਸਕਦਾ ਹਾਂ।”
ਕਾਗਜ਼ਾਂ ਵਿਚ ਇਹ ਸੰਸਥਾ 1991 ਵਿਚ ਮੁੰਬਈ ਵਿਖੇ ਚੈਰੀਟੇਬਲ ਟਰਸਟ ਵਜੋਂ ‘ਭਾਰਤੀਆ ਸਨਾਤਨ ਸੰਸਕ੍ਰਿਤੀ ਸੰਸਥਾ` ਨਾਂ ਹੇਠ ਰਜਿਸਟਰਡ ਹੈ। ਇਸ ਦਾ ਮੰਤਵ ਇਹ ਮਿਥਿਆ ਹੋਇਆ ਹੈ: ਸੰਸਥਾ ਪ੍ਰਵਚਨ, ਸਭਾਵਾਂ, ਸੈਮੀਨਾਰਾਂ ਤੇ ਵਰਕਸ਼ਾਪਾਂ ਆਦਿ ਲਾ ਕੇ ਅਧਿਆਤਮਵਾਦ ਦੇ ਵਿਗਿਆਨ ਦਾ ਪ੍ਰਚਾਰ ਕਰੇਗੀ ਤੇ ਆਪਣੇ ਜਗਿਆਸੂ ਸ਼ਰਧਾਲੂਆਂ ਨੂੰ ‘ਗੁਰੂ ਨਾਲ ਮੇਲ` ਲਈ ਸਿਖਿਅਤ ਕਰੇਗੀ। ਚਾਰ ਟਰਸਟੀਆਂ ਵਿਚੋਂ ਇਕ ਡਾ[ ਜੈਯੰਤ ਬਾਲਾ ਜੀ ਅਠਾਵਲੇ ਗੁਰੂ ਸਨ। ਦੂਜੇ ਉਸ ਦੀ ਪਤਨੀ ਡਾ[ ਕੁੰਡਾ ਜੈਯੰਤ ਅਠਾਵਲੇ ਅਤੇ ਦੋ ਚੇਲੇ ਵਿਜੇ ਨੀਲਕੰਥਾ ਭਾਵੇ ਤੇ ਵਿਨੇ ਨੀਲ ਕੰਠਾ ਭਾਵੇ ਸਨ। ਹੌਲੀ-ਹੌਲੀ ਹੋਰ ਸੰਗਠਨ ਹੋਂਦ ਵਿਚ ਆਏ ਜੋ ਅਠਾਵਲੇ ਦੇ ਚੇਲੇ ਹੋਣ ਦੇ ਬਾਵਜੂਦ ਆਜ਼ਾਦ ਤੌਰ `ਤੇ ਕੰਮ ਕਰਦੇ ਸਨ। ਸਨਾਤਨ ਸੰਸਥਾ ਤਾਂ ਬਹੁਤ ਪਿਛੋਂ ਗੋਆ ਵਿਚ ‘ਸਨਾਤਨ ਆਸ਼ਰਮ ਰਾਮਨਾਥੀ, ਪੌਡਾਂ` ਗੋਆ ਦੇ ਤੌਰ `ਤੇ ਰਜਿਸਟਰ ਹੋਈ। ਸੰਸਥਾ ਦੇ ਹੋਰ ਆਸ਼ਰਮ ਪਨਵੇਲ, ਮੇਰਾਜ ਆਦਿ ਮਹਾਂਰਾਸ਼ਟਰ `ਚ ਵੱਖ-ਵੱਖ ਟਰਸਟਾਂ ਦੇ ਤੌਰ `ਤੇ ਰਜਿਸਟਰਡ ਹੋਏ। ਇਸੇ ਤਰ੍ਹਾਂ ਹਿੰਦੂ ਜਨ ਜਾਗ੍ਰਿਤੀ ਸਮਿਤੀ, ਧਰਮ ਸ਼ਕਤੀ ਸੈਨਾ ਅਤੇ ਅਖਬਾਰ ‘ਸਨਾਤਨ ਪ੍ਰਭਾਤ` ਵੀ ਅਲੱਗ-ਅਲੱਗ ਰਜਿਸਟਰਡ ਹਨ।
ਅਠਾਵਲੇ ਦੀ ਇਹ ਸੰਸਥਾ ਤੇ ਹੋਰ ਸਬੰਧਤ ਸੰਸਥਾਵਾਂ ਆਪਣੇ ਆਪ ਨੂੰ ਅਧਿਆਤਮਕ ਸਿੱਖਿਆ ਦੇ ਵਿਲੱਖਣ ਕੇਂਦਰ ਸਿੱਧ ਕਰਨ ਲਈ ਪੂਰੀ ਟਿੱਲ ਲਾ ਰਹੇ ਹਨ। ਅਠਾਵਲੇ ਦੇ ਚੇਲੇ, ਸਾਧ ਅਤੇ ਸਾਧਵੀਆਂ ਸਵੇਰੇ 6 ਵਜੇ 2 ਘੰਟੇ ਦੀ ਭਗਤੀ ਅਤੇ ਪ੍ਰਾਰਥਨਾ ਪਿਛੋਂ ਨਾਸ਼ਤੇ ਨਾਲ ਦਿਨ ਸ਼ੁਰੂ ਕਰਦੇ ਹਨ। ਫਿਰ ‘ਸਨਾਤਨ ਪ੍ਰਭਾਤ` ਅਖਬਾਰ ਜ਼ਰੀਏ ਅਠਾਵਲੇ ਦੇ ਵਿਚਾਰਾਂ ਰਾਹੀਂ ਆਪਸੀ ਸੰਚਾਰ ਕਰਦੇ ਹਨ, ਕਿਉਂਕਿ ਬਿਮਾਰ ਹੋਣ ਕਾਰਨ ਅਠਵਾਲੇ ਲੋਕਾਂ ਨੂੰ ਬਹੁਤ ਘੱਟ ਮਿਲਦਾ ਹੈ। ਫਿਰ ਉਹ ਵੱਖ-ਵੱਖ ਸੇਵਾ ਕਾਰਜਾਂ ਵਿਚ ਰੁਝ ਜਾਂਦੇ ਹਨ। ਇਹ ਕੰਮ ਧਾਰਮਿਕ ਲਿਖਤਾਂ ਦੀ ਮਰਾਠੀ, ਅੰਗਰੇਜ਼ੀ, ਹਿੰਦੀ, ਕੰਨੜ ਅਤੇ ਕੁਝ ਹੋਰ ਭਾਸ਼ਾਵਾਂ ਵਿਚ ਛਪਾਈ, ਧਾਰਮਿਕ ਦੇਵਤਿਆਂ ਦੀਆਂ ਤਸਵੀਰਾਂ ਤੇ ਬੁੱਤ ਬਣਾਉਣੇ, ਅੱਠ ਭਾਸ਼ਾਵਾਂ ਵਿਚ ਛਪਦੀ ਸਾਲਾਨਾ ਜੰਤਰੀ/ਪੱਤਰੀ, ਛੋਟੀਆਂ ਫਿਲਮਾਂ ਬਣਾਉਣਾ ਜਿਸ `ਚ ਧਰਮ ਦੀ ਸਿੱਖਿਆ ਤੇ ਤਿਉਹਾਰ ਮਨਾਉਣ ਬਾਰੇ ਗਿਆਨ ਦਿੱਤਾ ਜਾਂਦਾ ਹੈ। ਸੰਸਥਾ ਦੀ ਵੈਬਸਾਈਟ ਦਾ ਪ੍ਰਬੰਧ ਤੇ ਧਾਰਮਿਕ ਪ੍ਰਚਾਰਕਾਂ ਵਲੋਂ ਧਰਮ ਬਾਰੇ ਸਿਖਿਅਤ ਕਰਨਾ ਆਦਿ ਕੰਮ ਕੀਤੇ ਜਾਂਦੇ ਹਨ।
ਬਾਕੀ ਸੰਗਠਨਾਂ ਨੂੰ ਆਜ਼ਾਦ ਰਜਿਸਟਰਡ ਕਰਾਉਣ ਦਾ ਮੰਤਵ ਸ਼ਾਇਦ ਕਿਸੇ ਗੈਰ-ਕਾਨੂੰਨੀ ਕਾਰਵਾਈ `ਚ ਫੜੇ ਜਾਣ ਤੋਂ ਅਠਾਵਲੇ ਨੂੰ ਬਚਾਉਣਾ ਹੈ। ਅਠਾਵਲੇ ਨੇ ਕਾਨੂੰਨੀ ਤੌਰ ‘ਤੇ ਆਪਣੇ ਬਚਾਓ ਲਈ, ਆਪਣੀ ਪਿਤਰੀ ਸੰਸਥਾ ਦੀਆਂ ਸ਼ਾਖਾਵਾਂ ਦੀ ਥਾਂ ਵੱਖ ਵੱਖ ਕੇਂਦਰ ਬਣਾਏ ਹਨ। ਫਿਰ ਵੀ ਅਠਾਵਲੇਵਾਦ, ਭਾਰਤੀ ਸੰਵਿਧਾਨ ਦੇ ਸਾਹਮਣੇ ਚੁਣੌਤੀ ਵਜੋਂ ਉਭਰ ਰਿਹਾ ਹੈ। ਉਸ ਦੀਆਂ ਧਾਰਮਿਕ ਸਿੱਖਿਆਵਾਂ ਭਾਵੇਂ ਹਾਨੀਕਾਰਕ ਨਾ ਵੀ ਹੋਣ ਪਰ ਸਿਆਸੀ ਸਿੱਖਿਆਵਾਂ ਬੜੀਆਂ ਖਤਰਨਾਕ ਹਨ। ‘ਸਨਾਤਨ ਪ੍ਰਭਾਤ’ ਦੇ ਕਈ ਅੰਕਾਂ ਵਿਚ 2023 ਤੱਕ ‘ਹਿੰਦੂ ਰਾਸ਼ਟਰ’ ਬਣਾਉਣ ਬਾਰੇ ਲਿਖਿਆ ਗਿਆ ਹੈ। ਬਹੁਤ ਸਾਰੇ ਲੇਖਾਂ ਵਿਚ ਮੁਸਲਮਾਨਾਂ, ਇਸਾਈਆਂ, ਤਰਕਸ਼ੀਲਾਂ ਅਤੇ ਕਮਿਊਨਿਸਟਾਂ ਨੂੰ ਬੁਰਾਈ ਦੀ ਜੜ੍ਹ ਦੱਸਿਆ ਗਿਆ ਹੈ। 2007 ਵਿਚ ਅਠਾਵਲੇ ਦੇ ਪ੍ਰਸੰਗ ਵਿਚ “ਤੁਸੀ ਇਕ ਮੱਛਰ ਮਾਰ ਕੇ ਕਿੰਨੇ ਜੇਤੂ ਮਹਿਸੂਸ ਕਰਦੇ ਹੋ, ਤਾਂ ਜ਼ਰਾ ਸੋਚੋ, ਤੁਸੀਂ ਇਕ ਬੁਰੇ ਆਦਮੀ ਨੂੰ ਮਾਰਨ ‘ਤੇ ਕਿਵੇਂ ਮਹਿਸੂਸ ਕਰੋਗੇ।” 29 ਫਰਵਰੀ 2008 ਨੂੰ ਆਪਣੇ ਅਖਬਾਰ ਵਿਚ ਅਠਾਵਲੇ ਨੇ ਚੇਲਿਆਂ ਨੂੰ ਕਿਹਾ ਕਿ ਬੱਸਾਂ ਤੇ ਪ੍ਰਾਈਵੇਟ ਵਾਹਨਾਂ ਨੂੰ ਨੁਕਸਾਨ ਪਹੁੰਚਾਉਣ ਦੀ ਥਾਂ ਮਾਓਵਾਦੀਆਂ ਵਾਂਗ ਬੁੱਚੜ ਪੁਲਿਸ ‘ਤੇ ਹਮਲੇ ਕਰੋ। ਇਸ ਖਾਤਰ ਸਿਖਲਾਈ ਲਈ ਉਸ ਨੇ ਫੋਨ ਨੰਬਰ ਵੀ ਜਾਰੀ ਕੀਤਾ।

ਅਠਾਵਲੇ ਦੇ ਵਿਚਾਰਾਂ ਤੋਂ ਕਈ ਲੋਕ ਭਾਵੇਂ ਪਿੱਛੇ ਵੀ ਹਟੇ ਪਰ ਬਹੁਤ ਸਾਰੇ ਮੱਧ ਵਰਗੀ ਲੋਕ ਖਿੱਚੇ ਵੀ ਗਏ, ਜਿਵੇਂ ਪੱਛਮੀ ਮਹਾਰਾਸ਼ਟਰ ਦੇ ਉਚ ਜਾਤੀ ਹਿੰਦੂ ਜੋ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੇ ਹਨ। ਅਠਾਵਲੇ ਨੇ ਆਪਣਾ ਕੰਮ ਸੰਮੋਹਨ ਡਾਕਟਰ ਦੇ ਤੌਰ ‘ਤੇ 1970 ਵਿਚ ਇੰਗਲੈਂਡ `ਚ ਸ਼ੁਰੂ ਕੀਤਾ। ਅੱਸੀਵਿਆਂ ਦੇ ਅਖੀਰ ਵਿਚ ਉਹ ਪੱਛਮੀ ਮੁੰਬਈ ਦੇ ਕਿਸੇ ਇਲਾਕੇ ਵਿਚ ਸੰਮੋਹਨ ਕੇਂਦਰ ਖੋਲ੍ਹ ਕੇ ਅਧਿਆਤਮਵਾਦ ਦੀ ਸਿੱਖਿਆ ਦੇਣ ਲੱਗਾ। ਇਸ ਸਮੇਂ ਦੌਰਾਨ ਅਠਾਵਲੇ ਤੇ ਉਸ ਦੀ ਪਤਨੀ ਕੁੰਦੂ ਅਠਾਵਲੇ ਦਾ ਕਈ ਧਾਰਮਿਕ ਗੁਰੂਆਂ ਅਤੇ ਹੋਰ ਗਰੁੱਪਾਂ ਨਾਲ ਤਾਲਮੇਲ ਹੋਇਆ ਤੇ ਉਹ ‘ਅਧਿਆਤਮਵਾਦ ਦੇ ਵਿਗਿਆਨ’ ਉਪਰ ਭਾਸ਼ਣ ਦੇਣ ਲੱਗਾ।
1991 ਵਿਚ ‘ਸਨਾਤਨ ਭਾਰਤੀ ਸੰਸਕ੍ਰਿਤੀ ਸੰਸਥਾ` ਰਜਿਸਟਰ ਹੋਣ ਪਿਛੋਂ ਉਹ ਆਪਣੇ ਗਰੁੱਪਾਂ ਤੇ ਧਾਰਮਿਕ ਗੁਰੂਆਂ, ਜਿਨ੍ਹਾਂ ਨਾਲ ਉਸ ਨੇ ਸਬੰਧ ਬਣਾਏ ਸਨ, ਦੇ ਮੈਡੀਟੇਸ਼ਨ ਕੈਂਪ ਲਾਉਣ ਲੱਗਾ। ਉਸ ਨੇ ਕਈ ਭਾਸ਼ਾਵਾਂ `ਚ ਕਿਤਾਬਾਂ ਵੀ ਲਿਖੀਆਂ। ਉਸ ਦੀਆਂ ਕਈ ਕਿਤਾਬਾਂ ਅਤੇ ਭਾਸ਼ਣਾਂ `ਚ ਇਕ ਸਾਧਕ ਲਈ ਸਭ ਤੋਂ ਅਹਿਮ ਕੰਮ ਰੱਬ ਅਤੇ ਉਸ ਦੀ ਸੱਚਾਈ ਤੱਕ ਪਹੁੰਚਣਾ ਹੈ। ਉਸ ਅਨੁਸਾਰ ਇਕ ਸਾਧਕ ਨੇ ਗੁਰੂ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਹੋ ਕੇ ਅਤੇ ਬਿਨਾ ਪ੍ਰਸ਼ਨ ਕੀਤੇ ਉਸ ਦੀ ਹਰ ਗੱਲ ਨੂੰ ਪੂਰੀ ਤਰ੍ਹਾਂ ਲਾਗੂ ਕਰਨਾ ਹੁੰਦਾ ਹੈ। ਅਠਾਵਲੇ ਨੇ ਖੁਲ੍ਹੇਆਮ ਐਲਾਨ ਕੀਤਾ ਕਿ ਉਸ ਦਾ ਟੀਚਾ ਧਰਤੀ ਤੋਂ ਦੁਰਜਨਾਂ ਦਾ ਨਾਸ਼ ਕਰਨਾ ਹੈ, ਜੋ ਬੁਰੀਆਂ ਆਦਤਾਂ, ਬੁਰੀ ਸਿਆਸਤ, ਬੁਰਾ ਸਭਿਆਚਾਰ ਤੇ ਅਰਥ ਸਿਧਾਂਤਾਂ ਨਾਲ, ਗਲਤ ਧਾਰਮਿਕ ਵਿਸ਼ਵਾਸਾਂ ਨਾਲ ਧਰਤੀ `ਤੇ ਬੁਰਾਈ ਪੈਦਾ ਕਰ ਰਹੇ ਹਨ ਅਤੇ ਨਾਲ ਹੀ ‘ਈਸ਼ਵਰੀ ਰਾਜ` ਦੀ ਸਥਾਪਨਾ ਕਰਨਾ ਹੈ। ਸੰਸਥਾ ਦੀ ਨੇਮਾਵਲੀ ਵਿਚ ਸਵੈਰੱਖਿਆ ਟਰੇਨਿੰਗ `ਚ ਬੰਦੂਕ ਦੀ ਸਿਖਲਾਈ ਸ਼ਾਮਲ ਹੈ। ਉਸ ਅਨੁਸਾਰ ਦੁਰਜਨ ਤੋਂ ਭਾਵ ਹੈ, ਉਹ ਮੁਸਲਿਮ, ਇਸਾਈ, ਤਰਕਸ਼ੀਲ ਭਾਵ ਹਿੰਦੂ ਵਿਰੋਧੀ।
ਅਠਾਵਲੇ ਵਲੋਂ ਪ੍ਰਕਾਸ਼ਿਤ ‘ਕਸ਼ਤਰਾ ਧਰਮ ਸਾਧਨਾ` ਅਨੁਸਾਰ ਵੀ ਪੰਜ ਫੀਸਦੀ ਸਾਧਕਾਂ ਨੂੰ ਹਥਿਆਰਾਂ ਦੀ ਸਿਖਲਾਈ ਦਿੱਤੀ ਜਾਵੇਗੀ। ਪ੍ਰਭੂ ਕਿਸੇ ਸਾਧਨ ਰਾਹੀਂ ਸਹੀ ਮੌਕੇ ਆਪ ਹੀ ਉਨ੍ਹਾਂ ਨੂੰ ਹਥਿਆਰ ਦੇਵੇਗਾ। ਜੇ ਕੋਈ ਗੋਲੀ ਚਲਾਉਣੀ ਨਹੀਂ ਵੀ ਜਾਣਦਾ, ਪਰ ਜਦੋਂ ਰਾਮ ਦਾ ਨਾਂ ਲੈ ਕੇ ਗੋਲੀ ਚਲਾਵੇਗਾ ਤਾਂ ਲਾਜ਼ਮੀ ਨਿਸ਼ਾਨੇ `ਤੇ ਲੱਗੇਗੀ।
1995 ਤੱਕ ਅਠਾਵਲੇ ਦੇ ਕਾਫੀ ਸਾਧਕ ਸਨ। ਉਨ੍ਹਾਂ ਪੂਰਾ ਪਾਠਕ੍ਰਮ, ਸੰਸਥਾ ਦੇ ਸਮਾਧੀ ਕੈਂਪ ਅਤੇ ਬਾਕਾਇਦਾ ਸਤਿਸੰਗ ਲਾਏ। ਸਤਿਸੰਗ ਵਿਚ ਸਿਖਿਅਤ ਸਾਧਕ ਅੱਗੋਂ ਉਸ ਤਰ੍ਹਾਂ ਦੇ ਹੋਰ ਕੈਂਪ ਤੇ ਸਤਿਸੰਗ ਲਾਉਂਦੇ। ਕੈਂਪਾਂ ਤੇ ਸਤਿਸੰਗਾਂ ਵਿਚ ਸਾਧਕਾਂ ਨੂੰ ਆਪਣੀਆਂ ਹੱਡ ਬੀਤੀਆਂ ਦੱਸਣ ਲਈ ਕਿਹਾ ਜਾਂਦਾ। ਕੁਝ ਖਾਸ ਨੂੰ ਅਠਾਵਲੇ ਕੋਲ ਭੇਜਿਆ ਜਾਂਦਾ ਅਤੇ ਉਨ੍ਹਾਂ ਦੀਆਂ ਹੱਡ ਬੀਤੀਆਂ ‘ਸਨਾਤਨ ਪ੍ਰਭਾਤ’ ਵਿਚ ਛਾਪੀਆਂ ਜਾਂਦੀਆਂ ਤਾਂ ਜੋ ਅਗਲੇ ਪਾਠਕ੍ਰਮ ਦਾ ਹਿੱਸਾ ਬਣ ਸਕਣ।
ਅਠਾਵਲੇ ਜਿਸ ਨੂੰ ‘ਈਸ਼ਵਰੀ ਅਵਤਾਰ` ਸਮਝਿਆ ਜਾਂਦਾ ਸੀ, ਆਪਣੇ ਸਾਧਕਾਂ ਦੀ ਤਰੱਕੀ ਪ੍ਰਤੀਸ਼ਤ ਵਿਚ ਜਾਂਚਦਾ। ਜਿਸ ਸਾਧਕ ਦੀ ਪ੍ਰਤੀਸ਼ਤ 80% ਤੋਂ ਵਧ ਜਾਂਦੀ, ਉਹ ਸੰਤ ਬਣ ਜਾਂਦਾ। ਉਸ ਦੇ ਨਾਂ ਨਾਲ ‘ਹਿਜ਼ ਹੋਲੀਨੈਸ` ਜੁੜ ਜਾਂਦਾ। ਕੇਵਲ ਅਠਾਵਲੇ ਹੀ ਤੈਅ ਕਰਦਾ ਸੀ ਕਿ ਕੌਣ ਸੰਤ (80%) ਤੋਂ ਉਪਰ ਪਹੁੰਚ ਗਿਆ ਹੈ। ਉਸ ਬਾਰੇ ‘ਸਨਾਤਨ ਪ੍ਰਭਾਤ’ ਵਿਚ ਛਪਦਾ। ਹਰ ਸਾਧਕ ਦੀ ਸੰਤ ਬਣਨ ਦੀ ਇੱਛਾ ਹੁੰਦੀ। ਇਹੀ ਸੰਤ ਅਠਾਵਲੇ ਦੇ ਈਸ਼ਵਰੀ ਰਾਜ ਦੇ ਲਫਟੈਣ ਹੁੰਦੇ।
ਹੌਲੀ-ਹੌਲੀ ਅਠਾਵਲੇ ਨੇ ਆਪਣਾ ਰੁਤਬਾ ਗੁਰੂ ਤੋਂ ਪ੍ਰਭੂ ਦਾ ਬਣਾ ਲਿਆ। ਇਹ ਉਸ ਦੇ ਸਰੀਰ ਵਿਚ ਕਈ ਸਾਲਾਂ ਤੋਂ ਹੋਈਆਂ ਕਥਿਤ ਤਬਦੀਲੀਆਂ ਕਾਰਨ ਹੋਇਆ। ਇਹ ਸੰਸਥਾ ਦੀ ਵੈੱਬ ਸਾਈਟ `ਤੇ ਵੀ ਪਾਇਆ ਗਿਆ। ਅਠਾਵਲੇ ਦੇ ਵਾਲ ਸੁਨਹਿਰੇ ਹੋ ਗਏ, ਉਸ ਦੇ ਸਰੀਰ ਵਿਚੋਂ ਰੱਬੀ ਕਣ ਕਿਰਨ ਲੱਗੇ। ਉਸ ਦੇ ਨਹੁੰਆਂ ‘ਤੇ ਓਮ ਦੇ ਨਿਸ਼ਾਨ ਬਣ ਗਏ; ਸਰੀਰ, ਮੱਥੇ ਤੇ ਜੀਭ ਵਿਚੋਂ ਸੁਗੰਧ ਆਉਣ ਲੱਗੀ। ਸੰਸਥਾ ਦੇ ਬਲਾਗ ‘ਤੇ ਉਸ ਨੂੰ ਰੱਬ ਹੋਣ ਦਾ ਐਲਾਨ ਕਰ ਦਿੱਤਾ ਗਿਆ, “ਅਠਾਵਲੇ ਜੋ ਹਿੰਦੂ ਰਾਸ਼ਟਰ ਬਣਾਉਣ ਲਈ ਉਤੇਜਿਤ ਹੈ, ਵਿਸ਼ਨੂੰ ਦਾ ਅਵਤਾਰ ਹੈ ਅਤੇ ਉਸ ਦੇ ਸਰੀਰ ਵਿਚ ਮਹਾਨ ਤਬਦੀਲੀਆਂ ਆਉਣ ਕਾਰਣ ਉਹ ਸਾਖਿਆਤ ਭਗਵਾਨ ਹੈ।”
ਇਸ ਤਰ੍ਹਾਂ ਦੇ ਵਿਸ਼ਵਾਸਾਂ, ਸਿਧਾਤਾਂ ਬਾਰੇ ਤਾਂ ਕੁਝ ਕਹਿਣਾ ਔਖਾ ਹੈ ਪਰ ਡੇਰੇ ਦੇ ਸਾਧਕਾਂ `ਤੇ ਪ੍ਰਸ਼ਾਸਨ ਤੇ ਹੋਰ ਆਲੋਚਕਾਂ ਵਲੋਂ ਦੋਸ਼ ਲਾਏ ਜਾਂਦੇ ਹਨ ਕਿ ਆਸ਼ਰਮ `ਚ ‘ਸੈਕਸ ਕਮਿਊਨਾਂ` ਜਿਹਾ ਵਰਤਾਰਾ ਚੱਲ ਰਿਹਾ ਹੈ, ਅੰਧ ਵਿਸ਼ਵਾਸ ਫੈਲਾਇਆ ਜਾ ਰਿਹਾ ਹੈ ਤੇ ਆਸ਼ਰਮ ਅਤਿਅੰਤ ਖਤਰਨਾਕ ਸੰਪਰਦਾਇ ਬਣ ਰਿਹਾ ਸੀ, ਜਿਸ ਨੂੰ ਸਾਧਕਾਂ ਨੇ ਨਕਾਰਨ ਦੀ ਪੁਰਜ਼ੋਰ ਕੋਸ਼ਿਸ਼ ਕੀਤੀ।
ਮਹਾਂਰਾਸ਼ਟਰ ਜਿਥੇ ਅਗਾਂਹਵਧੂ ਲਹਿਰਾਂ ਦੀ ਅਮੀਰ ਵਿਰਾਸਤ ਹੈ, ਉਥੇ ਇਸ ਸੰਸਥਾ ਦਾ ਪਹਿਲਾ ਟਾਕਰਾ ਤਰਕਸ਼ੀਲਾਂ ਨਾਲ ਹੋਇਆ। ਤਰਕਸ਼ੀਲ ਉਨ੍ਹਾਂ ਦੇ ਅੰਧ ਵਿਸ਼ਵਾਸਾਂ ਨੂੰ ਚੁਣੌਤੀ ਦਿੰਦੇ ਤੇ ਗੈਬੀ ਸ਼ਕਤੀਆਂ ਦਿਖਾਉਣ ਲਈ ਕਹਿੰਦੇ ਜਦਕਿ ਸਨਾਤਨ ਸੰਸਥਾ ਉਨ੍ਹਾਂ ਦੇ ਪ੍ਰੋਗਰਾਮ ‘ਤੇ ਹਮਲੇ ਕਰਦੀ। ਇਸ ਤਰ੍ਹਾਂ ਦੇ ਝਗੜੇ ਹੌਲੀ-ਹੌਲੀ ਖਤਰਨਾਕ ਹਾਲਾਤ ਵਲ ਵਧਦੇ ਗਏ।

2013 ਵਿਚ ਮਹਾਰਾਸ਼ਟਰ ਅਤੇ ਕਰਨਾਟਕ ਵਿਚ ਵਹਿਸ਼ੀ ਕਤਲਾਂ ਦਾ ਸਿਲਸਿਲਾ ਚਲਿਆ ਜਿਸ ਵਿਚ ਸੰਸਥਾ ਦੇ ਸਾਧਕਾਂ ਦੀ ਗ੍ਰਿਫਤਾਰੀ ਵੀ ਹੋਈ। ਡਾ[ ਨਰਿੰਦਰ ਡਭੋਲਕਰ ਜੋ ਤਰਕਸ਼ੀਲ ਲਹਿਰ ਦੇ ਮੋਢੀ ਸਨ, ਮਾਰੇ ਗਏ। ਉਨ੍ਹਾਂ ‘ਮਹਾਰਾਸ਼ਟਰ ਅੰਧ-ਸ਼ਰਧਾ ਨਿਰਮੂਲਨ ਸਮਿਤੀ` 1989 ਵਿਚ ਬਣਾਈ ਸੀ ਜੋ ਅਠਾਵਲੇ ਦੀ ‘ਸਨਾਤਨ ਭਾਰਤੀ ਸੰਸਕ੍ਰਿਤ ਸੰਸਥਾ` ਰਜਿਸਟਰਡ ਹੋਣ ਤੋਂ ਥੋੜ੍ਹਾ ਪਹਿਲਾਂ ਹੀ ਸਥਾਪਤ ਕੀਤੀ ਗਈ। ਦੋਹਾਂ ਸੰਸਥਾ ਦੇ ਵਿਕਾਸ ਦੇ ਨਾਲ-ਨਾਲ ਉਨ੍ਹਾਂ ਵਿਚ ਝਗੜੇ ਵਧਣ ਲੱਗੇ। ਸਦੀ ਦੇ ਅੰਤ ਤੱਕ ਡਭੋਲਕਰ ਅਤੇ ਉਸ ਦੀ ‘ਮਾਨਸ` ਨਾਮੀ ਸੰਸਥਾ ‘ਵਹਿਮ ਭਰਮ ਵਿਰੋਧੀ ਬਿਲ` ਜੋ ਦਹਾਕਿਆਂ ਤੋਂ ਲਟਕ ਰਿਹਾ ਸੀ, ਪਾਸ ਕਰਵਾਉਣ ਲਈ ਅੱਗੇ ਆਈ।
‘ਮਾਨਸ` ਦੇ ਅਖਬਾਰ ‘ਅੰਧ-ਸ਼ਰਧਾ ਨਿਰਮੂਲਨ ਵਾਰਤਾ` ਅਨੁਸਾਰ ਵਹਿਮ ਭਰਮ ਅਗਿਆਨ ਵਿਚੋਂ ਪੈਦਾ ਹੁੰਦੇ ਹਨ ਅਤੇ ਇਨ੍ਹਾਂ ਨੂੰ ਪਿੱਛੇ ਲੁਕੇ ਕਾਰਨਾਂ ਨੂੰ ਸਪਸ਼ਟ ਕਰਕੇ ਖਤਮ ਕੀਤਾ ਜਾ ਸਕਦਾ ਹੈ। ਵਿਗਿਆਨਕ ਵਿਚਾਰਧਾਰਾ ਤੇ ਦਲੀਲ ਨਾਲ ਸੋਚਣਾ ਮੁੱਖ ਸਿਧਾਂਤ ਸੀ।
1999 ਵਿਚ ਡਭੋਲਕਰ ਨੇ ‘ਵਹਿਮ ਭਰਮ ਵਿਰੋਧੀ ਬਿਲ` ਦਾ ਮਸੌਦਾ ਪਾਸ ਕਰਵਾਉਣ ਲਈ ਪ੍ਰਚਾਰ ਕੀਤਾ, ਪ੍ਰਦਰਸ਼ਨ ਕੀਤੇ, ਗ੍ਰਿਫਤਾਰੀਆਂ ਦਿੱਤੀਆਂ ਅਤੇ ਕਈ ਹੋਰ ਮੁਹਿੰਮਾਂ ਚਲਾਈਆਂ। ਸਨਾਤਨ ਸੰਸਥਾ ਨੇ ਬਿੱਲ ਦਾ ਵਿਰੋਧ ਕੀਤਾ। ਉਨ੍ਹਾਂ ਅਨੁਸਾਰ ਜੇ ਬਿੱਲ ਪਾਸ ਹੋ ਜਾਂਦਾ ਤਾਂ ਹਿੰਦੂ ਘਰਾਂ `ਚ ਪੂਜਾ ਨਹੀਂ ਕਰ ਸਕਣਗੇ। ਸ਼ਿਵ ਸੈਨਾ, ਭਾਜਪਾ ਤੇ ਕਈ ਹਿੰਦੂ ਸੰਗਠਨਾਂ ਨੇ ਇਸ ਨੂੰ ਰੋਕਣ ਲਈ ਪੂਰੀ ਵਾਹ ਲਾਈ। 20 ਅਗਸਤ 2013 ਨੂੰ ਜਦੋਂ ਬਿਲ ਸਬੰਧੀ ‘ਮਾਨਸ` ਦੇ ਯਤਨਾਂ ਦਾ ਘੋਲ ਸਿਖਰ `ਤੇ ਸੀ, ਡਭੋਲਕਰ ਦਾ ਕਤਲ ਕਰ ਦਿੱਤਾ ਗਿਆ। ਇਹ ਕਤਲ ਪੂਨਾ ਵਿਚ ਓਮ ਕਾਰੇਸ਼ਵਰ ਮੰਦਿਰ ਕੋਲ ਸਵੇਰ ਦੀ ਸੈਰ ਸਮੇਂ ਕੀਤਾ ਗਿਆ। ਕਾਤਲ ਨੇੜਿਓਂ ਤਿੰਨ ਗੋਲੀਆਂ ਚਲਾ ਕੇ ਮੋਟਰ ਸਾਇਕਲ `ਤੇ ਫਰਾਰ ਹੋ ਗਏ। ਉਹ ਉਸ ਵੇਲੇ ਹੀ ਦਮ ਤੋੜ ਗਏ। ਉਸ ਨੂੰ ਬਹੁਤ ਧਮਕੀਆਂ ਮਿਲੀਆਂ ਸਨ। ਉਨ੍ਹਾਂ ਪੁਲਿਸ ਸੁਰੱਖਿਆ ਲੈਣ ਤੋਂ ਹਰ ਵਾਰ ਨਾਂਹ ਕੀਤੀ, “ਜੇ ਮੈਨੂੰ ਆਪਣੇ ਦੇਸ਼ ਵਿਚ ਮੇਰੇ ਆਪਣੇ ਲੋਕਾਂ ਤੋਂ ਖਤਰਾ ਹੈ ਤਾਂ ਮੇਰੇ ਵਿਚ ਹੀ ਕੁਝ ਗਲਤ ਹੋਵੇਗਾ। ਮੈਂ ਭਾਰਤੀ ਸੰਵਿਧਾਨ ਦੇ ਘੇਰੇ ਵਿਚ ਲੜਾਈ ਲੜ ਰਿਹਾ ਹਾਂ ਜੋ ਕਿਸੇ ਦੇ ਖਿਲਾਫ ਨਹੀਂ ਸਗੋਂ ਸਭ ਲਈ ਹੈ।”
ਡਭੋਲਕਰ ਦੇ ਕਤਲ ਤੋਂ ਪੈਦਾ ਹੋਏ ਲੋਕ ਰੋਹ ਨੂੰ ਦੇਖਦਿਆਂ ਸਰਕਾਰ ਨੂੰ ‘ਵਹਿਮ ਭਰਮ ਵਿਰੋਧੀ ਬਿਲ` ਪਾਸ ਕਰਨਾ ਪਿਆ। ਉਸੇ ਸਾਲ ਦਸੰਬਰ ਵਿਚ ਆਰਡੀਨੈਂਸ ਜਾਰੀ ਕਰ ਦਿੱਤਾ ਗਿਆ ਜਦਕਿ ਵਿਧਾਨ ਸਭਾ ਵਿਚ ਉਹ ‘ਮਨੁੱਖੀ ਬਲੀ ਅਤੇ ਹੋਰ ਅਣਮਨੁੱਖੀ ਬੁਰਾਈਆਂ, ਅਗਹੋਰੀ ਮਾਨਤਾਵਾਂ ਅਤੇ ਕਾਲਾ ਜਾਦੂ ਰੋਕੂ ਖਾਤਮਾ ਕਾਨੂੰਨ` ਦੇ ਤੌਰ `ਤੇ ਪਾਸ ਕੀਤਾ ਗਿਆ।
ਠੀਕ ਦੋ ਸਾਲ ਪਿਛੋਂ ਐਨ ਉਸੇ ਤਰ੍ਹਾਂ ਇਕ ਹੋਰ ਤਰਕਸ਼ੀਲ, ਸੀ[ਪੀ[ਆਈ[ ਆਗੂ ਗੋਬਿੰਦ ਪਨਸਾਰੇ ਦਾ ਕਤਲ ਕੀਤਾ ਗਿਆ। ਪਨਸਾਰੇ ਦਾ ਵੀ ਡਭੋਲਕਰ ਵਾਂਗ ਸੰਸਥਾ ਨਾਲ ਸਿਧਾਂਤਕ ਵਿਰੋਧ ਸੀ ਅਤੇ ਸੰਸਥਾ ਨੇ ਉਸ ‘ਤੇ ਮਾਨਹਾਨੀ ਦਾ ਕੇਸ ਵੀ ਕੀਤਾ ਹੋਇਆ ਸੀ। ਉਸ ਨੇ ਵੀ ਪੁਲਿਸ ਸੁਰੱਖਿਆ ਲੈਣ ਤੋਂ ਨਾਂਹ ਕੀਤੀ ਸੀ, ਕੁਝ ਮਹੀਨੇ ਪਹਿਲਾਂ ਉਸ ਨੂੰ ਵੀ ਡਭੋਲਕਾਰ ਵਾਂਗ ਧਮਕੀ ਪੱਤਰ ਮਿਲਿਆ ਸੀ। ਇਕ ਧਮਕੀ ਪੱਤਰ ਵਿਚ ਤਾਂ ਸਾਫ ਲਿਖਿਆ ਹੋਇਆ ਸੀ, ‘ਤੇਰੇ ਨਾਲ ਵੀ ਡਭੋਲਕਰ ਵਾਲੀ ਹੀ ਹੋਵੇਗੀ।’
ਪਰ ਅਣਥੱਕ ਲੜਾਕੇ ਪਨਸਾਰੇ ਨੇ ਵਹਿਮਾਂ ਭਰਮਾਂ, ਫਿਰਕਾਪ੍ਰਸਤੀ ਅਤੇ ਪਰੰਪਰਾ ਪੂਜ ਅੰਧਵਿਸ਼ਵਾਸੀ ਤਾਕਤਾਂ ਵਿਰੁਧ ਸੰਘਰਸ਼ ਅੰਤਮ ਸਾਹਾਂ ਤੱਕ ਜਾਰੀ ਰੱਖਿਆ। ਮਹਾਂਰਾਸ਼ਟਰ ਦੇ ਮੂਲਵਾਦੀ ਹਿੰਦੂਆਂ ਨੂੰ ਇਹ ਜਚਾਇਆ ਗਿਆ ਕਿ ਸ਼ਿਵਾਜੀ, ਮੁਸਲਮ-ਵਿਰੋਧੀ ਰਾਜਾ ਸੀ ਜਿਸ ਨੇ ਹਿੰਦੂਆਂ ਨੂੰ ਮੁਸਲਿਮ ਹਮਲਾਵਰਾਂ ਦੇ ਧਰਮ ਪਰਿਵਰਤਨ ਤੋਂ ਬਚਾਇਆ। ਪਨਸਾਰੇ ਨੇ ਪੂਰੀ ਖੋਜ ਪਿਛੋਂ ਕਿਤਾਬ ਲਿਖੀ, “ਸ਼ਿਵਾਜੀ ਕੌਣ ਸੀ?” ਉਸ ਅਨੁਸਾਰ, ਸ਼ਿਵਾਜੀ ਸਭ ਧਰਮਾਂ ਦਾ ਸਤਿਕਾਰ ਕਰਦਾ ਸੀ। ਉਸ ਦੀ ਇਕ ਤਿਹਾਈ ਫੌਜ, ਉਸ ਦੇ ਕਈ ਅੰਗ ਰੱਖਿਅਕ, ਕਮਾਂਡਰ, ਇਥੋਂ ਤੱਕ ਕਿ ਸੈਕਟਰੀ ਵੀ ਮੁਸਲਮਾਨ ਸਨ। ਉਹ ਆਪਣੀ ਪਰਜਾ, ਖਾਸ ਕਰ ਕਿਸਾਨਾਂ ਦੀ ਭਲਾਈ ਦਾ ਖਾਸ ਖਿਆਲ ਰੱਖਦਾ ਸੀ। ਉਸ ਨੇ ਉਨ੍ਹਾਂ ਦੇ ਟੈਕਸਾਂ ਦਾ ਬੋਝ ਹਲਕਾ ਕੀਤਾ। ਉਹ ਔਰਤਾਂ ਦੀ ਬਹੁਤ ਇੱਜਤ ਕਰਦਾ ਸੀ। ਕਿਤਾਬ ਦਾ ਕਈ ਭਾਸ਼ਾਵਾਂ ਵਿਚ ਅਨੁਵਾਦ ਹੋਇਆ ਅਤੇ ਬਹੁਤ ਵਿਕੀ ਵੀ। ਉਸ ਦੇ ਬਹੁਤ ਹੀ ਮਕਬੂਲ ਲੇਖ ‘ਇਨਕਲਾਬੀਆਂ ਦੀ ਧਰਮ ਪ੍ਰਤੀ ਪਹੁੰਚ ਕੀ ਹੋਣੀ ਚਾਹੀਦੀ ਹੈ’ ਬਹੁਤ ਸਲਾਹਿਆ ਗਿਆ। ਉਸ ਲਿਖਿਆ, “ਅਸੀਂ ਉਸ ਸੰਸਾਰ ਵਿਚ ਰਹਿ ਰਹੇ ਹਾਂ ਜਿਥੇ ਗੌਤਮ ਬੁੱਧ, ਫੂਲੇ, ਵੀ[ ਆਰ[ ਸ਼ਿੰਦੇ, ਅਗਰਕਰ, ਮਹਾਤਮਾ ਗਾਂਧੀ, ਸੈਨ ਗੁਰੂ ਜੀ, ਡਾ[ ਅੰਬੇਦਕਰ ਤੇ ਰਾਜਰਸ਼ੀ ਸਾਹੂ ਦੇ ਵਿਚਾਰਾਂ `ਤੇ ਕੁਝ ਧਾਰਮਿਕ ਤਾਕਤਾਂ ਨੇ ਕਬਜ਼ਾ ਕਰ ਲਿਆ ਹੈ ਅਤੇ ਉਹ ਮੂਲਵਾਦੀ ਧਾਰਨਾਵਾਂ ਰਾਹੀ ਸੱਤਾ `ਤੇ ਵੀ ਕਾਬਜ਼ ਹੋ ਗਏ ਹਨ। ਅਸੀਂ ਉਨ੍ਹਾਂ ਲੋਕਾਂ ਨੂੰ ਮੁੜ ਵਿਸ਼ਵਾਸ ਵਿਚ ਲੈਣਾ ਹੈ, ਜੋ ਧੋਖੇ ਵਿਚ ਆ ਕੇ ਉਨ੍ਹਾਂ ਪਿਛੇ ਲੱਗ ਗਏ ਹਨ ਤੇ ਉਨ੍ਹਾਂ ਤਾਕਤਾਂ ਨੂੰ ਹਰਾਉਣਾ ਹੈ।”
ਇਸ ਆਗੂ ਨੇ ਬਹੁਤ ਕੰਮ ਕੀਤਾ। ਕਾਲਜਾਂ ਵਿਚ ਸ਼ਿਵਾਜੀ `ਤੇ ਲੈਕਚਰ ਕੀਤੇ ਤੇ ਕਿਤਾਬਚਿਆਂ ਰਾਹੀਂ ਵਹਿਮਾਂ ਭਰਮਾਂ ਵਿਰੁਧ ਮੁਹਿੰਮਾਂ ਚਲਾਈਆਂ, ਜੋ 16 ਫਰਵਰੀ 2015 ਨੂੰ ਉਦੋਂ ਰੁਕ ਗਈਆਂ, ਜਦੋਂ ਉਹ ਆਪਣੀ ਪਤਨੀ ਉਮਾ ਨਾਲ ਸਵੇਰੇ ਸੈਰ ਕਰ ਰਹੇ ਸਨ। ਦੋ ਮੋਟਰਸਾਈਕਲ ਸਵਾਰਾਂ ਨੇ 5 ਗੋਲੀਆਂ ਚਲਾਈਆਂ, 3 ਉਸ ਦੇ ਲੱਗੀਆਂ। ਉਸ ਦੀ ਪਤਨੀ ਦੇ ਸਿਰ ‘ਤੇ ਸੱਟਾਂ ਲੱਗੀਆਂ। ਚਾਰ ਦਿਨਾਂ ਪਿਛੋਂ 20 ਫਰਵਰੀ ਨੂੰ ਪਨਸਾਰੇ ਦੀ ਮੌਤ ਹੋ ਗਈ। ਕਤਲ ਦਾ ਤਰੀਕਾ ਐਨ ਉਸੇ ਤਰ੍ਹਾਂ ਦਾ ਸੀ ਜੋ ਤੀਜੀ ਵਾਰ 30 ਅਗਸਤ 2015 ਨੂੰ ਕਰਨਾਟਕ ਦੇ ਧਾਰਵਾੜ `ਚ ਦੁਹਰਾਇਆ ਗਿਆ। ਮੋਟਰਸਾਈਕਲ ਸਵਾਰ ਦੋ ਆਦਮੀ ਨਿਧੜਕ ਲੇਖਕ ਐਸ[ਐਸ[ ਕੁਲਬੁਰਗੀ ਦੇ ਘਰ ਆਏ। ਉਹ ਵਹਿਮਾਂ ਭਰਮਾਂ ਅਤੇ ਸੱਜੇ ਪੱਖੀ ਹਿੰਦੂਤਵੀ ਤਾਕਤਾਂ ਖਿਲਾਫ ਸਖਤ ਸਟੈਂਡ ਲੈਣ ਲਈ ਪ੍ਰਸਿਧ ਸੀ। ਕਾਤਲ ਐਨ ਲਾਗਿਓਂ ਦੋ ਗੋਲੀਆਂ ਮਾਰ ਕੇ ਫਰਾਰ ਹੋ ਗਏ। ਐਂਬੂਲੈਂਸ ਬੁਲਾਈ ਗਈ ਅਤੇ ਉਨ੍ਹਾਂ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ। ਉਸ ਨੂੰ ਪਹਿਲਾਂ ਪ੍ਰਾਈਵੇਟ ਹਸਪਤਾਲ ਅਤੇ ਫਿਰ ਧਾਰਵਾੜ ਜ਼ਿਲ੍ਹੇ ਦੇ ਸਰਕਾਰੀ ਹਸਪਤਾਲ ਵਿਚ ਲਿਜਾਇਆ ਗਿਆ ਪਰ ਡਾਕਟਰਾਂ ਮੁਤਾਬਕ, ਉਸ ਦੀ ਮੌਤ ਪਹਿਲਾਂ ਹੀ ਮੌਤ ਹੋ ਚੁਕੀ ਸੀ।
(ਚਲਦਾ)