ਮੈਂ ਤੇ ਮੀਆਂ ਸਕੇ ਭਰਾ…

ਹਿੰਦੂਤਵਵਾਦੀਆਂ ਦੀ ਬੁਰਛਾਗਰਦੀ ਭਾਰਤ ਦੇ ਕਰੀਬ ਹਰ ਸੂਬੇ ਵਿਚ ਸਿਰ ਚੜ੍ਹ ਬੋਲ ਰਹੀ ਹੈ। ਮੁਸਲਮਾਨ ਭਾਈਚਾਰਾ ਖਾਸ ਤੌਰ ‘ਤੇ ਇਨ੍ਹਾਂ ਦੇ ਨਿਸ਼ਾਨੇ ਉਤੇ ਹੈ। ਅਸਾਮ ਵਿਚ ਹੜ੍ਹ ਤਾਂ ਪਿਛੇ ਜਿਹੇ ਆਏ ਹਨ, ਜਿਨ੍ਹਾਂ ਨੇ ਲੱਖਾਂ ਲੋਕ ਉਜਾੜ ਦਿੱਤੇ ਪਰ ਉਸ ਤੋਂ ਪਹਿਲਾਂ ਉਥੇ ਜੋ ਹੜ੍ਹ ਨਫਰਤ ਦਾ ਆਇਆ ਹੈ, ਉਸ ਦੀ ਭਰਪਾਈ ਨਹੀਂ ਹੋ ਰਹੀ। ਨਫਰਤ ਦੇ ਇਸ ਹੜ੍ਹ ਨੂੰ ਕਵਿਤਾ ਨੇ ਵੰਗਾਰਿਆ ਅਤੇ ਤਿੰਨ ਸਾਲ ਤੋਂ ਲਿਖੀ ਜਾ ਰਹੀ ‘ਮੀਆਂ ਕਵਿਤਾ’ ਸਾਹਮਣੇ ਆਈ। ਦੋ ਲੇਖਾਂ `ਚ ਨਵਸ਼ਰਨ ਕੌਰ ਅਤੇ ਐਸ[ ਪੀ[

ਸਿੰਘ ਨੇ ਇਸ ਮਸਲੇ ਨੂੰ ਵਿਸਥਾਰ ਸਹਿਤ ਵਿਚਾਰਿਆ ਹੈ ਅਤੇ ਹਿੰਦੂਤਵ ਦੀ ਲੋਕ-ਦੋਖੀ ਪਹੁੰਚ ਦੀ ਨਿਸ਼ਾਨਦੇਹੀ ਕੀਤੀ ਹੈ। ਪਾਠਕ ਪਿਛਲੇ ਅੰਕ ਵਿਚ ਨਵਸ਼ਰਨ ਕੌਰ ਦਾ ਲੇਖ ਪੜ੍ਹ ਚੁਕੇ ਹਨ। ਪੇਸ਼ ਹੈ, ਦੂਜਾ ਐਸ[ ਪੀ[ ਸਿੰਘ ਦਾ ਲੇਖ। -ਸੰਪਾਦਕ

ਐਸ[ ਪੀ[ ਸਿੰਘ

ਲਿਖੋ, ਲਿਖ ਲਵੋ, ਮੈਂ ਮੀਆਂ ਹਾਂ
ਨਾਗਰਿਕਾਂ ਦੇ ਕੌਮੀ ਰਜਿਸਟਰ ਵਿਚ
ਮੇਰੀ ਕ੍ਰਮਸੰਖਿਆ ਹੈ 200543
ਦੋ ਮੇਰੇ ਬੱਚੇ ਨੇ,
ਤੇ ਆ ਰਿਹਾ ਹੈ ਇਕ ਹੋਰ
ਉਹਨੂੰ ਵੀ ਕਰੋਗੇ ਇੰਜ ਹੀ ਨਫਰਤ,
ਜਿਵੇਂ ਕਰਦੇ ਹੋ ਮੇਰੇ ਨਾਲ ਤੁਸੀਂ?
ਤੁਸਾਂ ਕਵਿਤਾ ਦੀਆਂ ਬੜੀਆਂ ਵੰਨਗੀਆਂ ਪੜ੍ਹੀਆਂ ਨੇ। ਛੰਦਬੱਧ, ਖੁੱਲ੍ਹੀ ਬਹਿਰ ਵਾਲੀਆਂ, ਰੋਮਾਂਚਕ, ਸੂਫੀ, ਕਿੱਸਾ ਕਾਵਿ ਅਤੇ ਰਸਾਂ ਵਾਲੀਆਂ-ਬੀਰ ਰਸ, ਸ਼ਿੰਗਾਰ ਰਸ, ਹਾਸ ਰਸ, ਕਰੁਣਾ ਰਸ ਅਤੇ ਕਿੰਨੇ ਹੀ ਰਸ, ਪਰ ਇਹ ਵੰਨਗੀ ਨਵੀਂ ਜਨਮੀ ਹੈ-ਮੀਆਂ ਕਾਵਿ। ਮਜ਼ਬੂਤ ਦੇਸ਼ ਦੇ ਨਵੇਂ ਉਸਰ ਰਹੇ ਨਾਗਰਿਕਾਂ ਦੇ ਰਾਸ਼ਟਰੀ ਰਜਿਸਟਰ ਕਾਰਨ ਜਨਮੀ ਇਹ ਮੀਆਂ ਕਵਿਤਾ ਅੱਜ ਕੱਲ੍ਹ ਪੁਲਿਸ ਦੀਆਂ ਐਫ[ ਆਈ[ ਆਰਜ਼ ਦਾ ਸ਼ਿੰਗਾਰ ਬਣ ਰਹੀ ਹੈ।
ਆਧੁਨਿਕ ਮੀਆਂ ਕਾਵਿ ਦੀ ਇਹ ਵੰਨਗੀ ਬੱਸ ਓਨੀ ਕੁ ਪੁਰਾਣੀ ਹੈ, ਜਿੰਨਾ ਕੁ ਪੁਰਾਣਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਹੈ। ਆਸਾਮ ਦੇ ਚਾਰ ਸਪੋਰੀ ਸਾਹਿਤ ਪ੍ਰੀਸ਼ਦ ਦੇ ਪ੍ਰਧਾਨ ਹਾਫਿਜ਼ ਅਹਿਮਦ ਨੇ ਇਹ ਕਵਿਤਾ ਲਿਖ ਕੇ 2016 ਵਿਚ ਆਪਣੇ ਫੇਸਬੁੱਕ ਸਫੇ ‘ਤੇ ਪਾਈ ਸੀ, ਪਰ ਬਖੇੜਾ ਇਸ ਸਾਲ ਜੂਨ ਮਹੀਨੇ ਖੜ੍ਹਾ ਹੋਇਆ, ਜਦੋਂ ਕਾਰਵਾਂ-ਏ-ਮੁਹੱਬਤ ਵਾਲਿਆਂ ਇਸ ਕਵਿਤਾ ਦਾ ਵੀਡੀਓ ਸੋਸ਼ਲ ਮੀਡੀਆ ਉਤੇ ਪਾ ਦਿੱਤਾ। ਦਸ ਕਵੀਆਂ ਦਾ ਨਾਂ ਹੁਣ ਪੁਲਸੀਆ ਸਾਹਿਤ ਦੀ ਉਸ ਵੰਨਗੀ ਵਿਚ ਸ਼ੁਮਾਰ ਹੋ ਗਿਆ ਹੈ, ਜਿਸ ਨੂੰ ਐਫ[ ਆਈ[ ਆਰ[ ਕਹਿੰਦੇ ਹਨ। ਦੋਸ਼ ਹੈ ਕਿ ਮੀਆਂ ਕਾਵਿ ਨਾਲ ਇਨ੍ਹਾਂ ਕਵੀਆਂ ਨੇ ਸਮਾਜ ਵਿਚ ਵੰਡੀਆਂ ਪਾਉਣ ਦੀ ਕੋਸ਼ਿਸ਼ ਕੀਤੀ ਅਤੇ ਧਰਮ ਦੀ ਨਿਰਾਦਰੀ ਕੀਤੀ; ਪਰ ਗੁੱਸਾ ਕਵਿਤਾ ‘ਤੇ ਘੱਟ, ਉਸ ਜ਼ਬਾਨ ‘ਤੇ ਵੱਧ ਹੈ, ਜਿਸ ਵਿਚ ਕਵਿਤਾ ਲਿਖੀ ਗਈ ਹੈ। ਅਖੇ, ਬੰਗਾਲੀ ਮੂਲ ਦੇ ਕਵੀਆਂ ਨੇ ਜਿਨ੍ਹਾਂ ਨੂੰ ਚੰਗੀ ਭਲੀ ਅਸਾਮੀ ਭਾਸ਼ਾ ਆਉਂਦੀ ਹੈ, ਆਪਣੀ ਮੂਲ ਭਾਸ਼ਾ ਵਿਚ ਕਵਿਤਾ ਕਿਉਂ ਲਿਖੀ? ਇਹ ਉਪ ਬੋਲੀ ਉਹ ਬੰਗਲਾਦੇਸ਼ ਵਿਚਲੇ ਆਪਣੇ ਇਲਾਕਿਆਂ ਤੋਂ ਲਿਆਏ ਸਨ।
ਦੱਖਣੀ ਏਸ਼ੀਆ ਦੇ ਵੱਡੇ ਹਿੱਸੇ ਵਿਚ ‘ਮੀਆਂ’ ਤੋਂ ਭਾਵ ‘ਭੱਦਰਪੁਰਸ਼’ ਲਿਆ ਜਾਂਦਾ ਹੈ। ਇਹ ਅੰਗਰੇਜ਼ੀ ਦੇ ‘ਜੈਂਟਲਮੈਨ’ ਦੇ ਨੇੜੇ ਢੁੱਕਦਾ ਹੈ, ਪਰ ਅੱਜ ਦੇ ਬੰਗਲਾਦੇਸ਼ ਵਿਚਲੇ ਇਲਾਕਿਆਂ ਵਿਚੋਂ ਉਜੜ ਕੇ ਆਏ ਬੰਗਾਲੀ ਮੁਸਲਮਾਨਾਂ ਲਈ ਇਹ ‘ਮੀਆਂ’ ਉਵੇਂ ਹੀ ਗਾਲ੍ਹ ਵਾਂਗ ਵਰਤੀਂਦਾ ਰਿਹਾ ਹੈ, ਜਿਵੇਂ ਪੰਜਾਬ ਅਤੇ ਪੰਜਾਬੀ ਵਿਚ ਸ਼ਬਦ ‘ਭਈਆ’ ਗਰਕਿਆ। ਪੱਛਮ ਵਾਲੇ ਪਾਸਿਓਂ ਹੱਲਿਆਂ ਵੇਲੇ ਬਾਰਡਰ ਪਾਰ ਕਰਕੇ ਆਪਣੇ ਨਾਲ ਬਾਇੱਜਤ ‘ਭਾਪਾ’ ਸ਼ਬਦ ਲੈ ਆਏ ਸਨ। ਕਿਸੇ ਵਿਰਲੇ ਨਵਯੁਗੀ ਨੇ ਇਹਨੂੰ ਆਪਣੇ ਨਾਂਓਂ ਅੱਗੇ ਲਾ ਕੇ ਆਰਸੀ ਵਿਚ ਆਪਣਾ ਸੋਹਣਾ ਨਕਸ਼ ਜ਼ਰੂਰ ਤੱਕਿਆ ਹੋਵੇਗਾ, ਪਰ ਬਹੁਤਿਆਂ ਨੇ ‘ਭਾਪਾ’ ਹੋਣ, ਕਹਾਉਣ ਦੀ ਕੀਮਤ ਤਾਉਮਰ ਬੇਇੱਜਤੀਆਂ ਨਾਲ ਤਾਰੀ। ਇੱਜਤਾਂ, ਮੁਲਕਾਂ, ਪਰਵਾਸ ਅਤੇ ਭਾਸ਼ਾਵਾਂ ਦੀ ਸ਼ਤਰੰਜ ਵਿਚ ਮੀਆਂ, ਭੱਈਆ ਅਤੇ ਭਾਪਾ ਖਿਤਾਬਾਂ ਨਾਲ ਖੜ੍ਹੇ ਉਹ ਮੋਹਰੇ ਹਨ, ਜਿਨ੍ਹਾਂ ਨੂੰ ਅਜ਼ਲੋਂ ਮਾਤ ਦੇ ਸਰਾਪ ਮਿਲੇ ਹੋਏ ਹਨ।
ਹੁਣ ਜਦੋਂ ਦੇਸ਼ ਦੇ ‘ਅਸਲੀ ਬਾਸ਼ਿੰਦੇ’ ਫਿਰ ਪਛਾਣੇ ਜਾ ਰਹੇ ਹਨ ਅਤੇ ਪਾਰਲੀਮੈਂਟ ਵਿਚ ਸਰਬ ਸ਼ਕਤੀਮਾਨ ਤੋਂ ਲੈ ਕੇ ਗਲੀਆਂ ਵਿਚ ਦੇਸ਼ ਭਗਤੀ ਦੇ ਨਾਂ ‘ਤੇ ਦਨਦਨਾਉਂਦੀਆਂ ਨਵ-ਨਿਰਮਿਤ ਲਾਠੀ-ਯੁਕਤ ਕਾਨੂੰਨ-ਮੁਕਤ ਸੈਨਾਵਾਂ ਕਹਿ ਰਹੀਆਂ ਹਨ ਕਿ ਉਹ ਹਿੰਦੋਸਤਾਨ ਦੀ ਇੰਚ-ਇੰਚ ਜ਼ਮੀਨ ਤੋਂ ਅੰਦਰ ਵੜ ਆਏ ਨਕਲੀ ਨਾਗਰਿਕਾਂ ਨੂੰ ਕੱਢ ਕੇ ਦਮ ਲੈਣਗੇ ਤਾਂ ਅਸਾਮ ਵਿਚ ਬੰਗਾਲੀ ਮੂਲ ਦੇ ਕਿਸੇ ਮੁਸਲਮਾਨ ਕਵੀ ਨੇ ਆਪਣੇ ਅਤੀਤ ਵਿਚੋਂ ਸ਼ਬਦ ‘ਮੀਆਂ’ ਨੂੰ ਫੜ ਉਹਦੀ ਅਜ਼ਮਤ ਦੀ ਰੱਖ ਵਿਖਾਉਣ ਦਾ ਫੈਸਲਾ ਕੀਤਾ।
ਕਈ ਦਹਾਕੇ ਪਹਿਲਾਂ 1951 ਦੀ ਜਨਗਣਨਾ ਵੇਲੇ ਬੰਗਾਲੀ ਇਲਾਕਿਆਂ ਵਿਚੋਂ ਉਜੜ ਕੇ ਆਏ ਮੁਸਲਮਾਨਾਂ ਨੇ ਮੀਆਂ ਉਪ ਬੋਲੀ ਤਿਆਗ ਕੇ ਆਪਣੀ ਭਾਸ਼ਾ ਆਸਾਮੀ ਲਿਖਵਾਈ। ਨਤੀਜੇ ਵਜੋਂ 1931 ਦੀ ਬਨਿਸਬਤ 1951 ਵਿਚ ਆਸਾਮੀ ਭਾਸ਼ਾ ਬੋਲਣ ਵਾਲਿਆਂ ਦੀ ਗਿਣਤੀ 150 ਫੀਸਦ ਵਧ ਗਈ। ਸਮੇਂ ਦੇ ਨਾਲ-ਨਾਲ ਬੰਗਾਲੀ ਮੁਸਲਮਾਨਾਂ ਦੀ ਉਪਭਾਸ਼ਾ ਜਾਂ ਤਾਂ ਗੁਆਚਦੀ ਰਹੀ ਜਾਂ ਘਰ ਦੀ ਚਾਰਦੀਵਾਰੀ ‘ਚ ਕੈਦ ਰਹੀ। ਬਾਹਰ ਜ਼ਿੰਦਗੀ ਅਸਾਮੀ ਭਾਸ਼ਾ ਵਿਚ ਗੁਜ਼ਰੀ ਅਤੇ ਸਾਹਿਤ ਵੀ ਇਸੇ ਪ੍ਰਵਾਨਿਤ ਭਾਸ਼ਾ ਵਿਚ ਰਚਿਆ ਗਿਆ।
ਜਦੋਂ ਰਾਜਨੀਤੀ ਨੇ ਅਸਲ ਨਕਲੀ ਨਾਗਰਿਕਾਂ ਦੀ ਲੱਭਤ ਦੀ ਖੇਡ ਖੇਡਣੀ ਸ਼ੁਰੂ ਕੀਤੀ ਤਾਂ ਕਵੀ ਨੇ ਆਪਣੀ ਵਾਰੀ ਭੁਗਤਾਈ, ਤ੍ਰਿਸਕਾਰੀ ਉਪਭਾਸ਼ਾ ਵਿਚ ਬੋਲੀ ਪਾਈ, ਮੀਆਂ ਜੀ ਦੀ ਇੱਜਤ ਵਧਾਈ। ਔਖਾ ਪੁੱਛਿਆ ਇਕ ਸਵਾਲ – ਅਗਲੀਆਂ ਗਰਮੀਆਂ ਜੰਮਣ ਵਾਲੇ ਮੇਰੇ ਬੱਚੇ ਨਾਲ ਵੀ ਕਰੋਗੇ ਇੰਜ ਹੀ ਨਫਰਤ, ਜਿਵੇਂ ਕਰਦੇ ਹੋ ਮੇਰੇ ਨਾਲ? ਪਾਰਲੀਮੈਂਟ ਦੀ ਸਰਦਲ ਤੋਂ ਜਵਾਬ ‘ਹਾਂ’ ਵਿਚ ਗੂੰਜਿਆ।
ਅਸਾਮ ਵਿਚ ਹੜ੍ਹਾਂ ‘ਚ ਦਰਜਨਾਂ ਲੋਕ ਮਰ ਗਏ ਹਨ। 33 ਜਿਲਿਆਂ ਵਿਚ ਅੱਧੇ ਕਰੋੜ ਤੋਂ ਵੀ ਵੱਧ ਖਲਕਤ ਛੱਲਾਂ ਦੀ ਮਾਰ ਥੱਲੇ ਆਈ। ਜਿਥੇ ਸਰਕਾਰ ਦਹਾਕਿਆਂ ਤੋਂ ਵੱਸਦੇ-ਰਸਦੇ ਇਨਸਾਨਾਂ ਨੂੰ ਸਿਉਂਕ ਕਹਿ ਕੇ ਮੁਲਕ ਤੋਂ ਬਾਹਰ ਸੁੱਟ ਦੇਣ ਦਾ ਤਹੱਈਆ ਕਰ ਬੈਠੀ ਹੋਵੇ, ਉਥੇ ਜਾਨਵਰਾਂ ਦੀ ਕੀ ਗਿਣਤੀ ਕਰਨੀ, ਜੋ ਇਨ੍ਹਾਂ ਪਾਣੀਆਂ ਵਿਚ ਰੁੜ੍ਹ ਗਏ ਹੋਣਗੇ। ਹੜ੍ਹਾਂ ਨੇ ਬਸਤੀਆਂ ਪਸਤ ਕਰ ਦਿੱਤੀਆਂ ਹਨ, ਪਰ ਕਾਗਜ਼ਾਂ ਦਾ ਦੱਥਾ ਲਈ, ਉਹ ਰਿਆਸਤ-ਏ-ਹਿੰਦ ਦੇ ਔਖੇ ਸਵਾਲ ਦਾ ਜਵਾਬ ਦੇਣ ਲਈ ਤਿਆਰ ਹਨ ਕਿ ਉਹ ਸਿਉਂਕ ਨਹੀਂ ਹਨ। ਇਸੇ ਦੇਸ਼ ਦੇ ਹਨ। ਕਈ ਵਿਚਾਰਿਆਂ ਕੋਲ ਤਾਂ ਪਾਉਣ ਲਈ ਦੂਜਾ ਜੋੜਾ ਨਹੀਂ, ਉਨ੍ਹਾਂ ਕੋਲ ਜਾਣ ਲਈ ਦੂਜਾ ਦੇਸ਼ ਕਿਥੋਂ ਆਉਣਾ ਹੈ?
“ਪਰ ਕਿਉਂ ਨਹੀਂ ਕਹਿੰਦੇ ਕਿ ਅਸੀਂ ਅਸਾਮੀ-ਭਾਸ਼ੀ ਹਾਂ? ਕਿਉਂ ਲਿਖੀ ਮੀਆਂ ਉਪ ਬੋਲੀ ਵਿਚ ਕਵਿਤਾ?” ਭੀੜ ਪੁੱਛ ਰਹੀ ਹੈ।
ਦੋ ਸਾਲ ਪਹਿਲਾਂ ਬੱਸ ਵਿਚ ਬੈਠ, ਢਾਈ ਟੋਟਰੂ ਕਾਰਵਾਂ-ਏ-ਮੁਹੱਬਤ ਬਣਾ ਕੇ ਉਨ੍ਹਾਂ ਸ਼ਹਿਰਾਂ, ਗਲੀਆਂ, ਚੌਕਾਂ, ਵਿਹੜਿਆਂ ਦੀ ਯਾਤਰਾ ਕਰਨ ਟੁਰ ਪਏ, ਜਿਥੇ ਭੀੜ ਨੇ ਆਪੇ ਪਛਾਣ, ਕੁੱਟ-ਕੁੱਟ ਕੇ ਦੇਸ਼ ਅਤੇ ਧਰਮ ਦੇ ਦੁਸ਼ਮਣ ਨਾਗਰਿਕ ਮਾਰੇ ਸਨ। ਸਿਆਸਤ ਤੁਹਾਨੂੰ ਇਸ਼ਤਿਹਾਰੀ ਸਿਉਂਕ ਦਾ ਦਰਜਾ ਦੇ ਦੇਵੇ ਤਾਂ ਭੀੜ ਵਫਾਦਾਰੀ ਨਾਲ ਭੁਗਤਾਉਂਦੀ ਹੈ। ਨਾਗਰਿਕ ਤੋਂ ਪੂਰੀ ਕੀਮਤ ਵਸੂਲ ਕਰਦੀ ਹੈ। ਮਰਨ ਤੋਂ ਪਹਿਲਾਂ-ਪਹਿਲਾਂ ਉਹਦੇ ਕਾਫਿਰ ਮੁੱਖੋਂ ਆਪਣੇ ਰੱਬ ਦੀ ਜੈ ਕਰਵਾਉਂਦੀ ਹੈ।
ਸਰਕਾਰ ‘ਚ ਵੱਡੀ ਅਫਸਰੀ ਛੱਡ, ਕਮੀਜ਼ ਪੈਂਟ ਤੋਂ ਬਾਹਰ ਲਟਕਾਈ, ਪੈਰੀਂ ਪੁਰਾਣੀ ਜੁੱਤੀ ਅੜਾਈ ਹਰਸ਼ ਮੰਦਰ ਅਤੇ ਉਹਦੇ ਸਾਥੀ ਹੁਣ ਹੈਰਾਨ ਹੋ ਰਹੇ ਹਨ ਕਿ ਉਨ੍ਹਾਂ ਦਾ ਸੋਸ਼ਲ ਮੀਡੀਆ ‘ਤੇ ਪਾਇਆ ਮੀਆਂ ਕਾਵਿ ਦਾ ਮਜ਼ਮੂਨ ਚੰਨ ਵੱਲ ਚੜ੍ਹਦੇ ਮਜ਼ਬੂਤ ਮੁਲਕ ਲਈ ਇੰਨਾ ਵੱਡਾ ਖਤਰਾ ਕਿਉਂ ਹੋ ਗਿਆ ਕਿ ਕਵੀਆਂ ਖਿਲਾਫ ਐਫ[ ਆਈ[ ਆਰ[ ਦਰਜ ਹੋ ਗਈ?
ਫਸਾਦਾਂ ਮਾਰਿਆ, ਝੂਠੇ ਕੇਸਾਂ ਵਿਚ ਫਸਾਇਆ ਅਤੇ ਗੁਰਬਤ ਦੇ ਰੌਲਿਆਂ ਦੀ ਬਾਤ ਪਾਉਂਦਾ ਹਰਸ਼ ਮੰਦਰ ਪੁੱਛ ਰਿਹਾ ਸੀ ਕਿ ਵਿਦਰੋਹੀ ਕਾਵਿ ਤੋਂ ਬਿਨਾ ਦੁਨੀਆਂ ਵਿਚ ਅੱਜ ਭਾਰਤ ਦੀ ਕੀ ਔਕਾਤ ਹੁੰਦੀ? ਕਹਿ ਰਿਹਾ ਸੀ ਕਿ ਭਗਤੀ ਕਾਵਿ, ਸੂਫੀ ਕਾਵਿ ਸਭ ਵਿਦਰੋਹੀ ਕਾਵਿ ਹੀ ਤਾਂ ਹਨ। ਅਸ਼ੋਕ ਵਾਜਪਾਈ, ਗੀਤਾ ਹਰੀਹਰਨ, ਨਤਾਸ਼ਾ ਬਧਵਾਰ, ਪ੍ਰੋਫੈਸਰ ਅਪੂਰਵਾਨੰਦ ਮੀਆਂ ਕਾਵਿ ਵਾਲਿਆਂ ਲਈ ਖੜ੍ਹੇ ਹੋਏ ਹਨ, ਪਰ ਉਧਰ ਅਸਾਮ ਵਿਚ ਦੇਸ਼ ਭਗਤੀ ਦਾ ਵੀ ਤਾਂ ਹੜ੍ਹ ਆਇਆ ਹੋਇਆ ਹੈ।
ਕਿਸੇ ਡਾਢੇ ਤੋਂ ਦਸਾਂ ਨਹੁੰਆਂ ਦੀ ਕਿਰਤ ਕਰਦੇ ਪਰ ‘ਭਈਆ’ ਅਖਵਾਉਂਦੇ ਨੂੰ ਕੁੱਟ ਪੈਂਦੀ ਹੋਵੇ ਤਾਂ ਕੌਣ ਮਦਦ ਨੂੰ ਬਹੁੜਦਾ ਏ? ਕਵੀਆਂ ਮੁਆਫੀਆਂ ਮੰਗਣੀਆਂ ਸ਼ੁਰੂ ਕਰ ਦਿੱਤੀਆਂ ਹਨ। ਹਾਫਿਜ਼ ਅਹਿਮਦ ਨੇ ਕਿਹਾ ਹੈ ਕਿ ਉਹ ਤਾਂ ਪੱਕਾ ਅਸਾਮੀ ਹੈ, ਵੈਸੇ ਵੀ ਅਸਾਮੀ ਭਾਸ਼ਾ ਵਿਚ ਹੀ ਲਿਖਦਾ ਹੈ, ਤੇ ਜੇ ਕਿਸੇ ਦੇ ਮਨ ਨੂੰ ਠੇਸ ਪਹੁੰਚੀ ਹੋਵੇ ਤਾਂ ਮੁਆਫੀ ਮੰਗਦਾ ਹੈ। ਮੀਆਂ ਜੀ ਦੀ ਮੁਆਫੀ ਮੰਗਣ ਦੀ ਕਾਹਲੀ ਸਮਝ ਆਉਂਦੀ ਹੈ।
9/11 ਤੋਂ ਬਾਅਦ ਜਦੋਂ ਅਮਰੀਕਾ ਅਤੇ ਯੂਰਪੀ ਦੇਸ਼ਾਂ ਵਿਚ ਕਈ ਵਾਰੀ ਕਿਸੇ ਸਿੱਖ ਨੂੰ ਅਰਬ ਮੁਸਲਮਾਨ ਸਮਝ ਨਫਰਤੀ ਹਮਲੇ ਦਾ ਸ਼ਿਕਾਰ ਬਣਾਇਆ ਗਿਆ ਤਾਂ ਤਖਤ-ਨਸੀਬਾਂ ਮੱਤ ਦਿੱਤੀ ਕਿ ਵਿਦੇਸ਼ਾਂ ਵਿਚ ਜਾਣਕਾਰੀ ਵਧਾਊ ਮੁਹਿੰਮ ਚਲਾਈ ਜਾਵੇ ਤਾਂ ਜੋ ਗੋਰਿਆਂ ਨੂੰ ਪਤਾ ਲੱਗੇ ਕਿ ਸਿੱਖ, ਮੁਸਲਮਾਨ ਨਹੀਂ ਹੁੰਦੇ। ਵੈਸੇ ਜਦੋਂ ਭੀੜ ਬਣੀ ਸੀ ਕਦੀ, ਤਾਂ ਗੁਰੂ ਹਿੰਦ ਦੀ ਚਾਦਰ ਬਣ ਗਿਆ ਸੀ। ਅਮਰੀਕਾ ਦੀ ਜਥੇਬੰਦੀ ‘ਸਿੱਖ ਕੁਲੀਸ਼ਨ’ ਦੇ ਅੰਕੜਿਆਂ ਅਨੁਸਾਰ ਟਰੰਪ ਦੇ ਰਾਜ ਵਿਚ ਨਫਰਤੀ ਹਮਲਿਆਂ ਵਿਚ ਵੱਡਾ ਵਾਧਾ ਹੋਇਆ ਹੈ।
ਗੁਰੂ ਹੁੰਦਾ ਤਾਂ ਅੱਜ ਜਹਾਨ ਦੀ ਚਾਦਰ ਬਣ ਜਾਂਦਾ। ਕੁਝ ਗੁਰੂ ਵਾਲੇ ਨਿਸ਼ਚਿਤ ਹੀ ਉਦਮ ਕਰ ਰਹੇ ਹਨ। ਜਦੋਂ ਕੈਲੀਫੋਰਨੀਆ ਦੇ ਰਿਚਮੰਡ ਵਿਚ ਮਾਨ ਸਿੰਘ ਖਾਲਸਾ ‘ਤੇ ਹਮਲਾ ਕਰਨ ਵਾਲੇ ਦੋ ਗੋਰੇ ਨੌਜਵਾਨਾਂ ਨੂੰ ਤਿੰਨ ਸਾਲ ਦੀ ਕੈਦ ਦੀ ਸਜ਼ਾ ਹੋਈ ਤਾਂ ਮਾਨ ਸਿੰਘ ਨੇ ਭਰੀ ਅਦਾਲਤ ਵਿਚ ਉਨ੍ਹਾਂ ਨੂੰ ਇਕੋ ਗੱਲ ਕਹੀ, “ਤੁਸੀਂ ਮੇਰੇ ਧਰਮ ਦੇ ਅਸੂਲਾਂ ਬਾਰੇ ਪੜ੍ਹਨਾ ਜ਼ਰੂਰ। ਆਪਾਂ ਭਰਾ ਹਾਂ ਸਾਰੇ।” ਪਤਾ ਨਹੀਂ ਕਿਉਂ, ਇਹ ਬੋਲ ਮੀਆਂ ਕਾਵਿ ਵਰਗੇ ਜਾਪਦੇ ਹਨ।
ਜਦੋਂ ਨਿਊਜ਼ੀਲੈਂਡ ਵਿਚ ਨਫਰਤ ਨਾਲ ਭਰੇ ਇਕ ਸਿਰ ਫਿਰੇ ਨੇ ਮਸਜਿਦ ਵਿਚ ਕਿੰਨੇ ਸਾਰੇ ਨਮਾਜ਼ੀ ਗੋਲੀਆਂ ਨਾਲ ਭੁੰਨ ਸੁੱਟੇ ਤਾਂ ਜਵਾਬ ਵਿਚ ਕਈ ਗੈਰ-ਮੁਸਲਮਾਨ ਔਰਤਾਂ ਨੇ ਹਿਜਾਬ ਦੀ ਬੁੱਕਲ ਮਾਰੀ ਜਾਂ ਬੁਰਕਾ ਪਹਿਨਿਆ। ਉਨ੍ਹਾਂ ਔਰਤਾਂ ਦਾ ਆਸਾਮ ਵਿਚ ਸਿਉਂਕ ਦਾ ਸ਼ਿਕਾਰ ਕਰਦਿਆਂ ਨੂੰ ਕੀ ਜਵਾਬ ਹੋਵੇਗਾ? ਇਹੀ ਕਿ “ਅਸੀਂ ਵੀ ਮੀਆਂ ਹਾਂ।”
ਗੁਰੂ ਵਾਲਿਆਂ ਲਈ ਇਹ ਐਲਾਨੀਆ ਕਹਿਣ ਦਾ ਵਕਤ ਆ ਗਿਆ ਹੈ ਕਿ ਅਸੀਂ ਪਹਿਲੂ ਖਾਨ ਹਾਂ, ਅਖਲਾਕ ਹਾਂ, ਨਜੀਬ ਹਾਂ। ਅਸੀਂ ਹੋਰ ਹਾਂ, ਤੁਸੀਂ ਹੋਰ ਹੋ, ਉਹ ਹੋਰ ਹਨ, ਵਾਲੇ ਬਿਆਨੀਏ ਵਿਚੋਂ ਨਿਕਲੀ ਸਿਆਸਤ ਹੇਠ ਆਪਣੇ ਧਰਮ ਦਾ ਪਰਮ ਸੱਚ ਸਾਬਤ ਕਰਨ ਲਈ ਤਿੰਨ-ਚੌਥਾਈ ਸਦੀ ਪਹਿਲਾਂ ਅਸੀਂ ਛਵੀਆਂ, ਗੰਡਾਸਿਆਂ, ਕੁਹਾੜਿਆਂ ਲਈ ਭੱਠੀਆਂ ਧਰਮ ਅਸਥਾਨਾਂ ਪੁਰ ਲਾਈਆਂ, ਚਲਾਈਆਂ।
ਉਸੇ ਸਿਆਸਤ ਦੇ ਅਗਲੇ ਪੜਾਅ ਵਿਚ ਦੇਸ਼ ਵਿਚ ਨਵੀਂ ਘੱਟਗਿਣਤੀ ਦੇ ਨਿਰਮਾਣ ਹੋਣ ਦੀ ਕਥਾ ਸੁਣਾਈ ਦੇ ਰਹੀ ਹੈ। ਇਸ ਦੇਸ਼ ਦੀ ਬਹੁਲਤਾ ਦੇ ਸੰਕਲਪ ਦੀ ਇੱਜਤ ਕਰਨ ਵਾਲੇ, ਇਕ ਦੂਜੇ ਦੇ ਰੀਤੀ ਰਿਵਾਜਾਂ, ਸਭਿਆਚਾਰ, ਬੋਲੀ, ਖਾਣ-ਪੀਣ, ਧਰਮ, ਫਿਰਕੇ ਦਾ ਸਨਮਾਨ ਕਰਨ ਵਾਲੇ ਨਵੀਂ ਘੱਟਗਿਣਤੀ ਬਣ ਰਹੇ ਹਨ। ਜ਼ਹਿਰੀਲੀ ਹਵਾ ਝੀਤਾਂ ਥਾਣੀਂ ਘਰ ਦੇ ਅੰਦਰ ਆ ਰਹੀ ਹੈ। ਦਿੱਲੀ ਵਿਚ ਕੰਮ ਕਰਦਾ ਮੇਰਾ ਇਕ ਨੌਜਵਾਨ ਮਿੱਤਰ ਜਦ ਕਦੇ ਦੋ ਚਾਰ ਦਿਨਾਂ ਲਈ ਜੰਮੂ ਰਹਿੰਦੇ ਆਪਣੇ ਪਰਿਵਾਰ ਨੂੰ ਮਿਲਣ ਜਾਂਦਾ ਹੈ ਤਾਂ ਝੋਰਿਆਂ ਨਾਲ ਮੁੜਦਾ ਹੈ। ਉਹਨੂੰ ਟੁੱਟ ਕੇ ਪਿਆਰ ਕਰਦੀ ਉਹਦੀ ਮਾਂ ਅਤੇ ਹੋਰਨਾਂ ਰਿਸ਼ਤੇਦਾਰਾਂ ਦੇ ਕਸ਼ਮੀਰੀਆਂ ਬਾਰੇ ਬੋਲ ਸੁਣ ਉਹ ਘਰ ਵਿਚ ਵੀ ਘੱਟਗਿਣਤੀ ਬਣ ਚੁਕਾ ਹੈ। ਪਿਛਲੇ ਹਫਤੇ ਕਾਰਵਾਂ-ਏ-ਮੁਹੱਬਤ ਵਾਲਿਆਂ ਨੂੰ ਮਿਲ, ਮੀਆਂ ਕਾਵਿ ਦੇ ਕਾਫੀਏ-ਰਦੀਫ ਨੂੰ ਉਧੇੜ ਕੇ ਰੱਖ ਦੇਣ ਦੇ ਕੌਮੀ ਨਾਗਰਿਕ ਰਜਿਸਟਰ ਵਾਲੇ ਕਾਰਜ ਦੀ ਕਥਾ ਸੁਣ, ਇਲਤਜ਼ਾ ਕਰ ਰਿਹਾ ਸੀ ਕਿ ਮੈਂ ਇਹ ਕਵਿਤਾ ਜ਼ਰੂਰ ਪੜ੍ਹਾਂ: ਕੀ ਅਣਜੰਮੇ ਬਾਲ ਨੂੰ ਨਫਰਤ ਕਰਨ ਦੀ ਸਾਡੀ ਤਿਆਰੀ ਪੂਰੀ ਹੈ?
ਉਧਰ ਟਰੰਪ ਵੀ ਆਪਣਾ ਕੌਮੀ ਨਾਗਰਿਕ ਰਜਿਸਟਰ ਫਰੋਲ ਰਿਹਾ ਹੈ। ਆਪਣੇ ਦੇਸ਼ ਦੀ ਪਾਰਲੀਮੈਂਟ (ਕਾਂਗਰਸ) ਵਿਚ ਉਹਨੂੰ ਚਾਰ ਜਨਾਨੀਆਂ ਐਸੀਆਂ ਲੱਭ ਪਈਆਂ ਹਨ, ਜਿਨ੍ਹਾਂ ਨੂੰ ਉਸ ਵਾਪਸ ਉਨ੍ਹਾਂ ਦੇਸ਼ਾਂ ਵਿਚ ਜਾਣ ਲਈ ਕਹਿ ਦਿੱਤਾ ਹੈ, ਜਿਥੋਂ ਉਹ ਜਾਂ ਉਨ੍ਹਾਂ ਦੇ ਵਡੇਰੇ ਆਏ ਸਨ। ਦੇਸ਼ ਨੂੰ ਮੁੜ ਮਹਾਨ ਬਣਾਉਣ ਨੂੰ ਪ੍ਰਣਾਈ ਭੀੜ ‘ਭੇਜੋ ਵਾਪਸ ਇਨ੍ਹਾਂ ਨੂੰ’ ਦੇ ਆਵਾਜ਼ੇ ਕੱਸ ਰਹੀ ਹੈ। ਦੁਨੀਆਂ ਨੂੰ ਕਿਸੇ ਮਹਾਂ ਮੀਆਂ ਕਾਵਿ ਦੀ ਬੇਹੱਦ ਲੋੜ ਆ ਪਈ ਹੈ। ਮੈਨੂੰ ਕਈ ਵਾਰੀ ਯਾਰਾਂ ਪੁੱਛਿਆ ਹੈ “ਐਸ[ ਪੀ[ ਸਿੰਘ ਦਾ ਪੂਰਾ ਕੀ ਬਣਦਾ ਹੈ?” ਦੱਸਣ ‘ਤੇ ਪੁੱਛਦੇ ਹਨ, “ਅੱਗੇ ਕੀ ਹੈ?” ਮੈਂ ਕਹਿੰਦਾ ਹਾਂ, “ਅੱਗੇ ਕੁਝ ਨਹੀਂ।” ਪੁੱਛਾਂ ਪੁੱਛਣ ਦੇ ਕਈ ਮਾਹਿਰ ਲੱਭ ਲੈਂਦੇ ਹਨ। “ਅੱਛਾ, ਤੁਸੀਂ ਫਿਰ ਅਰੋੜੇ ਖੱਤਰੀ ਹੋਏ ਸੁ?” ਅੱਜ ਇੰਕਸ਼ਾਫ ਕਰ ਹੀ ਦੇਈਏ। ਪਾਪ ਕੀ ਜੰਞ ਦਹਿਲੀਜ਼ਾਂ ਟੱਪ ਆਈ ਹੈ। ਸੱਚ ਕੀ ਬੇਲਾ ਦਾ ਐਲਾਨਨਾਮਾ ਕਰ ਦਿਓ-ਭਾਪੇ ਮੀਆਂ ਹੋਏ ਭਰਾ ਭਰਾ, ਪਰਾਇਆ ਰਹਿਓ ਨਾ ਕੋਈ। ਭਾਪਾ ਐਸ[ ਪੀ[ ਸਿੰਘ ਮੀਆਂ।