ਜਸਵੰਤ ਸਿੰਘ ਕੰਵਲ ਦਾ ਮੁਹੱਬਤਨਾਮਾ-2

ਜਸਵੰਤ ਸਿੰਘ ਕੰਵਲ ਨੇ ਸੌ ਸਾਲ ਜਿਉਣ ਤੇ ਅੱਸੀ ਸਾਲ ਲਗਾਤਾਰ ਲਿਖਣ ਦਾ ਰਿਕਾਰਡ ਰੱਖ ਦਿੱਤੈ। ਉਸ ਨੇ ਦਸਵੀਂ `ਚੋਂ ਫੇਲ੍ਹ ਹੋ ਕੇ ਪਹਿਰੇਦਾਰੀ, ਕਲਰਕੀ, ਕਿਸਾਨੀ, ਸਰਪੰਚੀ, ਸਾਹਿਤਕਾਰੀ, ਕੇਂਦਰੀ ਪੰਜਾਬੀ ਸਾਹਿਤ ਸਭਾ ਦੀ ਸਕੱਤਰੀ, ਪ੍ਰਧਾਨਗੀ, ਸਰਪ੍ਰਸਤੀ, ਕਾਨਫਰੰਸਾਂ/ਕਨਵੈਨਸ਼ਨਾਂ ਦੀ ਕਨਵੀਨਰੀ, ਸਾਹਿਤ ਟਰਸਟ ਢੁੱਡੀਕੇ ਦੀ ਸਥਾਪਤੀ ਤੇ ਹੋਰ ਕਈ ਕੁਝ ਕਰਨ ਦੇ ਨਾਲ ਮੁਹੱਬਤ ਵੀ ਕੀਤੀ।

ਉਹਦੇ ਕਰੀਬੀ ਪ੍ਰਿੰ[ ਸਰਵਣ ਸਿੰਘ ਦੀ ਉਹਦੇ ਬਾਰੇ ਲਿਖੀ ਕਿਤਾਬ ‘ਪੰਜਾਬੀਆਂ ਦਾ ਬਾਈ ਜਸਵੰਤ ਸਿੰਘ ਕੰਵਲ’ `ਚੋਂ ਪੇਸ਼ ਹੈ ਕੰਵਲ ਦੇ ਮੁਹੱਬਤਨਾਮੇ ਵਾਲਾ ਕਾਂਡ ਦਾ ਦੂਜਾ ਹਿੱਸਾ।

ਪ੍ਰਿੰ[ ਸਰਵਣ ਸਿੰਘ
(ਲੜੀ ਜੋੜਨ ਲਈ ਪਿਛਲਾ ਅੰਕ ਵੇਖੋ)
ਕੰਵਲ ਨੇ ਲਿਖਿਆ ਹੈ ਕਿ ਇਕ ਦਿਨ ਸੂਰਜਪੁਰ ਤੋਂ ਪੱਤਰ ਮਿਲਿਆ, “ਮੈਂ ਦੁਪਹਿਰ ਦੀ ਡਿਊਟੀ ਭੁਗਤਾ ਕੇ ਆ ਰਹੀ ਆਂ। ਅਜੀਤਵਾਲ ਰੇਲਵੇ ਸਟੇਸ਼ਨ ਤੋਂ ਦਿਨ ਛਿਪਦੇ ਕਰਦੇ ਨੂੰ ਹੱਥ ਆ ਫੜੀਂ; ਨਹੀਂ ਡਿੱਗ ਪਵਾਂਗੀ। ਟਰੇਨ ਦੇ ਬੂਹੇ ਤੋਂ ਮੈਂ ਵੇਖਾਂ, ਤੁਸੀਂ ਠੀਕ ਸਟੇਸ਼ਨ ਦੇ ਸਾਹਮਣੇ ਖਲੋਤੇ ਹੋਵੋ।”
ਚਿੱਠੀ ਘੱਟ ਚਿਤਾਵਨੀ ਬਹੁਤੀ ਸੀ। ਰੱਬਾ! ਤੇਰੀਆਂ ਕੁਦਰਤਾਂ। ਸੋਚਿਆ, ਇਹਨੂੰ ਕੀ ਝੱਲ ਉਠ ਪਿਆ? ਹਾਲੇ ਥੋੜ੍ਹੇ ਹੀ ਦਿਨ ਹੋਏ ਸਨ, ਉਸ ਕੋਲੋਂ ਆਏ ਨੂੰ। ਬਈ ਜੇ ਮਨ ਬਿਹਬਲ ਹੋ ਤੁਰੇ, ਦਿਲ ਵਿਚਾਰਾ ਕੀ ਕਰੇ। ਸ਼ਾਮ ਨਾਲ ਠੰਢੀ ਰਿਵੀ ਸਹਿਜ ਸਹਿਜ ਆਪਣੇ ਪਰ ਖਿਲਾਰ ਰਹੀ ਸੀ। ਬਜਰੀਲੇ ਪਲੇਟਫਾਰਮ `ਤੇ ਮੈਂ ਇਕ ਚੱਕਰ ਲਾਇਆ। ਦੇਖਿਆ, ਜਗਰਾਵਾਂ ਵਾਲੇ ਪਾਸੇ ਦਾ ਸਿਗਨਲ ਹੋ ਗਿਆ ਏ। ਮੈਂ ਗੱਡੀ ਦੀ ਉਡੀਕ ਵਿਚ ਮੁਸਕਰਾ ਪਿਆ। ਪਿਆਰ ਆਪਣੀ ਆਈ `ਤੇ ਆਇਆ ਕਰਾਮਾਤ ਜਾਂ ਅਵੱਲਾ ਚਮਤਕਾਰ ਜ਼ਰੂਰ ਕਰਦਾ ਏ।
“ਜਦੋਂ ਉਖਲੀ ਵਿਚ ਸਿਰ ਆਣ ਦਿੱਤਾ, ਫਿਰ ਉਸ ਦੇ ਧਸਕਾਰ ਤੋਂ ਕਿਹਾ ਡਰਨਾ?”
ਹਨੇਰਾ ਵਾਹਵਾ ਹੋ ਗਿਆ ਸੀ। ਜੋ ਰਾਹ ਇਕ ਘੰਟੇ ਵਿਚ ਸੁਖਾਲਿਆਂ ਤੈਅ ਹੋ ਜਾਂਦਾ ਸੀ; ਅਸਾਂ ਡੇਢ ਘੰਟੇ ਵਿਚ ਸਹਿਜ ਸਹਿਜ ਮੁਕਾਇਆ ਸੀ। ਪਿੰਡ ਦੀ ਫਿਰਨੀ ਤੁਰਦੇ ਅਸੀਂ ਚੜ੍ਹਦੇ ਪਾਸੇ ਘਰ ਦੇ ਦਰ ਅੱਗੇ ਆ ਗਏ। ਵੱਡੇ ਬਾਰ ਦਾ ਇਕ ਤਖਤਾ ਖੁੱਲ੍ਹਾ ਸੀ। ਵਿਹੜੇ ਵਿਚ ਬਿਜਲੀ ਬਲ ਰਹੀ ਸੀ, ਪਰ ਚਾਨਣ ਦਲਾਣ ਵਿਚ ਨਹੀਂ ਸੀ ਆ ਰਿਹਾ। ਸਭ ਤੋਂ ਪਹਿਲਾਂ ਮੇਰੇ ਬੇ ਜੀ ਮਿਲੇ। ਮੈਂ ਜਸਵੰਤ ਦੇ ਆਉਣ ਬਾਰੇ ਘਰ ਕਿਸੇ ਨੂੰ ਨਹੀਂ ਸੀ ਦੱਸਿਆ। ਅਚਾਨਕ ਬੇ ਜੀ ਨੇ ਪੁੱਛ ਲਿਆ, “ਇਹ ਕੌਣ ਐ ਨਾਲ?”
“ਬੇ ਜੀ, ਇਹ ਤੇਰੀ ਦੂਜੀ ਨੂੰਹ ਐਂ।” ਮੈਂ ਬਿਨਾ ਝਿਜਕ ਕਹਿ ਦਿੱਤਾ। ਬੇ ਜੀ ਨੇ ਝੱਟ ਬਾਹਾਂ ਅੱਡ ਕੇ ਜਸਵੰਤ ਨੂੰ ਬੁੱਕਲ ਵਿਚ ਲੈ ਲਿਆ। “ਮਾਂ ਸਦਕੇ, ਤੂੰ ਜਿਨ੍ਹਾਂ ਰਾਹਾਂ ਤੋਂ ਆਈ।” ਉਸ ਇਕ ਵਾਰ ਛੱਡ ਕੇ ਮੁੜ ਘੁੱਟ ਲਿਆ। “ਤੂੰ ਕਿਥੇ ਸੁੱਤੀ ਰਹੀ ਹੁਣ ਤਕ?” ਬੇ ਜੀ ਨੇ ਜਸਵੰਤ ਦਾ ਮੱਥਾ ਚੁੰਮ ਲਿਆ। ਜਸਵੰਤ ਨੇ ਢੇਰ ਸਮੇਂ ਪਿੱਛੋਂ ਦੱਸਿਆ ਸੀ, “ਮੈਂ ਸੋਚ ਨਹੀਂ ਸਕਦੀ ਸੀ, ਬੇ ਜੀ ਐਨੇ ਮੋਹ ਪਿਆਰ ਨਾਲ ਮੈਨੂੰ ਘੁੱਟ ਕੇ ਮਿਲਣਗੇ। ਤੂੰ ਭਾਗਾਂ ਵਾਲਾ ਏਂ, ਜਿਸ ਕੋਲ ਐਨੀ ਮਿੱਠੀ ਮਾਂ ਹੈ।”
ਅਸੀਂ ਵਰਾਂਡੇ ਵਿਚ ਆ ਗਏ। ਸ਼੍ਰੀਮਤੀ ਨੂੰ ਡਾ[ ਜਸਵੰਤ ਨਾਲ ਮਿਲਾਇਆ। ਉਸ ਸ਼੍ਰੀਮਤੀ ਨੂੰ ਪੂਰੀ ਅਪਣੱਤ ਨਾਲ ਜੱਫੀ ਵਿਚ ਲੈ ਲਿਆ ਤੇ ‘ਸਤਿ ਸ੍ਰੀ ਅਕਾਲ’ ਆਖੀ। ਸ਼੍ਰੀਮਤੀ ਨੇ ਜੇਰਾ ਕਰ ਕੇ ਮੰਨ ਲਈ। ਮੈਂ ਜਸਵੰਤ ਬਾਰੇ ਘਰ ਵਾਲੀ ਨੂੰ ਢੇਰ ਸਮਾਂ ਪਹਿਲੋਂ ਦੱਸ ਚੁਕਾ ਸਾਂ। ਉਹ ਮਿਲ ਕੇ ਬਹੁਤੀ ਹੈਰਾਨ ਤਾਂ ਨਾ ਹੋਈ, ਪਰ ਅੰਦਰੋਂ ਸੁੰਗੜ ਜ਼ਰੂਰ ਗਈ। ਜਸਵੰਤ ਬੇ ਜੀ ਦਾ ਹਾਲ ਚਾਲ ਪੁੱਛਣ ਲੱਗ ਪਈ ਤੇ ਮੈਂ ਸ਼੍ਰੀਮਤੀ ਕੋਲ ਰਸੋਈ ਵਿਚ ਆ ਗਿਆ। ਉਹਦੇ ਅੰਦਰ ਗੜਬੜ ਉਠਣੀ ਜ਼ਰੂਰੀ ਸੀ। ਮੈਂ ਉਸ ਨੂੰ ਸਮਝਾ ਰਿਹਾ ਸਾਂ, “ਦੇਖ ਮਨ ਖਰਾਬ ਨਾ ਕਰੀਂ। ਵੱਡੇ ਜੇਰੇ ਨਾਲ ਜੀ ਆਇਆਂ ਨੂੰ ਆਖ। ਜੇ ਮੈਂ ਲੇਖਕ ਰਹਿਣਾ ਏ, ਮੈਨੂੰ ਬਰਾਬਰ ਦੇ ਸਾਹਿਤਕ ਹੁੰਗਾਰੇ ਦੀ ਜ਼ਰੂਰੀ ਲੋੜ ਹੈ, ਜੋ ਤੂੰ ਦੇ ਨਹੀਂ ਸਕਦੀ। ਜਸਵੰਤ ਦੀ ਸਾਹਿਤਕ ਸੂਝ ਦੀ ਮੈਨੂੰ ਲੋੜ ਹੈ; ਮਜਬੂਰੀ ਹੈ। ਮੈਂ ਤੇਰੇ ਤੋਂ ਚੋਰੀ ਏਧਰ ਓਧਰ ਝੱਖ ਮਾਰਨ ਨੂੰ ਮਾੜੀ ਗੱਲ ਸਮਝਦਾ ਆਂ[[[। ਮੈਂ ਸ਼੍ਰੀਮਤੀ ਨੂੰ ਆਪਣੀ ਸਾਹਿਤਕ ਲੋੜ ਦੱਸ ਕੇ ਰਾਜ਼ੀ ਕਰਨਾ ਚਾਹੁੰਦਾ ਸਾਂ। ਪਰ ਉਹ ਮਨ ਹੀ ਮਨ ਚੁੱਪ, ਸੌਂਕਣ ਦੇ ਪੱਖ ਨਾਲ ਘੋਲ ਕਰ ਰਹੀ ਸੀ। ਉਸ ਸਾਰਾ ਗਿਲਾ ਦਿਲ ਵਿਚ ਘੁੱਟ ਲਿਆ। ਸ਼ਾਇਦ ਉਹ ਭਵਿੱਖ ਦੀ ਚਿੰਤਾ ਬਾਰੇ ਅੰਦਰੇ ਅੰਦਰ ਆਪਾ ਤੋੜ ਰਹੀ ਸੀ।”
ਸ਼੍ਰੀਮਤੀ ਦਾ ਜੁੱਸਾ ਬਾਈਖੋਰਾ ਹੋਣ ਕਾਰਨ ਗੋਡਿਆਂ ਦੀਆਂ ਦਰਦਾਂ ਬੜਾ ਤੰਗ ਕਰਦੀਆਂ ਸਨ। ਕਈ ਸਾਲ ਪਿੱਛੋਂ, ਜਦੋਂ ਡਾ[ ਜਸਵੰਤ ਪੱਕੇ ਤੌਰ `ਤੇ ਢੁੱਡੀਕੇ ਆ ਗਈ; ਦੋਵੇਂ ਘਿਉ ਖਿਚੜੀ, ਹੇਲ ਮੇਲ ਹੋ ਗਈਆਂ। ਜਸਵੰਤ ਨੇ ਮੇਰੇ ਬੱਚਿਆਂ ਨੂੰ ਆਪਣੇ ਹੀ ਸਮਝ ਕੇ ਪਿਆਰ ਉਤਸ਼ਾਹ ਨਾਲ ਭਰ ਦਿੱਤਾ। ਮੈਂ ਆਪਣੀ ਥਾਂ ਬਾਗੋ ਬਾਗ। ਸਾਡੀ ਤਿਕੋਣ ਨੂੰ ਹੋਰ ਕੀ ਚਾਹੀਦਾ ਸੀ? ਬੇ ਜੀ ਤੇ ਜਸਵੰਤ ਆਪਣੇ ਪਿਆਰ ਵਿਚ ਹਰ ਤਰ੍ਹਾਂ ਪ੍ਰਸੰਨ ਸਨ। ਮੈਂ ਗੁਰੂ ਦਾ ਸ਼ੁਕਰਗੁਜ਼ਾਰ; ਜਿਸ ਸਾਹਿਤਕ ਖੇਤਰ ਵਿਚ ਝੰਡਾ ਗੱਡ ਦਿੱਤਾ।
ਜਸਵੰਤ ਗਿੱਲ ਨੂੰ ਡਾਕਟਰ ਬਣਾਉਣ ਵਿਚ ਉਹਦੇ ਵੱਡੇ ਭਰਾ ਦਾ ਵਿਸੇLਸ਼ ਯੋਗਦਾਨ ਸੀ। ਉਸ ਦੀ ਅਗੇਤੀ ਮੌਤ ਕਾਰਨ ਉਸ ਦੇ ਬੱਚਿਆਂ ਨੂੰ ਪੜ੍ਹਾਉਣ ਦੀ ਜਿੰLਮੇਵਾਰੀ ਡਾ[ ਜਸਵੰਤ ਨੇ ਆਪਣੇ ਸਿਰ ਲੈ ਲਈ ਸੀ। ਮਾਂ ਦੀ ਸਾਂਭ ਸੰਭਾਲ ਵੀ ਉਹਦੇ ਜ਼ਿੰਮੇ ਸੀ। ਅਜਿਹੀ ਹਾਲਤ ਵਿਚ ਉਹਦਾ ਆਪਣਾ ਵਿਆਹ ਪਿੱਛੇ ਪੈ ਰਿਹਾ ਸੀ। ਤੇਤੀ ਸਾਲ ਦੀ ਉਮਰੇ ਲੇਖਕ ਕੰਵਲ ਦੇ ਸੰਪਰਕ ਵਿਚ ਆਉਣ ਨਾਲ ਉਹ ਕੰਵਲ ਵੱਲ ਖਿੱਚੀ ਗਈ ਸੀ। ਉਹਦੀ ਬੇ ਜੀ ਬੇਸ਼ਕ ਧੀ ਨੂੰ ਕੋਸਦੀ ਸੀ ਕਿ ਤੂੰ ਚਾਰ ਧੀਆਂ ਦੇ ਬਾਪ ਵਿਚ ਕੀ ਵੇਖਿਆ, ਜੋ ਮਿਲਟਰੀ ਦੇ ਅਫਸਰਾਂ ਵਿਚ ਨਹੀਂ। ਉਹ ਅਸਲ ਵਿਚ ਆਪਣੀ ਧੀ ਨੂੰ ਕਿਸੇ ਅਫਸਰ ਨਾਲ ਵਿਆਹੁਣਾ ਚਾਹੁੰਦੀ ਸੀ, ਪਰ ਉਸ ਦੀ ਵਾਹ ਨਹੀਂ ਸੀ ਜਾਂਦੀ। ਡਾ[ ਜਸਵੰਤ ਗਿੱਲ ਉਤੇ ਚਾਰ ਜੀਆਂ ਦਾ ਭਾਰ ਵੀ ਉਸ ਨੂੰ ਵਿਆਹ ਕਰਾਉਣੋਂ ਵਰਜਦਾ ਸੀ।
1950ਵਿਆਂ ਦਾ ਸ਼ੁਰੂ ਹੋਇਆ ਭੇਤ ਭਰਿਆ ਇਸ਼ਕ 70ਵਿਆਂ `ਚ ਦਾਖਲ ਹੋ ਗਿਆ ਸੀ। ਬੱਚੇ ਪੜ੍ਹ ਕੇ ਉਡਾਰ ਹੋ ਗਏ ਸਨ ਤੇ ਨੌਕਰੀਆਂ `ਤੇ ਜਾ ਲੱਗੇ ਸਨ। ਜਸਵੰਤ ਗਿੱਲ ਦੀ ਬਿਰਧ ਬੇ ਜੀ ਗੰਭੀਰ ਬੀਮਾਰ ਹੋ ਗਈ। ਚੰਡੀਗੜ੍ਹ ਪੀ[ ਜੀ[ ਆਈ[ ਦਾਖਲ ਕਰਾਉਣਾ ਪਿਆ। ਜਸਵੰਤ ਗਿੱਲ ਨਾਲ ਕੰਵਲ ਨੇ ਵੀ ਸੇਵਾ ਸੰਭਾਲ ਕੀਤੀ ਪਰ ਉਸ ਨੂੰ ਬਚਾ ਨਾ ਸਕੇ। ਭੋਗ ਪਿਛੋਂ ਜਸਵੰਤ ਗਿੱਲ ਨੂੰ ਸੂਰਜਪੁਰ ਵਾਲਾ ਘਰ ਸੁੰਨਾ ਸੁੰਨਾ ਲੱਗਣ ਲੱਗਾ। ਕਦੇ ਕਦੇ ਕੰਵਲ ਜਾ ਕੇ ਰਾਤ ਰਹਿ ਆਉਂਦਾ। ਜਸਵੰਤ ਗਿੱਲ ਕੰਵਲ ਨੂੰ ਅਕਸਰ ਕਹਿੰਦੀ, ਮੇਰੇ ਕੋਲ ਚੰਡੀਗੜ੍ਹ ਵਿਚ ਦੋ ਕਨਾਲ ਦੀ ਕੋਠੀ ਹੈ। ਆਪਣਾ ਲਿਖਣ ਪੜ੍ਹਨ ਦਾ ਸਮਾਨ ਤੇ ਕੱਪੜੇ ਚੁੱਕ ਕੇ ਚੰਡੀਗੜ੍ਹ ਆ ਜਾਹ, `ਕੱਠੇ ਰਹਾਂਗੇ। ਕੰਵਲ ਨੂੰ ਡਾ[ ਮਹਿੰਦਰ ਸਿੰਘ ਰੰਧਾਵੇ ਨੇ ਵੀ ਚੰਡੀਗੜ੍ਹ ਪਲਾਟ ਦੇਣ ਦੀ ਪੇਸ਼ਕਸ਼ ਕੀਤੀ ਸੀ। ਪਰ ਕੰਵਲ ਦਾ ਕਹਿਣਾ ਸੀ ਕਿ ਉਹ ਪਿੰਡ ਨਹੀਂ ਛੱਡੇਗਾ ਤੇ ਕਦੇ ਵੀ ਸ਼ਹਿਰ ਵਿਚ ਨਹੀਂ ਰਹੇਗਾ। ਉਸ ਨੇ ਤਾਂ 1967 ਵਿਚ ਮੈਥੋਂ ਵੀ ਦਿੱਲੀ ਦੇ ਕਾਲਜ ਦੀ ਨੌਕਰੀ ਛੁਡਾ ਕੇ ਮੈਨੂੰ ਢੁੱਡੀਕੇ ਦੇ ਪੇਂਡੂ ਕਾਲਜ ਵਿਚ ਲੈ ਆਂਦਾ ਸੀ।
ਡਾ[ ਜਸਵੰਤ ਗਿੱਲ ਦੀ ਮਾਤਾ ਦੇ ਚਲਾਣੇ ਪਿੱਛੋਂ ਉਹ ਦੋਵੇਂ ਢੁੱਡੀਕੇ ਵਿਚ ਨਵਾਂ ਘਰ ਬਣਾਉਣ ਬਾਰੇ ਸੋਚਣ ਲੱਗ ਪਏ। ਦੋਵੇਂ ਸਮਝਦੇ ਸਨ ਕਿ ਸਾਰੇ ਜੀਆਂ ਦਾ ਇਕੋ ਘਰ `ਚ ਰਹਿਣਾ ਪ੍ਰੇਸ਼ਾਨੀਆਂ ਪੈਦਾ ਕਰੇਗਾ। ਇਕ ਦਿਨ ਦੋਵੇਂ ਸੂਰਜਪੁਰ ਵਾਲੇ ਫਲੈਟ ਦੇ ਉਤਲੇ ਕਮਰੇ ਵਿਚ ਬੈਠੇ ਢੁੱਡੀਕੇ ਬਣਾਉਣ ਵਾਲੇ ਨਵੇਂ ਘਰ ਦਾ ਨਕਸ਼ਾ ਉਲੀਕ ਰਹੇ ਸਨ ਕਿ ਹੇਠਾਂ ਘੰਟੀ ਵੱਜੀ। ਡਾ[ ਜਸਵੰਤ ਗਿੱਲ, ਕੰਵਲ ਨੂੰ ਉਥੇ ਹੀ ਛੱਡ ਕੇ ਹੇਠਾਂ ਚਲੀ ਗਈ। ਕੰਵਲ ਨੂੰ ਹੇਠੋਂ ਦੋ ਤਿੰਨ ਜਣਿਆਂ ਦੀ ਘੁਸਰ ਮੁਸਰ ਦੀਆਂ ਆਵਾਜ਼ਾਂ ਸੁਣਨ ਲੱਗੀਆਂ।
ਦੋ ਕੁ ਮਹੀਨੇ ਪਹਿਲਾਂ ਅਜੀਤ ਅਖਬਾਰ ਦੇ ਐਡੀਟਰ ਸਾਧੂ ਸਿੰਘ ਹਮਦਰਦ ਦੀ ਪਤਨੀ ਗੁਜ਼ਰ ਗਈ ਸੀ। ਦੋਸਤਾਂ ਮਿੱਤਰਾਂ ਦੇ ਕਹਿਣ `ਤੇ ਉਹ ਦੂਜਾ ਵਿਆਹ ਕਰਾਉਣ ਲਈ ਰਾਜ਼ੀ ਹੋ ਗਿਆ ਸੀ। ਕੰਵਲ ਆਪਣੀ ਵਿਥਿਆ ਵਿਚ ਲਿਖਦਾ ਹੈ, “ਜਸਵੰਤ ਨੇ ਉਨ੍ਹਾਂ ਨੂੰ ਠੰਢੇ ਪਾਣੀ ਦੇ ਗਲਾਸ ਜਾ ਫੜਾਏ। ਉਹ ਇਕ ਮਿੰਟ ਲਈ ਉਤੇ ਆਈ ਤੇ ਦੱਸਿਆ, ‘ਜਗਜੀਤ ਅਨੰਦ ਐ ਤੇ ਦੂਜੇ ਨੇ ਆਪਣਾ ਨਾਂ ਭੁਪਿੰਦਰ ਸਿੰਘ ਦੱਸਿਆ ਏ, ਜੋ ਚੰਡੀਗੜ੍ਹ ਅਸਿਸਟੈਂਟ ਸੈਕਟਰੀ ਲੱਗਾ ਏ।’
“ਭੂਪੀ ਮੇਰਾ ਯਾਰ ਐ, ਇਹ ਸਾਡੇ ਮੋਗੇ ਤਹਿਸੀਲਦਾਰ ਲੱਗਾ ਹੁੰਦਾ ਸੀ। ਅਨੰਦ ਨਵੇਂ ਜ਼ਮਾਨੇ ਲਈ ਫੰਡ ਲੈਣ ਆਇਆ ਹੋਵੇਗਾ।” ਮੈਂ ਆਪਣਾ ਅਨੁਮਾਨ ਦੱਸ ਦਿੱਤਾ।
“ਪਾਣੀ ਪਿਆ ਕੇ ਆਈ ਆਂ। ਸ[ ਗੁਰਬਖਸ਼ ਸਿੰਘ ਦਾ ਜਵਾਈ ਜਾਣ ਕੇ ਚਾਹ ਤਾਂ ਪਿਆਉਣੀ ਪਵੇਗੀ ਹੀ। ਤੂੰ ਚੁੱਪ ਚਾਪ ਏਥੇ ਈ ਪਿਆ ਰਹੁ।” ਉਸ ਮੈਨੂੰ ਇਕ ਤਰ੍ਹਾਂ ਤੰਬੀਹ ਕੀਤੀ।
“ਚੁੱਪ ਚਾਪ ਕਿਉਂ, ਮੈਂ ਤਾਂ ਰੌਲਾ ਪਾਊਂਗਾ।” ਉਸ ਨੂੰ ਚਮਕਾਉਣ ਲਈ ਮੈਂ ਛੇੜਿਆ।
ਉਸ ਹੇਠਲਾ ਬੁੱਲ੍ਹ ਦੰਦਾਂ `ਚ ਲੈ ਕੇ ਮੁੱਕੀ ਉਘਰੀ। “ਖਬਰਦਾਰ ਜੇ ਪਾਸਾ ਵੀ ਲਿਆ।”
ਕੋਈ ਵੀਹ ਬਾਈ ਮਿੰਟ ਪਿੱਛੋਂ ਉਹ ਮੁਸਕਰਾਂਦੀ ਉਪਰ ਆਈ। ਮੈਂ ਅਨੁਮਾਨ ਲਾਇਆ, “ਜ਼ਰੂਰ ਕੋਈ ਖੁਸ਼ਖਬਰੀ ਲਿਆਈ ਐਂ।”
“ਹਾਂ, ਖੁਸ਼ਖਬਰੀ ਵੀ ਵੱਡੀ। ਪਰ[[[।” ਹੱਸਦੀ ਹੱਸਦੀ ਉਹ ਰੁਕ ਗਈ।
“ਜੇ ਕੋਈ ਵਧੀਆ ਗੱਲ ਏ ਤਾਂ ਖੰਡ ਪਤਾਸੇ ਵੰਡ।” ਮੈਂ ਵੀ ਸ਼ਸੋਪੰਜ ਵਿਚੋਂ ਨਿਕਲ ਕੇ ਖੁਸ਼ ਹੋ ਗਿਆ।
“ਮੇਰਾ ਸਾਕ ਮੰਗਣ ਆਏ ਐ।” ਇਸ ਤੋਂ ਅਗਾਂਹ ਉਹ ਮੇਰਾ ਪ੍ਰਤੀਕਰਮ ਦੇਖਣ ਲਈ ਸੰਜੀਦਾ ਹੋ ਗਈ।
“ਵਾਹਵਾ, ਫੇਰ ਤੂੰ ਮਾਰ ਕੋਠੇ ਤੋਂ ਛਾਲ।” ਮਜ਼ਾਕ ਵਿਚ ਮੈਂ ਕਹਿ ਤਾਂ ਗਿਆ, ਪਰ ਦਿਲ ਦੀ ਚੀਸ ਖਖੜੀਆਂ ਕਰੇਲੇ ਕਰ ਗਈ। ਮੇਰੀ ਸੂਖਮ ਹੈਰਾਨੀ ਉਹ ਝੱਟ ਤਾੜ ਗਈ। ਘੂਰੀ ਵਟਦਿਆਂ, ਉਸ ਮੇਰਾ ਕੰਨ ਫੜ ਲਿਆ।
“ਉਹ ਕੌਣ ਭਾਗਾਂ ਵਾਲਾ ਏ? ਇਹ ਦੋਵੇਂ ਤਾਂ ਵਿਆਹੇ ਵਰੇ ਐ।”
ਜਸਵੰਤ ਨੇ ਮੈਨੂੰ ਪਏ ਨੂੰ ਮਧੋਲਣਾ ਸ਼ੁਰੂ ਕਰ ਦਿੱਤਾ।
“ਉਹ ਐ, ਅਜੀਤ ਵਾਲਾ ਬੇਦਰਦ।” ਬੇਦਰਦ ਸ਼ਬਦ ਉਸ ਜਾਣ ਕੇ ਵਰਤਿਆ।
“ਫੇਰ ਵੰਡ ਪਤਾਸੇ, ਪਾ ਭੰਗੜਾ, ਹੋਰ ਤੈਨੂੰ ਕੀ ਚਾਹੀਦਾ ਏ? ਦਿਨਾਂ ਵਿਚ ਕੌਮਾਂਤਰੀ ਹਸਤੀ ਬਣ ਜਾਵੇਂਗੀ।” ਮੈਂ ਮਚਦੀ ਵੇਖ ਕੇ ਹੋਰ ਤੇਲ ਪਾ ਦਿੱਤਾ। ਉਸ ਮੇਰੇ ਪੂਰੇ ਜ਼ੋਰ ਨਾਲ ਮੁੱਕੀ ਟਿਕਾਅ ਦਿੱਤੀ ਤੇ ਆਖਿਆ, “ਤੁਸੀਂ ਇਕ ਦਿਨ ਵਾਰਸ ਦੀ ਹੀਰ ਦਾ ਟੋਟਾ ਸੁਣਾਇਆ ਸੀ, ਸੂਰਜ ਚੜ੍ਹੇਗਾ ਮਗਰਬੋਂ ਰੋਜ਼ ਕਿਆਮਤ। ਬੱਸ ਉਹ ਦਿਨ ਮੇਰੀ ਮੌਤ ਦਾ ਹੋਵੇਗਾ। ਨਾਡਾ ਸਾਹਿਬ ਗੁਰੂ ਅੱਗੇ ਕੀ ਆਖ ਕੇ ਆਏ ਸੀ ਮਨੂੰਆ ਜੀ?”
“ਮੈਂ ਆਪਣੇ ਗੁਰੂ ਨਾਲ ਇਕਮਿਕ ਆਂ, ਤੂੰ ਆਪਣੀ ਫਸੀ ਨਬੇੜ। ਤੇਰੇ ਵਿਚ ਨਾਂਹ ਕਹਿਣ ਦੀ ਹਿੰਮਤ ਨਹੀਂ ਤਾਂ ਮੈਂ ਝਾੜ ਪਾ ਆਉਂਨਾਂ।” ਮੈਂ ਵੀ ਭੋਰਾ ਕੁ ਸਖਤ ਹੋ ਗਿਆ।
“ਇਕ ਵਾਰ ਭਾਣਾ ਵਰਤਣੋਂ ਟਲ ਗਿਆ ਸੀ, ਮੈਨੂੰ ਮੁੜ ਰੇਲ ਦੀ ਲੀਹ ਵੱਲ ਨਾ ਤੋਰ। ਬਸ ਮੇਰਾ ਘਰ ਪਾ ਦੇ, ਹੋਰ ਮੈਨੂੰ ਕੁਝ ਨਹੀਂ ਚਾਹੀਦਾ।” ਉਸ ਮੇਰਾ ਮਧੋਲਿਆ ਸਿਰ ਆਪਣੀ ਹਿੱਕ `ਤੇ ਘੁੱਟ ਲਿਆ। ਫਿਰ ਉਹ ਹਰਾਸੀ ਜਿਹੀ ਥੱਲੇ ਉਤਰ ਗਈ।
ਮੁੜ ਅੱਧੇ ਘੰਟੇ ਪਿੱਛੋਂ ਉਤੇ ਆਈ ਤੇ ਹੱਥ ਜੋੜਦੀ ਬੋਲੀ, “ਮਨੂੰਆ! ਉਨ੍ਹਾਂ ਨੂੰ ਦਫਾ ਕਰ ਆਈ ਆਂ।” ਉਹ ਪੂਰੇ ਹੁਲਾਸ ਵਿਚ ਸੀ।
“ਵਿਚਾਰੇ ਬੜੀ ਆਸ ਕਰਕੇ ਆਏ ਸੀ ਪ੍ਰੀਤਲੜੀਏ।” ਮੈਂ ਚੋਟ ਵਰਤੀ। “ਚਲ ਨਾਡਾ ਸਾਹਿਬ ਪੇਸ਼ ਹੋ ਗੁਰੂ ਦੇ। ਤੂੰ ਵੀ ਕਈ ਐਤਵਾਰ ਲੰਘਾਏ ਸੀ।”
“ਮੈਨੂੰ ਤਾਂ ਕੱਖ ਵੀ ਪਤਾ ਨਹੀਂ ਸੀ। ਉਹ ਤਾਂ ਇਉਂ ਆ ਬੈਠੇ, ਜਿਵੇਂ ਫਾਲਤੂ ਚੀਜ਼ ਆਂ। ਬਸ ਚੁੱਕ ਕੇ ਲਿਜਾਣੀ ਹੁੰਦੀ ਏ।”
“ਯਾਰ, ਅੱਜ ਕਮਾਲ ਦਾ ਤਮਾਸ਼ਾ ਹੋਇਆ ਏ। ਤੇਰੇ ਕੋਲੋਂ ਇਨ੍ਹਾਂ ਆਏ ਵਿਚੋਲਿਆਂ ਦੀ ਪੂਰੀ ਝੰਡ ਨਹੀਂ ਹੋਈ ਹੋਣੀ, ਮੈਨੂੰ ਦੋ ਮਿੰਟ ਦੇਂਦੀ, ਫੇਰ ਤਮਾਸ਼ਾ ਦੇਖਦੀ।” ਹੁਣ ਰੋਅਬ ਝਾੜਨ ਦੀ ਮੇਰੀ ਵਾਰੀ ਸੀ।
ਜੁਲਾਈ 1967 ਵਿਚ ਮੈਂ ਢੁੱਡੀਕੇ ਕਾਲਜ ਵਿਚ ਪੜ੍ਹਾਉਣ ਲੱਗ ਪਿਆ ਸਾਂ। ਪਹਿਲਾਂ ਆਪਣੇ ਪਿੰਡ ਚਕਰੋਂ ਤੇ ਫੇਰ ਜਨਵਰੀ 1968 `ਚ ਵਿਆਹ ਹੋਣ ਪਿੱਛੋਂ ਜਗਰਾਓਂ ਤੋਂ ਢੁੱਡੀਕੇ ਜਾਂਦਾ। ਪਹਿਲਾ ਬੱਚਾ ਪੈਦਾ ਹੋਣ ਪਿੱਛੋਂ ਅਸੀਂ ਢੁੱਡੀਕੇ ਹੀ ਰਹਿਣ ਲੱਗ ਪਏ। ਸਾਡੀ ਰਿਹਾਇਸ਼ ਵਾਲਾ ਘਰ ਕੰਵਲ ਦੇ ਘਰ ਨੇੜੇ ਹੀ ਸੀ ਜਿਸ ਕਰਕੇ ਆਮ ਮੇਲ ਜੋਲ ਹੁੰਦਾ ਰਹਿੰਦਾ। ਕਾਲਜ ਪੜ੍ਹਾਉਣ ਜਾਂਦਿਆਂ ਮੈਂ ਕਈ ਵਾਰ ਕੰਵਲ ਦੇ ਘਰ ਵੱਲ ਦੀ ਲੰਘਦਾ। ਕੰਵਲ ਦੀਆਂ ਵੱਡੀਆਂ ਲੜਕੀਆਂ ਦਾ ਵਿਆਹ ਹੋ ਚੁੱਕਾ ਸੀ। ਚਾਰ ਧੀਆਂ ਤੋਂ ਬਾਅਦ ਜੰਮਿਆ ਪੁੱਤਰ ਸਰਬਜੀਤ ਸਕੂਲ `ਚ ਪੜ੍ਹਦਾ ਸੀ। 1973-74 ਦਾ ਸਮਾਂ ਸੀ। ਕੰਵਲ ਦੇ ਭੇਤ ਭਰੇ ਇਸ਼ਕ ਨੂੰ ਵੀਹ ਸਾਲ ਹੋ ਗਏ ਸਨ ਪਰ ਪਿੰਡ ਵਿਚ ਕੋਈ ਵਾਈ ਧਾਈ ਨਹੀਂ ਸੀ। ਇਕ ਦਿਨ ਮੈਂ ਕਾਲਜ ਤੋਂ ਘਰ ਮੁੜਿਆ ਤਾਂ ਕੰਵਲ ਫਿਰਨੀ ਉਤਲੇ ਖੇਤ ਵਿਚ ਇੱਟਾਂ ਲੁਹਾਈ ਜਾਵੇ। ਮੈਂ ਪੁੱਛਿਆ, “ਏਥੇ ਕੀ ਬਣਾਉਣੈ?” ਕੰਵਲ ਨੇ ਹੱਸਦਿਆਂ ਕਿਹਾ, “ਥੋਡੇ ਵਰਗੇ ਪ੍ਰੋਫੈਸਰਾਂ ਵਾਸਤੇ ਕੋਠੀ ਬਣਾ ਦਿੰਨੇ ਆਂ, ਰਹੀ ਜਾਇਓ, ਮੌਜਾਂ ਕਰਿਓ।”
ਉਦੋਂ ਕਿਸੇ ਦੇ ਖਾਬ ਖਿਆਲ ਵੀ ਨਹੀਂ ਸੀ ਕਿ ਉਹ ਕੋਠੀ ਡਾ[ ਜਸਵੰਤ ਗਿੱਲ ਲਈ ਬਣਾਈ ਜਾ ਰਹੀ ਸੀ। ਕੋਠੀ ਬਣੀ ਤਾਂ ਖਾਲੀ ਕੋਠੀ ਵਿਚ ਅਸੀਂ ਮਹਿਫਿਲਾਂ ਸਜਾਉਣ ਲੱਗ ਪਏ। ਜਦੋਂ ਸੁਰਜਪੁਰ ਦੀ ਵਧੀਆ ਨੌਕਰੀ ਤੋਂ ਪ੍ਰੀ ਮੈਚਿਓਰ ਰਿਟਾਇਰਮੈਂਟ ਲੈ ਕੇ ਜਸਵੰਤ ਗਿੱਲ ਕੋਠੀ `ਚ ਪਧਾਰੀ ਤਾਂ ਅਚਾਨਕ ਸਾਡੀਆਂ ਮਹਿਫਿਲਾਂ ਬੰਦ ਹੋ ਗਈਆਂ। ਜਿਹੜੇ ਫਿਰ ਵੀ ਭੁਲ-ਭੁਲੇਖੇ ਕੋਠੀ ਕੰਨੀ ਚਲੇ ਜਾਂਦੇ, ਉਨ੍ਹਾਂ ਨੂੰ ਮੁੜ ਕੇ ਸਾਡੇ ਘਰੀਂ ਆਉਣਾ ਪੈਂਦਾ। ਖੁਸ਼ਵੰਤ ਸਿੰਘ ਦੀ ਪਤਨੀ ਕੰਵਲ ਵਾਂਗ ਕੋਠੀ ਵਿਚ ਜਸਵੰਤ ਦਾ ਅਨੁਸਾਸ਼ਨ ਲਾਗੂ ਹੋ ਗਿਆ। ਹੈਰਾਨੀ ਦੀ ਗੱਲ ਇਹ ਕਿ ਡਾ[ ਜਸਵੰਤ ਗਿੱਲ ਦੇ ਕੋਠੀ ਵਿਚ ਰਹਿਣ ਲੱਗਣ `ਤੇ ਵੀ `ਤੇ ਸਾਨੂੰ ਪਤਾ ਨਾ ਲੱਗਾ ਕਿ ਉਨ੍ਹਾਂ ਦਾ ਆਪਸ ਵਿਚ ਰਿਸ਼ਤਾ ਕੀ ਹੈ?
ਡਾ[ ਜਸਵੰਤ ਗਿੱਲ ਦਾ ਕੱਦ ਭਾਵੇਂ ਸਮੱਧਰ ਸੀ, ਪਰ ਸਮੁੱਚੀ ਸ਼ਖਸੀਅਤ ਬੜੀ ਦਿਲਕਸ਼ ਸੀ। ਗੋਰਾ ਰੰਗ, ਪਤਲਾ ਜੁੱਸਾ ਤੇ ਪਤਲੇ ਅੰਗ ਸਨ। ਉਹ ਸੁੰਦਰਤਾ ਦੀ ਦੇਵੀ ਲੱਗਦੀ ਸੀ। ਬੋਲ ਚਾਲ ਧੀਮੀ ਤੇ ਰਸੀਲੀ ਸੀ। ਕੋਠੀ ਵਿਚ ਉਸ ਨੇ ਕਲਿਨਿਕ ਖੋਲ੍ਹ ਲਿਆ ਅਤੇ ਪਿੰਡ ਤੇ ਇਲਾਕੇ ਦੇ ਰੋਗੀਆਂ ਦਾ ਇਲਾਜ ਕਰਨ ਲੱਗੀ। ਉਹ ਟੀਕਾ ਕਦੇ ਨਹੀਂ ਸੀ ਲਾਉਂਦੀ ਤੇ ਦਵਾਈ ਵੀ ਨਾਂਮਾਤਰ ਦਿੰਦੀ ਸੀ। ਉਹ ਵੀ ਆਮ ਕਰ ਕੇ ਵਿਟਾਮਿਨ ਤੇ ਕੈਲਸ਼ੀਅਮ ਦੀਆਂ ਗੋਲੀਆਂ ਦਿੰਦੀ। ਦਵਾਈ ਦੇ ਪੈਸੇ ਵੀ ਨਾਂਮਾਤਰ ਹੀ ਲੈਂਦੀ। ਪਿੰਡ ਦੀਆਂ ਜਨਾਨੀਆਂ ਨੂੰ ਉਸ ਦਾ ਬਹੁਤ ਸੁਖ ਹੋ ਗਿਆ ਸੀ। ਕੰਵਲ ਦੇ ਬੱਚੇ ਉਸ ਨੂੰ ਮਾਸੀ ਕਹਿੰਦੇ ਸਨ, ਪਰ ਕੰਵਲ ਮਸਤੀ `ਚ ਕਦੇ ਭਾਨਿਆ ਯਾਰਾ, ਕਦੇ ਮਨੂੰਆ, ਕਦੇ ਰਾਧੋ ਤੇ ਕਦੇ ਬੱਲੋ ਆਖਦਾ। ਸਾਨੂੰ ਏਨਾ ਕੁ ਪਤਾ ਤਾਂ ਲੱਗ ਗਿਆ ਸੀ ਕਿ ਉਨ੍ਹਾਂ ਦੀ ਯਾਰੀ ਗੂੜ੍ਹੀ ਹੈ, ਪਰ ਯਾਰੀ ਦਾ ਪਤੀ ਪਤਨੀ ਬਣੇ ਦਾ ਪਤਾ ਨਹੀਂ ਸੀ ਲੱਗਾ। ਅਸੀਂ ਪੁੱਠੀ ਸਿੱਧੀ ਚਰਚਾ ਕਰਨ ਦੀ ਥਾਂ ਡਾ[ ਜਸਵੰਤ ਗਿੱਲ ਨੂੰ ਪੂਰਾ ਸਤਿਕਾਰ ਦਿੰਦੇ ਸਾਂ।
ਇਕ ਵਾਰ ਮੈਂ ਕਾਲਜ ਵਿਚ ਡਾ[ ਜਸਵੰਤ ਗਿੱਲ ਦਾ ਲੈਕਚਰ ਕਰਵਾਇਆ। ਕੰਵਲ ਉਸ ਨੂੰ ਸਾਈਕਲ ਦੀ ਪਿਛਲੀ ਕਾਠੀ `ਤੇ ਬਹਾ ਕੇ ਲਿਆਇਆ ਅਤੇ ਗੇਟ ਮੂਹਰੇ ਉਤਾਰ ਕੇ ਮੁੜ ਗਿਆ। ਲੈਕਚਰ ਤੋਂ ਬਾਅਦ ਸੁਆਲ ਜੁਆਬ ਕਰਨ ਸਮੇਂ ਕਿਸੇ ਵਿਦਿਆਰਥੀ ਨੇ ਡਾ[ ਗਿੱਲ ਤੋਂ ਉਸ ਦਾ ਕੰਵਲ ਨਾਲ ਰਿਸ਼ਤਾ ਪੁੱਛ ਲਿਆ, ਜੋ ਉਸ ਨੇ ਝਿਜਕ ਨਾਲ ਸਾਹਿਤਕ ਦੋਸਤ ਦਾ ਦੱਸਿਆ। ਮੈਂ ਅਜਿਹੇ ਸਵਾਲ ਅੱਗੇ ਨਾ ਵਧਣ ਦਿੱਤੇ ਅਤੇ ਸਮਾਗਮ ਤੁਰਤ ਸਮੇਟ ਲਿਆ। ਜੋ ਗੱਲ ਵਿਦਿਆਰਥੀ ਨੇ ਪੁੱਛੀ ਸੀ, ਉਹ ਅਸੀਂ ਕਦੇ ਨਹੀਂ ਸੀ ਪੁੱਛੀ। ਉਸ ਤੋਂ ਬਾਅਦ ਡਾ[ ਜਸਵੰਤ ਗਿੱਲ ਕਾਲਜ ਵਿਚ ਕਦੇ ਲੈਕਚਰ ਦੇਣ ਨਾ ਆਈ।
ਮੈਂ ਇਸ ਤੱਥ ਦਾ ਗਵਾਹ ਹਾਂ ਕਿ ਪਿੰਡ ਵਿਚ ਅਜਿਹੀ ਖੁੰਢ ਚਰਚਾ ਕਦੇ ਵੀ ਨਹੀਂ ਛਿੜੀ ਜਿਸ ਨਾਲ ਕੰਵਲ ਜਾਂ ਡਾ[ ਗਿੱਲ ਦੀ ਬਦਨਾਮੀ ਹੁੰਦੀ ਹੋਵੇ। ਸਗੋਂ ਪਿੰਡ ਵਾਲੇ ਖੁਸ਼ ਸਨ ਕਿ ਢੁੱਡੀਕੇ ਸਿਆਣੀ ਲੇਡੀ ਡਾਕਟਰ ਆ ਗਈ ਸੀ। ਅਸੀਂ ਉਨ੍ਹਾਂ ਦੀ ਖੁਸ਼ੀ ਵਿਚ ਸ਼ਾਮਲ ਹੁੰਦੇ ਸਾਂ ਤੇ ਉਹ ਸਾਡੀ ਖੁਸ਼ੀ ਵਿਚ। ਕੰਵਲ ਜੋੜਾ ਮੇਰੇ ਪੁੱਤਰ ਦੇ ਅਨੰਦ ਕਾਰਜ `ਤੇ ਦੌਧਰ ਪਹੁੰਚਾ, ਅਸ਼ੀਰਵਾਦ ਦਿੱਤੀ ਅਤੇ ਉਨ੍ਹਾਂ ਦੀ ਨਵੀਂ ਖਰੀਦੀ ਮਾਰੂਤੀ ਕਾਰ ਵਿਚ ਹੀ ਡੋਲੀ ਚਕਰ ਪਹੁੰਚੀ। ਉਹ ਪਾਣੀ ਵਾਰਨ ਵੇਲੇ ਹਾਜ਼ਰ ਰਹੇ। ਮੈਨੂੰ ਭਾਸ਼ਾ ਵਿਭਾਗ ਦਾ ਸ਼੍ਰੋਮਣੀ ਪੰਜਾਬੀ ਲੇਖਕ ਅਵਾਰਡ ਮਿਲਿਆ ਤਾਂ ਉਨ੍ਹਾਂ ਨੇ ਮੇਰੇ ਨਾਲੋਂ ਵੱਧ ਖੁਸ਼ੀ ਮਨਾਈ। ਡਾ[ ਜਸਵੰਤ ਗਿੱਲ ਨੂੰ ਰਿਸ਼ਤੇ ਪਾਲਣੇ ਆਉਂਦੇ ਸਨ ਤੇ ਸਮਾਜ ਵਿਚ ਵਿਚਰਨਾ ਆਉਂਦਾ ਸੀ। ਉਸ ਨੇ ਵੀਹ ਬਾਈ ਵਰ੍ਹੇ ਢੁੱਡੀਕੇ ਰਹਿੰਦਿਆਂ ਮਾਣਮੱਤਾ ਜੀਵਨ ਜੀਵਿਆ।
ਕੰਵਲ ਦੇ ਅੰਦਰਲੇ ਘਰ ਤੇ ਬਾਹਰਲੀ ਕੋਠੀ ਵਿਚਾਲੇ ਦਸ ਕੁ ਘਰਾਂ ਯਾਨਿ ਸੌ ਕੁ ਕਰਮਾਂ ਦਾ ਫਾਸਲਾ ਹੈ। ਅੰਦਰਲੇ ਘਰ ਦੀ ਮੁਖਤਿਆਰ, ਮੁਖਤਿਆਰ ਕੌਰ ਸੀ ਤੇ ਬਾਹਰਲੀ ਕੋਠੀ ਦੀ ਮੁਖਤਿਆਰ ਡਾ[ ਜਸਵੰਤ ਗਿੱਲ। ਸ਼ਰੀਕੇ ਕਬੀਲੇ `ਚੋਂ ਭਤੀਜੇ ਲੱਗਦੇ, ਸਣੇ ਡਾ[ ਅਜੀਤ ਸਿੰਘ ਦਿੱਲੀ ਵਰਗਿਆਂ ਦੇ, ਕੰਵਲ ਦੀਆਂ ਦੋਹਾਂ ਪਤਨੀਆਂ ਨੂੰ ਅੰਦਰਲੀ ਚਾਚੀ ਤੇ ਬਾਹਰਲੀ ਚਾਚੀ ਕਹਿੰਦੇ। ਮੈਂ ਦੋਹਾਂ ਵਿਚਾਲੇ ਕਦੇ ਕੋਈ ਝਗੜਾ ਹੁੰਦਾ ਨਾ ਸੁਣਿਆ, ਨਾ ਵੇਖਿਆ। ਡਾ[ ਗਿੱਲ ਦੀ ਰੋਟੀ ਹਮੇਸ਼ਾਂ ਅੰਦਰਲੇ ਘਰੋਂ ਬਣ ਕੇ ਆਉਂਦੀ ਰਹੀ। ਕਈ ਵਾਰ ਉਹ ਰੋਟੀ ਖਾਣ ਅੰਦਰਲੇ ਘਰ ਵੀ ਚਲੀ ਜਾਂਦੀ। ਉਹਦੀ ਖੁਰਾਕ ਬੜੀ ਸੀਮਤ ਸੀ। ਮਸਾਂ ਇਕ ਫੁਲਕਾ ਤੇ ਇਕ ਕੌਲੀ ਦਾਲ ਸਬਜ਼ੀ। ਅਸੀਂ ਹੈਰਾਨ ਹੁੰਦੇ ਕਿ ਉਹ ਜਿਉਂਦੀ ਕਾਹਦੇ ਸਿਰ `ਤੇ ਹੈ! ਚਾਹ ਦੁੱਧ ਵੀ ਉਹ ਅੱਧਾ ਪੌਣਾ ਕੱਪ ਹੀ ਪੀਂਦੀ। ਮੈਂ ਕਿਸੇ ਖੁਸ਼ੀ ਵਿਚ ਲੱਡੂ ਲਿਆਇਆ ਤਾਂ ਲੱਡੂ ਵੀ ਉਹ ਅੱਧਾ ਹੀ ਖਾ ਸਕੀ। ਕਦੇ ਤੋਲਿਆ ਤਾਂ ਨਹੀਂ ਪਰ ਅੰਦਾਜ਼ਾ ਹੈ ਕਿ ਡਾ[ ਗਿੱਲ ਦਾ ਭਾਰ ਮਸਾਂ ਚਾਲੀ ਪੰਤਾਲੀ ਕਿਲੋ ਸੀ। ਭਾਰ ਤਾਂ ਲੰਮੇ ਝੰਮੇ ਕੰਵਲ ਦਾ ਵੀ ਸੱਠ ਪੈਂਹਠ ਕਿਲੋ ਹੀ ਰਿਹਾ।
1996 ਵਿਚ ਜਦੋਂ ਮੈਂ ਅਮਰਦੀਪ ਕਾਲਜ ਮੁਕੰਦਪੁਰ ਦਾ ਪ੍ਰਿੰਸੀਪਲ ਲੱਗਣਾ ਸੀ ਤਾਂ ਕੰਵਲ ਤੇ ਮੈਂ ਕਾਲਜ ਦੀ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਡਾ[ ਸਰਦਾਰਾ ਸਿੰਘ ਜੌਹਲ ਨੂੰ ਲੁਧਿਆਣੇ ਮਿਲਣ ਗਏ। ਕੰਵਲ ਨੇ ਡਾ[ ਜੌਹਲ ਨੂੰ ਹੰਮੇ ਨਾਲ ਕਿਹਾ, “ਅਸੀਂ ਇਹਨੂੰ ਦਿੱਲੀ ਤੋਂ ਲਿਆਂਦਾ ਸੀ। ਹੁਣ ਤੁਹਾਨੂੰ ਦੇਣ ਲੱਗੇ ਆਂ।”
ਡਾ[ ਜੌਹਲ ਨੇ ਪੁੱਛਿਆ, “ਇਹ ਢੁੱਡੀਕੇ ਦੀਆਂ ਮੌਜਾਂ ਛੱਡ ਕੇ ਮੁਕੰਦਪੁਰ ਰਹਿ ਪਊ?”
ਕੰਵਲ ਨੇ ਕਿਹਾ, “ਜੇ ਦਿੱਲੀ ਦੀ ਅੰਗੂਰੀ ਛੱਡ ਕੇ ਢੁੱਡੀਕੇ ਰਹੀ ਜਾਂਦੈ ਤਾਂ ਮੁਕੰਦਪੁਰ ਕਿਵੇਂ ਨਾ ਰਹੂ?” ਕੰਵਲ ਦੀ ਡਾ[ ਜੌਹਲ ਨਾਲ ਬੁੱਕਲ ਖੁੱਲ੍ਹੀ ਸੀ। ਮੇਰੀ ਉਹ ਗਾਰੰਟੀ ਦੇ ਸਕਦਾ ਸੀ।
ਲੁਧਿਆਣੇ ਤੋਂ ਮੁੜਦਿਆਂ ਮੁੱਲਾਂਪੁਰ ਲਾਗੇ ਮੈਂ ਉਂਜ ਈ ਕੰਵਲ ਤੋਂ ਉਹਦੀ ਉਮਰ ਪੁੱਛ ਬੈਠਾ। ਉਸ ਨੇ ਅਟੇ ਸਟੇ ਨਾਲ ਸਤੱਤਰ ਸਾਲ ਦੱਸੀ। ਜਨਮ ਤਾਰੀਕ ਪੁੱਛੀ ਤਾਂ ਸਬੱਬੀਂ ਉਦਣ (27 ਜੂਨ) ਹੀ ਉਹਦਾ ਜਨਮ ਦਿਨ ਸੀ। ਮੈਂ ਕਿਹਾ, “ਚਲੋ ਅੱਜ ਢੁੱਡੀਕੇ ਚੱਲ ਕੇ ਤੁਹਾਡਾ ਜਨਮ ਦਿਨ ਮਨਾਵਾਂਗੇ।”
ਉਸ ਨੇ ਕਿਹਾ, “ਅੱਗੇ ਤਾਂ ਕਦੇ ਮਨਾਇਆ ਨ੍ਹੀਂ।”
ਮੈਂ ਕਿਹਾ, “ਅੱਗੇ ਤਾਂ ਪਤਾ ਨ੍ਹੀਂ ਸੀ, ਅੱਜ ਪਤਾ ਲੱਗ ਗਿਐ।”
ਅਸੀਂ ਜਗਰਾਓਂ ਅੱਪੜੇ ਤਾਂ ਇਕ ਰੇੜ੍ਹੀ `ਤੇ ਦਸਹਿਰੀ ਅੰਬ ਪਏ ਵੇਖੇ। ਕੰਵਲ ਨੇ ਕਿਹਾ, “ਇਹ ਅੰਬ ਤਾਂ ਡਾਕਟਰ ਵੀ ਪਸੰਦ ਕਰੂ, ਪਰ ਚੂਪੂ ਇਕੋ ਈ।” ਉਹਦਾ ਇਸ਼ਾਰਾ ਡਾ[ ਜਸਵੰਤ ਗਿੱਲ ਵੱਲ ਸੀ, ਜੋ ਉਸ ਦੀ ਪ੍ਰੇਮਿਕਾ-ਪਤਨੀ ਬਣ ਕੇ ਬਾਹਰਲੇ ਘਰ ਰਹਿੰਦੀ ਸੀ।
ਮੈਂ ਰੇੜ੍ਹੀ ਤੋਂ ਅੰਬ ਲੈਣ ਲੱਗਾ ਤਾਂ ਕੰਵਲ ਨੇ ਕਿਹਾ, “ਅੰਬ ਮੈਂ ਖਰੀਦਾਂਗਾ, ਜਨਮ ਦਿਨ ਮੇਰਾ ਐ।” ਉਸ ਨੇ ਦਸ ਬਾਰਾਂ ਅੰਬ ਚੁਣੇ ਜੋ ਦੋ ਕਿੱਲੋ ਬਣੇ। ਮੈਂ ਆਖਿਆ, “ਕੰਵਲ ਸਾਹਿਬ, ਏਨੇ ਅੰਬਾਂ ਨਾਲ ਨ੍ਹੀਂ ਸਰਨਾ। ਸਤੱਤਰਵਾਂ ਜਨਮ ਦਿਨ ਮਨਾਉਣ ਲੱਗੇ ਆਂ, ਘੱਟੋ ਘੱਟ ਸਤੱਤਰ ਅੰਬ ਤਾਂ ਹੋਣ! ਨਾਲੇ ਏਡੇ ਵੱਡੇ ਲੇਖਕ ਓਂ। ਅੰਬਾਂ ਨੂੰ ਹੱਥ ਪਾ ਈ ਲਿਐ ਤਾਂ ਕੰਜੂਸੀ ਕਿਉਂ ਕਰਦੇ ਓਂ?”
ਕੰਵਲ ਨੇ ਰੇੜ੍ਹੀ ਵਾਲੇ ਨੂੰ ਪੈਸੇ ਦਿੰਦਿਆਂ ਮੈਨੂੰ ਜਵਾਬ ਦਿੱਤਾ, “ਬੱਲੇ ਓਏ ਤੇਰੇ! ਤੇਰੇ ਅਰਗਿਆਂ ਦੇ ਆਖੇ ਲੱਗ ਕੇ ਮੈਂ ਝੁੱਗਾ ਚੌੜ ਕਰਾਉਣ ਆਲਾ ਨ੍ਹੀਂ। ਮੈਂ ਤਾਂ ਫੇਰ ਵੀ ਦੋ ਕਿੱਲੋ ਲੈ ਲੇ। ਜਾਹ ਸੇਖੋਂ ਤੋਂ ਕਿੱਲੋ ਈ ਲੈ ਕੇ ਦਿਖਾ ਦੇ! ਨਾਲੇ ਉਹ ਮੈਥੋਂ ਹੈ ਵੀ ਵੱਡਾ।”
ਮੈਂ ਮਨ `ਚ ਕਿਹਾ, “ਬੱਲੇ ਓਏ ਪੰਜਾਬੀ ਸਾਹਿਤ ਦੇ ਸਰੂਓ ਤੇ ਬੋਹੜੋ! ਨਈਂ ਰੀਸਾਂ ਥੋਡੀਆਂ!!
ਅਜੀਤਵਾਲ ਤੋਂ ਢੁੱਡੀਕੇ ਨੂੰ ਮੁੜੇ ਤਾਂ ਕੰਵਲ ਕਹਿਣ ਲੱਗਾ, “ਜੀਅ ਕਰਦੈ ਮੈਂ ਚੁਰਾਸੀ ਸਾਲ ਜੀਵਾਂ, ਨਾਲੇ ਚੁਰਾਸੀ ਕੱਟੀ ਜਾਊ।” ਉਦੋਂ ਉਸ ਨੂੰ ਦਿਲ ਦੀ ਤਕਲੀਫ ਹੋਈ ਸੀ ਤੇ ਡਾਕਟਰ ਨੇ ਚੁਕੰਨੇ ਹੋਣ ਲਈ ਕਿਹਾ ਸੀ। ਉਸ ਨੂੰ ਲੱਗਣ ਲੱਗਾ ਸੀ ਕਿ ਉਹ ਬਹੁਤੇ ਸਾਲ ਨਹੀਂ ਜੀਵੇਗਾ। ਜੇ ਚੁਰਾਸੀ ਨੂੰ ਅੱਪੜਜੇ ਤਾਂ ਗਨੀਮਤ ਐ। ਪਰ ਕੁਦਰਤ ਨੂੰ ਕੁਝ ਹੋਰ ਮਨਜ਼ੂਰ ਸੀ। ਉਸ ਦਾ 90ਵਾਂ ਜਨਮ ਦਿਨ 2009 `ਚ ਢੁੱਡੀਕੇ ਦੇ ਮੇਲੇ ਵਿਚ ਮਨਾਇਆ ਗਿਆ। ਮੈਂ ਮੇਲੀਆਂ ਨੂੰ ਕਿਹਾ, “ਆਓ ਸ਼ੁਭ ਇਛਾਵਾਂ ਪ੍ਰਗਟ ਕਰੀਏ ਬਈ ਇਸ ਮੇਲੇ ਦਾ ਬਾਨੀ ਬਾਈ ਕੰਵਲ ਸੌ ਸਾਲ ਜੀਵੇ।”
ਢੁੱਡੀਕੇ ਦਾ ਲਾਜਪਤ ਰਾਏ ਖੇਡ ਮੇਲਾ ਕੰਵਲ ਦੀ ਪਹਿਲਕਦਮੀ ਨਾਲ 1956 ਵਿਚ ਸ਼ੁਰੂ ਹੋਇਆ ਸੀ। ਉਹ ਪਿੰਡ ਦਾ ਸਰਪੰਚ ਸੀ, ਜਿਸ ਨੇ ਲੜਾਈ ਝਗੜਿਆਂ ਦਾ ਮੂੰਹ ਖੇਡ ਮੁਕਾਬਲਿਆਂ ਵੱਲ ਮੋੜ ਦਿੱਤਾ ਸੀ।

ਕੰਵਲ ਦੀ ਪਹਿਲੀ ਪਤਨੀ ਮੁਖਤਿਆਰ ਕੌਰ, ਆਪਣੇ ਪਤੀ ਦੀ ਦੂਜੀ ਪਤਨੀ ਡਾ[ ਜਸਵੰਤ ਗਿੱਲ ਨੂੰ ਭੈਣ ਜੀ ਕਹਿੰਦੀ ਸੀ ਅਤੇ ਬੱਚੇ ਮਾਸੀ ਜੀ ਸੱਦਦੇ ਸਨ। ਇਕੱਠੇ ਰਹਿਣ ਤੋਂ ਪਹਿਲਾਂ ਲੱਗਦੈ ਦੋਹਾਂ ਜਸਵੰਤ ਗਿੱਲਾਂ ਨੇ ਸੋਚਿਆ ਹੋਵੇਗਾ ਕਿ ਉਹ ਕੋਈ ਬੱਚਾ ਪੈਦਾ ਨਹੀਂ ਕਰਨਗੇ। ਇਕ ਵਾਰ ਗਰਭ ਠਹਿਰ ਵੀ ਗਿਆ ਪਰ ਡਾ[ ਜਸਵੰਤ ਗਿੱਲ ਨੇ ਕੰਵਲ ਨੂੰ ਦੱਸੇ ਬਿਨਾ ਦਿੱਲੀ ਜਾ ਕੇ ਗਰਭਪਾਤ ਕਰਵਾ ਲਿਆ ਸੀ। ਕੰਵਲ ਨੂੰ ਇਸ ਦਾ ਪਤਾ ਲੱਗਾ ਤਾਂ ਉਸ ਨੇ ਬਹੁਤ ਦੁੱਖ ਮਨਾਇਆ ਸੀ। ਬੇਸ਼ਕ ਮੁਖਤਿਆਰ ਕੌਰ ਦੀ ਕੁੱਖੋਂ ਚਾਰ ਧੀਆਂ ਤੋਂ ਪਿੱਛੋਂ ਪੁੱਤਰ ਜੰਮ ਪਿਆ ਸੀ ਤੇ ਵਾਰਸ ਦੀ ਘਾਟ ਪੂਰੀ ਹੋ ਗਈ ਸੀ ਪਰ ਜਸਵੰਤ ਗਿੱਲ ਦਾ ਬਿਨਾ ਦੱਸੇ ਭਰੂਣ ਹੱਤਿਆ ਕਰਨਾ ਉਸ ਨੂੰ ਚੰਗਾ ਨਹੀਂ ਸੀ ਲੱਗਾ। ਜਸਵੰਤ ਗਿੱਲ ਦੀ ਆਪਣੀ ਮਜਬੂਰੀ ਸੀ। ਜੇ ਉਹਦੀ ਕੁੱਖੋਂ ਇਕ ਹੋਰ ਵਾਰਸ ਪੈਦਾ ਹੋ ਜਾਂਦਾ ਤਾਂ ਪਰਿਵਾਰ ਵਿਚ ਨਵੇਂ ਕਲੇਸ਼ ਦਾ ਜਨਮ ਹੋ ਸਕਦਾ ਸੀ।
ਕੰਵਲ ਨੇ ਲਿਖਿਆ ਹੈ, “ਗਰਮੀ ਦਾ ਮਹੀਨਾ ਸੀ, ਮੱਛਰਦਾਨੀਆਂ ਲਾਈਆਂ ਹੋਈਆਂ ਸਨ। ਮੈਨੂੰ ਡਾਕਟਰ ਸਾਹਿਬ ਦੀ ਸਿਹਤ ਕਮਜ਼ੋਰ ਲੱਗੀ। ਜਦ ਮੈਂ ਇਸ ਬਾਰੇ ਪੁੱਛਿਆ ਤਾਂ ਪਹਿਲਾਂ ਤਾਂ ਉਹ ਟਾਲ ਮਟੋਲ ਕਰੀ ਜਾਵੇ। ਜਦ ਮੈਂ ਜ਼ੋਰ ਪਾਇਆ ਤਾਂ ਆਖਣ ਲੱਗੀ ਕਿ ਮੈਨੂੰ ਗਰਭ ਠਹਿਰ ਗਿਆ ਸੀ। ਮੈਂ ਦਿੱਲੀ ਕਿਸੇ ਸਹੇਲੀ ਡਾਕਟਰ ਤੋਂ ਅਬਾਰਸ਼ਨ ਕਰਵਾ ਕੇ ਆਈ ਆਂ। ਮੈਂ ਉਹਦੇ ਨਾਲ ਬਹੁਤ ਲੜਿਆ। ਮੈਂ ਆਖਿਆ ਲੋਕ ਤਾਂ ਅਰਦਾਸਾਂ ਕਰ ਕਰ ਬੱਚਾ ਭਾਲਦੇ ਐ। ਉਹ ਮਾਫੀਆਂ ਮੰਗੀ ਜਾਵੇ। ਕਹਿੰਦੀ ਮੈਂ ਇਹ ਸਾਰਾ ਕੁਝ ਪਰਿਵਾਰ ਦੀ ਖੁਸ਼ੀ ਲਈ ਕੀਤਾ ਹੈ।”
ਇਸ ਸਥਿਤੀ ਵਿਚ ਕੰਵਲ, ਮੁਖਤਿਆਰ ਕੌਰ ਤੇ ਡਾ[ ਜਸਵੰਤ ਗਿੱਲ ਤਿੰਨਾਂ ਦੇ ਮਨਾਂ `ਚ ਝਾਤੀ ਮਾਰੀ ਜਾਵੇ ਤਾਂ ਕਿਸੇ ਦੀ ਵੀ ਕੁਰਬਾਨੀ ਘੱਟ ਨਹੀਂ ਲੱਗਦੀ। ਕੰਵਲ ਦੀ ਮਜਬੂਰੀ, ਮੁਖਤਿਆਰ ਕੌਰ ਦੀ ਸਹਿਣਸ਼ੀਲਤਾ ਤੇ ਡਾ[ ਜਸਵੰਤ ਗਿੱਲ ਦੀ ਸਿਆਣਪ ਸਾਫ ਦਿਖਾਈ ਦਿੰਦੀ ਹੈ। ਜਸਵੰਤ ਗਿੱਲ ਨੌਕਰੀ `ਤੇ ਲੱਗਣਸਾਰ ਕਿਸੇ ਅਫਸਰ ਨਾਲ ਵਿਆਹ ਇਸ ਕਰਕੇ ਨਹੀਂ ਕਰਾਉਂਦੀ ਕਿ ਵਿਧਵਾ ਭਰਜਾਈ ਦੇ ਬੱਚੇ ਪੜ੍ਹਾਉਣੇ ਅਤੇ ਮਾਂ ਦੇ ਬੁਢਾਪੇ ਦੀ ਸਾਂਭ ਸੰਭਾਲ ਕਰਨੀ ਹੈ। ਵਿਆਹ ਦਾ ਸਮਾਂ ਪਛੜਦਾ ਜਾਂਦਾ ਹੈ ਕਿ ਕੰਵਲ ਦਾ ਨਾਵਲ ਪੜ੍ਹ ਕੇ ਕੰਵਲ ਨੂੰ ਪੱਤਰ ਲਿਖ ਬੈਠਦੀ ਹੈ। ਪੱਤਰ ਵਿਹਾਰ ਨਾਲ ਮੁਲਾਕਾਤਾਂ ਦਾ ਸਿਲਸਿਲਾ ਚੱਲ ਪੈਂਦਾ ਹੈ, ਜੋ ਪਹਿਲਾਂ ਪ੍ਰੇਮ ਲੀਲ੍ਹਾ ਤੇ ਫਿਰ ਪਤੀ ਪਤਨੀ ਵਿਚ ਬਦਲ ਜਾਂਦਾ ਹੈ।
ਡਾ[ ਜਸਵੰਤ ਗਿੱਲ ਦਾ ਆਰਥਕ ਪੱਖ ਵੇਖੀਏ ਤਾਂ ਉਸ ਦੀ ਚੋਖੀ ਤਨਖਾਹ ਸੀ। ਚੰਡੀਗੜ੍ਹ ਕੋਠੀ ਸੀ। ਬਾਊ ਜੀ ਦੇ ਫਾਰਮ ਦੀ ਵਿਰਾਸਤ `ਚੋਂ ਪੰਦਰਾਂ ਵੀਹ ਕਿੱਲੇ ਜ਼ਮੀਨ ਵੀ ਸੀ। ਡਾਕਟਰ ਹੋਣ ਕਾਰਨ ਬੁਢਾਪੇ ਵਿਚ ਵੀ ਡਾਕਟਰੀ ਦੀ ਪੈ੍ਰਕਟਿਸ ਕਰੀ ਜਾ ਸਕਦੀ ਹੈ। ਇਕ ਦੋ ਬੱਚੇ ਜੰਮ ਵੀ ਲੈਂਦੀ ਤਾਂ ਉਨ੍ਹਾਂ ਦੀ ਪਾਲਣਾ ਪੋਸਣਾ ਤੇ ਪੜ੍ਹਾਈ ਕਰਾਉਣ ਲਈ ਸਭ ਕੁਝ ਸੀ। ਫਿਰ ਵੀ ਉਸ ਨੇ ਗਰਭਪਾਤ ਇਸ ਲਈ ਕਰਵਾਇਆ ਕਿ ਕੰਵਲ ਦੀ ਪਹਿਲੀ ਪਤਨੀ ਤੇ ਉਸ ਦੀ ਔਲਾਦ ਦਾ ਹੱਕ ਨਾ ਮਾਰਿਆ ਜਾਵੇ। ਗ੍ਰਹਿਸਥ ਦੀ ਗੱਡੀ ਇਸ ਤਰ੍ਹਾਂ ਹੀ ਚਲਦੀ ਰਹਿ ਸਕਦੀ ਸੀ, ਜੋ ਚਲਦੀ ਗਈ।
ਕੰਵਲ ਜਾਂ ਉਸ ਦੇ ਪਰਿਵਾਰ ਨੇ ਵੀ ਡਾ[ ਜਸਵੰਤ ਗਿੱਲ ਦੀ ਕੋਠੀ ਜਾਂ ਜ਼ਮੀਨ ਦਾ ਲਾਲਚ ਨਹੀਂ ਕੀਤਾ। ਕੰਵਲ ਨੇ ਖੁਦ ਜ਼ੋਰ ਪਾ ਕੇ ਜਸਵੰਤ ਗਿੱਲ ਤੋਂ ਉਹਦੀ ਅਚੱਲ ਜਾਇਦਾਦ ਦੀ ਵਸੀਅਤ ਉਹਦੇ ਭਰਾਵਾਂ ਦੇ ਨਾਂ ਕਰਵਾਈ। ਕੰਵਲ ਤਾਂ ਬੈਂਕ ਬੈਲੇਂਸ ਵੀ ਉਹਦੇ ਭਰਾਵਾਂ ਦੇ ਨਾਂ ਕਰਾਉਣ ਨੂੰ ਕਹਿੰਦਾ ਸੀ, ਪਰ ਜਸਵੰਤ ਗਿੱਲ ਨਹੀਂ ਸੀ ਮੰਨੀ। ਉਸ ਦਾ ਤਰਕ ਸੀ ਕਿ ਤੁਸੀਂ ਮੈਨੂੰ ਕਸ਼ਮੀਰ ਤੋਂ ਕੰਨਿਆ ਕੁਮਾਰੀ ਤਕ ਤੇ ਲੁਧਿਆਣੇ ਤੋਂ ਲੰਡਨ ਤਕ ਦੇਸ਼ ਵਿਦੇਸ਼ ਦੀਆਂ ਸੈਰਾਂ ਕਰਵਾਉਂਦੇ ਰਹੇ ਹੋ, ਮੇਰੇ ਇਲਾਜ `ਤੇ ਪੈਸੇ ਲਾਉਂਦੇ ਰਹੇ ਓ, ਮੇਰੀ ਸਾਂਭ ਸੰਭਾਲ ਕੀਤੀ ਹੈ, ਉਹਦੇ ਲਈ ਬੈਂਕ ਬੈਲੇਂਸ ਤਾਂ ਕੁਝ ਵੀ ਨਹੀਂ।
ਕੰਵਲ ਆਪਣੀ ਥਾਂ ਸੱਚਾ ਸੀ ਕਿ ਕੱਲ੍ਹ ਨੂੰ ਕੋਈ ਇਹ ਨਾ ਕਹੇ ਕਿ ਜੱਟ, ਡਾਕਟਰਨੀ ਦੇ ਪਿਆਰ `ਤੇ ਨਹੀਂ, ਉਹਦੀ ਜ਼ਮੀਨ ਜਾਇਦਾਦ `ਤੇ ਮਰਿਆ ਸੀ!
ਡਾ[ ਜਸਵੰਤ ਗਿੱਲ ਆਪਣੀ ਉਮਰ ਦੇ 70ਵਿਆਂ ਵਿਚ ਦੋ ਵਾਰ ਗੰਭੀਰ ਬੀਮਾਰ ਹੋਈ। ਉਹ ਦੋਵੇਂ ਵਾਰ ਲੁਧਿਆਣੇ ਸੀ[ ਐਮ[ ਸੀ[ ਹਸਪਤਾਲ ਦੇ ਇਲਾਜ ਅਤੇ ਕੰਵਲ ਦੀ ਸੇਵਾ ਸੰਭਾਲ ਨਾਲ ਬਚ ਜਾਂਦੀ ਰਹੀ। 77ਵੇਂ ਸਾਲ ਦੀ ਉਮਰ ਵਿਚ ਚੰਡੀਗੜ੍ਹ ਪੇਕਿਆਂ ਨੂੰ ਮਿਲਣ ਗਈ ਤਾਂ ਬੈੱਡ `ਤੇ ਪਾਸਾ ਲੈਂਦਿਆਂ ਬੈੱਡ ਤੋਂ ਡਿੱਗ ਪਈ। ਉਹਦਾ ਚੂਲਾ ਟੁੱਟ ਗਿਆ। ਫਿਰ ਇਲਾਜ ਚਲਦਾ ਰਿਹਾ, ਕੰਵਲ ਵੀ ਹਾਜ਼ਰੀ ਭਰਦਾ ਰਿਹਾ ਪਰ ਉਹ ਉਸ ਨੂੰ ਬਚਾ ਨਾ ਸਕੇ। 1997 ਵਿਚ ਉਸ ਦਾ ਦੇਹਾਂਤ ਹੋ ਗਿਆ। ਭੋਗ ਚੰਡੀਗੜ੍ਹ ਵੀ ਪਾਇਆ ਗਿਆ ਅਤੇ ਢੁੱਡੀਕੇ ਵੀ। ਦੂਰੋਂ ਨੇੜਿਓਂ ਆਏ ਲੋਕਾਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ। ਕੰਵਲ ਦਾ ਦੁੱਖ ਵੰਡਾਇਆ।
ਕੰਵਲ ਦਾ ਮੰਦਾ ਹਾਲ ਸੀ। ਪੜ੍ਹੋ, “ਉਹ ਘਰ ਆਇਆ, ਚਾਰ ਚੁਫੇਰੇ ਨਜ਼ਰ ਮਾਰੀ, ਜਿਹੜੀ ਕੋਠੀ ਹਸਦੀ ਮਹਿਕਦੀ ਤੇ ਜੱਲ੍ਹੀਆਂ ਪਾਉਂਦੀ ਸੀ, ਲੰਮੀ ਸੁੰਨਸਾਨ ਵਿਚ ਖਾਮੋਸ਼ ਖਲੋਤੀ ਐ। ਅੱਗੇ ਜਦੋਂ ਵੀ ਬਾਹਰੋਂ ਘਰ ਆਉਂਦਾ ਸੀ, ਜਸਵੰਤ ਬਾਹਰ ਆ ਕੇ ਖਿੜੇ ਮੱਥੇ ਮਿਲਦੀ ਸੀ, ਜਿਸ ਨਾਲ ਸਾਰਾ ਥਕੇਵਾਂ ਗਰਨ ਦੇ ਕੇ ਲਹਿ ਜਾਂਦਾ ਸੀ। ਸਮਝੋ ਸੌ ਮਣ ਬੋਝ ਸਿਰੋਂ ਲੱਥ ਗਿਆ। ਬੂਟੇ ਪਾਣੀ ਖੁਣੋਂ ਕੁਮਲਾਏ ਰੋ ਰਹੇ ਜਾਪਦੇ ਸਨ। ਘੁੱਗੀਆਂ ਗੁੰਮ-ਸੁੰਮ ਘੁੰਮ ਰਹੀਆਂ ਸਨ। ਮੋਰਾਂ ਤੇ ਮੋਰਨੀਆਂ ਨੇ ਧੌਣਾਂ ਸੁੱਟੀਆਂ ਹੋਈਆਂ ਸਨ। ਜਸਵੰਤ ਇਨ੍ਹਾਂ ਨੂੰ ਕਣਕ ਦਾ ਕਿਆਟਾ ਦਿੰਦੀ ਹੁੰਦੀ ਸੀ। ਗੁਟਾਰਾਂ ਨੇ ਵੀ ਧੌਣਾਂ ਨਿਵਾਈਆਂ ਹੋਈਆਂ ਸਨ। ਸੇੜ੍ਹੀਆਂ ਵਿਚ-ਵਿਚ ਹਉਕੇ ਲੈਂਦੀਆਂ ਸਿਸਕ ਰਹੀਆਂ ਸਨ। ਜਿਵੇਂ ਪੁੱਛ ਰਹੀਆਂ ਹੋਣ, ਸਾਡੀ ਮਾਂ ਨੂੰ ਕਿਥੇ ਛੱਡ ਆਇਆਂ ਏਂ?
ਆਪਣਾ ਘਰ ਹੀ ਆਪਣਾ ਨਹੀਂ ਲੱਗਦਾ ਸੀ। ਜਿਵੇਂ ਬੇਗਾਨੇ ਘਰ ਆ ਗਿਆ ਹੋਵਾਂ। ਘਰ ਓਹੀ ਸੀ, ਬੂਟੇ ਤੇ ਜਾਨਵਰ ਓਹੀ ਸਨ। ਸਾਰੇ ਇਕਦਮ ਖਾਮੋਸ਼; ਪਰ ਜਾਗਦੀ ਮਹਿਕਦੀ ਰੂਹ ਕਿਤੇ ਨਹੀਂ ਸੀ ਦਿਸ ਰਹੀ। ਜਸਵੰਤ ਦਾ ਚਿੱਟਾ ਵਰਕਿੰਗ ਕੋਟ ਗੁਸਲਖਾਨੇ ਮੂਹਰੇ ਚੁੱਪ-ਚਾਪ ਰੁਸਿਆ ਲਟਕ ਰਿਹਾ ਸੀ।”
ਕੰਵਲ ਨੇ ਉਸ ਦੀਆਂ ਜੇਬਾਂ ਵਿਚ ਹੱਥ ਪਾਏ; ਪਰ ਉਹ ਖਾਲੀ ਬਾਹਰ ਆ ਗਏ। ਉਹਦੇ ਸੌਣ ਕਮਰੇ ਵਿਚ ਸਟੈਥੋ ਸਕੋਪ ਬਾਹਾਂ ਖਿਲਾਰੀ ਪਿਆ ਸੀ ਜਿਵੇਂ ਜੋਧਾ ਜੰਗ ਹਾਰ ਕੇ ਹਥਿਆਰ ਸੁੱਟੀ ਪਿਆ ਹੋਵੇ। ਉਸ ਨੂੰ ਜਾਪਿਆ, ਸਾਰੀ ਕੋਠੀ ਸੋਗ ਵਿਚ ਹਉਕੇਹਾਰ ਹੋਈ ਪਈ ਸੀ।
ਚੰਨੀਏ! ਹੁਣ ਤੇਰੀਆਂ ਕਿਤੇ ਨਾ ਪੈਂਦੀਆਂ ਦੱਸਾਂ। ਭੋਗ ਮਨਾਂ ਚੁੱਪ ਕਰ ਕੇ ਲਿਖੀਆਂ ਲੇਖ ਦੀਆਂ। ਜੋ ਰੂਹ ਗਵਾਚ ਗਈ, ਉਹ ਫੇਰ ਨਹੀਂ ਆਉਣੀ ਮੁੜ ਕੇ। ਪਰ ਕੰਵਲ ਦੀ ਜ਼ਿੰਦ-ਆਸ ਉਸ ਨੂੰ ਆਪਣੇ ਨਾਲ ਬੰਨ੍ਹੀ ਰੱਖਣਾ ਲੋੜਦੀ ਸੀ।
ਕੰਵਲ ਨੇ ਲਿਖਿਆ, “ਪੰਜਾਬੀ ਸਾਹਿਤ ਟਰੱਸਟ ਉਸ ਦੀ ਸਲਾਹ ਨਾਲ ਖੜ੍ਹਾ ਕੀਤਾ ਸੀ। ਬਾਵਾ ਬਲਵੰਤ ਤੇ ਯਾਰ ਬਲਰਾਜ ਸਾਹਨੀ ਦੇ ਨਾਂਵਾਂ ਉਤੇ ਪੰਦਰਾਂ-ਪੰਦਰਾਂ ਹਜ਼ਾਰ ਰੁਪਏ ਦੇ ਸਨਮਾਨ ਹਰ ਸਾਲ ਪੰਜਾਬੀ ਲੇਖਕਾਂ ਨੂੰ ਦਿਆ ਕਰਦੇ ਸਾਂ। ਡਾ[ ਜਸਵੰਤ ਦੀ ਮੌਤ ਨੇ ਮੇਰਾ ਲੱਕ ਤੋੜ ਸੁੱਟਿਆ ਸੀ। ਉਸ ਸਾਹਿਤ ਖੇਤਰ ਵਿਚ ਮੇਰੀ ਅਗਵਾਈ ਨਾ ਸਹੀ, ਪਰ ਪੂਰੀ ਹਿੰਮਤ ਤੇ ਦ੍ਰਿੜਤਾ ਨਾਲ ਮੇਰੇ ਬਰਾਬਰ ਖਲੋਤੀ ਰਹੀ ਸੀ। ਮੈਂ ਟਰੱਸਟ ਦੇ ਸਾਥੀਆਂ ਦੀ ਸਲਾਹ ਨਾਲ ਡਾ[ ਜਸਵੰਤ ਕੌਰ ਗਿੱਲ ਦਾ ਨਾਂ ਵੀ ਬਾਵਾ ਬਲਵੰਤ ਤੇ ਬਲਰਾਜ ਸਾਹਨੀ ਦੇ ਨਾਂ ਨਾਲ ਜੋੜ ਦਿੱਤਾ। ਮੇਰੀ ਪ੍ਰੇਰਨਾ ਨਾਲ ਉਸ ਨੇ ਸਿਹਤ ਸਾਇੰਸ ਦੀਆਂ ਪੰਦਰਾਂ ਪੁਸਤਕਾਂ ਲਿਖੀਆਂ ਸਨ। ਡਾ[ ਜਸਵੰਤ ਕੌਰ ਗਿੱਲ ਅਵਾਰਡ ਦੀ ਸ਼ਰਤ ਇਹ ਰੱਖੀ ਕਿ ਇਨਾਮ ਉਹਦੀਆਂ ਇਸਤਰੀ ਭੈਣਾਂ ਨੂੰ ਹੀ ਦਿੱਤਾ ਜਾਇਆ ਕਰੇਗਾ।
ਮਨ ਨੇ ਫਾਨੀ ਦੁਨੀਆ ਉਤੋਂ ਦੀ ਲੰਮਾ ਚੱਕਰ ਮਾਰਿਆ ਤੇ ਇਸ ਨਤੀਜੇ `ਤੇ ਪੁੱਜਾ: ਅਲਪੱਗ ਦੀ ਇਕ ਉਮਰ ਹੁੰਦੀ ਐ, ਇਕ ਪਲ ਵੀ, ਇਕ ਜੁਗ ਵੀ। ਜਸਵੰਤ ਠੀਕ ਆਖਦੀ ਸੀ, ਮਨੁੱਖ ਲੋਕਾਂ ਦੀ ਸੇਵਾ ਕਰਦਾ ਸਰਵੱਗਤਾ ਨੂੰ ਪਹੁੰਚ ਜਾਂਦਾ ਹੈ। ਵਿਛੋੜਾ ਇਮਤਿਹਾਨ ਹੈ, ਜੋ ਸਭ ਨੂੰ ਦੇਣਾ ਪੈਂਦਾ ਹੈ। ਸੇਵਾ-ਸਾਧਨਾ ਨਹੀਂ ਛੱਡਣੀ। ਕੋਈ ਕਿਸੇ ਤੋਂ ਵੱਖ ਨਹੀਂ। ਭੁਲੇਖੇ ਨੂੰ ਗੂੜ੍ਹੀ ਨੀਂਦ ਸੌਂ ਜਾਣ ਦੇ। ਜਦੋਂ ਜਾਗੇਂਗਾ, ਸਤਰੰਗੀ ਕਲਿਆਣ ਸਵੇਰੇ-ਸਵੇਰੇ ਤੇਰਾ ਮੂੰਹ ਚੁੰਮੇਗੀ। ਅਸੀਂ ਦੋ ਤੋਂ ਮੁੜ ਇਕ ਹੋ ਜਾਵਾਂਗੇ। ਪਿਆਰ ਨੂੰ ਗਿਆਨ ਦੀ ਡੰਡੌਤ ਕਰਨੀ ਹੀ ਪੈਂਦੀ ਐ। ਮੇਰੇ ਮੰਨਿਆ! ਉਦਾਸ ਨਹੀਂ ਹੋਣਾ, ਮੈਂ ਹਰ ਸਮੇਂ ਤੇਰੇ ਅੰਦਰ ਮੁਸਕਰਾ ਰਹੀ ਹੋਵਾਂਗੀ।”
ਪੁਸਤਕ ‘ਪੁੰਨਿਆਂ ਦਾ ਚਾਨਣ’ ਦੇ ਮੁੱਖ ਸ਼ਬਦ ਹਨ:
ਨਹੀਂ ਲੱਭਣੇ ਲਾਲ ਗਵਾਚੇ, ਮਿੱਟੀ ਨਾ ਫਰੋਲ ਜੋਗੀਆ!
ਕੋਈ ਜਾਣੇ ਨਾ ਜਾਣੇ
ਤੂੰ ਸੇਵਾ ਕਰਦੀ ਲੋਕਾਂ ਤੋਂ ਕੁਰਬਾਨ ਹੋਈ ਏਂ
ਤਿੱਖੇ ਤੱਤੇ ਬੋਲਾਂ ਦਾ ਮੋੜ,
ਤੇਰੀ ਨਿਰਮਾਣ ਖਾਮੋਸ਼ੀ ਸੀ
ਕੁਰਾਹੇ ਜਾਂਦੇ ਕੰਵਲ ਨੂੰ ਪਿਆਰ ਕਰਦੀ ਐਂ
ਪਰ ਮੈਂ ਤਾਂ ਚੰਨੋ ਤੇਰੀ ਪੂਜਾ ਕੀਤੀ ਹੈ,
ਸਿਮਰਨ ਜਾਰੀ ਹੈ।
ਤੇਰਾ ਕੰਵਲ।