ਗਿਆਨੀ ਬਾਪ ਦਾ ਵਿਗਿਆਨ!

ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਸਾਡਾ ਬਾਪ ਇਕ ਦਿਨ ਵੀ ਸਕੂਲ ਨਹੀਂ ਸੀ ਗਿਆ, ਪਰ ਉਸ ਨੂੰ ਪੂਰੇ ਇਲਾਕੇ ਵਿਚ ‘ਗਿਆਨੀ ਜੀ’ ਕਹਿ ਕੇ ਸਤਿਕਾਰਿਆ ਜਾਂਦਾ ਸੀ। ਰੌਲਿਆਂ ਤੋਂ ਕੁਝ ਸਾਲ ਪਹਿਲਾਂ ਸਰਗੋਧੇ (ਹੁਣ ਪਾਕਿਸਤਾਨ) ਵਿਆਹੇ ਸਾਡੇ ਬਾਪ ਦੇ ਬਚਪਨ ਮੌਕੇ ਫਿਲੌਰ ਤੋਂ ਸਾਡੇ ਘਰੇ ਆਉਂਦੇ ਇਕ ਬਜੁਰਗ ਪ੍ਰਾਹੁਣੇ ਨੇ ਚੁੱਲ੍ਹੇ ਦੀ ਸੁਆਹ ਬਲੂਰ ਕੇ ਉਸ ਨੂੰ ‘ਪੈਂਤੀ’ ਸਿੱਖਾਈ। ਅੱਖਰਾਂ ਦੀ ਪਛਾਣ ਪੱਕੀ ਹੋ ਜਾਣ `ਤੇ ਉਹ ਹੌਲੀ ਹੌਲੀ ਗੁਟਕੇ ਤੋਂ ਪਾਠ ਕਰਨ ਲੱਗ ਪਏ। ਬਸ ਫਿਰ ਚੱਲ ਸੋ ਚੱਲ!

ਉਨ੍ਹਾਂ ਪੜ੍ਹਨ ਦੇ ਸ਼ੌਂਕ ਨੂੰ ਵਧਾਉਂਦਿਆਂ ਮੇਲਿਆਂ ਮੁਸ੍ਹਾਵਿਆਂ ਤੋਂ ਕਿੱਸੇ ਲਿਆਉਣੇ ਸ਼ੁਰੂ ਕਰ ਦਿੱਤੇ। ਸੋਹਣ ਸਿੰਘ ਸੀਤਲ, ਫਿਰੋਜ਼ ਦੀਨ ਸ਼ਰਫ ਅਤੇ ਗਿਆਨੀ ਕਰਤਾਰ ਸਿੰਘ ਕਲਾਸਵਾਲੀਏ ਦੇ ਲਿਖੇ ਧਾਰਮਿਕ ਤੇ ਇਤਿਹਾਸਕ ਗ੍ਰੰਥ ਘਰੇ ਲੈ ਆਂਦੇ।
ਇਸ ਤੋਂ ਇਲਾਵਾ ਉਨ੍ਹਾਂ ਨੂੰ ਵਿਗਿਆਨਕ ਸੋਚ ਗ੍ਰਹਿਣ ਕਰਨ ਦੀ ਚੇਟਕ ਲੱਗੀ ਜਾਡਲੇ ਵਾਲੇ ਡਾ[ ਮਲਕੀਅਤ ਸਿੰਘ ਪਾਸ ਬਹਿਣ-ਉਠਣ ਕਰਕੇ, ਜੋ ਗੁਰਬਖਸ਼ ਸਿੰਘ ‘ਪ੍ਰੀਤ ਲੜੀ’ ਦੇ ਪੱਕੇ ਪਾਠਕ ਸਨ। ਆਪਣੇ ਵੱਡੇ ਭਰਾਵਾਂ ਵਾਂਗ ਵਰਤੋਂ ਵਿਹਾਰ ਕਰਦਿਆਂ ਡਾ[ ਸਾਹਿਬ ਨੇ ਸਾਡੇ ਭਾਈਆ ਜੀ ਨਾਲ ਵਿਚਾਰ-ਵਟਾਂਦਰਾ ਅਕਸਰ ਕਰਦੇ ਰਹਿਣਾ। ਸ਼ਾਇਦ ਉਨ੍ਹਾਂ ‘ਤੇ ਡਾ[ ਸਾਹਿਬ ਦੀ ਸੰਗਤ ਦਾ ਹੀ ਪ੍ਰਭਾਵ ਹੋਵੇ ਕਿ ਜਦ ਅਸੀਂ ਛੇਵੀਂ-ਸੱਤਵੀਂ ਵਿਚ ਪੜ੍ਹਦਿਆਂ ਸਕੂਲੋਂ ਘਰੇ ਆ ਕੇ ਬੜੀ ਹੈਰਾਨੀ ਨਾਲ ਸੂਰਜ ਖੜ੍ਹਾ ਹੋੋਣ ਤੇ ਧਰਤੀ ਘੁੰਮਣ ਬਾਰੇ ਦੱਸਿਆ ਤਾਂ ਉਹ ਝੱਟ ਸਾਡੇ ਨਾਲ ਸਹਿਮਤ ਹੋ ਗਏ; ਜਦ ਕਿ ਸਾਡੀ ਭੋਲ-ਭਾਲੀ ਮਾਂ ਖਿਝ ਕੇ ਕਹਿੰਦੀ, “ਮਾਹਟਰਾਂ ਦੀਆਂ ਦੱਸੀਆਂ ‘ਝੱਲ-ਵਲੱਲੀਆਂ’ ਉਥੇ ਸਕੂਲੇ ਈ ਰੱਖਿਆ ਕਰੋ। ਸਾਨੂੰ ਨਾ ਮੂਰਖ ਬਣਾਇਆ ਕਰੋ ਘਰੇ ਆ ਕੇ।” ਉਸ ਨੇ ਚੜ੍ਹਦੇ ਵੱਲ ਵਾਕਿਆ ਬਲਾਚੌਰ ਕਸਬੇ ਵੱਲ ਹੱਥ ਕਰਕੇ ਕਹਿਣਾ, “ਰੋਜ ਸੂਰਜ ਉਧਰੋਂ ਚੜ੍ਹਦਾ ਐ ਤੇ ਰਾਹੋਂ ਦੇ ਪਿਛਵਾੜੇ ਵੱਲ ਜਾ ਡੁੱਬਦਾ ਐ। ਧਰਤੀ ਤਾਂ ਉਥੇ ਦੀ ਉਥੇ ਹੀ ਖੜ੍ਹੀ ਰਹਿੰਦੀ ਐ! ਜੇ ਇਹ ਘੁੰਮਦੀ ਹੋਵੇ ਤਾਂ ਅਸੀਂ ਤੁਰਦੇ-ਫਿਰਦੇ ਘੁੰਮ ਘੁੰਮ ਕੇ ਨਾ ਡਿਗੀਏ?”
ਸਾਨੂੰ ਬੀਬੀ ਦੀਆਂ ਇਨ੍ਹਾਂ ਦਲੀਲਾਂ ਸਾਹਮਣੇ ਆਪਣਾ ਸਾਇੰਸ ਮਾਸਟਰ ਹਰੀ ਦੇਵ ਸਿੰਘ ਝੂਠਾ ਲੱਗਣ ਲੱਗ ਪੈਂਦਾ, ਪਰ ਭਾਈਆ ਜੀ ਨੇ ਬੀਬੀ ਦੀਆਂ ਇਨ੍ਹਾਂ ਗੱਲਾਂ ਨੂੰ ਮੂਰਖਾਨਾ ਕਹਿ ਕੇ ਹੱਸ ਛੱਡਣਾ! ਇਕ ਰਾਤ ਜਦੋਂ ਅਸੀਂ ਦਵਾਖਲ ਵਿਚ ਰੱਖੇ ਦੀਵੇ ਦੀ ਲੋਅ ਵਿਚ ਬੈਠੇ ਪੜ੍ਹ ਰਹੇ ਸਾਂ, ਤਦ ਭਾਈਆ ਜੀ ਅਚਾਨਕ ਉਠੇ ਤੇ ਸਾਨੂੰ ਕਹਿੰਦੇ, ਆਊ ਅੱਜ ਤੁਹਾਡੀ ਬੀਬੀ ਨੂੰ ਸਮਝਾਈਏ ਕਿ ਧਰਤੀ ਕਿੱਦਾਂ ਘੁੰਮਦੀ ਐ ਤੇ ਦਿਨ ਅਤੇ ਰਾਤ ਕਿਵੇਂ ਬਣਦੇ ਹਨ! ਅਸੀਂ ਬੜੀ ਉਤਸੁਕਤਾ ਨਾਲ ਉਨ੍ਹਾਂ ਵੱਲ ਦੇਖਣ ਲੱਗੇ। ਉਨ੍ਹਾਂ ਇਕ ਚੌੜਾ ਥਾਲ ਲੈ ਕੇ ਉਸ ਵਿਚ ਇਕ ਤੀਲ੍ਹਾਂ ਦੀ ਡੱਬੀ ਰੱਖ ਲਈ ਅਤੇ ਉਸ ਤੋਂ ਚੱਪੇ ਚੱਪੇ ਦੀ ਵਿੱਥ ਉਤੇ ਦੋ ਕੌਲੀਆਂ ਤੇ ਇਕ ਗਲਾਸ ਮੂਧੇ ਮਾਰ ਲਏ।
ਸਾਨੂੰ ਗੋਲ ਦਾਇਰੇ ਵਿਚ ਬਿਠਾ ਕੇ ਉਹ ਸਮਝਾਉਣ ਲੱਗੇ ਕਿ ਸਮਝ ਲਉ ਔਹ ਦੀਵਾ ਸੂਰਜ ਹੈ, ਆਹ ਥਾਲ ਧਰਤੀ ਹੈ ਅਤੇ ਇਸ ਵਿਚ ਪਈਆਂ ਚੀਜਾਂ ਅਲੱਗ ਅਲੱਗ ਦੇਸ਼ ਹਨ, ਧਰਤੀ `ਤੇ। ਫਿਰ ਉਨ੍ਹਾਂ ਥਾਲ ਹੌਲੀ ਹੌਲੀ ਘੁਮਾਉਂਦਿਆਂ ਦੱਸਿਆ ਕਿ ਦੇਖੋ ਸੂਰਜ (ਦੀਵਾ) ਤਾਂ ਇੱਕੋ ਥਾਂ ਖੜ੍ਹਾ ਹੈ, ਪਰ ਧਰਤੀ ਏਦਾਂ ਘੁੰਮਣ ਕਰਕੇ ਜਿੱਥੇ ਹਨੇਰਾ ਹੁੰਦਾ, ਉਥੇ ਰਾਤ ਪੈ ਜਾਂਦੀ ਹੈ। ਜਿੱਥੇ ਚਾਨਣ ਪੈ ਰਿਹਾ ਹੋਵੇ, ਉਥੇ ਦਿਨ ਹੁੰਦਾ ਹੈ। ਇਹ ਸਾਦ ਮੁਰਾਦਾ ਜਿਹਾ ਦ੍ਰਿਸ਼ਟਾਂਤ ਦੇਖ ਕੇ ਸਾਡੇ ਤਾਂ ਸ਼ੱਕ ਸ਼ੁਬ੍ਹੇ ਸਾਰੇ ਮਿਟ ਗਏ, ਪਰ ਸਾਡੀ ਬੀਬੀ ਨਾ ਮੰਨਣ ਦੇ ਸੰਕੇਤ ਵਜੋਂ ‘ਹੂੰਅ!’ ਕਹਿ ਕੇ ਬੋਲੀ, “ਨਾ ਮੇਰੀ ਗੱਲ ਸੁਣੋ ਬੜੇ ਪੜ੍ਹਾਕੂਓ! ਜੇ ਧਰਤੀ ਘੁੰਮਦੀ ਹੋਵੇ ਤਾਂ ਜਦ ਅਸੀਂ ਸੌਂ ਕੇ ਸਵੇਰ ਨੂੰ ਉਠੀਦਾ ਹੈ, ਤਦ ਸਾਡਾ ਨਲਕਾ ਬੇਟ ਦੀ ਥਾਂ ਢਾਹੇ ਵੱਲ ਦੇ ਪਾਸੇ ਨਾ ਹੋਇਆ ਹੋਵੇ?”
ਇਹ ਗੱਲ ਸੁਣ ਕੇ ਸਾਡਾ ਤਾਂ ਹਾਸਾ ਬੰਦ ਨਾ ਹੋਵੇ, ਪਰ ਭਾਈਆ ਜੀ ਆਪਣਾ ਤਰੱਦਦ ਨਿਹਫਲ ਗਿਆ ਸਮਝ ਕੇ ਖਿਝ ਗਏ! ਆਪਣਾ ਮਨਭਾਉਂਦਾ ਗੁਸੈਲਾ ਵਾਕ ‘ਦਿਮਾਗ ਵਿਚ ਤੂੜੀ ਭਰੀਉ ਆ ਇਹਦੇ!’ ਬੋਲ ਕੇ ਪ੍ਰੈਕਟੀਕਲ ਵਾਲਾ ਸਮਾਨ ਇਕੱਠਾ ਕਰਨ ਲੱਗ ਪਏ। ਅਸੀਂ ਭੈਣ-ਭਰਾਵਾਂ ਨੇ ਕਈ ਦਿਨ ਬੀਬੀ ਮਗਰ ਛੇੜ ਪਾਈ ਰੱਖੀ। ਅਸੀਂ ਸੁਵਖਤੇ ਉਠ ਕੇ ਵਿਹੜੇ ਵਿਚ ਗੇੜੀ ਮਾਰਨ ਬਾਅਦ ਅੰਦਰ ਆ ਵੜਨਾ ਤੇ ਆਖਣਾ, “ਬੀਬੀ ਸਾਡਾ ਨਲਕਾ ਪਤਾ ਨ੍ਹੀਂ ਕਿੱਧਰ ਚਲਾ ਗਿਆ?”
ਇਕ ਵਾਰ ਸਾਡੇ ਭਾਈਆ ਜੀ ਦੀ ਦਾੜ੍ਹ ਦਰਦ ਕਰਨ ਲੱਗ ਪਈ। ਉਨ੍ਹਾਂ ਸਮਿਆਂ ਵਿਚ ਕੋਈ ਸਪੈਸ਼ਲ ਡੈਂਟਿਸਟ ਡਾਕਟਰ ਤਾਂ ਹੁੰਦੇ ਨਹੀਂ ਸਨ, ਘਰੇ ਹੀ ਓਹੜ ਪੋਹੜ ਕਰਦਿਆਂ ਦੰਦਾਂ ਦੀ ਪੀੜ ਦਾ ਇਲਾਜ ਕੀਤਾ ਜਾਂਦਾ ਸੀ। ਸੋ ਭਾਈਆ ਜੀ ਵੀ ਦੁਖਦੀ ਦਾੜ੍ਹ ਨੂੰ ਲੌਂਗਾਂ ਦਾ ਤੇਲ ਮਲ ਕੇ ਘਰ ਦੇ ਵਿਹੜੇ ਵਿਚ ਲੰਮੇ ਪਏ ਸਨ। ਇੰਨੇ ਨੂੰ ਗਲੀ ਵਿਚ ਇਕ ਭਾਈ ਨੇ ਹੋਕਾ ਦਿੱਤਾ, ‘ਦੁਖਦੇ ਦੰਦ-ਦਾੜ੍ਹਾਂ ਦਾ ਇਲਾਜ਼ ਕਰਵਾ ਲਉ।’
ਇਹੋ ਜਿਹੇ ਨੀਮ ਹਕੀਮਾਂ ਉਤੇ ਭਾਈਆ ਜੀ ਦਾ ਯਕੀਨ ਤਾਂ ਨਹੀਂ ਸੀ, ਪਰ ‘ਮਰਦਾ ਕੀ ਨਾ ਕਰਦਾ’ ਮੁਤਾਬਕ ਦਾੜ੍ਹ ਵਿਚ ਦਰਦ ਵੱਧ ਹੋਣ ਕਰਕੇ ਉਨ੍ਹਾਂ ਭਾਈ ਨੂੰ ‘ਵਾਜ ਮਾਰ ਲਈ। ਜਿਵੇਂ ਪਿੰਡਾਂ ਵਿਚ ਪਹਿਲੋਂ ਹੁੰਦਾ ਹੀ ਸੀ ਕਿ ਮਦਾਰੀ ਦਾ ਤਮਾਸ਼ਾ ਵੇਖਣ ਵਾਂਗ ਸਾਰਾ ਆਂਢ ਗੁਆਂਢ ਅਜਿਹੇ ਮੌਕਿਆਂ `ਤੇ ਆ ਜੁੜਦਾ ਸੀ। ਸੋ ਉਸ ਭਾਈ ਨੇ ਭਾਈਆ ਜੀ ਦਾ ਮੂੰਹ ਖੁਲ੍ਹਵਾ ਕੇ ਸਾਹਮਣੇ ਬਹਾ ਲਿਆ। ਝੋਲੇ ‘ਚੋਂ ਦੋ ਕੁ ਤਾਰਾਂ ਜਿਹੀਆਂ ਕੱਢ ਕੇ ਉਹ ਜਬ੍ਹਾੜੇ ਨੂੰ ਕਰੋਲਣ ਲੱਗ ਪਿਆ। ਅਜਿਹੀ ਕਰੋਲਾ-ਕਰਾਲੀ ਕਰਦਿਆਂ ਕਦੇ ਉਹ ਆਪਣੇ ਝੋਲੇ ‘ਚੋਂ ਡੱਬੀ ਕੱਢ ਕੇ ਦਾੜ੍ਹਾਂ ਉਤੇ ਕੁਝ ਲੂਣ ਜਿਹਾ ਲਾ ਦਿੰਦਾ। ਅਚਾਨਕ ਉਹ ਕਹਿਣ ਲੱਗ ਪਿਆ, ‘ਆ ਗਿਆ ਅੜਿੱਕੇ, ਕੀੜਾ ਕੱਢ ਲਿਆ ਮੈਂ ਦਾੜ੍ਹ ‘ਚੋਂ!’ ਸੁੱਸਰੀ ਨਾਲੋਂ ਥੋੜ੍ਹਾ ਵੱਡਾ ‘ਕੀੜਾ’ ਉਸ ਨੇ ਉਂਗਲਾਂ ਨਾਲ ਭਾਈਆ ਜੀ ਦੇ ਮੂੰਹ ‘ਚੋਂ ਕੱਢ ਕੇ ਸਭ ਦੇ ਸਾਹਮਣੇ ਇਕ ਚਿੱਟੇ ਕਾਗਜ਼ ‘ਤੇ ਰੱਖ ਦਿੱਤਾ!
ਸਾਰੇ ਦਰਸ਼ਕ ਤਾਂ ਦੋਹਰੇ ਹੋ ਹੋ ਕੇ ਕੀੜੇ ਵੱਲ ਗਹੁ ਨਾਲ ਦੇਖਦਿਆਂ ‘ਹਾਅ ਹਾਅ’ ਕਰਨ ਲੱਗ ਪਏ, ਪਰ ਭਾਈਆ ਜੀ ਦਾ ਗੁੱਸਾ ਇਕ ਦਮ ਸੱਤਵੇਂ ਅਸਮਾਨ ‘ਤੇ ਜਾ ਚੜ੍ਹਿਆ! ਉਹ ‘ਹਕੀਮ’ ਵੱਲ ਹੂਰਾ ਉਲਾਰਦਿਆਂ ਕੜਕ ਕੇ ਬੋਲੇ, “ਉਇ ਮੂਰਖਾ ਜਹਾਨ ਦਿਆ, ਜਿਹੜੇ ਜ਼ਰਾਸੀਮ ਮਨੁੱਖੀ ਸਰੀਰ ਵਿਚ ਪੈਦਾ ਹੋ ਜਾਂਦੇ ਆ, ਉਨ੍ਹਾਂ ਨੂੰ ਡਾਕਟਰ ਲੋਕ ਖੁਰਦਬੀਨਾਂ ਨਾਲ ਮਸਾਂ ਦੇਖਦੇ ਐ! ਆਹ ਕੀੜਾ ਜੋ ਤੂੰ ਮੇਰੀ ਦਾੜ੍ਹ ‘ਚੋਂ ਕੱਢਿਆ ਦੱਸਦੈਂ, ਅੱਖਾਂ ਨਾਲ ਹੀ ਦਿਸਦਾ ਇਹ ਕੀੜਾ ਜੇ ਸੱਚਮੁਚ ਮੇਰੇ ਜਬ੍ਹਾੜੇ ਵਿਚ ਹੀ ਹੁੰਦਾ ਤਾਂ ਮੈਂ ਹੁਣ ਤੱਕ ਜਿਉਂਦਾ ਰਹਿ ਜਾਂਦਾ? ਤੈਂ ਜਰੂਰ ਇਹੋ ਜਿਹੇ ਕੀੜੇ ਮਕੌੜੇ ਡੱਬੀ ‘ਚ ਪਾ ਕੇ ਗੁਥਲੇ ਜਿਹੇ ਵਿਚ ਰੱਖੇ ਹੋਣਗੇ!” ਲਉ ਜੀ ਭਾਈਆ ਜੀ ਦੇ ਤੇਵਰ ਦੇਖ ਕੇ ਉਹ ਬੰਦਾ ਤਾਂ ਆਪਣਾ ‘ਮਿਹਨਤਾਨਾ’ ਲਏ ਬਿਨਾ ਹੀ ਪੱਤਰਾ ਵਾਚ ਗਿਆ!
‘ਪੂਜਾ ਅਕਾਲ ਕੀ ਪਰਚਾ ਸ਼ਬਦ ਦਾ ਦੀਦਾਰ ਖਾਲਸੇ ਕਾ’ ਵਾਲੇ ਸਿਧਾਂਤ ‘ਤੇ ਪਰਪੱਕਤਾ ਨਾਲ ਜ਼ਿੰਦਗੀ ਜਿਉਂਦੇ ਰਹੇ ਭਾਈਆ ਜੀ ਨੂੰ ਸਾਡੀ ਬੀਬੀ ਖਿਝਦੀ ਤਾਂ ਰਹਿੰਦੀ ਕਿ ਤੂੰ ਲਾਹ-ਪਾਹ ਕਰਨ ਲੱਗਿਆਂ ਬੰਦਾ ਕੁਬੰਦਾ ਨ੍ਹੀਂ ਦੇਖਦਾ, ਪਰ ਉਹ ਕਿਸੇ ਮੂੰਹੋਂ ਗੈਰ-ਵਿਗਿਆਨਕ ਜਾਂ ਕੋਈ ਅੰਧ ਵਿਸ਼ਵਾਸੀ ਜਿਹੀ ਗੱਲ ਸੁਣ ਕੇ ਅਗਲੇ ਨੂੰ ਝੱਟ ਟੋਕ ਦਿੰਦੇ। ਅਜਿਹੇ ਮੌਕੇ ਉਹ ਕਿਸੇ ਨਾਢੂ ਖਾਂ ਦੀ ਵੀ ਪ੍ਰਵਾਹ ਨਹੀਂ ਸਨ ਕਰਦੇ। ਉਂਜ ਭਾਵੇਂ ਬਾਅਦ ਵਿਚ ਘਰੇ ਆ ਕੇ ਰੀਣ ਕੁ ਪਛਤਾਵਾ ਕਰਦਿਆਂ ਕਹਿ ਦਿੰਦੇ, “ਫਲਾਣੇ ਦੀ ਮੈਥੋਂ ਕੁਝ ਬਹੁਤੀ ਹੀ ਕੁਪੱਤ ਕਰ ਹੋ ਗਈ!”
ਸੰਨ ਉਣਾਸੀ ਦੇ ਫਰਵਰੀ ਮਹੀਨੇ ਮੇਰੇ ਵਿਆਹ ਸਬੰਧੀ ਰਖਾਏ ਪਾਠ ਦੇ ਭੋਗ ਵਾਲੇ ਦਿਨ ਸੁਵਖਤੇ ਹੀ ਮੀਂਹ ਦਾ ਛਰਾਟਾ ਪੈ ਗਿਆ। ਜਿਸ ਕਰਕੇ ਬਾਲਣ ਗਿੱਲਾ ਹੋ ਗਿਆ। ਜਦੋਂ ਬੀਬੀਆਂ ਵੱਡੀ ਭੱਠੀ ਵਿਚ ਅੱਗ ਬਾਲਣ ਲੱਗੀਆਂ ਤਾਂ ਕਿੱਕਰ ਦੇ ਖੰਘੇ ਭਿੱਜੇ ਹੋਣ ਕਰਕੇ ਅੱਗ ਨਾ ਬਲੇ। ਚੰਗੀ ਧੂੰਆਂ-ਰਾਲੀ ਜਿਹੀ ਮੱਚ ਗਈ। ਫੁਲਕੇ ਪਕਾਉਣ ਵਾਲੀਆਂ ਬੀਬੀਆਂ ਦੀ ਮੋਹਰੀ ਇਕ ਮਾਈ ਸਾਡੀ ਬੀਬੀ ਨੂੰ ਕਹਿੰਦੀ, “ਅਸੀਂ ਤਾਂ ਭਾਈ ਅੱਗ ਬਾਲਣ ਦੇ ਸਾਰੇ ਯਤਨ ਕਰ ਲਏ ਆ, ਪਰ ਅੱਗ ਨਹੀਂ ਬਲੀ। ਤੁਹਾਡੇ ਵਡਾਰੂਆਂ ਨੇ ‘ਅੱਗ ਬੰਨ੍ਹ ਦਿੱਤੀ’ ਹੋਈ ਆ। ਆਪਣੇ ਜਠੇਰਿਆਂ ਦੀ ਪੂਜਾ-ਅਰਚਨਾ ਕਰੋ, ਤਦ ਬੰਨ੍ਹੀਉਂ ਅੱਗ ਖੁੱਲ੍ਹਣੀ ਐਂ!”
ਇਹ ਗੱਲ ਐਧਰ ਓਧਰ ਘੁੰਮਦਿਆਂ ਕਿਤੇ ਭਾਈਆ ਜੀ ਦੇ ਕੰਨੀਂ ਪੈ ਗਈ। ਉਹ ਫਟਾ-ਫਟ ਅੰਦਰ ਵੜੇ ਤੇ ਮਿੱਟੀ ਦੇ ਤੇਲ ਦੀ ਪੀਪੀ ਚੁੱਕ ਲਿਆਏ। ਆਉਂਦਿਆਂ ਹੀ ਉਨ੍ਹਾਂ ਨੇ ਭੱਠੀ ‘ਚ ਪਏ ਧੁਖਦੇ ਜਿਹੇ ਖੰਘਿਆਂ ਉਤੇ ਤੇਲ ਛਿੜਕਿਆ ਅਤੇ ਤੀਲ੍ਹੀ ਬਾਲ ਅੱਗ ਮਚਾ ਦਿੱਤੀ! ਸ਼ਾਇਦ ਘਰੇ ਵਿਆਹ ਹੋਣ ਕਰਕੇ ਉਨ੍ਹਾਂ ਉਦੋਂ ਲੋਹੇ-ਲਾਖਾ ਹੋਣਾ ਮੁਨਾਸਬ ਨਾ ਸਮਝਿਆ ਹੋਵੇਗਾ। ਇਸ ਕਰਕੇ ਉਹ ਸ਼ੁਗਲ ਵਜੋਂ ਉਸ ਮਾਈ ਨੂੰ ਕਹਿੰਦੇ, “ਲੋਕਾਂ ਦੇ ਜਠੇਰੇ ਤਾਂ ਆਪਣੀ ਪੂਜਾ-ਅਰਚਨਾ ਕਰਾ ਕੇ ਮੰਨਦੇ ਆ, ਪਰ ਸਾਡੇ ਜਠੇਰੇ ਮਿੱਟੀ ਦੇ ਤੇਲ ਨਾਲ ਹੀ ਮੰਨ ਜਾਂਦੇ ਐ! ਦੇਖਿਆ! ‘ਬੰਨ੍ਹੀਂ’ ਹੋਈ ਅੱਗ ਕਿਵੇਂ ਪਲਾਂ ‘ਚ ਖੁੱਲ੍ਹ ਗਈ!”