ਗੁਲਜ਼ਾਰ ਸਿੰਘ ਸੰਧੂ
15-16 ਵਰ੍ਹੇ ਪਿੱਛੋਂ ‘ਸੇਧ’ ਨਾਮੀ ਸਾਹਿਤਕ ਰਸਾਲੇ ਦੇ ਮੁੜ ਛਪਣ ਨੇ ਮੈਨੂੰ ਪ੍ਰੋ[ ਕ੍ਰਿਸ਼ਨ ਸਿੰਘ ਤੇ ਗੁਰਵੇਲ ਪੰਨੂ ਚੇਤੇ ਕਰਵਾ ਦਿੱਤੇ ਹਨ। ਕ੍ਰਿਸ਼ਨ ਸਿੰਘ ਕੈਂਪ ਕਾਲਜ, ਨਵੀਂ ਦਿੱਲੀ ਵਿਚ ਮੈਨੂੰ ਨਾਵਲ ਪੜ੍ਹਾਉਂਦਾ ਸੀ ਤੇ ਗੁਰਵੇਲ ਪੰਨੂੰ ‘ਸੁਪਨਾ ਟੁੱਟਾ’ ਕਹਾਣੀ ਸੰਗ੍ਰਿਹ ਛਪਣ ਪਿਛੋਂ ਮੇਰਾ ਮਿੱਤਰ ਬਣ ਗਿਆ ਸੀ। ਦੋਵੇਂ ਅਗਾਂਹਵਧੂ ਸੋਚ ਨੂੰ ਪ੍ਰਣਾਏ ਹੋਏ। ਗੁਰਵੇਲ ਮੇਰੇ ਨਾਲੋਂ 9-10 ਸਾਲ ਵੱਡਾ ਸੀ, ਪਰ ਮੇਰੀ ਪਤਨੀ ਦਾ ਗੋਤੀ ਹੋਣ ਕਰਕੇ ਮੈਨੂੰ ਮਜਾਕ ਵਿਚ ਜੀਜਾ ਜੀ ਕਹਿੰਦਾ ਹੁੰਦਾ ਸੀ।
ਗੁਰਵੇਲ ਪੰਨੂ ਨੇ ‘ਸੇਧ’ 1973 ਵਿਚ ਕੱਢਿਆ। ਇਸ ਰਸਾਲੇ ਵਿਚ ਛਪਣ ਵਾਲਿਆਂ ਵਿਚੋਂ ਪ੍ਰੋ[ ਕ੍ਰਿਸ਼ਨ ਸਿੰਘ ਤੇ ਡਾ[ ਭਗਵਾਨ ਜੋਸ਼ ਪ੍ਰਮੁੱਖ ਸਨ। ਵਿਚਾਰਧਾਰਾ ਅਗਾਂਹਵਧੂ ਸੀ, ਖੱਬੇ ਪੱਖੀ। ਇਹ ਰਸਾਲਾ 1981 ਤੋਂ 1987 ਤੱਕ ਪਟਿਆਲਾ ਨਿਵਾਸੀ ਡਾ[ ਰਵੀ ਨੇ ਕੱਢਿਆ, ਜਿਸ ਦਾ ਅਤਿਵਾਦੀਆਂ ਨੇ ਕਤਲ ਕਰ ਦਿੱਤਾ ਸੀ। ਫਿਰ 1992 ਵਿਚ ਦਿੱਲੀ ਤੋਂ ਚੰਡੀਗੜ੍ਹ ਜਾ ਵੱਸਣ ਪਿਛੋਂ ਗੁਰਵੇਲ ਪੰਨੂ ਨੇ ਇਹ ਪਰਚਾ ਮੁੜ ਸ਼ੁਰੂ ਕੀਤਾ, ਪਰ ਸਿਹਤ ਦੀ ਖਰਾਬੀ ਕਾਰਨ ਛੇਤੀ ਹੀ ਬੰਦ ਕਰਨਾ ਪਿਆ। ਚੰਡੀਗੜ੍ਹ ਤੋਂ ਪ੍ਰਕਾਸ਼ਿਤ ਅੰਕਾਂ ਵਿਚ ਵੀ ਪੰਜਾਬ ਦੇ ਪਾਣੀਆਂ, ਪੰਜਾਬ ਦੀ ਰਾਜਨੀਤੀ ਤੇ ਪੰਜਾਬੀ ਲੇਖਕਾਂ ਦੀ ਜ਼ਿੰਮੇਵਾਰੀ ਦੀ ਗੱਲ ਹੋਈ, ਪਰ ਬਹੁਤੀ ਨਹੀਂ।
ਹੁਣ ਇਹ ਪਰਚਾ ਭਗਵਾਨ ਜੋਸ਼ ਦੇ ਵਿਦਿਆਰਥੀ ਪੰਜਾਬ ਦੀ ਰਾਜਨੀਤੀ ਨਾਲ ਵਾਹ ਵਾਸਤਾ ਰੱਖਣ ਵਾਲੇ ਤੇ ਪੰਜਾਬੀ ਨਾਵਲਕਾਰ ਜਸਵੰਤ ਸਿੰਘ ਕੰਵਲ ਦੇ ਦੋਹਤੇ ਸੁਮੇਲ ਸਿੰਘ ਸਿੱਧੂ ਨੇ ਪੰਜਾਬ ਦੇ ਬਠਿੰਡਾ ਸ਼ਹਿਰ ਤੋਂ ਮੁੜ ਸ਼ੁਰੂ ਕੀਤਾ ਹੈ। ਪਹਿਲੇ ਅੰਕ (ਮਈ-ਜੂਨ, 2019) ਵਿਚ ਸਵਰਾਜਬੀਰ ਦੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਬਾਰੇ ਲੇਖ, ਆਰ ਲੈਂਡਰੋ ਵਲੋਂ 1871 ਵਿਚ ਕਾਰਲ ਮਾਰਕਸ ਨਾਲ ਕੀਤੀ ਪੁਰਾਣੀ ਮੁਲਾਕਾਤ, ਐਜਾਜ਼ ਅਹਿਮਦ ਦੀ ਅਜੋਕੇ ਦੌਰ ਵਿਚ ਮਾਰਕਸਵਾਦ ਦੀ ਮਹੱਤਤਾ ਤੋਂ ਬਿਨਾ ਜੱਲਿ੍ਹਆਂਵਾਲੇ ਬਾਗ ਤੇ ਬਰਗਾੜੀ ਕਾਂਡ ਬਾਰੇ ਟਿਪਣੀ ਤੋਂ ਇਲਾਵਾ ਜਸਵੰਤ ਸਿੰਘ ਕੰਵਲ ਦੀਆਂ ਦੋ ਪੁਰਾਣੀਆਂ ਲਿਖਤਾਂ ਵੀ ਸ਼ਾਮਲ ਹਨ। ਇਸ ਅੰਕ ਵਿਚ ਜਸਵੰਤ ਸਿੰਘ ਕੰਵਲ ਨਾਲ ਬੈਠੇ ਭੁਲੇ ਵਿਸਰੇ ਸਾਹਿਤਕਾਰਾਂ ਸੁਜਾਨ ਸਿੰਘ, ਗਿਆਨੀ ਕੇਸਰ ਸਿੰਘ ਤੇ ਪਿਆਰਾ ਸਿੰਘ ਪਦਮ ਦੀ ਇਕ ਤਸਵੀਰ ਵੀ ਹੈ, ਜੋ 1946 ਦੀ ਹੈ।
ਸਿੱਧੂ ਨੇ ਇਸ ਰਸਾਲੇ ਨੂੰ ਮੁੜ ਜਾਰੀ ਕਰਨ ਬਾਰੇ ਬੜੇ ਵਿਸਥਾਰ ਨਾਲ ਲਿਖਿਆ ਹੈ, ਜਿਸ ਦਾ ਸਾਰ ਅੰਸ਼ ਪੰਜਾਬੀ ਮਨਾਂ ਨੂੰ ਉਨ੍ਹਾਂ ਦੇ ਇਤਿਹਾਸ, ਮਿਥਿਹਾਸ ਤੇ ਪ੍ਰਾਪਤੀਆਂ ਦਾ ਚੇਤਾ ਕਰਾਉਣਾ ਹੈ। ਇਹ ਵੀ ਦੱਸਣਾ ਕਿ ਇਸ ਖਿੱਤੇ ਨੂੰ ਨਿਆਰੀ ਦਿੱਖ ਦੇਣ ਵਿਚ ਸਾਂਝੀਵਾਲਤਾ ਨੇ ਹੀ ਮੀਰੀ ਆਦਰਸ਼ ਧਾਰਨਾ ਬਣਨਾ ਹੈ। ਬੁਲ੍ਹੇ ਸ਼ਾਹ ਦੇ ਸ਼ਬਦਾਂ ਵਿਚ,
ਨਾ ਕੋ ਹਿੰਦੂ ਨਾ ਮੁਸਲਮਾਨ,
ਬਹੀਏ ਤ੍ਰਿੰਜਣ ਵੱਡ ਅਭਿਮਾਨ।
ਜਾਂਦੇ ਜਾਂਦੇ ਇਕ ਪੁਰਾਣੀ ਗੱਲ। ਆਪਣੀ ਉਮਰ ਦੇ ਅੰਤਲੇ ਦਿਨਾਂ ਵਿਚ ਸ਼ਿਵ ਕੁਮਾਰ ਬਟਾਲਵੀ ਪੀ[ ਜੀ[ ਆਈ[, ਚੰਡੀਗੜ੍ਹ ਦਾਖਲ ਸੀ। ਉਸ ਦੇ ਚੇਤੇ ਨੂੰ ਪੋਹਾ ਲੱਗ ਚੁਕਾ ਸੀ। ਮੈਂ ਦਿੱਲੀ ਤੋਂ ਮਿਲਣ ਆਇਆ ਤਾਂ ਉਹਦੇ ਕੋਲ ਬੈਠੇ ਸੱਜਣ ਨੇ ਪੁੱਛਿਆ, ਕੌਣ ਹੈ। ‘ਕੀ ਮੈਂ ਜਾਣਦਾ ਨਹੀਂ?’ ਸ਼ਿਵ ਦਾ ਉਤਰ ਸੀ, ‘ਗੁਰਵੇਲ ਪੰਨੂ ਐ। ਸ਼ਿਵ ਨੂੰ ਮੇਰੀ ਥਾਂ ਗੁਰਵੇਲ ਦਾ ਨਾਂ ਅਹੁੜਿਆ।
ਪੰਜਾਬ ਦੇ ਜਾਇਆਂ ਦਾ ਵਿਦੇਸ਼ ਗਮਨ: ਪੰਜਾਬ ਦੇ ਧੀਆਂ ਪੁੱਤਰਾਂ ਦਾ ਪਰਦੇਸ਼ ਵਾਸਾ ਤੇ ਪਿੱਛੇ ਛੱਡੀ ਭੂਮੀ ਨਾਲ ਮੋਹ ਤੇ ਹੇਜ ਪਹਿਲਾਂ ਵਾਂਗ ਹੀ ਜਾਰੀ ਹੈ। ਲੇਖਕਾਂ ਤੇ ਪੱਤਰਕਾਰਾਂ ਵਲੋਂ ਉਨ੍ਹਾਂ ਦੀ ਪੈੜ ਨੱਪਣਾ ਵੀ। ਪਿਛਲੇ ਦਿਨੀਂ ਮੇਰੇ ਹੱਥ ਦੋ ਰਚਨਾਵਾਂ ਲੱਗੀਆਂ। ਵਿਦੇਸ਼ਾਂ ਵਿਚ ਵਸੇ ਪੰਜਾਬੀਆਂ ਦੀ ਡਾਇਰੈਕਟਰੀ ਤੇ ਉਨ੍ਹਾਂ ਦੀ ਰਹਿਣੀ ਸਹਿਣੀ ਬਾਰੇ ਵਡਮੁੱਲਾ ਨਾਵਲ। ‘ਇੰਡੀਅਨਜ਼ ਅਬਰੌਡ’ ਨਾਂ ਦੀ ਡਾਇਰੈਕਟਰੀ ਦਾ ਸੰਪਾਦਕ ਨਰਪਾਲ ਸਿੰਘ ਸ਼ੇਰਗਿੱਲ ਹੈ ਤੇ ਨਾਵਲ ‘ਰਿਜ਼ਕ’ ਦਾ ਲੇਖਕ ਅਵਤਾਰ ਸਿੰਘ ਬਿਲਿੰਗ। ਦੋਵੇਂ ਉਤਰੀ ਅਮਰੀਕਾ ਦੇ ਵਸਨੀਕ ਹਨ। ਸ਼ੇਰਗਿੱਲ ਵਲੋਂ ਤਿਆਰ ਕੀਤੀ ਡਾਇਰੈਕਟਰੀ ਦਾ 21ਵਾਂ ਐਡੀਸ਼ਨ ਹੈ। ਇਸ ਵਿਚ ਪਰਦੇਸੀਂ ਰਹਿੰਦੇ ਪੰਜਾਬੀਆਂ ਦੇ ਥਾਂ ਟਿਕਾਣੇ ਹੀ ਨਹੀਂ, ਉਨ੍ਹਾਂ ਦੀਆਂ ਸਾਹਿਤਕ ਤੇ ਸਦਾਚਾਰਕ ਗਤੀਵਿਧੀਆਂ ਦੇ ਕੇਂਦਰ ਵੀ ਦਰਜ ਹਨ। ਹਥਲਾ ਐਡੀਸ਼ਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪੁਰਬ ਨੂੰ ਸਮਰਪਿਤ ਹੈ। ਇਸ ਵਿਚ ਸਿੱਖ ਮੱਤ ਦੀ ਧਾਰਨਾ ਤੇ ਵਿਸ਼ਾਲ ਪਹੁੰਚ ਬਾਰੇ ਜਾਣਕਾਰੀ ਭਰਪੂਰ ਲੇਖ ਹਨ। ਸੰਪਾਦਕ ਇਸ ਵਿਧੀ ਰਾਹੀਂ ਏਧਰ ਤੇ ਓਧਰ ਦੇ ਪੰਜਾਬੀਆਂ ਨੂੰ ਇੱਕ ਦੂਜੇ ਨਾਲ ਜੋੜੀ ਰਖਦਾ ਹੈ। ਸਵਾਗਤ ਦਾ ਹੱਕਦਾਰ ਹੈ।
ਅਵਤਾਰ ਸਿੰਘ ਬਿਲਿੰਗ ਆਪਣੇ ਮੁਢਲੇ ਨਾਵਲਾਂ ਵਿਚ ਢਾਹੇ ਦੇ ਵਸਨੀਕਾਂ ਦੀ ਖੂਬਸੂਰਤ ਤਸਵੀਰਕਸ਼ੀ ਲਈ ਜਾਣਿਆ ਜਾਂਦਾ ਹੈ। ਹਥਲਾ ਨਾਵਲ ‘ਰਿਜਕ’ ਬੰਤਾ ਸਿੰਘ ਨਾਂ ਦੇ ਉਸ ਵਿਅਕਤੀ ਦੀ ਬਾਤ ਪਾਉਂਦਾ ਹੈ, ਜੋ ਮਿੱਤਰ ਮੰਡਲੀ ਵਿਚ ਬਹੁਤ ਘੱਟ ਪਰ ਸੁਲਝੀ ਹੋਈ ਗੱਲਬਾਤ ਲਈ ਜਾਣਿਆ ਜਾਂਦਾ ਹੈ। ਹਫਦਾ ਤੇ ਹੌਂਕਦਾ ਇਹ ਸਧਾਰਨ ਮਿਡਲ ਕਲਾਸ ਵਰਕਰ ਇੱਕ ਸ਼ਾਹਕਾਰ ਨਾਵਲ ਦਾ ਅਜਿਹਾ ਨਾਇਕ ਹੋ ਨਿਬੜਦਾ ਹੈ, ਜੋ ਪਰਵਾਸੀ ਜੀਵਨ ਖੁਦ ਹੀ ਨਹੀਂ ਹੰਢਾਉਂਦਾ, ਦੂਜਿਆਂ ਨੂੰ ਜਿਉਣ ਦੀ ਜਾਚ ਵੀ ਦਸਦਾ ਹੈ।
ਜੇ ਸ਼ੇਰਗਿੱਲ ਦੀ ਡਾਇਰੈਕਟਰੀ ਵਿਚ ਵਿਦੇਸ਼ਾਂ ਵਿਚ ਵਸਦੇ ਪੰਜਾਬੀਆਂ ਦੇ ਤੱਥ ਹਨ ਤਾਂ ਬਿਲਿੰਗ ਦੇ ਨਾਵਲ ਵਿਚ ਉਨ੍ਹਾਂ ਦੀ ਤੱਥ-ਕਥਾ। ਸਾਂਭਣ ਤੇ ਸੰਭਾਲਣ ਯੋਗ।
ਰਖਸ਼ਾ ਬੰਧਨ ਦੀ ਰਿਮੋਟ ਵਿਧੀ: ਭਾਰਤ ਦੇ ਬਾਕੀ ਰਾਜਾਂ ਦੀ ਤਾਂ ਖਬਰ ਨਹੀਂ, ਪਰ ਪੰਜਾਬੀ ਭਾਈਚਾਰਾ ਇੰਨੇ ਦੇਸ਼ਾਂ ਵਿਚ ਜਾ ਵੱਸਿਆ ਹੈ ਕਿ ਬਹੁਤ ਸਾਰੇ ਫੈਸਲੇ, ਅਮਲ ਤੇ ਰਸਮ ਰਿਵਾਜ ਰਿਮੋਟ ਵਿਧੀ ਨਾਲ ਨੇਪਰੇ ਚੜ੍ਹਦੇ ਹਨ। ਮੇਰੀਆਂ ਦੋ ਸਕੀਆਂ ਭੈਣਾਂ ਤੇ ਇੱਕ ਮਾਸੀ ਦੀ ਧੀ ਮੈਨੂੰ ਹਰ ਸਾਲ ਰੱਖੜੀ ਭੇਜਦੀਆਂ ਹਨ। ਇਕ ਦਿੱਲੀ ਤੋਂ ਆਉਂਦੀ ਹੈ, ਦੂਜੀ ਕੈਨੇਡਾ ਤੋਂ ਤੇ ਤੀਜੀ ਕੋਟ ਫਤੂਹੀ ਤੋਂ। ਬਹੁਤੀ ਵਾਰੀ ਕੋਟ ਫਤੂਹੀ ਵਾਲੀ ਭੈਣ ਖੁਦ ਰਖੜੀ ਲੈ ਕੇ ਆਉਂਦੀ ਹੈ ਤੇ ਦੂਜੀਆਂ ਭੈਣਾਂ ਦੀਆਂ ਰੱਖੜੀਆਂ ਵੀ ਉਹੀਓ ਬੰਨ੍ਹਦੀ ਹੈ। ਇਸ ਵਾਰੀ ਮੈਂ ਰੱਖੜੀ ਵਾਲੇ ਦਿਨ ਚੰਡੀਗੜ੍ਹ ਤੋਂ ਬਾਹਰ ਸਾਂ ਤੇ ਤਿੰਨੇ ਰੱਖੜੀਆਂ ਚੰਡੀਗੜ੍ਹ ਪਹੁੰਚ ਚੁਕੀਆਂ ਸਨ। ਹਾਲ ਦੀ ਘੜੀ ਰਿਮੋਟ ਵਿਧੀ ਨਾਲ ਇਸ ਅਮਲ ਉਤੇ ਪਹਿਰਾ ਦਿੱਤਾ ਗਿਆ। ਰਖਸ਼ਾ ਦਾ ਪ੍ਰਣ ਵੀ ਇਸੇ ਵਿਧੀ ਨੇ ਨਿਭਾਇਆ। 15 ਤੋਂ 24 ਅਗਸਤ ਦੇ 8-9 ਦਿਨ। ਆਪਾਂ ਇਸ ਨੂੰ ਆਨ ਲਾਈਨ ਵਿਵਸਥਾ ਵੀ ਕਹਿ ਸਕਦੇ ਹਾਂ। ਨਿਭੇਗੀ।
ਅੰਤਿਕਾ: ਰਣਬੀਰ ਰਾਣਾ
ਪੁਰਾਣਾ ਸ਼ੌਕ ਹੈ ਮੇਰਾ ਇਹ ਪਾਣੀ ਨਾਲ ਖੇਡਣ ਦਾ,
ਨਦੀ ਵਲ ਜਾਣ ਦੇਵੋ ਮੈਂ ਤਾਂ ਲਹਿਰਾਂ ਨਾਲ ਖਹਿਣਾ ਹੈ।
ਨਦੀ, ਕਿਸ਼ਤੀ, ਮੱਲਾਹ, ਪੱਤਣ, ਮਿਲੇ ਵਿਛੜੇ ਕਈ ਵਾਰੀ,
ਅਸੀਂ ਵੀ ਦੂਰ ਜਾਂਦੇ ਯਾਰ ਨੂੰ ਏਹੋ ਹੀ ਕਹਿਣਾ ਹੈ।