ਪੰਜਾਬ ਵਿਚ ਹੜ੍ਹਾਂ ਨਾਲ ਭਾਰੀ ਤਬਾਹੀ

ਮੁਕੰਮਲ ਪ੍ਰਬੰਧਾਂ ਦੇ ਦਾਅਵੇ ਖੋਖਲੇ ਸਾਬਤ ਹੋਏ
ਚੰਡੀਗੜ੍ਹ: ਪੰਜਾਬ ਵਿਚ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੈ। ਹੜ੍ਹਾਂ ਕਾਰਨ ਜਿਥੇ ਹਜ਼ਾਰਾਂ ਏਕੜ ਫਸਲ ਬਰਬਾਦ ਹੋ ਗਈ, ਉਥੇ ਵੱਡੀ ਗਿਣਤੀ ਲੋਕਾਂ ਨੂੰ ਆਪਣੇ ਘਰ, ਪਿੰਡ ਛੱਡਣੇ ਪਏ। ਰੂਪਨਗਰ, ਨਵਾਂ ਸ਼ਹਿਰ, ਜਲੰਧਰ, ਫਿਰੋਜ਼ਪੁਰ ਸਮੇਤ ਬਹੁਤ ਸਾਰੇ ਖੇਤਰਾਂ ਵਿਚ ਸੈਂਕੜੇ ਪਿੰਡ ਖਾਲੀ ਕਰਵਾਏ ਗਏ ਹਨ।

ਸਤਲੁਜ ਦਰਿਆ ਕਿਨਾਰੇ ਵੱਸਦੇ ਦਰਜਨਾਂ ਪਿੰਡ ਜਿਥੇ ਪਾਣੀ ਵਿਚ ਘਿਰ ਗਏ, ਉਥੇ ਹੀ ਉਨ੍ਹਾਂ ਦਾ ਸੰਪਰਕ ਹੋਰ ਇਲਾਕਿਆਂ ਨਾਲੋਂ ਟੁੱਟ ਗਿਆ। ਬੇਸ਼ੱਕ ਹੁਣ ਤੱਕ ਹਜ਼ਾਰਾਂ ਲੋਕਾਂ ਨੂੰ ਪੁਲਿਸ ਤੇ ਐਨæਡੀæਆਰæਐਫ਼ ਦੀਆਂ ਟੀਮਾਂ ਦੀ ਮਦਦ ਨਾਲ ਸੁਰੱਖਿਅਤ ਥਾਂਵਾਂ ‘ਤੇ ਪਹੁੰਚਾਇਆ ਜਾ ਚੁੱਕਿਆ ਹੈ ਪਰ ਪਾਣੀ ਦਾ ਪੱਧਰ ਵਧਣ ਨਾਲ ਪਿੰਡਾਂ ਵਿਚ ਸਹਿਮ ਦਾ ਮਾਹੌਲ ਹੈ। ਪਾਣੀ ਨਾਲ ਹਜ਼ਾਰਾਂ ਏਕੜ ਫਸਲ ਬਰਬਾਦ ਹੋਣ ਦੇ ਨਾਲ-ਨਾਲ ਘਰਾਂ ਦਾ ਸਾਮਾਨ, ਰਾਸ਼ਨ ਬਰਬਾਦ ਹੋ ਗਿਆ ਹੈ ਅਤੇ ਚਾਰਾ ਨਾ ਹੋਣ ਕਰਕੇ ਪਸ਼ੂ ਵੀ ਤੜਫਣ ਲੱਗੇ ਹਨ। ਹੜ੍ਹਾਂ ਕਾਰਨ ਪੰਜਾਬ ਵਿਚ ਅੱਧੀ ਦਰਜਨ ਤੋਂ ਵੱਧ ਜਾਨਾਂ ਚਲੀਆਂ ਗਈਆਂ।
ਮੋਟੇ ਤੌਰ ਉਤੇ ਸਰਕਾਰ ਨੇ ਪੰਜਾਬ ਵਿਚ 1700 ਕਰੋੜ ਦਾ ਨੁਕਸਾਨ ਹੋਣ ਦਾ ਦਾਅਵਾ ਕੀਤਾ ਹੈ। ਪੰਜਾਬ ਸਰਕਾਰ ਨੇ ਭਾਵੇਂ ਇਸ ਨੂੰ ਕੁਦਰਤੀ ਆਫਤ ਐਲਾਨ, ਐਮਰਜੈਂਸੀ ਰਾਹਤ ਲਈ 100 ਕਰੋੜ ਰੁਪਏ ਦਾ ਐਲਾਨ ਕਰਕੇ ਇਸ ਨੂੰ ਰੱਬ ਦਾ ਭਾਣਾ ਮੰਨਣ ਦੀ ਸਲਾਹ ਦਿੱਤੀ ਹੈ ਪਰ ਪੰਜਾਬ ਵਿਚ ਇਹ ਤਬਾਹੀ ਭਾਰੀ ਬਾਰਸ਼ ਨਾਲ ਨਹੀਂ ਸਗੋਂ ਡੈਮਾਂ ਵਿਚੋਂ ਛੱਡੇ ਬੇਹਿਸਾਬੇ ਪਾਣੀ ਕਾਰਨ ਹੋਈ ਹੈ। ਸਰਕਾਰ ਨੂੰ ਡੈਮਾਂ ਵਿਚੋਂ ਪਾਣੀ ਛੱਡਣ ਤੋਂ ਪਹਿਲਾਂ ਇਸ ਤਬਾਹੀ ਦਾ ਪੂਰਾ ਅੰਦਾਜ਼ਾ ਸੀ ਪਰ ਲੋਕਾਂ ਦੇ ਜਾਨ ਮਾਲ ਦੀ ਰਾਖੀ ਲਈ ਕੋਈ ਢੁਕਵੇਂ ਪ੍ਰਬੰਧ ਨਾ ਕੀਤੇ ਗਏ। ਲੋਕ ਸਰਕਾਰ ਦੀ ਇਸ ਨਾਲਾਇਕੀ ਉਤੇ ਵੱਡੇ ਸਵਾਲ ਚੁੱਕ ਰਹੇ ਹਨ। ਸਰਕਾਰ ਹਰ ਸਾਲ ਹੜ੍ਹਾਂ ਦੇ ਅਗਾਊਂ ਪ੍ਰਬੰਧਾਂ ਦੇ ਵੱਡੇ ਦਾਅਵੇ ਕਰਦੀ ਹੈ ਪਰ ਜਦੋਂ ਬਿਪਤਾ ਪੈਂਦੀ ਹੈ ਤਾਂ ਇਹ ਦਾਅਵੇ ਕੀਤੇ ਨਜ਼ਰ ਨਹੀਂ ਆਉਂਦੇ।
ਪੰਜਾਬ ਨੂੰ ਪਹਿਲਾਂ ਵੀ ਕਈ ਵਾਰ ਅਜਿਹੀ ਤਬਾਹੀ ਵੇਖਣੀ ਪਈ ਹੈ ਪਰ ਸਰਕਾਰਾਂ ਨੇ ਕਦੇ ਇਸ ਤੋਂ ਸਬਕ ਨਹੀਂ ਲਿਆ। ਪਹਾੜੀ ਸੂਬਿਆਂ ਦਾ ਪਾਣੀ ਪੰਜਾਬ ਵਿਚੋਂ ਲੰਘਦਾ ਹੈ ਪਰ ਇਸ ਦੀ ਨਿਕਾਸੀ ਦਾ ਸਹੀ ਪ੍ਰਬੰਧ ਨਾ ਹੋਣ ਕਾਰਨ ਇਹ ਲੋਕਾਂ ਲਈ ਆਫਤ ਬਣ ਜਾਂਦਾ ਹੈ। ਸਤਲੁਜ ਦਰਿਆ ਵਿਚ ਆਏ ਹੜ੍ਹ ਨਾਲ ਮਚੀ ਤਬਾਹੀ ਦਾ ਵੱਡਾ ਕਾਰਨ ਇਸ ਵਿਚੋਂ ਗੈਰਕਾਨੂੰਨੀ ਖਣਨ ਹੈ। ਸਤਲੁਜ ਦਰਿਆ ਦਾ ਧੁੱਸੀ ਬੰਨ੍ਹ ਟੁੱਟਣ ਦਾ ਮੁੱਖ ਕਾਰਨ ਮਾਈਨਿੰਗ ਹੈ। ਆਮ ਕਰਕੇ ਇਹ ਬੰਨ੍ਹ ਇਕ ਥਾਂ ਤੋਂ ਹੀ ਟੁੱਟਦਾ ਸੀ ਤੇ ਜਿਸ ਨੂੰ ਕੁਝ ਦਿਨਾਂ ਵਿਚ ਹੀ ਠੀਕ ਕਰ ਲਿਆ ਜਾਂਦਾ ਸੀ। ਹੁਣ ਟੁੱਟੇ ਬੰਨ੍ਹਾਂ ਨੇ ਜਲੰਧਰ ਤੇ ਕਪੂਰਥਲਾ ਜ਼ਿਲ੍ਹਿਆਂ ‘ਚ 55 ਪਿੰਡਾਂ ਦੇ ਲੋਕਾਂ ਨੂੰ ਪਾਣੀ ਵਿਚ ਡੋਬ ਦਿੱਤਾ ਹੈ। ਗੈਰਕਾਨੂੰਨੀ ਮਾਈਨਿੰਗ ਲਈ ਡੂੰਘੇ ਟੋਏ ਪੁੱਟੇ ਹੋਏ ਸਨ, ਜਿਸ ਕਰਕੇ ਧੁੱਸੀ ਬੰਨ੍ਹ ਕਮਜ਼ੋਰ ਹੁੰਦਾ ਗਿਆ। ਇਸ ਤੋਂ ਇਲਾਵਾ ਮਾਈਨਿੰਗ ਲਈ ਦਰਿਆ ਦੇ ਕੰਢਿਆਂ ਨੂੰ ਕਮਜ਼ੋਰ ਕਰ ਦਿੱਤਾ ਗਿਆ।
ਹੜ੍ਹਾਂ ਬਾਰੇ ਪੁਖਤਾ ਪ੍ਰਬੰਧਾਂ ਦਾ ਦਾਅਵਾ ਕਰਨ ਵਾਲੀ ਸਰਕਾਰ ਨੇ ਇਸ ਪਾਸੇ ਭੋਰਾ ਧਿਆਨ ਨਾ ਦਿੱਤਾ ਜੋ ਲੋਕਾਂ ਦੀ ਤਬਾਹੀ ਦਾ ਕਾਰਨ ਬਣ ਗਿਆ। ਸਰਕਾਰਾਂ ਦੇ ਮਾੜੇ ਪ੍ਰਬੰਧਾਂ ਕਾਰਨ ਇਕੱਲੇ ਪੰਜਾਬ ਵਿਚ ਹੀ ਨਹੀਂ, ਪੂਰੇ ਦੇਸ਼ ਵਿਚ ਹਰ ਸਾਲ ਹੜ੍ਹਾਂ ਨਾਲ ਤਬਾਹੀ ਹੁੰਦੀ ਹੈ। ਕੇਰਲ ਸਮੇਤ ਕਈ ਸੂਬਿਆਂ ਵਿਚ ਪਿਛਲੇ ਡੇਢ ਮਹੀਨੇ ਵਿਚ ਹੜ੍ਹਾਂ ਕਾਰਨ ਤਕਰੀਬਨ 300 ਮੌਤਾਂ ਹੋ ਚੁੱਕੀਆਂ ਹਨ। ਇਸੇ ਤਰ੍ਹਾਂ ਬਿਹਾਰ, ਉੜੀਸਾ ਅਤੇ ਆਸਾਮ ਵਿਚ ਵੀ ਮੀਹਾਂ ਨੇ ਭਾਰੀ ਨੁਕਸਾਨ ਕੀਤਾ ਹੈ। ਹਿਮਾਚਲ ਪ੍ਰਦੇਸ਼ ਅਤੇ ਉਤਰਾਖੰਡ ਵਿਚ ਲਗਾਤਾਰ ਭਾਰੀ ਬਾਰਸ਼ ਹੋਣ ਕਰਕੇ ਇਨ੍ਹਾਂ ਸੂਬਿਆਂ ਵਿਚ ਦਰਜਨਾਂ ਹੀ ਵਿਅਕਤੀਆਂ ਦੇ ਮਾਰੇ ਜਾਣ ਦੀਆਂ ਖਬਰਾਂ ਹਨ। ਹੁਣ ਤੱਕ ਇਨ੍ਹਾਂ ਰਾਜਾਂ ਵਿਚ ਹਜ਼ਾਰਾਂ ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ। ਯਮੁਨਾ ਨਦੀ ਨੇ ਹਰਿਆਣਾ ਦੇ ਕਈ ਇਲਾਕਿਆਂ ਦੇ ਨਾਲ-ਨਾਲ ਰਾਜਧਾਨੀ ਦਿੱਲੀ ਨੂੰ ਵੀ ਚਿੰਤਾ ਵਿਚ ਪਾ ਦਿੱਤਾ ਹੈ, ਕਿਉਂਕਿ ਇਹ ਦਰਿਆ ਵੀ ਆਸ ਨਾਲੋਂ ਕਿਤੇ ਵੱਧ ਭਰ ਕੇ ਵਹਿਣ ਲੱਗਾ ਹੈ।
ਪਹਾੜੀ ਰਾਜਾਂ ਦੀਆਂ ਕਈ ਸੜਕਾਂ ਵੀ ਪਾਣੀ ਵਹਾ ਕੇ ਲੈ ਗਿਆ ਹੈ। ਹਿਮਾਚਲ ਪ੍ਰਦੇਸ਼ ‘ਚੋਂ ਲਗਾਤਾਰ ਹੋ ਰਹੇ ਪਾਣੀ ਦੇ ਵਹਾਅ ਕਾਰਨ ਭਾਖੜਾ ਡੈਮ ਪਾਣੀ ਵੀ ਖਤਰੇ ਦੇ ਨਿਸ਼ਾਨ ਤੋਂ ਉਪਰ ਵਹਿਣਾ ਸ਼ੁਰੂ ਹੋ ਗਿਆ ਹੈ ਜਿਸ ਕਾਰਨ ਫਲੱਡ ਗੇਟ ਖੋਲ੍ਹਣੇ ਪਏ ਹਨ। ਇਸ ਲਈ ਸਤਲੁਜ ਦੇ ਬੇ-ਵਹਾਅ ਪਾਣੀ ਨੇ ਪੰਜਾਬ ਦੇ ਕਈ ਇਲਾਕਿਆਂ ਵਿਚ ਤਬਾਹੀ ਮਚਾ ਦਿੱਤੀ। ਅਜਿਹੇ ਹੀ ਹਾਲਾਤ 1988 ਵਿਚ ਆਏ ਮਾਰੂ ਹੜ੍ਹਾਂ ਸਮੇਂ ਬਣੇ ਸਨ। ਹੁਣ ਸਵਾਲ ਇਹੀ ਹੈ ਕਿ 32 ਸਾਲਾਂ ਬਾਅਦ ਵੀ ਇਸ ਤਬਾਹੀ ਦਾ ਕੋਈ ਹੱਲ ਨਹੀਂ ਕੱਢਿਆ ਜਾ ਸਕਿਆ।

ਸ਼੍ਰੋਮਣੀ ਕਮੇਟੀ ਵਲੋਂ ਰਿਹਾਇਸ਼ ਤੇ ਲੰਗਰ ਦੇ ਪ੍ਰਬੰਧ
ਅੰਮ੍ਰਿਤਸਰ: ਸ਼੍ਰੋਮਣੀ ਕਮੇਟੀ ਵੱਲੋਂ ਵੀ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਪ੍ਰਬੰਧ ਕੀਤੇ ਜਾ ਰਹੇ ਹਨ। ਪਾਣੀ ਆਉਣ ਦੀ ਸਥਿਤੀ ਵਿਚ ਪ੍ਰਭਾਵਿਤ ਲੋਕਾਂ ਨੂੰ ਗੁਰਦੁਆਰਿਆਂ ਵਿਚ ਸ਼ਰਨ ਲੈਣ ਅਤੇ ਲੰਗਰ ਲਈ ਢੁਕਵੇਂ ਪ੍ਰਬੰਧ ਸ਼ੁਰੂ ਕੀਤੇ ਗਏ ਹਨ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾæ ਰੂਪ ਸਿੰਘ ਨੇ ਦੱਸਿਆ ਕਿ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਆਖਿਆ ਕਿ ਅਜਿਹੀ ਕਿਸੇ ਵੀ ਹੰਗਾਮੀ ਸਥਿਤੀ ਵਿਚ ਗੁਰਦੁਆਰਿਆਂ ਵਿਚ ਲੋਕਾਂ ਦੀ ਰਿਹਾਇਸ਼ ਅਤੇ ਲੰਗਰ ਆਦਿ ਦੇ ਢੁਕਵੇਂ ਪ੍ਰਬੰਧ ਕੀਤੇ ਜਾਣ। ਇਸ ਸਬੰਧੀ ਗੁਰਦੁਆਰਿਆਂ ਦੇ ਮੈਨੇਜਰਾਂ ਨੂੰ ਰਿਹਾਇਸ਼ ਅਤੇ ਲੰਗਰ ਦਾ ਪ੍ਰਬੰਧ ਤਿਆਰ ਰੱਖਣ ਲਈ ਆਖਿਆ ਗਿਆ ਹੈ। ਸ਼੍ਰੋਮਣੀ ਕਮੇਟੀ ਵਲੋਂ ਸੰਗਤ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਲੋੜ ਪੈਣ ‘ਤੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠਲੇ ਗੁਰਦੁਆਰਿਆਂ ਵਿਚ ਸੰਪਰਕ ਕੀਤਾ ਜਾਵੇ।

ਹਿਮਾਚਲ ਤੇ ਉਤਰਾਖੰਡ ‘ਚ ਵਿਆਪਕ ਤਬਾਹੀ
ਨਵੀਂ ਦਿੱਲੀ: ਦੇਸ਼ ਦੇ ਉਤਰੀ ਤੇ ਪਹਾੜੀ ਸੂਬਿਆਂ ‘ਚ ਭਾਰੀ ਬਾਰਸ਼ ਦਾ ਦੌਰ ਜਾਰੀ ਹੈ। ਪਹਾੜੀ ਸੂਬੇ ਹਿਮਾਚਲ ਪ੍ਰਦੇਸ਼ ਤੇ ਉਤਰਾਖੰਡ ‘ਚ ਹੁਣ ਤੱਕ 37 ਮੌਤਾਂ ਹੋ ਚੁੱਕੀਆਂ ਹਨ ਤੇ ਉਥੇ ਕਈ ਲੋਕ ਫਸੇ ਹੋਏ ਹਨ। ਦਿੱਲੀ ‘ਚ ਯਮੁਨਾ ਦਰਿਆ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਗ ਰਹੀ ਹੈ। ਮੌਸਮ ਵਿਭਾਗ ਨੇ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਪੂਰਬੀ ਮੱਧ ਪ੍ਰਦੇਸ਼ ਸਣੇ 10 ਸੂਬਿਆਂ ‘ਚ ਭਾਰੀ ਬਾਰਸ਼ ਦੀ ਚਿਤਾਵਨੀ ਜਾਰੀ ਕੀਤੀ ਹੈ। ਹਿਮਾਚਲ ਪ੍ਰਦੇਸ਼ ‘ਚ ਭਾਰੀ ਬਾਰਸ਼ ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਨਾਲ ਹੁਣ ਤੱਕ 25 ਲੋਕਾਂ ਦੀ ਮੌਤ ਹੋ ਗਈ ਜਦਕਿ 12 ਹੋਰ ਜਖਮੀ ਹੋਏ। ਦੂਜੇ ਪਾਸੇ ਉੱਤਰਾਖੰਡ ਦੇ ਉੱਤਰਕਾਸ਼ੀ ‘ਚ ਬੱਦਲ ਫਟਣ ਨਾਲ ਦੋ ਦਿਨ ‘ਚ 12 ਲੋਕਾਂ ਦੀ ਮੌਤ ਹੋ ਗਈ ਹੈ। ਫੌਜ ਦੇ ਹੈਲੀਕਾਪਟਰ ਰਾਹਤ ਤੇ ਬਚਾਅ ਕਾਰਜਾਂ ‘ਚ ਲੱਗੇ ਹੋਏ ਹਨ। ਮੌਸਮ ਵਿਭਾਗ ਮੁਤਾਬਕ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਪੂਰਬੀ ਮੱਧ ਪ੍ਰਦੇਸ਼, ਛੱਤੀਸਗੜ੍ਹ, ਬਿਹਾਰ, ਝਾਰਖੰਡ, ਉੜੀਸਾ, ਪੱਛਮੀ ਬੰਗਾਲ, ਤਾਮਿਲਨਾਡੂ ਤੇ ਪੁਡੂਚੇਰੀ ਦੇ ਕੁਝ ਇਲਾਕਿਆਂ ‘ਚ ਭਾਰੀ ਬਾਰਿਸ਼ ਦਾ ਖਦਸ਼ਾ ਹੈ।

ਪਾਕਿਸਤਾਨ ਦਾ ਗਿਲਾ
ਇਸਲਾਮਾਬਾਦ: ਪਾਕਿਸਤਾਨ ਨੇ ਕਿਹਾ ਹੈ ਕਿ ਭਾਰਤ ਨੇ ਬਿਨਾਂ ਅਗਾਊਂ ਜਾਣਕਾਰੀ ਦਿੱਤਿਆਂ 2 ਲੱਖ ਕਿਊਸਿਕ ਪਾਣੀ ਸਤਲੁਜ ਵਿਚ ਉਨ੍ਹਾਂ ਦੇ ਮੁਲਕ ਵੱਲ ਛੱਡ ਦਿੱਤਾ ਹੈ। ਇਸ ਨਾਲ ਗੁਆਂਢੀ ਮੁਲਕ ਦੇ ਕਈ ਇਲਾਕਿਆਂ ਵਿਚ ਹੜ੍ਹ ਵਰਗੀ ਸਥਿਤੀ ਬਣ ਗਈ ਹੈ। ਕੌਮੀ ਆਫਤ ਪ੍ਰਬੰਧਨ ਅਥਾਰਿਟੀ ਦੇ ਬੁਲਾਰੇ ਬ੍ਰਿਗੇਡੀਅਰ ਮੁਖਤਾਰ ਅਹਿਮਦ ਨੇ ਕਿਹਾ ਕਿ ਕਸੂਰ ਜ਼ਿਲ੍ਹੇ ਵਿਚ ਗੰਢਾ ਸਿੰਘ ਵਾਲਾ ਪਿੰਡ ਵਿਚ ਪਾਣੀ ਦਾ ਪੱਧਰ 16-17 ਫੁੱਟ ਹੈ ਤੇ 24000 ਕਿਊਸਿਕ ਪਾਣੀ ਇਲਾਕੇ ਵਿਚ ਦਾਖਲ ਹੋ ਰਿਹਾ ਹੈ। ਪਾਕਿਸਤਾਨ ਨੇ ਭਾਰਤ ਨਾਲ ਗਿਲਾ ਕੀਤਾ ਹੈ ਕਿ ਇਹ ਪਾਣੀ ਉਨ੍ਹਾਂ ਦੇ ਮੁਲਕ ਵਿਚ ਵੱਡੀ ਤਬਾਹੀ ਮਚਾ ਸਕਦਾ ਹੈ।