ਨਕਸਲਬਾੜੀ ਦੀ ਕਿਸਾਨ ਬਗਾਵਤ ਅਤੇ ਪੰਜਾਬ

ਵਿਦਿਆਰਥੀ ਆਗੂ ਬਿੱਕਰ ਕੰਮੇਆਣਾ ਦੇ ਵਿਦਿਆਰਥੀ ਲਹਿਰ ਬਾਰੇ ਦੋ ਕਿਸ਼ਤਾਂ ਵਿਚ ਛਪੇ ਲੇਖ ਤੋਂ ਬਾਅਦ ਗੁਰਦਿਆਲ ਸਿੰਘ ਬਲ ਨੇ ਉਬਾਲੇ ਮਾਰਦੇ ਉਸ ਦੌਰ ਦੀਆਂ ਕੁਝ ਵਿਲੱਖਣ ਗੱਲਾਂ ‘ਪੀæਐਸ਼ਯੂæ ਅਤੇ ਪੰਜਾਬ ਦੀ ਨਕਸਲੀ ਲਹਿਰ’ ਨਾਂ ਦੀ ਇਸ ਲੇਖ ਲੜੀ ਵਿਚ ਛੋਹੀਆਂ ਹਨ। 1968 ਵਾਲਾ ਸਾਲ ਸੰਸਾਰ ਭਰ ਵਿਚ ਬੜਾ ਘਟਨਾਵਾਂ ਭਰਪੂਰ ਸਾਲ ਸੀ। ਹਰ ਪਾਸੇ ਨੌਜਵਾਨ ਉਤਲੀ ਹੇਠ ਕਰਨ ਲਈ ਵਕਤ ਦੀਆਂ ਅੱਖਾਂ ਵਿਚ ਅੱਖਾਂ ਪਾ ਹੋਕਰੇ ਮਾਰ ਰਹੇ ਸਨ। ਜਾਨ-ਪ੍ਰਾਣ ਰੱਖਣ ਵਾਲਾ ਕੋਈ ਵਿਰਲਾ-ਟਾਵਾਂ ਹੀ ਇਸ ਹਾਲਾਤ ਤੋਂ ਅਣਭਿੱਜ ਰਿਹਾ ਹੋਵੇਗਾ। ਪੰਜਾਬ ਸਣੇ ਭਾਰਤ ਦੀ ਸਿਆਸਤ ਵਿਚ ਵੀ ਉਦੋਂ ਵੱਢ-ਮਾਰਵੀਆਂ ਸਰਗਰਮੀਆਂ ਹੋ ਰਹੀਆਂ ਸਨ। ਇਸ ਲੜੀ ਦੀ 5ਵੀਂ ਕਿਸ਼ਤ ਵਿਚ ਲੇਖਕ ਨੇ ਨਕਸਲੀ ਲਹਿਰ ਦੇ ਮੁੱਢਲੇ ਦਿਨਾਂ ਬਾਰੇ ਗੱਲ ਕੀਤੀ ਹੈ ਅਤੇ ਨਾਲ ਹੀ ਪੰਜਾਬ ਵਿਚ ਪੈਂਦੀ ਸੱਟੇ ਹੀ ਪਏ ਰੱਫੜ ਦੀ ਨਿਸ਼ਾਨਦੇਹੀ ਕਰਨ ਦਾ ਯਤਨ ਵੀ ਕੀਤਾ ਹੈ। -ਸੰਪਾਦਕ

ਪੀæਐਸ਼ਯੂæ ਅਤੇ ਪੰਜਾਬ ਦੀ ਨਕਸਲੀ ਲਹਿਰ-5
ਗੁਰਦਿਆਲ ਸਿੰਘ ਬੱਲ
ਫੋਨ: 91-98150-85277
ਕੁਝ ਸੱਜਣਾਂ ਦਾ ਕਹਿਣਾ ਹੈ ਕਿ ਪਿਛਲੀਆਂ ਕਿਸ਼ਤਾਂ ਵਿਚ 1968 ਦੇ ਵਿਦਿਆਰਥੀ ਅੰਦੋਲਨ ਅਤੇ ਉਸ ਨਾਲ ਜੁੜੇ ਨੇਤਾਵਾਂ ਦੇ ਆਦਰਸ਼ਾਂ/ਆਸ਼ਿਆਂ ਬਾਰੇ ਤਾਂ ਦੱਸ ਦਿੱਤਾ ਗਿਆ; ਲੋੜ ਇਹ ਦੱਸਣ ਦੀ ਵੀ ਹੈ ਕਿ ਉਸ ਅੰਦੋਲਨ ਦੀ ਲਹਿਤ, ਯਾਨਿ ਸਾਲ 1969 ‘ਚ ਅਜਿਹੀ ਸੋਚ ਵਾਲੇ ਲੋਕਾਂ ਨੇ ਕੀ ਕੀਤਾ ਅਤੇ ਅੱਗਿਓਂ ਪੰਜਾਬ ਵਿਚ ਨਕਸਲਵਾਦੀ ਲਹਿਰ ਦਾ ਆਗਾਜ਼ ਕਿੰਜ ਹੋਇਆ।
1960-61 ਵਿਚ ਰੂਸ ਅਤੇ ਚੀਨ ਵਿਚਾਲੇ ਪਾਟਕ ਪੈਣ ਨਾਲ ਦੁਨੀਆਂ ਭਰ ਵਿਚ 1962-64 ਦੇ ਵਰ੍ਹਿਆਂ ਵਿਚ ਰੂਸ ਪੱਖੀ ਅਤੇ ਚੀਨ ਪੱਖੀ ਪਾਰਟੀਆਂ ਬਣਨੀਆਂ ਸ਼ੁਰੂ ਹੋ ਗਈਆਂ ਸਨ। ਚੀਨੀ ਆਗੂ ਮਾਓ ਦੇ ਸਭਿਆਚਾਰਕ ਇਨਕਲਾਬ ਨੇ ਇਸ ਵਰਤਾਰੇ ਨੂੰ ਹੋਰ ਵੀ ਤੇਜ਼ ਕਰ ਦਿੱਤਾ। ਪੀਕਿੰਗ ਰੇਡੀਓ ਨੇ 1965 ਤੋਂ 1970 ਤੱਕ ਪੂਰੇ ਪੰਜ ਸਾਲ ਚੀਨੀ ਸਭਿਆਚਾਰਕ ਇਨਕਲਾਬ ਦਾ ਪ੍ਰਚਾਰ ਸੰਸਾਰ ਦੀ ਲਗਭਗ ਹਰ ਮੁੱਖ ਬੋਲੀ ਵਿਚ ਇਤਨੇ ਜ਼ੋਰ ਸ਼ੋਰ ਨਾਲ ਕੀਤਾ ਕਿ ਇਨਸਾਫਪਸੰਦ ਅਤੇ ਨਾਲ ਹੀ ਸੁਪਨਸਾਜ਼ ਕਿਸਮ ਦੇ ਸਭ ਲੋਕਾਂ ਨੂੰ ਕਮਿਊਨਿਸਟ ਸੰਸਾਰ ਇਨਕਲਾਬ ਬਰੂਹਾਂ ‘ਤੇ ਖੜ੍ਹਾ ਹੀ ਨਜ਼ਰ ਆਉਣ ਲੱਗ ਪਿਆ।
ਭਾਰਤ ਦੀ ਕਮਿਊਨਿਸਟ ਲਹਿਰ ‘ਚ ਕਾਮਰੇਡ ਪੀæਸੀæ ਜੋਸ਼ੀ ਅਤੇ ਕਾਮਰੇਡ ਬੀæਟੀæ ਰੰਧੀਵੇ ਦੀਆਂ ਲਾਈਨਾਂ ਦੇ ਰੂਪ ਵਿਚ ਗਰਮ ਅਤੇ ਨਰਮ ਪੁਜ਼ੀਸ਼ਨਾਂ ਵਿਚ ਵਿਵਾਦ ਤਾਂ ਸ਼ੁਰੂ ਤੋਂ ਹੀ ਚੱਲਿਆ ਆ ਰਿਹਾ ਸੀ; ਫਿਰ ਵੀ ਰੰਧੀਵੇ ਤੋਂ ਬਾਅਦ ਕਾਮਰੇਡ ਅਜੇ ਘੋਸ਼ ਦੀਆਂ ਕੋਸ਼ਿਸ਼ਾਂ ਸਦਕਾ ਖਿੱਚ-ਧੂਹ ਕੇ ਪਾਰਟੀ ਏਕਤਾ 10-12 ਸਾਲਾਂ ਤੱਕ ਬਣੀ ਰਹੀ, ਪਰ 1962-64 ਤੱਕ ਆਉਂਦਿਆਂ-ਆਉਂਦਿਆਂ ਕਾਮਰੇਡਾਂ ਦੇ ਸਬਰ ਦੇ ਕੜ ਟੁੱਟ ਗਏ। ਚੀਨੀ ਕਮਿਊਨਿਸਟ ਪਾਰਟੀ ਦੀ ਭਾਰੂ ਲੀਡਰਸ਼ਿਪ ਵੱਲੋਂ ਰੂਸੀ ਕਮਿਊਨਿਸਟਾਂ ਨੂੰ ਇਨਕਲਾਬੀ ਕਾਜ ਤੋਂ ਭਗੌੜੇ ਸੋਧਵਾਦੀ ਗਰਦਾਨਣ ਤੋਂ ਉਤਸ਼ਾਹਿਤ ਹੋ ਕੇ ਭਾਰਤ ਵਿਚ ਈæਐਮæਐਸ਼ ਨੰਬੂਦਰੀਪਾਦ, ਏæਕੇæ ਗੋਪਾਲਨ ਅਤੇ ਉਨ੍ਹਾਂ ਦੇ ਸਾਥੀਆਂ ਨੇ ਵੀ ਸ਼ੁਰੂ-ਸ਼ੁਰੂ ਵਿਚ, ਸਹਿੰਦੀ-ਸਹਿੰਦੀ ਉਸੇ ਤਰ੍ਹਾਂ ਦੀ ਮੁਹਾਰਨੀ ਪੜ੍ਹਨੀ ਸ਼ੁਰੂ ਕਰ ਦਿੱਤੀ। ਇਨ੍ਹਾਂ ਕਾਮਰੇਡਾਂ ਨੇ ਚੋਣਾਂ ਦਾ ਰਸਤਾ ਤਿਆਗਣ ਦਾ ਫੈਸਲਾ ਤਾਂ ਨਾ ਕੀਤਾ, ਪਰ ਜਗ੍ਹਾ-ਜਗ੍ਹਾ ਕੇਡਰ ਨੂੰ ਇਹ ਪੱਟੀ ਪੜ੍ਹਾਉਣੀ ਸ਼ੁਰੂ ਕਰ ਦਿੱਤੀ ਕਿ ਉਨ੍ਹਾਂ ਨੇ ਅਸੈਂਬਲੀਆਂ ਵਿਚ ਜਾ ਕੇ ਪਾਰਲੀਮਾਨੀ ਜਮਹੂਰੀ ਪ੍ਰਣਾਲੀ ਦਾ ਹੀਜ-ਪਿਆਜ ਨੰਗਾ ਕਰਨਾ ਹੈ ਅਤੇ ਅੰਦਰ ਵੜ ਕੇ ਬਰਜੂਆ ਜਮਹੂਰੀਅਤ ਦੇ ਢੋਲ ਦਾ ਪੋਲ ਸਾਰਾ ਖੋਲ੍ਹ ਦੇਣਾ ਹੈ।
1967 ਵਿਚ ਜਦੋਂ ਚੀਨੀ ਸਭਿਆਚਾਰਕ ਇਨਕਲਾਬ ਦਾ ਪਰਪੰਚ ਸਿਖਰ ‘ਤੇ ਸੀ ਤਾਂ ਭਾਰਤੀ ਰਾਜਨੀਤੀ ਵਿਚ ਵੀ ਜ਼ਬਰਦਸਤ ਨਵਾਂ ਮੋੜ ਆ ਗਿਆ। ਫਰਵਰੀ 1967 ਦੀਆਂ ਆਮ ਚੋਣਾਂ ਵਿਚ ਸਾਲ 1947 ਤੋਂ ਪਿੱਛੋਂ ਨਿਰੰਤਰ ਰਾਜ ਸੱਤਾ ਤੇ ਕਾਬਜ਼ ਚਲੀ ਆ ਰਹੀ ਕਾਂਗਰਸ ਪਾਰਟੀ ਨੂੰ ਤਕੜਾ ਝਟਕਾ ਹੀ ਨਾ ਵੱਜਾ, ਬਲਕਿ ਪੰਜਾਬ ਅਤੇ ਪੱਛਮੀ ਬੰਗਾਲ ਸਮੇਤ 9 ਮੁੱਖ ਰਾਜਾਂ ਵਿਚ ਬਹੁਤੇ ਥਾਂਈਂ ਕਮਿਊਨਿਸਟਾਂ ਦੀ ਸ਼ਮੂਲੀਅਤ ਵਾਲੀਆਂ ਸਾਂਝੇ ਫਰੰਟ ਦੀਆਂ ਸਰਕਾਰਾਂ ਬਣ ਗਈਆਂ। ਪੱਛਮੀ ਬੰਗਾਲ ਵਿਚ ਮਾਰਕਸੀ ਕਮਿਊਨਿਸਟ ਪਾਰਟੀ ਅਸੈਂਬਲੀ ਵਿਚ ਸਭ ਤੋਂ ਵੱਧ ਸੀਟਾਂ ਜਿੱਤ ਗਈ। ਕਾਮਰੇਡ ਜਯੋਤੀ ਬਾਸੂ ਗ੍ਰਹਿ ਮੰਤਰੀ ਬਣੇ ਅਤੇ ਕਾਮਰੇਡ ਹਰੇ ਕ੍ਰਿਸ਼ਨ ਕੋਨਾਰ ਨੂੰ ਖੇਤੀ ਮੰਤਰਾਲਾ ਦਿੱਤਾ ਗਿਆ। ਮਾਓ ਜੇ ਤੁੰਗ ਵਿਚਾਰਧਾਰਾ ਦਾ ਡੰਕਾ ਤਾਂ ਸਾਲ 1962-64 ਤੋਂ ਹੀ ਜਪਾਨ ਤੋਂ ਲੈ ਕੇ ਬਰਾਜ਼ੀਲ ਤੱਕ ਕੁੱਲ ਦੁਨੀਆਂ ਵਿਚ ਵੱਜਾ ਹੋਇਆ ਸੀ; ਕਲਕੱਤੇ ਦੀਆਂ ਯੂਨੀਵਰਸਿਟੀਆਂ ਅਤੇ ਵਿਦਿਆਲੇ ਵੀ ਇਸ ਪ੍ਰਵਚਨ ਦੀ ਜਾਦੂਮਈ ਖਿੱਚ ਦੀ ਗ੍ਰਿਫਤ ਵਿਚ ਆ ਗਏ। ਦਿਨਾਂ ਮਹੀਨਿਆਂ ਵਿਚ ਹੀ ਸੁਨੀਤੀ ਘੋਸ਼, ਸੁਸ਼ੀਤਲ ਰੇਅ ਚੌਧਰੀ ਅਤੇ ਸਰੋਜ ਦੱਤਾ ਵਰਗੇ ਮਾਓ ਪੱਖੀ ਚਿੰਤਕਾਂ ਦਾ ਨਾਂ ਬੱਚੇ-ਬੱਚੇ ਦੀ ਜ਼ੁਬਾਨ ਉਪਰ ਸੀ। ਇਨ੍ਹਾਂ ਬੁੱਧੀਜੀਵੀਆਂ ਤੋਂ ਵੀ ਅਗਾਂਹ ਲੰਘਦਿਆਂ ਮਾਰਕਸਵਾਦੀ ਕਮਿਊਨਿਸਟ ਪਾਰਟੀ ਦੀ ਪੱਛਮੀ ਬੰਗਾਲ ਇਕਾਈ ਦੀ ਅੱਗਿਓਂ ਦਾਰਜੀਲਿੰਗ ਜ਼ਿਲ੍ਹਾ ਯੂਨਿਟ ਦੇ ਆਗੂ ਕਾਮਰੇਡ ਚਾਰੂ ਮਜੂਮਦਾਰ ਦੀ ਪ੍ਰੇਰਨਾ ਹੇਠ ਨਕਸਲਬਾੜੀ ਬਲਾਕ ਦੇ ਦੋ ਜਝਾਰੂ ਸਾਥੀਆਂ ਕਾਮਰੇਡ ਕਾਨੂੰ ਸਨਿਆਲ ਅਤੇ ਕਾਮਰੇਡ ਜੰਗਲ ਸੰਥਾਲ ਨੇ ਸੀæਪੀæਆਈæ (ਐਮæ) ਦੇ ਜਰਾਇਤੀ ਪ੍ਰੋਗਰਾਮ ਨੂੰ ਅਮਲੀ ਰੂਪ ਦੇਣ ਲਈ ਰਵਾਇਤੀ ਹਥਿਆਰਾਂ ਨਾਲ ਲੈਸ ਹੋ ਕੇ ਜੋਤੇਦਾਰਾਂ ਵਿਰੁਧ ਹਥਿਆਰਬੰਦ ਘੋਲ ਦਾ ਬਿਗਲ ਵਜਾ ਦਿੱਤਾ। ਹਰੇ ਕ੍ਰਿਸ਼ਨ ਕੋਨਾਰ ਜਿਨ੍ਹਾਂ ਨੇ ਆਪਣੇ ਜਵਾਨੀ ਦੇ ਦਿਨਾਂ ਵਿਚ ਕਿਸਾਨਾਂ ਦੇ ਅਨੇਕਾਂ ਸੰਘਰਸ਼ਾਂ ਨੂੰ ਅਗਵਾਈ ਦਿੰਦਿਆਂ ਵੱਡੀਆਂ ਦੰਤਕਥਾਵਾਂ ਸਿਰਜੀਆਂ ਹੋਈਆਂ ਸਨ, ਕਾਮਰੇਡਾਂ ਨੂੰ ਜੋਸ਼ ਦੇ ਨਾਲ-ਨਾਲ ਹੋਸ਼ ਤੋਂ ਕੰਮ ਲੈਣ ਦੀ ਸਲਾਹ ਦੇਣ ਲਈ ਖੁਦ ਤੁਰੰਤ ਨਕਸਲਬਾੜੀ ਏਰੀਏ ਵਿਚ ਪਹੁੰਚੇ, ਪਰ ਕਾਮਰੇਡਾਂ ਨੇ ਉਸ ਦੀ ਸਲਾਹ ਮੰਨਣ ਤੋਂ ਸਾਫ ਇਨਕਾਰ ਕਰ ਦਿੱਤਾ। ਚਾਰੂ ਮਜੂਮਦਾਰ ਨੇ ਮਾਰਕਸੀ ਨੇਤਾਵਾਂ ਲਈ ਉਸੇ ਤਰ੍ਹਾਂ ਸੱਪ ਦੇ ਮੂੰਹ ‘ਚ ਕੋਹੜ ਕਿਰਲੀ ਵਾਲੀ ਸਥਿਤੀ ਬਣਾ ਦਿੱਤੀ ਜਿਸ ਤਰ੍ਹਾਂ ਦੀ ਸਥਿਤੀ ਦਾ ਸਾਹਮਣਾ 10-12 ਵਰ੍ਹੇ ਪਿੱਛੋਂ ਜਾ ਕੇ ਖੁਦ ਆਪਣੇ ਹੀ ਸਿਰਜੇ ਪ੍ਰਵਚਨਾਂ ਦੇ ਤਾਰਕਿਕ ਸਿੱਟਿਆਂ ਵਜੋਂ ਪਹਿਲਾਂ ਪੰਜਾਬ ਦੇ ਅਕਾਲੀਆਂ ਨੂੰ ਜਾਂ ਹੋਰ 10 ਕੁ ਸਾਲ ਬਾਅਦ ਪਾਕਿਸਤਾਨ ਦੇ ਹਾਕਮਾਂ ਨੂੰ ਕਰਨਾ ਪਿਆ ਸੀ।
ਸਵਾਲ ਹੈ ਕਿ ਭਾਰਤੀ ਕਮਿਊਨਿਸਟ ਪਾਰਟੀ ਉਤੇ ਸੋਧਵਾਦ ਦਾ ਠੱਪਾ ਲਾ ਕੇ ਡੰਕੇ ਦੀ ਚੋਟ ‘ਤੇ ਮਾਰਕਸੀ ਪਾਰਟੀ ਬਣਾਉਣ ਵਾਲੇ ਨੇਤਾਵਾਂ ਦੇ ‘ਮਾਂ’ ਪਾਰਟੀ ਨਾਲੋਂ ਵਖਰੇਵੇਂ ਕਤਈ ਤੌਰ ‘ਤੇ ਇੰਨੇ ਬੁਨਿਆਦੀ ਨਹੀਂ ਸਨ ਜਿਨ੍ਹਾਂ ਦਾ ਹੱਲ ਪਾਰਟੀ ਦੇ ਅੰਦਰ ਰਹਿ ਕੇ ਨਾ ਕੱਢਿਆ ਜਾ ਸਕਦਾ। ਸਾਨੂੰ ਪਤਾ ਹੈ ਕਿ ਅਕਾਲੀ ਨੇਤਾਵਾਂ ਵਿਚੋਂ ਸ਼ ਪ੍ਰਕਾਸ਼ ਸਿੰਘ ਬਾਦਲ ਅਜਿਹਾ ਆਗੂ ਹੈ ਜਿਸ ਨੇ ਪਿਛਲੀ ਲਗਭਗ ਅੱਧੀ ਸਦੀ ਦੌਰਾਨ ਸਦਾ ਪੰਜਾਬ ਅਤੇ ਖਾਸ ਕਰ ਕੇ ਸਿੱਖ ਭਾਈਚਾਰੇ ਦੇ ਦੁੱਖਾਂ ਲਈ ਕਾਂਗਰਸ ਪਾਰਟੀ ਨੂੰ ਮਹਾਂਦੋਸ਼ੀ ਗਰਦਾਨਿਆ, ਪਰ ਅਜਿਹੀ ਇਕਹਿਰੀ ਸਮਝ ਦੇ ਤਾਰਕਿਕ ਸਿੱਟੇ ਖਾੜਕੂ ਲਹਿਰ ਦੇ ਰੂਪ ਵਿਚ ਜਦੋਂ ਸਾਹਮਣੇ ਆਉਣ ਲੱਗੇ ਤਾਂ ਸ਼ ਬਾਦਲ ਦੀ ਜੋ ਹਾਲਤ ਲੰਮੇ ਸਮੇਂ ਤੱਕ ਬਣੀ ਰਹੀ, ਉਹ ਸਾਰੇ ਜੱਗ ਜਹਾਨ ਨੂੰ ਪਤਾ ਹੈ। ਉਹ ਪੂਰਾ ਡੇਢ ਦਹਾਕਾ ਘਰ ਬੈਠੇ ਖਾਮੋਸ਼ ਸਾਰਾ ਕੁਝ ਤੱਕਦੇ ਰਹੇ। ਕਈ ਬਾਦਲ ਪੱਖੀ ਅਕਾਲੀ ਆਗੂ ਅੱਜ ਤੱਕ ਅੰਦਰੇ ਅੰਦਰ ਇਹ ਗੱਲ ਕਹਿੰਦੇ ਆ ਰਹੇ ਹਨ ਕਿ ਬਾਦਲ ਨੂੰ ਰਾਜਨੀਤੀ ਵਿਚ ਦੂਜੀ ਸਿਆਸੀ ਜ਼ਿੰਦਗੀ ਅਸਲ ਵਿਚ ਸ਼ ਬੇਅੰਤ ਸਿੰਘ ਅਤੇ ਕੇæਪੀæਐਸ਼ ਗਿੱਲ ਨੇ ਦਿਵਾਈ ਸੀ।
ਨਕਸਲਬਾੜੀ ਹਥਿਆਰਬੰਦ ਘੋਲ ‘ਚ ਮਾਅਰਕੇਬਾਜ਼ੀ ਸੀ ਜਾਂ ਨਹੀਂ, ਇਹ ਗੱਲ ਲੰਮੀ ਹੈ। ਉਦੋਂ ਹਰੇ ਕ੍ਰਿਸ਼ਨ ਕੋਨਾਰ ਦੀ ਹਾਲਤ ਜੰਗਲ ਸੰਥਾਲ ਨੇ ਭਿੱਜੀ ਬਿੱਲੀ ਵਰਗੀ ਕਿਵੇਂ ਬਣਾ ਦਿੱਤੀ ਸੀ, ਜੇ ਕੋਈ ਜਾਨਣਾ ਚਾਹੁੰਦਾ ਹੈ ਤਾਂ ਉਹ ਭਾਰਤੀ ਖੁਫੀਆ ਏਜੰਸੀ ਆਈæਬੀæ ਦੇ ਜਾਇੰਟ ਡਾਇਰੈਕਟਰ ਮਲੋਏ ਕ੍ਰਿਸ਼ਨ ਧਰ ਦੀ ‘ਓਪਨ ਸੀਕਰਟਸ’ ਨਾਂ ਦੀ ਕਿਤਾਬ ਦੇ 60 ਤੋਂ ਲੈ 75 ਤੱਕ ਪੰਨੇ ਜ਼ਰੂਰ ਪੜ੍ਹੇ। ਵਕਤ ਦੇ ਸਮਾਜਕ ਨਿਜ਼ਾਮ ਵਿਰੁਧ ਨਕਸਲੀ ਚਿੰਤਕਾਂ ਅਤੇ ਲੜਾਕੂਆਂ ਦੇ ਸਾਰੇ ਇਤਰਾਜ਼ ਠੀਕ ਸਨ, ਧਰ ਖੁਦ ਵੀ ਇਸ ਗੱਲ ਨਾਲ ਸਹਿਮਤ ਹੈ ਪਰ ਲੋਕਾਂ ਨੂੰ ਨਾਲ ਲਏ ਬਗੈਰ ਜਿਸ ਗਲਤ ਮੌਕੇ ਅਤੇ ਹਿੰਸਕ ਅੰਦਾਜ਼ ਵਿਚ ਉਨ੍ਹਾਂ ਨੇ ਨਿਜ਼ਾਮ ਵਿਰੁਧ ਖੰਡਾ ਖਿੱਚਿਆ, ਉਹ ਨਿਸਚੇ ਹੀ ਸਹੀ ਨਹੀਂ ਸੀ।
ਮਲੋਏ ਕ੍ਰਿਸ਼ਨ ਧਰ ਆਈæਪੀæਐਸ਼ ਕਰਕੇ ਅਜੇ ਕੁਝ ਸਮਾਂ ਪਹਿਲਾਂ ਹੀ ਨਕਸਲਬਾੜੀ ਥਾਣੇ ਵਿਚ ਟਰੇਨੀ ਐਸ਼ਪੀæ ਲੱਗਿਆ ਸੀ। ਜੰਗਲ ਸੰਥਾਲ ਦੀ ਅਗਵਾਈ ਹੇਠ ਉਸ ਦੇ ਕੁਝ ਪੈਰੋਕਾਰ ਕਿਸੇ ਲੋਕਲ ਜੋਤੇਦਾਰ ਦੇ ਘਰ ਨੂੰ ਜਦੋਂ ਅੱਗ ਲਾ ਰਹੇ ਸਨ ਤਾਂ ਉਨ੍ਹਾਂ ਦੀ ਟੱਕਰ ਧਰ ਦੀ ਅਗਵਾਈ ਹੇਠਲੀ ਪੁਲਿਸ ਟੁਕੜੀ ਨਾਲ ਪੈ ਗਈ। ਉਹ ਆਪਣੀ ਕਿਤਾਬ ਵਿਚ ਦੱਸਦਾ ਹੈ ਕਿ ਉਸ ਨੇ ਕਾਮਰੇਡਾਂ ਨੂੰ ਸ਼ਾਂਤ ਕਰਨ ਲਈ ਹਰ ਅਪੀਲ ਅਤੇ ਦਲੀਲ ਵਰਤਣ ਦੀ ਕੋਸ਼ਿਸ਼ ਕੀਤੀ ਪਰ ਗੱਲ ਬਣੀ ਨਾ। ਸਵੈ-ਰੱਖਿਆ ਲਈ ਗੋਲੀ ਚਲਾਉਣ ਦੀ ਨੌਬਤ ਆ ਗਈ। ਕੁਝ ਬੰਦੇ ਜ਼ਖ਼ਮੀ ਹੋ ਗਏ। ਦੁਨੀਆਂ ਭਰ ਵਿਚ ਕੁਹਰਾਮ ਮੱਚ ਗਿਆ। ਕਾਮਰੇਡ ਜੋਤੀ ਬਾਸੂ ਅਤੇ ਹਰੇ ਕ੍ਰਿਸ਼ਨ ਕੋਨਾਰ ਦੀ ਤੋਏ-ਤੋਏ ਹੋ ਗਈ। ਰਹਿੰਦੀ ਕਸਰ ਪੀਕਿੰਗ ਰੇਡੀਓ ਨੇ ਪੂਰੀ ਕਰ ਦਿੱਤੀ। ਉਧਰ ਤੈਸ਼ ‘ਚ ਆ ਕੇ ਹਰੇ ਕ੍ਰਿਸ਼ਨ ਕੋਨਾਰ ਨੇ ਅਗਲੇ ਦਿਨ ਹੀ ਧਰ ਨੂੰ ਤਲਬ ਕਰ ਲਿਆ। ਧਰ ਸਟੈਂਡ ਲੈ ਗਿਆ। ਨੌਜਵਾਨ ਅਫਸਰ ਨੂੰ ਰਾਜਨੀਤੀ ਦੀਆਂ ਗੁੰਝਲਾਂ ਅਤੇ ਕਾਮਰੇਡ ਕੋਨਾਰ ਦੀਆਂ ਮਜਬੂਰੀਆਂ ਦੀ ਭੋਰਾ ਸਮਝ ਨਹੀਂ ਸੀ। ਉਲਟਾ ਉਹ ਬੜੇ ਫਖ਼ਰ ਨਾਲ ਆਪਣੀ ਪੁਸਤਕ ਵਿਚ ਦੱਸਦਾ ਹੈ ਕਿ ਹਰੇ ਕ੍ਰਿਸ਼ਨ ਕੋਨਾਰ ਵਿਚ ਤਾਂ ਉਸ ਨੂੰ ਸਿਆਸਤਦਾਨਾਂ ਦੇ ਦੋਗਲੇਪਣ ਦਾ ਟਰੇਲਰ ਹੀ ਨਜ਼ਰ ਆਇਆ ਸੀ; ਪਰ ਰਾਜਨੀਤਕ ਬੇ-ਅਸੂਲੇਪਣ ਦੀ ‘ਫੀਚਰ ਫਿਲਮ’ ਤਾਂ ਉਦੋਂ ਦੇਖੀ ਜਦੋਂ ਕੇਂਦਰ ਜਾਂ ਆਈæਬੀæ ਵਿਚ ਜਾ ਕੇ ਉਸ ਨੂੰ ਗਿਆਨੀ ਜ਼ੈਲ ਸਿੰਘ ਅਤੇ ਬੂਟਾ ਸਿੰਘ ਵਰਗੇ ਸਿਆਸੀ ਬਦਮਾਸ਼ਾਂ ਨਾਲ ਮੜਿੱਕਣਾ ਪੈਣਾ ਸੀ। ਧਰ ਨੂੰ ਉਸੇ ਵਕਤ ਬੰਗਾਲ ਪੁਲਿਸ ਵਿਚੋਂ ਕੱਢ ਕੇ ਆਈæਬੀæ ਵਿਚ ਧੱਕ ਦਿੱਤਾ ਗਿਆ ਪਰ ਜੋ ਭਾਣਾ ਵਾਪਰਨਾ ਸੀ, ਉਹ ਵਾਪਰ ਗਿਆ। ਨਕਸਲਬਾੜੀ ਦੀਆਂ ਘਟਨਾਵਾਂ ਨਾਲ ਜਯੋਤੀ ਬਾਸੂ, ਈæਐਮæਐਸ਼ ਨੰਬੂਦਰੀਪਾਦ ਅਤੇ ਪੀæ ਸੁੰਦਰਈਆ ਵਰਗੇ ਦਿਓਕੱਦ ਕਮਿਊਨਿਸਟ ਨੇਤਾਵਾਂ ਦਾ ਵੱਕਾਰ ਮਿੱਟੀ ਵਿਚ ਮਿਲ ਗਿਆ। ਸਾਰੇ ਪਾਸੇ ਇਕੋ ਦੁਹਾਈ ਮੱਚ ਗਈ ਕਿ ਕਾਮਰੇਡਾਂ ਨੇ ਆਪਣੇ ਹੀ ਬੰਦੇ ਮਾਰ ਦਿੱਤੇ; ਕਾਮਰੇਡਾਂ ਦੀ ਸਰਕਾਰ ਨੇ ਨਕਸਲਬਾੜੀ ਕਿਸਾਨ ਘੋਲਾਂ ਨੂੰ ਕੁਚਲ ਦਿੱਤਾ। ਜੰਗਲ ਸੰਥਾਲ ਅਤੇ ਮਲੋਏ ਕ੍ਰਿਸ਼ਨ ਧਰ ਆਪੋ ਆਪਣੀ ਕਿਸਮ ਦੇ ਆਦਰਸ਼ਵਾਦੀ ਸਨ; ਉਨ੍ਹਾਂ ਦੀ ਟੱਕਰ ‘ਅਸੂਲੀ’ ਸੀ; ਪਰ ਇਸ ਨੇ ਅੱਗਿਓਂ ਨਕਸਲਬਾੜੀ ਘੋਲ ਦੀ ਅਜਿਹੀ ਮਹਾਨ ਦੰਤਕਥਾ ਸਿਰਜੀ ਜਿਸ ਨੂੰ ਅਮਲੀ ਰੂਪ ਵਿਚ ਅੰਜ਼ਾਮ ਦੇਣ ਲਈ ਅੱਗੇ ਜਾ ਕੇ ਸ਼ਮਸ਼ੇਰ ਸਿੰਘ ਸ਼ੇਰੀ, ਬਾਬਾ ਬੂਝਾ ਸਿੰਘ ਅਤੇ ਦੇਸ਼ ਭਰ ਵਿਚ ਹੋਰ ਕਿਤਨੇ ਹੀ ਲੋਕਾਂ ਨੇ ਆਪਣੀਆਂ ਕੀਮਤੀ ਜਿੰਦਾਂ ਲਾ ਦਿੱਤੀਆਂ ਸਨ।
ਹੋਇਆ ਇਹ ਕਿ ਜੰਗਲ ਸੰਥਾਲ ਅਤੇ ਮਲੋਏ ਕ੍ਰਿਸ਼ਨ ਧਰ ਦੋਵੇਂ ਮਿਲ ਕੇ ਅੰਤ ਜਯੋਤੀ ਬਾਸੂ ਅਤੇ ਹਰੇ ਕ੍ਰਿਸ਼ਨ ਕੋਨਾਰ ਦੀ ਸ਼ਮੂਲੀਅਤ ਵਾਲੀ ਖੱਬੇ ਪੱਖੀ ਮੋਰਚੇ ਦੀ ਸਰਕਾਰ ਨੂੰ ਲੱਕੋਂ ਲੈ ਗਏ।
ਮਾਰਕਸੀ ਪਾਰਟੀ ਦੀ ਪੋਲਿਟ ਬਿਊਰੋ ਨੇ ਆਪਣੇ ਸੀਨੀਅਰ ਕਾਰਕੁਨਾਂ ਨੂੰ ਸਥਿਤੀ ਦੇ ਅਸਲ ਦਵੰਧ ਨੂੰ ਸਮਝਾਉਣ ਲਈ 1967 ਦੇ ਅਖੀਰੀ ਮਹੀਨਿਆਂ ਵਿਚ ਨਵੀਂ ਦਿੱਲੀ ਵਿਖੇ ਪਾਰਟੀ ਸਕੂਲ ਲਾਇਆ। ਪ੍ਰੋæ ਹਰਭਜਨ ਸੋਹੀ 1967 ਵਿਚ ਕਈ ਮਹੀਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਚ ਰਿਹਾ। ਦਰਸ਼ਨ ਬਾਗੀ, ਪ੍ਰੋæ ਭੁਪਿੰਦਰ ਸਿੰਘ, ਡਾæ ਪਿਆਰੇ ਮੋਹਨ, ਰਜਿੰਦਰ ਸਿੰਘ ਢੀਂਡਸਾ, ਠਾਣਾ ਸਿੰਘ, ਰਾਮਪੁਰਾ ਫੂਲ ਵਾਲਾ ਮਾਸਟਰ ਮੇਘ, ਸਾਰੇ ਪਹਿਲਾਂ ਹੀ ਕੈਂਪਸ ਵਿਚ ਮੌਜੂਦ ਸਨ ਅਤੇ ਮਾਓ ਵਿਚਾਰਧਾਰਾ ਦਾ ਗਹਿਨ ਅਧਿਐਨ ਕਰ ਰਹੇ ਸਨ। ਨਕਸਲਬਾੜੀ ਦੀਆਂ ਘਟਨਾਵਾਂ ਵੱਲ ਸਭਨਾਂ ਦੀਆਂ ਨਜ਼ਰਾਂ ਸਨ। ਜ਼ਾਹਿਰ ਹੈ ਕਿ ਇਨ੍ਹਾਂ ਸਾਰਿਆਂ ਦੀ ਹੀ ਹਮਦਰਦੀ ਉਨ੍ਹੀਂ ਦਿਨੀਂ ਜੰਗਲ ਸੰਥਾਲ ਨਾਲ ਸੀ। ਪੰਜਾਬ ਵਿਚ ਨਕਸਲੀ ਪਾਰਟੀ ਦੀ ਇਕਾਈ ਦਾ ਪਹਿਲਾ ਸੈਕਟਰੀ ਕਾਮਰੇਡ ਦਇਆ ਸਿੰਘ ਪ੍ਰੋæ ਹਰਭਜਨ ਸੋਹੀ ਦੀ ਪ੍ਰੇਰਨਾ ਸਦਕਾ ਹੀ ਇਸ ਪਾਸੇ ਆਇਆ ਸੀ। ਦਇਆ ਸਿੰਘ ਦਾ ਉਨ੍ਹਾਂ ਵਰ੍ਹਿਆਂ ਦਾ ਸਭ ਤੋਂ ਨੇੜਲਾ ਸਾਥੀ ਤਰਲੋਚਨ ਗਰੇਵਾਲ ਵੀ ਪ੍ਰੋæ ਹਰਭਜਨ ਸੋਹੀ ਦੀ ਪੜ੍ਹਤ, ਰਾਜਸੀ ਸੂਝ ਅਤੇ ਮਿਕਨਾਤੀਸੀ ਸ਼ਖਸੀਅਤ ਤੋਂ ਬੇਹੱਦ ਪ੍ਰਭਾਵਿਤ ਸੀ।
ਪ੍ਰਿੰæ ਅਮਰਜੀਤ ਸਿੰਘ ਪਰਾਗ ਦੇ ਦੱਸਣ ਅਨੁਸਾਰ ਪ੍ਰੋæ ਹਰਭਜਨ ਸੋਹੀ ਉਦੋਂ ਯੂਨੀਵਰਸਿਟੀ ਵਿਚ ਆਇਆ ਤਾਂ ਆਪਣੇ ਮਿੱਤਰ ਮਾਸਟਰ ਮੇਘ ਨੂੰ ਮਿਲਣ ਸੀ, ਪਰ ਪਹਿਲੀ ਹੀ ਮੁਲਾਕਾਤ ‘ਚ ਪਤਾ ਨਹੀਂ ਕਿੰਜ ਗੂੜ੍ਹੀ ਯਾਰੀ ਪਈ ਕਿ ਅਗਲੇ ਦੋ ਮਹੀਨੇ ਫਿਰ ਉਹ ਉਨ੍ਹਾਂ ਦੇ ਕਮਰੇ ਵਿਚ ਬੈਠਾ ਮਾਓ ਵਿਚਾਰਧਾਰਾ ਬਾਰੇ ਆਪਣਾ ਸਕੂਲ ਲਗਾਉਂਦਾ ਰਿਹਾ ਸੀ। ਉਸ ਨੂੰ ਉਨ੍ਹੀਂ ਦਿਨੀਂ ਕਮਲਾ ਨਹਿਰੂ ਕਾਲਜ ਮਾਨਸਾ ਵਿਚ ਲੈਕਚਰਾਰ ਦੀ ਨੌਕਰੀ ਮਿਲ ਗਈ ਸੀ, ਪਰ ਉਸ ਨੇ ਗੌਲੀ ਹੀ ਨਹੀਂ ਸੀ ਅਤੇ ਸ਼ਾਇਦ ਉਥੋਂ ਹੀ ਕੁਝ ਸਮਾਂ ਬਠਿੰਡੇ ਰਹਿ ਕੇ ਕਾਮਰੇਡ ਹਾਕਮ ਸਿੰਘ ਸਮਾਓਂ ਨਾਲ ਉਹ ਨਵੀਂ ਦਿੱਲੀ ਵਾਲੇ ਇਤਿਹਾਸਕ ਪਾਰਟੀ ਸਕੂਲ ਵਿਚ ਹਿੱਸਾ ਲੈਣ ਲਈ ਚਲਿਆ ਗਿਆ ਸੀ। ਹਾਕਮ ਦੇ ਦੱਸਣ ਅਨੁਸਾਰ ਸਕੂਲ ਦੇ ਆਖਰੀ ਦਿਨ, ਰਾਤ ਨੂੰ ਉਹ ਉਸ ਨੂੰ ਨਾਲ ਲੈ ਕੇ ਮੱਲੋ-ਮੱਲੀ ਮਾਰਕਸੀ ਪਾਰਟੀ ਦੇ ਉਸ ਸਮੇਂ ਦੇ ਜਨਰਲ ਸੈਕਟਰੀ ਪੀæ ਸੁੰਦਰਈਆ ਦੇ ਕਮਰੇ ਵਿਚ ਚਲਿਆ ਗਿਆ। ਪ੍ਰੋæ ਹਰਭਜਨ ਸੋਹੀ ਨੇ ਜਾਂਦਿਆਂ ਹੀ ਸੁੰਦਰਈਆ ਦੀ ਗੱਲ ਸੁਣਨ ਦੀ ਬਜਾਏ ਉਨ੍ਹਾਂ ਉਪਰ ਆਪਣੇ ਸ਼ੰਕਿਆਂ ਅਤੇ ਸਵਾਲਾਂ ਦੀ ਝੜੀ ਲਗਾ ਦਿੱਤੀ। ਸੁੰਦਰਈਆ ਲਈ ਉਹ ਸਵਾਲ ਨਵੇਂ ਨਹੀਂ ਸੀ। ਆਂਧਰਾ ਪ੍ਰਦੇਸ਼ ਸੂਬਾਈ ਕਮੇਟੀ ਵਿਚ ਨਾਗੀ ਰੈਡੀ, ਪੂਲਾ ਰੈਡੀ ਅਤੇ ਡੀæਵੀæ ਰਾਓ ਆਦਿ ਆਪਣੇ ਸਾਥੀਆਂ ਤੋਂ ਇਨ੍ਹਾਂ ਹੀ ਸਵਾਲਾਂ ਦਾ ਸਾਹਮਣਾ ਉਨ੍ਹਾਂ ਨੂੰ ਪਿਛਲੇ ਕਈ ਮਹੀਨਿਆਂ ਤੋਂ ਕਰਨਾ ਪੈ ਰਿਹਾ ਸੀ। ਸੁੰਦਰਈਆ ਬੜੇ ਠੰਢੇ ਸੁਭਾਅ ਵਾਲੇ ਸਨ। ਕਾਫੀ ਸਮਾਂ ਉਹ ਸ਼ਾਂਤ ਰਹੇ ਵੀ, ਪਰ ਅਖੀਰ ਉਹ ਭੜਕ ਉਠੇ ਅਤੇ ਉਨ੍ਹਾਂ ਨੇ ਪੰਜਾਬ ਵਾਲੇ ਪਾਰਟੀ ਦੇ ਸੀਨੀਅਰ ਨੇਤਾਵਾਂ ਨੂੰ ਬੁਲਾ ਕੇ ਉਸੇ ਵਕਤ ਉਸੇ ਰਾਤ ਹਰਭਜਨ ਸੋਹੀ, ਹਾਕਮ ਸਮਾਓਂ ਅਤੇ ਬੰਤ ਰਾਅਪੁਰ ਸਮੇਤ ਬਠਿੰਡਾ ਕਮੇਟੀ ਵਿਚਲੇ ਚਾਰ ਮੈਂਬਰਾਂ ਨੂੰ ਪਾਰਟੀ ‘ਚੋਂ ਕੱਢਣ ਅਤੇ ਅਖਬਾਰਾਂ ਵਿਚ ਬਿਆਨ ਦੇ ਦੇਣ ਲਈ ਆਖ ਦਿੱਤਾ।
ਅਗਲੇ ਦਿਨ ਸਵੇਰੇ ਉਨ੍ਹਾਂ ਨੂੰ ਅਖਬਾਰ ਤੋਂ ਸੁੰਦਰਈਆ ਨਾਲ ਪ੍ਰੋæ ਸੋਹੀ ਵੱਲੋਂ ਕੀਤੇ ਤਕਰਾਰ ਦੇ ਅੰਜ਼ਾਮ ਦਾ ਪਤਾ ਲੱਗ ਗਿਆ। ਹਾਕਮ ਸਮਾਓਂ ਅਨੁਸਾਰ ਸੋਹੀ ਦੀ ਕਾਹਲੀ ਦਾ ਨੁਕਸਾਨ ਇਹ ਹੋਇਆ ਕਿ ਅਜੇ ਕੁਝ ਮਹੀਨੇ ਹੋਰ ਪਾਰਟੀ ਨੇ ਅੰਦਰ ਰਹਿ ਕੇ ਅੰਤਰ-ਪਾਰਟੀ ਘੋਲ ਚਲਾਉਣ ਦੀਆਂ ਉਨ੍ਹਾਂ ਦੀਆਂ ਆਸਾਂ ‘ਤੇ ਪਾਣੀ ਫਿਰ ਗਿਆ, ਪਰ ਨਾਲ ਇਹ ਫਾਇਦਾ ਵੀ ਹੋਇਆ ਕਿ ਉਸੇ ਅਖਬਾਰੀ ‘ਸੂਚਨਾ’ ਨਾਲ ਹੁਸ਼ਿਆਰਪੁਰ ਤੋਂ ਮਾਸਟਰ ਬਚਿੱਤਰ ਸਿੰਘ, ਰੋਪੜ ਤੋਂ ਦਇਆ ਸਿੰਘ, ਖੇੜੀ ਸਲਾਬਤਪੁਰ ਵਾਲੇ ਮਾਸਟਰ ਹਰਦੇਵ ਅਤੇ ਦੀਦਾਰ ਸਿੰਘ, ਲੁਧਿਆਣਾ ਤੋਂ ਬਾਬੂ ਰਾਮ ਬੈਰਾਗੀ, ਅਮਰ ਅਚਰਵਾਲ ਤੇ ਲਾਲ ਸਿੰਘ ਕਾਲਸਾਂ, ਸੰਗਰੂਰ ਤੋਂ ਜਗਜੀਤ ਸਿੰਘ ਸੋਹਲ ਤੇ ਅਭੈ ਰਾਮ ਸ਼ਾਸਤਰੀ, ਗੁਰਦਾਸਪੁਰ ਤੋਂ ਪਿਆਰਾ ਸਿੰਘ ਅਤੇ ਇਨਕਲਾਬ ਲਈ ਕਾਹਲੇ ਪਏ ਵਿਚਾਰਾਂ ਦੀ ਸਾਂਝ ਵਾਲੇ ਹੋਰ ਬਥੇਰੇ ਸਾਥੀ ਉਨ੍ਹਾਂ ਨਾਲ ਸੰਪਰਕ ਕਰਨ ਲਈ ਸਰਗਰਮ ਹੋ ਗਏ। ਪੰਜਾਬ ਯੂਨੀਵਰਸਿਟੀ ਵਿਚ ਪੀæਐਸ਼ਯੂæ ਵਾਲਾ ਦਰਸ਼ਨ ਬਾਗੀ, ਸ਼ਮਸ਼ੇਰ ਸ਼ੇਰੀ ਤੇ ਸੁਰਿੰਦਰ ਸਿੰਘ ਚਾਹਿਲ ਪਹਿਲਾਂ ਹੀ ਪ੍ਰੋæ ਸੋਹੀ ਦੇ ਸੰਪਰਕ ਵਿਚ ਸਨ ਅਤੇ ਮਾਓ ਵਿਚਾਰਧਾਰਾ ਦੀ ਸਾਰਥਿਕਤਾ ਬਾਰੇ ਉਸ ਦੀ ਸਮਝ ਦੇ ਕਾਇਲ ਸਨ। ਨਵੀਂ ਦਿੱਲੀ ਵਾਲੇ ਸਕੂਲ ਤੋਂ ਬਾਅਦ ਪ੍ਰੋæ ਸੋਹੀ, ਬਾਬੂ ਰਾਮ ਬੈਰਾਗੀ, ਦਇਆ ਸਿੰਘ ਅਤੇ ਕੁਝ ਹੋਰ ਸਾਥੀਆਂ ਨੇ ਪਹਿਲੀਆਂ ਮੀਟਿੰਗਾਂ ਤਾਂ ਹਾਕਮ ਸਿੰਘ ਸਮਾਓਂ ਦੇ ਘਰੇ ਹੀ ਕੀਤੀਆਂ ਅਤੇ ਜਲਦੀ ਹੀ ਬਾਅਦ ਉਨ੍ਹਾਂ ਨੇ ਪੰਡਤ ਹਰਦੇਵ ਭਗਤੂਆਣਾ ਦੀ ਜੈਤੋ ਨੇੜੇ ਰਿਹਾਇਸ਼ ‘ਤੇ ਇਕੱਠੇ ਹੋ ਕੇ ਮਾਰਕਸੀ ਪਾਰਟੀ ਵਿਚ ਮਾਓ ਵਿਚਾਰਧਾਰਾ ਦੇ ਸਮਰਥਕ ਇਨਕਲਾਬੀ ਕਾਮਰੇਡਾਂ ਦੀ ਪੰਜਾਬ ਤਾਲਮੇਲ ਕਮੇਟੀ ਬਣਾ ਲਈ।
ਵੱਖ-ਵੱਖ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਾਹਲ ਵਿਚ ਕੀਤੇ ਇਸ ‘ਇਤਿਹਾਸਕ ਇਕੱਠ’ ਵਿਚ ਇਕ ਨਹੀਂ, ਬਲਕਿ ਦੋ ਮਾੜੀਆਂ ਗੱਲਾਂ ਵਾਪਰ ਗਈਆਂ। ਪਹਿਲੀ ਗੱਲ ਤਾਂ ਪੂਰਵ ਮਿਥੀ ਯੋਜਨਾ ਅਨੁਸਾਰ ਇਹ ਇਕੱਠ ਹਾਕਮ ਸਮਾਓਂ ਦੇ ਅੱਡੇ ‘ਤੇ ਹੋਣਾ ਸੀ। ਹਰਭਜਨ ਸੋਹੀ ਨੇ ਲੀਡਰਸ਼ਿਪ ਵਿਚ ਉਸ ਦਾ ਰਾਹ ਰੋਕਣ ਲਈ, ਖੜ੍ਹੇ ਪੈਰ ਇਕੱਤਰਤਾ ਦੀ ਥਾਂ ਬਦਲੀ ਪੰਡਤ ਹਰਦੇਵ ਭਗਤੂਆਣਾ ਦੀ ਰਿਹਾਇਸ਼ ‘ਤੇ ਕਰਵਾ ਲਈ ਅਤੇ ਹਾਕਮ ਨੂੰ ਛੱਡ ਕੇ ਖੁਦ ਆਪਣੇ ਆਪ ਨੂੰ, ਤੇ ਰਾਅਪੁਰ ਵਾਲੇ ਬੰਤ ਨੂੰ ਬਠਿੰਡੇ ਜ਼ਿਲ੍ਹੇ ਤੋਂ ਇਨਕਲਾਬੀਆਂ ਦੀ ਤਾਲਮੇਲ ਕਮੇਟੀ ਲਈ ਡੈਲੀਗੇਟ ਬਣਵਾ ਲਿਆ। ਦੂਜੀ ਇਸੇ ਤਰ੍ਹਾਂ ਦੀ ਕਹਾਣੀ ਦਇਆ ਸਿੰਘ ਕੋਲੋਂ ਹੋ ਗਈ। ਉਸ ਦਾ ਦਾਅਵਾ ਸੀ ਕਿ ਰੋਪੜ ਤੋਂ ਉਹ ਖੁਦ ਅਤੇ ਉਸ ਦੇ ਨਾਲ ਰੋਪੜ ਜ਼ਿਲ੍ਹੇ ਦਾ ਉਨ੍ਹੀਂ ਦਿਨੀਂ ਸਭ ਤੋਂ ਪਰਪੱਕ ਅਤੇ ਸਿਆਣਾ ਸਮਝਿਆ ਜਾਂਦਾ ਕਾਮਰੇਡ ਗੁਰਬਖਸ਼ ਸਿੰਘ ਡਕੋਟਾ ਡੈਲੀਗੇਟ ਸਨ, ਪਰ ਕਾਮਰੇਡ ਡਕੋਟਾ ਨੂੰ ਅਚਾਨਕ ਕੋਈ ਕੰਮ ਪੈ ਜਾਣ ਕਾਰਨ ਮੀਟਿੰਗ ਵਿਚ ਨਾ ਆ ਸਕੇ। ਸੋਹੀ ਖੁਦ ਤਾਲਮੇਲ ਕਮੇਟੀ ਦਾ ਕਨਵੀਨਰ ਬਣਨ ਲਈ ਉਤਸੁਕ ਸੀ। ਇਸੇ ਲਈ ਉਸ ਨੇ ਸਾਰਾ ਤਰੱਦਦ ਕੀਤਾ ਸੀ ਪਰ ਮੀਟਿੰਗ ਵਿਚ ਬਾਬੂ ਰਾਮ ਬੈਰਾਗੀ ਨੇ ਹਾਕਮ ਸਿੰਘ ਵਰਗੇ ਅਹਿਮ ਸਮਝੇ ਜਾਂਦੇ ਸਾਥੀ ਨੂੰ ਡੈਲੀਗੇਟ ਨਾ ਬਣਾਏ ਜਾਣ ‘ਤੇ ਜ਼ਬਰਦਸਤ ਹੰਗਾਮਾ ਖੜ੍ਹਾ ਕਰ ਦਿੱਤਾ। ਚਾਹੇ ਅਣਚਾਹੇ ਹਾਲਾਤ ਅਜਿਹੀ ਕਰਵਟ ਲੈ ਗਏ ਕਿ ਮੀਟਿੰਗ ਆਪਣੇ ਮਿੱਤਰ ਪਿਆਰੇ ਕਾਮਰੇਡ ਪੰਡਿਤ ਹਰਦੇਵ ਦੇ ਠਿਕਾਣੇ ‘ਤੇ ਹੋਣ, ਤੇ ਉਸ ਦਾ ਪੂਰਾ ਥਾਪੜਾ ਹੋਣ ਦੇ ਬਾਵਜੂਦ ਸੋਹੀ ਆਪਣੇ ਮਨਸੂਬੇ ਵਿਚ ਸਫਲ ਨਾ ਹੋ ਸਕਿਆ। ਇਸ ਖਿਲਾਅ ਵਿਚ ਇਨਕਲਾਬੀਆਂ ਦੀ ਤਾਲਮੇਲ ਕਮੇਟੀ ਦੀ ਕਨਵੀਨਰੀ ਲਈ ਨੌਗਾ ਗੁਰਬਖਸ਼ ਸਿੰਘ ਡਕੋਟਾ ਦੇ ਪੱਖ ਵਿਚ ਪੈ ਗਿਆ। ਦਇਆ ਸਿੰਘ ਨੇ ਇਹ ਜ਼ਿੰਮੇਵਾਰੀ ਓਟ ਲਈ ਕਿ ਡਕੋਟਾ ਨੇ ਪਹਿਲੀ ਗੱਲ ਤਾਂ ਸਾਰੇ ਹੱਕ ਉਸ ਨੂੰ ਦੇ ਕੇ ਤੋਰਿਆ ਹੈ, ਫਿਰ ਵੀ ਜੇ ਉਹ ਮਾਂ ਪਾਰਟੀ ਨੂੰ ਇਤਨੀ ਕਾਹਲੀ ਨਾਲ ਛੱਡਣ ਲਈ ਨਾ ਵੀ ਮੰਨੇ ਤਾਂ ਉਹ ਐਡਹਾਕ ਆਧਾਰ ‘ਤੇ ਖੁਦ ਆਪਣਾ ਨਾਂ ਕਨਵੀਨਰ ਵਜੋਂ ਦੇ ਕੇ ਅਖਬਾਰਾਂ ਵਿਚ ਖਬਰ ਭਿਜਵਾ ਦੇਵੇਗਾ।
ਇਸ ਪ੍ਰਕਾਰ ਸਾਲ 1968 ਦੇ ਸ਼ੁਰੂ ਵਿਚ ਮਾਓ ਵਿਚਾਰਧਾਰਾ ਅਨੁਸਾਰ ਹੱਕ-ਸੱਚ ਦਾ ਝੰਡਾ ਝੁਲਾਉਣ; ਮਾਨਵ ਹਸਤੀ ਦੇ ਸਤਿਕਾਰ ਤੇ ਲੁੱਟ-ਖਸੁੱਟ ਤੋਂ ਰਹਿਤ ਸਮਾਜ ਉਸਾਰੀ ਦੇ ਸੁਪਨੇ ਨੂੰ ਅਮਲੀ ਰੂਪ ਵਿਚ ਧਰਤੀ ‘ਤੇ ਉਤਾਰਨ ਅਤੇ ਨਕਸਲਬਾੜੀ ਕਿਸਾਨ ਅੰਦੋਲਨ ਦੇ ਟੀਚਿਆਂ ਨੂੰ ਸਿਰੇ ਚੜ੍ਹਾਉਣ ਲਈ ਜਦੋਜਹਿਦ ਸ਼ੁਰੂ ਕਰਨ ਖਾਤਰ ਪੰਜਾਬ ਵਿਚ ਨਕਸਲੀ ਇਨਕਲਾਬ ਦੀ ਤਾਲਮੇਲ ਕਮੇਟੀ ਹੋਂਦ ਵਿਚ ਆ ਗਈ। ਕਮੇਟੀ ਦੀ ਤਰਫੋਂ 1968 ਦੀ ਵਿਸਾਖੀ ਵਾਲੇ ਦਿਨ ‘ਨਕਸਲਬਾੜੀ ਦਾ ਰਾਹ-ਸਾਡਾ ਰਾਹ’ ਦੇ ਐਲਾਨਨਾਮੇ ਵਾਲਾ ਇਸ਼ਤਿਹਾਰ ਪੰਜਾਬ ਭਰ ਵਿਚ ਸਭ ਪਿੰਡਾਂ ਤੇ ਕਸਬਿਆਂ ਦੀਆਂ ਦੀਵਾਰਾਂ ਉਪਰ ਚਿਪਕਾ ਦਿੱਤਾ ਗਿਆ। ਰਹਿੰਦੀ ਕਸਰ ‘ਪੰਜਾਬ ਕੇਸਰੀ’ ਵਾਲੇ ਲਾਲਾ ਜਗਤ ਨਰਾਇਣ ਨੇ ਆਪਣੀ ਅਖਬਾਰ ਦੇ ਪੂਰੇ ਸਫੇ ਉਪਰ ਇਹ ਇਸ਼ਤਿਹਾਰ ਛਾਪ ਕੇ ਹਾਕਮਾਂ ਨੂੰ ਭਿਆਨਕ ਖਤਰੇ ਤੋਂ ਸਾਵਧਾਨ ਕਰਦਿਆਂ ‘ਭਬੀਖਣ ਵਾਲੀ ਨੀਂਦ ਤੋਂ ਜਾਗਣ’ ਦਾ ਸੱਦਾ ਦੇ ਕੇ ਪੂਰੀ ਕਰ ਦਿੱਤੀ।
ਉਧਰ ਭਗਤੂਆਣਾ ਵਾਲੇ ਇਕੱਠ ਵਿਚ ਹਰਭਜਨ ਸੋਹੀ ਅਤੇ ਦਇਆ ਸਿੰਘ ਨੇ ਜਾਣੇ-ਅਨਜਾਣੇ ਜਿਸ ਕਿਸਮ ਦੀਆਂ ਗੋਟੀਆਂ ਖੇਡੀਆਂ ਸਨ, ਉਨ੍ਹਾਂ ਦਾ ਮਾੜਾ ਸਾਇਆ ਪੰਜਾਬ ਵਿਚ ਅਗਲੇ ਵਰ੍ਹਿਆਂ ਦੀ ਨਕਸਲੀ ਲਹਿਰ ਉਪਰ ਦੇਰ ਤੱਕ ਪੈਂਦਾ ਰਿਹਾ। ਗੁਰਬਖਸ਼ ਸਿੰਘ ਡਕੋਟਾ ਜੋ ਉਨ੍ਹਾਂ ਸਮਿਆਂ ਦੇ ਮਾਰਕਸੀ ਪਾਰਟੀ ਦੇ ਹੋਰ ਬਥੇਰੇ ਮੈਂਬਰਾਂ ਵਾਂਗੂੰ ਨਕਸਲਬਾੜੀ ਅੰਦੋਲਨ ਤੋਂ ਨਿਸ਼ਚੇ ਹੀ ਉਤਸ਼ਾਹਤ ਸਨ, ਪਰ ਉਨ੍ਹਾਂ ਨੇ ‘ਮਾਂ’ ਪਾਰਟੀ ਛੱਡਣੀ ਨਹੀਂ ਸੀ। ਦਇਆ ਸਿੰਘ ਨੇ ‘ਮਜਬੂਰੀਵਸ’ ਇਨਕਲਾਬੀਆਂ ਦੀ ਤਾਲਮੇਲ ਕਮੇਟੀ ਦੀ ਸਥਾਪਨਾ ਦੀ ਖਬਰ ਅਖਬਾਰਾਂ ਨੂੰ ਜਾਰੀ ਕਰਦਿਆਂ ਕਨਵੀਨਰ ਵਜੋਂ ਆਪਣਾ ਨਾਂ ਦੇ ਕੇ ਬੁੱਤਾ ਸਾਰ ਲਿਆ। ਨਤੀਜੇ ਵਜੋਂ ਪੰਜਾਬ ਦੀ ਨਕਸਲੀ ਲਹਿਰ ਸ਼ੁਰੂ ਵਿਚ ਹੀ ਤਕੜੇ ਵਿਵਾਦਾਂ ਦੀ ਗ੍ਰਿਫਤ ਵਿਚ ਆ ਗਈ।

Be the first to comment

Leave a Reply

Your email address will not be published.