‘ਗੁਰੂ ਨਾਨਕ ਦੇਵ ਕਿ ਗੁਰੂ ਨਾਨਕ ਸਾਹਿਬ?’

ਸੰਪਾਦਕ ਜੀ,
Ḕਪੰਜਾਬ ਟਾਈਮਜ਼Ḕ ਦੇ 17 ਅਗਸਤ ਦੇ ਅੰਕ ਵਿਚ ਪ੍ਰੋ. ਕਸ਼ਮੀਰਾ ਸਿੰਘ ਦਾ ਲੇਖ ‘ਗੁਰੂ ਨਾਨਕ ਦੇਵ ਜੀ ਕਿ ਗੁਰੂ ਨਾਨਕ ਸਾਹਿਬ ਜੀ?’ ਪੜ੍ਹਿਆ। ਵਿਦਵਾਨ ਲੇਖਕ ਨੇ ਲਿਖਿਆ ਹੈ, “ਗੁਰੂ ਗ੍ਰੰਥ ਸਾਹਿਬ ਵਿਚੋਂ ਮਿਲਦੀ ਜਾਣਕਾਰੀ ਅਨੁਸਾਰ ਕਿਸੇ ਵੀ ਗੁਰੂ ਪਾਤਿਸ਼ਾਹ ਦੇ ਨਾਂ ਨਾਲ ‘ਦੇਵ’ ਸ਼ਬਦ ਦੀ ਵਰਤੋਂ ਨਹੀਂ ਹੈ।” ਮੈਂ ਲੇਖਕ ਦਾ ਧਿਆਨ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਇਨ੍ਹਾਂ ਪਵਿੱਤਰ ਫੁਰਮਾਨਾਂ ਵੱਲ ਦਿਵਾਉਣਾ ਚਾਹੁੰਦਾ ਹਾਂ,

ਜਪ੍ਹਉ ਜਿਨ੍ਹ ਅਰਜਨ ਦੇਵ ਗੁਰੂ ਫਿਰਿ ਸੰਕਟ ਜੋਨਿ ਗਰਭ ਨਾ ਆਯਉ॥
(ਭੱਟ ਮਥੁਰਾ ਜੀ, ਸਵਈਏ ਮਹਲੇ ਪੰਜਵੇ ਕੇ, ਪੰਨਾ 1409)
ਸਲੋਕ ਮ: 2॥ ਦੀਖਿਆ ਆਖਿ ਬੁਝਾਇਆ ਸਿਫਤੀ ਸਚਿ ਸਮੇਉ॥
ਤਿਨ ਕਉ ਕਿਆ ਉਪਦੇਸੀਐ ਜਿਨ ਗੁਰੂ ਨਾਨਕ ਦੇਉ॥
(ਵਾਰ ਮਾਝ ਕੀ ਤਥਾ ਸਲੋਕ ਮਹਲਾ 1, ਸਲੋਕ ਮ: 2, ਪੰਨਾ 150)
ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿਚ ਕਈ ਥਾਂਈਂ ‘ਸਤਿਗੁਰ ਨਾਨਕ ਦੇਉ’ ਸ਼ਬਦ ਦੀ ਵਰਤੋਂ ਕੀਤੀ ਹੈ। ਮਿਸਾਲ ਵਜੋਂ,
ਸਤਿਗੁਰ ਨਾਨਕ ਦੇਉ ਗੁਰਾ ਗੁਰੁ ਹੋਇਆ। (ਵਾਰ 3, ਪਉੜੀ 12)
ਆਦਿ ਪੁਰਖ ਆਦੇਸ ਹੈ ਅਬਿਨਾਸੀ ਅਤਿ ਅਛਲ ਅਛੇਉ।
ਜਗਤੁ ਗੁਰੂ ਗੁਰੁ ਨਾਨਕ ਦੇਉ। (ਵਾਰ 14, ਪਉੜੀ 2)
ਭਾਈ ਕਾਨ੍ਹ ਸਿੰਘ ਨਾਭਾ ਦੇ ‘ਮਹਾਨ ਕੋਸ਼’ ਨੂੰ ਲੇਖਕ ਨੇ ਖੁਦ ਹੀ ਪ੍ਰਮਾਣਿਕ ਸਾਹਿਤ ਮੰਨਿਆ ਹੋਇਆ ਹੈ। ‘ਮਹਾਨ ਕੋਸ਼’ ਵਿਚ ਪਹਿਲੀ ਪਾਤਿਸ਼ਾਹੀ ਸਬੰਧੀ ਕੀਤੇ ਗਏ ਇੰਦਰਾਜ ਵਿਚ ਵਾਰ ਵਾਰ ‘ਗੁਰੂ ਨਾਨਕ ਦੇਵ ਜੀ’ ਹੀ ਲਿਖਿਆ ਹੋਇਆ ਹੈ ਅਤੇ ਇਸ ਇੰਦਰਾਜ ਦਾ ਸਿਰਲੇਖ ਵੀ ‘ਨਾਨਕ ਦੇਵ ਸਤਿਗੁਰੂ’ ਹੈ।
ਮੇਰਾ ਨਿਜੀ ਵਿਚਾਰ ਹੈ ਕਿ ਭਾਵੇਂ ‘ਗੁਰੂ ਨਾਨਕ ਦੇਵ ਜੀ’ ਕਹਿ ਲਵੋ, ਭਾਵੇਂ ‘ਗੁਰੂ ਨਾਨਕ ਸਾਹਿਬ ਜੀ’ ਕਹਿ ਲਵੋ, ਸਾਡੇ ਹਿਰਦਿਆਂ ਵਿਚ ਗੁਰੂ ਜੀ ਪ੍ਰਤੀ ਸ਼ਰਧਾ ਤੇ ਸਤਿਕਾਰ ਕਾਇਮ ਰਹਿਣਾ ਚਾਹੀਦਾ ਹੈ ਅਤੇ ਸਾਨੂੰ ਉਨ੍ਹਾਂ ਦੀ ਬਾਣੀ ਵਿਚੋਂ ਮਿਲਦੇ ਉਪਦੇਸ਼ ਨੂੰ ਆਪਣੇ ਜੀਵਨ ਵਿਚ ਅਮਲੀ ਤੌਰ ‘ਤੇ ਮੰਨਣਾ ਚਾਹੀਦਾ ਹੈ। ‘ਦੇਵ’ ਜਾਂ ‘ਸਾਹਿਬ’ ਸ਼ਬਦਾਂ ਪ੍ਰਤੀ ਵਾਦ-ਵਿਵਾਦ ਠੀਕ ਨਹੀਂ ਹਨ।
-ਸੁਖਦੇਵ ਸਿੰਘ ਸ਼ਾਂਤ, ਇੰਡੀਆਨਾ
ਫੋਨ: 317-406-0002