ਜਸਵੰਤ ਸਿੰਘ ਕੰਵਲ ਦਾ ਮੁਹੱਬਤਨਾਮਾ

ਜਸਵੰਤ ਸਿੰਘ ਕੰਵਲ ਨੇ ਸੌ ਸਾਲ ਜਿਉਣ ਤੇ ਅੱਸੀ ਸਾਲ ਲਗਾਤਾਰ ਲਿਖਣ ਦਾ ਰਿਕਾਰਡ ਰੱਖ ਦਿੱਤੈ। ਉਸ ਨੇ ਦਸਵੀਂ ‘ਚੋਂ ਫੇਲ੍ਹ ਹੋ ਕੇ ਪਹਿਰੇਦਾਰੀ, ਕਲਰਕੀ, ਕਿਸਾਨੀ, ਸਰਪੰਚੀ, ਸਾਹਿਤਕਾਰੀ, ਕੇਂਦਰੀ ਪੰਜਾਬੀ ਸਾਹਿਤ ਸਭਾ ਦੀ ਸਕੱਤਰੀ, ਪ੍ਰਧਾਨਗੀ, ਸਰਪ੍ਰਸਤੀ, ਕਾਨਫਰੰਸਾਂ/ਕਨਵੈਨਸ਼ਨਾਂ ਦੀ ਕਨਵੀਨਰੀ, ਸਾਹਿਤ ਟਰਸਟ ਢੁੱਡੀਕੇ ਦੀ ਸਥਾਪਤੀ ਤੇ ਹੋਰ ਕਈ ਕੁਝ ਕਰਨ ਦੇ ਨਾਲ ਮੁਹੱਬਤ ਵੀ ਕੀਤੀ। ਉਹਦੇ ਕਰੀਬੀ ਪ੍ਰਿੰ. ਸਰਵਣ ਸਿੰਘ ਦੀ ਉਹਦੇ ਬਾਰੇ ਲਿਖੀ ਕਿਤਾਬ ‘ਪੰਜਾਬੀਆਂ ਦਾ ਬਾਈ ਜਸਵੰਤ ਸਿੰਘ ਕੰਵਲ’ ‘ਚੋਂ ਪੇਸ਼ ਹੈ ਕੰਵਲ ਦਾ ਮੁਹੱਬਤਨਾਮੇ ਵਾਲਾ ਕਾਂਡ।

ਪ੍ਰਿੰ. ਸਰਵਣ ਸਿੰਘ

ਜੰਗ ਬਹਾਦੁਰ ਗੋਇਲ ਦੀ ਪੁਸਤਕ ‘ਮੁਹੱਬਤਨਾਮਾ’ ਦੇ ਕਵਰ ਉਤੇ ‘ਓਸ਼ੋ’ ਦਾ ਇਹ ਕਥਨ ਛਪਿਆ ਹੋਇਆ ਹੈ, “ਕਵੀਆਂ, ਚਿੱਤਰਕਾਰਾਂ, ਸੰਗੀਤਕਾਰਾਂ ਅਤੇ ਲੇਖਕਾਂ ਦੇ ਅਹਿਸਾਸ ਏਨੇ ਕੋਮਲ ਹੁੰਦੇ ਹਨ ਕਿ ਉਹ ਦੇਹ ਤੋਂ ਪਰ੍ਹਾਂ ਮਹਿਸੂਸ ਕਰ ਸਕਦੇ ਹਨ। ਉਹ ਜ਼ਿਹਨੀ ਸੰਸਾਰ ਦੀ ਸੁੰਦਰਤਾ ਅਤੇ ਦਿਲਾਂ ਦੀਆਂ ਨਾਜ਼ੁਕ ਭਾਵਨਾਵਾਂ ਨੂੰ ਬੜੀ ਸ਼ਿੱਦਤ ਨਾਲ ਅਨੁਭਵ ਕਰਦੇ ਹਨ, ਕਿਉਂਕਿ ਉਹ ਖੁਦ ਵੀ ਉਸ ਪੱਧਰ ‘ਤੇ ਹੀ ਜਿਉਂਦੇ ਹਨ। ਉਹ ਸੋਚਦੇ ਨਹੀਂ, ਉਹ ਦਿਲ ਦੀ ਦੁਨੀਆਂ ‘ਚ ਵਿਚਰਦੇ ਹਨ, ਇਸੇ ਲਈ ਉਹ ਦੂਜੇ ਦੇ ਦਿਲ ਦੀਆਂ ਭਾਵਨਾਵਾਂ ਨੂੰ ਬਾਖੂਬੀ ਮਹਿਸੂਸ ਕਰ ਸਕਦੇ ਹਨ…। ਕਵੀ ਤੇ ਕਲਾਕਾਰ ਤਾਂ ਹਰ ਵੇਲੇ ਹੀ ਪਿਆਰ ‘ਚ ਗਲਤਾਨ ਰਹਿੰਦੇ ਹਨ। ਉਨ੍ਹਾਂ ਦਾ ਪਿਆਰ ਗੁਲਾਬ ਦੇ ਫੁੱਲ ਵਰਗਾ ਹੁੰਦਾ ਹੈ, ਮਹਿਕਾਂ ਨਾਲ ਭਰਿਆ ਹੋਇਆ।”
‘ਮੁਹੱਬਤਨਾਮਾ’ ਪੁਸਤਕ ਵਿਚ ਮਹਾਨ ਲੇਖਕਾਂ, ਵਿਚਾਰਕਾਂ ਅਤੇ ਕਵੀਆਂ-ਗੁਰੂਦੇਵ ਰਾਬਿੰਦਰ ਨਾਥ ਟੈਗੋਰ, ਬਾਲਜ਼ਾਕ, ਤੁਰਗਨੇਵ, ਦੋਸਤੋਵਸਕੀ, ਨੀਤਸ਼ੇ, ਖਲੀਲ ਜਿਬਰਾਨ, ਸਾਰਤਰ, ਮਿਰਚਾ ਇਲਾਅਡੀ ਅਤੇ ਅੰਮ੍ਰਿਤਾ ਪ੍ਰੀਤਮ ਦੀ ਜ਼ਿੰਦਗੀ ਦੇ ਡਿੱਠੇ-ਅਣਡਿੱਠੇ ਪ੍ਰੇਮ-ਪ੍ਰਸੰਗ ਸ਼ਾਮਲ ਹਨ।
ਦੁਨੀਆਂ ਦੇ ਮੰਨੇ-ਪ੍ਰਮੰਨੇ ਇਨ੍ਹਾਂ ਲੇਖਕਾਂ ਤੇ ਕਵੀਆਂ ਨੇ ਪਿਆਰ ਨੂੰ ਉਦਾਤ ਰੂਪ ਵਿਚ ਢਾਲ ਕੇ ਬੇਮਿਸਾਲ ਕਲਾ-ਕਿਰਤਾਂ ਦੀ ਰਚਨਾ ਕੀਤੀ, ਨਾਯਾਬ ਪਾਤਰ ਸਿਰਜੇ ਤੇ ਪ੍ਰੇਮ-ਭਿੱਜੇ ਗੀਤ ਗਾਏ। ਉਨ੍ਹਾਂ ਨੇ ਗਮਾਂ ਦੀ ਕੁੜਿਤਣ ਨਾਲ ਭਰੇ ਜਿੰ.ਦਗੀ ਦੇ ਜਾਮ ਨੂੰ ਹੱਸਦਿਆਂ ਹੱਸਦਿਆਂ ਪੀ ਲਿਆ ਕਿਉਂਕਿ ਉਸ ਵਿਚ ਇਸ਼ਕ ਦੀ ਬੂੰਦ ਰਲ ਚੁਕੀ ਸੀ। ਅੰਮ੍ਰਿਤਾ ਪ੍ਰੀਤਮ ਦੇ ਸ਼ਬਦਾਂ ਵਿਚ:
ਰਲ ਗਈ ਸੀ ਏਸ ਵਿਚ ਇਕ ਬੂੰਦ ਤੇਰੇ ਇਸ਼ਕ ਦੀ,
ਏਸ ਲਈ ਮੈਂ ਜ਼ਿੰਦਗੀ ਦੀ ਸਾਰੀ ਕੁੜਿਤਣ ਪੀ ਲਈ।
ਇਨ੍ਹਾਂ ਸ਼ਾਨਦਾਰ ਪ੍ਰੇਮ ਕਹਾਣੀਆਂ ‘ਚੋਂ ਗੁਜ਼ਰਦਿਆਂ ਗੁਰੂਦੇਵ ਟੈਗੋਰ ਦੇ ਸ਼ਬਦ ਸਾਰਥਕ ਜਾਪਦੇ ਹਨ ਕਿ ਪਤਾ ਨਹੀਂ ਲੋਕਾਂ ਨੂੰ ਨਫਰਤ ਕਰਨ ਲਈ ਸਮਾਂ ਕਿਵੇਂ ਲੱਭ ਜਾਂਦਾ ਹੈ, ਜਦੋਂ ਕਿ ਮੁਹੱਬਤ ਲਈ ਜਿੰ.ਦਗੀ ਕਿੰਨੀ ਛੋਟੀ ਹੈ।
ਹੋ ਸਕਦੈ ਜੰਗ ਬਹਾਦੁਰ ਗੋਇਲ ਕਦੇ ਕੰਵਲ ਦਾ ਮੁਹੱਬਤਨਾਮਾ ਵੀ ਲਿਖੇ ਤੇ ਕਿਸੇ ਅਗਲੇਰੀ ਪੁਸਤਕ ਵਿਚ ਸ਼ਾਮਲ ਕਰੇ।
ਜਸਵੰਤ ਸਿੰਘ ਕੰਵਲ ਨੇ ਡਾ. ਜਸਵੰਤ ਗਿੱਲ ਨਾਲ ਪੁੱਜ ਕੇ ਪਿਆਰ ਕੀਤਾ, ਪਰ ਆਪਣਾ ਪਿਆਰ ਸਬੰਧ ਕਈ ਸਾਲ ਲੁਕੋਈ ਵੀ ਰੱਖਿਆ। ਕੇਵਲ ਘਰ ਦੇ ਜੀਆਂ ਨੂੰ ਹੀ ਥੋੜ੍ਹਾ ਬਹੁਤਾ ਪਤਾ ਸੀ। ਮੇਰੇ ਜਿਹੇ ਜੋ ਤੀਹ ਸਾਲ ਢੁੱਡੀਕੇ ਕਾਲਜ ਵਿਚ ਪੜ੍ਹਾਉਂਦਿਆਂ ਆਥਣ-ਸਵੇਰ ਕੰਵਲ ਨੂੰ ਮਿਲਦੇ ਰਹੇ, ਉਹ ਵੀ ਇਸ ਭੇਤ ਨੂੰ ਕਈ ਸਾਲ ਜਾਣ ਨਾ ਸਕੇ। ਢੁੱਡੀਕੇ ਪਿੰਡ ਵਿਚ ਇਹ ਭੇਤ ਉਦੋਂ ਖੁੱਲ੍ਹਿਆ ਜਦੋਂ ਡਾ. ਜਸਵੰਤ ਗਿੱਲ ਸੂਰਜਪੁਰ ਤੋਂ ਨੌਕਰੀ ਛੱਡ ਕੇ ਢੁੱਡੀਕੇ ਆ ਬੈਠੀ, ਪਰ ਪੂਰਾ ਭੇਤ ਫਿਰ ਵੀ ਨਹੀਂ ਸੀ ਖੁੱਲ੍ਹਿਆ ਕਿ ਕੰਵਲ ਤੇ ਜਸਵੰਤ ਗਿੱਲ ਪਤੀ-ਪਤਨੀ ਬਣ ਚੁਕੇ ਸਨ। ਕਈ ਸਾਲਾਂ ਬਾਅਦ ਕੰਵਲ ਨੇ ਇਹ ਭੇਤ ਜੱਗ ਜਾਹਰ ਕਰਨ ਲਈ ਖੁਦ ਮੈਨੂੰ ਕਿਹਾ ਸੀ, “ਲਿਖ ਦੇ ਜਸਵੰਤ ਮੇਰੀ ਦੂਜੀ ਪਤਨੀ ਹੈ।”
1960 ਵਿਚ ਛਪੀ ਖੁੱਲ੍ਹੀਆਂ ਕਵਿਤਾਵਾਂ ਦੀ ਕਿਤਾਬ ‘ਭਾਵਨਾ’ ਵਿਚ ਕੰਵਲ ਨੇ ਜਿਸ ਪਾਰਵਤੀ ਦਾ ਜ਼ਿਕਰ ਕੀਤਾ ਸੀ, ਉਹ ਅਸਲ ਵਿਚ ਜਸਵੰਤ ਗਿੱਲ ਹੀ ਸੀ। ਬਕੌਲ ਕੰਵਲ, “ਜਸਵੰਤ ਦੀਆਂ ਚਿੱਠੀਆਂ ਦੀ ਖੂਬਸੂਰਤ ਵਾਰਤਕ ਨੇ ਮੈਨੂੰ ਬੇਹੱਦ ਪ੍ਰਭਾਵਿਤ ਕੀਤਾ। ਉਹਦੀਆਂ ਚਿੱਠੀਆਂ ਵਿਚ ਲੋਹੜੇ ਦੀ ਜਾਨ ਵੇਖ ਕੇ, ਮੈਂ ਆਪਣੀਆਂ ਵਾਰਤਕ ਕਵਿਤਾਵਾਂ ਦੀ ਕਿਤਾਬ ‘ਭਾਵਨਾ’ ਦੇ ਮੁਖ ਬੰਦ ਲਈ ਕਾਂਟ ਛਾਂਟ ਸ਼ੁਰੂ ਕਰ ਦਿੱਤੀ। ਉਹਦੀਆਂ ਚਿੱਠੀਆਂ ਛਾਪਣ ਲਈ ਪੁੱਛਿਆ ਤਾਂ ਉਹ ਗਦਗਦ ਹੋ ਗਈ।
“ਮਨੂੰਆ! ਤੇਰੀਆਂ ਕਵਿਤਾਵਾਂ ਦਾ ਬੂਹਾ ਮੈਂ ਹੀ ਖੋਲ੍ਹਾਂਗੀ। ‘ਭਾਵਨਾ’ ਮੇਰੀ ਜਾਇਦਾਦ ਹੈ।”
ਉਦੋਂ ਤਕ ਸਾਡੀ ਦੋਸਤੀ ਪੰਜਾਬੀ ਪਾਠਕਾਂ ਤੋਂ ਲੁਕੀ ਰਹੀ ਸੀ। ਮੈਂ ਮੁੱਖ ਬੰਦ ਦੇ ਅੰਤ ‘ਤੇ ਉਸ ਦਾ ਨਾਂ ‘ਪਾਰਵਤੀ’ ਜੋੜ ਦਿੱਤਾ। ਪਾਰਵਤੀ ਲੱਭਣ ਲਈ ਪਾਠਕਾਂ ਵਿਚ ਬੜਾ ਰੌਲਾ ਪਿਆ, ਕਿਉਂਕਿ ਮੁੱਖ ਬੰਦ ਆਪ ਕਵਿਤਾ ਵਰਗਾ ਹੀ ਸੀ। ਐਨੀ ਰਸਭਿੰਨੀ ਵਾਰਤਕ ਲਿਖੀ ਜਾਣੀ, ਜਣੀ ਖਣੀ ਦੇ ਵੱਸ ਦਾ ਰੋਗ ਨਹੀਂ ਸੀ। ‘ਪਾਰਵਤੀ’ ਦੀ ਪੁੱਛ ਡੂਮਣਾ ਮੱਖੀਆਂ ਵਾਂਗ ਮੈਨੂੰ ਆ ਚੁੰਬੜੀ। ਮੈਂ ਟਾਲਾ ਮਾਰ ਛੱਡਦਾ “ਹੈਗੀ ਆ ਯਾਰ, ਦਿੱਲੀ ਇਕ ਪ੍ਰੋਫੈਸਰ। ਇਕ ਦੋਸਤ ਨੇ ਉਸ ਨੂੰ ਮਿਲਾਇਆ ਸੀ।”
ਪਰ ਤੇਰਾਂ ਵਰ੍ਹੇ ਖੁਦ ਪਿਆਰਾ ਸਿੰਘ ਦਾਤਾ ਨੂੰ ਵੀ ਸਾਡੇ ਪਿਆਰ ਦਾ ਪਤਾ ਨਾ ਲੱਗਾ।
ਇਹ ਪਿਆਰਾ ਸਿੰਘ ਦਾਤਾ ਉਹੀ ਸੀ, ਜਿਸ ਨੇ ਕੰਵਲ ਨੂੰ ਆਪਣੀ ਕਿਤਾਬਾਂ ਦੀ ਦੁਕਾਨ ਵਿਚ ਡਾ. ਜਸਵੰਤ ਗਿੱਲ ਨਾਲ ਪਹਿਲੀ ਵਾਰ ਮਿਲਾਇਆ ਸੀ। ਇਕ ਤਰ੍ਹਾਂ ਉਹ ਉਨ੍ਹਾਂ ਦਾ ਵਿਚੋਲਾ ਸੀ।
ਜਸਵੰਤ ਗਿੱਲ ਦੇ ਘਰੋਗੀ ਸਤਿਕਾਰ ਲਈ ਇਹ ਲੁਕਾਅ ਰੱਖਣਾ ਜ਼ਰੂਰੀ ਸੀ। ਦੋਹਾਂ ਘਰਾਂ ਤੋਂ ਬਿਨਾ ਕੇਵਲ ਦਿੱਲੀ ਵਾਲੇ ਚੰਨੀ ਨੂੰ ਹੀ ਪਤਾ ਸੀ, ਕਿਉਂਕਿ ਪਹਿਲੀ ਮਿਲਣੀ ਵੇਲੇ ਕੰਵਲ ਚੰਨੀ ਨਾਲ ਦਾਤੇ ਦੀ ਦੁਕਾਨ ‘ਤੇ ਗਿਆ ਸੀ ਅਤੇ ਚਾਅ ਚਾਅ ਵਿਚ ਕੰਵਲ ਵੀ ਚੰਨੀ ਨੂੰ ਦਿਲ ਦੀ ਗੱਲ ਦੱਸ ਬੈਠਾ ਸੀ। ਬਾਕੀ ਪੰਜਾਬੀ ਪਾਠਕਾਂ ਲਈ ਡਾ. ਜਸਵੰਤ ਗਿੱਲ ਮੱਸਿਆ ਦਾ ਨ੍ਹੇਰਾ ਬਣੀ ਰਹੀ ਸੀ।
ਕੋਈ ਲੇਖਕ ਜਾਂ ਪਾਠਕ ਅਸਲੀ ਪਾਰਵਤੀ ਨੂੰ ਨਹੀਂ ਸੀ ਬੁੱਝ ਸਕਿਆ। ਹਾਂ, ਅੰਦਾਜ਼ੇ ਜ਼ਰੂਰ ਲੱਗਦੇ ਰਹੇ, ਪਈ ਇਹ ਪਾਰਵਤੀ ਕੌਣ ਹੋਈ? ਬਾਅਦ ਵਿਚ ਤਾਂ ਕੰਵਲ ਨੇ ਖੁਦ ਦੋ ਕਿਤਾਬਾਂ ‘ਪੁੰਨਿਆਂ ਦਾ ਚਾਨਣ’ ਤੇ ‘ਧੁਰ ਦਰਗਾਹ’ ਆਪਣੇ ਮੁਹੱਬਤਨਾਮੇ ਬਾਰੇ ਲਿਖ ਦਿੱਤੀਆਂ। ਲਿਖੀਆਂ ਵੀ ਪੂਰੀ ਤਫਸੀਲ ਨਾਲ, ਜਿਨ੍ਹਾਂ ਵਿਚ ਕੋਈ ਉਹਲਾ ਨਹੀਂ ਰੱਖਿਆ। ਉਂਜ ਤਾਂ ਕਿਸੇ ਨੂੰ ਕਿਸੇ ਦੀ ਨਿੱਜੀ ਜ਼ਿੰਦਗੀ ਵਿਚ ਦਖਲ ਨਹੀਂ ਦੇਣਾ ਚਾਹੀਦਾ, ਪਰ ਕੰਵਲ ਦੇ ਅਨੇਕਾਂ ਪਾਠਕਾਂ ਨੂੰ ਆਪਣੇ ਮਨਭਾਉਂਦੇ ਲੇਖਕ ਬਾਈ ਕੰਵਲ ਦੀ ਨਿੱਜੀ ਮੁਹੱਬਤ ਤੋਂ ਜਾਣੂੰ ਹੋਣ ਦੀ ਹਮੇਸ਼ਾ ਚਾਹਤ ਰਹੀ। ਕਈ ਐਵੇਂ ਹੀ ਕਿਆਸ ਅਰਾਈਆਂ ਲਾਉਂਦੇ ਰਹੇ ਤੇ ਗਲਤ ਮਲਤ ਅਫਵਾਹਾਂ ਦੇ ਸ਼ਿਕਾਰ ਹੋ ਜਾਂਦੇ ਰਹੇ।
ਕਿਆਸ ਅਰਾਈਆਂ ਲਾਉਣ ਦੀ ਥਾਂ ਬਿਹਤਰ ਹੋਵੇਗਾ ਜੇ ਕੰਵਲ ਦੀਆਂ ਆਪਣੀਆਂ ਪੁਸਤਕਾਂ, ਖਾਸ ਕਰ ਕੇ ਆਪਣੀ ਵਿਥਿਆ ‘ਪੁੰਨਿਆਂ ਦਾ ਚਾਨਣ’ ਦਾ ਸੰਖੇਪਸਾਰ ਹੀ ਦੇ ਦਿੱਤਾ ਜਾਵੇ। ਕੰਵਲ ਦੇ ਜੀਵਨ ਬਾਰੇ ਤਾਂ ਪਾਠਕ ਕਾਫੀ ਕੁਝ ਜਾਣਦੇ ਹਨ, ਡਾ. ਜਸਵੰਤ ਗਿੱਲ ਦੇ ਜੀਵਨ ਬਾਰੇ ਵੀ ਕੁਝ ਵੇਰਵਾ ਦੇਣਾ ਜ਼ਰੂਰੀ ਹੈ। ਇਸ ਨੂੰ ਸਬੱਬ ਕਹਿ ਲਓ ਜਾਂ ਕੁਝ ਹੋਰ, ਕੰਵਲ ਦਾ ਮੁਢਲਾ ਨਾਂ ਜਸਵੰਤ ਹੈ ਤੇ ਡਾਕਟਰ ਦਾ ਨਾਂ ਵੀ ਜਸਵੰਤ। ਦੋਵੇਂ ਜੱਟ ਸਿੱਖ ਹਨ ਤੇ ਗੋਤ ਵੀ ਦੋਹਾਂ ਦਾ ਗਿੱਲ ਹੈ। ਡਾ. ਆਤਮ ਹਮਰਾਹੀ ਨੇ ਜਾਤਾਂ ਗੋਤਾਂ ਦੇ ਨੰਬਰ ਲਾਏ ਹੋਏ ਸਨ। ਉਹ ਪੰਜਾਬੀ ਲੇਖਕਾਂ ਤੇ ਆਲੋਚਕਾਂ ਦੀ ਗੱਲ ਨੰਬਰਾਂ ਦੇ ਹਵਾਲੇ ਨਾਲ ਕਰਿਆ ਕਰਦਾ ਸੀ। ਚਾਰਯਾਰੀ ਵਿਚ ਚਹਿਕਦਾ ਉਹ ਦੋਹਾਂ ਗਿੱਲਾਂ ਦੇ ਪਤੀ-ਪਤਨੀ ਬਣ ਜਾਣ ਨੂੰ ਗਿੱਲੋ-ਗਿੱਲ ਰਲ ਜਾਣ ਦੀ ਉਪਾਧੀ ਦਿਆ ਕਰਦਾ ਸੀ!
ਡਾ. ਜਸਵੰਤ ਗਿੱਲ ਦਾ ਜੱਦੀ ਪਿੰਡ ਲੁਧਿਆਣੇ ਕੋਲ ਗਿੱਲ ਸੀ। ਇਸੇ ਪਿੰਡ ਦੀ ਜਮੀਨ ਵਿਚ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਬਣਿਆ ਹੈ। ਜਸਵੰਤ ਗਿੱਲ ਦੇ ਪਿਤਾ, ਜਿਨ੍ਹਾਂ ਨੂੰ ‘ਬਾਊ ਜੀ’ ਕਿਹਾ ਜਾਂਦਾ ਸੀ, ਮੈਡੀਕਲ ਦੀ ਪੜ੍ਹਾਈ ਕਰ ਕੇ ਮਿਲਟਰੀ ਵਿਚ ਡਾਕਟਰ ਭਰਤੀ ਹੋ ਗਏ ਸਨ। ਜਸਵੰਤ ਗਿੱਲ ਦੇ ਜਨਮ ਵੇਲੇ ਬਾਊ ਜੀ ਦੀ ਪੋਸਟਿੰਗ ਬਲੋਚਿਸਤਾਨ ਦੇ ਸ਼ਹਿਰ ਕੋਇਟੇ ਵਿਚ ਸੀ। ਜਸਵੰਤ ਦਾ ਮੁਢਲਾ ਪਾਲਣ ਪੋਸਣ ਕੋਇਟੇ ਤੇ ਫਿਰ ਪੋਠੋਹਾਰ ਵਿਚ ਹੋਇਆ। ਜਿਥੇ ਜਿਥੇ ਬਾਊ ਜੀ ਦੀ ਬਦਲੀ ਹੁੰਦੀ ਰਹੀ, ਉਨ੍ਹਾਂ ਦੇ ਬੱਚੇ ਉਥੇ ਉਥੇ ਪੜ੍ਹਦੇ ਰਹੇ। ਉਨ੍ਹਾਂ ਨੇ ਆਪਣੀ ਔਲਾਦ ਨੂੰ ਉਚ ਪੱਧਰੀ ਵਿਦਿਆ ਦਿਵਾਈ। ਤਿੰਨੇ ਪੁੱਤਰ ਪੜ੍ਹ ਕੇ ਚੰਗੀਆਂ ਨੌਕਰੀਆਂ ‘ਤੇ ਚਲੇ ਗਏ। ਧੀ ਵੀ ਮੈਡੀਕਲ ਡਾਕਟਰ ਬਣ ਗਈ। ਜਿਨ੍ਹਾਂ ਦਿਨਾਂ ‘ਚ ਜਸਵੰਤ ਗਿੱਲ ਜੰਮੀ, ਉਨ੍ਹੀਂ ਦਿਨੀਂ ਜੱਟਾਂ ਦੀਆਂ ਲੜਕੀਆਂ ਨੂੰ ਉਚ ਵਿਦਿਆ ਨਹੀਂ ਸੀ ਦਿਵਾਈ ਜਾਂਦੀ। ਧੀਆਂ ਨੂੰ ਬਿਗਾਨਾ ਧਨ ਸਮਝਿਆ ਜਾਂਦਾ ਸੀ, ਪਰ ਅਸ਼ਕੇ ਉਨ੍ਹਾਂ ਦੇ ਬਾਊ ਜੀ ਦੇ ਕਿ ਉਨ੍ਹਾਂ ਆਪਣੀ ਧੀ ਨੂੰ ਵੀ ਪੁੱਤਰਾਂ ਵਾਂਗ ਪਾਲਿਆ ਤੇ ਚੋਟੀ ਦੇ ਮੈਡੀਕਲ ਕਾਲਜ ਲਾਹੌਰ ਤੋਂ ਐਮ. ਬੀ. ਬੀ. ਐਸ਼ ਦੀ ਡਿਗਰੀ ਕਰਵਾਈ। ਉਦੋਂ ਆਮ ਜੱਟਾਂ ਦੀਆਂ ਕੁੜੀਆਂ ਦਾ ਮੈਟ੍ਰਿਕ ਪਾਸ ਹੋਣਾ ਹੀ ਬੜੀ ਵੱਡੀ ਗੱਲ ਸਮਝੀ ਜਾਂਦੀ ਸੀ। ਅੰਦਾਜ਼ਾ ਲਾ ਲਾਓ ਕਿ 1940ਵਿਆਂ ਵਿਚ ਡਾਕਟਰ ਬਣੀ, ਬਣਦੀ ਫਬਦੀ ਕੁੜੀ ਨੂੰ ਕਿੰਨੇ ਯੋਗ ਵਰ ਮਿਲਦੇ ਹੋਣਗੇ? ਉਹ ਕਿਸੇ ਵੀ ਮਿਲਟਰੀ ਅਫਸਰ ਜਾਂ ਬਿਊਰੋਕਰੈਟ ਨਾਲ ਵਿਆਹ ਕਰਵਾ ਸਕਦੀ ਸੀ; ਪਰ ਹੋਣੀ ਨੂੰ ਕੁਝ ਹੋਰ ਮਨਜ਼ੂਰ ਸੀ।
1947 ਵਿਚ ਦੇਸ਼ ਦੀ ਵੰਡ ਪਿੱਛੋ ਡਾ. ਜਸਵੰਤ ਗਿੱਲ ਲਾਹੌਰ ਤੋਂ ਪੂਰਬੀ ਪੰਜਾਬ ਵਿਚ ਆ ਗਈ ਅਤੇ ਸੂਰਜਪੁਰ ਦੀ ਸੀਮੈਂਟ ਫੈਕਟਰੀ ਵਿਚ ਮੈਡੀਕਲ ਡਾਕਟਰ ਲੱਗ ਗਈ। ਇਕ ਭਰਾ ਦਰਸ਼ਨ ਸਿੰਘ ਪ੍ਰੀਤ ਨਗਰ ਵਿਚ ਪ੍ਰੈਸ ਮੈਨੇਜਰ ਬਣ ਗਿਆ, ਦੂਜਾ ਭਰਾ ਫੌਜ ਵਿਚ ਅਤੇ ਤੀਜਾ ਭਰਾ ਪੁਲਿਸ ਵਿਚ ਅਫਸਰ ਲੱਗ ਗਿਆ। ਪਰਿਵਾਰ ਦਾ ਉਤਰ ਪ੍ਰਦੇਸ਼ ਵਿਚ ਸ਼ਾਹਜਹਾਨਪੁਰ ਨੇੜੇ ਇਕ ਫਾਰਮ ਸੀ, ਜਿਥੇ ਉਨ੍ਹਾਂ ਦੇ ਮਾਤਾ-ਪਿਤਾ ਰਹਿਣ ਲੱਗੇ। ਉਨ੍ਹਾਂ ਦੇ ਮਾਤਾ ਜੀ ਦਾ ਤੱਤਾ ਸੁਭਾਅ ਬਾਊ ਜੀ ਦੇ ਠੰਢੇ ਸੁਭਾਅ ਨਾਲ ਮੇਲ ਨਹੀਂ ਸੀ ਖਾਂਦਾ, ਜਿਸ ਕਰਕੇ ਅਣਬਣ ਰਹਿੰਦੀ। ਮਾਂ ਆਪਣੇ ਪਤੀ ਕੋਲ ਰਹਿਣ ਦੀ ਥਾਂ ਧੀ ਕੋਲ ਸੂਰਜਪੁਰ ਰਹਿਣ ਲੱਗ ਪਈ। ਕੰਵਲ ‘ਪੁੰਨਿਆਂ ਦਾ ਚਾਨਣ’ ਪੁਸਤਕ ਵਿਚ ਇਸ ਦਾ ਕੁਝ ਵਿਸਥਾਰ ਲਿਖਦਾ ਹੈ:
…ਸੁਨੇਹਾ ਆਇਆ ਸੱਜਣਾਂ ਦਾ, ਆਪਾਂ ਯੂ. ਪੀ. ਨੂੰ ਵਹੀਰਾਂ ਘੱਤਣੀਆਂ ਏਂ; ਜਲਦੀ ਪਹੁੰਚ ਜਾਓ। ਗੋਲੀ ਕੀਹਦੀ ਤੇ ਗਹਿਣੇ ਕੀਹਦੇ। ਬੱਸ ਫੜੀ ਤੇ ਠੂਹ ਸੂਰਜਪੁਰ।
“ਮਨੂੰਆ! ਆਪਾਂ ਫਾਰਮ ‘ਤੇ ਚੱਲਣਾ ਏਂ, ਬਾਊ ਜੀ ਨੇ ਸੱਦਿਆ ਏ।” ਮੈਂ ਵੀ ਬਾਊ ਜੀ ਉਚਾਰਨ ਅਪਨਾ ਲਿਆ ਸੀ। ਉਹ ਪੁਰਾਣੇ ਰਿਸ਼ੀਆਂ ਵਰਗੇ ਸਹਿਣਸ਼ੀਲ ਆਤਮਾ ਸਨ।
ਪਹਿਲੋਂ ਦਿੱਲੀ, ਮੁੜ ਸ਼ਾਹਜਹਾਨਪੁਰ ਜਾ ਉਤਰੇ। ਉਥੋਂ ਰੇਲ ਫੜ ਕੇ ਗੰਨੇ ਵਾਲੀ ਮਿੱਲ ਦੇ ਰੇਲਵੇ ਸਟੇਸ਼ਨ ‘ਤੇ ਆ ਉਤਰੇ। ਫਿਰ ਬਾਊ ਜੀ ਦੇ ਫਾਰਮ ਨੂੰ ਜਾਣ ਵਾਲੇ ਖਾਲੀ ਟਰੱਕ ਦੀਆਂ ਸੀਟਾਂ ਮੱਲ ਲਈਆਂ…।
ਮੈਂ ਮੁਸਕਰਾ ਕੇ ਕਿਹਾ, “ਦੇਖੋ ਬਾਊ ਜੀ, ਪੁਰਾਣੇ ਰਿਸ਼ੀਆਂ ਵਾਂਗ ਜੰਗਲ ਵਿਚ ਮੰਗਲ ਲਾਈ ਬੈਠੇ ਐ।”
“ਹਆਂ, ਮੰਗਲ ਤਾਂ ਲਾਈ ਬੈਠੇ ਐ; ਪਰ ਅਸੀਂ ਸਾਰੇ ਖਿਲਰੇ ਪਏ ਆਂ। ਇਨ੍ਹਾਂ ਦੀ ਸਾਂਭ ਸੰਭਾਲ ਤੋਂ ਸਾਰੇ ਹੀ ਅਵੇਸਲੇ ਆਂ। ਉਸ ਦਮ ਸਾਧ ਕੇ ਮੁੜ ਕਿਹਾ, “ਬਾਊ ਜੀ ਨੇ ਨੇਕ ਕਮਾਈ ਨਾਲ ਬੜਾ ਕੁਝ ਕਮਾਇਆ ਤੇ ਸਵਾਰਿਆ। ਅਸੀਂ ਸਾਰੇ ਭੈਣ ਭਰਾ ਉਨ੍ਹਾਂ ਦਾ ਦੇਣ ਨਹੀਂ ਦੇ ਸਕਦੇ, ਪਰ ਸਾਰੇ ਹੀ ਆਪਣੀ ਥਾਂ ਰੁੱਝੇ ਖਿਲਰੇ ਪਏ ਆਂ।” ਜਸਵੰਤ ਬਹੁਤ ਕੁਝ ਦੱਸ ਕੇ ਉਦਾਸ ਪੈ ਗਈ, “ਵੱਡੀ ਮੁਸ਼ਕਿਲ ਇਹ ਐ, ਬਾਊ ਜੀ ਬੇ ਜੀ ਨਾਲ ਨਹੀਂ ਰਹਿ ਸਕਦੇ। ਬਾਊ ਜੀ ਵਰਗਾ ਧਰਮਾਤਮਾ ਤੇ ਸਹਿਣਸ਼ੀਲ ਕਿਸੇ ਹੋਣਾ ਨਹੀਂ ਤੇ ਬੇ ਜੀ ਸਾਰੀ ਉਮਰ ਆਪਹੁਦਰੇ ਰਹੇ ਹਨ। ਉਨ੍ਹਾਂ ਦੀ ਬਾਊ ਜੀ ਨਾਲ ਨਹੀਂ ਬਣੀ।” ਮੈਂ ਡਾਕਟਰ ਸਾਹਿਬ ਦੀ ਗੰਭੀਰਤਾ ਦਾ ਹੁੰਗਾਰਾ ਨਾ ਭਰਿਆ। ਉਨ੍ਹਾਂ ਮੇਰੇ ਕੂਹਣੀ ਮਾਰ ਕੇ ਪੁੱਛਿਆ, “ਕੀ ਗੱਲ ਮਨੂੰਆ ਚੁੱਪ ਸਾਧ ਲਈ?”
“ਮੈਨੂੰ ਏਥੇ ਬਾਊ ਜੀ ਦੀ ਵਸਾਈ ਦੁਨੀਆਂ ਚੰਗੀ ਚੰਗੀ ਲੱਗੀ ਐ। ਜਿਵੇਂ ਦੂਜਾ ਆਦਮ ਧਰਤੀ ਨੂੰ ਭਾਗ ਲਾਉਣ ਆਇਆ ਹੋਵੇ।” ਮੈਂ ਬਾਊ ਜੀ ਦੀ ਕਿਰਤ ਵਿਸ਼ੇਸ਼ਤਾ ਵਿਚ ਗੁੰਮ ਸਾਂ।
“ਤੁਹਾਡੇ ਵਿਚੋਂ ਕਿਸੇ ਇਕ ਨੂੰ ਇਨ੍ਹਾਂ ਨਾਲ ਖਲੋਣਾ ਨਹੀਂ ਚਾਹੀਦਾ?”
“ਸਾਰੇ ਹੀ ਆਪੋ ਆਪਣੇ ਧੰਦਿਆਂ ਵਿਚ ਫਸੇ ਹੋਏ ਐ; ਕੋਈ ਵੀ ਵਿਹਲਾ ਨਹੀਂ। ਪਰ ਮੈਂ ਇਨ੍ਹਾਂ ਦੀ ਸੇਵਾ ਨੂੰ ਜ਼ਰੂਰ ਮਹਿਸੂਸ ਕਰਦੀ ਆਂ।”
“ਨਿਰਾ ਮਹਿਸੂਸ ਕਰਨ ਤੇ ਅਮਲ ਵਿਚ ਫਰਕ ਨਹੀਂ ਹੁੰਦਾ? ਦੇਖਦੇ ਨਹੀਂ, ਹਲ ਜੋੜੇ ਬਲਦ ਵਾਂਗ ਤੁਸਾਂ ਸਭ ਉਸ ਨੂੰ ਬੁਰੀ ਤਰ੍ਹਾਂ ਵਾਹਿਆ ਏ। ਹੁਣ ਵੀ ਤੁਹਾਡੇ ਸਭ ਦੀ ਖਾਤਰ ਜੰਗਲ ਵਿਚ ਇੱਕਲਾ ਬੈਠਾ ਹੈ; ਜਿਥੇ ਸ਼ੇਰ ਬਘੇਲੇ ਰਹਿੰਦੇ ਹਨ।”
“ਪਰ ਸਾਰੇ ਥਾਂਓਂ ਥਾਂਈਂ ਮਜਬੂਰੀ ਦੇ ਬੰਨ੍ਹੇ ਪਏ ਐ।” ਉਸ ਹਉਕੇ ਵਰਗਾ ਸਾਹ ਭਰਿਆ।
“ਤੁਸੀਂ ਆਪਣੇ ਕੋਲ ਇਨ੍ਹਾਂ ਨੂੰ ਕਿਉਂ ਨਹੀਂ ਰੱਖਦੇ?” ਮੈਂ ਸਵਾਲ ਖੜ੍ਹਾ ਕਰ ਦਿੱਤਾ।
“ਓਹੀ ਮੁਸ਼ਕਿਲ, ਬੇ ਜੀ ਤੇ ਇਹ-ਦੋਵੇਂ ਇਕੱਠੇ ਨਹੀਂ ਰਹਿ ਸਕਦੇ।”
“ਇਸ ਉਮਰ ਵਿਚ ਤਾਂ ਸਾਂਝ ਵਧਣੀ ਚਾਹੀਦੀ ਸੀ।”
“ਇਹ ਦੂਰ ਰਹਿੰਦੇ ਵੀ ਆਪੋ ਵਿਚ ਝਗੜਦੇ ਰਹਿੰਦੇ ਐ। ਬਾਊ ਜੀ ਨੇ ਮਜਬੂਰ ਹੋ ਕੇ ਹੁਣ ਆਪਣੀ ਹੀ ਦੁਨੀਆਂ ਵਸਾ ਲਈ ਹੈ।”
“ਇਹ ਤਾਂ ਉਨ੍ਹਾਂ ਦੀ ਸ਼ਾਂਤ ਮਜਬੂਰੀ ਹੈ।”
ਮੈਂ ਪੰਜ ਸਾਲ ਦਾ ਸਾਂ, ਜਦੋਂ ਮੋਹਰਕੇ ਤਾਪ ਨਾਲ ਪਿਤਾ ਜੀ ਪੂਰੇ ਹੋ ਗਏ ਸਨ। ਮੇਰੇ ਜੀ ਵਿਚ ਆਉਂਦੀ ਸੀ; ਮੈਂ ਉਨ੍ਹਾਂ ਦੀ ਕੋਈ ਸੇਵਾ ਨਾ ਕਰ ਸਕਿਆ। ਉਹ ਵਿਚਾਰ ਮੈਂ ਜਸਵੰਤ ਅੱਗੇ ਰੱਖ ਦਿੱਤੇ। ਡਾ. ਜਸਵੰਤ ਗਿੱਲ ਦੀ ਬੇ ਜੀ ਆਪਣੇ ਪਤੀ ਜਾਂ ਪੁੱਤਰਾਂ ਪਾਸ ਰਹਿਣ ਦੀ ਥਾਂ ਆਪਣੀ ਧੀ ਪਾਸ ਸੂਰਜਪੁਰ ਰਹਿਣ ਲੱਗ ਪਈ ਸੀ। ਜਾਂ ਕਹਿ ਲਓ ਕਿ ਧੀ ਮਾਂ ਨੂੰ ਆਪਣੇ ਕੋਲ ਲੈ ਆਈ ਸੀ, ਜਿਥੇ ਉਸ ਦੀ ਸੇਵਾ ਸੰਭਾਲ ਚੰਗੀ ਤਰ੍ਹਾਂ ਕਰ ਸਕਦੀ ਸੀ। ਪਰਿਵਾਰਕ ਹਾਲਾਤ ਅਜਿਹੇ ਬਣ ਗਏ ਸਨ ਕਿ ਜਸਵੰਤ ਗਿੱਲ ਦਾ ਵਿਆਹ ਪਿੱਛੇ ਹੀ ਪਿੱਛੇ ਪੈਂਦਾ ਜਾ ਰਿਹਾ ਸੀ, ਜਿਸ ਨੂੰ ਉਹ ਕੰਵਲ ਦੇ ਸਵਾਲ “ਤੂੰ ਹਾਲੇ ਤਕ ਵਿਆਹ ਕਿਉਂ ਨਹੀਂ ਕਰਵਾਇਆ?” ਦਾ ਜਵਾਬ ਦਿੰਦਿਆਂ “ਹਾਣੀ ਨਹੀਂ ਮਿਲਿਆ; ਜੇ ਮਿਲਦਾ ਤਾਂ ਕਰਵਾ ਲੈਣਾ ਸੀ।” ਕਹਿ ਕੇ ਟਾਲ ਗਈ ਸੀ।
ਜਿਸ ਸਟੇਜ ‘ਤੇ ਜਸਵੰਤ ਸਿੰਘ ਕੰਵਲ ਤੇ ਡਾ. ਜਸਵੰਤ ਗਿੱਲ ਮਿਲੇ ਸਨ, ਜੇ ਦੋਵੇਂ ਹੀ ਕੁਆਰੇ ਜਾਂ ਤਲਾਕਸ਼ੁਦਾ ਹੁੰਦੇ ਤਾਂ ਉਨ੍ਹਾਂ ਦੇ ਵਿਆਹ ਕਰਵਾਉਣ ‘ਚ ਕੋਈ ਅੜਿੱਕਾ ਨਹੀਂ ਸੀ ਹੋਣਾ। ਫਿਰ ਉਨ੍ਹਾਂ ਦੇ ਵਿਆਹ ਦੀ ਖੁਸ਼ੀ ਵੀ ਵਾਜਿਆਂ ਗਾਜਿਆਂ ਨਾਲ ਮਨਾਈ ਜਾਣੀ ਸੀ। ਸ਼ਰੀਕੇ ਕਬੀਲੇ ਵਿਚ ਕੰਵਲ ਦਾ ਕੱਦ ਹੋਰ ਵਧਣਾ ਸੀ, ਬਈ ਆਪ ਭਾਵੇਂ ਦਸਵੀਂ ਫੇਲ੍ਹ ਸੀ ਪਰ ਡਾਕਟਰ ਕੁੜੀ ਵਿਆਹ ਲਿਆਇਆ! ਖੁੰਢ ਚਰਚਾ ਸਿਰਫ ਏਨੀ ਕੁ ਹੋਣੀ ਸੀ ਕਿ ਗਿੱਲਾਂ ਦੇ ਮੁੰਡੇ ਨੇ ਗਿੱਲਾਂ ਦੀ ਕੁੜੀ ਨਾਲ ਹੀ ਵਿਆਹ ਕਰਵਾ ਲਿਆ! ਪਰ ਇਹ ਚਰਚਾ ਅੱਗੇ ਨਹੀਂ ਸੀ ਤੁਰਨੀ ਕਿਉਂਕਿ ਕਈ ਥਾਂਈਂ ਸਿੱਧੂ-ਸਿੱਧੂ, ਢਿੱਲੋਂ-ਢਿੱਲੋਂ, ਗਰੇਵਾਲ-ਗਰੇਵਾਲ ਤੇ ਹੋਰ ਗੋਤੀਆਂ ਦੇ ਇਕੋ ਗੋਤ ‘ਚ ਵਿਆਹ ਹੋਣ ਲੱਗ ਪਏ ਸਨ। ਬਾਦਲ ਪਰਿਵਾਰ ਤੇ ਕੈਰੋਂ ਪਰਿਵਾਰ-ਦੋਵਾਂ ਦਾ ਗੋਤ ਢਿੱਲੋਂ ਹੈ, ਪਰ ਉਹ ਇਕੋ ਗੋਤ ‘ਚ ਵਿਆਹੇ ਹੋਏ ਹਨ। ਹੋਰ ਵੀ ਬਥੇਰੇ ਪਰਿਵਾਰ ਹਨ, ਜੋ ਗੋਤ ਦੀ ਨਿੰਦ ਵਿਚਾਰ ਨਹੀਂ ਕਰਦੇ। ਕੰਵਲ ਦੀ ਛੋਟੀ ਧੀ ਡਾ. ਜਸਵੰਤ ਗਿੱਲ ਦੇ ਭਤੀਜੇ ਨਾਲ ਵਿਆਹੀ ਹੋਈ ਹੈ।
ਕੰਵਲ ਵਿਆਹਿਆ ਤੇ ਬਾਲ ਬੱਚੇਦਾਰ ਹੋਣ ਕਰਕੇ ਬੋਚ ਬੋਚ ਕੇ ਕਦਮ ਪੁੱਟਣਾ ਦੋਹਾਂ ਧਿਰਾਂ ਦੀ ਮਜਬੂਰੀ ਬਣ ਗਈ। ਕੰਵਲ ਦਾ ਬਿੰਬ ਗਿਆਨੀ ਧਿਆਨੀ ਤੇ ਪਿੰਡ ਦਾ ਸਰਪੰਚ ਹੋਣ ਕਰਕੇ ਇੱਜਤਦਾਰ ਕਬੀਲਦਾਰ ਦਾ ਬਣਿਆ ਹੋਇਆ ਸੀ। ਡਾ. ਜਸਵੰਤ ਗਿੱਲ ਵੀ ਮੰਨੇ ਦੰਨੇ ਖਾਨਦਾਨ ਦੀ ਇੱਜਤਦਾਰ ਲੜਕੀ ਸੀ। ਪੰਜਾਬੀ ਸੱਭਿਆਚਾਰ ਦੀਆਂ ਮਨੌਤਾਂ ਉਸ ਸਮੇਂ ਉਨ੍ਹਾਂ ਦਾ ਵਿਆਹ ਹੋਣ ਦੀ ਸੂਰਤ ਵਿਚ ਭੰਡੀ ਪ੍ਰਚਾਰ ਦਾ ਬਾਇਸ ਬਣ ਸਕਦੀਆਂ ਸਨ। ਇਹੋ ਵਜ੍ਹਾ ਸੀ ਕਿ ਦੋਹਾਂ ਨੇ ਆਪਣੇ ਪਿਆਰ ਦੇ ਭੇਤ ਨੂੰ ਭੇਤ ਬਣਾਈ ਰੱਖਣ ਵਿਚ ਹੀ ਭਲਾ ਸਮਝਿਆ।
ਇਸ ਸਥਿਤੀ ਨੂੰ ਰਾਜਿੰਦਰ ਸਿੰਘ ਰਾਹੀ ਨੇ ਕੰਵਲ ਬਾਰੇ ਲਿਖੇ ਲੇਖ ‘ਦੋ ਬੇੜੀਆਂ ਦਾ ਸਫਲ ਸਵਾਰ’ ਵਿਚ ਇੰਜ ਬਿਆਨ ਕੀਤਾ ਹੈ, “ਚਾਰ ਧੀਆਂ ਦਾ ਕਬੀਲਦਾਰ ਬਾਪ ਹੋਣ ਦੇ ਨਾਲ ਕੰਵਲ ਪਿੰਡ ਦਾ ਆਗੂ ਵੀ ਸੀ। ਜੇ ਉਸ ਦਾ ਡਾ. ਗਿੱਲ ਨਾਲ ਰਿਸ਼ਤਾ ਪਿੰਡ ਵਿਚ ਨਸ਼ਰ ਹੋ ਜਾਂਦਾ ਤਾਂ ਇਹ ਰਿਸ਼ਤਾ ਪਿੰਡ ਦੇ ਲੋਕਾਂ ਦੀਆਂ ਨਜ਼ਰਾਂ ਵਿਚ ‘ਨਾਜਾਇਜ਼ ਸਬੰਧ’ ਵਜੋਂ ਹੀ ਰੜਕਣਾ ਸੀ। ਕੰਵਲ ਭਾਵੇਂ ਸਾਹਿਤਕ ਭੁੱਖ ਦੀ ਲੱਖ ਦੁਹਾਈ ਦੇਈ ਜਾਂਦਾ, ਲੋਕਾਂ ਨੇ ਜ਼ਰੂਰ ਦੁਰ ਦੁਰ ਕਰਨੀ ਸੀ। ਇਸ ਕਰਕੇ ਕੰਵਲ ਨੇ ਇਸ ਬੁੱਕਲ ਦੇ ਰਿਸ਼ਤੇ ਬਾਰੇ ਦੜ ਵੱਟ ਲਈ ਸੀ। ਉਹ ਹੀਰ ਦਾ ਆਸ਼ਕ ਸੀ, ਲੰਮੀ ਹੇਕ ਨਾਲ ਹੀਰ ਪੜ੍ਹਨੀ ਉਸ ਦਾ ਮਨਪਸੰਦ ਸ਼ੌਕ ਸੀ। ਵਾਰਸ ਸ਼ਾਹ ਉਸ ਨੂੰ ਸੱਚ ਮੁੱਚ ਹੀ ਅਕਲ ਦਾ ਕੋਟ ਜਾਪਦਾ ਸੀ। ਉਸ ਨੇ ਵਾਰਸ ਦੀ ਸਮਝੌਤੀ ਪੀਡੀ ਗੰਢ ਮਾਰ ਕੇ ਲੜ ਬੰਨ੍ਹ ਲਈ: ਵਾਰਸ ਸ਼ਾਹ ਨਾ ਭੇਤ ਸੰਦੂਕ ਖੁੱਲ੍ਹੇ ਭਾਵੇਂ ਜਾਨ ਦਾ ਜੰਦਰਾ ਟੁੱਟ ਜਾਵੇ।
ਕੰਵਲ ਨੇ ਡਾ. ਗਿੱਲ ਨਾਲ ਜੁੜੇ ਆਪਣੇ ਇਸ ਰਿਸ਼ਤੇ ਬਾਰੇ ਅਤਿ ਨੇੜਲਿਆਂ ਕੋਲ ਵੀ ਭਾਫ ਨਹੀਂ ਸੀ ਕੱਢੀ। ਇਥੇ ਉਸ ਨੇ ਆਪਣੇ ਜੱਟ ਸੁਭਾਅ ਦੇ ਉਲਟ ਬਿਲਕੁਲ ਮਹਾਜਨੀ ਮੱਤ ਵਰਤੀ ਸੀ। ਹੋਰ ਕੋਈ ਜੱਟ ਹੁੰਦਾ ਤਾਂ ਉਸ ਨੇ ਚਾਂਭ ਚਾਂਭ ਵਿਚ ਹੀ ਆਪਣੇ ਸੱਜਰੇ ਇਸ਼ਕ ਦਾ ਢੰਡੋਰਾ ਪਿੱਟਦੇ ਫਿਰਨਾ ਸੀ। ਜਿਵੇਂ ‘ਮਾੜੇ ਜੱਟ ਕਟੋਰਾ ਲੱਭਾ ਪਾਣੀ ਪੀ ਪੀ ਆਫਰਿਆ।’ ਕੰਵਲ ਨੇ ਤਾਂ ਬਾਕੀ ਲੇਖਕਾਂ ਦੇ ਮੁਕਾਬਲੇ ਬਹੁਤ ਵੱਡੀ ਮੱਲ ਮਾਰੀ ਸੀ। ਉਸ ਨੇ ਸਾਹਿਤਕ ਸੂਝ ਬੂਝ ਨਾਲ ਦੁਨਿਆਵੀ ਸਿਆਣਪ ਦੀ ਸਿਖਰ ਅਤੇ ਨਾਲ ਹੀ ਡਾਕਟਰਨੀ ਪੱਟ ਕੇ, ਇਕ ਤਰ੍ਹਾਂ ਨਾਲ ਇਸ਼ਕ ਦੇ ਪਿੜ ਵਿਚ ਝੰਡੀ ਫੇਰ ਦਿੱਤੀ ਸੀ।”
ਕੰਵਲ ਤੇ ਡਾ. ਗਿੱਲ ਦੀ ਦਿੱਲੀ ਵਿਚ ਹੋਈ ਪਹਿਲੀ ਮਿਲਣੀ ਤੋਂ ਬਾਅਦ ਚਿੱਠੀਆਂ ਰਾਹੀਂ ਉਨ੍ਹਾਂ ਦੀ ‘ਅੜਿਕਣਾ ਮੜਿਕਣਾ’ ਅੱਗੇ ਵਧਦੀ ਗਈ। ਫਿਰ ਉਹ ਗਾਹੇ ਬਗਾਹੇ ਸੂਰਜਪੁਰ ਜਾਣ ਲੱਗ ਪਿਆ। ਪਹਿਲੀ ਵਾਰ ਗਿਆ ਤਾਂ ਜਸਵੰਤ ਗਿੱਲ ਨੇ ਆਪਣੀ ਬੇ ਜੀ ਨਾਲ ਇਹ ਦੱਸ ਕੇ ਮਿਲਾਇਆ ਕਿ ਇਹ ਕੰਵਲ ਜੀ ਹਨ, ਬਹੁਤ ਵਧੀਆ ਨਾਵਲ ਲਿਖਦੇ ਹਨ। ਕੰਵਲ ਨੇ ਬੇ ਜੀ ਨੂੰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਬੁਲਾਈ। ਮਾਈ ਨੇ ‘ਬੇਟਾ, ਜਿਉਂਦਾ ਵਸਦਾ ਰਹੁ’ ਦੀ ਅਸੀਸ ਦਿੱਤੀ।
ਰੋਟੀ ਖਾ ਕੇ ਵਾਪਸ ਮੁੜਦਿਆਂ ਕੰਵਲ ਸੋਚ ਰਿਹਾ ਸੀ, ਸਾਡੇ ਸਬੰਧ ਕਿਵੇਂ ਜੁੜੇ ਰਹਿ ਸਕਦੇ ਹਨ? ਲਿਖਦਾ ਹੈ: ਉਤਸ਼ਾਹ ਵਿਚ ਆਈ ਮੇਰੀ ਆਸ਼ਾ ਨੂੰ ਕਾਲੇ ਗ੍ਰਹਿਣ ਨੇ ਫੜ ਲਿਆ। ਤੂੰ ਬੰਦਿਆ, ਬੱਚਿਆਂ ਵਾਲਾ, ਇਕ ਕੁਆਰੀ ਡਾਕਟਰ ਕੁੜੀ ਨਾਲ ਕਿਵੇਂ ਮਿੱਕ ਸਕਦਾ ਏਂ? ਇਕ ਸਾਦਾ ਈਮਾਨ ਵਾਲੀ ਕੁੜੀ ਨਾਲ ਸ਼ੁਗਲ ਵਜੋਂ ਮਿਲਣਾ ਉਸ ਨੂੰ ਧੋਖੇ ਵਿਚ ਰੱਖਣਾ ਨਹੀਂ?…ਸੋਚਾਂ ਵਿਚ ਗਲਤਾਨ ਅਖੀਰ ਮੈਂ ਇਸ ਸਿੱਟੇ ‘ਤੇ ਪੈਰ ਗੱਡ ਲਏ: ਭਲਾ ਦੋਸਤੀ ਰੱਖਣ ਵਿਚ ਕੀ ਹਰਜ ਐ? ਕੁੜੀ-ਮੁੰਡੇ ਦੀ ਦੋਸਤੀ ਕਦੇ ਵੀ ਕਮਲੇ ਰਾਹ ਪਾ ਸਕਦੀ ਐ। ਜਦ ਮਿਲਣ ਘਟਾ ਚੜ੍ਹੇਗੀ ਤਾਂ ਬਾਰਸ਼ ਵੀ ਆਵੇਗੀ। ਫਿਰ ਹੋਰ ਹੋਰ ਨਤੀਜੇ ਵੀ ਸਾਹਮਣੇ ਆਉਣਗੇ। ਤੂੰ ਵਿਗੜਦੇ ਹਾਲਾਤ ਨੂੰ ਸੰਭਾਲ ਨਹੀਂ ਸਕੇਂਗਾ। ਹਾਲੇ ਤੇਲ ਵੇਖੋ, ਤੇਲ ਦੀ ਧਾਰ ਤੱਕੋ। ਕਮਲੇ ਜਜ਼ਬਾਤ ਨੂੰ ਬੰਨ੍ਹ ਮਾਰੋ ਤੇ ਜ਼ਬਤ ਦਾ ਪੱਲਾ ਲੱਕ ਨਾਲ ਘੁੱਟ ਕੇ ਬੰਨ੍ਹਣ ਵਿਚ ਹੀ ਦਾਨਾਈ ਤੇ ਭਲਾਈ ਐ।”
ਆਖਰ ਮਿਲਣ ਘਟਾਵਾਂ ਚੜ੍ਹਦੀਆਂ ਗਈਆਂ, ਜਿਨ੍ਹਾਂ ਨਾਲ ਬਾਰਸ਼ ਹੋਣੀ ਹੀ ਸੀ। ਜਦੋਂ ਦਾਅ ਲੱਗਦਾ ਕੰਵਲ ਸੂਰਜਪੁਰ ਨੂੰ ਬੱਸ ਚੜ੍ਹ ਜਾਂਦਾ। ਟੂਰ ਪ੍ਰੋਗਰਾਮ ਬਣ ਜਾਂਦੇ। ਬੇ ਜੀ ਨੂੰ ਵੀ ਨਾਲ ਲਿਜਾਂਦੇ, ਪਰ ਉਹ ਜਾ ਕੇ ਰਾਜ਼ੀ ਨਾ ਹੁੰਦੀ। ਉਹ ਦਿਲੋਂ ਨਹੀਂ ਸੀ ਚਾਹੁੰਦੀ ਕਿ ਉਸ ਦੀ ਧੀ ਦਾ ਕੰਵਲ ਨਾਲ ਮੇਲ ਮਿਲਾਪ ਵਧੇ। ਕੰਵਲ ਦਾ ਉਨ੍ਹਾਂ ਦੇ ਘਰ ਆਉਣਾ ਜਾਣਾ ਉਸ ਨੂੰ ਰੜਕਣ ਲੱਗ ਪਿਆ ਸੀ। ਇਕ ਵਾਰ ਉਹ ਕਸ਼ਮੀਰ ਗਏ। ਉਥੇ ਦੋਹਾਂ ਦੀ ਨੇੜਤਾ ਹੋਰ ਵਧ ਗਈ। ‘ਰਾਤ ਬਾਕੀ ਹੈ’ ਨਾਵਲ ਕਸ਼ਮੀਰ ਵਿਚ ਹੀ ਲਿਖਿਆ ਗਿਆ ਸੀ, ਜੋ ਉਨ੍ਹਾਂ ਵਿਚਾਲੇ ਚਿੱਠੀ ਪੱਤਰ ਲਿਖਣ ਦਾ ਸਬੱਬ ਬਣਿਆ। ਕਸ਼ਮੀਰ ਬੇ ਜੀ ਵੀ ਉਨ੍ਹਾਂ ਦੇ ਨਾਲ ਸਨ, ਪਰ ਉਹ ਉਖੜੇ ਉਖੜੇ ਰਹੇ। ਕੰਵਲ ਨੇ ਸਮਝ ਲਿਆ ਕਿ ਬੇ ਜੀ ਨੂੰ ਉਨ੍ਹਾਂ ਦਾ ਮਿਲਣਾ ਤੇ ਸੈਰ ਸਪਾਟਾ ਕਰਨਾ ਚੰਗਾ ਨਹੀਂ ਲੱਗਦਾ।
ਸੂਰਜਪੁਰ ਤੋਂ ਚੱਲਣ ਸਮੇਂ ਉਹ ਖੁਸ਼ ਸਨ; ਪਰ ਕਸ਼ਮੀਰ ਆ ਕੇ ਨਾਮਾਨੂੰ ਬਣ ਗਏ। ਜਸਵੰਤ ਗਿੱਲ ਬੇ ਜੀ ਦੇ ਰਵੱਈਏ ਕਾਰਨ ਮੁਰਝਾਈ ਪਈ ਸੀ। ਕੰਵਲ ਲਿਖਦੈ, “ਮੈਂ ਮਾਂ ਧੀ ਦੇ ਵਿਰੋਧ ਦਾ ਕੁਝ ਨਹੀਂ ਕਰ ਸਕਦਾ ਸੀ। ਮੈਂ ਫਰਜ਼ਾਂ ਦੇ ਵਿਰੋਧ ਵਿਚ ਫਸਿਆ ਪੰਛੀ ਸਾਂ। ਅਸਲ ਵਿਰੋਧ ਦੀ ਜੜ੍ਹ ਮੈਂ ਹੀ ਸਾਂ। ਇਕ ਵਾਰ ਪਹਿਲਾਂ ਅਜਿਹੇ ਵਿਰੋਧ ਵਿਚ ਮੈਂ ਬੇ ਜੀ ਨੂੰ ਕਿਹਾ ਸੀ, “ਬੇ ਜੀ, ਜੇ ਤੁਹਾਡੇ ਮਨ ‘ਤੇ ਮੇਰਾ ਆਉਣਾ ਬੋਝ ਪਾਉਂਦਾ ਏ, ਮੈਂ ਕਦੇ ਨਹੀਂ ਆਵਾਂਗਾ। ਤੁਸੀਂ ਆਪਣੀ ਬੇਟੀ ਨਾਲ ਖੰਡ ਖੀਰ ਰਹੋ। ਮਨ ਨੂੰ ਕਲਪਾਓ ਨਾ।”
ਮੈਂ ਭਾਵੇਂ ਜਸਵੰਤ ਨੂੰ ਸੱਚੇ ਦਿਲੋਂ ਪਿਆਰ ਕਰਦਾ ਸਾਂ; ਪਰ ਮਾਂ ਨੂੰ ਇਹ ਨਾਤਾ ਕਿਵੇਂ ਬਰਦਾਸ਼ਤ ਹੋ ਸਕਦਾ ਸੀ? ਪਰ ਡਾ. ਸਾਹਿਬ ਨੂੰ ਇਹ ਕਿਵੇਂ ਵੀ ਮਨਜ਼ੂਰ ਨਹੀਂ ਸੀ। ਉਸ ਮੇਰੇ ਕੋਲ ਖਲੋਤਿਆਂ ਫਫਿਆ ਕੇ ਕਿਹਾ, “ਜਾਣ ਤੋਂ ਪਹਿਲਾਂ ਮੇਰਾ ਗਲ ਘੁੱਟ ਜਾਓ!”
ਅਸਲ ਵਿਚ ਤੁਰਨ ਤੋਂ ਪਹਿਲਾਂ ਮੇਰਾ ਗਲ ਘੁੱਟਿਆ ਪਿਆ ਸੀ। ਇਹ ਅੜੀ, ਝਿਜਕ ਤੇ ਨਾਂਹ ਬੇ ਜੀ ਦੇ ਦਿਲੋਂ ਆਖਰੀ ਦਮ ਤਕ ਨਾ ਗਈ। ਮੈਂ ਆਪਣੇ ਪਛਤਾਵੇ ਤੋਂ ਦੁਖੀ ਸਾਂ। ਕਿਸੇ ਦੀ ਆਤਮਾ ਨੂੰ ਦੁਖੀ ਕਰ ਕੇ ਮਿਲਣਾ, ਅਸਲੋਂ ਗਲਤ ਐ। ਜਦ ਜਸਵੰਤ ਦੇ ਉਤਰੇ ਮੂੰਹ ਵੱਲ ਵੇਖਦਾ, ਬਹੁਤ ਹੀ ਪ੍ਰੇਸ਼ਾਨ ਹੁੰਦਾ। ਜਸਵੰਤ ਦੀਆਂ ਭਰੀਆਂ ਅੱਖਾਂ ਵੇਖਦਾ, ਕੁਲ੍ਹਾੜੀ ਦੇ ਗੰਨੇ ਵਾਂਗ ਪੀੜਿਆ ਜਾਂਦਾ, ਪਰ ਉਹਦੇ ਨਾਲ ਜੁੜੇ ਰਹਿਣ ਦਾ ਗੁਰੂ ਅੱਗੇ ਮੱਥਾ ਟੇਕ ਚੁਕਾ ਸਾਂ।
ਜਸਵੰਤ ਗਿੱਲ ਦਾ ਕਹਿਣਾ ਸੀ, “ਸੱਚੇ ਦਿਲੋਂ ਤੇ ਪੂਰੇ ਯਤਨਾਂ ਨਾਲ ਮੈਂ ਬੇ ਜੀ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਨੀ ਆਂ, ਪਰ ਬੇ ਜੀ ਦੀ ਨਾਮਾਨੂੰ ਗੰਢ ਹੋਰ ਪੀਡੀ ਹੋਈ ਜਾ ਰਹੀ ਹੈ।” ਉਸ ਬਹੁਤ ਹੱਦ ਤਕ ਗੱਲ ਸਾਫ ਕਰ ਦਿੱਤੀ, “ਹੋਰ ਕੋਈ ਭਰਾ ਭਾਈ ਬੇ ਜੀ ਨੂੰ ਨਾਲ ਰੱਖਣ ਲਈ ਤਿਆਰ ਨਹੀਂ। ਇਨ੍ਹਾਂ ਹੁਣ ਤਕ ਖੁੱਲ੍ਹੀ ਆਜ਼ਾਦੀ ਮਾਣੀ ਐ। ਇਨ੍ਹਾਂ ਨੂੰ ਇਹ ਅਹਿਸਾਸ ਨਹੀਂ; ਮੇਰੀ ਵੀ ਜਿਉਣ ਦੀ ਭਾਵਨਾ ਹੈ।” ਉਸ ਅਗਾਂਹ ਗੱਲ ਸੰਕੋਚ ਲਈ।
ਜਸਵੰਤ ਗਿੱਲ ਨੇ ਕੰਵਲ ਨੂੰ ਇਕ ਵਾਰ ਇਹ ਵੀ ਦੱਸਿਆ, “ਮੈਨੂੰ ਡਾਕਟਰ ਬਣਾਉਣ ਵਾਲਾ ਉਹਦਾ ਵੱਡਾ ਭਰਾ ਸੀ। ਉਹ ਬਿਹਾਰ ਵਿਚ ਕੋਲੇ ਦੀਆਂ ਖਾਨਾਂ ਵਿਚ ਮੈਨੇਜਰ ਸੀ।” ਉਸ ਹਉਕਾ ਭਰਿਆ, “ਉਸ ਦੀ ਅਚਾਨਕ ਮੌਤ ਹੋ ਗਈ…।”
“ਹਾਇ! ਬੇਹੱਦ ਅਫਸੋਸ!” ਮੈਂ ਥਾਂਏਂ ਹਉਕਾ ਭਰ ਗਿਆ। ਜਸਵੰਤ ਨੇ ਭਰੇ ਗਲੇ ਨਾਲ ਗੱਲ ਅਗਾਂਹ ਤੋਰੀ, “ਉਸ ਦੀਆਂ ਦੋ ਲੜਕੀਆਂ ਤੇ ਇਕ ਲੜਕਾ ਹੈ। ਉਸ ਮੈਨੂੰ ਖਰਚ ਝੱਲ ਕੇ ਡਾਕਟਰ ਬਣਾਇਆ ਸੀ। ਹੁਣ ਉਸ ਦੇ ਬੱਚਿਆਂ ਨੂੰ ਆਰਥਕ ਪੱਖੋਂ ਪੈਰਾਂ ਸਿਰ ਕਰਨਾ ਮੇਰੀ ਜਿੰਮੇਵਾਰੀ ਹੈ; ਮੇਰਾ ਜ਼ਰੂਰੀ ਫਰਜ਼ ਐ।”
“ਇਹ ਤਾਂ ਬਹੁਤ ਵਧੀਆ ਗੱਲ ਐ। ਮੈਂ ਤੇਰੇ ਨਾਲ ਖਲੋਵਾਂਗਾ।” ਮੈਂ ਬਾਬੜ ਕੇ ਹਾਮੀ ਭਰ ਦਿੱਤੀ।
“ਗੱਲ ਤਾਂ ਵਧੀਆ ਹੈ, ਮੈਂ ਡਰਦੀ ਆਂ, ਇਸ ਵਿਚ ਪੁਆੜਾ ਵੀ ਵੱਡਾ ਏ।” ਉਹਦੀਆਂ ਨਜ਼ਰਾਂ ਕਿੱਲ ਵਾਂਗ ਮੇਰੇ ਚਿਹਰੇ ‘ਤੇ ਗੱਡੀਆਂ ਹੋਈਆਂ ਸਨ।
“ਤੂੰ ਔਖ ਕਿਉਂ ਮਹਿਸੂਸ ਕਰਦੀ ਏਂ? ਦੱਸ ਤਾਂ ਸਹੀ।” ਮੈਂ ਉਹਦੀ ਮਜਬੂਰੀ ਤੋੜਨਾ ਚਾਹੁੰਦਾ ਸਾਂ।
“ਪੰਜ ਸਾਲ ਹੋਰ ਮੇਰੀ ਇੰਤਜ਼ਾਰ ਕਰ ਸਕਦਾ ਏਂ?” ਮੇਰੇ ਉਤਰ ਦੀ ਹੈਰਾਨੀ ਨੂੰ ਅਨੁਭਵ ਕਰਦੀ ਉਹ ਆਪਣੇ ਪਤਲੇ ਬੁੱਲ੍ਹਾਂ ‘ਤੇ ਉਂਗਲ ਧਰੀ ਬੈਠੀ ਸੀ।
“ਉਮਰ ਭਰ ਤੇਰਾ ਇੰਤਜ਼ਾਰ ਕਰ ਸਕਦਾਂ।” ਸੁਣਨ ਸਾਰ ਉਸ ਮੇਰਾ ਹੱਥ ਪੂਰੇ ਜ਼ੋਰ ਨਾਲ ਘੁੱਟ ਲਿਆ।
“ਜਿੰਦ ਹਾਜ਼ਰ ਐ ਚੰਨੋ।” ਕਿਸੇ ਦਿਲ ਵਾਲੇ ਨੇ ਕਿਹਾ ਸੀ, “ਭਾਵੇਂ ਵੇਚ ਲੈ ਹੱਟ ਬਾਜ਼ਾਰ ਮੈਨੂੰ।”
“ਬੱਸ ਹਾਣੀਆਂ! ਹੋਰ ਕੁਝ ਨਹੀਂ ਚਾਹੀਦਾ। ਮੈਨੂੰ ਭਰੋਸਾ ਹੈ, ਤੂੰ ਮੇਰਾ ਸਰਬਹਾਰਾ ਬਣੇਂਗਾ।”
ਪਰ ਸਥਿਤੀ ਏਨੀ ਸਰਲ ਨਹੀਂ ਸੀ। ਭਵਸਾਗਰ ਤਰਨਾ ਪੈਣਾ ਸੀ। ਕੰਵਲ ਅਜੀਤਵਾਲ ਜਿਸ ਘਰ ਵਿਆਹਿਆ ਸੀ, ਕਿੱਲਾ ਉਨ੍ਹਾਂ ਦਾ ਵੀ ਤਕੜਾ ਸੀ। ਪੜ੍ਹੇ-ਲਿਖੇ ਬੰਦੇ ਸਨ। ਉਹ ਚਾਰ ਧੀਆਂ ਦਾ ਬਾਪ ਬਣ ਚੁਕਾ ਸੀ। ਪੈਂਤੀ ਕੁ ਸਾਲਾਂ ਦੀ ਉਮਰ ਸੀ। ਪ੍ਰਸਿੱਧ ਲੇਖਕ ਸੀ। ਪਿੰਡ ਦਾ ਮੋਹਤਬਰ ਸੀ। ਘਰਾਂ ਦੇ ਝਗੜਿਆਂ ਝੇੜਿਆਂ ਦੇ ਫੈਸਲੇ ਕਰਦਾ ਸੀ। ਬਿਨਾ ਸ਼ੱਕ ਇਸ਼ਕ ਸੱਚਾ ਸੀ। ਸੀ ਪਰ ਲੁਕ ਛਿਪ ਕੇ ਕਰਨ ਵਾਲਾ, ਤੇ ਕੀਤਾ ਵੀ ਕਈ ਸਾਲ ਇੰਜ ਹੀ। ਪਰ ਆਖਰ ਤਾਂ ਢੋਲ ਵੱਜਣੇ ਈ ਸਨ।
ਕੰਵਲ ਭਾਵੇਂ ਜਸਵੰਤ ਨਾਲ ਵਿਆਹ ਕਰਾਉਣੋਂ ਬਚਣਾ ਚਾਹੁੰਦਾ ਸੀ, ਪਰ ਜਸਵੰਤ ਗਿੱਲ ਨੇ ਪੇਸ਼ ਨਾ ਜਾਣ ਦਿੱਤੀ। ਇਕ ਦਿਨ ਸੂਰਜਪੁਰ ਨੇੜੇ ਗੁਰਦੁਆਰਾ ਨਾਡਾ ਸਾਹਿਬ ਲੈ ਗਈ। ਦੋਹਾਂ ਨੇ ਗੁਰੂ ਗ੍ਰੰਥ ਸਾਹਿਬ ਸਾਹਮਣੇ ਸਿਰ ਨਿਵਾ ਕੇ ਕੌਲ ਇਕਰਾਰ ਕਰ ਲਏ ਕਿ ਜੀਵਨ ਭਰ ਸਾਥੀ ਰਹਾਂਗੇ। ਪਤੀ-ਪਤਨੀ ਬਣਨ ਦੀ ਇਹ ਦੋਹਾਂ ਦੀ ਸਹੁੰ ਸੀ, ਜਿਸ ਵਿਚ ਗੁਰੂ ਤੋਂ ਸਿਵਾ ਕੋਈ ਤੀਜਾ ਹਾਜ਼ਰ ਨਹੀਂ ਸੀ। ਨਾ ਰਜਿਸਟਰ, ਨਾ ਗਵਾਹੀ। ਉਸ ਸਮੇਂ ਦੀ ਸਥਿਤੀ ਨੂੰ ਕੰਵਲ ਨੇ ਆਪਣੀ ਵਿਥਿਆ ਵਿਚ ਇੰਜ ਬਿਆਨ ਕੀਤਾ ਹੈ:
ਜਸਵੰਤ ਨੇ ਕਿਹਾ, “ਚਲ ਤੁਰ ਮਹਾਰਾਜ ਅੱਗੇ, ਮੇਰੇ ਨਾਲ ਬਰਾਬਰ ਮੱਥਾ ਟੇਕ।”
ਉਸ ਇਕ ਤਰ੍ਹਾਂ ਕੰਨੋਂ ਫੜ ਕੇ ਅੱਗੇ ਤੋਰ ਲਿਆ। ਮੈਂ ਹਾਲੇ ਵੀ ਖਤਰਿਆਂ ਨੂੰ ਮਹਿਸੂਸ ਕਰਦਾ ਸਾਂ ਕਿਉਂਕਿ ਆਉਣ ਵਾਲੀਆਂ ਔਕੜਾਂ ਨਾਲ ਮੱਥਾ ਲਾਉਣਾ ਪੈਣਾ ਸੀ; ਪਰ ਉਹ ਸ਼ੇਰ ਦੀ ਬੱਚੀ ਅਸਲੋਂ ਬੇਪ੍ਰਵਾਹ ਸੀ।
ਅਸਾਂ ਦੋਹਾਂ ਸੱਚੇ ਦਿਲੋਂ, ਹੱਥ ਜੋੜ, ਗੁਰੂ ਅੱਗੇ ਬਰਾਬਰ ਮੱਥਾ ਜਾ ਟੇਕਿਆ। ਮੇਰੇ ਮੂੰਹੋਂ ਨਿਕਲ ਗਿਆ, “ਬਾਬਾ ਗੁਰੂ! ਸਾਡੀ ਲਾਜ ਰੱਖੀਂ, ਤੇਰੇ ਭਟਕੇ ਬੱਚੇ ਆਂ।”
ਗੁਰੂ ਅੱਗੇ ਦਿਲ ਦੇ ਸਾਥ ਨਾਲ ਰਹਿਣ ਦਾ ਪ੍ਰਣ ਕਰ ਕੇ ਅਸੀਂ ਗੁਰੂ ਘਰ ਤੋਂ ਬਾਹਰ ਆ ਗਏ।
“ਅੱਜ ਮੈਂ ਤੁਹਾਨੂੰ ਸੱਚੇ ਦਿਲੋਂ ਪਾ ਕੇ ਬੇਹੱਦ ਖੁਸ਼ ਆਂ। ਤੁਹਾਡੀਆਂ ਝਿਜਕਾਂ ਨੇ ਤਾਂ ਮੈਨੂੰ ਮਾਰ ਈ ਸੁੱਟਿਆ ਸੀ।” ਉਹਦੀ ਮੁਸਕਾਨ ਮਹਿਕਾਂ ਖਿਲਾਰ ਰਹੀ ਸੀ। “ਤੂੰ ਮਨੂੰਆਂ ਖੁਸ਼ ਨਹੀਂ? ਤੈਨੂੰ ਦੱਸਾਂ, ਸੋਨਾ ਤਾਂ ਤੂੰ ਹੈਂ, ਪਰ ਭਖਾਰੇ ਚਾੜ੍ਹਨ ਵਾਲਾ ਏਂ।”
“ਗੁਰੂ ਅੱਗੇ ਭਖਾਰੇ ਤਾਂ ਚੜ੍ਹ ਹੀ ਗਿਆਂ; ਪੁੱਠਾ ਸਿੱਧਾ ਪਕਾਈ ਚੱਲੀਂ। ਮੈਂ ਤੇਰੀ ਦਿੱਤੀ ਖੁਸ਼ੀ ਨਾਲ ਬਾਗੋ ਬਾਗ ਆਂ।” ਊਂ ਮੇਰਾ ਦਿਲ ਧੜਕ ਧੜਕ ਪੈਂਦਾ ਸੀ। ਮੈਂ ਦਿਲ ਦੇ ਅੱਧ ਨਹੋਰੇ ਨਾਲ ਆਖਿਆ, “ਮੇਰਾ ਕੱਚ ਪਿੱਲ ਭਖਾਰੇ ਚਾੜ੍ਹ ਕੇ ਨਖਾਰ ਲਵੇਂਗੀ?”
“ਮੇਰੀ ਦਿੱਤੀ ਖੁਸ਼ੀ ਕਿਉਂ? ਕੁਦਰਤ ਦੀ ਦਿੱਤੀ ਕਿਉਂ ਨਹੀਂ ਆਖਦਾ?” ਮੈਨੂੰ ਲੱਗਾ ਜਿਵੇਂ ਉਹ ਮੇਰੀ ਸਵਾਰੀ ਕਰ ਰਹੀ ਐ।
“ਜਦੋਂ ਗੁਰੂ ਅੱਗੇ ਵਚਨ ਹੋ ਗਿਆ, ਹੱਥ ‘ਤੇ ਅੰਗੂਠਾ ਲਾ ਦਿੱਤਾ; ਬਾਕੀ ਕੀ ਰਹਿ ਗਿਆ? ਪਰ ਮੈਂ ਹਾਲਾਤ ਵੱਲੋਂ ਬੇਪ੍ਰਵਾਹ ਨਹੀਂ ਹੋ ਸਕਦਾ। ਮੂਡ ਵਿਚ ਆਇਆ ਹਾਸ਼ਮ ਕਹਿੰਦਾ ਸੀ: ਤੈਨੂੰ ਹੁਸਨ ਖਰਾਬ ਕਰੇਂਦਾ, ਮੈਨੂੰ ਸਮਝ ਸਤਾਇਆ।”
ਕੰਵਲ ਤੇ ਜਸਵੰਤ ਗਿੱਲ ਕੋਲ ਦਲੀਲਾਂ ਸਨ ਕਿ ਉਨ੍ਹਾਂ ਨੇ ਰੂਹ ਦੇ ਹਾਣੀ ਚੁਣੇ ਹਨ। ਕੰਵਲ ਦਾ ਤਰਕ ਸੀ ਕਿ ਚੰਗਾ ਸਾਹਿਤ ਰਚਣ ਲਈ ਵਿਚਾਰਾਂ ਦਾ ਹਾਣੀ ਮਿਲਣਾ ਚਾਹੀਦਾ ਹੈ। ਇਹੋ ਗੱਲ ਜਸਵੰਤ ਗਿੱਲ ਕਹਿੰਦੀ ਸੀ। ਪਰ ਪੰਜਾਬੀ ਸਮਾਜ ਅਜੇ ਏਨੀ ਖੁੱਲ੍ਹ ਨਹੀਂ ਸੀ ਦਿੰਦਾ। ਜੰਗ ਬਹਾਦੁਰ ਗੋਇਲ ਨੇ ਆਪਣੀ ਪੁਸਤਕ ‘ਮੁਹੱਬਤਨਾਮਾ’ ਵਿਚ ਜਿਨ੍ਹਾਂ ਲੇਖਕਾਂ ਤੇ ਕਲਾਕਾਰਾਂ ਦੀਆਂ ਮੁਹੱਬਤਾਂ ਨੂੰ ਵਡਿਆਇਆ ਹੈ, ਉਹ ਵਧੇਰੇ ਕਰ ਕੇ ਪੱਛਮੀ ਸਮਾਜ ਦੇ ਸਨ। ਕੇਵਲ ਰਾਬਿੰਦਰ ਨਾਥ ਟੈਗੋਰ ਤੇ ਅੰਮ੍ਰਿਤਾ ਪ੍ਰੀਤਮ ਹੀ ਭਾਰਤੀ ਸਨ। ਅੰਮ੍ਰਿਤਾ ਪ੍ਰੀਤਮ ਨੂੰ ਤਾਂ ਅਜੇ ਵੀ ਕਈ ਆਲੋਚਕ ਪੁਣੀ ਜਾਂਦੇ ਹਨ ਕਿ ਉਸ ਨੇ ਉਹਦੀ ਹਰ ਗੱਲ ਮੰਨਣ ਵਾਲਾ ਪਤੀ ਪ੍ਰੀਤਮ ਸਿੰਘ ਛੱਡਿਆ ਤੇ ਪ੍ਰੇਮੀ ਅਪਨਾਏ। ਪੰਜਾਬੀ ਸਮਾਜ ਵਿਚ ਮਰਦ ਦੇ ਦੂਜੇ ਵਿਆਹ ਦੀ ਪ੍ਰਥਾ ਤਾਂ ਸੀ, ਪਰ ਉਹਦੇ ਲਈ ਪਹਿਲੀ ਪਤਨੀ ਤੇ ਪਰਿਵਾਰ ਦੀ ਸਹਿਮਤੀ ਚਾਹੀਦੀ ਸੀ। ਕੰਵਲ ਦੇ ਕੇਸ ‘ਤੇ ਇਹ ਨਹੀਂ ਸੀ ਢੁੱਕਦੀ।
ਕੰਵਲ ਨੇ ਹੌਲੀ ਹੌਲੀ ਆਪਣੀ ਪਤਨੀ ਮੁਖਤਿਆਰ ਕੌਰ ਨੂੰ ਨਵੀਂ ਸਥਿਤੀ ਲਈ ਤਿਆਰ ਕਰਨਾ ਸ਼ੁਰੂ ਕਰ ਲਿਆ। 2011 ਵਿਚ ਕਿਸੇ ਲੇਖਕ ਨੇ ਕੰਵਲ ਨਾਲ ਇੰਟਰਵਿਊ ਕਰਦਿਆਂ ਸਿੱਧਾ ਸਵਾਲ ਕੀਤਾ, “ਕੰਵਲ ਸਾਹਿਬ, ਤੁਹਾਡੇ ਦੂਜਾ ਵਿਆਹ ਕਰਵਾਉਣ ‘ਤੇ ਕੀ ਤੁਹਾਡੀ ਪਹਿਲੀ ਪਤਨੀ ਮੁਖਤਿਆਰ ਕੌਰ ਨੇ ਵਿਰੋਧ ਨਹੀਂ ਕੀਤਾ?”
ਕੰਵਲ ਦਾ ਸਪੱਸ਼ਟ ਜਵਾਬ ਸੀ, “ਹਾਂ ਕੀਤਾ ਸੀ। ਮੈਂ ਉਸ ਨੂੰ ਸਮਝਾਇਆ, ਉਸ ਨੂੰ ਵਿਚਾਰਾਂ ਦੀ ਸਾਂਝ ਬਾਰੇ ਦੱਸਿਆ ਪਰ ਉਸ ਨੇ ਨਾਰਾਜ਼ਗੀ ਰੱਖੀ। ਮੇਰੀ ਮਾਤਾ ਜੀ ਨੇ ਵੀ ਉਸ ਨੂੰ ਬਹੁਤ ਸਮਝਾਇਆ। ਕੁਝ ਸਮਾਂ ਫਰਕ ਵੀ ਪਏ ਰਹੇ। ਮੁਖਤਿਆਰ ਕੌਰ ਇਕ ਗੰਭੀਰ ਬੀਮਾਰੀ ਦੀ ਮਰੀਜ਼ ਸੀ। ਉਸ ਦਾ ਕਿਤੋਂ ਇਲਾਜ ਨਹੀਂ ਸੀ ਹੋ ਰਿਹਾ। ਡਾ. ਜਸਵੰਤ ਗਿੱਲ ਨੇ ਉਸ ਨੂੰ ਵਿਸ਼ਵਾਸ ਵਿਚ ਲੈ ਕੇ ਉਸ ਦਾ ਇਲਾਜ ਕਰ ਦਿੱਤਾ ਤੇ ਫਿਰ ਉਹ ਦੋਵੇਂ ਪੱਕੀਆਂ ਸਹੇਲੀਆਂ ਬਣ ਕੇ ਰਹਿਣ ਲੱਗੀਆਂ। ਡਾ. ਜਸਵੰਤ ਗਿੱਲ ਦੀ ਮੌਤ ਸਤੰਬਰ 1997 ਵਿਚ ਹੋਈ ਸੀ ਅਤੇ ਮੁਖਤਿਆਰ ਕੌਰ ਦੀ ਮੌਤ ਨਵੰਬਰ 2008 ਵਿਚ ਹੋਈ ਸੀ।
ਦੂਜਾ ਸਵਾਲ ਸੀ, “ਡਾ. ਜਸਵੰਤ ਗਿੱਲ ਦੀ ਜਾਇਦਾਦ ਅਤੇ ਪੈਸੇ ਦਾ ਕੀ ਕੀਤਾ?
ਕੰਵਲ ਦਾ ਜਵਾਬ ਸੀ, “ਡਾ. ਜਸਵੰਤ ਗਿੱਲ ਦੀ ਸਾਰੀ ਜਾਇਦਾਦ ਉਸੇ ਨੇ ਭਰਾਵਾਂ ਦੇ ਨਾਂ ਕਰਵਾ ਦਿੱਤੀ ਸੀ ਅਤੇ ਬੈਂਕ ਬੈਲੈਂਸ ਉਸ ਨੇ ਮੇਰੇ ਨਾਂ ਕਰਵਾਇਆ ਸੀ। ਉਹ ਲੰਮਾ ਸਮਾਂ ਬੀਮਾਰ ਰਹੀ ਤੇ ਬਹੁਤ ਸਾਰਾ ਪੈਸਾ ਉਸ ਦੇ ਇਲਾਜ ‘ਤੇ ਖਰਚ ਹੋਇਆ। ਅਸੀਂ ਦੋਹਾਂ ਨੇ ਸੈਰਾਂ ਵੀ ਬਹੁਤ ਕੀਤੀਆਂ।”
ਕੰਵਲ ਨੇ ਇਹ ਵੀ ਦੱਸਿਆ ਕਿ ਮੇਰੇ ਵਿਆਹ ਤੋਂ ਕਾਫੀ ਸਾਲ ਪਹਿਲਾਂ ਹੀ ਮੇਰੀ ਮੰਗਣੀ, ਲਾਗਲੇ ਪਿੰਡ ਅਜੀਤਵਾਲ ਦੀ ਮੁਖਤਿਆਰ ਕੌਰ ਨਾਲ ਹੋਈ ਹੋਈ ਸੀ, ਪਰ ਮੈਂ ਲੰਮਾ ਸਮਾਂ ਵਿਆਹ ਨਹੀਂ ਸੀ ਕਰਵਾਇਆ, ਕਿਉਂਕਿ ਮੈਂ ਆਪਣੇ ਸਮਾਨ ਵਿਚਾਰਾਂ ਵਾਲੀ ਜੀਵਨ ਸਾਥਣ ਚਾਹੁੰਦਾ ਸੀ। ਜਦੋਂ ਹਾਲਾਤ ਮੁਤਾਬਿਕ ਸੰਭਵ ਨਾ ਹੋਇਆ ਤਾਂ ਮੈਂ ਸੰਨ 1942 ਵਿਚ ਆਪਣੇ ਸਾਰੇ ਭੈਣ ਭਰਾਵਾਂ ਦੇ ਵਿਆਹਾਂ ਤੋਂ ਬਾਅਦ ਆਪਣਾ ਵਿਆਹ ਮੁਖਤਿਆਰ ਕੌਰ ਨਾਲ ਹੀ ਕਰਵਾ ਲਿਆ ਸੀ।
ਕੰਵਲ ਦੇ ਇਨ੍ਹਾਂ ਜਵਾਬਾਂ ਤੋਂ ਜਾਪਦਾ ਹੈ ਕਿ ਉਸ ਦਾ ਪਹਿਲਾ ਵਿਆਹ ਮਜਬੂਰੀ ਦਾ ਸੀ।
ਰਾਜਿੰਦਰ ਸਿੰਘ ਰਾਹੀ ਆਪਣੀ ਪੁਸਤਕ ‘ਪੰਜਾਬ ਦੀ ਪੱਗ ਜਸਵੰਤ ਸਿੰਘ ਕੰਵਲ’ ਵਿਚ ਲਿਖਦੈ, “ਦੇਖਿਆ ਜਾਵੇ ਤਾਂ ਮਨੁੱਖੀ ਰਿਸ਼ਤਿਆਂ ਖਾਸ ਕਰਕੇ ਪਤੀ ਪਤਨੀ ਦੇ ਰਿਸ਼ਤੇ ਵਿਚ ਚੌਰਸ ਕਿੱਲ ਬਣੇ ਕਿਸੇ ਤੀਜੇ ਨੂੰ ਬਰਦਾਸ਼ਤ ਕਰਨਾ ਐਨਾ ਸੌਖਾ ਤੇ ਸਰਲ ਨਹੀਂ ਹੁੰਦਾ। ਕੰਵਲ ਸਾਹਿਬ ਦੀ ਪ੍ਰਮਾਣਿਕ ਜੀਵਨੀ ਲਿਖਣ ਵਾਲੇ ਕਿਸੇ ਲੇਖਕ ਸਾਹਮਣੇ ਮੁਖਤਿਆਰ ਕੌਰ ਦੀ ਮਾਨਸਿਕਤਾ ਵੰਗਾਰ ਬਣ ਕੇ ਖੜ੍ਹੀ ਹੈ। ਦੇਖਦੇ ਹਾਂ ਉਹ ਕਿਵੇਂ ਇਸ ਦੀਆਂ ਪਰਤਾਂ ਖੋਲ੍ਹਦਾ ਹੈ? ਜੱਟ ਕਿਸਾਨੀ ਸਮਾਜ ਦੇ ਆਰਥਕ ਤੇ ਸਭਿਆਚਾਰਕ ਧਰਾਤਲਾਂ ਦੀ ਚੀਰ ਫਾੜ ਕਰਿਆਂ ਇਸ ਦਾ ਮੋਟਾ ਜਿਹਾ ਵਿਸ਼ਲੇਸ਼ਣ ਤਾਂ ਕੀਤਾ ਜਾ ਸਕਦਾ ਹੈ। ਜਿਵੇਂ ਕਿ ਉਪਰੋਥਲੀ ਚਾਰ ਕੁੜੀਆਂ ਜੰਮ ਪੈਣ ਨਾਲ ਕਿਸਾਨੀ ਸਮਾਜ ਵਿਚ ਕਿਸੇ ਵੀ ਔਰਤ ਦੀ ਸਮਾਜੀ ਤੇ ਪਰਿਵਾਰਕ ਹੈਸੀਅਤ ਦਾ ਪਤਲਾ ਪੈ ਜਾਣਾ ਲਾਜ਼ਮੀ ਹੈ। ਇਹ ਸਮਝ ਤਾਂ ਹੁਣ ਬਣੀ ਹੈ ਕਿ ਕੁੜੀ ਜਾਂ ਮੁੰਡਾ ਜੰਮਣਾ ਔਰਤ ਦੇ ਵੱਸ ਦੀ ਗੱਲ ਨਹੀਂ, ਇਸ ਨੂੰ ਤਾਂ ਮਰਦ ਹੀ ਨਿਰਧਾਰਤ ਕਰਦਾ ਹੈ। ਪਰ ਅੱਧੀ ਸਦੀ ਪਹਿਲਾਂ (1950ਵਿਆਂ) ਦੇ ਸਮਾਜ ਵਿਚ ਕੁੜੀਆਂ ਜੰਮਣ ਲਈ ਸਿਰਫ ਮਾਂ ਨੂੰ ਹੀ ਦੋਸ਼ੀ ਠਹਿਰਾਇਆ ਜਾਂਦਾ ਸੀ। ਪੇਂਡੂ ਸਮਾਜ ਵਿਚ ਸਿਰਫ ਕੁੜੀਆਂ ਹੀ ਕੁੜੀਆਂ ਜੰਮਣ ਵਾਲੀ ਮਾਂ ਨੂੰ ਪਰਿਵਾਰ ਤਾਂ ਪਰਿਵਾਰ, ਆਲੇ ਦੁਆਲੇ ਦੀਆਂ ਤੀਵੀਆਂ ਵੱਲੋਂ ਵੀ ਨਹਿਸ਼ ਸਮਝਿਆ ਜਾਂਦਾ ਸੀ। ਸ਼ਗਨ ਸਾਰਥਾਂ ਵੇਲੇ ਉਨ੍ਹਾਂ ਔਰਤਾਂ ਨੂੰ, ਜਿਨ੍ਹਾਂ ਦੇ ਬੱਚੇ ਮਰ ਜਾਂਦੇ ਹੋਣ ਜਾਂ ਸਿਰਫ ਕੁੜੀਆਂ ਹੀ ਕੁੜੀਆਂ ਜੰਮਦੀਆਂ ਹੋਣ, ਪਾਸੇ ਰੱਖਿਆ ਜਾਂਦਾ ਸੀ। ਅਜਿਹੀਆਂ ਔਰਤਾਂ ਦਾ ਨਵਜੰਮੇ ਮੁੰਡਿਆਂ ‘ਤੇ ਪਰਛਾਵਾਂ ਪੈਣ ਨੂੰ ਵੀ ਨਹਿਸ਼ ਸਮਝਿਆ ਜਾਂਦਾ ਸੀ ਤੇ ਬੱਚੇ ਇਨ੍ਹਾਂ ਤੋਂ ਪਰ੍ਹਾਂ ਰੱਖੇ ਜਾਂਦੇ ਸਨ। ਕੱਬੀਆਂ ਸੱਸਾਂ ਅਤੇ ਦਰਾਣੇ-ਜਠਾਣੇ ਵਿਚ ਵੀ ਅਜਿਹੀਆਂ ਔਰਤਾਂ ਨੂੰ ਦਿਲ ਚੀਰਵੇਂ ਤਾਅਨਿਆਂ ਅਤੇ ਤ੍ਰਿਸਕਾਰ ਦਾ ਸਾਹਮਣਾ ਕਰਨਾ ਪੈਂਦਾ ਸੀ। ਜੇ ਘਰ ਵਾਲਾ ਵੀ ਕਲੇਸ਼ ਕਰਨ ਲੱਗ ਜਾਵੇ ਤਾਂ ਅਜਿਹੀਆਂ ਔਰਤਾਂ ਲਈ ਅੱਖਾਂ ‘ਚ ਘਸੁੰਨ ਦੇ ਕੇ ਰੋਣ ਤੋਂ ਬਿਨਾ ਕੋਈ ਚਾਰਾ ਨਹੀਂ ਸੀ ਬਚਦਾ। ਤੇ ਉਹ ਇਹ ਕਹਿ ਕੇ ਸਬਰ ਦਾ ਘੁੱਟ ਭਰ ਲੈਂਦੀਆਂ ਸਨ ਕਿ ‘ਮੇਰੇ ਤੱਤੜੀ ਦੇ ਕਰਮ ਹੀ ਮਾੜੇ ਹਨ।’
ਜਦ ਉਪਰੋਥਲੀ ਕੁੜੀਆਂ ਜੰਮਦੀਆਂ ਹੋਣ ਤਾਂ ਪਰਿਵਾਰ ਨੂੰ ਹੀ ਨਹੀਂ, ਆਲੇ ਦੁਆਲੇ ਨੂੰ ਵੀ ਵਾਰਸ ਦਾ ਫਿਕਰ ਪੈ ਜਾਂਦਾ ਹੈ। ਖਾਸ ਕਰਕੇ ਜੱਟ ਕਿਸਾਨੀ ਸਮਾਜ ਵਿਚ ਤਾਂ ਵਾਰਸ ਬਿਨ ਪੀੜ੍ਹੀ ਅਗਾਂਹ ਵਧ ਹੀ ਨਹੀਂ ਸਕਦੀ। ਸੋ ਇਸ ਹਾਲਤ ਵਿਚ ਪਰਿਵਾਰ ਅਤੇ ਆਲੇ ਦੁਆਲੇ ਤੇ ਕਈ ਵਾਰ ਪਤਨੀ ਵੱਲੋਂ ਵੀ ਮਰਦ ਉਤੇ ਦੂਜਾ ਵਿਆਹ ਕਰਵਾਉਣ ਦਾ ਦਬਾਅ ਪੈਣਾ ਸ਼ੁਰੂ ਹੋ ਜਾਂਦਾ ਹੈ। ਕਈ ਵਾਰ ਤਾਂ ਪਤਨੀ ਹੀ ਆਪਣੀ ਕੁਆਰੀ ਭੈਣ, ਉਹ ਭਾਵੇਂ ਉਸ ਦੇ ਪਤੀ ਤੋਂ ਕਾਫੀ ਛੋਟੀ ਉਮਰ ਦੀ ਹੋਵੇ, ਦਾ ਸਾਕ ਆਪਣੇ ਹੀ ਘਰ ਲੈ ਆਉਂਦੀ ਹੈ।”
ਰਾਹੀ ਦੇ ਤਰਕ ਨਾਲ ਇਕ ਹੋਰ ਤਰਕ ਵੀ ਸੀ। ਜਸਵੰਤ ਸਿੰਘ ਕੰਵਲ ਪਿੰਡ ਦਾ ਸਾਧਾਰਨ ਬੰਦਾ ਨਹੀਂ ਸੀ। ਸਰਦਾ ਪੁੱਜਦਾ ਜਿਮੀਦਾਰ ਹੋਣ ਦੇ ਨਾਲ ਪ੍ਰਸਿੱਧ ਲੇਖਕ ਤੇ ਸਰਪੰਚ ਵੀ ਸੀ। ਇਲਾਕੇ ਦਾ ਮੰਨਿਆ ਦੰਨਿਆ ਮੋਹਤਬਰ ਸੀ। ਮੁਖਤਿਆਰ ਕੌਰ ਨੂੰ ਮਾਣ ਸੀ ਕਿ ਉਹ ਉਹਦਾ ਪਤੀ ਹੈ। ਉਹਦਾ ਪਤੀ ਮਾੜੀ ਮੋਟੀ ਵਧੀਕੀ ਪੁਗਾਉਣ ਦੀ ਹੈਸੀਅਤ ਵਿਚ ਸੀ। ਮੁਖਤਿਆਰ ਕੌਰ ਤਾਂ ਵੱਡੀ ਵਧੀਕੀ ਵੀ ਸਹਿ ਜਾਣ ਵਾਲੀ ਪਤਨੀ ਸੀ। ਅਜਿਹੀ ਸਹਿਨਸ਼ੀਲਤਾ ਨੂੰ ਸਮਾਜ ਵਿਚ ਸਲਾਹਿਆ ਵੀ ਜਾਂਦਾ ਸੀ। ਜਿਹੜੀ ਔਰਤ ਆਪਣੇ ਖਾਵੰਦ ਦੇ ਪਰਦੇ ਢਕੇ, ਉਹ ਸਚਿਆਰੀ ਸਮਝੀ ਜਾਂਦੀ ਸੀ।
ਮੈਂ ਬਹੁਤ ਸਾਰਾ ਸਮਾਂ ਢੁੱਡੀਕੇ ਰਿਹਾਂ, ਪਰ ਕਦੇ ਮੁਖਤਿਆਰ ਕੌਰ ਨੂੰ ਉਚੀ ਬੋਲਦੇ ਜਾਂ ਕਿਸੇ ਨਾਲ ਝਗੜਦਿਆਂ ਨਹੀਂ ਵੇਖਿਆ। ਉਹਦੀ ਸਹਿਨਸ਼ੀਲਤਾ ਵੀ ਕੰਵਲ ਨੂੰ ਸ਼ਹਿ ਸੀ ਕਿ ਬਾਹਰ ਜੋ ਕਰਦਾ ਹੈ ਕਰੀ ਜਾਵੇ, ਪਰ ਪਤਾ ਨਾ ਲੱਗਣ ਦੇਵੇ।
ਬੇਸ਼ਕ ਬਾਹਰੋ ਬਾਹਰ ਕੰਵਲ ਤੇ ਜਸਵੰਤ ਗਿੱਲ ਨੇ ‘ਵਿਆਹ’ ਕਰ ਲਿਆ ਸੀ, ਪਰ ਕਿਸੇ ਨੂੰ ਪਤਾ ਨਹੀਂ ਸੀ ਲੱਗਣ ਦਿੱਤਾ। ਪਤਾ ਤਾਂ ਨਾਲ ਰਹਿੰਦੀ ਜਸਵੰਤ ਗਿੱਲ ਦੀ ਬੇ ਜੀ ਨੂੰ ਵੀ ਨਹੀਂ ਸੀ ਲੱਗਾ। ਏਧਰ ਢੁੱਡੀਕੇ ਤਾਂ ਕਿਸੇ ਨੂੰ ਕੀ ਪਤਾ ਲੱਗਣਾ ਸੀ?
ਇਕ ਹੋਰ ਗੱਲ ਵੀ ਸੀ। ਕੰਵਲ ਨੇ ਕੁੜੀਆਂ ਵਿਆਹੁਣੀਆਂ ਸਨ। ਇਹ ਬੜੀ ਵੱਡੀ ਜ਼ਿੰਮੇਵਾਰੀ ਸੀ। ਜੇ ਉਹਦੇ ਬਾਹਰੀ ਪਿਆਰ ਸਬੰਧਾਂ ਦੀ ਪੋਲ ਖੁੱਲ੍ਹ ਜਾਂਦੀ ਤਾਂ ਬਦਨਾਮੀ ਦੇ ਨਾਲ ਬੱਚਿਆਂ ਲਈ ਰਿਸ਼ਤੇ ਲੱਭਣ ਵਿਚ ਵੀ ਵਿਘਨ ਪੈਣਾ ਸੀ। ਡਾ. ਜਸਵੰਤ ਗਿੱਲ ਨੂੰ ਆਪਣੀ ਬੇ ਜੀ ਦਾ ਫਿਕਰ ਸੀ ਤੇ ਕੰਵਲ ਨੂੰ ਧੀਆਂ ਦਾ ਫਿਕਰ ਸੀ। ਦੋਹਾਂ ਨੂੰ ਬਚ ਬਚਾਅ ਕੇ ਹੀ ਚੱਲਣਾ ਪੈਣਾ ਸੀ। ਪੰਜਾਬ ਕੋਈ ਪੱਛਮੀ ਮੁਲਕ ਤਾਂ ਹੈ ਨਹੀਂ ਸੀ ਕਿ ਜਿੰਨੇ ਮਰਜ਼ੀ ਇਸ਼ਕ ਕਰੀ ਚੱਲੋ ਤੇ ਜਿੰਨੇ ਮਰਜ਼ੀ ਵਿਆਹ ਤੇ ਤਲਾਕ ਕਰੀ ਚੱਲੋ। ਜਿਨ੍ਹਾਂ ਸਥਿਤੀਆਂ ਵਿਚ ਕੰਵਲ ਤੇ ਜਸਵੰਤ ਗਿੱਲ ਇਸ਼ਕ ਫੁਰਮਾ ਰਹੇ ਅਤੇ ਵਿਆਹ ਕਰ ਸਕੇ ਤੇ ਬਦਨਾਮੀ ਤੋਂ ਵੀ ਬਚੇ ਰਹੇ, ਉਹ ਆਪਣੀ ਮਿਸਾਲ ਆਪ ਹੈ। ਆਪਣੀ ਤਰ੍ਹਾਂ ਦੀ ਕਲਾਕਾਰੀ ਹੈ!
ਜਦੋਂ ਤਕ ਧੀਆਂ ਦੇ ਵਿਆਹ ਨਾ ਕਰ ਲਏ, ਕੰਵਲ ਨੇ ਜਸਵੰਤ ਗਿੱਲ ਨੂੰ ਢੁੱਡੀਕੇ ਨਹੀਂ ਸੀ ਵਸਾਇਆ ਜਾਂ ਕਹਿ ਲਓ ਜਸਵੰਤ ਗਿੱਲ ਨੇ ਆਪ ਹੀ ਢੁੱਡੀਕੇ ਵਸਣਾ ਮੁਨਾਸਿਬ ਨਹੀਂ ਸੀ ਸਮਝਿਆ।
(ਚਲਦਾ)