ਅਮਰੀਕਾ ਵਿਚ ਜਨਤਕ ਗੋਲੀਬਾਰੀ ਦੀ ਸਮੱਸਿਆ

ਮਝੈਲ ਸਿੰਘ ਸਰਾਂ
ਵੱਖ ਵੱਖ ਏਜੰਸੀਆਂ ਦੀਆਂ ਰਿਪੋਰਟਾਂ ਮੁਤਾਬਿਕ ਦੁਨੀਆਂ ਵਿਚੋਂ ਅਮਰੀਕਾ ‘ਚ ਸਭ ਤੋਂ ਵੱਧ ਮਾਸ ਸ਼ੂਟਿੰਗ ਅਰਥਾਤ ਜਨਤਕ ਥਾਂਵਾਂ ‘ਤੇ ਗੋਲੀ ਚਲਾ ਕੇ ਨਿਹੱਥੇ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ। ḔਟਾਈਮḔ ਰਸਾਲੇ ਨੇ 2017 ਵਿਚ ਲਿਖਿਆ ਸੀ ਕਿ ਦੁਨੀਆਂ ਵਿਚ ਹੁੰਦੀ ਮਾਸ ਸ਼ੂਟਿੰਗ ਵਿਚੋਂ 31% ਅਮਰੀਕਾ ਵਿਚ ਹੀ ਹੁੰਦੀ ਹੈ। ਇਸ ਬਾਰੇ ਇਥੋਂ ਦੀਆਂ ਸਰਕਾਰਾਂ, ਸਿਆਸੀ ਪਾਰਟੀਆਂ ਤੇ ਹੋਰ ਜਥੇਬੰਦੀਆਂ ਦੇ ਨਾਲ ਨਾਲ ਲੋਕ ਵੀ ਬੜੇ ਚਿੰਤਿਤ ਰਹਿੰਦੇ ਹਨ ਕਿ ਇਹਨੂੰ ਕਿਵੇਂ ਰੋਕਿਆ ਜਾਵੇ? ਪਰ ਅੱਜ ਤੱਕ ਕਿਸੇ ਵੀ ਸਾਰਥਕ ਨਤੀਜੇ ‘ਤੇ ਨਹੀਂ ਪਹੁੰਚ ਸਕੇ। ਹਾਲ ਹੀ ਵਿਚ ਕੈਲੀਫੋਰਨੀਆ, ਟੈਕਸਸ ਅਤੇ ਓਹਾਇਓ ਸਟੇਟ ਵਿਚ ਤਿੰਨ ਅਜਿਹੀਆਂ ਵਾਰਦਾਤਾਂ ਵਿਚ 32 ਬੰਦੇ ਮਿੰਟਾਂ ਵਿਚ ਹੀ ਮਾਰੇ ਗਏ।

ਮਾਸ ਸ਼ੂਟਿੰਗ ਦਾ ਹੱਲ ਵੀ ਉਦੋਂ ਹੀ ਹੋਣਾ ਹੈ, ਜਦੋਂ ਇਨ੍ਹਾਂ ਦਾ ਅਸਲੀ ਕਾਰਨ ਤੇ ਗੋਲੀ ਚਲਾਉਣ ਵਾਲੇ ਦਾ ਮੰਤਵ ਪਤਾ ਲੱਗਣਾ। ਵੱਡਾ ਅੜਿੱਕਾ ਇਹ ਹੈ ਕਿ ਗੋਲੀ ਚਲਾਉਣ ਵਾਲਾ ਵੀ ਖੁਦ ਨੂੰ ਗੋਲੀ ਮਾਰ ਲੈਂਦਾ ਹੈ ਜਾਂ ਪੁਲਿਸ ਦੀ ਗੋਲੀ ਨਾਲ ਮਾਰਿਆ ਜਾਂਦਾ ਹੈ, ਤੇ ਕਈ ਸਵਾਲ ਅਣਸੁਲਝੇ ਹੀ ਰਹਿ ਜਾਂਦੇ ਹਨ। ਜਿਹੜੇ ਕੁਝ ਕੁ ਫੜੇ ਜਾਂਦੇ ਹਨ, ਉਨ੍ਹਾਂ ਤੋਂ ਲਈ ਜਾਣਕਾਰੀ ਜਾਂ ਉਨ੍ਹਾਂ ਦੇ ਮਿੱਤਰਾਂ ਤੇ ਘਰਦਿਆਂ ਤੋਂ ਮਿਲੀ ਜਾਣਕਾਰੀ ਤੋਂ ਹੀ ਅੰਦਾਜ਼ੇ ਲਾਏ ਜਾਂਦੇ ਹਨ।
ਸਭ ਤੋਂ ਪਹਿਲਾਂ ਸਕੂਲਾਂ ਵਿਚ ਹੋਈ ਸ਼ੂਟਿੰਗ ਦਾ ਜ਼ਿਕਰ ਕਰਦੇ ਹਾਂ। ਸਕੂਲਾਂ ਵਿਚ ਅੰਨੇਵਾਹ ਗੋਲੀਬਾਰੀ ਅਕਸਰ ਉਨ੍ਹਾਂ ਸਕੂਲਾਂ ਵਿਚੋਂ ਹੀ ਪੜ੍ਹੇ ਪੁਰਾਣੇ ਵਿਦਿਆਰਥੀਆਂ ਵਲੋਂ ਕੀਤੀ ਗਈ ਹੁੰਦੀ ਹੈ ਤੇ ਅਜਿਹੀਆਂ ਵਾਰਦਾਤਾਂ ਕਰਨ ਵਾਲਿਆਂ ਦਾ ਪਿਛੋਕੜ ਕੋਈ ਮੁਜ਼ਰਮਾਨਾ ਨਹੀਂ ਰਿਹਾ ਹੁੰਦਾ, ਤੇ ਉਹ ਆਪਣੇ ਮਿੱਤਰਾਂ ਵਿਚ ਵੀ ਬੜੇ ਮਿਲਣਸਾਰ ਮੰਨੇ ਜਾਂਦੇ ਰਹੇ ਹਨ। ਅਜਿਹੀ ਅਣਹੋਣੀ ਵਾਰਦਾਤ ਨੂੰ ਅੰਜ਼ਾਮ ਦੋਸ਼ੀ ਇੱਕਲਾ ਹੀ ਦਿੰਦਾ, ਕਿਸੇ ਨੂੰ ਵੀ ਭਿਣਕ ਨਹੀਂ ਪੈਣ ਦਿੰਦਾ। ਹੌਲੀ ਹੌਲੀ ਜਦੋਂ ਉਹਦੇ ਅਤੀਤ ਨੂੰ ਘੋਖਿਆ ਜਾਂਦਾ ਹੈ ਤਾਂ ਇਹ ਤੱਥ ਸਾਹਮਣੇ ਆਉਂਦੇ ਕਿ ਉਹ ਸਕੂਲ ਵਿਚ ਧੱਕੇਸ਼ਾਹੀ, ਜਿਸ ਨੂੰ ḔਬੁਲਿੰਗḔ ਕਿਹਾ ਜਾਂਦਾ ਹੈ, ਦਾ ਸ਼ਿਕਾਰ ਰਿਹਾ। ਉਹ ਵਕਤੀ ਤੌਰ ‘ਤੇ ਭਾਵੇਂ ਇਹ ਸਭ ਚੁੱਪ ਚਾਪ ਸਹਿੰਦਾ ਰਿਹਾ, ਪਰ ਉਹਦੇ ਅੰਦਰ ਬਦਲੇ ਦੀ ਇੱਕ ਐਸੀ ਗੰਢ ਬੱਝ ਗਈ, ਜਿਹਨੂੰ ਕਿਸੇ ਅੱਗੇ ਵੀ ਖੋਲ੍ਹਣ ਤੋਂ ਕਤਰਾਉਂਦਾ ਰਿਹਾ। ਫਿਰ ਉਹ ਕਿਸੇ ਮੌਕੇ ਦੀ ਤਾਕ ‘ਚ ਰਹਿੰਦਾ, ਜਦੋਂ ਉਹ ਆਪਣੇ ਅੰਦਰ ਬਲਦੇ ਭਾਂਬੜ ਨਾਲ ਸਭ ਕੁਝ, ਸਮੇਤ ਆਪਣੇ ਆਪ ਨੂੰ ਸਾੜ ਦੇਣਾ ਚਾਹੁੰਦਾ ਹੋਵੇ। ਇਸ ਕੰਮ ਵਿਚ ਉਹਦੀ ਮਦਦ ਕਰਦਾ ਇਥੋਂ ਦਾ ਗੰਨ ਕਲਚਰ, ਜੋ ਉਹਨੂੰ ਖਤਰਨਾਕ ਆਟੋਮੈਟਿਕ ਸਟੇਨਗੰਨਾਂ ਸਹਿਜੇ ਹੀ ਮੁਹੱਈਆ ਕਰਵਾ ਦਿੰਦਾ ਹੈ। ਸਕੂਲਾਂ ‘ਚ ਹੋਈ ਗੰਨ ਫਾਇਰਿੰਗ ਲਈ ਹਥਿਆਰ ਕਰੀਬ ਘਰਾਂ ਤੋਂ ਆਪਣੇ ਮਾਪਿਆਂ ਦੇ ਚੁੱਕ ਕੇ ਹੀ ਵਰਤੇ ਜਾਂਦੇ ਰਹੇ ਹਨ।
2012 ਵਿਚ ਸੈਂਡੀ ਹੁੱਕ (ਕਨੈਕਟੀਕਟ) ਸਕੂਲ ਵਿਚ ਕੀਤੀ ਗਈ ਫਾਇਰਿੰਗ, ਜਿਸ ਵਿਚ 28 ਬੱਚੇ ਤੇ ਟੀਚਰ ਮਾਰ ਗਏ ਸਨ, ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਪਿਛੋਂ ਇਹੋ ਸਾਹਮਣੇ ਆਇਆ ਕਿ ਮਾਰਨ ਵਾਲੇ ਨਾਲ ਸਕੂਲ ਵਿਚ ਬੁਲਿੰਗ ਇਸ ਕਰਕੇ ਹੁੰਦੀ ਸੀ ਕਿ ਉਹ ਸਰੀਰਕ ਤੌਰ ‘ਤੇ ਦੂਜੇ ਨਿਆਣਿਆਂ ਤੋਂ ਕਮਜ਼ੋਰ ਸੀ, ਜਿਸ ਕਰਕੇ ਉਹਦੀ ਮਾਂ ਨੂੰ ਉਹਨੂੰ ਇੱਕ ਵਾਰ ਸਕੂਲ ਵਿਚੋਂ ਹਟਾਉਣਾ ਵੀ ਪਿਆ ਸੀ। ਇਸ ਤੋਂ ਬਾਅਦ ਉਹ ਮੁੰਡਾ, ਜਿਹਦਾ ਨਾਂ ਐਡਮ ਸੀ, ਗੁਸਤਾਖ ਹੁੰਦਾ ਗਿਆ ਤੇ ਗੰਨ ਕਲਚਰ ਵੱਲ ਨੂੰ ਉਲਾਰ ਹੁੰਦਾ ਗਿਆ।
ਠਾਹ ਠੂਹ ਵਾਲੀਆਂ ਵੀਡੀਓ ਗੇਮਾਂ ਖੇਡਦੇ ਐਡਮ ਨੂੰ ਉਹਦੀ ਮਾਂ ਦੀ ਵੀ ਹੱਲਾਸ਼ੇਰੀ ਸੀ; ਉਹਨੇ ਐਡਮ ਨੂੰ ਆਟੋਮੈਟਿਕ ਹਥਿਆਰਾਂ ਦੀ ਸਿਖਲਾਈ ਵੀ ਦਿਵਾਈ। ਆਪਣੇ ਦੋਸਤਾਂ ਨਾਲ ਵੀ ਐਡਮ ਮਾਸ ਸ਼ੂਟਿੰਗ ਦੀਆਂ ਗੱਲਾਂ ਕਰਦਾ ਸੀ ਤੇ 1999 ਵਿਚ ਕੁਲਨਬੀਨ ਸਕੂਲ ਵਿਚ ਹੋਈ ਸ਼ੂਟਿੰਗ ਤੋਂ ਬੜਾ ਪ੍ਰਭਾਵਿਤ ਸੀ। ਬੱਸ ਜਿਸ ਦਿਨ ਉਹਦੇ ਦਿਮਾਗ ਨੂੰ ਜਨੂੰਨੀ ਫਤੂਰ ਚੜ੍ਹਿਆ, ਉਹਨੇ ਆਪਣੀ ਮਾਂ ਦੀ ਹੀ ਆਟੋਮੈਟਿਕ ਗੰਨ ਚੁੱਕੀ ਤੇ ਪਹਿਲਾਂ ਉਹਨੂੰ ਹੀ ਘਰ ਵਿਚ ਗੋਲੀ ਮਾਰੀ, ਤੇ ਫਿਰ ਜਾ ਵੜਿਆ ਨੇੜੇ ਹੀ ਸਕੂਲ, ਤੇ ਭੁੰਨ ਸੁੱਟੇ 26 ਨਿੱਕੇ ਨਿੱਕੇ ਬੱਚੇ ਤੇ ਟੀਚਰ। ਫਿਰ ਆਪ ਵੀ ਖੁਦਕੁਸ਼ੀ ਕਰ ਲਈ।
ਹੈਰਾਨੀ ਇਸ ਗੱਲ ਦੀ ਸੀ ਕਿ ਉਹਦੀ ਮਾਂ ਕੋਲ ਪੰਜ ਕਿਸਮ ਦੀਆਂ ਵਧੀਆ ਲਾਇਸੈਂਸਸ਼ੁਦਾ ਆਟੋਮੈਟਿਕ ਗੰਨਾਂ ਸਨ। ਭਲਾ ਐਨੇ ਹਥਿਆਰਾਂ ਦੇ ਲਾਇਸੈਂਸ ਸੈਲਫ ਡਿਫੈਂਸ (ਸਵੈ ਰੱਖਿਆ) ਲਈ ਇੱਕ ਇਨਸਾਨ ਨੂੰ ਦੇਣੇ ਕਿੰਨਾ ਕੁ ਸਹੀ ਹੈ!
ਇਸੇ ਤਰ੍ਹਾਂ ਪਿਛਲੇ ਸਾਲ ਫਲੋਰਿਡਾ ਸਟੇਟ ਵਿਚ ਹੋਏ ਸਕੂਲ ਸ਼ੂਟਿੰਗ ਵਾਲੇ ਮੁਲਜ਼ਮ ਨਿਕੋਲਸ ਦਾ ਪਿਛੋਕੜ ਵੀ ਐਹੋ ਜਿਹਾ ਹੀ ਦੱਸਿਆ ਜਾਂਦਾ ਹੈ। ਉਸ ਨਾਲ ਵੀ ਬੁਲਿੰਗ ਹੁੰਦੀ ਸੀ ਤੇ ਉਹਦਾ ਸਕੂਲ ਵਿਚ ਵਰਤਾਓ ਵਿਗੜਦਾ ਗਿਆ। ਉਹ ਆਪਣੇ ਦੋਸਤਾਂ ਨੂੰ ਦਸਦਾ ਹੁੰਦਾ ਸੀ ਕਿ ਉਹ ਸਕੂਲ ਵਿਚ ਮਾਸ ਸ਼ੂਟਿੰਗ ਕਰਨੀ ਚਾਹੁੰਦਾ ਹੈ। ਅਜਿਹੀਆਂ ਹਰਕਤਾਂ ਕਾਰਨ ਉਹਨੂੰ ਸਕੂਲ ਵਿਚੋਂ ਕੱਢ ਦਿੱਤਾ ਗਿਆ। ਫਿਰ ਉਹਨੇ ਖੁਦ ਆਟੋਮੈਟਿਕ ਗੰਨ ਖਰੀਦੀ ਤੇ ਆਪਣੇ ਹੀ ਸਕੂਲ ਵਿਚ ਜਾ ਕੇ, ਜਿਸ ਵਿਚ ਉਹਦੇ ਕੁਝ ਦੋਸਤ ਵੀ ਸਨ, ਗੋਲੀਆਂ ਨਾਲ ਭੁੰਨ ਸੁੱਟੇ, ਜਿਸ ਨੂੰ ਪੁਲਿਸ ਨੇ ਫੜ ਲਿਆ। ਸਕੂਲਾਂ ਵਿਚ ਬੁਲਿੰਗ ਬੰਦ ਹੋਣ ਨਾਲ ਇਸ ‘ਤੇ ਕੁਝ ਹੱਦ ਤੱਕ ਰੋਕ ਲੱਗ ਸਕਦੀ ਹੈ।
ਅਗਲਾ ਵੱਡਾ ਕਾਰਨ ਪਬਲਿਕ ਸ਼ੂਟਿੰਗ ਦਾ ਹੈ। ਨਵ-ਨਾਜ਼ੀਵਾਦ, ਜਿਸ ਨੂੰ ਨਸਲੀ ਅਤਿਵਾਦ ਵੀ ਕਿਹਾ ਜਾਂਦਾ ਹੈ, ਵਿਚ ਅਮਰੀਕਾ ਦੇ ਕੁਝ ਚਿੱਟੀ ਚਮੜੀ ਵਾਲੇ ਇਹ ਭਰਮ ਪਾਲ ਕੇ ਬੈਠੇ ਹਨ ਕਿ ਉਹ ਰੱਬ ਵਲੋਂ ਸਭ ਤੋਂ ਉਤਮ ਬਣਾਏ ਗਏ ਹਨ; ਉਨ੍ਹਾਂ ਦੀ ਬਰਾਬਰੀ ਕਰਨ ਦਾ ਕਿਸੇ ਹੋਰ ਨੂੰ ਹੱਕ ਨਹੀਂ ਤੇ ਇਹ ਦੇਸ਼ ਵੀ ਸਿਰਫ ਉਨ੍ਹਾਂ ਦਾ ਹੀ ਹੈ। ਇਸ ਸੋਚ ਵਿਚੋਂ ਪੈਦਾ ਹੁੰਦਾ ਹੈ ਫਾਸ਼ੀਵਾਦ, ਜੋ ਅੱਗੋਂ ਜਨਮ ਦਿੰਦਾ ਹੈ ਨਫਰਤ ਨੂੰ। ਅਜੋਕੇ ਲੋਕਤੰਤਰੀ ਸਿਸਟਮ ਵਿਚ ਇਸ ਫਾਸ਼ੀਵਾਦ ਸੋਚ ਦਾ ਜਿੱਤਣਾ ਮੁਸ਼ਕਿਲ ਹੁੰਦਾ ਹੈ। ਬਸ ਫਿਰ ਇਨ੍ਹਾਂ ਵਿਚੋਂ ਕੋਈ ਸਿਰ ਫਿਰਿਆ ਹੱਥ ਬੰਦੂਕ ਚੁੱਕ ਕੇ ਨਿਹੱਥੇ ਲੋਕਾਂ ਨੂੰ ਮਾਰ ਕੇ ਆਪਣਾ ਗੁੱਸਾ ਕੱਢਦਾ ਹੈ। ਅਮਰੀਕਾ ਵਿਚ ਅਜਿਹੀ ਨਸਲੀ ਵਾਰਦਾਤ ਅਗਸਤ 2012 ਵਿਚ ਵਿਸਕਾਨਸਿਨ ਦੇ ਗੁਰਦੁਆਰਾ ਓਕ ਕਰੀਕ ਵਿਚ ਹੋਈ ਸੀ, ਜਿਸ ਵਿਚ ਇੱਕ ਗੋਰੇ ਨਸਲਪ੍ਰਸਤ ਨੇ ਗੁਰਦੁਆਰੇ ਦੇ ਅੰਦਰ ਜਾ ਕੇ ਆਟੋਮੈਟਿਕ ਗੰਨ ਨਾਲ ਫਾਇਰਿੰਗ ਕਰਕੇ 6 ਸਿੱਖਾਂ ਨੂੰ ਮਾਰ ਦਿੱਤਾ ਸੀ। ਅਜਿਹੀਆਂ ਕੁਝ ਹੋਰ ਮਾਸ ਸ਼ੂਟਿੰਗਾਂ ਇਸੇ ਨਫਰਤ ਵਿਚੋਂ ਹੋਈਆਂ।
ਇੱਕ ਹੋਰ ਕਾਰਨ ਹੁੰਦਾ ਹੈ, ਅਤਿਵਾਦ ਨਾਲ ਸਬੰਧਤ। ਅਮਰੀਕਾ ਵਿਚ ਸਭ ਤੋਂ ਵੱਡਾ ਅਤਿਵਾਦੀ ਐਕਸ਼ਨ 9/11 ਵਿਚ ਹੋਇਆ, ਜੋ ਸਿੱਧਾ ਇਸਲਾਮਿਕ ਅਤਿਵਾਦੀਆਂ ਨਾਲ ਜੋੜਿਆ ਜਾਂਦਾ ਹੈ। ਅਮਰੀਕਾ ਵਿਚ ਹੋਰ ਮੁਲਕਾਂ ਵਾਂਗ ਵੱਖਵਾਦੀ ਅਤਿਵਾਦੀ ਕਿਸਮ ਦੀ ਸ਼ਾਇਦ ਹੀ ਕੋਈ ਵੱਡੀ ਵਾਰਦਾਤ ਹੋਈ ਹੋਵੇ। ਕਾਰਨ ਇਹ ਹੈ ਕਿ ਦੁਨੀਆਂ ਦੇ ਹਰ ਮੁਲਕ ਦੀ ਕੌਮੀਅਤ ਵਾਲੇ ਇਥੇ ਵਸੇ ਹੋਏ ਹਨ, ਤੇ ਉਨ੍ਹਾਂ ਨੇ ਵੱਖ ਕਿਸ ਨਾਲੋਂ ਹੋਣਾ? ਇਥੇ ਜ਼ਿਆਦਾਤਰ ਪਬਲਿਕ ਸ਼ੂਟਿੰਗ ਵਾਰਦਾਤਾਂ ਨੂੰ ਘਰੇਲੂ ਅਤਿਵਾਦ ਨਾਲ ਜੋੜਿਆ ਜਾਂਦਾ ਹੈ, ਜੋ ਕਿਸੇ ਇੱਕ ਕੌਮੀਅਤ ਵਾਲੇ ਲੋਕਾਂ ਨੂੰ ਸਬਕ ਸਿਖਾਉਣ ਲਈ ਕੀਤਾ ਜਾਂਦਾ ਹੈ। ਆਹ ਜੋ ਹੁਣੇ ਹੁਣੇ ਟੈਕਸਸ ਵਿਚ ਹੋਇਆ, ਜਿਸ ਵਿਚ ਵਾਲਮਾਰਟ ਅੰਦਰ 20 ਲੋਕਾਂ ਨੂੰ ਅੰਨੇਵਾਹ ਗੋਲੀ ਦਾ ਨਿਸ਼ਾਨਾ ਬਣਾ ਕੇ ਮਾਰ ਦਿੱਤਾ ਗਿਆ ਤੇ 80 ਦੇ ਨੇੜੇ ਤੇੜੇ ਜ਼ਖਮੀ ਹੋਏ, ਉਸ ਕਾਤਿਲ ਦਾ ਮਕਸਦ ਮੈਕਸੀਕੋ ਮੂਲ ਦੇ ਲੋਕਾਂ ਨੂੰ ਮਾਰਨ ਦਾ ਸੀ ਤੇ ਬਹੁਤੇ ਮਾਰੇ ਵੀ ਉਹੀ ਗਏ। ਇਹ ਕਾਰਾ ਕਰਨ ਲਈ ਉਹ ਕਰੀਬ 1000 ਮੀਲ ਦਾ ਸਫਰ ਕਰਕੇ ਉਥੇ ਗਿਆ। ਭਾਵੇਂ ਤਫਤੀਸ਼ ਕਰ ਰਹੀਆਂ ਏਜੰਸੀਆਂ ਕੁਝ ਦੱਸ ਨਹੀਂ ਰਹੀਆਂ, ਪਰ ਅਨੁਭਵ ਇਹੋ ਕੀਤਾ ਜਾ ਰਿਹਾ ਕਿ ਸ਼ੂਟਰ ਦੇ ਮਨ ਅੰਦਰ ਇਹ ਭਾਵਨਾ ਇੱਕ ਦਮ ਨਹੀਂ ਬਣੀ, ਇਹਦੇ ਪਿੱਛੇ ਟਰੰਪ ਸਰਕਾਰ ਵਲੋਂ ਪਿਛਲੇ ਸਾਲਾਂ ਤੋਂ ਲਗਾਤਾਰ ਕੀਤਾ ਜਾ ਰਿਹਾ ਪ੍ਰਚਾਰ ਸੀ ਕਿ ਮੈਕਸੀਕੋ ਬਾਰਡਰ ਰਾਹੀਂ ਵਿਦੇਸ਼ੀ ਲੋਕਾਂ ਦੇ ਵੱਗਾਂ ਦੇ ਵੱਗ ਟੱਪ ਕੇ ਅਮਰੀਕਾ ਆ ਰਹੇ ਹਨ। ਜਿਸ ਤਰ੍ਹਾਂ ਮੈਕਸੀਕੋ ਬਾਰਡਰ ‘ਤੇ ਕੰਧ ਬਣਾਉਣ ਸਬੰਧੀ ਬਿਆਨ ‘ਤੇ ਬਿਆਨ ਦਿੱਤਾ ਜਾਂਦਾ ਰਿਹਾ, ਇਥੋਂ ਤੱਕ ਕਿ ਸਰਕਾਰ ਦਾ ਕੰਮਕਾਜ ਵੀ ਠੱਪ ਕਰ ਦਿੱਤਾ ਗਿਆ ਤੇ ਇਨਫੋਰਸਮੈਂਟ ਪੁਲਿਸ ਵਲੋਂ ਗੈਰਕਾਨੂੰਨੀ ਲੋਕਾਂ ‘ਤੇ ਛਾਪੇ ਮਾਰਨ ਕਰਕੇ ਇੱਕ ਦਹਿਸ਼ਤ ਦਾ ਮਾਹੌਲ ਬਣਾਇਆ ਗਿਆ। ਇਸ ਸਾਰੇ ਘਟਨਾਕ੍ਰਮ ਨੇ ਮੈਕਸੀਕੋ ਮੂਲ ਦੇ ਲੋਕਾਂ ਪ੍ਰਤੀ ਸ਼ੱਕ ਪੈਦਾ ਕੀਤਾ, ਜਿਸ ਨੇ ਅੱਗੇ ਨਫਰਤ ਪੈਦਾ ਕਰ ਦਿੱਤੀ ਤੇ ਨਤੀਜਾ ਨਿਕਲਿਆ 20 ਬੇਦੋਸ਼ੇ ਅਮਰੀਕਨਾਂ ਦਾ ਕਤਲ। ਇਹਨੂੰ ਘਰੇਲੂ ਅਤਿਵਾਦ ਦਾ ਨਾਂ ਵੀ ਦਿੱਤਾ ਜਾਂਦਾ ਹੈ।
ਅਮਰੀਕਾ ਵਿਚ ਕਈ ਸ਼ੂਟਿੰਗ ਦੀਆਂ ਘਟਨਾਵਾਂ ਸ਼ੂਟਰ ਦੀ ਮਾਨਸਿਕ ਦਿਮਾਗੀ ਸੋਚ ਕਰਕੇ ਹੋਈਆਂ ਜਿਵੇਂ ਕਿ ਟੈਕਸਸ ਤੋਂ ਬਾਅਦ ਓਹਾਇਓ ਵਿਚ ਬਰੈਟ ਨਾਂ ਦੇ ਸ਼ੂਟਰ ਨੇ 9 ਲੋਕਾਂ ਨੂੰ, ਜਿਸ ਵਿਚ ਉਹਦੀ ਆਪਣੀ ਸਕੀ ਭੈਣ ਵੀ ਸੀ, ਜੋ ਉਸੇ ਸ਼ਾਮ ਉਹਦੇ ਨਾਲ ਹੀ ਸਫਰ ਕਰਕੇ ਆਈ ਸੀ, ਗੋਲੀਆਂ ਨਾਲ ਭੁੰਨ ਸੁੱਟਿਆ। ਉਹਦੇ ਦੋਸਤਾਂ ਨੇ ਦੱਸਿਆ ਕਿ ਉਹ ਪਿਛਲੇ ਕੁਝ ਅਰਸੇ ਤੋਂ ਇਹੋ ਹੀ ਕਹਿੰਦਾ ਸੀ ਕਿ ਉਹਨੇ ਮਾਸ ਸ਼ੂਟਿੰਗ ਕਰਨੀ ਹੈ। ਸਕੂਲ ਵਿਚ ਉਹ ਹਿੱਟ ਲਿਸਟਾਂ ਵੀ ਬਣਾਉਂਦਾ ਹੁੰਦਾ ਸੀ ਤੇ ਉਹ ਔਰਤਾਂ ਨੂੰ ਨਫਰਤ ਕਰਦਾ ਸੀ।
ਸਭ ਤੋਂ ਵੱਡੀ ਇਕੱਲੇ ਸ਼ੂਟਰ ਵਲੋਂ ਮਾਸ ਸ਼ੂਟਿੰਗ ਦੀ ਘਟਨਾ ਅਕਤੂਬਰ 2017 ਨੂੰ ਲਾਸ ਵੇਗਸ ਵਿਚ ਹੋਈ, ਜਿਥੇ 58 ਲੋਕ ਮਾਰੇ ਗਏ ਤੇ ਕੋਈ 500 ਜ਼ਖਮੀ ਹੋਏ ਸਨ। ਇਹ ਇੱਕ ਤਰ੍ਹਾਂ ਦੀ ਵੱਖਰੀ ਹੀ ਵਾਰਦਾਤ ਸੀ। ਇਹਦਾ ਸ਼ੂਟਰ 64 ਸਾਲ ਦਾ ਪਕਰੋੜ ਉਮਰ ਦਾ ਸੀ। ਉਹਦਾ ਐਡੀ ਵੱਡੀ ਘਿਨਾਉਣੀ ਵਾਰਦਾਤ ਨੂੰ ਅੰਜ਼ਾਮ ਦੇਣ ਦਾ ਕੀ ਮਨੋਰਥ ਸੀ, ਹਾਲੇ ਤੱਕ ਵੀ ਪਤਾ ਨਹੀਂ ਲੱਗ ਸਕਿਆ। ਲਾਸ ਵੇਗਸ ਮੈਦਾਨ ‘ਚ ਇੱਕ ਮੇਲਾ ਲਗਦਾ ਤੇ ਉਸ ਸ਼ੂਟਰ ਨੇ ਉਹਦੇ ਨਾਲ ਲਗਦੇ ਹੋਟਲ ਵਿਚ 32ਵੀਂ ਮੰਜ਼ਿਲ ‘ਤੇ ਦੋ ਕਮਰੇ ਇੱਕਲੇ ਨੇ ਇੱਕ ਹਫਤਾ ਪਹਿਲਾਂ ਬੁੱਕ ਕਰਵਾਏ ਤੇ ਹਰ ਰੋਜ਼ ਅਟੈਚੀ ਭਰ ਭਰ ਕੇ ਹਥਿਆਰਾਂ ਦੇ ਇੱਕਠੇ ਕਰਦਾ ਰਿਹਾ, ਜਿਨ੍ਹਾਂ ਵਿਚ ਦੋ ਦਰਜਨ ਤੋਂ ਵੱਧ ਆਟੋਮੈਟਿਕ ਗੰਨਾਂ ਸਨ। ਪਹਿਲੀ ਅਕਤੂਬਰ ਨੂੰ ਰਾਤ ਦੇ 10 ਵਜੇ ਜਦੋਂ ਬਾਹਰ ਮੇਲਾ ਪੂਰੀ ਤਰ੍ਹਾਂ ਭਰਿਆ ਹੋਇਆ ਸੀ ਤਾਂ ਉਹਨੇ ਆਪਣੇ 32ਵੀਂ ਮੰਜ਼ਿਲ ਦੇ ਕਮਰੇ ਦੀ ਬਾਰੀ, ਜੋ ਮੇਲੇ ਦੇ ਮੈਦਾਨ ਵੱਲ ਖੁਲ੍ਹਦੀ ਸੀ, ਵਿਚੋਂ ਆਟੋਮੈਟਿਕ ਗੰਨਾਂ ਨਾਲ ਅੰਨੇਵਾਹ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਪੁਲਿਸ ਭਾਵੇਂ ਮੌਕੇ ‘ਤੇ ਇੱਕ ਦਮ ਪੁੱਜ ਗਈ ਸੀ, ਪਰ ਇਹ ਪਤਾ ਨਹੀਂ ਸੀ ਲੱਗ ਰਿਹਾ ਕਿ ਗੋਲੀ ਆ ਕਿਥੋਂ ਰਹੀ ਹੈ? ਪੁਲਿਸ ਆਲੇ-ਦੁਆਲੇ ਦੇ ਹੋਰ ਹੋਟਲਾਂ ਵੱਲ ਭੱਜ ਰਹੀ ਸੀ ਤੇ ਹੇਠਲੀਆਂ ਮੰਜ਼ਿਲਾਂ ਵੱਲ ਵੱਧ ਧਿਆਨ ਦੇ ਰਹੀ ਸੀ, ਪਰ ਹਮਲਾਵਰ ਨੇ ਇਨ੍ਹਾਂ 15 ਮਿੰਟਾਂ ‘ਚ ਹੀ 1100 ਤੋਂ ਵੱਧ ਗੋਲੀਆਂ ਦਾਗ ਕੇ ਲੋਥਾਂ ਤੇ ਜ਼ਖਮੀਆਂ ਦੇ ਸੱਥਰ ਹੀ ਵਿਛਾ ਦਿੱਤੇ। ਜਦੋਂ ਪੁਲਿਸ 32ਵੀਂ ਮੰਜ਼ਿਲ ‘ਤੇ ਉਹਦੇ ਕਮਰੇ ਤੱਕ ਅੱਪੜੀ ਤਾਂ ਉਹਨੇ ਖੁਦ ਨੂੰ ਗੋਲੀ ਮਾਰ ਕੇ ਖਤਮ ਕਰ ਲਿਆ ਸੀ। ਅਜਿਹੇ ਸਿਰਫਿਰੇ ਬੰਦਿਆਂ ਨੂੰ ਰੋਕਣਾ ਮੁਸ਼ਕਿਲ ਹੁੰਦਾ, ਕਿਉਂਕਿ ਕੀ ਮਨਸੂਬਾ ਚੁੱਕੀ ਫਿਰਦੇ ਹਨ, ਕੋਈ ਨਹੀਂ ਜਾਣ ਸਕਦਾ। ਪਰ ਇਸ ਨੂੰ ਘਟਾਇਆ ਜਾ ਸਕਦਾ, ਜੇ ਆਟੋਮੈਟਿਕ ਗੰਨਾਂ ਤੱਕ ਇਨ੍ਹਾਂ ਦੀ ਪਹੁੰਚ ਰੋਕੀ ਜਾ ਸਕੇ।
ਇਸ ਸਾਲ ਮਈ ਮਹੀਨੇ ਵਰਜੀਨੀਆ ਬੀਚ ‘ਤੇ ਇੱਕ ਵੱਖਰੀ ਤਰ੍ਹਾਂ ਦੀ ਵਾਰਦਾਤ ਹੋਈ, ਜਿਸ ਵਿਚ ਉਸੇ ਦਫਤਰ ਵਿਚ ਕੰਮ ਕਰਨ ਵਾਲੇ 40 ਸਾਲ ਦੇ ਕਰਮਚਾਰੀ ਨੇ ਆਪਣੇ ਹੀ ਦਫਤਰ ਵਿਚ ਆ ਕੇ ਆਟੋਮੈਟਿਕ ਗੰਨ ਨਾਲ ਅੰਨੇਵਾਹ ਫਾਇਰਿੰਗ ਕਰਕੇ ਆਪਣੇ ਨਾਲ ਕੰਮ ਕਰਨ ਵਾਲੇ 12 ਜਣਿਆਂ ਸਮੇਤ ਸੁਪਰਵਾਈਜ਼ਰ ਨੂੰ ਮੌਤ ਦੇ ਘਾਟ ਉਤਰ ਦਿੱਤਾ ਤੇ ਖੁਦ ਵੀ ਮਾਰਿਆ ਗਿਆ। ਅਜੇ ਤੱਕ ਇਸ ਦਾ ਕਾਰਨ ਨਹੀਂ ਲੱਭਾ, ਪਰ ਇਸ ਤੋਂ ਬਾਅਦ ਲੇਬਰ ਮਹਿਕਮੇ ਨੇ ਇਸ ਦਾ ਨੋਟਿਸ ਲੈਂਦਿਆਂ ਸੁਝਾਅ ਭੇਜੇ ਕਿ ਹਰ ਕੰਪਨੀ ਦੀ ਮੈਨੇਜਮੈਂਟ ਯਕੀਨੀ ਬਣਾਏ ਕਿ ਹਰ ਕਰਮਚਾਰੀ ਨਾਲ ਕੰਮ ‘ਤੇ ਬੜਾ ਹਲੀਮੀ ਨਾਲ ਪੇਸ਼ ਆਇਆ ਜਾਵੇ ਤੇ ਉਹਦੀ ਹਰ ਮੁਸ਼ਕਿਲ ਨੂੰ ਹੱਲ ਕਰਨ ਦਾ ਯਤਨ ਕਰਨਾ ਜ਼ਰੂਰੀ ਹੈ, ਬਿਨਾ ਵਜ੍ਹਾ ਦਬਾਅ ਵਾਲੀ ਨੀਤੀ ਤਿਆਗੀ ਜਾਵੇ।
ਮਨੋਵਿਗਿਆਨੀਆਂ ਨੇ ਇੱਕ ਤਰਕ ਇਹ ਵੀ ਦਿੱਤਾ ਹੈ ਕਿ ਅਮਰੀਕਾ ਵਿਚ ਸਿੰਗਲ ਮਾਂ ਤੇ ਸਿੰਗਲ ਬਾਪ ਵਾਲੇ ਬਹੁਤ ਪਰਿਵਾਰ ਮਿਲਦੇ ਹਨ, ਜਿਨ੍ਹਾਂ ਦੇ ਨਿਆਣੇ ਇੱਕ ਐਸੇ ਮਾਹੌਲ ਵਿਚ ਪਲਦੇ ਹਨ, ਜਿਥੇ ਪਿਆਰ ਅਧੂਰਾ ਹੁੰਦਾ। ਜੇ ਮਾਂ ਕੋਲ ਰਹਿ ਕੇ ਵੱਡੇ ਹੋਏ ਤਾਂ ਬਾਪ ਦੀ ਅਹਿਮੀਅਤ ਤੋਂ ਕੋਰੇ ਹੁੰਦੇ ਤੇ ਜੇ ਬਾਪ ਕੋਲ ਵੱਡੇ ਹੁੰਦੇ ਤਾਂ ਮਾਂ ਦੇ ਪਿਆਰ ਨੂੰ ਕਦੇ ਸਮਝ ਹੀ ਨਹੀਂ ਸਕਦੇ। ਅਕਸਰ ਅਜਿਹੇ ਨਿਆਣੇ ਥੋੜ੍ਹੇ ਗੁਸਤਾਖ ਬਣ ਜਾਂਦੇ ਹਨ ਤੇ ਉਹ ਛੇਤੀ ਹੀ ਘਰੋਂ ਜਾ ਕੇ ਆਪਣੀ ਵੱਖ ਜ਼ਿੰਦਗੀ ਸ਼ੁਰੂ ਕਰ ਦਿੰਦੇ ਹਨ, ਜਿਥੇ ਉਨ੍ਹਾਂ ਨੂੰ ਕੋਈ ਪਰਿਵਾਰਕ ਰੋਕ-ਟੋਕ ਨਹੀਂ ਹੁੰਦੀ। ਉਨ੍ਹਾਂ ਦੇ ਜ਼ੁਰਮ ਦੀ ਦੁਨੀਆਂ ਵੱਲ ਜਾਣ ਦੇ ਮੌਕੇ ਵੱਧ ਹੁੰਦੇ ਹਨ।
ਅਮਰੀਕਾ ਨਾਲੋਂ ਕੁਝ ਹੋਰ ਮੁਲਕਾਂ ਜਿਵੇਂ ਇਜ਼ਰਾਈਲ, ਨਾਰਵੇ ਤੇ ਕੁਝ ਯੂਰਪੀ ਮੁਲਕਾਂ ਵਿਚ ਪ੍ਰਤੀ ਆਦਮੀ ਹਥਿਆਰ ਵੱਧ ਹਨ, ਪਰ ਉਥੇ ਸ਼ੂਟਿੰਗ ਦੀਆਂ ਵਾਰਦਾਤਾਂ ਬਹੁਤ ਘੱਟ ਹਨ, ਕਿਉਂਕਿ ਉਥੇ ਪਰਿਵਾਰ ਇੱਕਠੇ ਹੁੰਦੇ ਹਨ। ਅਮਰੀਕਾ ਦੇ ਪਰਿਵਾਰਕ ਢਾਂਚੇ ਵਿਚ ਵੀ ਸੋਧ ਦੀ ਲੋੜ ਹੈ।
ਦੁਨੀਆਂ ਦੇ ਹੋਰ ਉਨਤ ਦੇਸ਼ਾਂ ਦੇ ਮੁਕਾਬਲੇ ਅਮਰੀਕਾ ਦੇ ਲੋਕਾਂ ਵਿਚ ਮਸ਼ਹੂਰ ਹੋਣ ਦੀ ਪ੍ਰਵਿਰਤੀ ਵੱਧ ਹੈ। ਮਸ਼ਹੂਰ ਹੋਣ ਲਈ ਬਹੁਤ ਵੱਡੇ ਮਾਅਰਕੇ ਮਾਰਨੇ ਹੁੰਦੇ ਹਨ, ਜੋ ਹਰੇਕ ਦੇ ਵੱਸ ਵਿਚ ਜਾਂ ਕਿਸਮਤ ਵਿਚ ਨਹੀਂ ਹੁੰਦੇ। ਫਿਰ ਦੂਜਾ ਰਸਤਾ, ਜਿਸ ਨੂੰ ਬਦਨਾਮੀ ਜਾਂ ਨੋਟੋਰੀਅਸ ਕਿਹਾ ਜਾਂਦਾ ਹੈ, ਉਸ ਪਾਸੇ ਵੱਲ ਉਲਾਰ ਹੋ ਜਾਂਦੇ ਹਨ, ਤੇ ਆਪਣੀ ਜਾਨ ਦੀ ਵੀ ਬਹੁਤੀ ਪ੍ਰਵਾਹ ਨਹੀਂ ਕਰਦੇ। ਉਹ ਆਪਣਾ ਨਜ਼ਰੀਆ ਹੀ ਇਹ ਬਣਾ ਲੈਂਦੇ ਹਨ ਕਿ ਜਿਨ੍ਹਾਂ ਨੇ ਵੱਡੀਆਂ ਮਾਸ ਸ਼ੂਟਿੰਗ ਵਾਰਦਾਤਾਂ ਕੀਤੀਆਂ ਹਨ, ਉਨ੍ਹਾਂ ਦਾ ਨਾਂ ਹਮੇਸ਼ਾ ਜ਼ੁਰਮ ਦੇ ਇਤਿਹਾਸ ਵਿਚ ਬੋਲਦਾ ਹੈ। ਇਸ ਪ੍ਰਾਪਤੀ ਦੀ ਖਾਤਿਰ ਵੀ ਉਹ ਦਿਲ ਕੰਬਾਊ ਵਾਰਦਾਤ ਕਰ ਜਾਂਦੇ ਹਨ।
ਮੀਡੀਏ ‘ਤੇ ਵੀ ਨਿਰਭਰ ਕਰਦਾ ਹੈ ਕਿ ਉਹ ਕਿਸੇ ਵਾਰਦਾਤ ਨੂੰ ਕਿਹੜੇ ਰੰਗ ਵਿਚ ਪੇਸ਼ ਕਰਦਾ ਹੈ। ਜਦੋਂ ਮੌਕੇ ‘ਤੇ ਜਾ ਕੇ ਮੀਡੀਆ ਉਹ ਦ੍ਰਿਸ਼ ਦਿਖਾਵੇ, ਜੋ ਅੱਗ ਨੂੰ ਭੜਕਾਉਂਦੇ ਹੋਣ ਜਾਂ ਅਜਿਹੀ ਰਿਪੋਰਟਿੰਗ ਕਰੇ, ਜਿਸ ਵਿਚ ਨਸਲਵਾਦ ਨੂੰ ਉਤਸ਼ਾਹਿਤ ਕੀਤਾ ਗਿਆ ਹੋਵੇ ਜਾਂ ਇੱਕ ਆਦਮੀ ਦੀ ਕਾਰਵਾਈ ਨੂੰ ਸਮਾਜ ਦੇ ਇੱਕ ਤਬਕੇ ਨਾਲ ਜੋੜ ਦਿੱਤਾ ਜਾਵੇ ਤਾਂ ਉਹਦਾ ਬਹੁਤ ਹੀ ਉਲਟਾ ਤੇ ਖਤਰਨਾਕ ਅਸਰ ਪੈਂਦਾ ਹੈ। ਭਾਵੇਂ ਅਮਰੀਕਾ ਦੀ ਪੁਲਿਸ ਛੇਤੀ ਕੀਤੇ ਅਜਿਹੇ ਖੁਲਾਸੇ ਨਹੀਂ ਕਰਦੀ, ਪਰ ਮੀਡੀਆ ਦੱਸਣਾ ਸ਼ੁਰੂ ਕਰ ਦਿੰਦਾ ਹੈ। ਅੱਜ ਕਲ ਤਾਂ ਸੋਸ਼ਲ ਮੀਡੀਏ ‘ਤੇ ਬਹੁਤ ਕੁਝ ਅਜਿਹਾ ਹੋ ਰਿਹਾ ਹੈ। ਮੀਡੀਏ ਦੀਆਂ ਦੋ ਕੁ ਮਿਸਾਲਾਂ ਬਹੁਤ ਅਹਿਮੀਅਤ ਰੱਖਦੀਆਂ ਹਨ: ਪਹਿਲੀ ਜਦੋਂ 9/11 ਤੋਂ ਬਾਅਦ ਅਮਰੀਕਾ ਦੇ ਟੈਲੀਵਿਜ਼ਨ ‘ਤੇ ਉਸਾਮਾ ਬਿਨ ਲਾਦੇਨ ਨੂੰ ਪੱਗ ਵਿਚ ਦਿਖਾਇਆ ਗਿਆ ਤਾਂ ਇੱਕ ਦਮ ਅਮਰੀਕੀਆਂ ਦੀ ਨਫਰਤ ਸਿੱਖਾਂ ਪ੍ਰਤੀ ਹੋ ਗਈ, ਜੋ ਅਜੇ ਤੱਕ ਵੀ ਕਿਤੇ ਨਾ ਕਿਤੇ ਜਾਹਰ ਹੋ ਜਾਂਦੀ ਹੈ ਤੇ ਸਿੱਖਾਂ ਨੂੰ ਨਿਸ਼ਾਨਾ ਵੀ ਬਣਾਇਆ ਜਾਂਦਾ ਹੈ। ਭਾਵੇਂ ਸਿੱਖਾਂ ਨੇ ਸਰਕਾਰ ਦੇ ਸਹਿਯੋਗ ਨਾਲ ਪੂਰੇ ਜ਼ੋਰ ਨਾਲ ਇਹ ਵਹਿਮ ਅਮਰੀਕਨਾਂ ਦੇ ਮਨਾਂ ‘ਚੋਂ ਕੱਢਣ ਦੀ ਕੋਸ਼ਿਸ਼ ਕੀਤੀ ਹੈ, ਪਰ ਇੱਕ ਵਾਰ ਟੈਲੀਵਿਜ਼ਨ ‘ਤੇ ਦਿਖਾਉਣ ਦਾ ਅਸਰ ਖਤਮ ਨਹੀਂ ਹੋ ਰਿਹਾ। ਦੂਜੀ ਮਿਸਾਲ ਹੈ, ਨਵੰਬਰ 1984 ਵਿਚ ਇੰਦਰਾ ਗਾਂਧੀ ਦੇ ਕਤਲ ਪਿਛੋਂ ਆਲ ਇੰਡੀਆ ਰੇਡੀਓ ਨੇ ਖਬਰ ਦਿੱਤੀ ਕਿ ਉਹਨੂੰ ਉਹਦੇ ਦੋ ਸਿੱਖ ਬਾਡੀ ਗਾਰਡਾਂ ਨੇ ਮਾਰ ਦਿੱਤਾ। ਬਸ ਐਨਾ ਸੁਣਨ ਦੀ ਦੇਰੀ ਸੀ, ਹਜ਼ੂਮ ਇੱਕਠੇ ਹੋਣੇ ਸ਼ੁਰੂ ਹੋ ਗਏ ਤੇ ਉਨ੍ਹਾਂ ਨੂੰ ਸਿੱਖ ਯਾਦ ਕਰਵਾ ਦਿੱਤਾ ਤੇ ਬਾਡੀ ਗਾਰਡ ਭੁਲਾ ਦਿੱਤਾ ਗਿਆ। ਫਿਰ ਜੋ ਹੋਇਆ, ਉਹ ਆਪਾਂ ਸਭ ਜਾਣਦੇ ਹਾਂ। ਇਹ ਹੁੰਦਾ ਮੀਡੀਏ ਦਾ ਨਾਕਾਰਾਤਮਕ ਰਵੱਈਆ। ਅਮਰੀਕਾ ਵਿਚ ਇਹਨੂੰ ਕਾਪੀਕੈਟ ਕਰਾਈਮ ਵੀ ਕਿਹਾ ਜਾਂਦਾ ਹੈ। ਇਥੇ ਕਈ ਮਾਸ ਸ਼ੂਟਿੰਗ ਦੇ ਕੇਸ ਪਹਿਲੇ ਹੋਏ ਕੇਸਾਂ ਤੋਂ ਸੇਧ ਲੈ ਕੇ ਵੀ ਕਈ ਸਿਰ ਫਿਰਿਆਂ ਨੇ ਕੀਤੇ।
ਅਮਰੀਕਾ ਵਿਚ ਘਰੇਲੂ ਗੋਲੀਬਾਰੀ ਦੀਆਂ ਵੱਧ ਵਾਰਦਾਤਾਂ ਹੋਣ ਦਾ ਇੱਕ ਕਾਰਨ ਇਹ ਵੀ ਹੈ ਕਿ ਅਮਰੀਕਾ ਸਾਰੀ ਦੁਨੀਆਂ ਵਿਚ ਆਪਣੇ ਹਥਿਆਰਾਂ ਕਰਕੇ ਸਰਦਾਰੀ ਬਣਾਈ ਰੱਖਦਾ ਹੈ। ਉਹ ਆਪਣਾ ਰੋਹਬ ਰੱਖਦਾ ਹਰ ਮੁਲਕ ‘ਤੇ, ਅੱਖਾਂ ਵੀ ਦਿਖਾਲ ਦਿੰਦਾ, ਖਾਸ ਕਰਕੇ ਜਦੋਂ ਪ੍ਰੈਜ਼ੀਡੈਂਟ ਟਰੰਪ ਵਰਗਾ ਗੁਸੈਲ ਲਾਲ ਚਿਹਰਾ ਹੋਵੇ, ਫਿਰ ਕੌਣ ਬੋਲਦਾ ਮੋਹਰੇ ਭਲਾ! ਇੱਕ ਕਹਾਵਤ ਹੈ, ਯਥਾ ਰਾਜਾ ਤਥਾ ਪਰਜਾ। ਜਦ ਮੁਲਕ ਦੀ ਬੱਲੇ ਬੱਲੇ ਹਥਿਆਰਾਂ ਕਰਕੇ ਹੋਵੇ ਤਾਂ ਲੋਕਾਂ ਵਿਚ ਇਹ ਕੁਦਰਤੀ ਭਾਵਨਾ ਪੈਦਾ ਹੋ ਜਾਂਦੀ ਹੈ ਕਿ ਉਹ ਵੀ ਵਧੀਆ ਤੋਂ ਵਧੀਆ ਹਥਿਆਰਾਂ ਦੇ ਸ਼ੌਕੀਨ ਬਣਨ। ਜਦੋਂ ਮੁਲਕ ਦੇ ਸ਼ਾਸਕ ਹਥਿਆਰਾਂ ਦੇ ਸਿਰ ‘ਤੇ ਦਬਕੇ ਮਾਰਨ, ਫਿਰ ਪਰਜਾ ਨੇ ਵੀ ਜਲਵਾ ਦਿਖਾਉਣਾ ਹੀ ਹੁੰਦਾ। ਅਮਰੀਕਾ ਵਿਚ ਇਹ ਸੋਚਣਾ ਕਿ ਗੋਲੀ ਦੀਆਂ ਵਾਰਦਾਤਾਂ ਮੁਕੰਮਲ ਬੰਦ ਹੋ ਜਾਣ, ਅਜੇ ਨਾਮੁਮਕਿਨ ਹੈ।
ਹੁਣ ਤੱਕ ਹੋਈਆਂ ਸ਼ੂਟਿੰਗ ਦੀਆਂ ਸਭ ਵਾਰਦਾਤਾਂ ਵਿਚ ਆਟੋਮੈਟਿਕ ਸਟੇਨਗੰਨਾਂ ਵਰਤੀਆਂ ਗਈਆਂ, ਜਿਨ੍ਹਾਂ ਦੇ ਲਾਇਸੈਂਸ ਆਪਣੀ ਨਿੱਜੀ ਸੁਰਖਿਆ ਲਈ ਲਏ ਗਏ ਸਨ, ਪਰ ਪੁਲਿਸ ਅਤੇ ਦੂਜੀਆਂ ਏਜੰਸੀਆਂ ਦੇ ਨੋਟਿਸ ਵਿਚ ਆਇਆ ਕਿ ਇਹ ਹਥਿਆਰ ਘੱਟ ਹੀ ਆਪਣੀ ਸੁਰਖਿਆ ਲਈ ਵਰਤੇ ਗਏ, ਉਲਟਾ ਕਈ ਘਰਾਂ ਦੀ ਆਪਸੀ ਕੁੜਿੱਤਣ ਨੇ ਹਥਿਆਰਾਂ ਦੇ ਮਾਲਕਾਂ ਨੂੰ ਹੀ ਇਨ੍ਹਾਂ ਦਾ ਸ਼ਿਕਾਰ ਬਣਾ ਦਿੱਤਾ। ਇਸ ਕਰਕੇ ਸਰਕਾਰ ਨੂੰ ਅਜਿਹੇ ਹਥਿਆਰਾਂ ‘ਤੇ ਰੋਕ ਲਾਉਣੀ ਚਾਹੀਦੀ ਹੈ, ਜੋ ਸਰਕਾਰ ਵੱਡੀਆਂ ਕੰਪਨੀਆਂ ਦੇ ਦਬਾਅ ਹੇਠ ਨਹੀਂ ਕਰ ਰਹੀ; ਦੋਹਾਂ ਪਾਰਟੀਆਂ ਨੂੰ ਇਸ ‘ਤੇ ਸਿਆਸਤ ਛੱਡਣੀ ਚਾਹੀਦੀ ਹੈ। ਇਸ ਦੀ ਥਾਂ ਜੇ ਛੋਟੇ ਹਥਿਆਰ ਪਿਸਤੌਲ ਵਗੈਰਾ ਨਿੱਜੀ ਸੁਰੱਖਿਆ ਲਈ ਦਿੱਤੇ ਜਾਣ ਤਾਂ ਉਨ੍ਹਾਂ ਨਾਲ ਵੱਡੀਆਂ ਜਨਤਕ ਗੋਲੀਬਾਰੀ ਦੀਆਂ ਵਾਰਦਾਤਾਂ ਕਾਫੀ ਹੱਦ ਤੱਕ ਰੁਕ ਸਕਦੀਆਂ ਹਨ। ਇਸ ਦੇ ਨਾਲ ਨਾਲ ਲੋਕਾਂ ਨੂੰ ਆਪਣੀ ਸੋਚ ਵਿਚ ਵੀ ਹਾਂ-ਪੱਖੀ ਬਦਲਾਓ ਲਿਆਉਣਾ ਪੈਣਾ।