ਸੋਹਣ ਸਿੰਘ ਮੀਸ਼ਾ ਦੀ ਸ਼ਾਇਰੀ ਦੇ ਮੱਦਾਹ

ਗੁਲਜ਼ਾਰ ਸਿੰਘ ਸੰਧੂ
ਕੁਝ ਦਿਨਾਂ ਤੱਕ ਪੰਜਾਬੀ ਕਵੀ ਸੋਹਣ ਸਿੰਘ ਮੀਸ਼ਾ ਨੂੰ ਇਸ ਦੁਨੀਆਂ ਤੋਂ ਕੂਚ ਹੋਇਆਂ 33 ਸਾਲ ਹੋ ਜਾਣੇ ਹਨ। ਪੰਜਾਬੀ ਗਜ਼ਲਗੋਈ ਨੂੰ ਉਰਦੂ ਗਜ਼ਲਗੋਈ ਦੇ ਟਾਕਰੇ ਦੀ ਬਣਾਉਣ ਵਾਲੇ ਤਿੰਨ ਕਵੀਆਂ-ਸ਼ ਸ਼ ਮੀਸ਼ਾ, ਸੁਰਜੀਤ ਪਾਤਰ ਤੇ ਸੁਖਵਿੰਦਰ ਅੰਮ੍ਰਿਤ ਵਿਚੋਂ ਉਹ ਸਭ ਤੋਂ ਪਹਿਲਾ ਹੋਇਆ ਸੀ। ਉਸ ਨੇ ਪੰਜਾਬੀ ਗਜ਼ਲ ਨੂੰ ਸਹਿਜ ਤੇ ਸੁਹਜ ਹੀ ਨਹੀਂ ਬਖਸ਼ਿਆ, ਇਸ ਨੂੰ ਬੜਬੋਲੀ ਹੋਣ ਤੋਂ ਵੀ ਬਚਾਇਆ। ਜੇ ਮੈਂ ਉਸ ਦੀਆਂ ਗਜ਼ਲਾਂ ਵਿਚੋਂ ਦੋ ਮਿਸਾਲਾਂ ਦੇਣੀਆਂ ਹੋਣ ਤਾਂ ਹੇਠ ਲਿਖੇ ਮਤਲਾਅ ਵਾਲੀਆਂ ਚੁਣਾਂਗਾ,

1. ਅੱਧੀ ਰਾਤ ਪਹਿਰ ਦੇ ਤੜਕੇ
ਅੱਖਾਂ ਵਿਚ ਉਨੀਂਦਾ ਰੜਕੇ।
2. ਨ੍ਹੇਰਿਆਂ ਵਿਚ ਟਿਮਟਿਮਾਈਏ ਦੋਸਤੋ
ਅੱਖੀਆਂ ਦੀਵੇ ਬਣਾਈਏ ਦੋਸਤੋ।
ਪਹਿਲੀ ਗਜ਼ਲ ਵਿਚ ਸੁਹਜ ਤੇ ਸਹਿਜ ਹੈ ਅਤੇ ਦੂਜੀ ਦੀ ਬੁੱਕਲ ਤੇ ਹਿਰਦਾ ਵਿਸ਼ਾਲ ਹੈ। ਪਹਿਲਾਂ ਸੁਹਜ ਤੇ ਫੇਰ ਵਿਸ਼ਾਲਤਾ।
ਤੇਰੀ ਧੂੜ ਵੀ ਸੁਰਮੇ ਵਰਗੀ
ਸੱਜਣਾ ਦੇ ਪਿੰਡ ਜਾਂਦੀ ਸੜਕੇ।
ਸਿਖਰ ਦੁਪਹਿਰੇ ਕੱਲ ਇਕ ਰਾਹੀ
ਡਿੱਗਾ ਆਪਣੀ ਛਾਂ ਵਿਚ ਅੜ ਕੇ।
ਲੋ ਹੀ ਲੋ ਸੀ ਸੇਕ ਨਹੀਂ ਸੀ
ਦੇਖ ਲਿਆ ਮੈਂ ਜੁਗਨੂੰ ਫੜ ਕੇ।
ਜੋ ਗੱਲ ਤੈਥੋਂ ਕਹਿ ਨਾ ਹੋਈ
ਉਹ ਮੇਰੇ ਵੀ ਦਿਲ ਵਿਚ ਰੜਕੇ।
ਜਾਨ ਰਹੀ ਨਾ ਤੇਰੇ ਬਾਝੋਂ
ਨਬਜ਼ ਵੀ ਚੱਲੇ ਦਿਲ ਵੀ ਧੜਕੇ।
ਮੈਨੂੰ ਇਸ ਗਜ਼ਲ ਦੇ ਉਸ ਸ਼ਿਅਰ ਦੀ ਉਤਮਤਾ ਤੇ ਸਹਿਜ ਨੇ ਪ੍ਰਭਾਵਤ ਕੀਤਾ ਹੈ, ਜਿਸ ਵਿਚ ਕਵੀ ਸਿਖਰ ਦੁਪਹਿਰੇ ਤੁਰਦੇ ਰਾਹੀ ਨੂੰ ਆਪਣੇ ਹੀ ਪਰਛਾਵੇਂ ਵਿਚ ਅੜ ਕੇ ਡਿੱਗਾ ਵਿਖਾਉਂਦਾ ਹੈ। ਇਸ ਸ਼ਿਅਰ ਦੀ ਵਿਲੱਖਣਤਾ ਵੱਡੇ ਤੋਂ ਵੱਡੇ ਗਜ਼ਲਗੋ ਦੇ ਹਾਣ ਦੀ ਹੈ; ਮਾਤ ਪਾਉਣ ਵਾਲੀ ਵੀ।
ਦੂਜੀ ਗਜ਼ਲ ਦੇ ਕੁਝ ਸ਼ਿਅਰ ਹਨ:
ਪਾਲਤੂ ਚਿੜੀਆਂ ਤੋਂ ਕੁਝ ਤਾਂ ਸਿੱਖੀਏ
ਪਿੰਜਰਿਆਂ ਵਿਚ ਚਹਿਚਹਾਈਏ ਦੋਸਤੋ।
ਸੱਚੀਆਂ ਗੱਲਾਂ ਦੇ ਖੰਭ ਕਤਰੇ ਗਏ
ਆਓ ਅਫਵਾਹਾਂ ਉਡਾਈਏ ਦੋਸਤੋ।
ਵਿਛੜੇ ਹੋਏ ਹਾਂ ਆਪਣੇ ਆਪ ਤੋਂ
ਕੀ ਕਿਸੇ ਨੂੰ ਮਿਲਣ ਜਾਈਏ ਦੋਸਤੋ।
ਦੇਖ ਕੇ ਸ਼ੀਸ਼ੇ ‘ਚ ਆਪਣੇ ਆਪ ਨੂੰ
ਆਪਣਾ ਚੇਤਾ ਕਰਾਈਏ ਦੋਸਤੋ।
ਰਾਤ ਠੰਢੀ ਸੀਤ ਠੱਕਾ ਕਹਿਰ ਦਾ
ਅਗਨ ਅੰਗਾਂ ਵਿਚ ਮਘਾਈਏ ਦੋਸਤੋ।
ਘੁੱਪ ਹਨੇਰੇ ਵਿਚ ਟਟਹਿਣੇ ਢੂੰਡੀਏ
ਦੇਵੀਆਂ ਦਿਉਤੇ ਧਿਆਈਏ ਦੋਸਤੋ।
ਇਸ ਗਜ਼ਲ ਦੀ ਬੁੱਕਲ ਪੂਰੇ ਸੰਸਾਰ ਜਿੰਨੀ ਵਿਸ਼ਾਲ ਹੈ। ਸੱਚੀਆਂ ਗੱਲਾਂ ਦੇ ਖੰਭ ਕਤਰੇ ਜਾਣ ਤੇ ਅਫਵਾਹਾਂ ਦੀ ਸ਼ਰਨ ਪੈਣ ‘ਤੇ ਵਿਅੰਗ ਕਰਦੀ ਹੈ ਅਤੇ ਦੇਵੀ ਦਿਉਤੇ ਧਿਆਉਣ ਨੂੰ ਘੁੱਪ ਹਨੇਰੇ ਵਿਚ ਟਟਹਿਣੇ ਢੂੰਡਣਾ ਦਰਸਾਉਂਦੀ ਹੈ। ਹੈ ਨਾ ਉਤਮਤਾ ਦੀ ਸਿਖਰ ਤੇ ਕਮਾਲ!
ਇਹ ਰਚਨਾਵਾਂ ਅੱਧੀ ਸਦੀ ਪਹਿਲਾਂ ਦੀਆਂ ਹਨ। ਜਿਉਂ ਜਿਉਂ ਸਮਾਂ ਲੰਘਦਾ ਜਾ ਰਿਹਾ ਹੈ, ਇਨ੍ਹਾਂ ਦਾ ਮੁੱਲ ਤੇ ਪ੍ਰਭਾਵ ਵਧ ਰਿਹਾ ਹੈ। ਇਸੇ ਸਾਲ ਲੋਕਗੀਤ ਪ੍ਰਕਾਸ਼ਨ, ਮੋਹਾਲੀ ਨੇ ਐਸ਼ ਐਸ਼ ਮੀਸ਼ਾ ਦਾ ਸੰਪੂਰਨ ਕਾਵਿ ਇੱਕ ਜਿਲਦ ਵਿਚ ਛਾਪਿਆ ਹੈ ਤੇ ਹੁਣ ਮੀਸ਼ਾ ਦੇ ਜੂਨੀਅਰ ਮਿੱਤਰ ਤੇ ਮੱਦਾਹ ਬਰਜਿੰਦਰ ਸਿੰਘ ਹਮਦਰਦ ਨੇ ਮੀਸ਼ਾ ਦੀ ਗਜ਼ਲਗੋਈ ਨੂੰ ਆਪਣੀ ਸੁਹਜ ਤੇ ਸਹਿਜ ਭਰੀ ਆਵਾਜ਼ ਦੇ ਕੇ ਸੀ.ਡੀ./ਸੰਗੀਤਕ ਐਲਬਮਾਂ ਵਿਚ ਸਮੋਇਆ ਹੈ। ਤੁਸੀਂ ਸਰਬਵਿਆਪੀ ਅਪੀਲ ਵਾਲੀ ਤੇ ਦੋਸਤਾਂ ਨੂੰ ਸੰਬੋਧਤ ਗਜ਼ਲ ਹਮਦਰਦ ਦੀ ‘ਦਰਦ-ਏ-ਦਿਲ’ ਨਾਂ ਦੀ ਸੀ. ਡੀ. ਵਿਚੋਂ ‘ਜਾਨ ਰਹੀ ਨਾ ਤੇਰੇ ਬਾਝੋਂ’ ਅਤੇ ਇਕ ਸੁਹਜ ਭਾਵੀ ਗਜ਼ਲ ‘ਜੁਗਨੂੰ’ ਨਾਂ ਦੀ ਸੀ. ਡੀ. ਵਿਚੋਂ ਸੁਣ ਸਕਦੇ ਹੋ। ‘ਜੁਗਨੂੰ’ ਬਰਜਿੰਦਰ ਹੁਰਾਂ ਦੀ ਦੂਜੀ ਸੀ. ਡੀ. ਸੀ ਤੇ ‘ਦਰਦ-ਏ-ਦਿਲ’ ਹੁਣ ਤੱਕ ਦੀ ਆਖਰੀ।
ਚੇਤੇ ਰਹੇ, ਉਰਦੂ ਗਜ਼ਲਗੋ ਮਿਰਜ਼ਾ ਅਸਦੁੱਲਾ ਖਾਂ ਗਾਲਿਬ ਵੀ ਆਪਣੇ ਜੀਵਨ ਕਾਲ ਵਿਚ ਏਨਾ ਪ੍ਰਸਿੱਧ ਨਹੀਂ ਸੀ ਹੋਇਆ, ਜਿੰਨਾ ਸਮਾਂ ਪਾ ਕੇ। ਜੇ ਉਸ ਨੂੰ ਪ੍ਰਸਿੱਧ ਕਰਨ ਵਾਲੇ ਅੱਧੀ ਦਰਜਨ ਗਾਇਕ ਉਸ ਦੀ ਰਚਨਾਕਾਰੀ ਦੇ ਮੱਦਾਹ ਸਨ ਤਾਂ ਮੀਸ਼ਾ ਨੂੰ ਅਮਰ ਕਰਨ ਵਾਲਿਆਂ ਵਿਚ ਬਰਜਿੰਦਰ ਸਿੰਘ ਹਮਦਰਦ ਦਾ ਨਾਂ ਸਭ ਤੋਂ ਉਤੇ ਬੋਲੇਗਾ। ਹਮਦਰਦ ਪੰਜਾਬੀ ਜਗਤ ਨੂੰ ਮੀਸ਼ਾ ਦੀਆਂ ਗਜ਼ਲਾਂ ‘ਤੇ ਆਧਾਰਤ ਤਿੰਨ ਸੀਡੀਆਂ/ਸੰਗੀਤਕ ਐਲਬਮਾਂ ਦੇ ਚੁਕਾ ਹੈ ਤੇ ਚੌਥੀ ਦੇਣ ਵਾਲਾ ਹੈ। ਹਮਦਰਦ ਨੇ ਆਪਣੀ ਸਹਿਜ ਤੇ ਸੁਹਜ ਭਰੀ ਆਵਾਜ ਉਰਦੂ ਦੀ ਸ਼ਾਇਰੀ ਦੇ ਉਚਤਮ ਹਸਤਾਖਰਾਂ ਨੂੰ ਬਖਸ਼ੀ ਹੈ, ਪਰ ਉਨ੍ਹਾਂ ਵਿਚੋਂ ਕਿਸੇ ਨੂੰ ਵੀ ਉਹ ਸ਼ਰਫ ਨਹੀਂ ਹਾਸਲ ਜਿਸ ਦੀ ਪੇਸ਼ਕਾਰੀ ਇਕ ਤੋਂ ਵਧ ਸੀਡੀਆਂ ਵਿਚ ਹੋਈ ਹੋਵੇ। ਕਾਰਨ ਸਿਰਫ ਇਹ ਨਹੀਂ ਕਿ ਮੀਸ਼ਾ, ਹਮਦਰਦ ਹੁਰਾਂ ਦਾ ਸੀਨੀਅਰ ਤੇ ਮਿੱਤਰ ਸੀ, ਮੀਸ਼ਾ ਦੀ ਰਚਨਾਕਾਰੀ ਵਿਚ ਸੁਰ-ਤਾਲ ਦਾ ਅਨੋਖਾ ਸੁਮੇਲ ਹੈ।
ਗਜ਼ਲਾਂ ਪੜ੍ਹਨ ਤੇ ਸੁਣਨ ਦੇ ਸ਼ੌਕੀਨ ਜਾਣਦੇ ਹਨ, ਜ਼ਰੂਰੀ ਨਹੀਂ ਕਿ ਕਿਸੇ ਗਜ਼ਲ ਦੇ ਸਾਰੇ ਸ਼ਿਅਰਾਂ ਦੇ ਅਰਥ ਮਿਲਦੇ-ਜੁਲਦੇ ਹੋਣ। ਇਹ ਵੀ ਕਿ ਕਿਸੇ ਸ਼ਿਅਰ ਵਿਚ ਉਠਾਏ ਪ੍ਰਸ਼ਨ ਦਾ ਉਤਰ ਕਿਸੇ ਹੋਰ ਗਜ਼ਲ ਦੇ ਸ਼ਿਅਰ ਵਿਚ ਹੁੰਦਾ ਹੈ। ਜੇ ਇਸ ਕਥਨ ਦੀ ਪੁਸ਼ਟੀ ਮੀਸ਼ਾ ਦੀ ਰਚਨਾਕਾਰੀ ਵਿਚੋਂ ਕਰਨੀ ਹੋਵੇ ਤਾਂ ਮੈਂ ‘ਰੇਤ ਦਾ ਟਿੱਬਾ ਵੀ ਲਗਦਾ ਤੂਰ ਹੈ’ ਕਾਫੀਆ ਤੇ ਰਦੀਫ ਵਾਲੀ ਗਜ਼ਲ ਦੇ ਦੋ ਸ਼ਿਅਰ ਲੈਂਦਾ ਹਾਂ। ਇਨ੍ਹਾਂ ਵਿਚੋਂ ਇੱਕ ਸ਼ਿਅਰ ਸਥਿਤੀ ਜਾਂ ਸਵਾਲ ਪੈਦਾ ਕਰਦਾ ਹੈ, ਦੂਜਾ ਜਵਾਬ ਬਣ ਜਾਂਦਾ ਹੈ,
(A) ਹੁਕਮ ਹੈ ਕਿ ਚਹਿਚਹਾਓ ਪੰਛੀਓ
ਬਾਗਾਂ ਵਿਚ ਨਾ ਫਲ, ਨਾ ਫੁਲ, ਨਾ ਬੂਰ ਹੈ।
ਪਾਲਤੂ ਚਿੜੀਆਂ ਤੋਂ ਕੁਝ ਤਾਂ ਸਿੱਖੀਏ
ਪਿੰਜਰਿਆਂ ਵਿਚ ਚਹਿਚਹਾਈਏ ਦੋਸਤੋ।
(ਅ) ਇਸ਼ਕ ਨਹੀਂ ਹੈ ਮੇਰੇ ਵੱਸ ਤਾਂ ਉਸ ਤੋਂ
ਹੁਸਨ ਕਿਹੜਾ ਸੰਭਾਲ ਹੁੰਦਾ ਹੈ।
ਮੇਰੇ ਘਰ ਤੋਂ ਤੇਰਾ ਘਰ ਤਾਂ ਦੋ ਕਦਮ
ਤੇਰੇ ਘਰ ਤੋਂ ਮੇਰਾ ਘਰ ਕਿਉਂ ਦੂਰ ਹੈ।
ਇਹ ਸ਼ਿਅਰ ਡਾ. ਹਮਦਰਦ ਦੀਆਂ ਚੁਣੀਆਂ ਗਜ਼ਲਾਂ ਵਿਚੋਂ ਹਨ। ਮੀਸ਼ਾ ਦੇ ਹਮਦਰਦਾਂ ਵਿਚ ਕੇਵਲ ਬਰਜਿੰਦਰ ਸਿੰਘ ਹੀ ਸ਼ਾਮਲ ਨਹੀਂ, ਮੈਂ ਅਤੇ ਲੋਕਗੀਤ ਪ੍ਰਕਾਸ਼ਨ ਵਾਲਾ ਹਰੀਸ਼ ਜੈਨ ਵੀ ਹੈ; ਤੇ ਹੋਰ ਅਨੇਕਾਂ!
ਅੰਤਿਕਾ: ਐਸ਼ ਐਸ਼ ਮੀਸ਼ਾ ਦੇ ਇੱਕ ਖਤ ਵਿਚੋਂ
ਜਿਸ ਘੜੀ ਦੀ ਉਮੀਦ ਹੈ ਤੈਨੂੰ
ਉਸ ਘੜੀ ਨੇ ਕਦੀ ਨਹੀਂ ਹੋਣਾ।
ਇਸ਼ਕ ਨੂੰ ਮੁਲਤਵੀ ਤਾਂ ਕਰ ਦਈਏ
ਮੌਤ ਨੇ ਮੁਲਤਵੀ ਨਹੀਂ ਹੋਣਾ।