ਹਿੰਦ-ਪਾਕਿ ਪ੍ਰਮਾਣੂ ਜੰਗ ਦਾ ਅਸਲੀ ਖਤਰਾ

ਭਾਰਤ ਵਿਚ ਜਦੋਂ ਦੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸਰਕਾਰ ਬਣੀ ਹੈ, ਘੱਟਗਿਣਤੀਆਂ ਪ੍ਰਤੀ ਨਫਰਤ ਦੀ ਭਾਵਨਾ ਵਧੀ ਹੈ ਅਤੇ ਪਾਕਿਸਤਾਨ ਨਾਲ ਸਬੰਧਾਂ ਵਿਚ ਹੋਰ ਕਸ਼ੀਦਗੀ ਆਈ ਹੈ। ਜਦੋਂ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੂਜੀ ਵਾਰ ਬਣੀ ਹੈ, ਇਸ ਦੇ ਆਗੂਆਂ ਦੀ ਭਾਸ਼ਾ ਵਿਚ ਪਾਕਿਸਤਾਨ ਪ੍ਰਤੀ ਨਫਰਤ ਦੀ ਭਾਵਨਾ ਹੋਰ ਵੀ ਵਧੀ ਹੈ ਅਤੇ ਹੁਣ ਉਹ ਪਾਕਿਸਤਾਨ ਨਾਲ ਪ੍ਰਮਾਣੂ ਜੰਗ ਛੇੜਨ ਅਤੇ ਉਸ ਨੂੰ ਤਬਾਹ ਕਰਨ ਦੀਆਂ ਗੱਲਾਂ ਕਰਨ ਲੱਗੇ ਹਨ।

ਕੁਝ ਅਖਬਾਰ ਅਤੇ ਰਸਾਲੇ ਵੀ ਭਾਜਪਾ ਆਗੂਆਂ ਦੀ ਜ਼ੁਬਾਨ ਬੋਲਣ ਲੱਗੇ ਹਨ। ਇਸ ਲੇਖ ਵਿਚ ਲੇਖਕ ਗੁਰਬਚਨ ਸਿੰਘ ਨੇ ਇਸ ਮੁੱਦੇ ਦੀ ਡੂੰਘੀ ਪੁਣਛਾਣ ਕੀਤੀ ਹੈ। -ਸੰਪਾਦਕ

ਗੁਰਬਚਨ ਸਿੰਘ
ਕੁਝ ਮਹੀਨੇ ਪਹਿਲਾਂ ਜਦੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਜ ਸਭਾ ਮੈਂਬਰ ਅਤੇ ਸੰਘ ਪਰਿਵਾਰ ਦੇ ਸਿਧਾਂਤਕਾਰ ਸੁਬਰਾਮਨੀਅਨ ਸਵਾਮੀ ਨੇ ਆਪਣੇ ਇਕ ਟਵੀਟ ਵਿਚ ਇਹ ਲਿਖਿਆ ਸੀ ਕਿ ਪਾਕਿਸਤਾਨ ਨਾਲ ਹੋਣ ਵਾਲੀ ਪ੍ਰਮਾਣੂ ਜੰਗ ਵਿਚ 5-7 ਕਰੋੜ ਲੋਕਾਂ ਦੇ ਮਰਨ ਤੋਂ ਡਰਨ ਦੀ ਕੋਈ ਲੋੜ ਨਹੀਂ, ਕਿਉਂਕਿ ਜੇ ਇਹ ਜੰਗ ਹੋਈ ਤਾਂ ਇਸ ਜੰਗ ਵਿਚ ਪਾਕਿਸਤਾਨ ਹਮੇਸ਼ਾ ਲਈ ਤਬਾਹ ਹੋ ਜਾਵੇਗਾ। ਉਦੋਂ ਇਹ ਟਵੀਟ ਪੜ੍ਹ ਕੇ ਲਗਦਾ ਸੀ ਕਿ ਸ਼ਾਇਦ ਇਹ ਧਮਕੀ ਕਿਸੇ ਸਿਰ ਫਿਰੇ ਜਨੂੰਨੀ ਬੰਦੇ ਦੀ ਮਾਨਸਿਕ ਭੜਾਸ ਹੈ; ਪਰ ਪਿਛੋਂ ਵਾਪਰੀਆਂ ਘਟਨਾਵਾਂ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਇਹ ਧਮਕੀ ਕਿਸੇ ਸਿਰ ਫਿਰੇ ਜਨੂੰਨੀ ਬੰਦੇ ਦੀ ਪਾਕਿਸਤਾਨ ਵਿਰੋਧੀ ਮਾਨਸਿਕ ਭੜਾਸ ਨਹੀਂ, ਸਗੋਂ ਮੋਦੀ ਸਰਕਾਰ ਦੀ ਸੋਚੀ-ਸਮਝੀ ਫੌਜੀ ਯੁਧਨੀਤੀ ਦਾ ਇਕ ਅਹਿਮ ਹਿੱਸਾ ਹੈ। ਬਾਲਾਕੋਟ, ਸਰਜੀਕਲ ਸਟਰਾਈਕ, ਫੌਜੀ ਜਰਨੈਲਾਂ ਵਲੋਂ ਪਾਕਿਸਤਾਨ ਨੂੰ ਤਬਾਹ ਕਰ ਦੇਣ ਦੀਆਂ ਧਮਕੀਆਂ, ਸਭ ਇਸੇ ਯੁਧਨੀਤੀ ਅਧੀਨ ਹੋ ਰਿਹਾ ਹੈ। ਕਸ਼ਮੀਰ ਦੀ ਖੁਦਮੁਖਤਿਆਰੀ ਨਾਲ ਸਬੰਧਤ ਧਾਰਾ 370 ਨੂੰ ਖਤਮ ਕਰਨ ਦਾ ਐਲਾਨ ਕਰਦਿਆਂ ਅਮਿਤ ਸ਼ਾਹ ਦਾ ਪਾਰਲੀਮੈਂਟ ਵਿਚ ਇਹ ਕਹਿਣਾ ਕਿ ਸਾਡਾ ਅਗਲਾ ਕਦਮ ਪਾਕਿਸਤਾਨ ਦੇ ਕਬਜੇ ਹੇਠਲੇ ਕਸ਼ਮੀਰ ਤੇ ਚੀਨ ਦੇ ਕਬਜੇ ਹੇਠਲੇ ਅਕਸਾਈਚਿੰਨ ਖੇਤਰ ਨੂੰ ਆਜ਼ਾਦ ਕਰਵਾਉਣਾ ਹੈ, ਵੀ ਇਸੇ ਯੁਧਨੀਤੀ ਦਾ ਹਿੱਸਾ ਜਾਪਦਾ ਹੈ।
ਪਾਕਿਸਤਾਨ ਨੂੰ ਇਨ੍ਹਾਂ ਧਮਕੀਆਂ ਰਾਹੀਂ ਮਾਨਸਿਕ ਤੌਰ ‘ਤੇ ਪ੍ਰਮਾਣੂ ਜੰਗ ਲੜਨ ਲਈ ਤਿਆਰ ਕੀਤਾ ਜਾ ਰਿਹਾ ਹੈ ਤੇ ਨਾਲ ਹੀ ਇਸ ਖੇਤਰ ਵਿਚ ਪ੍ਰਮਾਣੂ ਜੰਗ ਲਈ ਮਾਹੌਲ ਸਿਰਜਿਆ ਜਾ ਰਿਹਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਹ ਕਹਿ ਕੇ ਇਸ ਯੁਧਨੀਤੀ ਦੀ ਪੁਸ਼ਟੀ ਕਰ ਦਿਤੀ ਹੈ ਕਿ ਭਾਰਤ ਪਹਿਲਾਂ ਪ੍ਰਮਾਣੂ ਬੰਬ ਨਾ ਵਰਤਣ ਦੇ ਆਪਣੇ ਫੈਸਲੇ ਨੂੰ ਭਵਿਖ ਵਿਚ ਬਦਲ ਵੀ ਸਕਦਾ ਹੈ। ਸੁਬਰਾਮਨੀਅਨ ਸਵਾਮੀ ਨੇ ਰਾਜਨਾਥ ਸਿੰਘ ਦੀ ਇਸ ਚਿਤਾਵਨੀ ਨੂੰ ਸਹੀ ਠਹਿਰਾਉਂਦਿਆਂ ਲਿਖਿਆ ਹੈ ਕਿ ਹੁਣ ਦੀ ਪਾਕਿਸਤਾਨੀ ਲੀਡਰਸ਼ਿਪ 1998 ਨਾਲੋਂ ਵੱਧ ‘ਪਾਗਲ’ ਹੈ, ਇਸ ਲਈ ਪ੍ਰਮਾਣੂ ਬੰਬ ਦੀ ਅਗਾਊਂ ਵਰਤੋਂ ਹੁਣ ਲੋੜੀਂਦੀ ਬਣ ਗਈ ਹੈ। ਸਵਾਮੀ ਦੇ ਲਿਖਣ ਅਨੁਸਾਰ ਜਦੋਂ ਹੀ ਇਹ ਯਕੀਨ ਹੋ ਜਾਏ ਕਿ (ਭਾਰਤੀ ਫੌਜਾਂ ਹੱਥੋਂ ਰਵਾਇਤੀ ਜੰਗ ਵਿਚ ਹਾਰ ਕੇ) ਅਪਮਾਨਤ ਹੋਇਆ ਪਾਕਿਸਤਾਨ ਪ੍ਰਮਾਣੂ ਹਮਲਾ ਕਰ ਸਕਦਾ ਹੈ, ਉਦੋਂ ਹੀ ਉਸ ਉਤੇ ਪ੍ਰਮਾਣੂ ਹਮਲਾ ਕਰ ਦੇਣਾ ਚਾਹੀਦਾ ਹੈ। ਭਾਵ ਹੁਣ ਪ੍ਰਮਾਣੂ ਬੰਬਾਂ ਦੀ ਵਰਤੋਂ ਕਿਆਫਿਆਂ ਦੇ ਆਧਾਰ ਉਤੇ ਵੀ ਕੀਤੀ ਜਾ ਸਕਦੀ ਹੈ।
ਪਾਠਕਾਂ ਦੇ ਮਨ ਵਿਚ ਇਹ ਸੁਆਲ ਪੈਦਾ ਹੋ ਸਕਦਾ ਹੈ ਕਿ ਆਪਣੀ ਇਸ ਚਰਚਾ ਲਈ ਅਸੀਂ ਸੁਬਰਾਮਨੀਅਨ ਸਵਾਮੀ ਦੇ ਕਥਨਾਂ ਨੂੰ ਹੀ ਕਿਉਂ ਆਧਾਰ ਬਣਾ ਰਹੇ ਹਾਂ? ਕਾਰਨ ਇਹ ਹੈ ਕਿ 2013 ਦੇ ਅਖੀਰ ਵਿਚ 2014 ਦੀਆਂ ਪਾਰਲੀਮੈਂਟ ਚੋਣਾਂ ਲਈ ਭਾਜਪਾ ਦੀ ਚੋਣ ਰਣਨੀਤੀ ਦਾ ਐਲਾਨ ਸਭ ਤੋਂ ਪਹਿਲਾਂ ਇਸੇ ਸਵਾਮੀ ਨੇ ਕੀਤਾ ਸੀ। ਇਹ ਗੱਲ ਸਵਾਮੀ ਨੇ ਹੀ ਕਹੀ ਸੀ ਕਿ ਵੋਟਾਂ ਸਿਰਫ ਆਰਥਕ ਵਿਕਾਸ ਦੇ ਨਾਂ ਉਤੇ ਹੀ ਨਹੀਂ ਮਿਲਦੀਆਂ, ਸਗੋਂ ਧਰਮ ਦੇ ਆਧਾਰ ‘ਤੇ ਵੀ ਲਈਆਂ ਜਾ ਸਕਦੀਆਂ ਹਨ। ਇਹ ਗੱਲ ਵੀ ਸੁਬਰਾਮਨੀਅਨ ਸਵਾਮੀ ਨੇ ਹੀ ਕਹੀ ਸੀ, “ਯੂਨਾਈਟਡ ਹਿੰਦੂਜ਼, ਡਿਵਾਈਡ ਮਿਨਾਰਟੀਜ਼।” ਭਾਵ ਹਿੰਦੂਆਂ ਨੂੰ ਇਕਮੁਠ ਕਰੋ ਤੇ ਘਟਗਿਣਤੀਆਂ ਦੀ ਵੋਟ ਨੂੰ ਆਪਸ ਵਿਚ ਪਾੜ ਕੇ ਰਖੋ। ਇਸੇ ਚੋਣ ਰਣਨੀਤੀ ਹੇਠ ਭਾਜਪਾ ਨੇ 2014 ਤੇ 2019 ਦੀਆਂ ਪਾਰਲੀਮੈਂਟ ਚੋਣਾਂ ਜਿੱਤੀਆਂ ਹਨ।
ਇਸ ਫੌਜੀ ਯੁਧਨੀਤੀ ਨੂੰ ਅਮਲੀ ਰੂਪ ਕਿਵੇਂ ਦਿੱਤਾ ਜਾਏ, ਇਸ ਲਈ 15 ਅਗਸਤ ਨੂੰ ਸੁਬਰਾਮਨੀਅਨ ਸਵਾਮੀ ਨੇ ਹੀ ਇਕ ਹੋਰ ਟਵੀਟ ਲਿਖਿਆ ਹੈ, “ਕਸ਼ਮੀਰ ਵਿਚ ਫੌਰੀ ਐਕਟ ਕਰਨ ਲਈ ਮੋਦੀ ਅਤੇ ਉਸ ਦੇ ਗ੍ਰਹਿ ਮੰਤਰੀ ਨੂੰ ਵਧਾਈ। ਪਰ ਪਾਕਿਸਤਾਨੀ ਕਸ਼ਮੀਰ ਲੈਣ ਤੋਂ ਬਿਨਾ ਕਸ਼ਮੀਰ ਸਮੱਸਿਆ ਬਣੀ ਰਹੇਗੀ। ਪਾਕਿਸਤਾਨੀ ਕਸ਼ਮੀਰ ਲੈਣ ਲਈ ਸਾਨੂੰ ਇਕੋ ਵੇਲੇ ਪਾਕਿਸਤਾਨ ਨੂੰ ਚਾਰ ਟੁਕੜਿਆਂ ਵਿਚ ਵੰਡ ਦੇਣਾ ਚਾਹੀਦਾ ਹੈ। ਜੇ ਅਮਰੀਕਾ ਨੇ 28 ਸਤੰਬਰ ਨੂੰ ਅਫਗਾਨਿਸਤਾਨ ਵਿਚ ਚੋਣਾਂ ਦੀ ਸਹਿਮਤੀ ਦੇ ਦਿੱਤੀ ਤਾਂ ਅਫਗਾਨਿਸਤਾਨ ਭਾਰਤ ਦਾ ਸੰਗੀ ਹੋਵੇਗਾ। ਜੇ ਇਰਾਨ ਨਿਰਪੱਖ ਰਿਹਾ ਅਤੇ ਚੀਨ ਨੂੰ ਚੰਗੀ ਤਰ੍ਹਾਂ ਸਮਝਾ ਦਿੱਤਾ ਗਿਆ ਤਾਂ ਇਹ ਕੰਮ ਹੋਰ ਵੀ ਸੌਖਾ ਹੋ ਜਾਏਗਾ।”
ਲਗਭੱਗ ਇਹੀ ਗੱਲ ਬੜੇ ਰੋਸ ਭਰੇ ਮਨ ਨਾਲ ਇਮਰਾਨ ਖਾਨ ਨੇ ਪਾਕਿਸਤਾਨੀ ਕਸ਼ਮੀਰ ਦੀ ਅਸੈਂਬਲੀ ਨੂੰ ਸੰਬੋਧਨ ਕਰਦਿਆਂ ਕਹੀ ਹੈ। ਉਸ ਨੇ ਕਿਹਾ ਹੈ ਕਿ ਮੋਦੀ ਸਰਕਾਰ ਵਲੋਂ ਪਾਕਿਸਤਾਨੀ ਕਸ਼ਮੀਰ ਵਿਚ ਫੌਜੀ ਕਾਰਵਾਈ ਕਰਨ ਦੀ ਸਾਡੇ ਕੋਲ ਪੁਖਤਾ ਜਾਣਕਾਰੀ ਹੈ ਅਤੇ ਆਰ. ਐਸ਼ ਐਸ਼ ਦੀ ਹਿਟਲਰੀ ਨੀਤੀ ਉਤੇ ਚਲ ਕੇ ਮੋਦੀ ਸਰਕਾਰ ਦੇਸ਼ ਵਿਚੋਂ ਮੁਸਲਮਾਨਾਂ ਸਮੇਤ ਸਾਰੀਆਂ ਧਾਰਮਿਕ ਘਟ ਗਿਣਤੀਆਂ ਨੂੰ ਰਾਜਸੀ ਗੁਲਾਮੀ ਵੱਲ ਧੱਕਣਾ ਚਾਹੁੰਦੀ ਹੈ। ਉਹ ਦੋਹਾਂ ਦੇਸ਼ਾਂ ਵਿਚਾਲੇ ਜੰਗੀ ਮਾਹੌਲ ਸਿਰਜ ਕੇ ਪਾਕਿਸਤਾਨ ਨਾਲ ਰਵਾਇਤੀ ਜੰਗ ਲਾਉਣੀ ਚਾਹੁੰਦੀ ਹੈ, ਜਿਸ ਦਾ ਸੁਭਾਵਿਕ ਸਿੱਟਾ ਦੋ ਦੇਸ਼ਾਂ ਵਿਚਾਲੇ ਪ੍ਰਮਾਣੂ ਜੰਗ ਵਿਚ ਨਿਕਲੇਗਾ। ਇਮਰਾਨ ਖਾਨ ਨੇ ਆਲਮੀ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਜੇ ਦੋਹਾਂ ਦੇਸ਼ਾਂ ਵਿਚਾਲੇ ਜੰਗ ਲੱਗੀ ਤਾਂ ਇਸ ਦਾ ਜਿੰਮੇਵਾਰ ਆਲਮੀ ਭਾਈਚਾਰਾ ਹੋਵੇਗਾ, ਜੋ ਮੋਦੀ ਸਰਕਾਰ ਵਲੋਂ ਕਸ਼ਮੀਰੀਆਂ ਨੂੰ ਫੌਜੀ ਬੂਟਾਂ ਹੇਠ ਦਰੜ ਦੇਣ ਦੀਆਂ ਨੀਤੀਆ ਬਾਰੇ ਚੁਪ ਵੱਟੀ ਬੈਠਾ ਹੈ।
ਦਰਅਸਲ ਇਮਰਾਨ ਖਾਨ ਦੇ ਇਸ ਰੋਸ ਦਾ ਕਾਰਨ ਉਸ ਦੀਆਂ ਇਸ ਖੇਤਰ ਵਿਚ ਸਦੀਵੀ ਅਮਨ ਕਾਇਮ ਕਰਨ ਦੀਆਂ ਕੋਸ਼ਿਸ਼ਾਂ ਦਾ ਅਸਫਲ ਹੋਣਾ ਵੀ ਹੈ। ਕਰਤਾਰਪੁਰ ਲਾਂਘੇ ਨੂੰ ਖੋਲ੍ਹਣ ਦਾ ਸੱਦਾ ਭੇਜਣ ਤੋਂ ਪਹਿਲਾਂ ਯੂਨਾਈਟਿਡ ਨੇਸ਼ਨਜ਼ ਦੇ ਸਕੱਤਰ ਜਨਰਲ, ਰੂਸੀ ਫੌਜ ਦੇ ਮੁਖੀ ਅਤੇ ਚੀਨ ਦੇ ਰਾਜਦੂਤ ਦਾ ਦਰਬਾਰ ਸਾਹਿਬ ਮੱਥਾ ਟੇਕਣ ਲਈ ਆਉਣਾ, ਪੰਜਾਬ ਦੇ ਲੋਕਾਂ ਨੂੰ ਮਿਲਣਾ, ਵਾਹਗਾ ਬਾਰਡਰ ਉਤੇ ਜਾ ਕੇ ਆਉਣਾ ਅਤੇ ਪੱਤਰਕਾਰਾਂ ਦੇ ਪੁਛਣ ‘ਤੇ ਇਹ ਕਹਿਣਾ ਕਿ ਚੀਨ ਇਹ ਬਾਰਡਰ ਖੋਲ੍ਹਣ ਦੇ ਹੱਕ ਵਿਚ ਹੈ, ਸਪਸ਼ਟ ਇਸ਼ਾਰਾ ਕਰਦਾ ਹੈ ਕਿ ਇਮਰਾਨ ਖਾਨ ਵਲੋਂ ਕਰਤਾਰਪੁਰ ਲਾਂਘੇ ਨੂੰ ਖੋਲ੍ਹਣ ਦਾ ਦਿੱਤਾ ਗਿਆ ਸੱਦਾ ਯੂਨਾਈਟਿਡ ਨੇਸ਼ਨਜ਼, ਰੂਸ ਅਤੇ ਚੀਨ ਦੀ ਸਲਾਹ ਨਾਲ ਦਿੱਤਾ ਗਿਆ ਸੀ। ਇਸ ਸੱਦੇ ਲਈ ਪਾਕਿਸਤਾਨੀ ਫੌਜ ਦੀ ਸਹਿਮਤੀ ਵੀ ਲਈ ਗਈ ਸੀ। ਇਸੇ ਕਰਕੇ ਨਵਜੋਤ ਸਿੰਘ ਸਿੱਧੂ ਨੂੰ ਇਹ ਸੱਦਾ ਪਾਕਿਸਤਾਨੀ ਫੌਜ ਦੇ ਮੁਖੀ ਬਾਜਵਾ ਰਾਹੀਂ ਦਿੱਤਾ ਗਿਆ ਸੀ।
ਇਸ ਮਸਲੇ ਨਾਲ ਸਬੰਧਤ ਉਸ ਵੇਲੇ ਹੋਈ ਸਾਰੀ ਹਲਚਲ ਤੋਂ ਸੰਕੇਤ ਮਿਲਦੇ ਸਨ ਕਿ ਚੀਨ, ਰੂਸ ਤੇ ਪਾਕਿਸਤਾਨੀ ਹੁਕਮਰਾਨ ਜਮਾਤ ਨਾਲ ਸਲਾਹ ਕਰਕੇ ਹੀ ਇਮਰਾਨ ਖਾਨ ਨੇ ਇਹ ਸੱਦਾ ਦਿੱਤਾ ਹੈ ਤਾਂ ਕਿ ਭਾਰਤੀ ਸਾਮਰਾਜੀਆਂ ਨੂੰ ਏਧਰਲੀ ਖੁੱਲ੍ਹੀ ਸਰਹੱਦ ਰਾਹੀਂ ਪਾਕਿਸਤਾਨ ਅਤੇ ਅਫਗਾਸਿਤਾਨ ਸਮੇਤ ਨਾਲ ਲਗਦੇ ਦੇਸ਼ਾਂ ਦੀ ਮੰਡੀ ਦਾ ਲਾਲਚ ਦੇ ਕੇ ਸ਼ਾਇਦ ਇਸ ਖੇਤਰ ਵਿਚ ਸਦੀਵੀ ਅਮਨ ਕਾਇਮ ਕੀਤਾ ਜਾ ਸਕੇ। ਉਦੋਂ ਜਾਪਦਾ ਸੀ ਕਿ ਪਾਕਿਸਤਾਨ ਦੀ ਕਮਜੋਰ ਆਰਥਕ ਹਾਲਤ ਅਤੇ ਬੜੀ ਤੇਜੀ ਨਾਲ ਬਦਲ ਰਹੀ ਆਲਮੀ ਰਾਜਨੀਤੀ ਨੇ ਵੀ ਇਮਰਾਨ ਖਾਨ ਨੂੰ ਇਉਂ ਕਰਨ ਲਈ ਮਜਬੂਰ ਕੀਤਾ ਹੈ।
ਚੀਨ ਤੇ ਰੂਸ ਦਾ ਇਸ ਅਮਨ ਵਿਚ ਆਪਣਾ ਸੁਆਰਥ ਸੀ ਕਿ ਇਉਂ ਕੀਤਿਆਂ ਸ਼ਾਇਦ ਇਹ ਖੇਤਰ ਹਮੇਸ਼ਾ ਲਈ ਅਮਰੀਕੀ ਸਾਮਰਾਜੀਆਂ ਦੇ ਚੁੰਗਲ ਵਿਚੋਂ ਨਿਕਲ ਜਾਏ ਤੇ ਭਾਰਤੀ ਹਾਕਮਾਂ ਦੀ ਅਮਰੀਕਾ ਨਾਲ ਲੱਗੀ ਯੁਧਨੀਤਕ ਯਾਰੀ ਟੁਟ ਜਾਏ, ਪਰ ਮੁਸਲਿਮ ਦੁਸ਼ਮਣੀ ਨਾਲ ਗ੍ਰਸੀ ਆਰ. ਐਸ਼ ਐਸ਼ ਅਤੇ ਭਾਜਪਾ ਨੂੰ ਇਹ ਅਮਨ ਦਾ ਸੱਦਾ ਸੂਲ ਵਾਂਗੂ ਚੁਭਿਆ। ਇਸੇ ਕਰਕੇ ਐਨ ਮੁਢ ਤੋਂ ਹੀ ਇਸ ਜੁੰਡਲੀ ਨੇ ਕਰਤਾਰਪੁਰ ਲਾਂਘੇ ਦੇ ਬਣਨ ਵਿਚ ਰੁਕਾਵਟਾਂ ਪਾਉਣੀਆਂ ਅਰੰਭ ਦਿਤੀਆਂ ਸਨ ਤੇ ਜੁੰਡਲੀ ਦੇ ਯਾਰ ਬਾਦਲ ਦਲ ਤੇ ਪੰਜਾਬ ਦਾ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਹ ਰੁਕਾਵਟਾਂ ਪਾਉਣ ਵਿਚ ਸਭ ਤੋਂ ਮੋਹਰੀ ਸਨ।
ਮੋਦੀ-ਸ਼ਾਹ-ਡੋਵਾਲ ਦੀ ਅਗਵਾਈ ਹੇਠ ਸੰਘ ਪਰਿਵਾਰ ਅੱਜ ਦੇਸ਼ ਵਿਚ ਵਸਦੇ ਕਰੀਬ ਸਵਾ ਅਰਬ ਲੋਕਾਂ ਨੂੰ ਉਸ ਥਾਂ ਲੈ ਆਇਆ ਹੈ, ਜਿਥੇ ਉਨ੍ਹਾਂ ਦਾ ਭਵਿਖ ਅਜਿਹੀਆਂ ਅਣਦਿਸਦੀਆਂ ਸ਼ਕਤੀਆਂ ਦੇ ਹਥ-ਵਸ ਹੈ ਕਿ ਕਿਸੇ ਵੇਲੇ ਕੁਝ ਵੀ ਵਾਪਰ ਸਕਦਾ ਹੈ। ਕਸ਼ਮੀਰ ਦੀ ਸਮੁੱਚੀ ਮੁਸਲਿਮ ਆਬਾਦੀ ਨੂੰ ਫੌਜੀ ਬੂਟਾਂ ਹੇਠ ਦਰੜ ਕੇ ਮਾਨਸਿਕ ਤੌਰ ‘ਤੇ ਗੁਲਾਮ ਬਣਾਉਣ ਦੇ ਕੀਤੇ ਜਾ ਰਹੇ ਯਤਨ ਅਤੇ ਇਸ ਧੱਕੇ ਵਿਰੁਧ ਬੋਲਣ ਵਾਲੀ ਹਰ ਆਵਾਜ਼ ਨੂੰ ਕੁਚਲ ਕੇ ਚੁਪ ਕਰਵਾਉਣ ਦੀਆਂ ਕੋਸ਼ਿਸ਼ਾਂ ਨੇ, ਹਿੰਦ-ਪਾਕਿ ਪ੍ਰਮਾਣੂ ਜੰਗ ਦੀਆਂ ਹਕੀਕੀ ਸੰਭਾਵਨਾਵਾਂ ਪੈਦਾ ਕਰ ਦਿੱਤੀਆਂ ਹਨ। ਇਸ ਸਮੁੱਚੇ ਵਰਤਾਰੇ ਨੂੰ ਜੇ ਆਲਮੀ ਪ੍ਰਸੰਗ ਵਿਚ ਰੱਖ ਕੇ ਵੇਖੀਏ ਤਾਂ ਜਾਪਦਾ ਹੈ ਕਿ ਸੰਘ ਪਰਿਵਾਰ ਨੇ ਆਤਮਘਾਤ ਕਰਨ ਦਾ ਫੈਸਲਾ ਕਰ ਲਿਆ ਹੈ।
ਇਹ ਗੱਲ ਹੁਣ ਬਿਲਕੁਲ ਸਪਸ਼ਟ ਹੋ ਗਈ ਹੈ ਕਿ ਭਾਜਪਾ ਦੀ ਚੋਣਾਂ ਵਿਚ ਹੋਈ ਜਿੱਤ ਤੇ ਵਿਰੋਧੀ ਧਿਰਾਂ ਦੇ ਖਤਮ ਹੋ ਜਾਣ ਨੇ, ਸੰਘ ਪਰਿਵਾਰ ਦਾ ਮਾਨਸਿਕ ਸੰਤੁਲਨ ਵਿਗਾੜ ਦਿਤਾ ਹੈ। ਉਹ ਆਪਣੀ ਹਕੂਮਤ ਨੂੰ ਸਦੀਵੀ ਬਣਾਉਣ ਲਈ ਕਿਸੇ ਵੀ ਹੱਦ ਤਕ ਜਾਣ ਲਈ ਤਿਆਰ ਹੋ ਗਿਆ ਹੈ। ਦੋ ਮੁਲਕਾਂ ਨੂੰ ਪ੍ਰਮਾਣੂ ਜੰਗ ਦੀ ਭੱਠੀ ਵਿਚ ਝੋਕਣ ਲਈ ਮਾਨਸਿਕ ਤਿਆਰੀ ਕੀਤੀ ਜਾ ਰਹੀ ਹੈ।
ਜੱਗਬਾਣੀ ਵਰਗੀਆਂ ਅਖਬਾਰਾਂ ਅਤੇ ਇੰਡੀਆ ਟੂਡੇ ਵਰਗੇ ਰਸਾਲਿਆਂ ਰਾਹੀਂ, ਸੰਘ ਪਰਿਵਾਰ ਤੇ ਉਸ ਦੇ ਪੈਰੋਕਾਰ ਬੁਧੀਜੀਵੀਆਂ ਦਾ ਅਜਿਹਾ ਤਰਕ ਸਿਰਜਣ ਉਤੇ ਪੂਰਾ ਜ਼ੋਰ ਲੱਗਾ ਹੋਇਆ ਹੈ ਕਿ ਪ੍ਰਮਾਣੂ ਜੰਗ ਦੇ ਖਤਰੇ ਨੂੰ ਘਟਾ ਕੇ ਵਿਖਾਇਆ ਜਾਏ ਅਤੇ ਜੇ ਇਹ ਖਤਰਾ ਵਿਖਾਉਣਾ ਵੀ ਪਵੇ ਤਾਂ ਉਸ ਨੂੰ ਇੰਜ ਪੇਸ਼ ਕੀਤਾ ਜਾਏ ਕਿ ਪ੍ਰਮਾਣੂ ਜੰਗ ਵਿਚ ਜੇ ਭਾਰਤ ਦੇ ਪੰਜ ਦਸ ਲਖ ਲੋਕ ਮਰ ਵੀ ਗਏ ਤਾਂ ਇਹ ਕੋਈ ਵਡੀ ਕੀਮਤ ਨਹੀਂ ਹੋਵੇਗੀ, ਕਿਉਂਕਿ ਇਸ ਜੰਗ ਵਿਚ ਪਾਕਿਸਤਾਨ ਉਕਾ ਹੀ ਤਬਾਹ ਹੋ ਜਾਵੇਗਾ।
ਤਰਕ ਇਹ ਦਿੱਤਾ ਜਾ ਰਿਹਾ ਹੈ, “ਪਾਕਿਸਤਾਨ ਦੀ ਪ੍ਰਮਾਣੂ ਧਮਕੀ ਤੋਂ ਕਿਉਂ ਡਰੀਏ? ਤਿਲ ਤਿਲ ਕਰਕੇ ਮਰਨ ਨਾਲੋਂ ਇਕੋ ਵਾਰ ਮਰਨਾ ਚੰਗਾ ਹੈ। ਦੇਸ਼ ਦੀ ਆਜ਼ਾਦੀ ਸਮੇਂ ਭਾਰਤੀ ਦੀ ਅਬਾਦੀ 33 ਕਰੋੜ ਸੀ, ਜੋ ਅੱਜ ਸਵਾ ਅਰਬ ਤੋਂ ਟੱਪ ਗਈ ਹੈ।
ਅਬਾਦੀ ਅਤੇ ਖੇਤਰਫਲ ਦੇ ਲਿਹਾਜ਼ ਨਾਲ ਭਾਰਤ ਪਾਕਿਸਤਾਨ ਤੋਂ ਬਹੁਤ ਵੱਡਾ ਹੈ। ਜੇ ਪਾਕਿਸਤਾਨ ਪ੍ਰਮਾਣੂ ਬੰਬ ਦੀ ਵਰਤੋਂ ਕਰਦਾ ਹੈ ਤਾਂ ਉਸ ਨਾਲ ਸਾਡੇ ਕੁਝ ਹਜ਼ਾਰ, ਕੁਝ ਲੱਖ ਲੋਕਾਂ ਦੀ ਜੀਵਨ ਲੀਲਾ ਖਤਮ ਹੋ ਸਕਦੀ ਹੈ, ਪਰ ਭਾਰਤ ਵਲੋਂ ਜਦੋਂ ਇਸ ਪ੍ਰਮਾਣੂ ਹਮਲੇ ਦਾ ਜੁਆਬ ਦਿੱਤਾ ਜਾਏਗਾ ਤਾਂ ਪਾਕਿਸਤਾਨ ਦਾ ਕੁਝ ਵੀ ਨਹੀਂ ਬਚੇਗਾ। ਇਸ ਲਈ ਭਾਰਤ ਵਾਸੀਆਂ ਨੂੰ ਪ੍ਰਮਾਣੂ ਹਮਲੇ ਤੋਂ ਘਬਰਾਉਣ ਦੀ ਥਾਂ ਮਜ਼ਬੂਤੀ ਨਾਲ ਇਸ ਦਾ ਸਾਹਮਣਾ ਕਰਨ ਲਈ ਤਿਆਰ ਹੋਣਾ ਚਾਹੀਦਾ ਹੈ। ਜਪਾਨ ਦਾ ਹੀਰੋਸ਼ੀਮਾ ਪ੍ਰਮਾਣੂ ਬੰਬ ਦੀ ਮਾਰ ਝੱਲਣ ਪਿਛੋਂ ਮੁੜ ਇਕ ਵਾਰ ਹਰਿਆ ਭਰਿਆ ਅਤੇ ਚਹਿਲ ਪਹਿਲ ਵਾਲਾ ਸ਼ਹਿਰ ਬਣ ਗਿਆ ਹੈ, ਇਸ ਲਈ ਤਿਲ ਤਿਲ ਕਰ ਕੇ ਰੋਜ਼ ਮਰਨ ਤੋਂ ਬਿਹਤਰ ਹੈ ਕਿ ਦੇਸ਼ ਦੀ ਰਾਖੀ ਲਈ ਦੋ ਦੋ ਹੱਥ ਕਰਕੇ ਮਰਨਾ।”
ਤਰਕ ਦਾ ਇਹ ਪੱਧਰ ਸਿਰਫ ਕਿਸੇ ਆਮ ਬ੍ਰਾਹਮਣ-ਬਾਣੀਏ ਦਾ ਹੀ ਨਹੀਂ, ਸਗੋਂ ਇਸ ਸੋਚ ਦੇ ਤਰਜਮਾਨ ਤੇ ਸਭ ਤੋਂ ਵਧ ਛਪਦੇ ਹਫਤਾਵਰੀ ਰਸਾਲੇ ‘ਇੰਡੀਆ ਟੂਡੇ’ ਦਾ ਵੀ ਹੈ। ਇਸ ਦੀਆਂ ਲਿਖਤਾਂ ਵੀ ਇਸੇ ਸੋਚ ਦਾ ਪ੍ਰਗਟਾਵਾ ਕਰ ਰਹੀਆਂ ਹਨ। ਇਸ ਪਰਚੇ ਵਿਚ ਦੋਹਾਂ ਦੇਸ਼ਾਂ ਵਿਚਾਲੇ ਹੋਣ ਵਾਲੀ ਪ੍ਰਮਾਣੂ ਜੰਗ ਦਾ ਜੋ ਦ੍ਰਿਸ਼ ਦਿਖਾਇਆ ਜਾ ਰਿਹਾ ਹੈ, ਉਸ ਅਨੁਸਾਰ ਜੇ ਪਾਕਿਸਤਾਨ ਭਾਰਤ ਦੇ ਕਿਸੇ ਸ਼ਹਿਰ (ਦਿੱਲੀ ਜਾਂ ਬੰਬਈ) ਉਤੇ ਪ੍ਰਮਾਣੂ ਬੰਬ ਸੁਟਦਾ ਹੈ, ਤਾਂ 5 ਲਖ ਦੇ ਕਰੀਬ ਲੋਕ ਮਰ ਸਕਦੇ ਹਨ, ਪਰ ਇਸ ਦੇ ਜੁਆਬ ਵਿਚ ਭਾਰਤੀ ਪ੍ਰਮਾਣੂ ਹਮਲੇ ਨਾਲ ਪਾਕਿਸਤਾਨ ਦੇ ਸਾਰੇ ਸ਼ਹਿਰ ਤਬਾਹ ਹੋ ਜਾਣਗੇ।
ਸੁਬਰਾਮਨੀਅਨ ਸਵਾਮੀ ਦੇ ਟਵੀਟ ਅਨੁਸਾਰ ਤਾਂ ਭਾਰਤ ਦੇ ਜੁਆਬੀ ਹਮਲੇ ਨਾਲ ਪਾਕਿਸਤਾਨ ਦਾ ਵਜੂਦ ਹੀ ਖਤਮ ਹੋ ਜਾਏਗਾ। ਇਸ ਪਾਗਲਪਣ ਦਾ ਕੋਈ ਵੀ ਸਿਆਣਾ ਅਤੇ ਸਵੇਦਨਸ਼ੀਲ ਮਨੁਖ ਜੁਆਬ ਨਹੀਂ ਦੇ ਸਕਦਾ, ਕਿਉਂਕਿ ਦੁਨੀਆਂ ਭਰ ਦੇ ਸਿਆਣੇ ਲੋਕਾਂ ਦਾ ਹੁਣ ਤਕ ਇਹੀ ਤਰਕ ਰਿਹਾ ਹੈ ਕਿ ਪ੍ਰਮਾਣੂ ਜੰਗ ਵਿਚੋਂ ਕੋਈ ਜੇਤੂ ਨਹੀਂ ਨਿਕਲ ਸਕਦਾ, ਸਿਰਫ ਤਬਾਹੀ ਹੀ ਤਬਾਹੀ ਹੈ। ਸਭ ਨੂੰ ਪਤਾ ਹੈ ਕਿ ਇਨ੍ਹਾਂ ਦੇ ਪੁਰਖੇ ਕੌਰਵਾਂ ਨੇ ਸ੍ਰੀ ਕ੍ਰਿਸ਼ਨ ਜੀ ਦੇ ਕਹਿਣ ਦੇ ਬਾਵਜੂਦ ਪਾਂਡਵਾਂ ਨੂੰ ਪੰਜ ਪਿੰਡ ਨਹੀਂ ਸਨ ਦਿੱਤੇ, ਪਰ ਮਹਾਂਭਾਰਤ ਦੀ ਜੰਗ ਵਿਚ 16 ਖੂਹਣੀਆਂ ਲੋਕ ਮਰਵਾ ਲਏ ਸਨ। ਇਹ ਅਜੋਕੇ ਕੌਰਵ ਕਸ਼ਮੀਰ ਦੇ 80 ਲੱਖ ਲੋਕਾਂ ਦੀ ਕੀਮਤ ਉਤੇ ਆਪਣਾ ਰਾਜ ਕਾਇਮ ਰੱਖਣ ਲਈ ਬਜ਼ਿਦ ਹਨ। ਇਹ ਕੌਰਵ ਅਜੇ ਸਿਰਫ ਪੌਣੀ ਸਦੀ ਪਹਿਲਾਂ ਹਿਟਲਰ ਦੇ ਹੋਏ ਹਸ਼ਰ ਨੂੰ ਵੀ ਭੁੱਲ ਗਏ ਹਨ। ਇਸ ਹਾਲਤ ਵਿਚ ਇਸ ਖੇਤਰ ਦੇ ਲੋਕਾਂ ਦਾ ਅਕਾਲ ਪੁਰਖ ਆਪ ਹੀ ਰਾਖਾ ਹੈ।