ਬਰਗਾੜੀ ਵਾਲੀਆਂ ਬਾਤਾਂ ਨਾਲ ਬਹੁਤੀ ਦੇਰ ਬੁੱਤਾ ਨਹੀਂ ਸਰਨਾ

-ਜਤਿੰਦਰ ਪਨੂੰ
ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਕਾਂਗਰਸ ਦੀ ਮੌਜੂਦਾ ਸਰਕਾਰ ਨੂੰ ਦੋ ਸਾਲ ਤੋਂ ਪੰਜ ਮਹੀਨੇ ਉਪਰ ਹੋ ਗਏ ਹਨ। ਸਿਰਫ ਇੱਕ ਮਹੀਨਾ ਲੰਘਣ ਨਾਲ ਸਰਕਾਰ ਦੀ ਮਿਆਦ ਦਾ ਅੱਧ ਪੂਰਾ ਹੋ ਜਾਵੇਗਾ ਤੇ ਇਸ ਦੇ ਨਾਲ ਹੀ ਬਾਕੀ ਰਹਿੰਦੇ ਅੱਧੇ ਸਮੇਂ ਵਾਲੇ ਦਿਨ ਕਿਰਨੇ ਸ਼ੁਰੂ ਹੋ ਜਾਣਗੇ। ਅਸੀਂ ਬਹੁਤ ਸਾਰੀਆਂ ਸਰਕਾਰਾਂ ਨੂੰ ਵੇਖਿਆ ਤੇ ਹੰਢਾਇਆ ਜਾਂ ਭੁਗਤਿਆ ਹੋਇਆ ਹੈ, ਉਨ੍ਹਾਂ ਸਭ ਦਾ ਤਜਰਬਾ ਇਹੋ ਸੀ ਕਿ ਪਹਿਲਾ ਅੱਧ ਉਨ੍ਹਾਂ ਨੇ ਪਿਛਲੀ ਸਰਕਾਰ ਦਾ ਗੁੱਡਾ ਬੰਨ੍ਹ ਕੇ ਗੁਜ਼ਾਰ ਛੱਡਿਆ ਤੇ ਲੋਕ ਸੁਣੀ ਜਾਂਦੇ ਸਨ, ਪਰ ਦੂਜਾ ਅੱਧ ਸ਼ੁਰੂ ਹੋਣ ਤੱਕ ਲੋਕ ਅਜਿਹੇ ਭਾਸ਼ਣਾਂ ਤੋਂ ਅਵਾਜ਼ਾਰ ਹੋਣ ਲੱਗਦੇ ਸਨ।

ਇਹ ਵੇਲਾ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਾ ਸਰਕਾਰ ਉਤੇ ਵੀ ਆਉਂਦਾ ਪਿਆ ਹੈ ਤੇ ਇਸ ਦੀ ਚਿੰਤਾ ਕਰਨੀ ਚਾਹੀਦੀ ਹੈ, ਪਰ ਸਰਕਾਰ ਦੇ ਮੁਖੀ ਨੂੰ ਇਸ ਤਰ੍ਹਾਂ ਦੀ ਚਿੰਤਾ ਜਾਪਦੀ ਨਹੀਂ।
ਪਿਛਲੀਆਂ ਚੋਣਾਂ ਦੇ ਹਾਲਾਤ ਇਸ ਵਕਤ ਰਹੇ ਨਹੀਂ। ਉਦੋਂ ਲੋਕਾਂ ਨੂੰ ਅਕਾਲੀ-ਭਾਜਪਾ ਸਰਕਾਰ ਤੋਂ ਕਈ ਤਰ੍ਹਾਂ ਦੇ ਗਿਲੇ-ਸ਼ਿਕਵੇ ਸਨ, ਭ੍ਰਿਸ਼ਟਾਚਾਰ ਦੇ ਪੱਖੋਂ ਮੱਚੀ ਹੋਈ ਲੁੱਟ-ਖੋਹ ਦੇ ਵੀ, ਸਰਕਾਰ ਦੇ ਨਿਕੰਮੇਪਣ ਦੇ ਵੀ ਅਤੇ ਇਸ ਵੱਲੋਂ ਥਾਪੇ ਗਏ ਹਲਕਾ ਇੰਚਾਰਜਾਂ ਦੀ ਜ਼ੈਲਦਾਰੀ ਹੇਠ ਲੋਕਾਂ ਨੂੰ ਝੂਠੇ ਕੇਸਾਂ ਵਿਚ ਫਸਾਉਣ ਤੇ ਛੁਡਾਉਣ ਦੇ ਧੰਦੇ ਵਿਚੋਂ ਤਕੜੀ ਮਾਇਆ ਕਮਾਉਣ ਤੋਂ ਵੀ ਲੋਕ ਤੰਗ ਆਏ ਪਏ ਸਨ। ਸੌ ਮੁੱਦਿਆਂ ਦਾ ਮੁੱਦਾ ਉਸ ਚੋਣ ਵਿਚ ਬਰਗਾੜੀ ਵਿਚ ਵਾਪਰੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਕਾਂਡ ਤੇ ਉਸ ਪਿਛੋਂ ਰੋਸ ਕਰਦੇ ਸਿੱਖਾਂ ਉਤੇ ਪੁਲਿਸ ਵੱਲੋਂ ਗੋਲੀ ਚਲਾਉਣ ਅਤੇ ਇਸ ਮਾਮਲੇ ਵਿਚ ਸੁਖਬੀਰ ਸਿੰਘ ਬਾਦਲ ਦੀ ਲੋਕਾਂ ਨੂੰ ਮੂਰਖ ਬਣਾਉਣ ਵਾਲੀ ਤਿਕੜਮਬਾਜ਼ੀ ਦਾ ਸੀ। ਪੰਜਾਬ ਦੀ ਜਵਾਨੀ ਦੇ ਨਸ਼ੀਲੇ ਪਦਾਰਥਾਂ ਦੀ ਮਾਰ ਹੇਠ ਆਉਣ ਦਾ ਮੁੱਦਾ ਵੀ ਬਹੁਤ ਵੱਡਾ ਸੀ।
ਚੋਣਾਂ ਨੇੜੇ ਆਈਆਂ ਤਾਂ ਸੁਖਬੀਰ ਸਿੰਘ ਬਾਦਲ ਨੇ ਇਨ੍ਹਾਂ ਮੁੱਦਿਆਂ ਉਤੇ ਲੋਕਾਂ ਕੋਲ ਸੱਚੇ ਹੋਣ ਲਈ ਬਠਿੰਡੇ ਵਿਚ ਵੱਡੀ ਰੈਲੀ ਕਰ ਕੇ ਤਾਕਤ ਦਾ ਮੁਜਾਹਰਾ ਕੀਤਾ ਸੀ ਤੇ ਇਸ ਦੇ ਜਵਾਬ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਓਸੇ ਥਾਂ ਉਸ ਨਾਲੋਂ ਵੱਡੀ ਰੈਲੀ ਕੀਤੀ ਤੇ ਅਗਲੀ ਚੋਣ ਮੁਹਿੰਮ ਸ਼ੁਰੂ ਕੀਤੀ ਸੀ। ਉਥੇ ਕੈਪਟਨ ਅਮਰਿੰਦਰ ਸਿੰਘ ਨੇ ਮੱਥੇ ਨੂੰ ਗੁਰਬਾਣੀ ਦਾ ਗੁਟਕਾ ਲਾ ਕੇ ਸਹੁੰ ਚੁੱਕੀ ਤੇ ਨਸ਼ੀਲੇ ਪਦਾਰਥਾਂ ਦਾ ਖਾਤਮਾ ਕਰਨ ਦੇ ਨਾਲ ਬਰਗਾੜੀ ਦੇ ਬੇਅਦਬੀ ਕਾਂਡ ਅਤੇ ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀ ਕਾਂਡਾਂ ਬਾਰੇ ਜਾਂਚ ਕਰਵਾ ਕੇ ਸਜ਼ਾਵਾਂ ਦੇਣ ਦਾ ਐਲਾਨ ਕੀਤਾ ਸੀ, ਜਿਸ ਦਾ ਲੋਕਾਂ ਉਤੇ ਬਹੁਤ ਵੱਡਾ ਅਸਰ ਪਿਆ ਸੀ।
ਇਹ ਉਹ ਵਕਤ ਸੀ, ਜਦੋਂ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਬਹੁਤ ਵੱਡੀ ਚੜ੍ਹਤ ਜਾਪਦੀ ਸੀ ਅਤੇ ਸਾਡੇ ਵਰਗੇ ਰਾਜਸੀ ਮਾਮਲਿਆਂ ਦੇ ਬਹੁਤ ਸਾਰੇ ਲੇਖਕ ਵੀ ਉਸ ਦਾ ਪ੍ਰਭਾਵ ਕਬੂਲਣ ਲੱਗੇ ਸਨ। ਬਠਿੰਡੇ ਦੀ ਰੈਲੀ ਅਤੇ ਉਸ ਵਿਚ ਚੁੱਕੀ ਗਈ ਸਹੁੰ ਦਾ ਅਸਰ ਵੱਧ ਹੋਇਆ ਜਾਂ ਅਕਾਲੀ ਦਲ ਦੇ ਅਖੀਰਲੇ ਦਿਨਾਂ ਵਿਚ ਸੁਖਬੀਰ ਸਿੰਘ ਤੇ ਬਿਕਰਮ ਸਿੰਘ ਮਜੀਠੀਏ ਦੀ ਮੋਛੇ ਪਾਊ ਧਾੜ ਕੋਲੋਂ ਤੰਗ ਆਏ ਲੋਕ ਉਨ੍ਹਾਂ ਦੇ ਵਿਰੁਧ ਭੁਗਤੇ, ਪੰਜਾਬ ਤੋਂ ਅਕਾਲੀ-ਭਾਜਪਾ ਰਾਜ ਦਾ ਬਿਸਤਰਾ ਲਪੇਟ ਦਿੱਤਾ ਗਿਆ ਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣ ਗਈ। ਅਸੀਂ ਇਹ ਗੱਲ ਨਹੀਂ ਕਹਾਂਗੇ ਕਿ ਇਸ ਸਰਕਾਰ ਨੇ ਕੁਝ ਵੀ ਨਹੀਂ ਕੀਤਾ, ਕਿਸਾਨਾਂ ਦੇ ਸਾਰੇ ਕਰਜ਼ੇ ਨਾ ਸਹੀ, ਥੋੜ੍ਹੇ-ਬਹੁਤ ਜਿੰਨੇ ਵੀ ਮੁਆਫ ਕਰਨ ਦਾ ਕੰਮ ਕੀਤਾ, ਉਹ ਠੀਕ ਅਸਰ ਪਾਉਣ ਵਾਲਾ ਸੀ, ਪਰ ਇਹੋ ਕਾਫੀ ਨਹੀਂ ਸੀ। ਜਿਨ੍ਹਾਂ ਦੋ ਵੱਡੇ ਮਾਮਲਿਆਂ ਦੀ ਸਹੁੰ ਕੈਪਟਨ ਅਮਰਿੰਦਰ ਸਿੰਘ ਨੇ ਚੁੱਕੀ ਸੀ, ਉਨ੍ਹਾਂ ਵਿਚੋਂ ਨਾ ਅਜੇ ਤੱਕ ਨਸ਼ੀਲੇ ਪਦਾਰਥਾਂ ਦੇ ਵਹਿਣ ਨੂੰ ਨੱਥ ਪਾਉਣ ਵਿਚ ਕਾਮਯਾਬੀ ਮਿਲੀ ਹੈ, ਸਗੋਂ ਕਈ ਕਾਂਗਰਸੀ ਵਿਧਾਇਕਾਂ ਦੇ ਨਾਂ ਵੀ ਇਸ ਨਾਲ ਜੁੜ ਗਏ ਹਨ, ਤੇ ਨਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਕੋਟਕਪੂਰਾ ਤੇ ਬਹਿਬਲ ਕਲਾਂ ਦੇ ਗੋਲੀ ਕਾਂਡਾਂ ਦੇ ਮੁੱਦੇ ਕਿਸੇ ਪਾਸੇ ਲੱਗੇ ਹਨ।
ਪਿਛਲੇ ਸਾਲ ਜਦੋਂ ਵਿਧਾਨ ਸਭਾ ਵਿਚ ਇਸ ਬਾਰੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਪੇਸ਼ ਹੋਈ ਅਤੇ ਇਸ ਮੌਕੇ ਨਮੋਸ਼ੀ ਦਾ ਸਾਹਮਣਾ ਕਰਨ ਦੀ ਥਾਂ ਵਾਕਆਊਟ ਕਰ ਕੇ ਅਕਾਲੀ ਆਗੂ ਮੈਦਾਨ ਖਾਲੀ ਕਰ ਗਏ ਸਨ, ਉਦੋਂ ਸਰਕਾਰ ਨੇ ਇਸ ਬਾਰੇ ਵਿਸ਼ੇਸ਼ ਜਾਂਚ ਟੀਮ ਬਣਾਉਣ ਅਤੇ ਸੀ. ਬੀ. ਆਈ. ਕੋਲ ਚੱਲਦੇ ਕੇਸ ਵਾਪਸ ਲੈਣ ਦਾ ਐਲਾਨ ਕੀਤਾ ਸੀ। ਜਾਂਚ ਕਰਨ ਲਈ ਜੋ ਵਿਸ਼ੇਸ਼ ਟੀਮ ਬਣਾਈ, ਉਹ ਵੀ ਆਸ ਬੰਨ੍ਹਾਉਣ ਵਾਲੀ ਸੀ ਤੇ ਉਸ ਨੇ ਕੁਝ ਹੱਦ ਤੱਕ ਕੰਮ ਵੀ ਕੀਤਾ, ਪਰ ਪਿਛੋਂ ਹੱਕਣ ਨਾਲ ਚੱਲਣ ਵਾਲੀ ਅਤੇ ਹੱਕਣ ਬਿਨਾ ਇੱਕੋ ਥਾਂ ਖੜ੍ਹੀ ਰਹਿਣ ਵਾਲੀ ਬਲਦਾਂ ਦੀ ਜੋੜੀ ਬਣ ਕੇ ਰਹਿ ਗਈ ਤੇ ਸਰਕਾਰ ਦੀ ਬਦਨਾਮੀ ਹੋ ਰਹੀ ਹੈ। ਬਦਨਾਮੀ ਵਿਸ਼ੇਸ਼ ਜਾਂਚ ਟੀਮ ਦੀ ਨਹੀਂ, ਸਰਕਾਰ ਦੀ ਇਸ ਲਈ ਹੈ ਕਿ ਉਹ ਇਸ ਜਾਂਚ ਨੂੰ ਅੱਗੇ ਨਹੀਂ ਤੁਰਨ ਦਿੰਦੀ ਤੇ ਇਹ ਗੱਲ ਹਾਕਮ ਪਾਰਟੀ ਦੇ ਵਿਧਾਇਕ ਤੇ ਮੰਤਰੀ ਵੀ ਕਹੀ ਜਾ ਰਹੇ ਹਨ। ਮੁੱਖ ਮੰਤਰੀ ਨੂੰ ਇੱਕ ਡਿਨਰ ਦੌਰਾਨ ਇਸ ਬਾਰੇ ਕਾਂਗਰਸੀ ਵਿਧਾਇਕਾਂ ਵੱਲੋਂ ਦੱਸੇ ਜਾਣ ਨਾਲ ਵੀ ਕੋਈ ਫਰਕ ਨਹੀਂ ਪਿਆ।
ਅਸੀਂ ਫਿਰ ਉਸੇ ਗੱਲ ਉਤੇ ਆਉਂਦੇ ਹਾਂ। ਰਾਜ ਦੇ ਪਹਿਲੇ ਅੱਧ ਤੱਕ ਸਰਕਾਰ ਦਾ ਖਜਾਨਾ ਮੰਤਰੀ ਹਰ ਗੱਲ ਦਾ ਇੱਕੋ ਜਵਾਬ ਦਿੰਦਾ ਸੀ ਕਿ ਪਿਛਲੀ ਸਰਕਾਰ ਖਜਾਨਾ ਖਾਲੀ ਕਰ ਕੇ ਤੁਰ ਗਈ ਹੈ, ਪਰ ਜੇ ਢਾਈ ਸਾਲ ਬਾਅਦ ਵੀ ਇਹੋ ਗੱਲ ਸੁਣਨ ਨੂੰ ਮਿਲਣੀ ਹੈ ਤਾਂ ਲੋਕਾਂ ਵਿਚ ਪਿਛਲਿਆਂ ਬਾਰੇ ਕੌੜ ਦੀ ਥਾਂ ਮੌਜੂਦਾ ਸਰਕਾਰ ਦੇ ਨਿਕੰਮੇ ਹੋਣ ਦਾ ਨਵੀਂ ਤਰ੍ਹਾਂ ਦਾ ਪ੍ਰਭਾਵ ਬਣਨ ਲੱਗ ਪਿਆ ਹੈ। ਸਰਕਾਰ ਦਾ ਮੁਖੀ ਅਜੇ ਤੱਕ ਕਹੀ ਜਾਂਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸੁੱਕਾ ਨਹੀਂ ਜਾਣ ਦੇਣਾ, ਪਰ ਏਦਾਂ ਦੇ ਦਾਅਵਿਆਂ ਦਾ ਜੋ ਅਸਰ ਲੋਕਾਂ ਵਿਚ ਢਾਈ ਸਾਲ ਪਹਿਲਾਂ ਸੀ ਤੇ ਲੋਕਾਂ ਨੂੰ ਜਿੱਡੀ ਆਸ ਹੋਇਆ ਕਰਦੀ ਸੀ, ਉਸ ਦਾ ਪੱਧਰ ਬਹੁਤ ਬੁਰੀ ਤਰ੍ਹਾਂ ਡਿੱਗ ਚੁਕਾ ਹੈ। ਅੱਜ ਹਾਲਤ ਇਸ ਤਰ੍ਹਾਂ ਦੀ ਹੈ ਕਿ ਸਰਕਾਰ ਦੇ ਮੰਤਰੀ ਅਤੇ ਵਿਧਾਇਕ ਆਪਣੇ ਮੁੱਖ ਮੰਤਰੀ ਦੇ ਦਾਅਵੇ ਦੇ ਪੱਖ ਵਿਚ ਓਨਾ ਉਚਾ ਨਹੀਂ ਬੋਲਦੇ, ਜਿੰਨੀ ਉਚੀ ਸੁਰ ਵਿਚ ਇਸ ਤੋਂ ਉਲਟ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਬੋਲਦੇ ਹਨ।
ਪ੍ਰਵਚਨ ਕਿੰਨਾ ਵੀ ਚੰਗਾ ਹੋਵੇ, ਪਹਿਲੀ ਵਾਰ ਸੁਣਿਆ ਜਾਵੇ ਤਾਂ ਜੋ ਅਸਰ ਪੈਂਦਾ ਹੈ, ਉਹ ਅਸਰ ਹਰ ਵਾਰੀ ਘਟਦਾ ਜਾਂਦਾ ਹੈ ਤੇ ਫਿਰ ਇਹ ਨੌਬਤ ਆ ਜਾਂਦੀ ਹੈ ਕਿ ਉਸ ਪ੍ਰਵਚਨ ਦੀ ਸੀ. ਡੀ. ਕਾਰ ਦੇ ਡੈਸ਼ ਬੋਰਡ ਵਾਲੇ ਖਾਨੇ ਵਿਚ ਪਈ ਹੁੰਦੀ ਹੈ ਤੇ ਲਾਉਣ ਦਾ ਚੇਤਾ ਸਿਰਫ ਉਦੋਂ ਆਉਂਦਾ ਹੈ, ਜਦੋਂ ਕਿਸੇ ਓਪਰੇ ਨੂੰ ਇਸ ਬਾਰੇ ਦੱਸਣਾ ਹੁੰਦਾ ਹੈ। ਅਮਰਿੰਦਰ ਸਿੰਘ ਦੀਆਂ ਢਾਈ ਸਾਲ ਪਹਿਲਾਂ ਦੀਆਂ ਤਕਰੀਰਾਂ ਥੋੜ੍ਹੇ-ਬਹੁਤ ਵਾਧੇ-ਘਾਟੇ ਨਾਲ ਅੱਜ ਜਦੋਂ ਉਸੇ ਤਰ੍ਹਾਂ ਦੁਹਰਾਈਆਂ ਜਾ ਰਹੀਆਂ ਹਨ ਤਾਂ ਲੋਕ ਸੁਣ-ਸੁਣ ਅੱਕ ਚੁਕੇ ਹਨ। ਉਹ ਅਮਲ ਚਾਹੁੰਦੇ ਹਨ ਤੇ ਅਮਲ ਹੋ ਨਹੀਂ ਰਿਹਾ। ਰਾਜ ਕਰਨ ਵਾਸਤੇ ਮਿਲੇ ਪੰਜ ਸਾਲਾਂ ਵਿਚੋਂ ਅੱਧਾ ਸਮਾਂ ਸਰਕਾਰ ਨੇ ਭੰਗ ਦੇ ਭਾੜੇ ਹੀ ਗੁਆ ਲਿਆ ਜਾਪਦਾ ਹੈ ਤੇ ਅੱਗੋਂ ਇਸ ਦੀ ਕੋਈ ਸੁਰ-ਸੇਧ ਲੋਕਾਂ ਦੇ ਪੱਲੇ ਨਹੀਂ ਪੈ ਰਹੀ। ਮੁੱਖ ਮੰਤਰੀ ਦੀ ਟੀਮ ਵਾਲੇ ਲੋਕ ਅਜੇ ਵੀ ਇਹੋ ਕਹਿੰਦੇ ਹਨ ਕਿ ਮੁਕਾਬਲੇ ਦੀ ਧਿਰ ਕੋਈ ਨਹੀਂ ਰਹੀ, ਅਕਾਲੀਆਂ ਦੇ ਪੈਰ ਨਹੀਂ ਲੱਗਦੇ, ਆਮ ਆਦਮੀ ਪਾਰਟੀ ਹੋਈ ਵੀ ਅਣਹੋਈ ਹੋਈ ਪਈ ਹੈ ਤੇ ਜਦੋਂ ਕੋਈ ਖਤਰਾ ਖੜ੍ਹਾ ਕਰਨ ਜੋਗੀ ਧਿਰ ਹੀ ਨਹੀਂ ਤਾਂ ਚਿੰਤਾ ਕਰਨ ਦੀ ਵੀ ਲੋੜ ਨਹੀਂ। ਉਹ ਇਸ ਮੌਕੇ ਇੱਕ ਨਵੀਂ ਉਠ ਰਹੀ ਧਿਰ ਨੂੰ ਅੱਖੋਂ ਪਰੋਖਾ ਕਰਦੇ ਹਨ। ਇਹ ਧਿਰ ‘ਮੋਦੀ-ਮੋਦੀ’ ਦੀ ਰੱਟ ਪੰਜਾਬ ਵਿਚ ਲਾਉਣ ਵੀ ਲੱਗ ਪਈ ਹੈ।
ਜੀ ਹਾਂ, ਪੰਜਾਬ ਵਿਚ ਇਹ ਵੇਖਣ ਦੀ ਲੋੜ ਨਹੀਂ ਕਿ ਬਾਬਾ ਬਕਾਲਾ ਦੇ ਰੱਖੜ ਪੁੰਨਿਆ ਦੇ ਇਕੱਠ ਵਿਚ ਭਾਜਪਾ ਦੇ ਪੰਜਾਬ ਪ੍ਰਧਾਨ ਸ਼ਵੇਤ ਮਲਿਕ ਨੇ ਸੁਖਬੀਰ ਸਿੰਘ ਬਾਦਲ ਨੂੰ ‘ਭਵਿੱਖ ਦਾ ਮੁੱਖ ਮੰਤਰੀ’ ਕਿਹਾ ਹੈ, ਸਗੋਂ ਨੋਟ ਕਰਨ ਦੀ ਗੱਲ ਇਹ ਹੈ ਕਿ ਇੱਕ ਦਿਨ ਪਹਿਲਾਂ ਭਾਜਪਾ ਆਗੂਆਂ ਨੇ ਕੀ ਕਿਹਾ ਸੀ। ਭਾਜਪਾ ਅੱਜ ਕੱਲ੍ਹ ਪੰਜਾਬ ਭਰ ਵਿਚ ਉਚੇਚੀ ਮੈਂਬਰਸ਼ਿਪ ਮੁਹਿੰਮ ਚਲਾ ਰਹੀ ਹੈ ਤੇ ਕਈ ਅਕਾਲੀ ਆਗੂ ਵੀ ਅੰਦਰਖਾਤੇ ਆਪਣੇ ਬੰਦੇ ਇਨ੍ਹਾਂ ਨਾਲ ਤੋਰ ਕੇ ਇਸ ਕੰਮ ਵਿਚ ਇਹ ਸੋਚ ਕੇ ਹਿੱਸਾ ਪਾ ਰਹੇ ਹਨ ਕਿ ਅਗਲੀ ਚੋਣ ਭਾਜਪਾ ਟਿਕਟ ਉਤੇ ਲੜਨੀ ਪੈ ਸਕਦੀ ਹੈ। ਅਕਾਲੀ ਦਲ ਦੀ ਲੀਡਰਸ਼ਿਪ ਇਹ ਜਾਣਦੀ ਹੈ।
ਬਾਬਾ ਬਕਾਲਾ ਦੀ ਰੱਖੜ ਪੁੰਨਿਆ ਦੀ ਕਾਨਫਰੰਸ ਤੋਂ ਇੱਕ ਦਿਨ ਪਹਿਲਾਂ ਭਾਜਪਾ ਕੋਟੇ ਦੇ ਤੇਈ ਵਿਧਾਨ ਸਭਾ ਹਲਕਿਆਂ ਲਈ ਅਕਾਲੀ ਦਲ ਦੇ ਆਬਜ਼ਰਵਰਾਂ ਦੀ ਨਿਯੁਕਤੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਨੇ ਐਵੇਂ ਨਹੀਂ ਸੀ ਕੀਤੀ। ਉਨ੍ਹਾਂ ਦੋਹਾਂ ਧਿਰਾਂ ਵਿਚ ਚੱਲਦੀ ਖਿੱਚੋਤਾਣ ਤੋਂ ਇਹ ਸਾਫ ਹੋ ਰਿਹਾ ਹੈ ਕਿ ਅਕਾਲੀ ਦਲ ਦੇ ਉਧੜਧੁੰਮੀ ਵਾਲੇ ਰਾਜ ਦੀ ਥਾਂ ਭਾਜਪਾ ‘ਨਰਿੰਦਰ ਮੋਦੀ ਦੀ ਅਗਵਾਈ ਹੇਠ ਕ੍ਰਿਆਸ਼ੀਲ’ ਸਰਕਾਰ ਬਣਾਉਣ ਦੇ ਨਵੇਂ ਨਾਅਰੇ ਹੇਠ ਲਾਮਬੰਦੀ ਕਰਨ ਲੱਗ ਪਈ ਹੈ। ਚੌਟਾਲਿਆਂ ਤੋਂ ਤਾਜ਼ੇ-ਤਾਜ਼ੇ ਵੱਖ ਹੋਏ ਬਾਦਲ ਪਰਿਵਾਰ ਨੂੰ ਹਰਿਆਣੇ ਦੀਆਂ ਚੋਣਾਂ ਦੌਰਾਨ ਵਰਤਣ ਦੀ ਝਾਕ ਵਿਚ ਭਾਜਪਾ ਹਾਲ ਦੀ ਘੜੀ ਆਪਣੇ ਪੱਤੇ ਖੁੱਲ੍ਹ ਕੇ ਖੇਡਣ ਤੋਂ ਪ੍ਰਹੇਜ਼ ਕਰ ਰਹੀ ਹੈ, ਪਰ ਜਦੋਂ ਹਰਿਆਣਾ ਲੰਘ ਗਿਆ, ਪੰਜਾਬ ਦੀ ਰਾਜਨੀਤੀ ਦਾ ਨਕਸ਼ਾ ਵੀ ਬਦਲਦਾ ਦਿੱਸ ਪੈਣਾ ਹੈ।
ਪੰਜਾਬ ਦੇ ਮੁੱਖ ਮੰਤਰੀ ਦੀ ਹਾਲੇ ਤੱਕ ਇਸ ਨਵੀਂ ਸਥਿਤੀ ਉਤੇ ਕੋਈ ਪ੍ਰਤੀਕ੍ਰਿਆ ਨਹੀਂ ਅਤੇ ਕਾਂਗਰਸੀ ਵਿਧਾਇਕ ਤੇ ਮੰਤਰੀ ‘ਰੱਬ ਦੀਆਂ ਦਿੱਤੀਆਂ ਗਾਜਰਾਂ ਵਿਚੇ ਰੰਬਾ ਰੱਖ’ ਵਾਲੀ ਸਥਿਤੀ ਦਾ ਲਾਹਾ ਲੈਣ ਰੁੱਝੇ ਹੋਏ ਹਨ। ਇਸ ਪੱਖ ਤੋਂ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਸੌਖੀ ਹੈ, ਜਿਨ੍ਹਾਂ ਨੂੰ ਅਗੇਤਾ ਚਾਨਣ ਹੋ ਗਿਆ ਜਾਪਦਾ ਹੈ ਕਿ ਅਗਲੀਆਂ ਚੋਣਾਂ ਵਿਚ ਅਸੀਂ ਕੋਈ ਏਦਾਂ ਦੀ ਧਿਰ ਨਹੀਂ ਹੋ ਸਕਣਾ, ਜੋ ਇਸ ਰਾਜ ਵਿਚ ਕੋਈ ਫੈਸਲਾਕੁਨ ਅਸਰ ਪਾ ਸਕਦੀ ਹੋਵੇ, ਇਸ ਲਈ ਬਹੁਤੀ ਚਿੰਤਾ ਕਰਨ ਦੀ ਲੋੜ ਨਹੀਂ। ਹੋਰ ਕੋਈ ਧਿਰ ਉਠ ਰਹੀ ਨਹੀਂ ਦਿੱਸਦੀ। ਹਾਲਾਤ ਪੰਜਾਬ ਵਿਚ ਜਿਵੇਂ ਪੈਰੋ-ਪੈਰ ਬਦਲ ਰਹੇ ਹਨ, ਉਨ੍ਹਾਂ ਬਾਰੇ ਸਾਡੀ ਇਹ ਗੱਲ ਅੱਜ ਅਗੇਤੀ ਜਾਪ ਸਕਦੀ ਹੈ, ਪਰ ਜਦੋਂ ਨੂੰ ਇਹ ਸਾਲ ਮੁੱਕਣਾ ਹੈ, ਸ਼ਾਇਦ ਉਦੋਂ ਤੱਕ ਕਈ ਹੋਰ ਲੋਕ ਵੀ ਕਹਿਣ ਲੱਗਣਗੇ।
ਜੰਮੂ-ਕਸ਼ਮੀਰ ਵਿਚ ਧਾਰਾ 370 ਵਲ੍ਹੇਟੇ ਜਾਣ ਪਿਛੋਂ ਦੀ ਬਦਲੀ ਹੋਈ ਸਥਿਤੀ ਨੂੰ ਜੋ ਇਸ ਵੇਲੇ ਨਹੀਂ ਵੇਖ ਸਕਦਾ, ਕਦੇ ਵੀ ਨਹੀਂ ਵੇਖ ਸਕੇਗਾ। ਬਰਗਾੜੀ ਤੇ ਬਹਿਬਲ ਕਲਾਂ ਵਾਲੀਆਂ ਬਾਤਾਂ ਸਿਆਸੀ ਭਾਸ਼ਣਾਂ ਨੂੰ ਭਰਪੂਰ ਕਰਨ ਤੇ ਚਹੇਤਿਆਂ ਦੀਆਂ ਤਾੜੀਆਂ ਵਜਾਉਣ ਵਾਸਤੇ ਠੀਕ ਹਨ, ਪਰ ਜਿੱਦਾਂ ਦੇ ਹਾਲਾਤ ਉਭਰ ਰਹੇ ਹਨ, ਉਨ੍ਹਾਂ ਵਿਚ ਇਸ ਨਾਲ ਬੁੱਤਾ ਨਹੀਂ ਸਰਨ ਵਾਲਾ।