ਬਹਾਦਰ ਦੀ ਚੜ੍ਹਾਈ

ਬਲਜੀਤ ਬਾਸੀ
‘ਪੰਜਾਬ ਟਾਈਮਜ਼’ ਦੇ ਪਿਛਲੇ ਅੰਕ ਵਿਚ ਪ੍ਰੋ. ਕਸ਼ਮੀਰਾ ਸਿੰਘ ਦੇ ਛਪੇ ਲੇਖ ‘ਗੁਰੂ ਨਾਨਕ ਦੇਵ ਜੀ ਕਿ ਗੁਰੂ ਨਾਨਕ ਸਾਹਿਬ ਜੀ’ ਵਿਚ ਕੁਝ ਗੁਰੂ ਸਾਹਿਬਾਨ ਦੇ ਨਾਂਵਾਂ ਦੀ ਪ੍ਰਚਲਿਤ ਵਰਤੋਂ ‘ਤੇ ਕਿੰਤੂ-ਪ੍ਰੰਤੂ ਕੀਤਾ ਗਿਆ ਹੈ। ਗੁਰੂ ਨਾਨਕ ਅਤੇ ਗੁਰੂ ਅਰਜਨ ਦੇ ਨਾਂ ਪਿਛੇ ਲਾਏ ਜਾਂਦੇ ਉਪ ਨਾਂ ‘ਦੇਵ’ ਬਾਰੇ ਮੈਂ ਆਪਣੇ ਵਿਚਾਰ ਪਹਿਲਾਂ ਰੱਖ ਚੁਕਾ ਹਾਂ। ਪੰਜਵੇਂ ਗੁਰੂ ਦੇ ਪਹਿਲੇ ਨਾਂ ਅਰਜਨ ਬਾਰੇ ਵੀ ਕਿਧਰੇ ਸੰਕੇਤ ਮਾਤਰ ਕਿਹਾ ਗਿਆ ਸੀ, ਪਰ ਵਿਸਥਾਰ ਵਿਚ ਫਿਰ ਕਦੇ ਸਹੀ। ਇਸੇ ਤਰ੍ਹਾਂ ਛੇਵੇਂ, ਸੱਤਵੇਂ ਅਤੇ ਅੱਠਵੇਂ ਗੁਰੂ ਸਾਹਿਬਾਨ ਦੇ ਪਹਿਲੇ ਨਾਂਵਾਂ ਵਿਚ ਆਉਂਦੇ ਸ਼ਬਦ ‘ਹਰਿ’ ਦੇ ਉਚਾਰਣ ਬਾਰੇ ਵੀ ਕੁਝ ਇੱਕ ਵਾਰੀ ਲਿਖਿਆ ਜਾ ਚੁਕਾ ਹੈ।

ਆਪਣੇ ਲੇਖ ਵਿਚ ਅੱਗੇ ਚੱਲ ਕੇ ਪ੍ਰੋ. ਕਸ਼ਮੀਰਾ ਸਿੰਘ ਨੇ ਨੌਵੇਂ ਗੁਰੂ ਦੇ ਉਪ ਨਾਂ ਵਿਚ ਪ੍ਰਯੁਕਤ ਅਤੇ ਆਮ ਤੌਰ ‘ਤੇ ‘ਬਹਾਦਰ’ ਵਜੋਂ ਲਿਖੇ ਅਤੇ ਉਚਾਰੇ ਜਾਂਦੇ ਸ਼ਬਦ ਨੂੰ ‘ਬਹਾਦੁਰ’ ਵਜੋਂ ਲਿਖਣ ਅਤੇ ਉਚਾਰਣ ਦੀ ਵਕਾਲਤ ਕੀਤੀ ਹੈ। ਇਸ ਦੀ ਵਜ੍ਹਾ ਦੱਸੀ ਹੈ ਕਿ ‘ਮਹਾਨ ਕੋਸ਼’ ਵਿਚ ਅਜਿਹਾ ਲਿਖਿਆ ਗਿਆ ਹੈ ਅਤੇ ‘ਭਾਈ ਨੰਦ ਲਾਲ ਸਿੰਘ’ ਨੇ ਵੀ ਆਪਣੇ ਕਾਵਿ ਵਿਚ ਇਹੋ ਸ਼ਬਦ ਜੋੜ ਵਰਤੇ ਹਨ। ਇਹ ਠੀਕ ਹੈ ਕਿ ਫਾਰਸੀ ਵਲੋਂ ਆਏ ਇਸ ਸ਼ਬਦ ਦਾ ਇਸ ਜ਼ਬਾਨ ਵਿਚ ਇਹੋ ਜਿਹਾ (ਇਹੋ ਜਿਹਾ, ਇਹੋ ਨਹੀਂ) ਉਚਾਰਣ ਹੈ, ਪਰ ਮੈਂ ਨਹੀਂ ਸਮਝਦਾ ਕਿ ਇਸ ਨੂੰ ਅੱਜ ਬਹਾਦਰ ਵਜੋਂ ਲਿਖਣਾ ਅਤੇ ਬੋਲਣਾ ਕੋਈ ਬੱਜਰ ਗਲਤੀ ਹੈ। ਇਸ ਦਾ ਇਕ ਕਾਰਨ ਤਾਂ ਇਹ ਹੈ ਕਿ ਪ੍ਰਮਾਣਕ ਸਮਝੇ ਜਾਂਦੇ ‘ਗੁਰੂ ਗ੍ਰੰਥ ਸਾਹਿਬ’ ਵਿਚ ਤਾਂ ਗੁਰੂ ਜੀ ਦੇ ਨਾਂ ਦਾ ਕੋਈ ਹਵਾਲਾ ਨਹੀਂ ਹੈ, ਬਾਅਦ ਦੇ ਲੇਖਕਾਂ, ਕਵੀਆਂ ਨੇ ਬਹਾਦਰ ਤੇ ਬਹਾਦੁਰ ਦੋਵੇਂ ਲਿਖੇ ਹਨ। ਅੱਜ ਪੰਜਾਬੀ ਇਸ ਸ਼ਬਦ ਨੂੰ ਗੁਰੂ ਜੀ ਦੇ ਨਾਂ ਵਿਚਲੇ ਇਕ ਅੰਗ ਵਜੋਂ ਵੀ ਤੇ ਇਕ ਸ਼ਬਦ ਵਜੋਂ ਵੀ, ਬਹਾਦਰ ਹੀ ਉਚਾਰਦੇ ਅਤੇ ਲਿਖਦੇ ਹਨ। ਖੈਰ, ਮੇਰਾ ਸਰੋਕਾਰ ਇਸ ਸ਼ਬਦ ਦੀ ਵਿਉਤਪਤੀ ਵਿਚਾਰਨਾ ਹੀ ਹੈ।
ਪ੍ਰੋ. ਕਸ਼ਮੀਰਾ ਸਿੰਘ ਅਨੁਸਾਰ, “ਬਹਾਦੁਰ ਸ਼ਬਦ ਮਹਾਨ ਕੋਸ਼ ਵਿਚ ਨੌਵੇਂ ਗੁਰੂ ਜੀ ਨੂੰ ਸਤਿਗੁਰੂ ਤੇਗ਼ ਬਹਾਦੁਰ ਕਰ ਕੇ ਲਿਖਿਆ ਗਿਆ ਹੈ। (ਮਹਾਨ ਕੋਸ਼ ਵਿਚੋਂ ਫੋਟੋ ਕਾਪੀਆਂ ਦੇਖੋ)”। ਵੱਖਰੀ ਗੱਲ ਹੈ ਕਿ ਗੁਰੂ ਜੀ ਦੇ ਨਾਂ ਦੀ ਅਜਿਹੀ ਵਰਤੋਂ ਬਾਰੇ ਦਰਸ਼ਨ ਕਰਨ ਲਈ ਕੋਈ ਫੋਟੋ ਕਾਪੀ ਨਹੀਂ ਦਿੱਤੀ ਗਈ, ਹਾਂ ਬਹਾਦਰ ਨਾਲ ਬਣਦੇ ਹੋਰ ਇੰਦਰਾਜਾਂ ਦੀ ਫੋਟੋ ਕਾਪੀ ਜ਼ਰੂਰ ਦਿਖਾਈ ਹੈ! ਹੋਰ ਅੱਗੇ ਲਿਖਿਆ ਹੈ, “ਤੇਗ਼ ਸ਼ਬਦ ਫਾਰਸੀ ਦਾ ਹੈ, ਜਿਸ ਵਿਚ ‘ਗ਼’ ਦੀ ਵਰਤੋਂ ਹੁੰਦੀ ਹੈ ਅਤੇ ‘ਬਹਾਦੁਰ’ ਸ਼ਬਦ ਵੀ ਫਾਰਸੀ ਦਾ ਹੈ। ‘ਬਹਾ’ ਦਾ ਅਰਥ ਹੈ-ਰੋਸ਼ਨੀ ਦੇਣ ਵਾਲਾ ਜਾਂ ਚਮਕੀਲਾ। ‘ਦੁਰ’ ਦਾ ਅਰਥ ਹੈ-ਮੋਤੀ।…ਨੌਵੇਂ ਗੁਰੂ ਜੀ ਦਾ ਨਾਂ ਗੁਰੂ ਤੇਗ਼ ਬਹਾਦੁਰ ਹੀ ਸਹੀ ਬਣਦਾ ਹੈ, ਜਿਸ ਨੂੰ ਪ੍ਰਚਾਰ ਵਿਚ ਲਿਆਉਣ ਦੀ ਲੋੜ ਹੈ।”
ਇਹ ਠੀਕ ਹੈ ਕਿ ‘ਮਹਾਨ ਕੋਸ਼’ ਨੇ ਬਹਾਦੁਰ ਸ਼ਬਦ ਦੀ ਅਜਿਹੀ ਹੀ ਵਿਆਖਿਆ ਕਰਦਿਆਂ ਇਸ ਦਾ ਅਰਥ ਬਣਾਇਆ ਹੈ: 1. ਚਮਕੀਲਾ ਮੋਤੀ, 2. ਕੀਮਤੀ ਮੋਤੀ, 3. ਉਤਸ਼ਾਹੀ, ਪਰਾਕ੍ਰਮੀ, ਸੂਰਵੀਰ।…ਚਮਕੀਲਾ ਮੋਤੀ ਦਾ ਕੀਮਤੀ ਮੋਤੀ ਦੇ ਅਰਥਾਂ ਵਿਚ ਵਿਸਤਾਰ ਤਾਂ ਸਮਝ ਵਿਚ ਆਉਂਦਾ ਹੈ, ਪਰ ਸੂਰਵੀਰ ਜਿਹਾ ਅਰਥ-ਪਲਟਾ ਕਿਵੇਂ ਮਾਰਿਆ ਗਿਆ ਹੋਵੇਗਾ, ਕੋਈ ਜ਼ਿਕਰ ਨਹੀਂ। ਹਾਂ, ਆਮ ਕੋਸ਼ਾਂ ਵਿਚ ਥਾਂ ਦੇ ਸੰਜਮ ਕਾਰਨ ਅਜਿਹਾ ਵਿਸਥਾਰ ਨਹੀਂ ਦਿੱਤਾ ਜਾਂਦਾ। ਫਾਰਸੀ ਬਹਾ ਅਤੇ ਦੁਰ ਸ਼ਬਦਾਂ ਦੇ ਦਿੱਤੇ ਦੋਵੇਂ ਮਾਅਨੇ ਤਾਂ ਸਹੀ ਹਨ, ਪਰ ਦੋਹਾਂ ਦੇ ਸੰਯੋਜਨ ਨਾਲ ਸੂਰਬੀਰ ਦੇ ਅਰਥਾਂ ਵਾਲਾ ‘ਬਹਾਦੁਰ’ ਸ਼ਬਦ ਬਣਿਆ ਹੋਵੇਗਾ, ਅਜਿਹੀ ਵਿਆਖਿਆ ਮੇਰੇ ਵਲੋਂ ਕੀਤੀ ਫੋਲਾ-ਫਾਲੀ ਵਿਚ ਕਿਧਰੇ ਨਹੀਂ ਮਿਲੀ। ਇਥੋਂ ਤੱਕ ਕਿ ਚਮਕੀਲੇ ਮੋਤੀ ਵਾਲਾ ਅਰਥ ਵੀ ਹੱਥ ਨਹੀਂ ਲੱਗਾ। ਸ਼ਾਇਦ ਇਹ ਭਾਈ ਕਾਨ੍ਹ ਸਿੰਘ ਦੇ ਮਨ ਦੀ ਘਾੜਤ ਹੈ ਜਾਂ ਕਿਸੇ ਹੋਰ ਦੀ ਨਕਲ, ਕੋਈ ਜਾਣਕਾਰ ਸੱਜਣ ਰੋਸ਼ਨੀ ਪਾ ਸਕੇ ਤਾਂ ਧੰਨਵਾਦੀ ਹੋਵਾਂਗਾ।
ਮੇਰੀ ਜਾਣਕਾਰੀ ਅਨੁਸਾਰ ਬਹਾਦਰ ਸ਼ਬਦ ਉਪਰੋਕਤ ਸੰਧੀ ਅਨੁਸਾਰ ਸੰਯੁਕਤ ਸ਼ਬਦ ਨਹੀਂ ਸਗੋਂ ਆਪਣੇ ਆਪ ਵਿਚ ਸੰਪੂਰਨ ਸ਼ਬਦ ਹੈ ਤੇ ਇਸ ਦਾ ਪਿਛੋਕੜ ਵੀ ਫਾਰਸੀ ਤੋਂ ਹੋਰ ਅੱਗੇ ਜਾਂਦਾ ਹੈ। ਕੁਝ ਚਿਰ ਪਹਿਲਾਂ ਇਸ ਕਾਲਮ ਵਿਚ ਨੌਕਰ, ਚਾਕਰ ਅਤੇ ਖਾਨ ਸ਼ਬਦਾਂ ਦੀ ਉਤਪਤੀ ਦੀ ਵਿਆਖਿਆ ਕਰਦਿਆਂ ਦਰਸਾਇਆ ਗਿਆ ਸੀ ਕਿ ਇਹ ਸ਼ਬਦ ਮੁਗਲਾਂ ਦੀ ਚੜ੍ਹਤ ਦੌਰਾਨ ਸਾਡੇ ਖਿੱਤੇ ਵਿਚ ਪ੍ਰਚਲਿਤ ਹੋਏ, ਤੇ ਹੌਲੀ ਹੌਲੀ ਘਰ ਘਰ ਪਹੁੰਚ ਗਏ। ਇਹ ਮੰਗੋਲ-ਤੁਰਕ ਭਾਸ਼ਾਵਾਂ ਅਤੇ ਖੇਤਰਾਂ ਨਾਲ ਤਅਲੁਕ ਰੱਖਦੇ ਹਨ। ਬਹਾਦੁਰ ਸ਼ਬਦ ਵੀ ਇਸੇ ਕੋਟੀ ਵਿਚ ਆਉਂਦਾ ਹੈ। ਫਾਰਸੀ ਵਿਚ ਇਹ ਤੁਰਕ ਭਾਸ਼ਾ ਤੋਂ ਆਇਆ, ਪਰ ਇਸ ਦੇ ਮੁਢਲੇ ਰੂਪ ਮੰਗੋਲ ਭਾਸ਼ਾ ਵਿਚ ਹਨ। ਮੰਗੋਲ ਵਿਚ ਇਸ ਦਾ ਉਚਾਰਣ ਬਘਾਤੁਰ ਜਿਹਾ ਹੈ ਤੇ ਰਿਕਾਰਡ ਅਨੁਸਾਰ ਇਸ ਦੀ ਵਰਤੋਂ ਸੱਤਵੀਂ ਸਦੀ ਤੋਂ ਹੁੰਦੀ ਰਹੀ ਹੈ।
ਦਰਅਸਲ ਤੁਰਕ-ਮੰਗੋਲ ਇਕ ਵੱਖਰਾ ਭਾਸ਼ਾ ਪਰਿਵਾਰ ਹੈ। ਮੁਢਲੇ ਤੌਰ ‘ਤੇ ਇਸ ਭਾਸ਼ਾ ਵਿਚ ਵੀ ਇਸ ਸ਼ਬਦ ਵਿਚ ਵੱਡੇ ਰੁਤਬੇ, ਸੂਰਬੀਰਤਾ, ਲੜਾਕੂਪਣ, ਜੁਝਾਰੂਪਣ ਦੇ ਭਾਵ ਹਨ। ਮੰਗੋਲ ਸ਼ਾਸਕਾਂ ਦੇ ਨਾਂਵਾਂ ਵਿਚ ਇਸ ਸ਼ਬਦ ਦੀ ਵਰਤੋਂ ਆਮ ਰਹੀ ਹੈ। ਮੰਗੋਲ ਸਾਮਰਾਜੀ ਯੋਧੇ ਚੰਗੇਜ਼ ਖਾਂ ਦੇ ਪਿਤਾ ਦਾ ਨਾਂ ਯੇਸੁਗੀ ਬਘਾਤੁਰ ਅਤੇ ਦਾਦੇ ਦਾ ਨਾਂ ਬੈਰਤਾਨ ਬਘਾਤੁਰ ਸੀ। ਤੁਰਕ-ਮੰਗੋਲ ਲੋਕ-ਕਥਾਵਾਂ ਵਿਚ ਬਘਾਤੁਰ ਨਾਇਕਾਂ ਵਜੋਂ ਪੇਸ਼ ਹੁੰਦੇ ਹਨ। ਇਹ ਬੇਹੱਦ ਦਲੇਰ, ਨਿਡਰ, ਸੂਰਬੀਰ, ਸਿਰਲੱਥ, ਸਮਝੋ ਅਕਾਸ਼ੋਂ ਉਤਰੇ ਅਵਤਾਰ ਹੀ ਹਨ, ਜੋ ਅਲੌਕਿਕ ਕਾਰਨਾਮੇ ਕਰਦੇ ਹਨ।
ਲਗਭਗ ਇਨ੍ਹਾਂ ਅਰਥਾਂ ਵਿਚ ਹੀ ਪਰ ਕੁਝ ਬਦਲੇ ਹੋਏ ਭੇਦਾਂ ਨਾਲ ਇਹ ਸ਼ਬਦ ਇਕ ਪਾਸੇ ਸਾਰੇ ਮੱਧ ਏਸ਼ੀਆ, ਬੁਲਗਾਰੀਆ ਸਮੇਤ ਪੂਰਬੀ ਸਲਾਵਿਕ, ਰੂਸ ਤੇ ਯੂਰਪ; ਦੂਜੇ ਪਾਸੇ ਪੱਛਮੀ ਏਸ਼ੀਆ ਤੇ ਤੀਜੇ ਪਾਸੇ ਜਾਪਾਨ, ਕੋਰੀਆ ਵਿਚ ਫੈਲ ਗਿਆ। ਮਿਸਾਲ ਵਜੋਂ ਉਜ਼ਬੇਕੀ, ਤਾਤਾਰ ਅਤੇ ਕੁਰਦਿਸ਼ ਵਿਚ ਇਸ ਦੇ ਰੂਪ ਬਾਤਿਰ; ਬੁਲਗਾਰੀਆ ਵਿਚ ਬਗਾਤੁਰ; ਰੂਸੀ ਵਿਚ ਬੋਗਾਤਿਰ; ਪੋਲੈਂਡ ਵਿਚ ਬਹਾਤੁਰ; ਜਾਰਜਿਆਈ ਭਾਸ਼ਾ ਵਿਚ ਬਗਾਤੁਰ; ਹੰਗਰੀ ਵਿਚ ਬਤੋਰ; ਫਾਰਸੀ, ਉਰਦੂ ਅਤੇ ਹੋਰ ਭਾਰਤੀ ਭਾਸ਼ਾਵਾਂ ਵਿਚ ਬਹਾਦੁਰ ਵਜੋਂ ਪ੍ਰਚਲਿਤ ਹੋਏ। ਤੁਰਕਿਕ ਵਿਚ ਇਸ ਦੇ ਰੂਪ ਬਤੋਰ ਤੇ ਮੰਗੋਲ ਵਿਚ ਬਟੋਰ ਵੀ ਹਨ। ਮੰਗੋਲੀਆ ਦੀ ਰਾਜਧਾਨੀ ਉਲਾਨਬਟੋਰ ਵਿਚ ਏਹੀ ਸ਼ਬਦ ਬੋਲ ਰਿਹਾ ਹੈ: ਉਲਾਨ=ਘਰ, ਬਟੋਰ=ਬਹਾਦਰ, ਸੋ ਬਹਾਦਰਾਂ ਦਾ ਘਰ। ਦੁਨੀਆਂ ਦੇ ਹੋਰ ਸਥਾਨ ਨਾਂਵਾਂ ਵਿਚ ਵੀ ਇਸ ਸ਼ਬਦ ਦੇ ਰੁਪਾਂਤਰ ਮਿਲਦੇ ਹਨ। ਕੁਝ ਭਾਸ਼ਾਵਾਂ ਵਿਚ ਅਰੰਭਲੀ ਧੁਨੀ ‘ਪ’ ਅਤੇ ‘ਮ’ ਵਿਚ ਵੀ ਬਦਲ ਗਈ। ਸਾਡੇ ਆਪਣੇ ਪੰਜਾਬ ਵਿਚ ਬਹਾਦਰਪੁਰ ਤੇ ਬਹਾਦਰਗੜ੍ਹ ਹਨ। ਭਾਰਤ ਵਿਚ ਹੋਰ ਸਥਾਨਾਂ ਦੇ ਵੀ ਅਜਿਹੇ ਨਾਂ ਹਨ। ਤੁਰਕ ਭਾਸ਼ਾ ਵਿਚ ਬਹਾਦਿਰ ਸ਼ਬਦ ਇਨ੍ਹਾਂ ਹੀ ਅਰਥਾਂ ਵਿਚ ਆਉਂਦਾ ਹੈ। ਕਈ ਮਸ਼ਹੂਰ ਤੁਰਕ ਨਾਂਵਾਂ ਵਿਚ ਇਹ ਸ਼ਬਦ ਮਿਲਦਾ ਹੈ।
ਭਾਰਤ ਵਿਚ ਇਸ ਸ਼ਬਦ ਦੇ ਪ੍ਰਚਲਿਤ ਹੋਣ ਵਿਚ ਪਹਿਲਾਂ ਮੁਗਲ ਅਤੇ ਬਾਅਦ ਵਿਚ ਬਰਤਾਨਵੀ ਰਾਜ ਦਾ ਚੋਖਾ ਹੱਥ ਹੈ। ਮੁਗਲਾਂ ਨੇ ਆਪਣੇ ਮੰਗੋਲ ਪਿਛੋਕੜ ਕਾਰਨ ਇਸ ਨੂੰ ਇਕ ਰੁਤਬੇ ਅਤੇ ਖਾਸ ਨਾਂ ਵਜੋਂ ਵਰਤਿਆ। ਬਹਾਦਰ ਸ਼ਾਹ ਨਾਂ ਦੇ ਦੋ ਬਾਦਸ਼ਾਹ ਹਨ। ਕੁਝ ਹੋਰ ਹਨ: ਗੁਜਰਾਤ ਦੇ ਬਹਾਦਰ ਖਾਂ (ਸ਼ਾਸਨ 1526-1537), ਅਹਿਮਦਨਗਰ ਦੇ ਸੁਲਤਾਨ ਬਹਾਦੁਰ ਨਿਜ਼ਾਮ ਸ਼ਾਹ (1596-1600), ਨੇਪਾਲ ਦੇ ਬਹਾਦੁਰ ਸ਼ਾਹ (1785-1794) ਆਦਿ। ਨੌਵੇਂ ਗੁਰੂ ਅਤੇ ਫਿਰ ਬੰਦਾ ਬਹਾਦਰ ਦੇ ਨਾਂਵਾਂ ਵਿਚ ਵੀ ਇਸ ਦੀ ਮੌਜੂਦਗੀ ਹੈ। ਧਿਆਨਯੋਗ ਹੈ ਕਿ 1708 ਵਿਚ ਗੁਰੂ ਗੋਬਿੰਦ ਸਿੰਘ ਮੁਗਲ ਬਾਦਸ਼ਾਹ ਬਹਾਦੁਰ ਸ਼ਾਹ ਨਾਲ ਦੱਖਣ ਗਏ। ਦੱਸਿਆ ਜਾਂਦਾ ਹੈ ਕਿ ਉਥੇ ਹੀ ਗੁਰੂ ਸਾਹਿਬ ਮਾਧੋ ਦਾਸ ਨੂੰ ਮਿਲੇ ਤੇ ਬਾਅਦ ਵਿਚ ਉਸ ਦਾ ਨਾਂ ਬੰਦਾ ਸਿੰਘ ਬਹਾਦਰ ਰੱਖ ਦਿੱਤਾ ਗਿਆ।
ਬਰਤਾਨਵੀ ਰਾਜ ਸਮੇਂ ਯੂਰਪੀ ਅਫਸਰਾਂ ਦੇ ਨਾਂ ਅੱਗੇ ਬਹਾਦੁਰ ਸ਼ਬਦ ਲਾਇਆ ਜਾਣ ਲੱਗਾ; ਮਿਸਾਲ ਵਜੋਂ ਜੋਨਜ਼ ਸਾਹਿਬ ਬਹਾਦਰ। ਅੰਗਰੇਜ਼ਾਂ ਵੇਲੇ ਦੂਜੇ ਦਰਜੇ ਦੇ ਭਾਰਤੀ ਅਫਸਰ ḔਬਹਾਦਰḔ ਅਤੇ ਪਹਿਲੇ ਦਰਜੇ ਦੇ Ḕਸਰਦਾਰ ਬਹਾਦਰḔ ਕਹਾਇਆ ਕਰਦੇ ਸਨ। ਮੁਸਲਮਾਨ ਅਫਸਰਾਂ ਨੂੰ Ḕਖਾਨ ਬਹਾਦਰḔ ਅਤੇ ਹਿੰਦੂ ਅਧਿਕਾਰੀਆਂ ਨੂੰ Ḕਰਾਇ ਬਹਾਦਰḔ ਦੇ ਖਿਤਾਬ ਵੀ ਦਿੱਤੇ ਜਾਂਦੇ ਸਨ। ਇਥੋਂ ਤੱਕ ਕਿ ਈਸਟ ਇੰਡੀਆ ਕੰਪਨੀ ਨੂੰ ਵੀ Ḕਕੰਪਨੀ ਬਹਾਦੁਰḔ ਕਿਹਾ ਜਾਂਦਾ ਸੀ। ਜੰਗਜੂ ਬਿਰਤੀ ਵਾਲੇ ਬਹੁਤ ਸਾਰੇ ਨੇਪਾਲ ਦੇ ਗੋਰਖਿਆਂ ਦਾ ਪਹਿਲਾ ਤੇ ਮਧਵਰਤੀ ਨਾਂ ਹੀ ਬਹਾਦਰ ਬਣ ਗਿਆ। ਅੱਜ ਗੋਰਖਾ ਅਤੇ ਬਹਾਦਰ ਇਕ ਤਰ੍ਹਾਂ ਸਮਾਨਅਰਥਕ ਹੀ ਹਨ। ਭਾਰਤ ਦੇ ਇੱਕ ਪ੍ਰਧਾਨ ਮੰਤਰੀ ਦਾ ਨਾਂ ਲਾਲ ਬਹਾਦਰ ਸ਼ਾਸਤਰੀ ਸੀ, ਮਾਣਿਕ ਸ਼ਾਹ ਨੂੰ ਸੈਮ ਬਹਾਦਰ ਕਿਹਾ ਜਾਂਦਾ ਹੈ।
ਪੰਜਾਬੀਆਂ ਨੂੰ ਜੰਗਜੂ, ਲੜਾਕੂ ਬਿਰਤੀ ਵਾਲੇ ਸਮਝਿਆ ਜਾਂਦਾ ਹੈ, ਇਸ ਲਈ ਵੀਰ ਸੂਰਮੇ ਦੇ ਅਰਥਾਂ ਵਾਲਾ ਬਹਾਦਰ ਸ਼ਬਦ ਇਥੇ ਖਾਸਾ ਇਸਤੇਮਾਲ ਹੁੰਦਾ ਹੈ। ਫੌਜੀਆਂ ਦੇ ਪ੍ਰਸੰਗ ਵਿਚ ਬਹਾਦਰ ਜਵਾਨ, ਬਹਾਦਰ ਫੌਜ, ਬਹਾਦਰ ਸ਼ੇਰਾ ਜਿਹੇ ਸ਼ਬਦ-ਜੋੜੇ ਆਮ ਵਰਤੇ ਜਾਂਦੇ ਹਨ। ਮੁਹੰਮਦ ਬਖਸ਼ ਦੇ ਸੈਫ-ਉਲ-ਮਲੂਕ ਵਿਚ ਬਹਾਦਰ ਦੇ ਦਰਸ਼ਨ ਕਰੋ,
ਸੱਤ ਹਜ਼ਾਰ ਜਵਾਨ ਬਹਾਦਰ, ਜੰਗੀ ਲਾਟ ਮਰੀਲੇ।
ਧੱਪਾ ਖਾਇ ਜਿਨ੍ਹਾਂ ਦਾ ਨੱਸਣ, ਖੂਨੀ ਹਾਥੀ ਫੀਲੇ।
ਅੱਜ ਭਾਵੇਂ ਸਰੀਰ ਅਤੇ ਦਲੇਰੀ ਵਜੋਂ ਕਮਜ਼ੋਰ ਹੀ ਹੋਣ, ਬਹਾਦਰ ਸਿੰਘ ਅਤੇ ਕਿਧਰੇ ਕਿਧਰੇ ਬਹਾਦਰ ਕੌਰ ਨਾਂ ਦੇ ਵਿਅਕਤੀ ਮਿਲ ਜਾਂਦੇ ਹਨ।
ਬਹਾਦੁਰ ਸ਼ਬਦ ਦੀ ਵਿਉਤਪਤੀ ਬਾਰੇ ਕੁਝ ਨਿਸ਼ਚਿਤ ਤੌਰ ‘ਤੇ ਨਹੀਂ ਕਿਹਾ ਜਾ ਸਕਦਾ। ਕੁਝ ਤਾਂ ਇਸ ਨੂੰ ਸੰਸਕ੍ਰਿਤ ਭਗਧਰ ਨਾਲ ਜੋੜਦੇ ਹਨ, ਜਿਸ ਦਾ ਅਰਥ ਬਣਦਾ ਹੈ, ‘ਖੁਸ਼ੀਆਂ ਧਾਰਨ ਕਰਨ ਵਾਲਾ’ (ਧਿਆਨ ਦਿਉ ਭਾਗਵਾਨ, ਭਗਵਾਨ ਆਦਿ), ਕੁਝ ਹੋਰ ਇਸ ਨੂੰ ਪ੍ਰਾਚੀਨ ਫਾਰਸੀ ਦੀ ਜ਼ੰਦ ਭਾਸ਼ਾ ਦੇ ਸ਼ਬਦ ਬਘਪੁਥਰ (ਰੱਬ ਦਾ ਪੁੱਤਰ) ਨਾਲ ਜੋੜਦੇ ਹਨ। ਬਘ ਅਤੇ ਪੁਥਰ-ਦੋਵੇਂ ਸ਼ਬਦ ਕ੍ਰਮਵਾਰ ਸੰਸਕ੍ਰਿਤ ਭਗ ਅਤੇ ਪੁਤ੍ਰ ਦੇ ਸਜਾਤੀ ਹਨ, ਪਰ ਇਸ ਗੱਲ ਦਾ ਨਿਬੇੜਾ ਨਹੀਂ ਹੋ ਸਕਿਆ ਕਿ ਢੇਰ ਸਮਾਂ ਪਹਿਲਾਂ ਸੰਸਕ੍ਰਿਤ ਜਾਂ ਪੁਰਾਣੀ ਫਾਰਸੀ ਦੇ ਸ਼ਬਦ ਮੰਗੋਲ ਭਾਸ਼ਾ ਵਿਚ ਕਿਵੇਂ ਪੁੱਜੇ? ਇਹ ਗੱਲ ਨਿਸ਼ਚਿਤ ਹੈ ਕਿ ਇਸ ਸ਼ਬਦ ਦਾ ਫਾਰਸੀ ਬਹਾ (ਚਮਕ) ਅਤੇ ਦੁਰ (ਮੋਤੀ) ਦੇ ਜਮ੍ਹਾਂ ਜੋੜ ਨਾਲ ਦੂਰ ਦਾ ਵੀ ਵਾਸਤਾ ਨਹੀਂ।