ਡੋਰ

ਹਿੰਦੀ ਕਹਾਣੀਕਾਰ ਰਾਜੀ ਸੇਠ (ਜਨਮ 1935) ਨੇ ਲਿਖਣਾ ਬਹੁਤ ਦੇਰ ਬਾਅਦ ਸ਼ੁਰੂ ਕੀਤਾ। ਉਸ ਦੀ ਪਹਿਲੀ ਕਹਾਣੀ 1975 ਵਿਚ ਛਪੀ ਜਦੋਂ ਉਸ ਦੀ ਉਮਰ 40 ਵਰ੍ਹਿਆਂ ਦੀ ਸੀ। ਹੁਣ ਤਕ ਉਸ ਦੇ 13 ਕਹਾਣੀ ਸੰਗ੍ਰਿਹ ਅਤੇ ਦੋ ਨਾਵਲ ਛਪ ਚੁਕੇ ਹਨ। ਇਕ ਨਾਵਲ ‘ਤਤ-ਸਮ’ (1983) ਨੂੰ ਤਾਂ ਕਲਾਸਿਕ ਨਾਵਲ ਦਾ ਰੁਤਬਾ ਹਾਸਲ ਹੋਇਆ ਹੈ। ਇਹ ਨਾਵਲ ਪੁਰਾਤਨਤਾ ਅਤੇ ਆਧੁਨਿਕਤਾ ਦੀ ਗਲਵੱਕੜੀ ਪੁਆਉਂਦਾ ਹੈ। ‘ਡੋਰ’ ਕਹਾਣੀ ਵਿਚ ਰਾਜੀ ਸੇਠ ਨੇ ਇਕ ਵੱਖਰੇ ਰਿਸ਼ਤੇ ਦੀ ਬਾਤ ਪਾਈ ਹੈ।

ਇਹ ਉਹ ਰਿਸ਼ਤਾ ਹੈ ਜੋ ਕਿਸੇ ਨਾਲ ਵੀ, ਕਿਤੇ ਵੀ ਖੁਦ-ਬਖੁਦ ਬਣ ਜਾਂਦਾ ਹੈ। ਇਹ ਅਸਲ ਵਿਚ ਮਨੁੱਖਤਾ ਵੱਲ ਖੁੱਲ੍ਹਦਾ ਦਰਵਾਜਾ ਹੈ। -ਸੰਪਾਦਕ

ਰਾਜੀ ਸੇਠ
ਅਨੁਵਾਦ: ਭਜਨਬੀਰ ਸਿੰਘ

ਹਸਪਤਾਲ ਦਾ ਵਰਾਂਡਾ। ਜਨਵਰੀ ਦੀ ਸਵੇਰ। ਹੱਡ ਚੀਰਦੀ ਸਨਸਨਾਉਂਦੀ ਹਵਾ। ਧੁੱਪ ਏਨੀ ਮੱਧਮ ਕਿ ਸਰੀਰ ਨੂੰ ਜ਼ਰਾ ਕੁ ਵੀ ਸੇਕ ਨਾ ਲੱਗੇ। ਤੇਜ਼ੀ ਨਾਲ ਲੰਘਦਿਆਂ ਪਤਾ ਨਹੀਂ ਕਿਵੇਂ ਮੈਂ ਕੋਲ ਦੇ ਸਟਰੈਚਰ ਨਾਲ ਟਕਰਾਅ ਗਿਆ। ਚੀਕ ਹਵਾ ਵਿਚ ਗੂੰਜੀ।
ਉਹ ਚੀਕ ਉਸ ਸਟਰੈਚਰ ‘ਤੇ ਪਏ ਮੁੰਡੇ ਦੀ ਸੀ, ਜਿਸ ਨੂੰ ਮੈਂ ਨਹੀਂ ਸੀ ਦੇਖਿਆ। ਨੰਗੇ ਠੰਢੇ ਸਟਰੈਚਰ ‘ਤੇ ਉਹ ਪਾਟੀ ਨਿੱਕਰ, ਕਮੀਜ਼ ਪਾਈ ਲੰਮਾ ਪਿਆ ਸੀ, ਬਿਨਾ ਕੁਝ ਉਪਰ ਲਿਆਂ। ਲੱਤਾਂ ਪਤਲੀਆਂ ਸਾਂਵਲੀਆਂ। ਪੈਰ ਕੋਲੇ ਵਰਗੇ ਕਾਲੇ। ਚਿਹਰਾ ਥਾਂ-ਥਾਂ ਤੋਂ ਵੱਢਿਆ ਟੁੱਕਿਆ। ਨੱਕ ਤੋਂ ਹੇਠਲਾ ਹਿੱਸਾ ਕੁਚਲਿਆ ਹੋਇਆ ਜ਼ਖਮੀ। ਬੁੱਲ੍ਹ ਇਕ ਤਰ੍ਹਾਂ ਨਾਲ ਗਾਇਬ।
ਉਹ ਜ਼ਾਰ-ਜ਼ਾਰ ਰੋ ਰਿਹਾ ਸੀ। ਮੇਰੇ ਵਲੋਂ ਸਟਰੈਚਰ ਹਿਲਾਏ ਜਾਣ ‘ਤੇ ਉਹ ਚੀਕਿਆ ਸੀ। ਉਸ ਦਾ ਹੱਥ ਕੂਹਣੀ ਤੋਂ ਅੱਗੇ ਲਟਕਿਆ ਹੋਇਆ ਸੀ। ਹੱਡੀ ਉਥੋਂ ਦੋ ਟੋਟੇ ਹੋਈ ਹੋਵੇਗੀ। ਇਸ ਨੂੰ ਐਕਸਰੇ ਤੋਂ ਬਿਨਾ ਵੀ ਦੇਖਿਆ ਜਾ ਸਕਦਾ ਸੀ।
ਉਸ ਦੇ ਨਾਲ ਆਏ ਅੱਧਖੜ ਨੇ ਉਸ ਨੂੰ ਤੀਜੀ ਵਾਰ ਝਿੜਕਿਆ, “ਕਹਿ ਤਾਂ ਦਿੱਤਾ ਹੁਣੇ ਡਾਕਟਰ ਆਵੇਗਾ ਤਾਂ ਦੇਖ ਲਵੇਗਾ, ਠੀਕ ਹੋ ਜਾਵੇਂਗਾ, ਫਜ਼ੂਲ ਕੰਨ ਖਾ ਰਿਹਾ ਹੈਂ।” ਇਹ ਕਹਿੰਦਿਆਂ ਅਣਮੰਨੇ ਜਿਹੇ ਮਨ ਨਾਲ ਉਸ ਦੀ ਬਾਂਹ ਨੂੰ ਛੂਹਿਆ। ਮੁੰਡਾ ਫਿਰ ਤੜਫ ਉਠਿਆ।
ਐਤਵਾਰ ਦੀ ਇਸ ਠੰਢੀ ਸਵੇਰ ਨੂੰ ਐਮਰਜੈਂਸੀ ਵਾਰਡ ਵੀ ਜਿਵੇਂ ਛੁੱਟੀ ‘ਤੇ ਹੈ। ਦਰਵਾਜੇ ਸਹਿਮ-ਸਹਿਮ ਕੇ ਖੁੱਲ੍ਹ ਰਹੇ ਹਨ। ਇਕਾ-ਦੁੱਕਾ ਨਰਸਾਂ ਲਾਪਰਵਾਹੀ ਨਾਲ ਇਧਰ-ਉਧਰ ਤੁਰਦੀਆਂ ਨਜ਼ਰ ਆਈਆਂ।
ਆਪਣੇ ਫਿੱਸੇ ਹੋਏ ਹੱਥੇ ਦੇ ਅੰਗੂਠੇ ਦੇ ਥੋੜ੍ਹੇ ਜਿਹੇ ਦਰਦ ਨੂੰ ਮੈਂ ਭੁੱਲ ਗਿਆ। ਮੁੰਡੇ ਦੀ ਚੀਕ ਮੇਰੇ ਅੰਦਰ ਧਸਦੀ ਗਈ। ਮੈਂ ਪੁੱਛਿਆ, “ਸਿਸਟਰ, ਮਰੀਜ਼ਾਂ ਨੂੰ ਕਦੋਂ ਦੇਖਿਆ ਜਾਵੇਗਾ?”
ਨਰਸ ਨੇ ਮੈਨੂੰ ਹੇਠੋਂ ਉਪਰ ਤਕ ਦੇਖਿਆ, ਫਿਰ ਕੁਰਸੀ ਮੇਰੇ ਵੱਲ ਖਿਸਕਾ ਕੇ ਬੋਲੀ, “ਤੁਸੀਂ ਬੈਠੋ, ਡਾਕਟਰ ਸਾਹਿਬ ਪਹਿਲਾਂ ਤੁਹਾਨੂੰ ਦੇਖ ਲੈਣਗੇ।”
‘ਮੈਂ ਆਪਣੀ ਗੱਲ ਨਹੀਂ ਕਰ ਰਿਹਾ’, ਕਹਿਣਾ ਮੈਨੂੰ ਫਜ਼ੂਲ ਲੱਗਾ। ਮੈਂ ਅੱਗੇ ਨੂੰ ਖਿਸਕ ਆਇਆ। ਮੁੰਡੇ ਦੇ ਚੀਕਣ ਦੀ ਅਵਾਜ਼ ਉਥੇ ਵੀ ਪਹੁੰਚ ਰਹੀ ਸੀ। ਕੰਬਣੀ ਉਸ ਦੇ ਪੈਰਾਂ ਨੂੰ ਠੰਢੇ ਲੋਹੇ ਨਾਲ ਵਜਾਉਂਦੀ ਅਤੇ ਉਸ ਦੀ ਜ਼ਖਮੀ ਬਾਂਹ ਨੂੰ ਵਾਰ-ਵਾਰ ਦਰਦ ਦੀ ਤੜਫ ਵਿਚ ਲਪੇਟ ਰਹੀ ਸੀ।
ਮੁੰਡੇ ਦੇ ਸਿਰਹਾਣੇ ਲਗਪਗ ਬਾਰ੍ਹਾਂ-ਤੇਰ੍ਹਾਂ ਸਾਲ ਦੀ ਕੁੜੀ ਵੀ ਖੜ੍ਹੀ ਸੀ। ਮੈਂ ਧਿਆਨ ਦਿੱਤਾ, ਭਰਿਆ ਹੋਇਆ ਗੋਰਾ ਗੋਲ ਚਿਹਰਾ ਅਤੇ ਨਿੱਕੀਆਂ ਡੂੰਘੀਆਂ ਅੱਖਾਂ। ਉਹ ਲਾਲ ਰੰਗ ਦਾ ਸਵੈਟਰ ਤੇ ਸ਼ਾਲ ਲਈ ਮੁੰਡੇ ਦੇ ਸਿਰ ‘ਤੇ ਹੱਥ ਰੱਖ ਕੇ ਖੜ੍ਹੀ ਦਿਸੀ।
ਆਦਮੀ ਨੇ ਇਕ ਵਾਰ ਉਦਾਸੀਨਤਾ ਨਾਲ ਮੁੰਡੇ ਵੱਲ ਦੇਖਿਆ ਅਤੇ ਖੁਦ ਧੁੱਪ ਵੱਲ ਤੁਰ ਪਿਆ। ਬਾਕੀ ਸਭ ਉਥੇ ਐਮਰਜੈਂਸੀ ਦੇ ਬਾਹਰ ਖੜ੍ਹੇ ਰਹੇ।
ਡਾਕਟਰ ਦੇ ਆਉਂਦਿਆਂ ਹੀ ਹੜਬੜੀ ਜਿਹੀ ਮੱਚ ਗਈ। ਫੋਨ ‘ਤੇ ਨੌਂ ਵਜੇ ਦਾ ਸਮਾਂ ਤੈਅ ਕੀਤੇ ਹੋਣ ਦੇ ਬਾਵਜੂਦ ਮਨ ਵਿਚ ਭੀੜ ਨੂੰ ਲੰਘ ਕੇ ਅੱਗੇ ਜਾਣ ਦੀ ਇੱਛਾ ਨਾ ਜਾਗੀ। ਲੱਗਾ, ਮੈਂ ਸ਼ਾਇਦ ਉਸ ਅੱਧਖੜ ਆਦਮੀ ਦੇ ਅੱਗੇ ਆਉਣ ਦੀ ਉਡੀਕ ਕਰ ਰਿਹਾ ਹਾਂ ਜੋ ਅਜੇ ਵੀ ਧੁੱਪ ਵਿਚ ਖੜ੍ਹਾ ਹੈ। ਉਧਰ ਠੰਢ ਅਤੇ ਦਰਦ ਦੇ ਜ਼ਖਮ ਸਹਿੰਦੀ ਲਾਚਾਰੀ ਸਟਰੈਚਰ ਤੋਂ ਪਿਸ਼ਾਬ ਬਣ ਕੇ ਚੋ ਰਹੀ ਹੈ।
“ਥੋੜ੍ਹਾ ਚਿਰ ਰੋਕ ਨਹੀਂ ਸੀ ਸਕਦਾ…। ਕਿਹਾ ਨਹੀਂ ਸੀ ਹੁਣੇ ਡਾਕਟਰ ਆਉਂਦਾ ਹੋਊ। ਆਉਂਦਾ ਨਹੀਂ… ਆ ਗਿਆ ਹੈ।”
“ਤੁਸੀਂ ਜ਼ਰਾ ਧਿਆਨ ਤਾਂ ਦਿਓ, ਜਾਓ ਮੁੰਡੇ ਨੂੰ ਦਿਖਾਓ।” ਮੇਰੀ ਅਵਾਜ਼ ਵਿਚ ਹਿਕਾਰਤ ਭਰੀ ਤਲਖੀ ਝਲਕ ਆਈ ਸੀ। ਦਿਲ ਕੀਤਾ ਉਸ ਮੁੰਡੇ ਨੂੰ ਅਜਿਹਾ ਕੁਝ ਕਹਾਂ, ਜੋ ਉਸ ਨੂੰ ਬਹੁਤ ਚੰਗਾ ਲੱਗੇ ਪਰ ਕੁਝ ਵੀ ਨਾ ਸੁੱਝਿਆ। ਬੱਸ, ਦਰਦ ਭਰੀ ਕੰਬਣੀ ਕਲੇਜੇ ਨੂੰ ਜ਼ਖਮੀ ਕਰਦੀ ਰਹੀ।
ਦੇਖਦਿਆਂ ਹੀ ਦੇਖਦਿਆਂ ਥੋੜ੍ਹੀ ਜਿਹੀ ਭੀੜ ਡਾਕਟਰ ਦੇ ਦੁਆਲੇ ਜਮ੍ਹਾਂ ਹੋ ਗਈ। ਮੈਂ ਕੁੜੀ ਕੋਲ ਆਇਆ, “ਤੇਰਾ ਭਰਾ ਹੈ?”
“ਹਾਂ।”
“ਕੀ ਹੋਇਆ ਇਸ ਨੂੰ?”
“ਪਤੰਗ ਉਡਾਉਂਦਾ ਛੱਤ ਤੋਂ ਡਿੱਗ ਪਿਆ।”
“ਉਸ ਦੇ ਉਪਰ ਲੈਣ ਲਈ ਕੋਈ ਚਾਦਰ ਵਗੈਰਾ ਲਿਆਉਣੀ ਚਾਹੀਦੀ ਸੀ, ਏਨੀ ਠੰਢ ਹੈ।”
ਉਹ ਝਿਜਕ ਗਈ, “ਕਾਹਲੀ ਵਿਚ ਆ ਗਏ। ਮਾਂ ਬਹੁਤ ਡਰ ਗਈ ਸੀ।”
“ਤੇਰੇ ਕੋਲ ਦੋ ਕੱਪੜੇ ਹਨ, ਤੂੰ ਜੇਕਰ…।”
ਉਹ ਅਚਾਨਕ ਚੌਕੰਨੀ ਹੋ ਗਈ। ਛੇਤੀ ਨਾਲ ਉਸ ਨੇ ਆਪਣਾ ਸ਼ਾਲ ਲਾਹਿਆ ਅਤੇ ਕਾਹਲੀ ਨਾਲ ਭਰਾ ਉਪਰ ਦੇਣ ਲੱਗੀ। ਉਸ ਦੀ ਹਲਕੀ ਜਿਹੀ ਛੋਹ ਨਾਲ ਮੁੰਡੇ ਦਾ ਦਰਦ ਤਾਜ਼ਾ ਹੋ ਗਿਆ। ਉਹ ਚੀਕਿਆ। ਮੈਂ ਦੇਖਿਆ, ਮੁੰਡੇ ਨੇ ਆਪਣਾ ਬੁੱਲ੍ਹ ਟੁੱਕ ਕੇ ਜ਼ਖਮੀ ਕਰ ਲਿਆ ਸੀ।
ਤਦੇ ਉਹ ਅੱਧਖੜ ਆਦਮੀ ਤੇਜ਼ੀ ਨਾਲ ਆਇਆ ਅਤੇ ਕੁੜੀ ਦੇ ਕੰਨ ਵਿਚ ਕੁਝ ਕਹਿ ਕੇ ਉਥੋਂ ਖਿਸਕ ਗਿਆ। 10-15 ਮਿੰਟ ਬਾਅਦ ਹੱਥ ਵਿਚ ਪੈਕਟ ਫੜੀ ਮੁੜਿਆ। ਪੈਕਟ ਵਿਚੋਂ ਚੀਕੂ ਕੱਢ ਕੇ ਕੁੜੀ ਵੱਲ ਵਧਾਇਆ ਅਤੇ ਦੂਜੇ ਨੂੰ ਦੋਹਾਂ ਹੱਥਾਂ ਵਿਚ ਘੁੱਟ ਕੇ ਖੋਲ੍ਹ ਦਿੱਤਾ। ਚੀਕੂ ਦਾ ਅੱਧਾ ਹਿੱਸਾ ਆਪਣੇ ਮੂੰਹ ‘ਚ ਪਾਇਆ ਅਤੇ ਦੂਜਾ ਮੁੰਡੇ ਦੇ ਮੂੰਹ ਵਿਚ ਧੱਕਣ ਲੱਗਾ, “ਲੈ ਖਾ… ਅੱਧਾ ਦਰਦ ਤਾਂ ਢਿੱਡ ਭਰ ਜਾਣ ਨਾਲ ਮਿਟ ਜਾਊ।”
ਮੁੰਡਾ ਬੇਚੈਨ ਹੋ ਗਿਆ। ਉਸ ਦਾ ਰੋਣ ਅਤੇ ਇਨਕਾਰ ਨਾਲ-ਨਾਲ ਚੱਲਣ ਲੱਗੇ। ਆਦਮੀ ਚੀਕੂ ਦਾ ਟੁਕੜਾ ਉਸ ਦੇ ਮੂੰਹ ਵਿਚ ਧੱਕਣ ਲਈ ਬਜ਼ਿਦ ਦਿਸਿਆ। ਡਾਕਟਰ ਨੇ ਦੇਖਿਆ ਅਤੇ ਗਰਜਿਆ, “ਰਹਿਣ ਦਿਓ… ਕੱਢ ਦੇਵੇਗਾ। ਤੈਨੂੰ ਖਵਾਉਣ ਦੀ ਪਈ ਹੈ… ਉਸ ਦੀ ਹਾਲਤ ਤਾਂ ਦੇਖ਼.. ਜਾਹ ਪਹਿਲਾਂ ਐਕਸਰੇ ਕਰਵਾ ਕੇ ਲਿਆ।” ਡਾਕਟਰ ਨੇ ਵਾਰਡ ਬੁਆਏ ਨੂੰ ਉਸ ਦੇ ਨਾਲ ਜਾਣ ਦਾ ਹੁਕਮ ਦਿੱਤਾ।
ਐਕਸਰੇ ਕੈਬਿਨ ਦੇ ਸਾਹਮਣੇ ਪਹੁੰਚ ਕੇ ਵੱਡੀਆਂ-ਵੱਡੀਆਂ ਮਸ਼ੀਨਾਂ ਦੇਖਦਿਆਂ ਹੀ ਮੁੰਡਾ ਫਿਰ ਚੀਕਣ ਲੱਗਾ, “ਨਹੀਂ, ਨਹੀਂ, ਮੈਂ ਅੰਦਰ ਨਹੀਂ ਜਾਂਦਾ।” ਉਂਜ ਵੀ ਵਾਰਡ ਬੁਆਏ ਨੇ ਆਪਣੇ ਨਿਰੰਤਰ ਅਭਿਆਸ ਕਾਰਨ ਢਲਾਣ ਤੋਂ ਉਸ ਦਾ ਸਟਰੈਚਰ ਜਿਸ ਖੂਬੀ ਨਾਲ ਉਤਾਰਿਆ ਸੀ, ਉਹ ਉਸ ਦੇ ਰੇਸ਼ੇ-ਰੇਸ਼ੇ ਨੂੰ ਹਿਲਾ ਦੇਣ ਲਈ ਕਾਫੀ ਸੀ।
“ਨਹੀਂ ਜਾਵੇਂਗਾ? ਜਾਵੇਂਗਾ ਕਿੱਦਾਂ ਨਹੀਂ।” ਅੱਧਖੜ ਨੇ ਝਿੜਕਿਆ।
“ਤੂੰ ਕਦੇ ਫੋਟੋ ਖਿਚਵਾਈ ਹੈ ਪੁੱਤਰ। ਐਕਸਰੇ ਵਿਚ ਵੀ ਇਹੀ ਹੁੰਦਾ ਹੈ। ਇਸ ਨਾਲ ਦਰਦ ਨਹੀਂ ਹੁੰਦਾ।” ਮੈਂ ਪਤਾ ਨਹੀਂ ਕਿਉਂ ਦਖਲ ਦਿੱਤੇ ਬਿਨਾ ਰਹਿ ਨਾ ਸਕਿਆ।
ਉਸ ਨੇ ਅਜਿਹੀਆਂ ਨਜ਼ਰਾਂ ਨਾਲ ਮੈਨੂੰ ਦੇਖਿਆ, ਜਿਵੇਂ ਅੱਖਾਂ ਹੀ ਪੂਰੇ ਦਾ ਪੂਰਾ ਜਿਸਮ ਹੋਣ। ਆਦਮੀ ਦੂਜੇ ਪਾਸੇ ਮੂੰਹ ਕਰਕੇ ਨਹੁੰਆਂ ਨਾਲ ਚੀਕੂ ਛਿੱਲਣ ਲੱਗਾ ਹੋਇਆ ਸੀ।
ਐਕਸਰੇ ਲਈ ਮੁੰਡੇ ਦਾ ਅਤੇ ਮੇਰਾ ਨੰਬਰ ਅੱਗੇ-ਪਿੱਛੇ ਸੀ। ਬੰਦੇ ਦੀ ਪ੍ਰਵਾਹ ਕੀਤੇ ਬਿਨਾ ਮੈਂ ਸਟਰੈਚਰ ਦੇ ਨਾਲ ਚਲਾ ਗਿਆ।
ਟੇਬਲ ‘ਤੇ ਉਲਟ-ਪੁਲਟ ਮੁੰਡੇ ਨੂੰ ਦਰਦ ਨਾਲ ਦੂਹਰਾ ਕਰਦੀ ਰਹੀ। ਇਸ ਕਵਾਇਦ ਵਿਚ ਉਹ ਹੀ ਨਹੀਂ ਰੋਇਆ, ਉਸ ਦੀ ਭੈਣ ਵੀ ਹੁਬਕੀਂ ਰੋਣ ਲੱਗੀ; ਨਿੱਕੀ ਜਿਹੀ ਮਾਂ ਉਸ ਦੇ ਅੰਦਰ ਉਗ ਆਈ ਸੀ।
ਬਾਹਰ ਉਹ ਅੱਧਖੜ ਬੰਦਾ ਛੇਤੀ-ਛੇਤੀ ਚੀਕੂ ਨਿਗਲਣ ਲੱਗਾ ਹੋਇਆ ਸੀ। “ਹੋ ਗਿਆ?” ਉਸ ਨੇ ਕੁੜੀ ਨੂੰ ਦੇਖਦਿਆਂ ਹੀ ਹਥੇਲੀ ਦੀ ਪਿੱਠ ਨਾਲ ਆਪਣਾ ਮੂੰਹ ਪੂੰਝਿਆ।
“ਹਾਂ ਹੋ ਗਿਆ ਪਰ ਅਜੇ ਰੁਕਣਾ ਪਵੇਗਾ। ਠੀਕ ਨਹੀਂ ਆਈ ਤਾਂ ਦੁਬਾਰਾ ਫੋਟੋ ਲੈਣੀ ਪਊ।”
ਹੁਣ ਗਲਿਆਰੇ ਵਿਚ ਪਏ ਬੈਂਚਾਂ ‘ਤੇ ਲੋਕ ਬਹਿਣ ਲੱਗੇ। ਮੈਂ ਪਤਾ ਨਹੀਂ ਕਿਉਂ, ਅੱਧਖੜ ਬੰਦੇ ਨਾਲ ਲੱਗ ਕੇ ਬੈਠਾ, ਚਾਹੇ ਉਸ ਨੇ ਦੋ ਇੰਚ ਪਰ੍ਹੇ ਖਿਸਕ ਕੇ ਮੇਰੀ ਸਫੈਦਪੋਸ਼ੀ ਵਿਰੁੱਧ ਆਪਣਾ ਰੋਸ ਪ੍ਰਗਟ ਕਰ ਦਿੱਤਾ ਸੀ।
“ਵਿਚਾਰੇ ਦੇ ਬੜੀ ਸੱਟ ਲੱਗੀ ਹੈ।” ਮੈਂ ਗੱਲ ਤੋਰੀ। “ਤੁਸੀਂ ਤਾਂ ਹੁਣ ਉਸ ਨੂੰ ਦਾਖਲ ਕਰਵਾ ਕੇ ਜਾਉਗੇ?”
“ਅਜਿਹਾ ਕੁਝ ਨਹੀਂ…।” ਉਹ ਤਿੜਕ ਕੇ ਬੋਲਿਆ। “ਘਰੇ ਠੀਕ ਰਹਿੰਦਾ ਹੈ। ਇਥੇ ਇੰਨੀ ਭੱਜ-ਦੌੜ ਕੌਣ ਕਰੇਗਾ?”
“ਤੁਹਾਡਾ…।” ਮੈਂ ਆਪਣਾ ਵਾਕ ਉਸ ਦੇ ਪੂਰਾ ਕਰਨ ਲਈ ਛੱਡ ਦਿੱਤਾ।
“ਮੇਰਾ ਪੁੱਤਰ ਹੈ।” ਉਹ ਰੁੱਖਾ ਜਿਹਾ ਬੋਲਿਆ, “ਵੱਡੇ ਹੋ ਕੇ ਖਾ ਪੀ ਕੇ ਸਭ ਖਿਸਕ ਜਾਣਗੇ… ਮਤਲਬੀ।”
“ਤੁਸੀਂ ਇਥੇ ਕੀ ਕਰਦੇ ਹੋ?”
“ਚਟਾਈਆਂ ਵੇਚਦਾਂ, ਦੱਖਣ ਤੋਂ ਮੰਗਵਾ ਕੇ।”
“ਕਿੰਨੇ ਬੱਚੇ ਤੁਹਾਡੇ?”
“ਹੋਣਗੇ ਕੋਈ ਛੇ ਸੱਤ।”
“ਮੇਰੇ ਖਿਆਲ ਵਿਚ ਤੁਸੀਂ ਉਸ ਨੂੰ ਇਥੇ ਹੀ ਰਹਿਣ ਦਿਉ, ਜਨਰਲ ਵਾਰਡ ਵਿਚ। ਕੋਈ ਨਾਲ ਨਾ ਵੀ ਰਹੇ ਤਾਂ ਸਰ ਸਕਦਾ ਹੈ, ਪਰ ਹੱਥ ਦੇ ਇਲਾਜ ਵਿਚ ਕੋਈ ਕਸਰ ਰਹਿ ਗਈ ਤਾਂ…।”
“ਕਿਉਂ ਜਨਾਬ? ਪਿਉ ਤੁਸੀਂ ਹੋ ਜਾਂ ਮੈਂ?” ਉਹ ਤਣ ਕੇ ਖੜ੍ਹਾ ਹੋ ਗਿਆ। “ਸਵੇਰੇ ਤੋਂ ਦੇਖ ਰਿਹਾਂ, ਤੁਸੀਂ ਆਪਣਾ ਕੰਮ ਕਿਉਂ ਨਹੀਂ ਦੇਖਦੇ ਜਾ ਕੇ?”
ਮੈਨੂੰ ਜਿਵੇਂ ਕਿਸੇ ਨੇ ਚੌਰਾਹੇ ਵਿਚ ਨੰਗਾ ਕਰ ਦਿੱਤਾ ਹੋਵੇ। ਨੇੜੇ-ਤੇੜੇ ਦੇ ਲੋਕਾਂ ਤੋਂ ਮੂੰਹ ਲੁਕੋ ਕੇ ਮੈਂ ਡਿਵੈਲਪਿੰਗ ਰੂਮ ਵਿਚ ਵੜ ਗਿਆ ਅਤੇ ਆਪਣੇ ਐਕਸਰੇ ਲੈ ਕੇ ਡਾਕਟਰ ਕੋਲ ਚਲਾ ਗਿਆ।
ਡਾਕਟਰ ਕੋਲ ਖੜ੍ਹੇ-ਖੜ੍ਹੇ ਮੈਨੂੰ ਸਟਰੈਚਰ ਦੀ ਖੜ-ਖੜ ਸੁਣਾਈ ਦਿੱਤੀ। ਉਹ ਬੰਦਾ ਐਕਸਰੇ ਦੀ ਗਿੱਲੀ ਪਲੇਟ ਲੈ ਕੇ ਅੱਗੇ-ਅੱਗੇ ਆ ਰਿਹਾ ਸੀ ਅਤੇ ਹਿਚਕੋਲੇ ਖਾ-ਖਾ ਕੇ ਚੀਕਦਾ ਡੁਸਕਦਾ ਮੁੰਡਾ ਪਿੱਛੇ-ਪਿੱਛੇ।
ਦਿਲ ਕੀਤਾ ਕਿ ਮੁੰਡੇ ਦੀ ਰਿਪੋਰਟ ਦੇਖ ਲਵਾਂ ਪਰ ਮੈਂ ਚੁੱਪ ਖੜ੍ਹਾ ਰਿਹਾ। ਡਾਕਟਰ ਨੇ ਮੁੰਡੇ ਨੂੰ ਅਪਰੇਸ਼ਨ ਥੀਏਟਰ ਵਿਚ ਲਿਜਾਣ ਦਾ ਆਦੇਸ਼ ਦਿੱਤਾ। ਹੱਡੀ ਬੇਹੋਸ਼ ਕਰਕੇ ਬਿਠਾਈ ਜਾਵੇਗੀ।
ਉਹ ਦੋਵੇਂ ਸਟਰੈਚਰ ਦੇ ਨਾਲ ਅੰਦਰ ਵੱਲ ਮੁੜੇ ਤਾਂ ਮੈਂ ਬਾਹਰ ਜਾਣ ਲੱਗਾ।
“ਸੁਣੋ।” ਕੋਈ ਬੇਹੱਦ ਕਮਜ਼ੋਰ ਪਤਲੀ ਜਿਹੀ ਅਵਾਜ਼ ਪਿੱਛਿਓਂ ਆਉਂਦੀ ਸੁਣੀ। ਉਹ ਕੁੜੀ ਮੇਰੇ ਪਿੱਛੇ-ਪਿੱਛੇ ਦੌੜੀ ਆ ਰਹੀ ਸੀ।
ਮੈਨੂੰ ਰੁਕਦਾ ਦੇਖ ਕੇ ਉਹ ਕਾਹਲੀ ਨਾਲ ਬੋਲੀ, “ਤੁਸੀਂ ਥੋੜ੍ਹੀ ਦੇਰ ਰੁਕ ਨਹੀਂ ਸਕਦੇ, ਵੀਰੇ ਦੇ ਪਲਸਤਰ ਲੱਗਣ ਤਕ?”
“ਮੈਂ ਤੇਰਾ ਪਿਉ ਹਾਂ?” ਜਿਵੇਂ ਕੋਈ ਵਾਕ ਮੂੰਹ ਵਿਚ ਰਿੜਕਿਆ ਸੀ ਪਰ ਇਸ ਤਰ੍ਹਾਂ ਦੇ ਸਮੁੰਦਰ ਨੂੰ ਲੰਘਦੀ ਪਾਰ ਕਰਦੀ ਆਉਂਦੀ ਉਸ ਬੱਚੀ ਦੀਆਂ ਬੇਨਤੀ ਕਰਦੀਆਂ ਅੱਖਾਂ! ਮੈਂ ਆਪਣੇ ਰੋਹ ਨੂੰ ਅੰਦਰ ਹੀ ਪੀ ਗਿਆ ਅਤੇ ਮੁੜ ਕੇ ਅਪਰੇਸ਼ਨ ਥੀਏਟਰ ਦੇ ਬਾਹਰ ਜਾ ਕੇ ਖੜ੍ਹਾ ਹੋ ਗਿਆ। ਥੀਏਟਰ ਦਾ ਬੂਹਾ ਬੰਦ ਸੀ। ਕੁੜੀ ਇਕਦਮ ਗੁੰਮ-ਸੁੰਮ ਮੇਰੇ ਕੋਲ ਖੜ੍ਹੀ ਰਹੀ। ਉਹ ਆਪਣੇ ਦੁਪੱਟੇ ਦੇ ਪੱਲੇ ਨੂੰ ਵਾਰ-ਵਾਰ ਦੰਦਾਂ ਹੇਠ ਦੱਬਦੀ ਅਤੇ ਉਂਗਲਾਂ ਟੁਕਦੀ।
“ਤੇਰਾ ਨਾਂ ਕੀ ਹੈ?”
“ਜਮੀਲਾ।” ਕਹਿ ਕੇ ਉਹ ਚੁੱਪ ਕਰ ਗਈ। ਦੋ-ਚਾਰ ਵਾਰ ਮੈਂ ਉਸ ਨੂੰ ਬੋਲਣ ਲਈ ਪ੍ਰੇਰਿਆ ਵੀ ਪਰ ਉਹ ਸਹਿਮੀ ਜਿਹੀ ਖੜ੍ਹੀ ਰਹੀ। ਦਰਵਾਜੇ ਵਿਚ ਅੱਖਾਂ ਗੱਡੀ। ਸੱਜੇ ਤੋਂ ਖੱਬੇ, ਖੱਬੇ ਤੋਂ ਸੱਜੇ ਪੈਰ ‘ਤੇ ਆਪਣਾ ਭਾਰ ਪਾਉਂਦਿਆਂ ਮੈਨੂੰ ਆਪਣਾ ਉਥੇ ਖੜ੍ਹਾ ਰਹਿਣਾ ਬਹੁਤ ਮੂਰਖਤਾ ਭਰਪੂਰ ਲੱਗ ਰਿਹਾ ਸੀ। ਉਸ ਦੇ ਜਾਣ ਦੀ ਸੰਭਾਵਨਾ ਤੋਂ ਕਿਤੇ ਵੱਧ।
“ਤੂੰ ਆਪਣੇ ਅੱਬਾ ਤੋਂ ਬਹੁਤ ਡਰਦੀ ਐਂ?” ਮੈਂ ਉਸ ਨੂੰ ਗੱਲਬਾਤ ਵਿਚ ਘਸੀਟਣਾ ਚਾਹਿਆ।
“ਸਭ ਡਰਦੇ ਨੇ ਉਨ੍ਹਾਂ ਕੋਲੋਂ, ਤੁਸੀਂ ਵੀ ਤਾਂ…।”
“ਮੈਂ ਕਿਉਂ ਡਰਨ ਲੱਗਾ?” ਮੈਂ ਘਬਰਾ ਗਿਆ। ਉਤੇਜਿਤ ਵੀ ਹੋ ਗਿਆ।
ਉਹ ਮੇਰਾ ਮੂੰਹ ਤੱਕਦੀ ਫਿਰ ਚੁੱਪ ਹੋ ਗਈ। ਤਦੇ ਦਰਵਾਜਾ ਖੁੱਲ੍ਹਿਆ। ਸਟਰੈਚਰ ‘ਤੇ ਪਿਆ ਮੁੰਡਾ ਅਤੇ ਨਾਲ ਤੁਰਦਾ ਅੱਧਖੜ ਬਾਹਰ ਆਏ। ਬੇਹੋਸ਼ੀ ਕਾਰਨ ਮੁੰਡੇ ਦਾ ਚਿਹਰਾ ਇਕਦਮ ਸ਼ਾਂਤ ਸੀ। ਉਸ ਨੂੰ ਲਾਗਲੇ ਕਮਰੇ ਵਿਚ ਲਿਜਾਇਆ ਜਾ ਰਿਹਾ ਸੀ।
ਅੱਧਖੜ ਨੂੰ ਦੇਖਦਿਆਂ ਹੀ ਮੇਰੇ ਪੈਰਾਂ ਨੇ ਦਿਸ਼ਾ ਬਦਲੀ। ਮੈਂ ਗੇਟ ਵੱਲ ਤੁਰ ਪਿਆ। ਸੜਕ ਪਾਰ ਕਰਕੇ ਮੈਂ ਆਟੋ ਰੋਕਿਆ। ਪਹਿਲੀ ਸਵਾਰੀ ਨਾਲ ਨਜਿੱਠਦਿਆਂ ਰਿਕਸ਼ੇ ਵਾਲੇ ਨੇ ਬੈਠਣ ਦਾ ਨਿਰਦੇਸ਼ ਦਿੱਤਾ। ਅੱਧਾ ਸਰੀਰ ਰਿਕਸ਼ੇ ਵਿਚ ਦਾਖਲ ਵੀ ਨਹੀਂ ਸੀ ਹੋਇਆ ਕਿ ਮੈਂ ਦੇਖਿਆ, ਦੋਹਾਂ ਪਾਸਿਆਂ ਤੋਂ ਆ-ਜਾ ਰਹੇ ਟਰੈਫਿਕ ਦੀ ਪਰਵਾਹ ਕੀਤੇ ਬਿਨਾ ਉਹ ਕੁੜੀ ਇਧਰ ਭੱਜੀ ਆ ਰਹੀ ਸੀ, ਲਗਪਗ ਬਦਹਵਾਸ, ਬੇਤਹਾਸ਼ਾ।
“ਰੁਕੋ… ਜ਼ਰਾ ਰੁਕੋ… ਸੁਣੋ… ਸੁਣੋ।” ਉਹ ਹਫ ਰਹੀ ਸੀ। “ਸੁਣੋ ਤਾਂ ਸਹੀ… ਡਾਕਟਰ ਕਹਿ ਰਿਹੈ, ਸਾਨੂੰ ਇਥੇ ਤਿੰਨ-ਚਾਰ ਦਿਨ ਰਹਿਣਾ ਪਵੇਗਾ।”
“ਹਾਂ ਹਾਂ! ਫਿਰ?” ਮੇਰੇ ਇਸ ਤਰ੍ਹਾਂ ‘ਫਿਰ’ ਕਹਿਣ ‘ਤੇ ਉਹ ਅਚਾਨਕ ਰੁਕ ਗਈ। ਕੁਝ ਸੋਚ ਕੇ ਬੋਲੀ, “ਤੁਹਾਡੇ ਕੱਲ੍ਹ ਪੱਟੀ ਨਹੀਂ ਹੋਣੀ?”
“ਨਹੀਂ।”
“ਕਦੋਂ ਹੋਣੀ?”
“ਹੁਣ ਨਹੀਂ ਹੋਣੀ।”
“ਉਹੋ!”
ਉਹ ਸੁੰਨ ਜਿਹੀ ਹੋ ਗਈ। ਫਿਰ ਰੋਣਹਾਕੀ ਹੋ ਕੇ ਬੋਲੀ, “ਸੁਣੋ… ਤੁਸੀਂ ਕੱਲ੍ਹ ਨਹੀਂ ਆ ਸਕਦੇ? ਅਸੀਂ ਤਿੰਨ ਨੰਬਰ ਵਾਰਡ ਵਿਚ ਹਾਂ। ਆਇਓ ਨਾ…।” ਉਸ ਨੇ ਲਿਲਕੜੀ ਜਿਹੀ ਕੱਢੀ।
“ਕੀ ਕਰਾਂਗਾ ਆ ਕੇ?” ਮੈਂ ਉਸ ਨੂੰ ਕਹਿਣ ਦੀ ਹਿੰਮਤ ਇਕੱਠੀ ਕਰ ਰਿਹਾ ਸਾਂ। ਸੋਚ ਰਿਹਾ ਸਾਂ, ਉਸ ਕੋਲ ਕੋਈ ਤੀਜੀ ਅੱਖ ਹੈ, ਉਹ ਕਿਵੇਂ ਕਿਸੇ ਅਣਜਾਣ ਦੀ ਅੰਦਰਲੀ ਨਰਮਾਈ ਨੂੰ ਛੂਹਣ ਦੀ ਕੋਸ਼ਿਸ਼ ਕਰ ਰਹੀ ਸੀ। ਇਸ ਅਣਜਾਣੇ ਢੰਗ ਨਾਲ ਉਥੋਂ ਤਕ ਪਹੁੰਚ ਰਹੀ ਹੈ। ਕੁਝ ਬੋਲ ਸਕਦਾ, ਇਸ ਤੋਂ ਪਹਿਲਾਂ ਹੀ, ਉਸ ਨੇ ਅੱਗੇ ਵਧ ਕੇ ਬਾਂਹ ਫੜ ਲਈ। “ਦੱਸੋ! ਆਉਗੇ ਨਾ?”
ਉਹ ਹੱਥ ਇਕਦਮ ਠੰਢਾ ਪਰ ਪਕੜ ਮਜ਼ਬੂਤ ਸੀ। “ਤੇ ਤੇਰੇ ਅੱਬਾ…।” ਮੈਂ ਝਿਜਕਦਿਆਂ ਕਿਹਾ।
“ਉਹ ਮੇਰੇ ਅੱਬਾ ਨਹੀਂ।” ਉਹ ਬੋਲੀ।
“ਫਿਰ?”
“ਫਿਰ ਤਾਂ ਮੈਨੂੰ ਨਹੀਂ ਪਤਾ… ਮਾਂ ਨੂੰ ਪਤਾ ਹੈ।”
“ਤੇਰੇ ਅੱਬਾ ਕਿੱਥੇ ਨੇ?”
“ਮਰ ਗਏ। ਤਿੰਨ ਸਾਲ ਪਹਿਲਾਂ।”
“ਤੇ ਇਹ?”
“ਇਹ ਸਾਡੇ ਘਰ ਕੋਲ ਰਹਿੰਦੇ ਆ। ਆਉਂਦੇ ਜਾਂਦੇ ਰਹਿੰਦੇ ਨੇ ਹਰ ਵੇਲੇ।” ਉਹ ਵਿਚਾਲੇ ਚੁੱਪ ਹੋ ਗਈ।
“ਫਿਰ ਇਹ ਤੇਰਾ ਸਕਾ ਭਰਾ?”
“ਹਾਂ, ਛੋਟੀ ਭੈਣ ਵੀ ਆ।” ਇਹ ਕਹਿ ਕੇ ਫਿਰ ਉਸ ਦਾ ਗਲਾ ਭਰ ਆਇਆ। ਉਸ ਨੇ ਫਿਰ ਮੇਰਾ ਹੱਥ ਦੱਬਿਆ ਅਤੇ ਆਪਣੀਆਂ ਬੇਨਤੀ ਕਰਦੀਆਂ ਅੱਖਾਂ ਦੇ ਕਿੱਲ ਮੇਰੇ ‘ਤੇ ਗੱਡ ਦਿੱਤੇ।
ਮੈਂ ਸਿਰ ਹਿਲਾਇਆ, ਉਹ ਭੱਜ ਗਈ।
ਅਗਲਾ ਦਿਨ ਆ ਗਿਆ ਹੈ। ਬਹੁਤ ਸੋਚ ਸਮਝ ਕੇ ਮੈਂ ਉਥੇ ਨਾ ਜਾਣ ਦਾ ਫੈਸਲਾ ਕੀਤਾ ਹੈ। ਮੇਰਾ ਜਾਣਾ ਉਨ੍ਹਾਂ ਵਿਚਾਰਿਆਂ ਦੀ ਮੁਸ਼ਕਿਲ ਵਿਚ ਵਾਧਾ ਕਰੇਗਾ। ਉਂਜ ਵੀ ਇਸ ਦਲਦਲ ਵਿਚ ਫਸਣ ਲਈ ਮੈਂ ਕਿਉਂ ਜਾਵਾਂ? ਉਥੇ ਜਿਥੇ ਕੋਈ ਤ੍ਰਿਸਕਾਰ ਦੀ ਟੋਕਰੀ ਮੇਰੇ ਸਿਰ ‘ਤੇ ਮੂਧੀ ਮਾਰਨ ਲਈ ਤਿਆਰ ਬੈਠਾ ਹੈ।
ਪਰ ਸ਼ਾਮ ਤਕ ਮੇਰੇ ਇਰਾਦੇ ਦੀ ਫੂਕ ਨਿਕਲਣ ਲੱਗੀ। ਸੜਕ ਦੇ ਵਿਚਕਾਰ, ਤੇਜ਼ ਭੱਜਦੇ ਟਰੈਫਿਕ ਦੀ ਪ੍ਰਵਾਹ ਕੀਤੇ ਬਿਨਾ, ਮੇਰੇ ਤਕ ਭੱਜਦੇ ਉਸ ਦੇ ਪੈਰ, ਬਾਹਾਂ ਨੂੰ ਕੱਸਦਾ ਠੰਢਾ ਹੱਥ, ਹੰਝੂ ਭਰੀਆਂ ਨਿਰਦੋਸ਼ ਅੱਖਾਂ-ਮੈਨੂੰ ਲੱਗ ਰਿਹਾ ਹੈ, ਮੈਂ ਨਾ ਚਾਹੁੰਦਿਆਂ ਵੀ ਉਸ ਪਤਲੀ ਜਿਹੀ ਡੋਰ ਨਾਲ ਆਪਣੇ ਆਪ ਖਿੱਚਿਆ ਤੁਰਿਆ ਜਾ ਰਿਹਾ ਹਾਂ।