ਵੈਸਾਖ ਭਲਾ ਸਾਖਾ ਵੇਸ ਕਰੇ

ਬਲਜੀਤ ਬਾਸੀ
ਚੜ੍ਹਦੇ ਵੈਸਾਖ ਨੂੰ ਮਨਾਇਆ ਜਾਂਦਾ ਵੈਸਾਖੀ ਹੀ ਇਕ ਅਜਿਹਾ ਤਿਉਹਾਰ ਹੈ ਜਿਸ ਵਿਚ ਪੰਜਾਬੀਅਤ ਆਪਣੇ ਉਘੜਵੇਂ ਰੂਪ ਵਿਚ ਪੇਸ਼ ਹੁੰਦੀ ਹੈ। ਹਾੜੀ ਦੀ ਫਸਲ ਕਣਕ ਖੇਤੀ ਪ੍ਰਧਾਨ ਰਾਜ ਪੰਜਾਬ ਦੀ ਮੁਖ ਫਸਲ ਹੈ ਤੇ ਵੈਸਾਖੀ ਇਸ ਦੀ ਕਟਾਈ ਦਾ ਜਸ਼ਨ ਹੈ। ਸਮਝੋ ਸਾਰੇ ਸਾਲ ਦੀ ਕਮਾਈ ਇਸ ਵਾਢੀ ਦੌਰਨ ਹੀ ਘਰ ਆਉਣ ਦਾ ਮੌਕਾ ਬਣਦਾ ਹੈ। ਲਹਿਲਹਾ ਰਹੀਆਂ ਸੁਨਹਿਰੀ ਕਣਕਾਂ ਦਾ ਦ੍ਰਿਸ਼ ਦੇਖਿਆਂ ਹੀ ਬਣਦਾ ਹੈ। ਪੰਜਾਬ ਸੋਨੇ ਦੀ ਚਿੜੀ ਜਾਪਣ ਲਗਦਾ ਹੈ। ਹਾਇਕੂ ਲੇਖਕ ਮਨਦੀਪ ਮਾਨ ਨੇ ਇਸ ਭਾਵ ਨੂੰ ਇਸ ਤਰਾਂ ਪ੍ਰਗਟਾਇਆ ਹੈ,
ਵਿਸਾਖ ਦੀ ਸੰਗਰਾਂਦ
ਸੋਨ ਰੰਗੀਆਂ ਕਣਕਾਂ ਨੂੰ
ਜੱਟ ਲਾਈ ਦਾਤਰੀ।
ਭਾਵੇਂ ਕਿ ਅੱਜ ਕਲ੍ਹ ਕਣਕ ਦੀ ਬਹੁਤੀ ਕਟਾਈ-ਗਹਾਈ ਕੰਬਾਈਨਾਂ ਨਾਲ ਹੀ ਹੁੰਦੀ ਹੈ।
ਭੰਗੜੇ ਤੇ ਗਿਧੇ ਦੀ ਉਛਲ ਕੁਦ ਇਸ ਖੁਸ਼ੀ ਦਾ ਪਰਮ ਇਜ਼ਹਾਰ ਹੈ। ਧਾਰਮਿਕ ਉਤਸਵ ਘਰ ਆ ਰਹੀ ਲਛਮੀ ਲਈ ਦਾਤੇ ਦਾ ਸ਼ੁਕਰਾਨਾ ਹੈ। ਪੰਜਾਬ ਵਿਚ ਵੈਸਾਖੀ ਦੀ ਮਹੱਤਤਾ ਭਾਵੇਂ ਇਸ ਦਿਨ ਖਾਲਸੇ ਦੇ ਜਨਮ ਦਿਨ ਕਾਰਨ ਵੀ ਹੈ ਪਰ ਇਹ ਇਸ ਤੋਂ ਪਹਿਲਾਂ ਵੀ ਕਦੀਮਾਂ ਤੋਂ ਮਨਾਈ ਜਾਂਦੀ ਰਹੀ ਹੈ। ਆਖਰ ਗੁਰੂ ਗੋਬਿੰਦ ਸਿੰਘ ਨੇ ਖਾਲਸਾ ਪੰਥ ਸਾਜਣ ਲਈ ਜੇ ਇਹ ਦਿਨ ਚੁਣਿਆ ਤਾਂ ਸਪਸ਼ਟ ਹੈ ਇਸ ਦਿਨ ਦੀ ਮਹੱਤਤਾ ਪਹਿਲਾਂ ਹੀ ਮੌਜੂਦ ਸੀ। ਕਿਹਾ ਜਾਂਦਾ ਹੈ ਕਿ ਵਿਸਾਖੀ ਦਾ ਮੇਲਾ ਸਭ ਤੋਂ ਪਹਿਲਾਂ ਡੱਲਾ ਨਿਵਾਸੀ ਭਾਈ ਪਾਰੋ ਪਰਮਹੰਸ ਨੇ ਗੁਰੂ ਅਮਰਦਾਸ ਦੀ ਆਗਿਆ ਨਾਲ ਕਾਇਮ ਕੀਤਾ ਸੀ। ਵੈਸਾਖੀ ਦੇ ਦਿਨ ਦੇਸ਼ ਦੇਸ਼ਾਂਤਰ ਦੀਆਂ ਸੰਗਤਾਂ ਗੁਰੂਆਂ ਦੇ ਦਰਸ਼ਨ ਨੂੰ ਆਉਂਦੀਆਂ ਸਨ। ਇਹ ਦਿਹਾੜਾ ਸਿੱਖੀ ਨਾਲ ਸਬੰਧਤ ਹੋਰ ਵੀ ਅਨੇਕਾਂ ਮਹੱਤਵਪੂਰਨ ਘਟਨਾਵਾਂ ਨਾਲ ਜੋੜਿਆ ਜਾਂਦਾ ਹੈ। ਵਿਸਾਖੀ ਵਾਲੇ ਦਿਨ ਹੀ ਬੁਧ ਪੂਰਨਿਮਾ ਮਨਾਈ ਜਾਂਦੀ ਹੈ। ਜਲ੍ਹਿਆਂ ਵਾਲੇ ਬਾਗ ਦਾ ਸਾਕਾ ਵੀ ਇਸ ਦਿਨ ਹੀ ਹੋਇਆ ਸੀ। ਵਿਸਾਖੀ ਪਿਛੋਂ ਨਿਰਜਲਾ ਕਾਰਸੀ (ਇਕਾਦਸ਼ੀ) ਦਾ ਤਿਉਹਾਰ ਆਉਂਦਾ ਹੈ ਜਿਸ ਦਿਨ ਰੱਜਵੇ ਖਰਬੂਜ਼ੇ ਖਾਧੇ ਜਾਂਦੇ ਹਨ ਤੇ ਉਪਰੋਂ ਮਿੱਠਾ ਪਾਣੀ ਪੀਤਾ ਜਾਂਦਾ ਹੈ।
ਕਿਸਾਨੀ ਨਜ਼ਰੀਏ ਤੋਂ ਵੈਸਾਖੀ ਹੀ ਨਵੇਂ ਸਾਲ ਦੀ ਸ਼ੁਰੂਆਤ ਹੈ। ਇਸ ਤਿਉਹਾਰ ਨੂੰ ਵੈਸਾਖੀ ਜਾਂ ਵਿਸਾਖੀ ਲਿਖਿਆ ਜਾਂਦਾ ਹੈ ਪਰ ਸਾਰੇ ਬੋਲਦੇ ਬਸਾਖੀ ਹੀ ਹਨ। ਮੈਨੂੰ ਇਹ ਪੜ੍ਹ ਕੇ ਹੈਰਾਨੀ ਹੋਈ ਕਿ ਹਿੰਦੀ ਦੇ ਪ੍ਰਸਿਧ ਨਿਰੁਕਤਕਾਰ ਅਜਿਤ ਵਡਨੇਰਕਰ ਨੇ ਹਿੰਦੀ ਵਿਚ ‘ਵੈਸ਼ਾਖੀ’ ਜਾਂ ‘ਬੈਸਾਖੀ’ ਦੇ ਸ਼ਬਦਜੋੜਾਂ ਬਾਰੇ ਰੇੜ੍ਹਕੇ ਦੀ ਗੱਲ ਕਹੀ ਹੈ। ਉਸ ਨੇ ਇਸ ਨੂੰ ਅਸਲ ਵਿਚ ਪੰਜਾਬੀਆਂ ਦਾ ਤਿਉਹਾਰ ਗਰਦਾਨਦੇ ਹੋਏ ਹਿੰਦੀ ਵਾਲਿਆਂ ਪਾਸ ਇਸ ਦੇ ਪੰਜਾਬੀ ਉਚਾਰਣ ਅਨੁਸਾਰ ‘ਬੈਸਾਖੀ’ ਸ਼ਬਦਜੋੜ ਲਿਖਣ ਦੀ ਵਕਾਲਤ ਕੀਤੀ ਹੈ। ਪਰ ਏਧਰ ਅਸੀਂ ਪੰਜਾਬੀ ਭਾਵੇਂ ਬੋਲਦੇ ਬਸਾਖੀ ਹਾਂ, ਲਿਖਦੇ ਵੈਸਾਖੀ ਜਾਂ ਵਿਸਾਖੀ ਹੀ ਹਾਂ। ਇਸ ਦਾ ਇਕ ਕਾਰਨ ਇਹ ਵੀ ਹੈ ਕਿ ਗੁਰਬਾਣੀ ਵਿਚ ‘ਵੈਸਾਖੀ’ ਸ਼ਬਦ ਮਿਲਦਾ ਹੈ। ਸੂਰਜੀ ਸਾਲ ਅਨੁਸਾਰ ਇਸ ਦਿਨ ਸੂਰਜ ਬੈਲ ਰਾਸ਼ੀ ਵਿਚ ਪ੍ਰਵੇਸ਼ ਕਰਦਾ ਹੈ। ਪਰ ਚੰਦਰਵਰਸ਼ ਅਨੁਸਾਰ ਇਸ ਮਹੀਨੇ ਦੀ ਪੁੰਨਿਆ ਵਾਲੇ ਦਿਨ ਚੰਦ ‘ਵਿਸ਼ਾਖਾ’ ਨਛੱਤਰ ਦੇ ਕੋਲ ਹੁੰਦਾ ਹੈ, ਇਸ ਲਈ ਇਸ ਮਹੀਨੇ ਦਾ ਸੰਸਕ੍ਰਿਤ ਨਾਂ ਵੈਸ਼ਾਖ ਹੈ ਜਿਸ ਤੋਂ ਪੰਜਾਬੀ ਵੈਸਾਖ, ਵਿਸਾਖ ਤੇ ਫਿਰ ਬਸਾਖ ਭੇਦ ਉਭਰੇ। ਇਸ ਨਛੱਤਰ ਵਿਚ ਚਾਰ ਤਾਰੇ ਹੁੰਦੇ ਹਨ। ਵਿਸ਼ਾਖਾ ਸ਼ਬਦ ਬਣਿਆ ਹੈ ਵਿ+ਸ਼ਾਖਾ ਤੋਂ। ‘ਵਿ’ ਅਗੇਤਰ ਦੀ ਦੋ ਤਰ੍ਹਾਂ ਵਿਆਖਿਆ ਕੀਤੀ ਜਾਂਦੀ ਹੈ। ਪਹਿਲੀ ਅਨੁਸਾਰ ਇਹ ਅਨੇਕ, ਵਿਭਾਜਨ, ਸਨਮੁਖ, ਵਿਪਰੀਤ ਦੇ ਅਰਥ ਦਿੰਦਾ ਹੈ। ਅਸੀਂ ਕਈ ਸ਼ਬਦਾਂ ਵਿਚ ਇਸ ਨੂੰ ਦੇਖ ਸਕਦੇ ਹਾਂ ਜਿਵੇਂ ਵਿਵਿਧ, ਵਿਛੇਦ, ਵਿਸ਼ੇਸ਼, ਵਿਚਿਤਰ, ਵਿਭਾਜਨ, ਵਿਧਾ, ਵਿਰੁਧ, ਵਿਕਰੀ ਆਦਿ। ਇਹ ਸ਼ਬਦ ਦੇ ਅਰਥ ਤੀਖਣ ਕਰਨ ਲਈ ਵੀ ਵਰਤਿਆ ਜਾਂਦਾ ਹੈ ਜਿਵੇਂ ਵਿਕਰਾਲ, ਵਿਲੱਖਣ, ਵਿਖਮ ਆਦਿ। ਸੋ ਵਿਸ਼ਾਖ ਦਾ ਅਰਥ ਬਣਦਾ ਹੈ ‘ਸ਼ਾਖਾਵਾਂ ਅਰਥਾਤ (ਕਈ) ਟਾਹਣੀਆਂ ਵਾਲਾ।’ ਅਸੀਂ ਫਾਰਸੀ ਵਲੋਂ ਇਕ ਸ਼ਬਦ ਬਿਸਤਰ (ਬਿਸਤਰਾ) ਲੈਂਦੇ ਹਾਂ। ਬਿਸਤਰ ਦਾ ਸ਼ਾਬਦਿਕ ਅਰਥ ਹੈ ਵਿਛਾਈ ਜਾਣ ਵਾਲੀ ਚੀਜ਼। ਇਹ ਸ਼ਬਦ ਸੰਸਕ੍ਰਿਤ ਵਲੋਂ ‘ਵਿਸਤਾਰ’ ਦਾ ਸੁਜਾਤੀ ਹੈ। ਵਿਸਤਾਰ= ਵਿ+ਸਤਰ ਜਿਸ ਵਿਚ ਸਤਰ ਦਾ ਅਰਥ ਫੈਲਾਉਣਾ, ਵਿਛਾਉਣਾ ਹੈ। ਸੰਸਕ੍ਰਿਤ ਵਿਚ ਵਿਸਤਰ ਦਾ ਅਰਥ ਮੰਜਾ ਵੀ ਹੁੰਦਾ ਹੈ। ਅਜਿਹਾ ਅਗੇਤਰ ਹੋਰ ਭਾਰੋਪੀ ਭਾਸ਼ਾਵਾਂ ਵਿਚ ਵੀ ਮਿਲਦਾ ਹੈ। ਅਸੀਂ ਅੰਗਰੇਜ਼ੀ ਸਬੰਧਕ ੱਟਿਹ ਦੀ ਮਿਸਾਲ ਨਾਲ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਇਸ ਸ਼ਬਦ ਦੇ ਪੁਰਾਣੇ ਰੂਪਾਂਤਰਾਂ ਦਾ ਅਰਥ ਸਨਮੁਖ, ਸਾਹਮਣੇ, ਦੀ ਤਰਫ, ਵਿਰੁਧ ਹੁੰਦਾ ਸੀ। ਜਿਵੇਂ ਇਕ ਘਰ ਦੇ ਸਾਹਮਣੇ ਵਾਲਾ ਦੂਜਾ ਘਰ ਪਹਿਲੇ ਦੇ ਸਨਮੁਖ ਜਾਂ ਵਿਰੁਧ ਹੁੰਦਾ ਹੈ। ਇਹ ਸ਼ਬਦ ਭਾਰੋਪੀ ਮੂਲ ੱ-ਿਟeਰੋ ਤੋਂ ਬਣਿਆ ਹੈ ਜਿਸ ਦਾ ਅਰਥ ‘ਵਧੇਰੇ ਵਿਥ ‘ਤੇ’ ਨਿਰਧਾਰਤ ਕੀਤਾ ਗਿਆ ਹੈ। ਇਸ ਮੂਲ ਵਿਚ ਇਕ ਹੋਰ ਮੂਲ ੱ ਿਹੈ ਜੋ ਜੁਦਾ, ਵੱਖਰਾ, ਅੱਡਰਾ ਦੇ ਭਾਵ ਦਿੰਦਾ ਹੈ। ਅੰਗਰੇਜ਼ੀ ੱਟਿਹ ਦੇ ਅਰਥ ‘ਵਿਰੁਧ’ ਤੋਂ ਵਿਕਸਿਤ ਹੋ ਕੇ ਇਸ ਦੇ ਉਲਟ ‘ਨਾਲ, ਸਾਥ’ ਹੋਣ ਦਾ ਵੱਡਾ ਕਾਰਨ ਹੈ ਕਿ ਵਿਰੁਧ ਚੀਜ਼ ਵੀ ਅਸਲ ਵਿਚ ਨਾਲ ਹੀ ਹੁੰਦੀ ਹੈ ਜਿਵੇਂ ਇਕ ਦੂਜੇ ਤੋਂ ਉਲਟ ਦਿਸ਼ਾਵਾਂ ਦੇ ਘਰ। ਅੰਗਰੇਜ਼ੀ ੱਟਿਹਦਰਅੱ ਤੋਂ ਇਹ ਗੱਲ ਹੋਰ ਸਪਸ਼ਟ ਹੋ ਜਾਂਦੀ ਹੈ ਜਿਸ ਦਾ ਅਸਲ ਅਰਥ ‘ਤੋਂ ਪਰੇ ਲਿਜਾਣਾ’ ਅਰਥਾਤ ਕਢਣਾ ਹੈ। ਇਹੀ ਸੰਸਕ੍ਰਿਤ ‘ਵਿ’ ਅਗੇਤਰ ਦੇ ਅਰਥ ਹਨ। ਸੰਸਕ੍ਰਿਤ ‘ਵਿਤਰਮ’ ਦਾ ਅਰਥ ਪਰੇ, ਦੂਰ, ਵਿਥ ਤੇ ਹੁੰਦਾ ਹੈ।
ਵਿਸ਼ਾਖਾ ਨਛੱਤਰ ਅਸਲ ਵਿਚ ਚਾਰ ਤਾਰਿਆਂ ਦਾ ਸਮੂਹ ਹੈ ਜੋ ਇਕ ਤਾਰੇ ਦੀਆਂ ਸ਼ਾਖਾਵਾਂ ਪ੍ਰਤੀਤ ਹੁੰਦੇ ਹਨ। ਅਸਲ ਵਿਚ ਪਹਿਲਾਂ ਇਸ ਨੂੰ ਦੋ ਤਾਰਿਆਂ ਦਾ ਸਮੂਹ ਸਮਝਿਆ ਜਾਂਦਾ ਸੀ ਇਸ ਲਈ ਇਥੇ ‘ਵਿ’ ਅਗੇਤਰ ਦੇ ਅਰਥ ‘ਦੋ’ ਕੀਤੇ ਗਏ ਹਨ। ਇਸ ਦਾ ਇਕ ਭਾਵ ਇਹ ਵੀ ਲਿਆ ਜਾਂਦਾ ਹੈ ਕਿ ਵਿਸ਼ਾਖਾ ਨਛੱਤਰ ਦੋ ਦੇਵਤਿਆਂ, ਇੰਦਰ ਅਤੇ ਅਗਨੀ ਦੇ ਅਧੀਨ ਵਿਚਰਦਾ ਹੈ। ਮੋਨੀਅਰ ਵਿਲੀਅਮਜ਼ ਅਨੁਸਾਰ ‘ਵਿ’ ਅਗੇਤਰ ‘ਦਿਵ’ (ਦੋ) ਤੋਂ ਬਣਿਆ ਹੋ ਸਕਦਾ ਹੈ ਜਿਸ ਦਾ ਅਰਥ ‘ਦੋ ਭਾਗਾਂ ਵਿਚ’ ਹੈ। ਪੰਜਾਬੀ ਸ਼ਬਦ ‘ਦੁਸਾਂਗੜ’ ਰੂਪਕ ਤੇ ਅਰਥ ਪੱਖੋਂ ਇਸ ਦਾ ਸਕਾ ਹੈ। ਦੋ ਦੇ ਅਰਥਾਂ ਵਾਲਾ ‘ਦਿਵ’ ਅਸਲ ਵਿਚ ਭਾਰੋਪੀ ਅਸਲੇ ਦਾ ਅਗੇਤਰ ਹੈ ਜਿਸ ਦੇ ਸੁਜਾਤੀ ਬਹੁਤ ਸਾਰੀਆਂ ਹਿੰਦ-ਯੂਰਪੀ ਭਾਸ਼ਾਵਾਂ ਵਿਚ ਮਿਲਦੇ ਹਨ। ਅੰਗਰੇਜ਼ੀ ਦੇ ਬਨਿਅਰੇ, ਬਚੇਚਲe ਸ਼ਬਦ ਇਸੇ ਤੋਂ ਬਣੇ। ਅਸਲ ਵਿਚ ਤਾਂ ਅੰਗਰੇਜ਼ੀ ਟੱੋ, ਲਾਤੀਨੀ ਤੇ ਗਰੀਕ ਦੋ, ਲਿਥੂਐਨੀਅਨ ਦਵ,ਿ ਅਵੇਸਤਨ ਦਵਅ ਪੰਜਾਬੀ ਦੋ, ਇਸੇ ਦੇ ਭੇਦ ਹਨ। ਦਵੈਤ ਤੇ ਦੁਵਿਧਾ ਵਿਚ ਵੀ ਇਹ ਝਲਕਦਾ ਹੈ। ਪੰਜਾਬੀ ਦੇ ਅੰਕ ਜਿਵੇਂ ਬਾਈ (ਦੋ+ਵੀਹ), ਬਿਆਸੀ (ਦੋ+ਅੱਸੀ) ਵਿਚ ਵੀ ਇਹ ਅਗੇਤਰ ਦੇਖਿਆ ਜਾ ਸਕਦਾ ਹੈ। ਦੂਜਾ ਦੇ ਅਰਥਾਂ ਵਾਲਾ ‘ਬੀਆ’, ‘ਬਿਆ’ ਸ਼ਬਦ ਵੀ ਇਸੇ ਮੂਲ ਦੀ ਸ਼ਾਅਦੀ ਭਰਦੇ ਹਨ, “ਠਾਕੁਰ ਤੁਝ ਬਿਨੁ ਬੀਆ ਨ ਹੋਰ” -ਗੁਰੂ ਅਰਜਨ ਦੇਵ। “ਬਿਆ ਦਰ ਨਾਹੀ ਕੈ ਦਰ ਜਾਉ” -ਗੁਰੂ ਨਾਨਕ; ਅਰਥਾਤ ਮਨੁਖ ਲਈ ਪਰਮਾਤਮਾ ਤੋਂ ਬਿਨਾ ਦੂਜੀ ਢੋਈ ਨਹੀਂ।
ਵਿਸਾਖ ਸ਼ਬਦ ਦਾ ਦੂਜਾ ਅੰਸ਼ ਸੰਸਕ੍ਰਿਤ ‘ਸ਼ਾਖਾ’ ਹੈ ਜਿਸ ਦਾ ਅਰਥ ਟਾਹਣੀ, ਲਗਰ ਆਦਿ ਹਨ। ਗੁਰੂ ਨਾਨਕ ਦੇਵ ਜੀ ਨੇ ਵਿਸਾਖ ਮਹੀਨੇ ਵਿਚ ਵਾਰ ਚੁਫੇਰੇ ਸ਼ਾਖਾਵਾਂ ਦੀ ਹੋਂਦ ਨੂੰ ਖੂਬ ਪਛਾਣਿਆ ਤੇ ਇਸ ਤਰ੍ਹਾਂ ਇਸ ਸ਼ਬਦ ਵਿਚ ਸ਼ਾਖਾ ਦੀ ਮਹੱਤਤਾ ਇਕ ਹੋਰ ਨਜ਼ਰੀਏ ਤੋਂ ਉਜਾਗਰ ਹੋ ਰਹੀ ਹੈ:
ਵੈਸਾਖੁ ਭਲਾ ਸਾਖਾ ਵੇਸ ਕਰੇ॥
ਧਨ ਦੇਖੈ ਹਰਿ ਦੁਆਰ ਆਵਹੁ ਦਇਆ ਕਰੇ॥
ਘਰਿ ਆA ਪਿਆਰੇ ਦੁਤਰ ਤਾਰੇ ਤੁਧੁ ਬਿਨੁ ਅਢੁ ਨ ਮੋਲੋ॥
ਕੀਮਤਿ ਕਉਣ ਕਰੇ ਤੁਧੁ ਭਾਵਾਂ ਦੇਖਿ ਦਿਖਾਵੈ ਢੋਲੋ॥
ਦੂਰਿ ਨ ਜਾਨਾ ਅੰਤਰਿ ਮਾਨਾ ਹਰਿ ਕਾ ਮਹਲ ਪਛਾਨਾ॥
ਨਾਨਕ ਵੈਸਾਖੀਂ ਪ੍ਰਭੁ ਪਾਵੈ ਸੁਰਤਿ ਸਬਦਿ ਮਨੁ ਮਾਨਾ॥
ਪੰਜਾਬੀ ਮਾਨਸਿਕਤਾ ਵਿਚ ਇਸ ਮਹੀਨੇ ਦੀ ਮਹਤਤਾ ਕਾਰਨ ਵਿਸਾਖ ਸ਼ਬਦ ਖਾਸ ਨਾਂਵਾਂ ਲਈ ਵੀ ਵਰਤਿਆ ਜਾਂਦਾ ਹੈ ਜਿਵੇਂ ਵਿਸਾਖਾ ਸਿੰਘ। ਵਸਾਖਾ ਸਿੰਘ ਦਦੇਹਰ ਪ੍ਰਸਿਧ ਗਦਰੀ ਹੋਏ ਹਨ। ਵੈਸਾਖ ਬਸੰਤ ਰੁਤ ਦਾ ਹੀ ਮਹੀਨਾ ਹੈ। ਅੰਬ ਬੂਰ ਝਾੜਨ ਲਗਦੇ ਹਨ ਅਤੇ ਕੋਇਲਾਂ ਦੀ ਕੂ ਕੂ ਦਾ ਸ਼ੋਰ ਮਚਦਾ ਹੈ। ਚਾਰੇ ਪਾਸੇ ਤਿਲੀਅਰ, ਤੋਤੇ, ਲਵੇ ਬਟੇਰੇ ਦਿਖਾਈ ਦਿੰਦੇ ਹਨ। ਪੰਜਵਾਂ ਮੇਵਾ ਡੇਲਾ ਵੀ ਇਸੇ ਰੁਤ ਵਿਚ ਹੁੰਦਾ ਹੈ। ਲਗਦਾ ਹੈ ਇਸ ਮਹੀਨੇ ਜਿਥੇ ਫਸਲਾਂ ਦੀ ਵਾਢੀ ਹੁੰਦੀ ਹੈ ਉਥੇ ਨਾਲ ਦੀ ਨਾਲ ਪਤਝੜ ਕਾਰਨ ਸੁੱਕੇ ਦਰਖਤਾਂ ਦੀਆਂ ਲਗਰਾਂ ਤੇ ਟਾਹਣੀਆਂ ਵੀ ਫੁੱਟਣ ਲਗਦੀਆਂ ਹਨ। ਦਰਖਤਾਂ ਵਿਚ ਫੁੱਟੀਆਂ ਲਗਰਾਂ ਦਾ ਹਾਰ ਸਿੰਗਾਰ ਦੇਖ ਕੇ ਪਤੀ ਤੋਂ ਵਿਛੜੀ ਨਾਰ ਦੇ ਅੰਦਰ ਪਤੀ ਨੂੰ ਮਿਲਣ ਦੀ ਧੂਹ ਪੈਂਦੀ ਹੈ।
‘ਸਾਖਾ’ ਸ਼ਬਦ ਦੇ ਟਾਹਣੀ ਤੋਂ ਬਿਨਾਂ ਹੋਰ ਵੀ ਬਹੁਤ ਸਾਰੇ ਅਰਥ ਹਨ ਜਿਵੇਂ ਸਰੀਰ ਦੇ ਅੰਗ ਬਾਂਹ, ਪੈਰ ਆਦਿ, “ਕਰ ਪਲਵ ਸਾਖਾ ਬੀਚਾਰੇ” -ਭਗਤ ਬੇਣੀ ਜੀ; ਕਿਸੇ ਮੂਲ ਵਸਤੂ ਦੇ ਭੇਦ; ਕਿਸੇ ਜਾਤੀ ਦਾ ਭਾਗ ਅਰਥਾਤ ਗੋਤ, ਵੰਸ਼ ਆਦਿ; ਕਿਸੇ ਧਰਮ ਤੋਂ ਨਿਕਲਿਆ ਫਿਰਕਾ, “ਕਬੀਰ ਸਿਖ ਸਾਖਾ ਬਹੁਤੇ ਕੀਏ ਕੇਸੋ ਕੀਓ ਨ ਮੀਤ” -ਭਗਤ ਕਬੀਰ; ਵੇਦਾਂ ਦੀਆਂ ਸੰਹਿਤਾਵਾਂ ਜਾਂ ਭਾਗ। “ਸਾਖਾ ਤੀਨ ਕਹੈ ਨਿਤ ਬੇਦੁ” (ਗੁਰੂ ਨਾਨਕ) ਵਿਚ ‘ਸਾਖਾ ਤੀਨ’ ਤਿਰਗੁਣ ਵੱਲ ਸੰਕੇਤ ਹੈ। ਕਿਸੇ ਪਾਰਟੀ ਆਦਿ ਦੀਆਂ ਮੁਢਲੀਆਂ ਇਕਾਈਆਂ ਜਿਵੇਂ ਆਰæਐਸ਼ਐਸ਼ ਦੀਆਂ ਸ਼ਾਖਾਵਾਂ।
ਪਰ ‘ਬਸਾਖੀ’ ਦੇ ਸ਼ਬਦਜੋੜਾਂ ਵਿਚ ਪੰਜਾਬੀ ਦਾ ਇਕ ਹੋਰ ਸ਼ਬਦ ਹੈ ਜਿਸ ਦਾ ਅਰਥ ਲਕੜੀ ਦਾ ਉਹ ਉਪਕਰਣ ਹੈ ਜਿਸ ਨੂੰ ਲੰਗੜੇ ਜਾਂ ਤੁਰਨ ਵਿਚ ਕਮਜ਼ੋਰ ਵਿਅਕਤੀ ਬਗਲਾਂ ਵਿਚ ਰੱਖ ਕੇ ਤੁਰਨ ਦਾ ਉਪਰਾਲਾ ਕਰਦੇ ਹਨ। ਧਿਆਨ ਦਿਉ ਇਹ ਡੰਡੇ ਵੀ ਦੋ ਸ਼ਾਖਾਵਾਂ ਵਾਲੇ ਅਰਥਾਤ ਦੁਸਾਂਗੜ ਹੁੰਦੇ ਹਨ। ਮਧਾਣੀ ਦੇ ਡੰਡੇ ਨੂੰ ਵੀ ਬਸਾਖ ਕਿਹਾ ਜਾਂਦਾ ਹੈ। ਸਾਂਗ ਦੇ ਨਾਮ ਨਾਲ ਜਾਣੀ ਜਾਂਦੀ ਇਕ ਪ੍ਰਕਾਰ ਦੀ ਬਰਛੀ ਜੋ ਦਸ ਫੁਟ ਲੰਮੇ ਛੜ ਵਾਲੀ ਹੁੰਦੀ ਹੈ ਜਿਸ ਦਾ ਛੜ ਲੋਹੇ ਨਾਲ ਮੜਿਆ ਹੁੰਦਾ ਹੈ, ਵੀ ਇਸੇ ਸ਼ਬਦ ਸ਼ਾਖਾ ਸ਼ਬਦ ਦਾ ਭੇਦ ਲਗਦਾ ਹੈ।
ਅਸਲ ਵਿਚ ਸੰਸਕ੍ਰਿਤ ਸ਼ਾਖਾ ਦੀ ਥਾਂ ਫਾਰਸੀ ਵਲੋਂ ‘ਸ਼ਾਖ’ ਸ਼ਬਦ ਦੀ ਵਰਤੋਂ ਅਸੀਂ ਵਧੇਰੇ ਕਰਦੇ ਹਾਂ ਜਦ ਕਿ ਦੋਵੇਂ ਸ਼ਬਦ ਸੁਜਾਤੀ ਹਨ। ਕੌਣ ਨਹੀਂ ਜਾਣਦਾ ‘ਹਰ ਸ਼ਾਖ ਪੇ ਉਲੂ ਬੈਠਾ ਹੈ।’ ਗੁਰੂ ਅਰਜਨ ਦੇਵ ਨੇ ਇਹ ਸ਼ਬਦ ਵਰਤਿਆ ਹੈ, “ਤੂੰ ਪੇਡ ਸਾਖ ਤੇਰੀ ਫੂਲੀ” ਅਰਥਾਤ ਪਰਮਾਤਮਾ ਇਕ ਰੁਖ ਹੈ ਤੇ ਬਾਕੀ ਸੰਸਾਰ ਇਸ ਤੋਂ ਫੁੱਟੀਆਂ ਟਾਹਣੀਆਂ ਹਨ। ਫਾਰਸੀ ਵਿਚ ਸ਼ਾਖ ਸਿੰਗ ਨੂੰ ਵੀ ਆਖਦੇ ਹਨ। ਸ਼ਾਖਸਾਰ ਦਾ ਮਤਲਬ ਦਰਖਤਾਂ ਨਾਲ ਭਰੀ ਜਗ੍ਹਾ ਹੈ।

Be the first to comment

Leave a Reply

Your email address will not be published.