ਬਿਪਤਾ ਦੀ ਘੜੀ ‘ਚ ਸਿੱਖਾਂ ਨੇ ਫੜੀ ਕਸ਼ਮੀਰੀਆਂ ਦੀ ਬਾਂਹ

ਚੰਡੀਗੜ੍ਹ: ਜੰਮੂ ਕਸ਼ਮੀਰ ਵਿਚ ਧਾਰਾ 370 ਖਤਮ ਕਰਨ ਮਗਰੋਂ ਪੈਦਾ ਹੋਏ ਬਿਪਤਾ ਵਾਲੇ ਹਾਲਾਤ ਵਿਚ ਜਿਸ ਤਰ੍ਹਾਂ ਪੂਰੇ ਦੇਸ਼ ਵਿਚ ਸਿੱਖ ਭਾਈਚਾਰਾ ਕਸ਼ਮੀਰੀਆਂ ਨਾਲ ਆਣ ਖੜ੍ਹਿਆ, ਉਸ ਦੀ ਪੂਰੀ ਦੁਨੀਆ ਵਿਚ ਵਾਹ-ਵਾਹ ਹੋ ਰਹੀ ਹੈ। ਕੁਝ ਭਾਜਪਾ ਆਗੂਆਂ ਵਲੋਂ ਕਸ਼ਮੀਰੀ ਔਰਤਾਂ ਬਾਰੇ ਕੀਤੀਆਂ ਟਿੱਪਣੀਆਂ ਤੋਂ ਬਾਅਦ ਸਿੱਖਾਂ ਵਲੋਂ ਪੜ੍ਹਾਈ ਜਾਂ ਕਾਰੋਬਾਰ ਲਈ ਹੋਰਾਂ ਸੂਬਿਆਂ ਵਿਚ ਆਈਆਂ ਕਸ਼ਮੀਰੀ ਮੁਟਿਆਰਾਂ ਨੂੰ ਉਨ੍ਹਾਂ ਦੇ ਘਰ ਸੁਰੱਖਿਅਤ ਪਹੁੰਚਾਉਣ ਲਈ ਮੁਹਿੰਮ ਛੇੜ ਦਿੱਤੀ ਗਈ।

ਦਿੱਲੀ ਵਿਚ ਕੁਝ ਸਿੱਖ ਨੌਜਵਾਨਾਂ ਨੇ 32 ਕਸ਼ਮੀਰੀ ਮੁਟਿਆਰਾਂ ਨੂੰ ਜੰਮੂ ਕਸ਼ਮੀਰ ਦੇ ਸਭ ਤੋਂ ਵੱਧ ਗੜਬੜ ਵਾਲੇ ਇਲਾਕਿਆਂ ਵਿਚ ਪੈਂਦੇ ਉਨ੍ਹਾਂ ਦੇ ਘਰਾਂ ‘ਚ ਸੁਰੱਖਿਅਤ ਪਹੁੰਚਾਇਆ। ਉਧਰ, ਸ੍ਰੀ ਅਕਾਲ ਤਖਤ ਦੇ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਵਲੋਂ ਕਸ਼ਮੀਰੀ ਔਰਤਾਂ ਦੀ ਰੱਖਿਆ ਦੇ ਹੁਕਮ ਦਿੱਤੇ ਗਏ ਹਨ। ਗੁਰਦੁਆਰਿਆਂ ਵਿਚ ਰਹਿਣ ਤੇ ਖਾਣ-ਪੀਣ ਤੋਂ ਇਲਾਵਾ ਕਸ਼ਮੀਰੀ ਮੁਟਿਆਰਾਂ ਨੂੰ ਉਨ੍ਹਾਂ ਦੇ ਘਰਾਂ ਤੱਕ ਸੁਰੱਖਿਅਤ ਪਹੁੰਚਾਉਣ ਦੀ ਵੀ ਸ਼੍ਰੋਮਣੀ ਕਮੇਟੀ ਨੇ ਜ਼ਿੰਮੇਵਾਰੀ ਲਈ ਹੈ। ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠਲੇ ਗੁਰਦੁਆਰਿਆਂ ਤੇ ਵਿਦਿਅਕ ਅਦਾਰਿਆਂ ਨੂੰ ਹਦਾਇਤ ਕੀਤੀ ਹੈ ਕਿ ਜੇ ਕੋਈ ਕਸ਼ਮੀਰੀ ਔਰਤ ਜਾਂ ਬੱਚੀ ਸ਼ਰਨ ਲਈ ਆਉਂਦੀ ਹੈ ਤਾਂ ਉਸ ਨੂੰ ਰਿਹਾਇਸ਼, ਲੰਗਰ ਅਤੇ ਸੁਰੱਖਿਅਤ ਮਾਹੌਲ ਦਿੱਤਾ ਜਾਵੇ। ਇਨ੍ਹਾਂ ਮੁਟਿਆਰਾਂ ਨੂੰ ਉਨ੍ਹਾਂ ਦੇ ਘਰਾਂ ਤੱਕ ਸੁਰੱਖਿਅਤ ਪਹੁੰਚਾਉਣ ਦੀ ਜ਼ਿੰਮੇਵਾਰੀ ਵੀ ਨਿਭਾਉਣ ਲਈ ਕਿਹਾ ਹੈ।
ਸਿੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ ਅਬਦਾਲੀ ਦੇ ਵੇਲੇ 22 ਹਜ਼ਾਰ ਹਿੰਦੂ ਔਰਤਾਂ ਨੂੰ ਬੰਦੀ ਬਣਾ ਲਿਆ ਸੀ ਜਿਨ੍ਹਾਂ ਨੂੰ ਸਿੱਖਾਂ ਨੇ ਰਿਹਾਅ ਕਰਵਾਇਆ ਅਤੇ ਘਰੋ-ਘਰੀ ਪਹੁੰਚਾਇਆ ਸੀ। ਹੁਣ ਵੀ ਸਿੱਖ ਕੌਮ ਆਪਣੀ ਇਸ ਪਰੰਪਰਾ ਨੂੰ ਕਾਇਮ ਰੱਖੇਗੀ। ਇਹੀ ਨਹੀਂ, ਪੰਜਾਬ ਸਰਕਾਰ ਵੀ ਇਸ ਕੰਮ ਵਿਚ ਖੁੱਲ੍ਹ ਕੇ ਅੱਗੇ ਆਈ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿਚ ਪੜ੍ਹਾਈ ਲਈ ਆਏ ਕਸ਼ਮੀਰੀ ਵਿਦਿਆਰਥੀਆਂ ਨੂੰ ਈਦ ਵਾਲੇ ਦਿਨ ਪੰਜਾਬ ਭਵਨ ਸੱਦ ਕੇ ਦਾਅਵਤ ਦਿੱਤੀ, ਉਥੇ ਹਰ ਤਰ੍ਹਾਂ ਦੀ ਸਹਾਇਤਾ ਦਾ ਭਰੋਸਾ ਦਿੱਤਾ। ਔਖੀ ਘੜੀ ਵੇਲੇ ਪੰਜਾਬ ਦੀਆਂ ਕਈ ਯੂਨੀਵਰਸਿਟੀਆਂ ਤੇ ਕਾਲਜਾਂ ਨੇ ਕਸ਼ਮੀਰੀ ਵਿਦਿਆਰਥੀਆਂ ਦੀਆਂ ਫੀਸਾਂ ਮੁਆਫ ਕੀਤੀਆਂ ਹਨ। ਕਈ ਸੰਸਥਾਵਾਂ ਨੈਤਿਕ ਤੇ ਮਾਲੀ ਸਹਾਇਤਾ ਦੇਣ ਲਈ ਸਾਹਮਣੇ ਆਈਆਂ ਹਨ। ਵਿਦਿਆਰਥੀਆਂ, ਕਿਸਾਨਾਂ, ਖੇਤ ਮਜ਼ਦੂਰਾਂ ਤੇ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਕਸ਼ਮੀਰੀਆਂ ਦੇ ਹੱਕ ਵਿਚ ਨਿੱਤਰੀਆਂ ਹਨ।
ਸਿੱਖ ਨੇ ਇਹ ਪਹਿਲ ਉਸ ਸਮੇਂ ਕੀਤੀ ਹੈ ਜਦੋਂ ਕਸ਼ਮੀਰ ਵਿਚੋਂ ਹੋਰਨਾਂ ਸੂਬਿਆਂ ਵਿਚ ਪੜ੍ਹਨ ਆਏ ਕਸ਼ਮੀਰੀ ਵਿਦਿਆਰਥੀ ਕੁਝ ਭਾਜਪਾ ਆਗੂਆਂ ਦੀਆਂ ਭੜਕਾਊ ਟਿੱਪਣੀਆਂ ਕਾਰਨ ਸਹਿਮੇ ਹੋਏ ਹਨ। ਜੰਮੂ ਕਸ਼ਮੀਰ ਵਿਚ ਸਖਤ ਪਾਬੰਦੀਆਂ ਕਾਰਨ ਉਨ੍ਹਾਂ ਦਾ ਆਪਣੇ ਮਾਪਿਆਂ ਨਾਲ ਸੰਪਰਕ ਨਹੀਂ ਹੋ ਰਿਹਾ। ਸਿੱਖ ਨੇ ਪੂਰੇ ਦੇਸ਼ ਵਿਚ ਮੁਹਿੰਮ ਚਲਾਈ ਹੈ ਕਿ ਜਿਥੇ ਵੀ ਕਿਸੇ ਕਸ਼ਮੀਰੀ ਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਉਹ ਸੰਪਰਕ ਕਰੇ। ਉਸ ਨੂੰ ਹਰ ਸੰਭਵ ਮਦਦ ਦਿੱਤੀ ਜਾਵੇਗੀ। ਦੱਸ ਦਈਏ ਕਿ ਜੰਮੂ ਕਸ਼ਮੀਰ ਵਿਚ ਧਾਰਾ 370 ਖਤਮ ਕਰਨ ਤੋਂ ਬਾਅਦ ਕਸ਼ਮੀਰ ਦਾ ਦੇਸ਼ ਦੇ ਹੋਰ ਸੂਬਿਆਂ ਨਾਲੋਂ ਸੰਪਰਕ ਟੁੱਟਿਆ ਹੋਇਆ ਹੈ। ਇਸ ਸੂਬੇ ਵਿਚ ਕੀ ਹਾਲਾਤ ਹੈ, ਇਸ ਬਾਰੇ ਕੋਈ ਹਵਾ ਨਹੀਂ ਨਿਕਲਣ ਦਿੱਤੀ ਜਾ ਰਹੀ। ਉਤੋਂ ਭਾਜਪਾ ਆਗੂਆਂ ਵੱਲੋਂ ਕਸ਼ਮੀਰੀ ਔਰਤਾਂ ਬਾਰੇ ਭੱਦੀਆਂ ਟਿੱਪਣੀਆਂ ਕੀਤੀ ਜਾ ਰਹੀਆਂ ਹਨ। ਕੁਝ ਭਾਜਪਾ ਆਗੂਆਂ ਨੇ ਤਾਂ ਬੜੀ ਬੇਸ਼ਰਮੀ ਵਾਲੇ ਬਿਆਨ ਦਿੱਤੇ ਹਨ ਕਿ ‘ਧਾਰਾ 370 ਖਤਮ ਹੋਣ ਤੋਂ ਬਾਅਦ ਉਹ ਕਸ਼ਮੀਰ ਦੀਆਂ ਗੋਰੀਆਂ ਕੁੜੀਆਂ ਨੂੰ ਇਧਰ ਲਿਆਉਣਗੇ।’ ਇਨ੍ਹਾਂ ਆਗੂਆਂ ਵਿਚ ਹਰਿਆਣੇ ਦਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੀ ਸ਼ਾਮਲ ਹੈ ਜੋ ਸ਼ਰੇਆਮ ਬਿਆਨ ਦੇ ਰਿਹਾ ਹੈ ਕਿ ਹੁਣ ਸਾਡੇ ਮੁੰਡੇ ਕਸ਼ਮੀਰੀ ਕੁੜੀਆਂ ਵਿਆਹ ਕੇ ਲਿਆਉਣਗੇ।
ਸਭ ਤੋਂ ਮਾੜੀ ਗੱਲ ਇਹ ਹੈ ਕਿ ਭਾਜਪਾ ਆਗੂਆਂ ਦੀ ਇਸ ਅਤਿ ਦਰਜੇ ਦੇ ਘਟੀਆ ਸੋਚ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੂੰਹੋਂ ਇਕ ਸ਼ਬਦ ਵੀ ਨਹੀਂ ਨਿਕਲਿਆ ਜਿਸ ਕਾਰਨ ਅਜਿਹੇ ਆਗੂਆਂ ਨੂੰ ਹੋਰ ਹੱਲਾਸ਼ੇਰੀ ਮਿਲ ਰਹੀ ਹੈ। ਹੁਣ ਜਦੋਂ ਇਹ ਬੱਚੇ ਸਹਿਮੇ ਹੋਏ ਸਨ ਤਾਂ ਸਿੱਖਾਂ ਨੇ ਜਿਥੇ ਉਨ੍ਹਾਂ ਨੂੰ ਹੌਸਲਾ ਦਿੱਤਾ, ਉਥੇ ਸਖਤ ਪਾਬੰਦੀਆਂ ਦੇ ਬਾਵਜੂਦ ਕਸ਼ਮੀਰੀਆਂ ਨੂੰ ਘਰਾਂ ਤੱਕ ਪਹੁੰਚਾਉਣ ਲਈ ਮੁਹਿੰਮ ਛੇੜ ਦਿੱਤੀ। ਸਿੱਖ ਆਗੂਆਂ ਦਾ ਕਹਿਣਾ ਹੈ ਕਿ ਬੱਚਿਆਂ ਨੂੰ ਕਸ਼ਮੀਰ ਤੱਕ ਪੁੱਜਦਾ ਕਰਨ ਵਿਚ ਵੱਡੀਆਂ ਦਿੱਕਤਾਂ ਆ ਰਹੀਆਂ ਹਨ, ਕੋਈ ਟੈਕਸੀ ਵਾਲਾ ਇਸ ਸੂਬੇ ਵੱਲ ਜਾਣ ਲਈ ਮੂੰਹ ਨਹੀਂ ਕਰ ਰਿਹਾ ਪਰ ਉਹ ਹਰ ਹੀਲੇ ਬੱਚਿਆਂ ਨੂੰ ਮਾਪਿਆਂ ਤੱਕ ਪੁੱਜਦਾ ਕਰ ਰਹੇ ਹਨ। ਦੱਸ ਦਈਏ ਕਿ ਇਸ ਤੋਂ ਪਹਿਲਾਂ ਪੁਲਵਾਮਾ ਹਮਲੇ ਸਮੇਂ ਵੀ ਅਜਿਹੇ ਹਾਲਾਤ ਬਣੇ ਸਨ। ਹਮਲੇ ਤੋਂ ਬਾਅਦ ਭਾਰਤ ਦੇ ਵੱਖ-ਵੱਖ ਸੂਬਿਆਂ ਵਿਚ ਪੜ੍ਹਨ ਜਾਂ ਕੰਮ-ਧੰਦੇ ਲਈ ਆਏ ਕਸ਼ਮੀਰੀਆਂ ਦੀ ਸ਼ਰੇਆਮ ਕੁੱਟਮਾਰ ਕੀਤੀ ਗਈ ਸੀ। ਇਸ ਮੌਕੇ ਪੰਜਾਬੀਆਂ ਨੇ ਖੁੱਲ੍ਹ ਕੇ ਇਨ੍ਹਾਂ ਦੀ ਮਦਦ ਕੀਤੀ। ਇਥੋਂ ਤੱਕ ਕੇ ਆਮ ਲੋਕਾਂ ਨੇ ਕਸ਼ਮੀਰੀਆਂ ਲਈ ਆਪਣੇ ਘਰਾਂ ਦੇ ਬੂਹੇ ਖੋਲ੍ਹ ਦਿੱਤੇ। ਗੁਰੂ ਘਰਾਂ ਵਿਚ ਵੱਡੀ ਗਿਣਤੀ ਕਸ਼ਮੀਰੀਆਂ ਨੇ ਸ਼ਰਨ ਲਈ। ਪੰਜਾਬ ਸਰਕਾਰ ਨੇ ਹਵਾਈ ਜਹਾਜ਼ ਰਾਹੀਂ ਕਸ਼ਮੀਰੀਆਂ ਨੂੰ ਉਨ੍ਹਾਂ ਦੇ ਘਰ ਪਹੁੰਚਾਇਆ ਸੀ। ਉਦੋਂ ਕੌਮਾਂਤਰੀ ਪੱਧਰ ਉਤੇ ਸਿੱਖ ਭਾਈਚਾਰੇ ਦੀਆਂ ਇਸ ਕੰਮ ਲਈ ਸਿਫਤਾਂ ਹੋਈਆਂ ਸਨ। ਇਸ ਵਾਰ ਵੀ ਭਾਈਚਾਰਾ ਬਿਪਤਾ ਮਾਰਿਆਂ ਦੀ ਮਦਦ ਲਈ ਅੱਗੇ ਆਇਆ ਹੈ।
ਔਰਤਾਂ ਦੀ ਰਾਖੀ ਲਈ ਸਿੱਖਾਂ ਨੂੰ ਅੱਗੇ ਆਉਣ ਦਾ ਸੱਦਾ: ਸਰਬੱਤ ਖਾਲਸਾ ਵਲੋਂ ਥਾਪੇ ਜਥੇਦਾਰ ਜਗਤਾਰ ਸਿੰਘ ਹਵਾਰਾ ਨੇ ਕਸ਼ਮੀਰੀ ਔਰਤਾਂ ਬਾਰੇ ਵਰਤੀ ਜਾ ਰਹੀ ਸ਼ਬਦਾਵਲੀ ਦਾ ਵਿਰੋਧ ਕੀਤਾ ਹੈ। ਆਪਣੇ ਵਕੀਲ ਰਾਹੀਂ ਭੇਜੇ ਇਸ ਸੰਦੇਸ਼ ਵਿਚ ਕਿਹਾ ਕਿ ਕਸ਼ਮੀਰੀ ਔਰਤਾਂ ਖਿਲਾਫ ਅਨੈਤਿਕ ਸ਼ਬਦਾਵਲੀ ਦੀ ਵਰਤੋਂ ਨਿੰਦਣਯੋਗ ਹੈ। ਉਨ੍ਹਾਂ ਕਸ਼ਮੀਰੀ ਔਰਤਾਂ ਨੂੰ ਭਰੋਸਾ ਦਿੱਤਾ ਕਿ ਸਿੱਖ ਕੌਮ ਉਨ੍ਹਾਂ ਨਾਲ ਖੜ੍ਹੀ ਹੈ ਅਤੇ ਹਰ ਤਰ੍ਹਾਂ ਦੀ ਸੁਰੱਖਿਆ ਮੁਹੱਈਆ ਕਰੇਗੀ। ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਗੰਭੀਰ ਨੋਟਿਸ ਲੈਂਦਿਆਂ ਕਿਹਾ ਕਿ ਮਹਿਲਾਵਾਂ ਦਾ ਅਪਮਾਨ ਕਰਨ ਵਾਲਿਆਂ ਖਿਲਾਫ ਸਖਤੀ ਵਰਤੇ ਜਾਣ ਦੀ ਲੋੜ ਹੈ।