ਬਾਬੇ ਨਾਨਕ ਨਾਲ ਕਿਵੇਂ ਚੱਲੀਏ?

ਡਾ. ਬਲਕਾਰ ਸਿੰਘ ਪਟਿਆਲਾ
ਗੁਰੂ ਨਾਨਕ ਦੇਵ ਜੀ ਨਾਲ ਚੱਲਣਾ ਜਿੰਨਾ ਕੁ ਮੁਸ਼ਕਿਲ ਉਨ੍ਹਾਂ ਦੇ ਸਮੇਂ ਵਿਚ ਸੀ, ਓਨਾ ਹੀ ਮੁਸ਼ਕਿਲ ਅੱਜ ਵੀ ਹੈ। ਇਸ ਸਮੱਸਿਆ ਦੀ ਜੜ੍ਹ ਇਹ ਹੈ ਕਿ ਗੁਰੂ ਜੀ ਦੀ ਮੰਨਣੀ ਹੈ ਕਿ ਗੁਰੂ ਜੀ ਨੂੰ ਮੰਨਣਾ ਹੈ। ‘ਦੀ’ ਮੰਨਾਂਗੇ ਤਾਂ ਬਾਬਾ ਜੀ ਦੇ ਇਤਿਹਾਸ ਦੀ ਵਿਧੀ ਵਿਚ ਮੰਨ ਰਹੇ ਹੋਵਾਂਗੇ ਅਤੇ ‘ਨੂੰ’ ਮੰਨਾਂਗੇ ਤਾਂ ਬਾਣੀ ਦੀ ਰੌਸ਼ਨੀ ਵਿਚ ਮੰਨ ਰਹੇ ਹੋਵਾਂਗੇ। ਇਤਿਹਾਸ ਦੀ ਵਿਧੀ ਨੂੰ ਵਰਤਣ ਵਾਸਤੇ ਸੁਣ ਲੈਣ ਨਾਲ ਕੰਮ ਚੱਲ ਜਾਂਦਾ ਹੈ ਅਤੇ ਬਾਣੀ ਦੀ ਵਿਧੀ ਵਰਤਾਂਗੇ ਤਾਂ ਪਹਿਲਾਂ ਸਮਝਣਾ ਪਵੇਗਾ, ਫਿਰ ਓਸੇ ਨੂੰ ਅਹਿਸਾਸ ਵਿਚ ਉਤਾਰਨਾ ਪਵੇਗਾ ਅਤੇ ਫਿਰ ਅਨੁਭਵੀ ਸ਼ੈਲੀ ਵਿਚ ਪ੍ਰਗਟਾਉਣ ਦੀ ਸਮਰਥਾ ਪੈਦਾ ਕਰਨੀ ਪਵੇਗੀ।

ਜਿੰਨੀ ਪਹਿਲੀ ਇਤਿਹਾਸ ਵਾਲੀ ਵਿਧੀ ਸੌਖੀ ਹੈ, ਓਨੀ ਹੀ ਬਾਣੀ ਵਾਲੀ ਵਿਧੀ ਔਖੀ ਹੈ। ਸੌਖ ਨਾਲ ਤੁਰਨ ਦੀ ਇਨਸਾਨੀ ਫਿਤਰਤ ਕਰਕੇ ਸਿੱਖਾਂ ਨੇ ਬਾਬਾ ਜੀ ਦੀ ਸਿੱਖਿਆ ਨਾਲ ਤੁਰਨ ਦੀ ਥਾਂ ਬਾਬਾ ਜੀ ਦੇ ਇਤਿਹਾਸ ਨਾਲ ਤੁਰਨਾ ਸ਼ੁਰੂ ਕਰ ਦਿੱਤਾ ਹੋਇਆ ਹੈ। ਢਾਡੀਆਂ, ਰਾਗੀਆਂ, ਪ੍ਰਚਾਰਕਾਂ ਅਤੇ ਨੇਤਾਵਾਂ ਨੇ ਸੱਚੇ ਸੌਦੇ ਵਾਲੀ ਸਾਖੀ ਨੂੰ ਲੰਗਰ ਤੋਂ ਅੱਗੇ ਨਹੀਂ ਤੁਰਨ ਦਿੱਤਾ। ਇਸ ਨਾਲ ਇਸ ਘਟਨਾ ਦੀਆਂ ਸਭਿਆਚਾਰਕ, ਧਾਰਮਿਕ ਅਤੇ ਅਧਿਆਤਮਕ ਪਰਤਾਂ ਸਾਹਮਣੇ ਆਉਣੋਂ ਰਹਿ ਹੀ ਗਈਆਂ ਹਨ। ਇਨ੍ਹਾਂ ਕਾਰਨਾਂ ਕਰਕੇ ਅੱਜ 550ਵੇਂ ਪ੍ਰਕਾਸ਼ ਪੁਰਬ ‘ਤੇ ਵੀ ਬਾਬਾ ਜੀ ਨੂੰ 1469-1539 ਤੋਂ ਅੱਗੇ ਤੁਰਨ ਹੀ ਨਹੀਂ ਦਿੱਤਾ ਜਾ ਰਿਹਾ। ਇਸ ਵਿਚੋਂ ਆਸਥਾ ਤਾਂ ਨਿਕਲਦੀ ਰਹੀ ਹੈ, ਪਰ ਨੈਤਿਕਤਾ ਨਹੀਂ ਨਿਕਲ ਸਕੀ। ਅਜਿਹਾ ਨਾ ਕਰ ਸਕਣ ਕਰਕੇ “ਜਗਤ ਗੁਰ ਬਾਬਾ” ਦੀਆਂ ਸੰਭਾਵਨਾਵਾਂ ਸਿੱਖ ਗੁਰੂ ਤੱਕ ਸੁੰਗੜ ਗਈਆਂ ਹਨ।
ਸਿੱਖ ਗੁਰੂ ਵਾਲੇ ਬਿੰਬ ਨੂੰ ਲੈ ਕੇ ਵੱਖ ਵੱਖ ਡੇਰੇਦਾਰੀਆਂ ਪੈਦਾ ਹੋ ਗਈਆਂ ਹਨ। ਗੁਰੂ ਬਿੰਬ ਨੂੰ ਲੋੜਾਂ ਮੁਤਾਬਿਕ ਵਰਤਣ ਨੂੰ ਡੇਰੇਦਾਰੀ ਕਹਿ ਰਿਹਾ ਹਾਂ। ਇਸ ਵਿਚ ਸੰਤਾਂ ਤੋਂ ਲੈ ਕੇ ਸਿਆਸਤਦਾਨਾਂ ਤੱਕ ਦੀਆਂ ਸਿੱਖ ਕੋਟੀਆਂ ਪੈਦਾ ਹੋ ਗਈਆਂ ਹਨ। ਇਹ ਨਹੀਂ ਭੁੱਲਣਾ ਚਾਹੀਦਾ ਕਿ ਮੰਡੀਕਰਣ ਦੀ ਭਾਵਨਾ ਵਿਚ ਜਿਹੋ ਜਿਹੇ ਸਿੱਖ ਪੈਦਾ ਹੋ ਗਏ ਹਨ, ਉਨ੍ਹਾਂ ਨੂੰ ਧਰਮਨੁਮਾ-ਸਿਆਸਤਦਾਨ ਅਤੇ ਸਿਆਸਤਨੁਮਾ-ਧਰਮੀਆਂ ਵਜੋਂ ਸਮਝਿਆ ਤੇ ਸਮਝਾਇਆ ਜਾ ਸਕਦਾ ਹੈ। ਇਨ੍ਹਾਂ ਦੋਹਾਂ ਕੋਟੀਆਂ ਨੂੰ ਕਿਸੇ ਕਿਸਮ ਦੇ ਸੋਚੇ ਸਮਝੇ ਏਜੰਡੇ ਦੀ ਲੋੜ ਨਹੀਂ ਹੁੰਦੀ, ਕਿਉਂਕਿ ਇਨ੍ਹਾਂ ਦੋਹਾਂ ਕੋਟੀਆਂ ਦੇ ਆਗੂ ਉਹੋ ਜਿਹੀਆਂ ਵਿਧੀਆਂ ਨੂੰ ਏਜੰਡਾ ਸਮਝ ਲੈਂਦੇ ਹਨ, ਜਿਨ੍ਹਾਂ ਰਾਹੀਂ ਆਮ ਬੰਦੇ ਨੂੰ ਮਗਰ ਲਾਇਆ ਜਾ ਸਕਦਾ ਹੈ। ਇਹੋ ਜਿਹੇ ਲਾਲਚਾਂ ਅਧੀਨ ਆਪਣੀ ਆਪਣੀ ਅਗਵਾਈ ਵਿਚ ਗੁਰੂ ਦੇ ਨਾਂ ‘ਤੇ ਯਾਤਰਾਵਾਂ ਨਿਕਲ ਰਹੀਆਂ ਹਨ ਅਤੇ ਲੋੜਾਂ ਮੁਤਾਬਿਕ ਪ੍ਰੋਗਰਾਮ ਬਣ ਰਹੇ ਹਨ।
ਕੌਣ ਕਿਸ ਨੂੰ ਪੁੱਛੇ ਕਿ ਇਸ ਵਿਚ ਆਮ ਬੰਦੇ ਦੇ ਬਾਬੇ ਦੀ ਥਾਂ ਖਾਸ ਬੰਦਿਆਂ ਦਾ ਬਾਬਾ ਹੀ ਕਿਉਂ ਸਾਹਮਣੇ ਆਈ ਜਾ ਰਿਹਾ ਹੈ। ਕਿਸ ਨੂੰ ਨਹੀਂ ਪਤਾ ਕਿ ਆਮ ਬੰਦੇ ਦੇ ਬਾਬੇ ਦਾ ਰਾਹ ਸਿਆਸਤ ਅਤੇ ਨੌਕਰਸ਼ਾਹੀ ਦੇ ਅਪਵਿਤਰ ਗਠਜੋੜ ਨੇ ਰੋਕ ਰੱਖਿਆ ਹੈ। ਜਿਥੇ ਤਾਕਤ ਹੋਵੇਗੀ, ਉਥੇ ਨੌਕਰਸ਼ਾਹੀ ਆਪਣੇ ਆਪ ਪੈਦਾ ਹੋ ਜਾਵੇਗੀ। ਇਸ ਤੋਂ ਸਰਕਾਰਾਂ ਨੇ ਤਾਂ ਕੀ ਬਚਣਾ ਹੈ, ਸਿਆਸੀ ਪਾਰਟੀਆਂ ਅਤੇ ਧਾਰਮਿਕ ਸੰਸਥਾਵਾਂ ਵੀ ਬਚੀਆਂ ਹੋਈਆਂ ਨਹੀਂ ਹਨ। ਚੇਤਨਾ ਇਨ੍ਹਾਂ ਸਾਰਿਆਂ ਵਿਚ ਟਿਮਟਮਾ ਤਾਂ ਸਕਦੀ ਹੈ, ਪਰ ਕੋਈ ਜਲਵਾ ਨਹੀਂ ਦਿਖਾ ਸਕਦੀ। ਕਿਸ ਨੂੰ ਕੌਣ ਦੱਸੇ ਕਿ ਨਾਨਕ-ਚਿੰਤਨ ਵਿਚ ਨਿਹਿਤ ਸੰਭਾਵਨਾਵਾਂ ਨੂੰ ਅਧਿਆਤਮਕਤਾ ਦੀ ਸਿਧਾਂਤਕੀ ਰਾਹੀਂ ਹੀ ਕਲਿਆਣਕਾਰੀ ਮਾਡਲ ਵਜੋਂ ਸਾਹਮਣੇ ਲਿਆਂਦਾ ਜਾ ਸਕਦਾ ਹੈ। ਇਸ ਦੀ ਗੈਰਹਾਜ਼ਰੀ ਵਿਚ ਰੰਗੇ ਹੋਏ ਮਨਾਂ ਵਾਲੇ ਨਾਨਕ ਨਾਮਲੇਵਿਆਂ ਦੀ ਥਾਂ ਅਣਰੰਗੇ ਮਨਾਂ ਵਾਲੀ ਭੀੜ ਹੀ ਪੈਦਾ ਹੋ ਸਕੇਗੀ। ਇਹ ਤਾਂ ਹੀ ਵਾਪਰਦਾ ਹੈ, ਜਦੋਂ ਬੀਜੇ ਹੋਏ ਬੀਜ ਨੂੰ ਮੌਲਣ ਵਾਲਾ ਮਾਹੌਲ ਨਹੀਂ ਮਿਲਦਾ। ਸਿੱਖ ਹੋਏ ਬਿਨਾ ਸਿੱਖ ਹੋ ਸਕਣ ਦੀ ਮਿਲੀ ਹੋਈ ਸਹੂਲਤ ਨੂੰ ਨਹੀਂ ਛੱਡਾਂਗੇ ਤਾਂ ਬਾਬੇ ਨਾਨਕ ਦੀ ਸਿੱਖਿਆ ਨਾਲ ਨਹੀਂ ਨਿਭ ਸਕਾਂਗੇ।
ਸੋਚਾਂਗੇ ਤਾਂ ਸਮਝ ਆ ਜਾਏਗਾ ਕਿ ਗੁਰੂ ਨਾਨਕ ਦੇਵ ਜੀ ਜੋਤਿ ਰੂਪ ਵਿਚ ਬਰਾਸਤਾ ਦਸ ਪਾਤਸ਼ਾਹੀਆਂ ਗੁਰੂ ਗ੍ਰੰਥ ਸਾਹਿਬ ਵਿਚ ਸਮਾਏ ਹੋਏ ਹਨ। ਬਾਣੀ ਦੀ ਅਗਵਾਈ ਵਿਚ ਆਮ ਸਿੱਖਾਂ ਨੇ ਜਿਹੋ ਜਿਹੀਆਂ ਮੱਲਾਂ ਮਾਰੀਆਂ ਹਨ, ਸਿੱਖ ਸੰਸਥਾਵਾਂ ਸ਼ਾਇਦ ਇਸ ਕਰਕੇ ਇਹੋ ਜਿਹੇ ਮੁਰਾਤਬੇ ਨੂੰ ਨਹੀਂ ਪਹੁੰਚ ਸਕੀਆਂ, ਕਿਉਂਕਿ ਇਹ ਸਿੱਖ ਅਤੇ ਸਿੰਘ ਦੇ ਤਣਾਓ ਤੋਂ ਬਚ ਨਹੀਂ ਸਕੀਆਂ। ਇਹੋ ਜਿਹੀ ਸਥਿਤੀ ਵਿਚ ਪ੍ਰੋ. ਪੂਰਨ ਸਿੰਘ ਦੀ ਇਹ ਟਿੱਪਣੀ ਧਿਆਨ ਵਿਚ ਰੱਖ ਲਈਏ ਤਾਂ ਤਣਾਓ ਮੁਕਤੀ ਦਾ ਚਾਅ ਪੈਦਾ ਕਰਨ ਦੀ ਸ਼ੁਰੂਆਤ ਸ਼ਤਾਬਦੀਆਂ ਜਿਹੇ ਮਿਲੇ ਹੋਏ ਮੌਕਿਆਂ ਰਾਹੀਂ ਕੀਤੀ ਜਾ ਸਕਦੀ ਹੈ। ਇਸ ਨਾਲ ਬਾਣੀ ਦੇ ਆਕਾਸ਼ ਵਿਚ ਆਪਣੇ ਪਰਾਂ ਨਾਲ ਉਡਣ ਵੱਲ ਸੇਧਤ ਹੋਇਆ ਜਾ ਸਕਦਾ ਹੈ:
ਗੁਰੂ ਦਾ ਮਾਰਗ
ਪੰਛੀਆਂ ਦੇ ਮਾਰਗ ਸਮਾਨ ਹੈ।
ਹਰ ਕਿਸੇ ਨੂੰ
ਮਾਰਗ ਰਹਿਤ ਆਕਾਸ਼ ਵਿਚ
ਆਪਣੇ ਖੰਭਾਂ ਅਨੁਸਾਰ
ਆਪ ਉਡਾਰੀ ਮਾਰਨੀ ਪੈਂਦੀ ਹੈ।
ਇਹ ਹਵਾਲਾ ਇਸ ਕਰਕੇ ਦੇ ਰਿਹਾ ਹਾਂ ਤਾਂ ਕਿ ਇਹ ਦੱਸਿਆ ਜਾ ਸਕੇ ਕਿ ਸੰਭਾਵਨਾਵਾਂ ਦੀ ਜੇ ਸੁਯੋਗ ਵਰਤੋਂ ਨਾ ਕੀਤੀ ਜਾਵੇ ਤਾਂ ਉਹੋ ਜਿਹੀ ਖੜੋਤ ਪੈਦਾ ਹੋ ਜਾਂਦੀ ਹੈ, ਜਿਹੋ ਜਿਹੀ ਖੜੋਤ ਦਾ ਸਾਹਮਣਾ ਨਾਨਕ ਨਾਮਲੇਵਿਆਂ ਨੂੰ ਇਸ ਵੇਲੇ ਕਰਨਾ ਪੈ ਰਿਹਾ ਹੈ। ਇਸ ਬਾਰੇ ਚੇਤੰਨ ਸਿੱਖ ਵਜੋਂ ਪ੍ਰੋ. ਪੂਰਨ ਸਿੰਘ ਦੀ ਇਹ ਟਿੱਪਣੀ ਸਾਂਝੀ ਕਰਨਾ ਚਾਹੁੰਦਾ ਹਾਂ, “ਅਧਿਆਤਮਕਤਾ ਦਾ ਸਿੱਖ ਵਿਚਾਰ-ਸੰਕਲਪ ਜਿਵੇਂ ਕਿ ਗੁਰੂ ਸਾਹਿਬਾਨ ਨੇ ਇਸ ਦੇ ਧਰਤੀ ਦੇ ਪੱਖ ਦੁਆਰਾ ਕਲਪਿਤ ਕੀਤਾ ਹੈ, ਜੀਵਨ ਦੇ ਗਤੀਸ਼ੀਲ ਪੱਖ ਨਾਲ ਵਧੇਰੇ ਮੇਲ ਖਾਂਦਾ ਹੈ। ਇਸ ਦਾ ਸਰੂਪ ਅਸੀਂ ਮਨੁਖ ਦੀ ਪ੍ਰਗਤੀਸ਼ੀਲ ਯਾਤਰਾ ਜਾਂ ਵਿਕਾਸ ਵਿਚ ਵੇਖ ਸਕਦੇ ਹਾਂ। ਇਹ ਬੜੀ ਵਿਸ਼ੇਸ਼ ਗੱਲ ਸੀ ਕਿ ਗੁਰੂਆਂ ਤੇ ਸਿੱਖਾਂ-ਦੋਹਾਂ ਨੇ ਹੀ ਪ੍ਰਭੂ ਦੇ ਸੱਚ ਵਲ ਵਧ ਰਹੀ ਮਨੁੱਖਤਾ ਦੀ ਇਸ ਸ਼ੋਭਾ ਯਾਤਰਾ ਨੂੰ ਪ੍ਰੇਮ ਨਾਲ ਨਿਵਾਜਿਆ ਤੇ ਇਸ ਦਾ ਗੁਣ ਗਾਇਨ ਕੀਤਾ। ਗੁਰੂ ਸਾਹਿਬ ਤਾਂ ਉਨਤੀ ਦੇ ਚਾਹਵਾਨ ਸਨ। ਉਹ ਇਤਿਹਾਸ ਵਿਚ ਲੋਕਾਂ ਦੇ ਅੱਗੇ ਵਧਣ ਨੂੰ ਦਿਲੋਂ ਪ੍ਰੇਮ ਕਰਦੇ ਸਨ। ਸਿੱਖ ਮਤ ਅਨੁਸਾਰ ਤਾਂ ਖੜੋਤ ਜਾਤੀਆਂ ਦੀ ਨਿਜੀ ਸੜਿਆਂਦ ਦਾ ਹੀ ਜ਼ਹਿਰ ਹੁੰਦਾ ਹੈ।”
ਇਸ ਟੂਕ ਦੀ ਚੂਲ ‘ਦੋਹਾਂ ਤੇ ਗਿਆਨੀ ਸਿਆਣਾ’ ਨੂੰ ਪ੍ਰਵਾਨ ਕਰ ਲਈਏ ਤਾਂ ਇਸ ਨਤੀਜੇ ‘ਤੇ ਪਹੁੰਚਿਆ ਜਾ ਸਕਦਾ ਹੈ ਕਿ ਜਿਵੇਂ ਬਾਣੀ ਵਿਚ ‘ਹਿੰਦੂ ਅੰਨਾ ਤੁਰਕੂ ਕਾਣਾ’ ਦਾ ਹਵਾਲਾ ਆਉਂਦਾ ਹੈ, ਉਸੇ ਰੋਹੜ ਵਿਚ ਇਸ ਵੇਲੇ ਗੁਰੂ ਦੇ ਸਿੱਖ ਕਹਾਉਣ ਵਾਲੇ ਰੁੜ੍ਹੀ ਜਾ ਰਹੇ ਹਨ। ਇਹ ਭਾਣਾ ਕਿਸੇ ਵੀ ਧਰਮ ਨੂੰ ਮੰਨਣ ਵਾਲੇ ਨਾਲ ਵਾਪਰ ਸਕਦਾ ਹੈ, ਕਿਉਂਕਿ ਧਰਮ ਨੂੰ ਜਨਮ ਤੋਂ ਮੰਨ ਲੈਣ ਦਾ ਨਤੀਜਾ ਇਹੋ ਜਿਹਾ ਹੀ ਨਿਕਲਣਾ ਹੁੰਦਾ ਹੈ। ਜਦੋਂ ਦੇ ਸਿੱਖ ਜੰਮਣ ਲੱਗ ਪਏ ਹਨ, ਉਦੋਂ ਤੋਂ ਸਿੱਖ ਹੋਣ ਦੀ ਲੋੜ ਘਟਦੀ ਤੁਰੀ ਗਈ ਹੈ। ਇਸ ਹਾਲਤ ਵਿਚ ਇਹੀ ਚੇਤਾ ਕਰਵਾਇਆ ਜਾ ਸਕਦਾ ਹੈ ਕਿ ਸਿੱਖ ਹੋਣ ਵਾਸਤੇ ਬਾਣੀ ਦਾ ਇਹ ਸੱਚ ਧਿਆਨ ਵਿਚ ਰੱਖਣਾ ਪਵੇਗਾ,
ਸਿਖੀ ਸਿਖਿਆ ਗੁਰ ਵੀਚਾਰਿ॥
ਨਦਰੀ ਕਰਮਿ ਲੰਘਾਏ ਪਾਰਿ॥ (ਪੰਨਾ 465)