ਗੁੰਦਿਆ ਪਰਾਂਦਾ ਰੀਝਾਂ ਨਾਲ ਵੇ…

ਡਾ. ਪ੍ਰਿਤਪਾਲ ਸਿੰਘ ਮਹਿਰੋਕ
ਫੋਨ: 91-98885-10185
ਬਣ ਠਣ ਕੇ ਰਹਿਣ, ਸੱਜ ਸੰਵਰ ਕੇ ਵਿਚਰਨ ਤੇ ਹਾਰ ਸ਼ਿੰਗਾਰ ਕਰਨ ਨੂੰ ਪੰਜਾਬਣ ਦੀ ਦਿਲੀ ਰੀਝ ਕਹਿ ਲਿਆ ਜਾਂਦਾ ਹੈ। ਹਾਰ ਸ਼ਿੰਗਾਰ ਕਰਨਾ ਉਹ ਉਦੋਂ ਤੋਂ ਸਿੱਖ ਜਾਂਦੀ ਹੈ, ਜਦੋਂ ਬਚਪਨ ਵਿਚ ਉਹ ਘਰ ਵਿਚ ਕੁੜੀਆਂ/ਔਰਤਾਂ ਨੂੰ ਹਾਰ ਸ਼ਿੰਗਾਰ ਕਰਦਿਆਂ ਵੇਖਦੀ ਹੈ ਜਾਂ ਗੁੱਡੇ-ਗੁੱਡੀ ਦੇ ਵਿਆਹ ਦੀ ਖੇਡ ਖੇਡਦਿਆਂ ਉਹ ਖਿਡਾਉਣਿਆਂ ਦਾ ਹਾਰ ਸ਼ਿੰਗਾਰ ਕਰ ਰਹੀ ਹੁੰਦੀ ਹੈ। ਉਹ ਆਪਣੇ ਵਾਲਾਂ ਦਾ ਸ਼ਿੰਗਾਰ ਕਰਨਾ ਵੀ ਬਚਪਨ ਵਿਚ ਹੀ ਸਿੱਖ ਜਾਂਦੀ ਹੈ। ਸੰਘਣੇ, ਮੁਲਾਇਮ ਤੇ ਲੰਮੇ ਵਾਲ ਉਸ ਦੀ ਸੁੰਦਰਤਾ ਵਿਚ ਵਾਧਾ ਕਰਦੇ ਹਨ। ਵਾਲਾਂ ਦੀ ਸਾਂਭ ਸੰਭਾਲ, ਵਾਲ ਵਾਹ ਕੇ ਗੁੱਤ ਕਰਨ ਤੇ ਗੁੱਤ ਵਿਚ ਕਾਲਾ ਜਾਂ ਰੰਗਦਾਰ ਪਰਾਂਦਾ ਸਜਾਉਣ ਦਾ ਉਸ ਦਾ ਸ਼ੌਕ ਬਹੁਤ ਪੁਰਾਣਾ ਹੈ। ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ, “ਪਰਾਂਦਾ ਪਰਿਬੰਧਨ ਜਾਂ ਇਸਤ੍ਰੀਆਂ ਦੇ ਕੇਸ ਬੰਨ੍ਹਣ ਦਾ ਡੋਰਾ” ਹੁੰਦਾ ਹੈ (ਗੁਰ ਸ਼ਬਦ ਰਤਨਾਕਰ ਮਹਾਨਕੋਸ਼, ਪੰਨਾ 2640)।

ਪਰਾਂਦਾ ਵੱਖ ਵੱਖ ਰੰਗਾਂ ਦੇ ਰੇਸ਼ਮੀ ਜਾਂ ਸੂਤੀ ਧਾਗੇ ਨਾਲ ਬੁਣਿਆ ਜਾਂਦਾ ਹੈ। ਪਰਾਂਦੇ ਨੂੰ ਵਾਲਾਂ ਨੂੰ ਸ਼ਿੰਗਾਰਨ ਵਾਲੀ, ਖੂਬਸੂਰਤ ਜੜਤ ਵਾਲੀ ਡੋਰੀ ਵੀ ਕਹਿ ਲਿਆ ਜਾਂਦਾ ਹੈ। ਲਾਲ ਤੇ ਗੁਲਾਬੀ ਰੰਗ ਦਾ ਪਰਾਂਦਾ ਮੁਟਿਆਰਾਂ ਦਾ ਮਨਭਾਉਂਦਾ ਪਰਾਂਦਾ ਸਮਝਿਆ ਜਾਂਦਾ ਹੈ। ਪਰਾਂਦੇ ਦੀ ਸੁੰਦਰਤਾ ਵਿਚ ਵਾਧਾ ਕਰਨ ਲਈ ਉਸ ਨੂੰ ਛੋਟੇ ਛੋਟੇ ਸ਼ੀਸ਼ਿਆਂ, ਮੋਤੀਆਂ, ਮਣਕਿਆਂ, ਬਾਰੀਕ ਘੁੰਗਰੂਆਂ, ਝਾਲਰਾਂ, ਮੋਤੀਆਂ ਦੀਆਂ ਲੜੀਆਂ, ਚਮਕੀਲੇ ਸਿਤਾਰਿਆਂ ਆਦਿ ਨਾਲ ਬੁਣਿਆ/ਸ਼ਿੰਗਾਰਿਆ ਜਾਂਦਾ ਹੈ। ਹਰ ਸਮੇਂ ਦੇ ਨਵੇਂ ਨਵੇਲੇ ਫੈਸ਼ਨ ਦੇ ਚਲਨ ਅਨੁਸਾਰ ਕਾਲੇ, ਗੁਲਾਬੀ ਤੇ ਲਾਲ ਰੰਗ ਦੇ ਪਰਾਂਦੇ ਦਾ ਵਿਸ਼ੇਸ਼ ਮਹੱਤਵ ਬਣਿਆ ਆ ਰਿਹਾ ਹੈ। ਪੰਜਾਬ ਵਿਚ ਪਟਿਆਲਾ, ਜਲੰਧਰ, ਅੰਮ੍ਰਿਤਸਰ, ਲੁਧਿਆਣਾ ਤੇ ਕਈ ਹੋਰ ਸ਼ਹਿਰਾਂ ਵਿਚ ਬਣੇ ਪਰਾਂਦਿਆਂ ਨੂੰ ਕੁੜੀਆਂ ਬੇਹੱਦ ਪਸੰਦ ਕਰਦੀਆਂ ਹਨ:
ਕਾਲੇ ਰੰਗ ਦਾ ਪਰਾਂਦਾ ਪਟਿਆਲਿਓਂ ਲਿਆਂਦਾ
ਉਹਦੀ ਖੁਲ੍ਹਦੀ ਡੋਰ ਨੂੰ ਬੁਣ ਭਾਬੀਏ
ਮੇਰੀਆਂ ਝਾਂਜਰਾਂ ਦਾ ਸ਼ੋਰ ਗੁਲ ਸੁਣ ਭਾਬੀਏ…।
ਵਿਆਹਾਂ ਜਾਂ ਹੋਰ ਸਮਾਜਕ/ਸਭਿਆਚਾਰਕ ਸਮਾਗਮਾਂ ਮੌਕੇ ਜਾਂ ਕਿਸੇ ਦਿਨ ਦਿਹਾਰ ‘ਤੇ ਮੁਟਿਆਰਾਂ ਬੜੇ ਸ਼ੌਕ ਨਾਲ ਗੁੱਤ ਵਿਚ ਪਰਾਂਦਾ ਸਜਾਉਂਦੀਆਂ ਹਨ। ਪੰਜਾਬੀ ਵਿਚ ਰਚੇ ਗਏ ਹਰਮਨ ਪਿਆਰੇ ਕਾਵਿ ਅਤੇ ਪੰਜਾਬੀ ਲੋਕ ਕਾਵਿ ਵਿਚ ਪਰਾਂਦੇ ਦਾ ਜ਼ਿਕਰ ਬਹੁਤ ਥਾਂਈਂ ਹੋਇਆ ਹੈ। ਕਈ ਗੀਤਾਂ ਨੇ ਇਸ ਹੱਦ ਤੱਕ ਲੋਕ ਮਕਬੂਲੀਅਤ ਹਾਸਲ ਕੀਤੀ ਹੈ ਕਿ ਉਹ ਦਰਸ਼ਕਾਂ/ਸਰੋਤਿਆਂ ਦੇ ਮਨਾਂ ਦੇ ਬੇਹੱਦ ਕਰੀਬ ਰਹੇ ਹਨ,
ਕਾਲੇ ਰੰਗ ਦਾ ਪਰਾਂਦਾ
ਮੇਰੇ ਸੱਜਣਾਂ ਲਿਆਂਦਾ
ਨੀ ਮੈਂ ਚੁੰਮ ਚੁੰਮ ਰੱਖਦੀ ਫਿਰਾਂ…।

ਕਾਲੀ ਤੇਰੀ ਗੁੱਤ ਤੇ
ਪਰਾਂਦਾ ਤੇਰਾ ਲਾਲ ਨੀ…।

‘ਕਾਲਾ ਡੋਰੀਆ ਕੁੰਡੇ ਨਾਲ ਅੜਿਆ ਈ ਓਏ…।’ ਆਦਿ ਗੀਤਾਂ ਵਿਚ ਪਰਾਂਦੇ ਦਾ ਜਸ ਗਾਇਨ ਕੀਤਾ ਗਿਆ ਹੈ। ਪੰਜਾਬੀ ਲੋਕ ਗੀਤਾਂ ਵਿਚ ਪਰਾਂਦੇ ਦੀ ਵੱਖ ਵੱਖ ਪਹਿਲੂਆਂ ਤੋਂ ਮਹਿਮਾ ਗਾਈ ਗਈ ਮਿਲਦੀ ਹੈ,
ਬੋਲੀ ਪਾ ਕੇ ਜਦੋਂ ਮੈਂ ਗਿੱਧੇ ਵਿਚ ਦਿੱਤਾ ਗੇੜਾ
ਅੱਡੀ ਦੀ ਧਮਕ ਨਾਲ ਮੈਂ ਹਿਲਾ ‘ਤਾ ਵਿਹੜਾ
ਮੇਰੇ ਗੋਰੇ ਪੈਰਾਂ ਵਿਚ ਨੱਚਦਾ ਭੂਚਾਲ ਵੇ
ਨਹੀਂ ਖੁੱਲ੍ਹਦਾ ਗੱਭਰੂਆ
ਗੁੰਦਿਆ ਪਰਾਂਦਾ ਰੀਝਾਂ ਨਾਲ ਵੇ…।

ਘੁੰਗਰੀਆਂ ਪਰਾਂਦੇ ਨੂੰ,
ਘੁੰਗਰੀਆਂ ਪਰਾਂਦੇ ਨੂੰ
ਆਖ ਰਹੀ ਮੈਂ ਜਾਂਦੇ ਨੂੰ
ਕਹਿ ਜਾਈਂ ਵੇ ਲਲਾਰੀ ਨੂੰ
ਦੇਹ ਡੋਬਾ, ਦੇਹ ਡੋਬਾ, ਫੁਲਕਾਰੀ ਨੂੰ…।
ਸਮਾਜ ਦੇ ਕਈ ਵਰਗਾਂ ਵਿਚ ਅਕਸਰ ਕੁੜੀ ਦੇ ਵਿਆਹ ਵੇਲੇ ਡੋਲੀ ਤੋਰਨ ਤੋਂ ਪਹਿਲਾਂ ਉਸ ਦਾ ਸਿਰ ਗੁੰਦਣ ਦੀ ਰਸਮ ਹੁੰਦੀ ਸੀ। ਕੁੜੀ ਦੀਆਂ ਸਹੇਲੀਆਂ ਤੇ ਰਿਸ਼ਤੇਦਾਰ ਕੁੜੀਆਂ ਵਿਸ਼ੇਸ਼ ਤੌਰ ‘ਤੇ ਬਣਾਇਆ ਜਾਂ ਖਰੀਦ ਕੇ ਲਿਆਂਦਾ ਪਰਾਂਦਾ ਗੁੰਦ ਕੇ ਉਸ ਦੀ ਗੁੱਤ ਵਿਚ ਸਜਾਉਂਦੀਆਂ ਸਨ। ਨਵੀਂ ਵਿਆਹੀ ਨੂੰ ਉਸ ਦਾ ਪਤੀ ਵੀ ਤੋਹਫੇ ਵਜੋਂ ਪਰਾਂਦਾ ਭੇਟ ਕਰਦਾ। ਉਸ ਸਮੇਂ ਉਸ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਸੀ ਰਹਿੰਦੀ। ਫਿਰ ਜਦੋਂ ਉਸ ਨੇ ਗੁੱਤ ਕਰਨੀ ਹੁੰਦੀ, ਉਸ ਪਰਾਂਦੇ ਨੂੰ ਉਹ ਅਗੰਮੀ ਚਾਅ ਨਾਲ ਆਪਣੀ ਗੁੱਤ ਵਿਚ ਸਜਾਉਂਦੀ। ਪਰਾਂਦਾ ਸ਼ਗਨ ਦੇ ਰੂਪ ਵਿਚ ਵੀ ਕੁੜੀਆਂ ਨੂੰ ਭੇਜਿਆ ਜਾਂਦਾ ਰਿਹਾ ਹੈ। ਕੁੜੀ ਆਪਣੇ ਪਤੀ ਬਾਰੇ ਤੇ ਪਰਾਂਦੇ ਬਾਰੇ ਕੁਝ ਅਜਿਹੇ ਬੋਲ ਉਚਾਰਦੀ ਹੈ,
ਉਹਦੇ ਨਾਲ ਜਚਦੀ ਹਾਂ ਮੈਂ
ਤੇ ਮੇਰੇ ਨਾਲ ਉਹ ਜਚਦਾ
ਮਾਹੀ ਨਾਲ ਨੱਚਦੀ ਹਾਂ ਮੈਂ
ਤੇ ਗੁੱਤ ਨਾ’ ਪਰਾਂਦਾ ਨੱਚਦਾ…।
ਗੁੱਤ ਵਿਚ ਗੁੰਦਿਆ ਪਰਾਂਦਾ ਉਸ ਦੀ ਖੂਬਸੂਰਤੀ ਵਿਚ ਵਾਧਾ ਕਰਨ ਵਿਚ ਸਹਾਈ ਹੁੰਦਾ ਹੈ। ਇਕ ਰੰਗੇ ਜਾਂ ਬਹੁ ਰੰਗੇ ਧਾਗਿਆਂ ਦੀਆਂ ਲੜੀਆਂ ਨੂੰ ਡਾਢੀ ਜੁਗਤੀ ਨਾਲ ਔਰਤਾਂ ਜਦੋਂ ਖੂਬਸੂਰਤ ਪਰਾਂਦੇ ਦੇ ਰੂਪ ਵਿਚ ਢਾਲਦੀਆਂ ਸਨ ਤਾਂ ਉਹ ਪਰਾਂਦਾ ਉਨ੍ਹਾਂ ਦੀ ਹਸਤ ਕਲਾ ਦਾ ਵਧੀਆ ਤੇ ਵੇਖਣਯੋਗ ਨਮੂਨਾ ਬਣ ਜਾਂਦਾ ਸੀ। ਗੁੱਤ ਨੂੰ ਵੱਖ ਵੱਖ ਰੰਗਾਂ ਤੇ ਡਿਜ਼ਾਈਨਾਂ ਨਾਲ ਬਣਾਏ ਪਰਾਂਦੇ ਨਾਲ ਸ਼ਿੰਗਾਰਨਾ ਆਪਣੀ ਮਿਸਾਲ ਆਪ ਹੁੰਦਾ ਸੀ। ਗੁੱਤ ਅਤੇ ਪਰਾਂਦੇ ਦਾ ਆਪਸ ਵਿਚ ਬਹੁਤ ਨੇੜਲਾ ਸਬੰਧ ਹੈ, ਅਸਲ ਵਿਚ ਗੁੱਤ ਤੇ ਪਰਾਂਦਾ ਇਕ ਦੂਜੇ ਦੇ ਪੂਰਕ ਹਨ।
ਤੇਰੀ ਗੁੱਤ ਦਾ ਪਰਾਂਦਾ ਭੁੰਜੇ ਡਿੱਗਿਆ
ਨੀ ਉਹ ਸੱਪ ਵਾਂਗੂੰ ਵਲ ਪਿਆ ਖਾਂਵਦਾ
ਮੇਰੇ ਹੱਥ ਚੁੱਕ ਕੇ ਫੜਾ ਦੇ ਵੇ
ਤੈਨੂੰ ਕਿਹੜੀ ਗੱਲੋਂ ਡਰ ਆਂਵਦਾ…।
ਭੰਗੜਾ ਤੇ ਗਿੱਧਾ ਪਾਉਣ ਵਾਲੇ ਮੁੰਡੇ ਕੁੜੀਆਂ ਸਬੰਧਤ ਨਾਚ ਦੀ ਲੋੜ ਤੇ ਸੁਭਾਅ ਅਨੁਸਾਰ ਵਿਸ਼ੇਸ਼ ਤੌਰ ‘ਤੇ ਬਣਾਏ ਗਏ ਵਸਤਰਾਂ ਦੀ ਵਰਤੋਂ ਸਮੇਂ, ਉਨ੍ਹਾਂ ਨੂੰ ਸ਼ਿੰਗਾਰਨ ਵੇਲੇ ਉਨ੍ਹਾਂ ‘ਤੇ ਪਰਾਂਦੇ ਵੀ ਬੰਨ੍ਹਦੇ/ਸਜਾਉਂਦੇ ਹਨ। ਪਰਾਂਦਿਆਂ ਨਾਲ ਅਲਗੋਜ਼ੇ, ਤੂੰਬੀ, ਢੋਲ ਆਦਿ ਜਿਹੇ ਲੋਕ ਸਾਜ਼ਾਂ ਦਾ ਸ਼ਿੰਗਾਰ ਵੀ ਕੀਤਾ ਜਾਂਦਾ ਹੈ।
ਸਮੇਂ ਦੇ ਬਦਲਣ ਨਾਲ ਪਹਿਰਾਵੇ ਵਿਚ ਬਹੁਤ ਵੱਡੇ ਪੱਧਰ ‘ਤੇ ਤਬਦੀਲੀ ਆਈ ਹੈ। ਮੰਡੀ ਸਭਿਆਚਾਰ ਵਿਚ ਹਾਰ ਸ਼ਿੰਗਾਰ ਕਰਨ ਤੇ ਸੱਜ-ਸੰਵਰ ਕੇ ਰਹਿਣ ਦੇ ਅਨੇਕ ਨਵੇਂ ਢੰਗ ਤਰੀਕੇ ਤੇ ਸੰਦ ਉਪਲਬਧ ਹਨ। ਹੁਣ ਪਰਾਂਦਾ ਵਿਆਹ ਸਮਾਗਮਾਂ ‘ਤੇ ਜਾਂ ਵਿਸ਼ੇਸ਼ ਮੌਕਿਆਂ ‘ਤੇ ਹੀ ਗੁੱਤ ਵਿਚ ਸਜਾਇਆ ਜਾਂਦਾ ਹੈ। ਬਹੁਤੀਆਂ ਹਾਲਤਾਂ ਵਿਚ ਹੁਣ ਪਰਾਂਦੇ ਪੁਰਾਣੀਆਂ ਅਲਮਾਰੀਆਂ, ਟਰੰਕਾਂ ਵਿਚ ਰੱਖੇ ਹੋਏ ਜਾਂ ਹਨੇਰੇ ਕਮਰਿਆਂ ਵਿਚ ਕਿੱਲੀਆਂ ਨਾਲ ਟੰਗੇ ਹੋਏ ਮਿਲਣਗੇ। ਕਿਧਰੇ ਕਿਧਰੇ ਹਾਰ ਸ਼ਿੰਗਾਰ ਦੀਆਂ ਪੁਰਾਣੀਆਂ ਵਸਤਾਂ ਨੂੰ ਸਾਂਭ ਸੰਭਾਲ ਕੇ ਰੱਖੀ ਬੈਠੀਆਂ ਬਜੁਰਗ ਔਰਤਾਂ ਕੋਲੋਂ ਅਜੇ ਵੀ ਪੁਰਾਣੇ ਪਰਾਂਦਿਆਂ ਦੇ ਨਮੂਨੇ ਵੇਖੇ ਜਾ ਸਕਦੇ ਹਨ। ਹੱਥਾਂ ਨਾਲ ਬਣਾਏ ਪਰਾਂਦਿਆਂ ਦੀ ਥਾਂ ਹੁਣ ਮਸ਼ੀਨਾਂ ਨਾਲ ਬਣਾਏ ਜਾਂਦੇ ਪਰਾਂਦਿਆਂ ਨੇ ਲੈ ਲਈ ਹੈ। ਮਸ਼ੀਨਾਂ ਨਾਲ ਬਣਾਏ ਜਾਂਦੇ ਪਰਾਂਦਿਆਂ ਦੇ ਰੰਗ ਰੂਪ, ਵੰਨਗੀਆਂ, ਸਫਾਈ, ਸਜਾਵਟ, ਫੱਬਤ ਵਿਚ ਜਿੱਥੇ ਬਾਕਮਾਲ ਵਾਧਾ ਹੋਇਆ ਹੈ, ਉਥੇ ਉਹ ਮਨਮੋਹਕ ਵੀ ਬਣ ਗਏ ਹਨ। ਇੰਜ ਪਰਾਂਦੇ ਬਣਾਉਣ ਦੀ ਕਲਾ ਦੀ ਪੱਧਰ ਵਿਚ ਨਿਸਚੇ ਹੀ ਵਿਸਥਾਰ ਹੋਇਆ ਹੈ।