ਹੇ ਬਾਬਾ ਨਾਨਕ!

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ-ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ! ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਘਰ ਦੀਆਂ ਸਿਫਤਾਂ ਦੱਸੀਆਂ ਸਨ, “ਘਰ, ਪਿਆਰ ਦਾ ਮੰਦਿਰ, ਮਾਪਿਆਂ ਦੀਆਂ ਦੁਆਵਾਂ ਦਾ ਦੁਆਰ, ਭੈਣਾਂ-ਭਰਾਵਾਂ ਦਾ ਪਿਆਰ, ਦੋਸਤੀਆਂ ਦਾ ਰੈਣ-ਬਸੇਰਾ, ਯਾਦਾਂ ਦਾ ਸਿਰਜਣ-ਦੁਆਰ ਅਤੇ ਸੁਪਨਿਆਂ ਦਾ ਅੰਬਰੀ-ਪਸਾਰ।”

ਇਸ ਵਰ੍ਹੇ ਸਿੱਖ ਬਾਬੇ ਨਾਨਕ ਦੇ 550ਵੀਂ ਜਨਮ ਸ਼ਤਾਬਦੀ ਮਨਾ ਰਹੇ ਹਨ, ਪਰ ਵੇਖਣ ਵਾਲੀ ਗੱਲ ਹੈ ਕਿ ਸਿੱਖ ਬਾਬੇ ਨਾਨਕ ਦੀ ਦਿੱਤੀ ਮੱਤ ਨਾਲ ਕਿੰਨੇ ਕੁ ਜੁੜੇ ਹੋਏ ਹਨ? ਹਥਲੇ ਲੇਖ ਵਿਚ ਡਾ. ਭੰਡਾਲ ਨੇ ਬਾਬੇ ਨਾਨਕ ਦੀ ਬਾਣੀ ਤੋਂ ਨਾ ਸਿਰਫ ਟੁੱਟੇ ਸਗੋਂ ਉਲਟ ਚੱਲ ਰਹੇ ਅਜੋਕੇ ਸਿੱਖਾਂ ਦੀ ਗਾਥਾ ਬਿਆਨੀ ਹੈ। ਉਹ ਕਹਿੰਦੇ ਹਨ, “ਵਪਾਰ ਮਾੜਾ ਨਹੀਂ, ਪਰ ਜਦ ਇਹ ਧਰਮ ਨੂੰ ਵੇਚਣ ਲੱਗ ਪਵੇ, ਮਨੁੱਖੀ ਕਮੀਨਗੀ ਦਾ ਆਧਾਰ ਬਣ ਜਾਵੇ, ਗੁਰਦੁਆਰਿਆਂ ਨੂੰ ਕਾਰਪੋਰੇਟ ਅਦਾਰੇ ਬਣਾ ਲਿਆ ਜਾਵੇ, ਨਿੱਜੀ ਜਾਇਦਾਦ ਸਮਝ ਲਿਆ ਜਾਵੇ ਅਤੇ ‘ਘਰ ਘਰ ਅੰਦਰੁ ਧਰਮਸਾਲ਼..’ ਦੀ ਥਾਂ ਘਰਾਂ ਨੂੰ ਗੁਰਦੁਆਰੇ ਰਜਿਸਟਰ ਕਰਵਾ ਕੇ, ਸਰਕਾਰੀ ਛੋਟਾਂ ਲੈਣ ਦਾ ਵਸੀਲਾ ਬਣਾ ਲਿਆ ਜਾਵੇ ਤਾਂ ਤੇਰੀ ਸੋਚ ਵਿਚਲੇ ਸਚਿਆਰੇਪਣ ਅਤੇ ਨਿਆਰੇਪਣ ਨੂੰ ਗੰਧਲਾ ਹੀ ਕਰ ਰਹੇ ਹਾਂ।” -ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ

ਹੇ ਬਾਬਾ ਨਾਨਕ! ਤੇਰੇ ਸੇਵਕ ਇਸ ਸਾਲ ਤੇਰੀ 550ਵੀਂ ਜਨਮ ਸ਼ਤਾਬਦੀ ‘ਤੇ ਸਮਾਗਮ, ਸ਼ੋਰ ਤੇ ਸ਼ੁਹਰਤ ਲਈ ਬੜੇ ਜੋਰਾਂ-ਸ਼ੋਰਾਂ ਨਾਲ ਦੁਨੀਆਂ ਭਰ ਵਿਚ ਮਨਾ ਰਹੇ ਨੇ। ਵੱਖ-ਵੱਖ ਪ੍ਰੋਗਰਾਮ ਉਲੀਕੇ ਜਾਣਗੇ, ਜਿਸ ਵਿਚ ਤੇਰੀ ਬਾਣੀ ਦੀ ਸ਼ਾਇਦ ਗੱਲਬਾਤ ਥੋੜ੍ਹੀ ਹੀ ਹੋਵੇ। ਨਾਨਕ ਗੁਰੂ ਜਾਂ ਨਾਨਕ ਪੀਰ ਬਾਰੇ ਬਹੁਤ ਗੱਲਾਂ ਹੋਣਗੀਆਂ, ਪਰ ਨਾਨਕ ਸ਼ਾਹ ਫਕੀਰ ਬਾਰੇ ਸ਼ਾਇਦ ਕੋਈ ਗੱਲ ਨਾ ਕਰੇ। ਸੋਚਿਆ ਮਨਾ! ਨਾਨਕ ਸ਼ਾਹ ਫਕੀਰ ਨਾਲ ਇਕ ਪਾਸੜ ਸੰਵਾਦ ਹੀ ਰਚਾ ਲਿਆ ਜਾਵੇ, ਜੋ ਤੇਰੀ ਫਿਤਰਤ ਤਾਂ ਨਹੀਂ ਸੀ, ਪਰ ਮੇਰੇ ਕੋਲ ਹੋਰ ਚਾਰਾ ਵੀ ਨਹੀਂ। ਇਸ ਬਹਾਨੇ ਮੈਂ ਖੁਦ ਦੇ ਰੂਬਰੂ ਹੋ, ਆਪਣੀਆਂ ਕਮੀਆਂ, ਕੁਤਾਹੀਆਂ ਤੇ ਕੁਰੀਤੀਆਂ ਨੂੰ ਜਾਣਨ, ਸਮਝਣ ਅਤੇ ਇਸ ਤੋਂ ਕੁਝ ਸਿੱਖ ਕੇ ਜੀਵਨ-ਜਾਚ ਨੂੰ ਤੇਰੀ ਸੋਚ ਅਨੁਸਾਰ ਕਰ ਸਕਿਆ ਤਾਂ ਇਹ ਮੇਰਾ ਹਾਸਲ ਹੋਵੇਗਾ।
ਹੇ ਬਾਬਾ ਨਾਨਕ! ਤੂੰ 20 ਰੁਪਿਆਂ ਦਾ ਅਜਿਹਾ ਵਪਾਰ ਕੀਤਾ ਕਿ ਤੇਰੀ ਦਿੱਭ-ਦ੍ਰਿਸ਼ਟੀ ਨੇ ਲੰਗਰ ਪ੍ਰਥਾ ਨੂੰ ਜਨਮ ਦਿਤਾ, ਜੋ ਭੁੱਖਿਆਂ ਲਈ ਭੋਜਨ ਅਤੇ ਲੋੜਵੰਦਾਂ ਲਈ ਮਦਦ ਦੇ ਰੂਪ ਵਿਚ ਸਿੱਖ-ਸੋਚ ਦਾ ਹਿੱਸਾ ਬਣਨੀ ਚਾਹੀਦੀ ਸੀ, ਪਰ ਪੂਰਨ ਰੂਪ ਵਿਚ ਬਣ ਨਹੀਂ ਸਕੀ। ਇਸ ਨੂੰ ਗ੍ਰਸ ਲਿਆ ਏ ਉਨ੍ਹਾਂ ਕੁਰੀਤੀਆਂ ਨੇ, ਜਿਨ੍ਹਾਂ ਤੋਂ ਬਚਣ ਦੀ ਬੜੀ ਲੋੜ ਸੀ। ਬਾਬਾ! ਤੂੰ ਹੀ ਦੱਸ ਜਦ ਲੰਗਰ ਦਿਖਾਵਾ ਬਣ ਜਾਵੇ, ਭੋਜਨ ਦੀ ਬਰਬਾਦੀ ਹੋਵੇ, ਇਸ ਦੀ ਰਹਿੰਦ-ਖੂੰਹਦ ਵਾਤਾਵਰਣ ਨੂੰ ਪਲੀਤ ਕਰੇ, ਰੱਜਿਆਂ ਨੂੰ ਹੋਰ ਰਜਾਇਆ ਜਾਵੇ, ਸੈਂਕੜਿਆਂ ਦੀ ਗਿਣਤੀ ਵਿਚ ਲੰਗਰ ਦੇ ਸਟਾਲ ਲਾਏ ਜਾਣ, ਕਿਸੇ ਵਿਸ਼ਵ ਕਾਨਫਰੰਸ ਵਿਚ ਵੀ ਗੁਰਦੁਆਰੇ ਤੋਂ ਲਿਆ ਕੇ ਲੰਗਰ ਵਰਤਾਇਆ ਜਾਵੇ ਜਾਂ ਕਿਸੇ ਵੱਡੇ ਵਿਅਕਤੀ ਦੇ ਨਿੱਜੀ ਸਮਾਗਮ, ਭੋਗ ਜਾਂ ਅੰਤਿਮ ਅਰਦਾਸ ਦੇ ਮੌਕੇ ਗੁਰਦੁਆਰੇ ਤੋਂ ਚੁੱਕਵਾਂ ਲੰਗਰ ਲਿਆਂਦਾ ਜਾਵੇ ਤਾਂ ਲੰਗਰ ਦੀ ਆਤਮਾ ਕੁਰਲਾ ਉਠਦੀ ਏ। ਲੰਗਰ, ਲੰਗਰ ਨਹੀਂ ਰਹਿੰਦਾ। ਪੰਗਤ ਤੇ ਸੰਗਤ ਦੀ ਪਰੰਪਰਾ ਪੀੜਤ ਹੋ ਜਾਂਦੀ ਏ ਅਤੇ ਇਸ ਪੀੜ ਵਿਚੋਂ ਉਭਰਨ ਲਈ ਤੂੰ ਹੀ ਕੋਈ ਸੁਮੱਤ ਦੇਹ!
ਹੇ ਬਾਬਾ ਨਾਨਕ! “ਗਊ ਬਿਰਾਹਮਣ ਕਉ ਕਰੁ ਲਾਵਹੁ ਗੋਬਰਿ ਤਰਣੁ ਨ ਜਾਈ॥ ਧੋਤੀ ਟਿਕਾ ਤੈ ਜਪਮਾਲੀ ਧਾਨੁ ਮਲੇਛਾਂ ਖਾਈ॥” ਰਾਹੀਂ ਬਾਹਰਲੇ ਦਿਖਾਵੇ ਨੂੰ ਨਿੰਦਣ ਵਾਲੇ ਤੇਰੇ ਬਾਣੀ-ਬੋਲ ਆਪਣੀ ਹੋਣੀ ‘ਤੇ ਹੰਝੂ ਵਹਾਉਣ ਤੋਂ ਬਿਨਾ ਹੋਰ ਕਰ ਵੀ ਕੀ ਸਕਦੇ ਨੇ, ਜਦ ਕੋਈ ਮਨੁੱਖ ਬਾਣੀ ਤੋਂ ਬਾਣੇ ਵਾਲੇ ਰਾਹ ਤੁਰ ਪਵੇ। ਜੀਵਨੀ ਸਿਆਣਪ ਅਤੇ ਸੰਵੇਦਨਾ, ਸੋਗ ਮਨਾਉਣ ਲੱਗ ਪੈਂਦੀ ਏ। ਅਸੀਂ ਸਿਰਫ ਬਾਣੇ ਤੀਕ ਸੀਮਤ ਹੋ ਗਏ ਹਾਂ। ਤੂੰ ਤਾਂ ਕਦੇ ਵੀ ਬਾਣੇ ਨੂੰ ਤਰਜ਼ੀਹ ਨਹੀਂ ਸੀ ਦਿਤੀ। ਜਿਸ ਖੇਤਰ ਵਿਚ ਵੀ ਗਿਆ, ਉਨ੍ਹਾਂ ਦਾ ਹੀ ਹੋ ਗਿਆ ਅਤੇ ਉਹ ਤੇਰੇ ਹੋ ਗਏ। ਇਨ੍ਹਾਂ ਬਾਣਿਆਂ ਨੇ ਸਿੱਖੀ ਨੂੰ ਸੀਮਤ ਕਰਨ ਦੀ ਕੋਸ਼ਿਸ਼ ਤਾਂ ਕੀਤੀ ਏ, ਪਰ ਇੰਜ ਹੋਣਾ ਨਹੀਂ। ਅੱਜ ਕੱਲ ਸ਼ਰਧਾਲੂਆਂ ਦੇ ਘਰਾਂ ਤੇ ਗੁਰਦੁਆਰਿਆਂ ਵਿਚ ਤੇਰੀ ਸ਼ੋਭਾ ਸਿੰਘੀ ਫੋਟੋ ਆਮ ਪ੍ਰਚਲਿਤ ਏ, ਜਿਸ ਦਾ ਤੇਰੇ ਸਰੂਪ ਨਾਲ ਕੋਈ ਵਾਹ ਵਾਸਤਾ ਨਹੀਂ ਅਤੇ ਅਸੀਂ ਬੁੱਤ ਪੂਜਾ ਦੀ ਮਨਾਹੀ ਕਰਨ ਵਾਲੇ ਦੀ ਫੋਟੋ ਨੂੰ ਹੀ ਪੂਜਣਾ ਸ਼ੁਰੂ ਕਰ ਦਿੱਤਾ ਏ। ਬਾਬਾ! ਤੂੰ ਤਾਂ ਉਸ ਵਕਤ ਵਿਚ ਹਿੰਦੂ ਅਤੇ ਇਸਲਾਮ ਧਰਮਾਂ ਦਰਮਿਆਨ ਇਕ ਅਜਿਹੇ ਧਰਮ ਦੀ ਮੋੜ੍ਹੀ ਗੱਡੀ, ਜੋ ਬਿਰਖ ਬਣ ਕੇ ਦੂਰ ਦੂਰ ਤੀਕ ਮੌਲਿਆ। ਜਿਸ ਨੇ ਸਿੱਖ ਧਰਮ, ਫਲਸਫੇ ਤੇ ਸੋਚ ਨੂੰ ਵਿਸ਼ਾਲਤਾ ਬਖਸ਼ੀ। ਅਸੀਂ ਤਾਂ ਵੱਖ-ਵੱਖ ਡੇਰਿਆਂ, ਪਰੰਪਰਾਵਾਂ ਤੇ ਮਰਿਆਦਾਵਾਂ ਰਾਹੀਂ ਸਿੱਖੀ ਜੋਤ ਨੂੰ ਨਿੱਜੀ ਦਾਇਰਿਆਂ ਤੀਕ ਸੀਮਤ ਕਰ, ਇਸ ਦੇ ਚਾਨਣ ਦਾ ਪਸਾਰ ਰੋਕਣ ਲਈ ਲਾਮਬੰਦ ਹੋ ਗਏ ਹਾਂ। ਸਿੱਖੀ ਵਿਸ਼ਾਲਤਾ ਦਾ ਨਾਮ ਏ, ਸੰਗੋੜਨ ਦਾ ਨਹੀਂ। ਜੋ ਲੋਕ ਤੇਰੀ ਬਾਣੀ ‘ਤੇ ਕਾਬਜ਼ ਨੇ, ਉਨ੍ਹਾਂ ਦੀ ਪਹਿਲ, ਇਸ ਨੂੰ ਨਿੱਜ ਤੀਕ ਸੀਮਤ ਕਰਨ ਦੀ ਏ। ਇਸ ਕਰਕੇ ਸਿੱਖ-ਚਿੰਤਨ ਨੂੰ ਦੁਨੀਆਂ ਭਰ ਵਿਚ ਪ੍ਰਚਾਰਨ ਵੱਲੋਂ ਬੇਰੁਖੀ ਹੋ ਰਹੀ ਏ। ਡਰ ਲੱਗਦਾ ਏ ਕਿ ਜੈਨ ਅਤੇ ਬੁੱਧ ਧਰਮ ਵਾਂਗ ਸਿੱਖ ਧਰਮ ਪੰਜਾਬ ਵਿਚੋਂ ਖਤਮ ਨਾ ਕਰ ਦਿੱਤਾ ਜਾਵੇ। ਜੇ ਮੇਰੀ ਕੂਕ ਤੇਰੇ ਤੀਕ ਪਹੁੰਚਦੀ ਹੋਵੇ ਤਾਂ ਸਾਨੂੰ ਸਿਆਣਪ ਦੇਹ ਕਿ ਅਸੀਂ ਇਨ੍ਹਾਂ ਦੇ ਗਲਬੇ ਤੋਂ ਮੁਕਤ ਹੋ, ਖੁਦ ਹੀ ਸਿੱਖੀ ਸੋਚ ਨੂੰ ਜੀਵਨ ਵਿਚ ਅਪਨਾਈਏ।
ਹੇ ਬਾਬਾ ਨਾਨਕ! ‘ਸਚੁ ਵਾਪਾਰੁ ਕਰਹੁ ਵਾਪਾਰੀ…’ ਦੇ ਬ੍ਰਹਮ ਬੋਲ ਮੈਨੂੰ ਤਾਂ ਉਚੀ ਅਵਾਜ਼ ਵਿਚ ਸੁਣਾਈ ਦੇ ਰਹੇ ਨੇ। ਪਰ ਕੀ ਕਰਾਂ ਤੇਰਾ ਕੋਈ ਵੀ ਸਿੱਖ ਇਨ੍ਹਾਂ ਨੂੰ ਸੁਣਨ ਲਈ ਰਾਜ਼ੀ ਨਹੀਂ। ਉਹ ਸੋਚਦੇ ਨੇ ਕਿ ਵਪਾਰ ਵਿਚ ਝੂਠ, ਠੱਗੀ ਅਤੇ ਹੇਰਾ-ਫੇਰੀ ਜਾਇਜ਼ ਏ ਅਤੇ ਇਸ ਧਾਰਨਾ ਅਨੁਸਾਰ ਹੀ ਵਪਾਰ ਕਰਦੇ, ਲੋਕ ਭਲਾਈ ਦੇ ਕਾਰਜਾਂ ਦਾ ਵਿਖਾਵਾ ਕਰ ਰਹੇ ਨੇ ਤਾਂ ਕਿ ਉਹ ਦਿਖਾ ਸਕਣ ਕਿ ਉਹ ਵੱਡੇ ਧਰਮੀ ਹਨ। ਵਪਾਰ ਮਾੜਾ ਨਹੀਂ, ਪਰ ਜਦ ਇਹ ਧਰਮ ਨੂੰ ਵੇਚਣ ਲੱਗ ਪਵੇ, ਮਨੁੱਖੀ ਕਮੀਨਗੀ ਦਾ ਆਧਾਰ ਬਣ ਜਾਵੇ, ਗੁਰਦੁਆਰਿਆਂ ਨੂੰ ਕਾਰਪੋਰੇਟ ਅਦਾਰੇ ਬਣਾ ਲਿਆ ਜਾਵੇ, ਨਿੱਜੀ ਜਾਇਦਾਦ ਸਮਝ ਲਿਆ ਜਾਵੇ ਅਤੇ ‘ਘਰ ਘਰ ਅੰਦਰੁ ਧਰਮਸਾਲ਼..’ ਦੀ ਥਾਂ ਘਰਾਂ ਨੂੰ ਗੁਰਦੁਆਰੇ ਰਜਿਸਟਰ ਕਰਵਾ ਕੇ, ਸਰਕਾਰੀ ਛੋਟਾਂ ਲੈਣ ਦਾ ਵਸੀਲਾ ਬਣਾ ਲਿਆ ਜਾਵੇ ਤਾਂ ਤੇਰੀ ਸੋਚ ਵਿਚਲੇ ਸਚਿਆਰੇਪਣ ਅਤੇ ਨਿਆਰੇਪਣ ਨੂੰ ਗੰਧਲਾ ਹੀ ਕਰ ਰਹੇ ਹਾਂ। ਤੇਰੇ ਨਾਂ ‘ਤੇ ਸਥਾਪਤ ਕੀਤੇ ਵਪਾਰਕ ਅਦਾਰੇ ਭਾਈ ਲਾਲੋਆਂ ਦਾ ਲਹੂ ਪੀ, ਦਿਨ ਬਦਿਨ ਵਧ ਫੁਲ ਰਹੇ ਨੇ। ਇਹ ਕੇਹਾ ਵਪਾਰ ਏ? ਤੂੰ ਤਾਂ ਸੱਚ ਦੇ ਵਪਾਰ ਦੀ ਗੱਲ ਕੀਤੀ ਸੀ। ਇਸ ਅਜੋਕੇ ਵਪਾਰ ਤੋਂ ਨਿਜ਼ਾਤ ਮਿਲ ਜਾਵੇ ਤਾਂ ਸਿੱਖੀ ਦੀ ਫੁਲਵਾੜੀ ਹੋਰ ਮਹਿਕੇਗੀ।
ਹੇ ਬਾਬਾ ਨਾਨਕ! “ਤੀਰਥ ਵਰਤ ਸੁਚਿ ਸੰਜਮੁ ਨਾਹੀ ਕਰਮੁ ਧਰਮੁ ਨਹੀ ਪੂਜਾ॥ ਨਾਨਕ ਭਾਇ ਭਗਤਿ ਨਿਸਤਾਰਾ ਦੁਬਿਧਾ ਵਿਆਪੈ ਦੂਜਾ॥” ਜਾਂ “ਪੂਜਾ ਵਰਤ ਤਿਲਕ ਇਸ਼ਨਾਨਾ ਪੁੰਨ ਦਾਨ ਬਹੁ ਦੈਨ॥ ਕਹੂੰ ਨ ਭੀਜੈ ਸੰਜਮ ਸੁਆਮੀ ਬੋਲਹਿ ਮੀਠੇ ਬੈਨ॥” ਰਾਹੀਂ ਵਰਤ, ਪੂਜਾ, ਤੀਰਥ ਇਸ਼ਨਾਨ ਆਦਿ ਦੀ ਨਿਖੇਧੀ ਕਰਨ ਵਾਲੇ ਤੇਰੇ ਬੋਲ ਸ਼ਾਇਦ ਖੁਦਕੁਸ਼ੀ ਲਈ ਤਿਆਰ ਹੋ ਜਾਣ, ਕਿਉਂਕਿ ਤੇਰੇ ਸਿੱਖ ਤਾਂ ਉਹ ਸਭ ਕੁਝ ਕਰਨ ਤੀਕ ਹੀ ਸੀਮਤ ਹੋ ਗਏ ਨੇ, ਜਿਨ੍ਹਾਂ ਤੋਂ ਤੂੰ ਵਰਜਿਆ ਸੀ। ਅਸੀਂ ਤੇਰੇ ਕਪੁੱਤ ਹੀ ਹੋ ਗਏ ਹਾਂ ਅਤੇ ਇਸ ਪਖੰਡਬਾਜੀ ਵਿਚੋਂ ਹੀ ਅਸੀਂ ਤੈਨੂੰ ਧਿਆਉਣ ਦਾ ਭਰਮ ਪਾਲ ਰਹੇ ਹਾਂ। ਸ਼ਬਦ-ਜੋਤ ਨੂੰ ਬੁਝਾ ਕੇ ਕਿਹੜਾ ਹਨੇਰਾ ਦੂਰ ਹੋਵੇਗਾ? ਮਸਤਕ ਚਾਨਣ ਕਿਥੋਂ ਥਿਆਵੇਗਾ? ਤੂੰ ਹੀ ਸੁਮੱਤ ਬਖਸ਼ ਬਾਬਾ!
ਹੇ ਬਾਬਾ ਨਾਨਕ! ਤੇਰੇ ਬੋਲ ‘ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥ ਨਾਨਕੁ ਤਿੰਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥” ਸਿਸਕਣ ਲੱਗ ਪਏ, ਜਦ ਭਾਈ ਮਰਦਾਨੇ ਦੇ ਵਾਰਸਾਂ ਨੂੰ ਹਰਿਮੰਦਰ ਸਾਹਿਬ ਵਿਚ ਕੀਰਤਨ ਕਰਨ ਤੋਂ ਵਰਜਣ ‘ਤੇ ਨਿਰਾਸ਼ ਜਾਣਾ ਪਿਆ, ਜੋ ਸਿਰਫ ਤੇਰੀ ਇਬਾਦਤ ਕਰਨ ਲਈ ਆਏ ਸਨ। ਜਿਨ੍ਹਾਂ ਦਾ ਬਜੁਰਗ ਸਾਰੀ ਉਮਰ ਤੇਰਾ ਸਭ ਤੋਂ ਕਰੀਬੀ ਸਾਥੀ ਰਿਹਾ। ਤੇਰੇ ਸਭ ਤੋਂ ਨੇੜਲੇ ਸਾਥੀ ਦੇ ਵਾਰਸਾਂ ਨਾਲ ਅਜਿਹਾ ਵਿਹਾਰ ਦੇਖ ਕੇ ਮਨ ਬਹੁਤ ਉਦਾਸ ਤੇ ਹਤਾਸ਼ ਏ। ਧਿਰਕਾਰੇ ਹੋਇਆਂ ਨੇ ਅੱਕ ਕੇ ਹੁਣ ਰਾਮਦਾਸੀਆਂ, ਰਾਮਗੜ੍ਹੀਆਂ, ਲੁਬਾਣਿਆਂ, ਰਵਿਦਾਸੀਆਂ, ਜੱਟਾਂ, ਰਵਿਦਾਸੀਆਂ ਆਦਿ ਨੇ ਵੱਖ ਵੱਖ ਗੁਰਦੁਆਰੇ ਬਣਾ ਕੇ ਤੈਨੂੰ ਹਿਸਿਆਂ ਵਿਚ ਵੰਡ ਲਿਆ, ਜੋ ‘ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ’ ਦੀ ਘੋਰ ਅਵੱਗਿਆ ਏ। ਨੀਚਾਂ ਨੂੰ ਗਲੇ ਲਾਉਣ ਵਾਲੇ ਹੇ ਬਾਬਾ ਨਾਨਕ! ਦੇਖ ਤੇਰੇ ਪੈਰੋਕਾਰ ਕਿੰਜ ਦੁਰਕਾਰਦੇ ਨੇ? ਸਿੱਖ ਧਰਮ ਨੂੰ ਹੋਰ ਸੀਮਤ ਕਰ ਰਹੇ ਨੇ। ਇਹ ਸਿੱਖੀ ਦਾ ਘਾਣ ਅਤੇ ਇਸ ਰਾਹੀਂ ਮਨੁੱਖ ਦੇ ਮਰਨ ਲਈ, ਮਰਨ-ਰੁੱਤ ਨੂੰ ਸੱਦਾ ਏ।
ਹੇ ਬਾਬਾ ਨਾਨਕ! ਤੂੰ ‘ਬਾਬੇ ਕੀਤੀ ਸਿੱਧ ਗੋਸ਼ਟਿ…’ ਰਾਹੀਂ ਤਰਕ, ਪ੍ਰੇਮ ਅਤੇ ਸੰਵਾਦ ਤੋਂ ਗੋਸ਼ਟਿ ਦੀ ਪਰੰਪਰਾ ਨੂੰ ਸ਼ੁਰੂ ਕਰਕੇ ਵੱਖ-ਵੱਖ ਫਿਰਕਿਆਂ ਤੇ ਧਰਮਾਂ ਵਿਚਲੀ ਕਸ਼ੀਦਗੀ ਤੇ ਕੁੜਿਤਣ ਨੂੰ ਘਟਾ ਕੇ ਪਿਆਰ-ਮੁਹੱਬਤ ਦਾ ਪੈਗਾਮ ਦਿਤਾ। ਆਪਣੀ ਗੱਲ ਸੁਣਾਉਣ ਨਾਲੋਂ ਦੂਜਿਆਂ ਦੀ ਗੱਲ ਸੁਣਨ ਨੂੰ ਪਹਿਲ ਦਿੱਤੀ। ਫਿਰ ਆਪਣੀ ਸੁਣਾਉਣ ਅਤੇ ਸਮਝਾਉਣ ਦੀ ਪਿਰਤ ਪਾਈ। ਇਹ ਪਿਰਤ ਤੇਰੇ ਹੀ ਪੈਰੋਕਾਰ, ਪੈਰੀਂ ਰੋਲ ਰਹੇ ਨੇ। ਉਨ੍ਹਾਂ ਨੂੰ ਕਿਸੇ ਵੱਖਰੇ ਵਿਚਾਰ ਰੱਖਦੇ ਵਿਅਕਤੀ ਦੇ ਵਿਚਾਰਾਂ ਨੂੰ ਸੁਣਨਾ ਗਵਾਰਾ ਨਹੀਂ। ਉਹ ਤਰਕਹੀਣ, ਪੁਖਤਾ ਦਲੀਲ ਤੋਂ ਕੋਰੇ ਅਤੇ ਗਹਿਰ-ਗੰਭੀਰਤਾ ਤੋਂ ਵਿਰਵੇ ਨੇ। ਬਾਬਾ! ਕੋਈ ਸੋਚ-ਕਿਰਨ ਇਨ੍ਹਾਂ ਦੇ ਮਸਤਕ ਵਿਚ ਧਰ ਕਿ ਉਹ ਦੂਜਿਆਂ ਦੇ ਵਿਚਾਰਾਂ ਵਿਚੋਂ ਕੁਝ ਚੰਗੇਰਾ ਦੇਖਣ, ਸਮਝਣ ਅਤੇ ਅਪਨਾਉਣ ਦਾ ਜੇਰਾ ਕਰਨ, ਕਿਉਂਕਿ ਵਧੀਆ ਵਿਚਾਰ, ਅਚਾਰ ਜਾਂ ਵਿਹਾਰ ਕਿਧਰੋਂ ਵੀ ਮਿਲ ਜਾਵੇ ਤਾਂ ਸਵੀਕਾਰ ਕਰ ਲੈਣਾ ਚਾਹੀਦਾ। ਤੇਰੇ ਕੁਝ ਨੂੰ ਅਨਿੱਨ ਸ਼ਰਧਾਲੂਆਂ ਦੇ ਸੋਚ-ਦਰਵਾਜੇ ਬੰਦ ਨੇ, ਜਿਸ ਨਾਲ ਹੁੰਮਸ ਗਿਆ ਏ ਦਿਮਾਗੀ-ਜਲਵਾਯੂ। ਇਸ ਕਾਰਨ ਅਜੋਕਾ ਸਿੱਖ ਸਮਾਜ ਇਕ ਭੰਬਲਭੂਸੇ ਅਤੇ ਧੁੰਦਲਕੇ ਦਾ ਸ਼ਿਕਾਰ। ਸਿਰਫ ਤੇਰੇ ਬੋਲਾਂ ਵਿਚਲਾ ਚਾਨਣ ਹੀ ਇਨ੍ਹਾਂ ਨੂੰ ਚਾਹੀਦਾ। ਕਿਉਂਕਿ ਹੁਣ ਤੂੰ ਤਾਂ ਆ ਨਹੀਂ ਸਕਦਾ, ਪਰ ਬਾਣੀ ਦੇ ਬੋਲਾਂ ਵਿਚਲੀ ਰੌਸ਼ਨ ਆਭਾ ਤਾਂ ਹੀ ਹਾਸਲ ਬਣੇਗੀ, ਜੇ ਅਸੀਂ ਬਾਣੀ ਨੂੰ ਸਹੀ ਸੰਦਰਭ ਵਿਚ ਪੜ੍ਹਾਂਗੇ, ਸਮਝਾਂਗੇ ਅਤੇ ਜੀਵਨ ਨੂੰ ਇਸ ਅਨੁਸਾਰ ਜੀਵਾਂਗੇ। ਆਪਣੇ ਸੇਵਕਾਂ ‘ਤੇ ਰਹਿਮ ਤਾਂ ਕਰ ਹੀ ਸਕਦੈਂ ਬਾਬਾ?
ਹੇ ਬਾਬਾ ਨਾਨਕ! “ਘਾਲਿ ਖਾਇ ਕਿਛ ਹਥਹੁ ਦੇਇ” ਵਰਗੀ ਚੇਤਨਾ ਸਾਡੀ ਜ਼ਮੀਰ ਦਾ ਹਿੱਸਾ ਕਿਉਂ ਨਹੀਂ ਬਣ ਸਕੀ? ਸੋਚਦਾ ਹਾਂ ਕੀ ਕਦੇ ਅਸੀਂ ਕਿਰਤ ਕਮਾਈ ਵਿਚੋਂ ਲੋੜਵੰਦਾਂ ਦੀ ਮਦਦ ਕੀਤੀ ਏ? ਕੀ ਕਿਸੇ ਗਰੀਬ-ਗੁਰਬੇ ਲਈ ਆਪਣੀਆਂ ਅਸੀਮਤ ਸੁੱਖ-ਸਹੂਲਤਾਂ ਨੂੰ ਸੀਮਤ ਕਰਨ ਲਈ ਪਹਿਲ-ਕਦਮੀ ਕੀਤੀ ਏ? ਕੀ ਇਹ ਸਮਾਜਕ ਬਰਾਬਰੀ ਲਈ ਇਨਕਲਾਬੀ ਕਦਮ ਨਹੀਂ ਹੋਵੇਗਾ, ਜਿਸ ਦੀ ਚਾਹਨਾ ਤੁਸੀਂ ਕੀਤੀ ਸੀ। ਪਾਪ ਦੀ ਕਮਾਈ ਕਰਕੇ ਬਣੇ ਧਨਾਢਾਂ ਵਲੋਂ ਦਸਵੰਧ ਦੀ ਕੀਤੀ ਜਾ ਰਹੀ ਬੇਰੁਹਮਤੀ ਮਨ ਨੂੰ ਪੀੜਤ ਕਰਦੀ ਏ? ਕਿੰਜ ਬੰਨਾਵਾਂ ਢਾਰਸ ਡਿੱਗ ਰਹੇ ਮਨ ਨੂੰ? ਤੂੰ ਹੀ ਕੁਝ ਦੱਸ ਬਾਬਾ!
ਹੇ ਬਾਬਾ ਨਾਨਕ! “ਪਾਪ ਕੀ ਜੰਝ ਲੈ ਕਾਬਲੋਂ ਧਾਇਆ ਜੋਰੀ ਮੰਗੇ ਦਾਨ ਵੇ ਲਾਲੋ”, “ਏਤੀ ਮਾਰ ਪਈ ਕੁਰਲਾਣੈ ਤੈਂ ਕੀ ਦਰਦ ਨਾ ਆਇਆ” ਜਾਂ “ਜੇ ਸਕਤਾ ਸਕਤੇ ਕੋ ਮਾਰੇ ਤਾ ਮਨਿ ਰੋਸ ਨ ਹੋਈ॥ ਰਹਾਉ॥ ਸਕਤਾ ਸੀਹੁ ਮਾਰੇ ਪੈ ਵਗੇ ਖਸਮੈ ਸਾ ਪੁਰਸਾਈ॥” ਬੋਲ ਹੁਣ ਆਪਣੀ ਹੋਂਦ ਭੁੱਲਣ ਲਈ ਤਿਆਰ ਨੇ। ਬਾਬਰ ਕਾਬਲੋਂ ਨਹੀਂ ਆਉਂਦਾ, ਸਗੋਂ ਆਪਣੇ ਹੀ ਮਿੱਤਰ ਬਣ ਕੇ ਦੁਸ਼ਮਣੀ, ਜੁਲਮ, ਤਸ਼ੱਦਦ, ਅਨਿਆਂ ਅਤੇ ਜਬਰ ‘ਤੇ ਅਜਿਹੇ ਉਤਾਰੂ ਨੇ ਕਿ ਸਿੱਖ ਕਹਿਣ ਲੱਗਿਆਂ ਵੀ ਸ਼ਰਮਸ਼ਾਰ ਹੋਈਦਾ। ਖੁਦ ਨੂੰ ਇਸ ਭਾਈਚਾਰੇ ਦਾ ਹਿੱਸਾ ਹੋਣ ‘ਤੇ ਨਮੋਸ਼ੀ। ਜਦ ਆਪਣੇ ਹੀ ਆਪਣਿਆਂ ਦਾ ਮਰਸੀਆ ਪੜ੍ਹਦੇ ਹੋਣ, ਸਿਵਾ ਸੇਕਣ ਲਈ ਮਜਬੂਰ ਕਰ ਦੇਣ ਜਾਂ ਸਾਹਾਂ ਨੂੰ ਸੰਤਾਪ ਦੀ ਭੱਠੀ ਬਣਾ ਦੇਣ ਤਾਂ ਦੋਖੀਆਂ ਦੀ ਪਛਾਣ ਸਹਿਜੇ ਹੀ ਹੋ ਜਾਂਦੀ। ਭੀਖ ਮੰਗਣ ਤੋਂ ਸ਼ਰਮਿੰਦਾ ਹੋਣ ਵਾਲੇ ਸਿੱਖਾਂ ਨੂੰ ਸਮੇਂ ਦੇ ਅਹਿਲਕਾਰਾਂ ਨੇ ਮੰਗਤੇ, ਹੀਣੇ ਤੇ ਬੌਣੇ ਬਣਾ ‘ਤਾ। ਮਰ ਗਈ ਏ ਗੈਰਤ। ਬੇਅਣਖੀ ਕੌਮ ਆਪਣੀ ਕਬਰ ਖੁਦ ਪੁੱਟਣ ਲਈ ਜਿੰਮੇਵਾਰ। ਅਜਿਹਾ ਹੀ ਅੱਜ ਕੱਲ ਤੇਰੀ ਜਨਮ ਭੋਂ ‘ਤੇ ਹੋ ਰਿਹਾ ਏ, ਜਿਸ ‘ਚੋਂ ਨਿਜਾਤ ਪਾਉਣ ਲਈ ਕੋਈ ਲੋਅ ਨਜ਼ਰ ਨਹੀਂ ਆ ਰਹੀ, ਕਿਉਂਕਿ ਚਾਰੇ ਪਾਸੇ ਏ ਅੰਧੇਰ-ਨਗਰੀ। ਅਦਲੀ ਰਾਜਾ, ਗਿਆਨ-ਵਿਹੂਣੀ ਤੇ ਅੰਧੀ ਰਈਅਤ ਨੂੰ ਕੁਰਾਹੇ ਪਾਉਣ ਤੇ ਨਿੱਜੀ ਮੁਫਾਦ ਦੀ ਪੂਰਤੀ ਲਈ ਵਰਤਣ ਵਿਚ ਕੋਈ ਕਸਰ ਨਹੀਂ ਛੱਡ ਰਿਹਾ।
ਭਾਈ ਗੁਰਦਾਸ ਦੇ ਬੋਲ ‘ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਇਆ’ ਤਾਂ ਵੈਰਾਗ-ਹਿੱਚਕੀ ਬਣ ਕੇ ਰਹਿ ਗਏ ਨੇ। ਜੁਲਮ ਨੂੰ ਲਲਕਾਰਨ ਵਾਲੀਆਂ ਕਲਮਾਂ ਕੁਝ ਤਾਂ ਖਾਮੋਸ਼ ਹੋ ਗਈਆਂ, ਕੁਝ ਜੀ-ਹਜੂਰ ਹੋ ਗਈਆਂ ਅਤੇ ਕੁਝ ਖਾਮੋਸ਼ ਕਰ ਦਿਤੀਆਂ ਗਈਆਂ। ਕਲਮ ਹੀ ਨਾ ਰਹੇ ਤਾਂ ਕਿਹੜੇ ਹਰਫ ਬਾਬਰ ਲਈ ਵੰਗਾਰ ਬਣਨਗੇ ਅਤੇ ਕਿਨ੍ਹਾਂ ਰਾਹੀਂ ਸਮਿਆਂ ਦਾ ਦੁੱਖ, ਦਰਦ, ਵੈਣ, ਕੀਰਨੇ ਅਤੇ ਅਲਾਹੁਣੀਆਂ ਨੂੰ ਉਲਥਾਇਆ ਜਾਵੇਗਾ? ਹੁਣ ਤਾਂ ਸਿਰਫ ਖਾਮੋਸ਼ੀ ਹੀ ਹੈ, ਜੋ ਚੁੱਪ ਦੀ ਅਵਾਜ਼ ਬਣ ਕੇ ਚੌਗਿਰਦੇ ਵਿਚ ਬੇਗਾਨਗੀ ਦੀ ਜੂਨ ਹੰਢਾਉਣ ਲਈ ਮਜਬੂਰ ਏ। ਕੋਈ ਨਹੀਂ ਉਸ ਦੀ ਹੂਕ ਸੁਣਨ ਲਈ ਤਿਆਰ? ਹਰੇਕ ਹੈ ਮਾਨਸਿਕ ਤੌਰ ‘ਤੇ ਬਿਮਾਰ। ਫਿਰ ਕੌਣ ਲਵੇਗਾ ਸਮਾਜਕ ਅਲਾਮਤਾਂ ਦੀ ਸਾਰ?
ਹੇ ਨਾਨਕ! ‘ਗਲੀਂ ਅਸੀ ਚੰਗੀਆ ਅਚਾਰੀ ਬੁਰੀਆਹ…’ ਰਾਹੀਂ ਮਨੁੱਖੀ ਮਨ ਦੀਆਂ ਤਹਿਆਂ ਫਰੋਲ ਕੇ ਉਨ੍ਹਾਂ ਵਿਚਲਾ ਕੁਸੱਤ, ਕਮੀਨਗੀ ਅਤੇ ਕੁਹਜ ਨੂੰ ਜੱਗ-ਜਾਹਰ ਕਰਨ ਵਾਲਿਆ, ਅਸੀਂ ਤਾਂ ਪਰਤਾਂ ਵਿਚ ਜਿਉਣਾ ਸਿੱਖ ਲਿਆ ਏ। ਅਸੀਂ ਮੌਕੇ ਵੇਖ ਕੇ ਗਿਰਗਿਟ ਵਾਂਗ ਰੰਗ, ਲਿਬਾਸ, ਬੋਲ ਅਤੇ ਅੰਦਾਜ਼ ਬਦਲਣ ਦੇ ਮਾਹਰ ਹੋ ਗਏ ਹਾਂ। ਸਾਨੂੰ ਤੇਰੀ ਇਸ ਸਿਖਿਆ ਨਾਲ ਕੋਈ ਸਰੋਕਾਰ ਨਹੀਂ, ਕਿਉਂਕਿ ਆਪਣੇ ਨਿੱਜ ਨੂੰ ਪਹਿਲ ਦੇਣੀ, ਰੋਬੋਟ ਵਾਂਗ ਭਾਵਹੀਣ ਹੋਣਾ, ਗੈਰਤ ਵੇਚਣਾ, ਜ਼ਮੀਰ ਦੀ ਬੋਲੀ ਲਾਉਣੀ ਜਾਂ ਖੁਦ ਹੀ ਚੌਰਾਹੇ ਜਾ ਕੇ ਆਪਣੀ ਨਿਲਾਮੀ ਲਾਉਣਾ, ਆਮ ਵਰਤਾਰਾ ਏ। ਦਿਖਾਵੇ ਦੇ ਤਾਂ ਸਿੱਖ ਹਾਂ, ਪਰ ਅਸੀਂ ਅ-ਸਿੱਖ ਹਾਂ। ਜ਼ਹਿਨੀਅਤ ਹੈ ਜਿਨ੍ਹਾਂ ਦੀ ਬਿਮਾਰ। ਤੇਰੇ ਬੋਲ 500 ਸਾਲ ਪਹਿਲਾਂ ਵੀ ਸੱਚੇ ਸਨ ਅਤੇ ਹੁਣ ਵੀ ਬਿਲਕੁਲ ਸੱਚੇ। ਬਦਲਿਆ ਤਾਂ ਕੁਝ ਵੀ ਨਹੀਂ। ਸਿਰਫ ਸਾਲ ਅਤੇ ਕੈਲੰਡਰ ਬਦਲੇ ਨੇ।
ਹੇ ਬਾਬਾ ਨਾਨਕ! ਤੇਰੇ ਬਾਣੀ-ਬੋਲਾਂ “ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ…” ਦੀ ਰੂਹ ਕੁਰਲਾਉਂਦੀ ਹੋਵੇਗੀ ਕਿ ਤੇਰੇ ਹੀ ਵਾਰਸਾਂ ਨੇ ਹਵਾ ਪ੍ਰਦੂਸ਼ਿਤ ਕਰ ਦਿਤੀ ਏ, ਪਾਣੀ ਨੂੰ ਪਲੀਤ ਕਰ ਦਿਤਾ ਏ ਅਤੇ ਧਰਤ ਕੀਟਨਾਸ਼ਕਾਂ ਤੇ ਖਾਦਾਂ ਨਾਲ ਜ਼ਹਿਰੀਲੀ ਕਰ ਦਿਤੀ ਏ। ਹੁਣ ਖੇਤਾਂ ਵਿਚ ਖੁਦਕੁਸ਼ੀਆਂ ਦੀ ਫਸਲ ਉਗਦੀ ਏ। ਦਰਿਆ ਬਰੇਤੇ ਬਣ ਗਏ ਨੇ ਅਤੇ ਸਿਸਕਦੀ ਏ ਪੌਣ। ਤੇਰੀ ਸੁਮੱਤ ਨੂੰ ਭੁਲਾ ਕੇ ਕੁਮੱਤ ਦਾ ਸ਼ਿਕਾਰ ਹੋਏ ਤੇਰੇ ਵਾਰਸਾਂ ਤੋਂ ਤੇਰੇ ਬੋਲਾਂ ‘ਤੇ ਪਹਿਰੇ ਦੀ ਆਸ ਕਿਵੇਂ ਰੱਖੀ ਜਾ ਸਕਦੀ ਏ? ਅਜਿਹੇ ਵਾਰਸਾਂ ਨੂੰ ਦੱਸ ਕੀ ਕਹਾਂ? ਪੀੜਤ ਮਨ ਤੇਰੇ ਬਾਣੀ ਬੋਲਾਂ ਦੀ ਦੁਹਾਈ ਦਿੰਦਾ ਕੂਕਦਾ ਏ “ਰੁੰਡ-ਮਰੁੰਡ ਰੁੱਖ, ਬੰਜਰ ਕੁੱਖ, ਬੇਗੈਰਤ ਮਨੁੱਖ ਅਤੇ ਉਹ ਪੁੱਛਦੇ ਨੇ ਪੰਜਾਬ ਨੂੰ ਕਿਹੜਾ ਏ ਦੁੱਖ?”
ਹੇ ਬਾਬਾ ਨਾਨਕ! ਤੂੰ “ਤਖਤ ਬਹੈ ਤਖਤੇ ਕੇ ਲਾਇਕ…” ‘ਤੇ ਪਹਿਰਾ ਦਿਤਾ। ਪੁੱਤਰ ਮੋਹ ਨੂੰ ਨਕਾਰ ਕੇ ਭਾਈ ਲਹਿਣਾ ਨੂੰ ਗੁਰਗੱਦੀ ਬਖਸ਼ੀ ਤਾਂ ਕਿ ਉਹ ਸਿੱਖੀ ਦੀ ਵਿਚਾਰਧਾਰਾ ਨੂੰ ਉਸ ਸੰਦਰਭ ਵਿਚ ਲੋਕਾਈ ਤੀਕ ਪਹੁੰਚਾ ਸਕੇ, ਜੋ ਤੂੰ ਪਹੁੰਚਾਈ ਸੀ। ਇਹ ਤੁਹਾਡੀ ਦਿੱਭ-ਦ੍ਰਿਸ਼ਟੀ ਅਤੇ ਭਵਿੱਖ ਮੁਖੀ ਸੋਚ ਦਾ ਪ੍ਰਤਾਪ ਹੀ ਸੀ ਕਿ ਸਿੱਖ ਧਰਮ ਦੁਨੀਆਂ ਦਾ ਪੰਜਵਾਂ ਵੱਡਾ ਧਰਮ ਬਣ ਕੇ ਸਮੁੱਚੀ ਮਨੁੱਖਤਾ ਨੂੰ ਪ੍ਰਭਾਵਿਤ ਕਰ ਰਿਹਾ ਏ, ਪਰ ਹੁਣ ਤਾਂ ਤਖਤਾਂ ਤੇ ਗੱਦੀਆਂ ਦੀ ਵਸੀਅਤ ਹੁੰਦੀ। ਇਹ ਵਸੀਅਤਨਾਮਾ ਪੀੜ੍ਹੀ ਦਰ ਪੀੜ੍ਹੀ ਕਾਇਮ ਏ। ਕੌਣ ਜਾਣਦਾ ਏ ਲਿਆਕਤ, ਯੋਗਤਾ, ਗਿਆਨ ਜਾਂ ਸਮਰੱਥਾ ਨੂੰ। ਸਿਰਫ ਗਲਬਾ ਕਾਇਮ ਕਰਨ ਲਈ ਤਖਤ ਤੇ ਗੱਦੀਆਂ ਵਰਤੀਆਂ ਜਾ ਰਹੀਆਂ ਨੇ। ਇਸ ਵਿਚੋਂ ਕਿਹੜੀ ਚੰਗਿਆਈ ਤੇ ਸੁਚੱਜ ਦੀ ਆਸ ਰੱਖੋਗੇ? ਕਿਹੜੇ ਦਾਅਵਿਆਂ ਦੀ ਪੂਰਤੀ ਹੋਵੇਗੀ? ਕਿਸ ਤਰ੍ਹਾਂ ਦੀ ਲੋਕ-ਭਲਾਈ ਨੂੰ ਤਰਜ਼ੀਹ ਦੇਵੋਗੇ? ਕਿਹੜੇ ਸਮਾਜ ਜਾਂ ਧਰਮ ਨੂੰ ਉਚੇਰੀਆਂ ਬੁਲੰਦੀਆਂ ਤੀਕ ਪਹੁੰਚਾਉਣ ਅਤੇ ਦਿੱਖ ਨੂੰ ਰੁਸ਼ਨਾਉਣ ਲਈ ਮਨ-ਚਾਹਨਾ ਪੈਦਾ ਹੋਵੇਗੀ? ਨਿੱਜੀ ਮੁਫਾਦ ਤੀਕ ਸੀਮਤ ਹੋ ਗਈ ਸੋਚ ਵਿਚੋਂ ਕਿਸੇ ਚੰਗਿਆਈ ਦੀ ਆਸ ਰੱਖਣਾ ਬੇਥਵਾ ਤੇ ਬੇਲੋੜਾ। ਅਸੀਂ ਅਜਿਹੀ ਮਾਨਸਿਕਤਾ ਦੇ ਸ਼ਿਕਾਰ। ਆਮ ਸਿੱਖ ਭੁਗਤ ਰਿਹਾ ਏ ਚੌਧਰੀਆਂ ਦੀ ਨਾਕਾਮੀ, ਬਦਨਾਮੀ ਅਤੇ ਬੇਗੈਰਤਾ ਦਾ ਖਮਿਆਜ਼ਾ।
ਹੇ ਬਾਬਾ ਨਾਨਕ! ਮੈਨੂੰ ਪਤਾ ਹੈ ਕਿ ਬਹੁਤੇ ਸਿੱਖ ਤੇਰੇ ਗੁਣਗਾਨ ਕਰ ਰਹੇ ਨੇ। ਇਸ ਵਿਚੋਂ ਹੀ ਬਹੁਤ ਸਾਰਿਆਂ ਦੀ ਰੋਜ਼ੀ-ਰੋਟੀ ਦਾ ਜੁਗਾੜ ਜੁ ਬਣਦਾ, ਕਿਉਂਕਿ ਹੁਣ ਗੁਰਬਾਣੀ ਵਿੱਕ ਰਹੀ ਏ, ਕੀਰਤਨ ਵਿਕਾਊ ਏ ਅਤੇ ਧਰਮ-ਪ੍ਰਚਾਰ ਮੁੱਲ ਦਾ ਏ। ਸੱਚ ਨੂੰ ਸੱਚ ਕਹਿਣ ਅਤੇ ਸੱਚ ਜਿਉਣ ਦੀ ਜੁਅਰਤ ਨਹੀਂ। ਅਜਿਹੇ ਵਕਤਾਂ ਵਿਚ ਤੇਰੀ ਬਾਣੀ ਦੇ ਕਠੋਰ ਸੱਚ ਦਾ ਜੁਰਅਤੀ ਅੰਦਾਜ਼ ਅਤੇ ਧਰਮ ਦੇ ਠਾਕਰਾਂ ਨੂੰ ਕਟਹਿਰੇ ਵਿਚ ਖੜ੍ਹਾ ਕਰਨ ਦੀ ਹਿੰਮਤ ਕਿਸ ਕੋਲ ਏ? ਜਦ ਲੋਕਾਂ ਨੂੰ ਨਿਤਾਣੇ, ਨਿਮਾਣੇ, ਖੁਦਗਰਜ਼, ਬੇਗੈਰਤ ਬਣਾ ਦਿਤਾ ਜਾਵੇ ਤਾਂ ਲੋਕਾਂ ਦਾ ਇਕੱਠ ਗੁੰਗਾ ਹੀ ਹੁੰਦਾ।
ਕਲਮ ਦੀ ਕੂਕ, ਫਿਜਾ ਨੂੰ ਵਾਸਤਾ ਪਾਉਂਦੀ ਏ,
ਹੇ ਬਾਬਾ ਨਾਨਕ!
ਤੂੰ ਗੁੰਮ ਏਂ
ਸਾਡੇ ਬੋਲਾਂ ਵਿਚੋਂ
ਹਰਫਾਂ ਵਿਚੋਂ
ਅਰਥ-ਅਰਾਧਨਾ ਵਿਚੋਂ
ਸਾਡੀ ਸੋਚ ‘ਚੋਂ
ਕਰਮ-ਸਾਧਨਾ ਵਿਚੋਂ
ਤੇ ਧਰਮ-ਆਸਥਾ ਵਿਚੋਂ।

ਤੂੰ ਗੁੰਮ ਏਂ
ਦ੍ਰਿਸ਼ਟੀ ਵਿਚੋਂ
ਸੁਹਜ-ਸੰਵੇਦਨਾ ਵਿਚੋਂ
ਤਰਕਸੰਗਤਾ ਵਿਚੋਂ
ਸੰਜੀਦਗੀ ਵਿਚੋਂ
ਤੇ ਸੁਪਨ-ਸੰਸਾਰ ਵਿਚੋਂ।

ਤੂੰ ਤਾਂ ਖਾਮੋਸ਼ ਹੋ ਜਾਂਦਾ
ਜਦ ਅਸੀਂ ਤੈਨੂੰ ਭਾਲਦੇ
ਮੁਖੌਟਿਆਂ ਵਿਚ
ਵੇਸਾਂ ਵਿਚ
ਭੇਖਾਂ ਵਿਚ
ਸਤਹੀ ਉਪਦੇਸ਼ਾਂ ਵਿਚ
ਤੇ ਸੰਗਮਰਮਰੀ ਅਸਥਾਨਾਂ ਵਿਚ।

ਸਾਨੂੰ ਤਾਂ ਚੇਤਾ ਹੀ ਨਹੀਂ ਰਿਹਾ
ਕਿ ਤੂੰ ਤਾਂ ਵੱਸਦਾ ਏਂ
ਝੁੱਗੀਆਂ ਵਿਚ
ਚੀਥੜੇ ਲਿਬਾਸ ਵਿਚ
ਖੁਰਦਰੇ ਹੱਥਾਂ ‘ਚ
ਬਿਆਈਆਂ ਵਾਲੇ ਪੈਰਾਂ ‘ਚ
ਸੱਚ-ਸੰਵੇਦਨਾ ‘ਚ
ਹੱਡੀਂ ਉਕਰੇ ਸੱਚ ‘ਚ
ਤੇ ਵੇਈਂ ਦੇ ਪਾਣੀਆਂ ਵਿਚ।

ਹੇ ਬਾਬਾ ਨਾਨਕ!
ਸਾਨੂੰ ਸੁਮੱਤ ਦੇ ਕਿ
ਖੁਦ ਦੇ ਰੂਬਰੂ ਹੋਈਏ
ਨਾਨਕ-ਮੱਤ ਨੂੰ ਸੋਚ-ਜੂਹੇ ਲਾ
ਨਾਨਕ-ਸੋਚ ਦਾ ਲੜ ਫੜ
ਨਾਨਕ-ਮਾਰਗੀ ਬਣ
ਅੰਤਰੀਵ ਵਿਚਲੇ ਨਾਨਕ ਨੂੰ ਜਗਾਈਏ।
ਹੇ ਬਾਬਾ ਨਾਨਕ! ਹਰਫਾਂ ਰਾਹੀਂ ਸਿੱਖ ਸਮਾਜ ਵਿਚ ਪਏ ਕੁਹਜਾਂ ਨੂੰ ਤੇਰੇ ਸਨਮੁੱਖ ਕਰਦਿਆਂ ਸ਼ਾਇਦ ਸ਼ਬਦਾਂ ਨੂੰ ਤਲਖ ਹੋਣਾ ਪਿਆ। ਇਹ ਤਾਂ ਹੋਣਾ ਹੀ ਸੀ ਕਿਉਂਕਿ ਕਿੰਨਾ ਕੁ ਚਿਰ ਇਨ੍ਹਾਂ ਸ਼ਬਦਾਂ ਵਿਚਲੀ ਸੰਵੇਦਨਾ ਨੂੰੰ ਸੁਲਘਦਾ ਰੱਖਦਾ। ਆਖਰ ਇਸ ਨੂੰ ਵੀ ਰਾਹਤ ਚਾਹੀਦੀ ਏ। ਇਸ ਲਈ ਮੇਰਾ ਮਨ, ਤੇਰੇ ਨਾਲ ਦੁੱਖ-ਸੁੱਖ ਫਰੋਲਣ ਦਾ ਸੀ। ਮਨ ਦੀਆਂ ਤਹਿਆਂ ਫਰੋਲ ਕੇ ਕੁਝ ਰਾਹਤ ਮਿਲੀ ਏ। ਉਮੀਦ ਹੈ ਕਿ ਤੁਸੀਂ ਅਜੋਕੇ ਕੁਸੈਲੇ ਸੱਚ ਨੂੰ ਸਮਝ ਕੇ, ਮਾਨਵੀ ਬਿਰਤੀ ਵਿਚ ਕੁਝ ਚੰਗੇਰਾ ਕਰਨ, ਜੁਗਤ ਬਣਾਉਣ ਅਤੇ ਹਰਫਾਂ ਵਿਚੋਂ ਸੂਹੇ ਅਰਥ ਉਗਾਉਣ ਦੀ ਅਰਾਧਨਾ ਨੂੰ ਉਤੇਜਿਤ ਕਰਦੇ ਰਹੋਗੇ ਤਾਂ ਕਿ ਸੱਚ ਹਮੇਸ਼ਾ ਜਿਉਂਦਾ ਰਹਿਣਾ ਏ। ਹੁਣ ਤਾਂ ਕਲਮ ਇਹ ਕੂਕਣ ਲਈ ਮਜਬੂਰ ਹੈ,
ਸਿੱਖਾਂ ਦਾ ਗੁਰੂ ਅਤੇ ਮੁਸਲਮਾਨਾਂ ਲਈ ਪੀਰ,
ਆਓ, ਲੱਭੀਏ ਸਭ ਦਾ ਨਾਨਕ ਸ਼ਾਹ ਫਕੀਰ?