ਸਬਰ ਦੀ ਦਾਸਤਾਨ: ਸ਼ਹੀਦ ਊਧਮ ਸਿੰਘ ਦੇ ਜੀਵਨ ਦੇ ਵਰਕੇ ਫਰੋਲਦੀ ਕਿਤਾਬ ‘ਦਿ ਪੇਸ਼ੈਂਟ ਅਸੈਸਿਨ’

ਸੁਰਿੰਦਰ ਸਿੰਘ ਤੇਜ
ਘਟਨਾ 13 ਮਾਰਚ 1940 ਦੀ ਹੈ। ਵੈਸਟਮਿਨਸਟਰ (ਲੰਡਨ) ਵਿਚ ਬ੍ਰਿਟਿਸ਼ ਪਾਰਲੀਮੈਂਟ ਦੇ ਐਨ ਨੇੜੇ ਕੈਕਸਟਨ ਹਾਲ ਵਿਚ ਜਲਸੇ ਲਈ ਕਾਫੀ ਵੱਡੀ ਭੀੜ ਜੁੜੀ ਹੋਈ ਸੀ। ਦਾਖਲਾ ਕਾਰਡਾਂ ਦੀ ਫੀਸ ਕਾਫੀ ਉਚੀ ਸੀ, ਪਰ ਬੁਲਾਰਿਆਂ ਦੇ ਨਾਂ ਅਤੇ ਰੁਤਬੇ ਹੀ ਅਜਿਹੇ ਸਨ ਕਿ ਲੋਕ ਉਨ੍ਹਾਂ ਨੂੰ ਸੁਣਨ ਲਈ ਦੂਰੋਂ-ਦੂਰੋਂ ਆਏ। ਬ੍ਰਿਟੇਨ ਅਤੇ ਉਸ ਦੇ ਇਤਿਹਾਦੀ ਮੁਲਕ, ਉਨ੍ਹੀਂ ਦਿਨੀਂ ਦੂਜੇ ਸੰਸਾਰ ਯੁੱਧ ਵਿਚ ਪੂਰੀ ਤਰ੍ਹਾਂ ਖੁੱਭ ਚੁਕੇ ਸਨ। ਲਿਹਾਜ਼ਾ, ਦੇਸ਼-ਪਿਆਰ ਦੇ ਜਜ਼ਬੇ ਦੇ ਬਾਵਜੂਦ ਲੋਕ ਆਪਣੀਆਂ ਚਿੰਤਾਵਾਂ ਦਾ ਹੱਲ ਵੀ ਚਾਹੁੰਦੇ ਸਨ।

ਜਲਸੇ ਵਿਚ ਵਿਚਾਰ-ਚਰਚਾ ਦਾ ਵਿਸ਼ਾ ਸੀ: ‘ਅਫਗਾਨਿਸਤਾਨ ਦੇ ਹਾਲਾਤ ਅਤੇ ਉਸ ਮੁਲਕ ਨੂੰ ਜਰਮਨੀ ਦੇ ਇਤਿਹਾਦੀ ਸੋਵੀਅਤ ਸੰਘ ਤੋਂ ਦਰਪੇਸ਼ ਖਤਰੇ।’ ਬੁਲਾਰੇ ਸਨ: ਸਰ ਮਾਈਕਲ ਓ’ਡਵਾਇਰ, ਲਾਰਡ ਜ਼ੈੱਟਲੈਂਡ, ਸਰ ਲੂਈਸ ਡੇਨ ਅਤੇ ਲਾਰਡ ਲੈਮਿੰਗਟਨ। ਚਾਰੋਂ ਆਪਣੇ ਆਪ ਨੂੰ ਭਾਰਤ ਅਤੇ ਦੱਖਣੀ ਏਸ਼ੀਆ ਦੇ ਮਾਮਲਿਆਂ ਦੇ ਮਾਹਿਰ ਸਮਝਦੇ ਸਨ। ਓ’ਡਵਾਇਰ ਜੱਲ੍ਹਿਆਂਵਾਲਾ ਬਾਗ ਸਾਕੇ ਸਮੇਂ ਪੰਜਾਬ ਦਾ ਲੈਫਟੀਨੈਂਟ ਗਵਰਨਰ ਸੀ। ਉਸ ਨੇ ਨਾ ਸਿਰਫ ਇਸ ਸਾਕੇ ਨੂੰ ਜਾਇਜ਼ ਠਹਿਰਾਇਆ ਸੀ, ਸਗੋਂ ਇਸ ਤੋਂ ਅਗਲੇ ਹੀ ਦਿਨ ਗੁੱਜਰਾਂਵਾਲਾ ਵਿਚ ਜੁੜੇ ਲੋਕਾਂ ‘ਤੇ ਜਹਾਜਾਂ ਰਾਹੀਂ ਬੰਬਾਰੀ ਅਤੇ ਗੋਲੀਬਾਰੀ ਵੀ ਕਰਵਾਈ ਸੀ। ਲਾਰਡ ਜ਼ੈੱਟਲੈਂਡ ਬ੍ਰਿਟਿਸ਼ ਕੈਬਨਿਟ ਵਿਚ ਭਾਰਤ ਬਾਰੇ ਮੰਤਰੀ ਸੀ। ਲੂਈਸ ਡੇਨ, ਓ’ਡਵਾਇਰ ਤੋਂ ਪੂਰਬੀ ਪੰਜਾਬ ਦਾ ਲੈਫਟੀਨੈਂਟ ਗਵਰਨਰ ਸੀ। ਲਾਰਡ ਲੈਮਿੰਗਟਨ ਬੰਬੇ ਪ੍ਰੈਜ਼ੀਡੈਂਸੀ ਦਾ ਸਾਬਕਾ ਗਵਰਨਰ ਸੀ।
ਭਾਸ਼ਣਾਂ ਦਾ ਸਿਲਸਿਲਾ ਮੁੱਕਦਿਆਂ ਹੀ ਇਕ ਟੋਪਧਾਰ ਸ਼ਖਸ ਨੇ ਓ’ਡਵਾਇਰ ਦੇ ਐਨ ਨੇੜੇ ਢੁੱਕ ਕੇ ਰਿਵਾਲਵਰ ਕੱਢਿਆ। ਓ’ਡਵਾਇਰ ਨੂੰ ਦੋ ਗੋਲੀਆਂ ਲੱਗੀਆਂ। ਉਹ ਥਾਂ ‘ਤੇ ਹੀ ਢੇਰ ਹੋ ਗਿਆ। ਬਾਕੀ ਤਿੰਨ ਬੁਲਾਰਿਆਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਪਰ ਸਮਿੱਥ ਐਂਡ ਵੈਸਨ ਰਿਵਾਲਵਰ ਵਿਚ ਸਮੱਸਿਆ ਕਾਰਨ ਗੋਲੀਬਾਰੀ ਬਹੁਤੀ ਅਸਰਦਾਰ ਸਾਬਤ ਨਾ ਹੋਈ। ਹਮਲਾਵਰ ਆਪਣੀ ਤਰਫੋਂ ਪੂਰੀ ਤਿਆਰੀ ਕਰ ਕੇ ਆਇਆ ਸੀ ਪਰ ਰਿਵਾਲਵਰ ਦਾ ਬੋਰ ਵੱਡਾ ਹੋਣ ਅਤੇ ਗੋਲੀਆਂ ਦਾ ਕੈਲੀਬਰ ਘੱਟ ਹੋਣ ਦੀ ਅਸਲੀਅਤ ਤੋਂ ਵਾਕਫ ਨਹੀਂ ਸੀ। ਜ਼ੈੱਟਲੈਂਡ ਮਾਮੂਲੀ ਜ਼ਖਮੀ ਹੋਇਆ, ਬਾਕੀ ਦੋਵੇਂ ਵੱਧ ਫੱਟੜ ਹੋਏ। ਹਮਲਾਵਰ ਨੇ ਬਚ ਨਿਕਲਣ ਦੀ ਕੋਸ਼ਿਸ਼ ਨਹੀਂ ਕੀਤੀ। ਗ੍ਰਿਫਤਾਰੀ ਦਿੱਤੀ, ਆਪਣਾ ਨਾਂ ਮੁਹੰਮਦ ਸਿੰਘ ਆਜ਼ਾਦ ਦੱਸਿਆ ਅਤੇ ਕਬੂਲਿਆ ਕਿ ਉਸ ਦਾ ਅਸਲ ਨਿਸ਼ਾਨਾ ਤਾਂ ਮਾਈਕਲ ਓ’ਡਵਾਇਰ ਹੀ ਸੀ, ਬਾਕੀ ਤਿੰਨ ਤਾਂ ਬੋਨਸ ਵਾਂਗ ਸਨ।
ਇਹ ਨਾਟਕੀ ਅੰਸ਼ ਬ੍ਰਿਟਿਸ਼ ਪੱਤਰਕਾਰ, ਲੇਖਕ ਤੇ ਪੇਸ਼ਕਾਰ ਅਨੀਤਾ ਆਨੰਦ ਦੀ ਕਿਤਾਬ ‘ਦਿ ਪੇਸ਼ੈਂਟ ਅਸੈਸਿਨ’ (ਧੀਰਜਵਾਨ ਹੱਤਿਆਰਾ) ਦਾ ਹਿੱਸਾ ਹੈ। ਮੁਹੰਮਦ ਸਿੰਘ ਆਜ਼ਾਦ ਉਰਫ ਸ਼ਹੀਦ ਊਧਮ ਸਿੰਘ ਸਾਡੇ ਲਈ ਭਾਰਤੀ ਆਜ਼ਾਦੀ ਸੰਗਰਾਮ ਦਾ ਮਹਾਂਨਾਇਕ ਹੈ। ਭਾਰਤੀ ਸਿਆਸੀ-ਸਮਾਜਕ ਦ੍ਰਿਸ਼ਾਵਲੀ ਨਾਲ ਜੁੜੀਆਂ ਸਭ ਧਿਰਾਂ ਉਸ ਨੂੰ ਆਪਣਾ ਆਦਰਸ਼ ਦੱਸਦੀਆਂ ਹਨ। ਮੁਹੰਮਦ ਸਿੰਘ ਆਜ਼ਾਦ ਦੱਸ ਕੇ ਉਸ ਨੇ ਆਪਣੇ ਆਪ ਨੂੰ ਸੈਕੂਲਰਵਾਦ ਦੇ ਪ੍ਰਤੀਕ ਵਜੋਂ ਉਭਾਰਿਆ, ਇਸ ਉਤੇ ਹਿੰਦੂਤਵੀ ਸੱਜੇ-ਪੰਥੀਆਂ ਨੂੰ ਕੋਈ ਉਜ਼ਰ ਨਹੀਂ। ਨਾ ਹੀ ਕੋਈ ਉਜ਼ਰ ਉਸ ਕਾਂਗਰਸ ਨੂੰ ਹੈ, ਜਿਸ ਦੇ ਮੋਹਤਬਰ ਮਹਾਤਮਾ ਗਾਂਧੀ ਨੇ ਓ’ਡਵਾਇਰ ਦੇ ਕਤਲ ਨੂੰ ‘ਪਾਗਲਪੰਥੀ’ ਅਤੇ ਜਵਾਹਰ ਲਾਲ ਨਹਿਰੂ ਨੇ ‘ਅਫਸੋਸਨਾਕ ਕਾਰਵਾਈ’ ਦੱਸਿਆ ਸੀ (ਇਹ ਵੀ ਵਿਡੰਬਨਾ ਹੈ ਕਿ ਇਸੇ ਕਾਂਗਰਸ ਦੇ ਸਰਬਰਾਹਾਂ ਨੇ ਸਾਢੇ ਤਿੰਨ ਦਹਾਕੇ ਬਾਅਦ ਊਧਮ ਸਿੰਘ ਦੀਆਂ ਅਸਥੀਆਂ ਨੂੰ ਬਰਤਾਨਵੀ ਕਬਰ ਵਿਚੋਂ ਕਢਵਾ ਕੇ ਕੌਮੀ ਸਨਮਾਨਾਂ ਨਾਲ ਵਤਨ ਲਿਆਂਦਾ ਅਤੇ ਸ਼ਹੀਦ ਦਾ ਦਰਜਾ ਦਿੱਤਾ)।
ਊਧਮ ਸਿੰਘ ਬਾਰੇ ਅੰਗਰੇਜ਼ੀ, ਪੰਜਾਬੀ ਅਤੇ ਹਿੰਦੀ ਵਿਚ ਦੋ ਦਰਜਨ ਦੇ ਕਰੀਬ ਕਿਤਾਬਾਂ ਮੌਜੂਦ ਹਨ। ਮਰਾਠੀ ਤੇ ਹੋਰ ਭਾਰਤੀ ਭਾਸ਼ਾਵਾਂ ਦੀਆਂ ਪ੍ਰਕਾਸ਼ਨਾਵਾਂ ਮਿਲਾ ਕੇ ਇਹ ਗਿਣਤੀ ਕਾਫੀ ਵੱਡੀ ਹੋ ਜਾਂਦੀ ਹੈ। ਪ੍ਰਿੰਸੀਪਲ ਪਾਖਰ ਸਿੰਘ ਦੀ ਕਿਤਾਬ ‘ਭਾਰਤ ਦਾ ਗੌਰਵ’ ਅਤੇ ਡਾ. ਸਿਕੰਦਰ ਸਿੰਘ ਰਚਿਤ ‘ਦਿ ਟ੍ਰਾਇਲ ਆਫ ਊਧਮ ਸਿੰਘ’ ਆਪੋ ਆਪਣੇ ਪ੍ਰਕਾਸ਼ਨ ਸਮੇਂ ਕਾਫੀ ਚਰਚਿਤ ਰਹੀਆਂ ਹਨ ਅਤੇ ਹੁਣ ਵੀ ਜਾਣਕਾਰੀ ਦਾ ਮੁੱਖ ਸਰੋਤ ਹਨ। ਕੌਮੀ ਨਾਇਕਾਂ ਦਾ ਜੀਵਨੀ-ਲੇਖਣ ਆਸਾਨ ਵਿਧਾ ਨਹੀਂ। ਲੇਖਕ ਉਤੇ ਸੰਸਕਾਰਾਂ ਤੇ ਮਨੋ-ਸਮਾਜਕ ਵਲਵਲਿਆਂ ਦਾ ਦਬਾਅ ਹੀ ਇੰਨਾ ਹੁੰਦਾ ਹੈ ਕਿ ਉਹ ਮਹਿਮਾਕਾਰੀ ਵੇਗਾਂ ਤੋਂ ਆਪਣਾ ਬਚਾਅ ਨਹੀਂ ਕਰ ਪਾਉਂਦਾ। ਅਨੀਤਾ ਆਨੰਦ ਨੇ ਅਜਿਹੀ ਬੇਲੋੜੀ ਉਸਤਤ ਤੋਂ ਬਚਣ ਦਾ ਯਤਨ ਕੀਤਾ ਹੈ, ਪਰ ਉਹ ਇਸ ਯਤਨ ਨੂੰ ਪੂਰਾ ਕਾਮਯਾਬ ਨਹੀਂ ਮੰਨਦੀ। ਉਸ ਅਨੁਸਾਰ ਊਧਮ ਸਿੰਘ ਦਾ ਕਿਰਦਾਰ ਹੀ ਇੰਨਾ ਹੈਰਤਅੰਗੇਜ਼ ਸੀ ਕਿ ਉਸ ਉਤੇ ਰਸ਼ਕ ਕਰਨ ਤੋਂ ਬਚਿਆ ਨਹੀਂ ਸੀ ਜਾ ਸਕਦਾ। ਸੁਨਾਮ ਦੇ ਗਰੀਬ, ਕੰਬੋਜ ਪਰਿਵਾਰ ਵਿਚ ਜਨਮਿਆ ਪਰ ਬਹੁਤ ਨਿੱਕੀ ਉਮਰੇ ਯਤੀਮ ਹੋਣ ਕਾਰਨ ਅੰਮ੍ਰਿਤਸਰ ਦੇ ਸੈਂਟਰਲ ਖਾਲਸਾ ਯਤੀਮਖਾਨੇ ਵਿਚ ਪਲਿਆ ਸਾਧਾਰਨ ਮੁੰਡਾ ਜਲ੍ਹਿਆਂਵਾਲਾ ਬਾਗ ਦੇ ਖੂਨੀ ਸਾਕੇ ਤੋਂ ਇਸ ਹੱਦ ਤਕ ਦੁਖੀ ਹੋਇਆ ਕਿ ਕਹਿਰਵਾਨਾਂ ਦੀ ਜਾਨ ਦੀ ਠਾਣ ਲਈ। ਇਸ ਮਿਸ਼ਨ ਦੀ ਪੂਰਤੀ ਦੀ ਖਾਤਿਰ ਉਸ ਨੂੰ ਅੱਧੀ ਦੁਨੀਆਂ ਗਾਹੁਣੀ ਪਈ, ਦਰਜਨਾਂ ਜੋਖਿਮ ਉਠਾਉਣੇ ਪਏ, ਕਈ ਕਸਬ ਅਪਨਾਉਣੇ ਪਏ, ਕਈ ਭੇਸ ਵਟਾਉਣੇ ਪਏ ਪਰ ਅੰਤ ਵਿਚ ਉਸ ਨੇ ਕਾਮਯਾਬੀ ਉਸੇ ਤਰ੍ਹਾਂ ਦੀ ਹਾਸਲ ਕੀਤੀ ਜਿਸ ਤਰ੍ਹਾਂ ਦੀ ਉਹ ਚਾਹੁੰਦਾ ਸੀ। ਬ੍ਰਿਟਿਸ਼ ਸਰਕਾਰ, ਤੇ ਇਕ ਹੱਦ ਤਕ ਕਈ ਤਤਕਾਲੀਨ ਭਾਰਤੀ ਨੇਤਾਵਾਂ ਨੇ ਵੀ, ਉਸ ਦੀ ਕਾਮਯਾਬੀ ਨੂੰ ਗਲਤ ਰੰਗਤ ਦੇਣ ਦੇ ਯਤਨ ਕੀਤੇ ਪਰ ਇਹ ਯਤਨ ਵੀ ਦੇਰ-ਸਵੇਰ ਨਾਕਾਮ ਸਾਬਤ ਹੋਏ।
ਅਨੀਤਾ ਆਨੰਦ ਦੀ ਕਿਤਾਬ ਊਧਮ ਸਿੰਘ ਦੀਆਂ ਖੂਬੀਆਂ ਦੇ ਨਾਲ-ਨਾਲ ਖਾਮੀਆਂ ਉਤੇ ਵੀ ਉਂਗਲ ਧਰਦੀ ਹੈ। ਕਿਤਾਬ ਅਨੁਸਾਰ ਊਧਮ ਸਿੰਘ ਆਪਣੇ ਮਿਸ਼ਨ ਉਪਰ ਇਸ ਹੱਦ ਤਕ ਕੇਂਦਰਿਤ ਸੀ ਕਿ ਉਸ ਨੇ ਨੈਤਿਕਤਾ ਤੇ ਅਨੈਤਿਕਤਾ ਦੀਆਂ ਹੱਦਾਂ ਦੀ ਪਰਵਾਹ ਨਹੀਂ ਕੀਤੀ। ਉਸ ਦੇ ਬਹੁਤੇ ਮਦਦਗਾਰਾਂ ਨੂੰ ਵੱਡੇ ਖਮਿਆਜ਼ੇ ਭੁਗਤਣੇ ਪਏ। ਅਜਿਹੇ ਲੋਕਾਂ ਵਿਚ ਅਨੀਤਾ ਦੇ ਪਤੀ ਸਇਮਨ ਸਿੰਘ ਦੇ ਕੁਝ ਵਡੇਰੇ ਵੀ ਸ਼ਾਮਲ ਸਨ। ਇੰਜ ਹੀ ਅਮਰੀਕਾ ਛੱਡਣ ਪਿਛੋਂ ਉਸ ਨੇ ਆਪਣੇ ਮੈਕਸਿਕੀ ਪਤਨੀ ਅਤੇ ਦੋ ਬੱਚਿਆਂ ਦੀ ਸਾਰ ਲੈਣੀ ਵੀ ਵਾਜਬ ਨਾ ਸਮਝੀ। ਅਨੀਤਾ ਮੁਤਾਬਿਕ ਜਿਵੇਂ ਊਧਮ ਸਿੰਘ ਨਿਰੋਲ ਦੁੱਧ-ਧੋਤੀ ਸ਼ਖਸੀਅਤ ਨਹੀਂ ਸੀ, ਉਵੇਂ ਮਾਈਕਲ ਓ’ਡਵਾਇਰ ਜਾਂ ‘ਅੰਮ੍ਰਿਤਸਰ ਦਾ ਬੁੱਚੜ’ ਬ੍ਰਿਗੇਡੀਅਰ ਜਨਰਲ ਰੈਗੀਨਾਲਡ ਡਾਇਰ ਵੀ ਨਿਰੇ ਸਿਆਹ ਕਿਰਦਾਰ ਨਹੀਂ ਸਨ। ਉਨ੍ਹਾਂ ਦੇ ਕਿਰਦਾਰ ਅੰਦਰ ਵੀ ਬਹੁਤ ਕੁਝ ਸਲ੍ਹੇਟੀ ਸੀ, ਪਰ ਹਜ਼ਾਰ ਤੋਂ ਵੱਧ ਬੇਦੋਸ਼ਿਆਂ ਦੀ ਬੇਕਿਰਕੀ ਨਾਲ ਜਾਨ ਲੈਣ ਅਤੇ ਅਜਿਹੇ ਕਾਰੇ ‘ਤੇ ਇਕ ਵਾਰ ਵੀ ਪਛਤਾਵਾ ਨਾ ਕਰਨ ਵਾਲੇ ਇਨ੍ਹਾਂ ਦੋਹਾਂ ਕਿਰਦਾਰਾਂ ਪ੍ਰਤੀ ਗੈਰ-ਅੰਤਰਮੁਖੀ ਪਹੁੰਚ ਅਪਨਾਉਣੀ ਵੀ ਉਸ ਲੇਖਕ ਲਈ ਆਪਣੀ ਰੂਹ ਦੇ ਸ਼ੋਸ਼ਣ ਤੋਂ ਘੱਟ ਨਹੀਂ ਜਿਸ ਦਾ ਆਪਣਾ ਦਾਦਾ ਈਸ਼ਵਰ ਦਾਸ ਆਨੰਦ 1919 ਦੇ ਸਾਕੇ ਵਾਲੇ ਦਿਨ ਜਲ੍ਹਿਆਂਵਾਲਾ ਬਾਗ ਵਿਚ ਹਾਜ਼ਰ ਸੀ ਅਤੇ ਸਾਰੀ ਜ਼ਿੰਦਗੀ ਇਸੇ ਝੋਰੇ ਨਾਲ ਘੁਲਦਾ ਰਿਹਾ ਕਿ ਕਤਲੇਆਮ ਵਾਪਰਨ ਤੋਂ ਚੰਦ ਮਿੰਟ ਪਹਿਲਾਂ ਕੋਈ ਘਰੇਲੂ ਕੰਮ ਯਾਦ ਆਉਣ ਕਾਰਨ ਉਹ ਬਾਗ ਤੋਂ ਬਾਹਰ ਕਿਉਂ ਗਿਆ।
‘ਦਿ ਪੇਸ਼ੈਂਟ ਅਸੈਸਿਨ’ ਅਨੀਤਾ ਆਨੰਦ ਦੀ ਤੀਜੀ ਕਿਤਾਬ ਹੈ। ਪਹਿਲੀ ਕਿਤਾਬ ‘ਸੋਫੀਆ’ ਮਹਾਰਾਜਾ ਦਲੀਪ ਸਿੰਘ ਦੀ ਬੇਟੀ ਬਾਰੇ ਸੀ। ਦੂਜੀ ‘ਕੋਹਿਨੂਰ’ ਨਾਮਵਰ ਇਤਿਹਸਕਾਰ ਵਿਲੀਅਮ ਡੈਲਰਿੰਪਲ ਨਾਲ ਉਸ ਦਾ ਸਾਂਝਾ ਉਦਮ ਸੀ। ਹੁਣ ਤੀਜੀ ਕਿਤਾਬ ਨਾ ਸਿਰਫ ਊਧਮ ਸਿੰਘ ਦੀ ਘਾਲਣਾ ਬਾਰੇ ਹੈ ਸਗੋਂ ਬਰਤਾਨਵੀ ਰਾਜ ਦੀ ਕਰਤੂਤਾ ਅਤੇ ਦੰਭ ਦਾ ਦਸਤਾਵੇਜ਼ੀ ਬਿਰਤਾਂਤ ਵੀ ਹੈ। ਜਾਸੂਸੀ ਨਾਵਲ ਵਰਗੀ ਰੌਚਿਕ ਹੋਣ ਦੇ ਬਾਵਜੂਦ ਇਹ ਕਿਤਾਬ ਊਧਮ ਸਿੰਘ ਦੇ ਸਮੁੱਚੇ ਪ੍ਰਸੰਗ ਨੂੰ ਸਮਕਾਲੀਨ ਆਭਾ ਤੇ ਪ੍ਰਸੰਗ ਬਖਸ਼ਦੀ ਹੈ। ਕਿਤਾਬ ਗਲਤੀਆਂ ਤੋਂ ਮੁਕਤ ਨਹੀਂ ਪਰ ਇਹ ਗਲਤੀਆਂ ਰੜਕਣ ਵਾਲੀਆਂ ਨਹੀਂ। ਰੜਕਣ ਵਾਲੀ ਗੱਲ ਸਿਰਫ ਇਕੋ ਹੈ: ਭਰਵੀਂ ਖੋਜ ਤੇ ਨਵੇਂ-ਨਰੋਏ ਪ੍ਰਮਾਣਾਂ ਦੇ ਬਾਵਜੂਦ ਇਹ ਕਿਤਾਬ ਅਤਿਅੰਤ ਅਹਿਮ ਭੇਤ ਖੋਲ੍ਹਣ ਵਿਚ ਨਾਕਾਮ ਰਹੀ ਹੈ ਕਿ 1919 ਦੇ ਸਾਕੇ ਵਾਲੇ ਦਿਨ ਊਧਮ ਸਿੰਘ ਜਲ੍ਹਿਆਂਵਾਲਾ ਬਾਗ ਅੰਦਰ ਮੌਜੂਦ ਸੀ ਜਾਂ ਨਹੀਂ।
1857 ਦਿੱਲੀ-ਦਿੱਲੀ: ਮਨਮੋਹਨ ਬਾਵਾ ਬਹੁਪੱਖੀ ਸ਼ਖਸੀਅਤ ਤੇ ਬਹੁਵਿਧਾਈ ਲੇਖਕ ਹੈ। ਪਹਾੜਾਂ ਉਤੇ ਨਵੀਆਂ ਪਗਡੰਡੀਆਂ ਤੇ ਨਿਵੇਕਲੀਆਂ ਪੈੜਾਂ ਬਣਾਉਣ ਵਾਲਾ; ਨਕਸ਼ਾ-ਨਵੀਸੀ ਤੇ ਚਿੱਤਰਕਾਰੀ ਦਾ ਮਾਹਿਰ ਅਤੇ ਸਾਹਿਤ ਦੇ ਖੇਤਰ ਵਿਚ ਯਾਤਰਾ-ਲੇਖਣ ਨੂੰ ਨਵੇਂ ਆਯਾਮ ਬਖਸ਼ਣ ਤੋਂ ਇਲਾਵਾ ਇਤਿਹਾਸ ਨੂੰ ਗਲਪ ਦੇ ਨਕਸ਼ ਤੇ ਗਲਪ ਨੂੰ ਇਤਿਹਾਸ ਦੀ ਨੁਹਾਰ ਦੇਣ ਵਾਲਾ। ਇਸ ਆਖਰੀ ਖੂਬੀ ਦਾ ਪ੍ਰਮਾਣ ਉਸ ਦਾ ਨਵਾਂ ਨਾਵਲ ‘1857 ਦਿੱਲੀ-ਦਿੱਲੀ’ ਹੈ। ਇਹ ਨਾਵਲ 1857 ਦੇ ਸੰਗਰਾਮ ਸਮੇਂ ਦਿੱਲੀ ਦੀ ਦਸ਼ਾ ਅਤੇ ਇਸ ਦਸ਼ਾ ਵਿਚ ਸਿੱਖਾਂ ਦੀ ਭੂਮਿਕਾ ਦਾ ਝਰੋਖਾ ਹੈ।
1857 ਦਾ ਸੰਗਰਾਮ ਆਪਣੀ ਨਾਕਾਮੀ ਦੇ ਬਾਵਜੂਦ ਕੌਮੀ ਯਕਜਹਿਤੀ ਦੇ ਪ੍ਰਤੀਕ ਵਜੋਂ ਭਾਰਤੀ ਇਤਿਹਾਸ ਦਾ ਅਹਿਮ ਅਧਿਆਇ ਹੈ। ਸਾਡੇ ਅਜੋਕੇ ਹੁਕਮਰਾਨ ਦਿੱਲੀ ਉਤੇ ਇਕ ਦਹਿਸਦੀ ਤਕ ਕਾਬਜ਼ ਰਹੇ ਮੁਸਲਿਮ ਹੁਕਮਰਾਨਾਂ ਬਾਰੇ ਭਾਵੇਂ ਜੋ ਮਰਜ਼ੀ ਪ੍ਰਚਾਰ ਕਰਨ, ਇਸ ਹਕੀਕਤ ਨੂੰ ਦਰਕਿਨਾਰ ਨਹੀਂ ਕੀਤਾ ਜਾ ਸਕਦਾ ਕਿ ਇਨ੍ਹਾਂ ਮੁਸਲਿਮ ਹੁਕਮਰਾਨਾਂ ਨੇ ਹਿੰਦੋਸਤਾਨ ਦੇ ਮਨੋ-ਸਮਾਜਕ ਏਕੀਕਰਨ ਦੇ ਸੰਕਲਪ ਨੂੰ ਲਗਾਤਾਰ ਹੁਲਾਰਾ ਦਿੱਤਾ। ਦਿੱਲੀ ਦਾ ਹਿੰਦ ਦੇ ਮਰਕਜ਼ ਵਾਲਾ ਰੁਤਬਾ ਇਨ੍ਹਾਂ ਸੁਲਤਾਨਾਂ-ਪਾਦਸ਼ਾਹਾਂ ਦੀ ਹੀ ਦੇਣ ਸੀ। ਇਹੀ ਕਾਰਨ ਹੈ ਕਿ ਜਦੋਂ ਫਿਰੰਗੀਆਂ ਖਿਲਾਫ ਵਿਦਰੋਹ ਸ਼ੁਰੂ ਹੋਇਆ ਤਾਂ ਬੰਗਾਲ ਤੋਂ ਲੈ ਕੇ ਕੋਹਾਟ ਤਕ ਦੀਆਂ ਬ੍ਰਿਟਿਸ਼ ਛਾਉਣੀਆਂ ਵਿਚ ਬੈਠੇ ਹਿੰਦੀ ਸਿਪਾਹੀਆਂ ਨੇ ਪਹਿਲੀ ਵਾਰ ਮਜ਼ਹਬੀ ਅਤੇ ਜਾਤੀਵਾਦੀ ਵਲਗਣਾਂ ਤਿਆਗ ਕੇ ਹਿੰਦੀਆਂ ਵਾਲੀ ਇਕਮੁੱਠਤਾ ਦਿਖਾਈ ਅਤੇ ਮੁਗਲ ਬਾਦਸ਼ਾਹ ਬਹਾਦਰ ਸ਼ਾਹ ਜ਼ਫਰ ਨੂੰ ਆਪਣਾ ਮਕਰਜ਼ੀ ਨੇਤਾ ਮੰਨ ਕੇ ਦਿੱਲੀ ਵੱਲ ਚਾਲੇ ਪਾਏ।
ਨਾਵਲ ਵਿਚ ਮਨਮੋਹਨ ਬਾਵਾ ਦਾ ਫੋਕਸ ਦਿੱਲੀ ਦੀ ਸਲਾਮਤੀ ਲਈ ਲੜਨ ਵਾਲੇ ਸਿੱਖ ਫੌਜੀਆਂ ਦੀ ਭੂਮਿਕਾ ‘ਤੇ ਵੀ ਹੈ ਅਤੇ ਗੋਰਿਆਂ ਦੀ ਚਾਕਰੀ ਕਾਰਨ ਦਿੱਲੀ ‘ਤੇ ਵਹਿਸ਼ਤ ਢਾਹੁਣ ਵਾਲੇ ਸਿੱਖਾਂ ਉਤੇ ਵੀ। ਉਸ ਦੀ ਹਮਦਰਦੀ, ਸਲਾਮਤੀ ਲਈ ਲੜਨ ਵਾਲਿਆਂ ਨਾਲ ਹੈ।
ਇਤਿਹਾਸਮੁਖੀ ਗਲਪ ਆਸਾਨ ਵਿਧਾ ਨਹੀਂ। ਇਸ ਵਿਚ ਕਲਪਨਾ ਤੇ ਹਕੀਕਤ ਦਾ ਸੰਤੁਲਨ ਬਿਠਾਉਣਾ ਨਿਹਾਇਤ ਜ਼ਰੂਰੀ ਹੁੰਦਾ ਹੈ। ਮਨਮੋਹਨ ਬਾਵਾ ਨੇ ਇਸ ਜ਼ਰੂਰਤ ਨੂੰ ਪੂਰਾ ਕੀਤਾ ਹੈ।