ਬੱਕਰੇ ਦੀ ਬਲੀ ਤੇ ਬਲੀ ਦਾ ਬੱਕਰਾ: ਬਿਪਤਾ ਜਾਂ ਬਰਕਤ

ਕਰਮ ਸਿੰਘ ਬਰਨ, ਹਿਊਸਟਨ
ਫੋਨ: 832-766-8742
‘ਪੰਜਾਬ ਟਾਈਮਜ਼’ ਦੇ 3 ਅਗਸਤ ਦੇ ਅੰਕ ਵਿਚ ਪ੍ਰੋ. ਅਵਤਾਰ ਸਿੰਘ ਦਾ ਲੇਖ ‘ਬੱਕਰੇ ਦੀ ਬਲੀ ਤੇ ਬਲੀ ਦਾ ਬੱਕਰਾ: ਬੁੱਭ ਤੋਂ ਭੁੱਬ ਤੱਕ’ ਬੜੇ ਦਿਲਚਸਪ ਅਤੇ ਵਿਅੰਗਾਤਮਕ ਢੰਗ ਨਾਲ ਸ਼ੁਰੂ ਹੋਇਆ, ਪਰ ਬਾਤ ਪੜ੍ਹਦਿਆਂ ਸੁਣਦਿਆਂ ਛੇਤੀ ਹੀ ਹਰਸ਼ ਇੱਕ ਸੋਗ ਵਿਚ ਬਦਲ ਗਿਆ। ਦਿਲਚਸਪ ਇਸ ਕਰਕੇ ਕਿ ਇੱਕ ਚੂਹੇ, ਕਬੂਤਰ, ਮੁਰਗੇ ਅਤੇ ਬੱਕਰੇ ਦੀ ‘ਬਾਤ’ ਬੜੀ ਵਿਅੰਗਾਤਮਕ ਮਿਸਾਲ ਹੈ। ਸੋਗ ਇਸ ਕਰਕੇ ਕਿ ਪ੍ਰੋ. ਸਾਹਿਬ ਦੀ ਕਹਾਣੀ ਦਾ ਉਪਦੇਸ਼ ‘ਮੁਆਫੀ’ ਤੇ ‘ਮੁਆਵਜ਼ੇ’ ‘ਤੇ ਅਟਕ ਗਿਆ ਅਤੇ ਗਰੀਬਾਂ ਦੇ ‘ਪਿੰਡ ਕੂਚ ਦੀ ਲਹਿਰ’ ਦਾ ਸਾਰਾ ਦੋਸ਼ ਇੱਕ ਭੋਲੇ ਕਿਸਾਨ ਦੇ ਗਲ ਜਾ ਲਟਕਾਇਆ। ਡਾ. ਗੁਰਨਾਮ ਕੌਰ (ਕੈਨੇਡਾ) ਦੀ ਇਸ ਲੇਖ ਉਤੇ ਬਹੁਤ ਹੀ ਸੁਚੱਜੀ ਪੜਚੋਲ ਨੇ ਮੈਨੂੰ ਵੀ ਥੋੜ੍ਹਾ ਆਪਣੇ ਵਿਚਾਰ ਲਿਖਣ ਦਾ ਹੌਸਲਾ ਦਿੱਤਾ।

ਆਓ, ਆਪਾਂ ਸਥਾਪਤ ਕਰੀਏ ਕਿ ਦੋਸ਼ੀ ਕੌਣ ਸੀ, ਜਾਂ ਹੈ ਵੀ ਸੀ! ਜਰਾ ਪਿਛੋਕੜ ‘ਤੇ ਝਾਤੀ ਮਾਰੀਏ ਤਾਂ ਇਸ ਮੁਤਾਬਕ ਆਜ਼ਾਦੀ ਪਿਛੋਂ ਦੋ ਵੱਡੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ: ਪਹਿਲੀ, ‘ਉਦਯੋਗੀਕਰਨ’ ਅਤੇ ਦੂਜੀ, ‘ਹਰੀ ਕ੍ਰਾਂਤੀ।’ ਇਸ ਵਿਚ ਇੱਕ ਹੋਰ ਤੱਤ ਸ਼ਾਮਿਲ ਕਰਨਾ ਚਾਹੁੰਦੇ ਹੋ ਤਾਂ ਸਦੀਆਂ ਤੋਂ ਚਲੇ ਆਏ ‘ਮੰਨੂ’ ਦਾ ਸਮਾਜਕ ਵਿਗਿਆਨ ਵੀ ਇੱਕ ਵੱਡਾ ਦੋਸ਼ੀ ਹੈ। ਇਹ ਹੀ ਵੱਡੇ ਕਾਰਨ ਹਨ, ਜਿਨ੍ਹਾਂ ਨਾਲ ਸੈਂਕੜੇ ਸਾਲਾਂ ਤੋਂ ਚਲੇ ਆਏ ਪਿੰਡ ਦਾ ਸਮਾਜਕ ਮਾਹੌਲ ਹੀ ਬਦਲ ਗਿਆ। ਸਿਰਫ ਕਾਰੀਗਰਾਂ ਨੂੰ ਹੀ ਨਹੀਂ, ਹਰ ਵਿਅਕਤੀ ਨੂੰ ਇਸ ਦਾ ਸਾਹਮਣਾ ਕਰਨਾ ਪਿਆ। ਅਸਲ ਵਿਚ ਜੇ ਇਹ ਦੋ ਇਨਕਲਾਬ ਨਾ ਵਾਪਰਦੇ ਤਾਂ ਭਾਰਤ ਹੁਣ ਤੱਕ ਬਹੁਤ ਪਿੱਛੇ ਰਹਿ ਗਿਆ ਹੁੰਦਾ ਅਤੇ ਚੰਦਰਨਯਾਨ ਨੂੰ ਬੱਦਲਾਂ ਦੇ ਉਪਰ ਤੱਕ ਵੀ ਭੇਜਣ ਦਾ ਸੁਪਨਾ ਨਾ ਲੈ ਸਕਦਾ।
ਇਹ ਗੱਲ ਜਰੂਰ ਹੈ ਕਿ ਕਾਰੀਗਰ ਵਰਗ ਨੂੰ ਪਿੰਡ ਛੱਡਣੇ ਪਏ। ਅਸਲ ਵਿਚ ਵੇਖਿਆ ਜਾਵੇ ਤਾਂ ਇਹ ‘ਕੁਬੇ ਦੇ ਲੱਤ’ ਵਾਲੀ ਗੱਲ ਹੋ ਗਈ। ਕਾਰੀਗਰਾਂ ਨੇ ਦਾਤੀਆਂ ਦੇ ਦੰਦੇ ਕੱਢਣ ਜਾਂ ਮੰਜਿਆਂ ਦੀਆਂ ਫਾਲਾਂ ਠੋਕਣ ਦੀ ਥਾਂ ਸ਼ਹਿਰਾਂ ਵਿਚ ਜਾ ਕੇ ਟਰੈਕਟਰਾਂ ਦੇ ਪੁਰਜੇ ਜਾਂ ਮੇਜ ਕੁਰਸੀਆਂ ਬਣਾਉਣੇ ਸ਼ੁਰੂ ਕਰ ਦਿੱਤੇ। ਵੱਡੇ ਵੱਡੇ ਮਕਾਨ ਵੀ ਬਣਾ ਲਏ। ਬੱਚਿਆਂ ਨੂੰ ਸਕੂਲਾਂ ਦੀਆਂ ਸਹੂਲਤਾਂ ਵੀ ਮਿਲਣ ਲੱਗ ਗਈਆਂ। ‘ਮੰਨੂ’ ਦੀ ਕਿਰਪਾ ਨਾਲ ਉਨ੍ਹਾਂ ਦੇ ਬੱਚਿਆਂ ਨੂੰ ਨੌਕਰੀਆਂ ਵੀ ਪਹਿਲਾਂ ਮਿਲਣੀਆਂ ਸ਼ੁਰੂ ਹੋ ਗਈਆਂ। ਸੋ, ਮੁਆਵਜ਼ਾ ਮਿਲਿਆ ਜਰੂਰ, ਪਰ ਕਿਸੇ ਹੋਰ ਰੂਪ ਵਿਚ। ਜੇ ਕਿਸਾਨ ਮਿੱਟੀ ਨਾਲ ਨਾ ਵਿਆਹੇ ਹੁੰਦੇ, ਤਾਂ ਸ਼ਾਇਦ ਉਨ੍ਹਾਂ ਦਾ ਵੀ ਇਸ ਲੱਤ ਨਾਲ ਕੁਝ ਸੁਧਰ ਜਾਂਦਾ। ਹੋ ਸਕਦੈ, ਸ਼ੇਰ ਵੀ ਗੂੜ੍ਹੀ ਨੀਂਦ ਤੋਂ ਜਾਗ ਕੇ ਜੰਗਲ ਛੱਡ ਤੁਰਦਾ।
ਚੱਲੋ ਕਿਸਾਨ ਨੂੰ ਵੱਜੀ ਲੱਤ ਦਾ ਇੱਕ ਹੋਰ ਦ੍ਰਿਸ਼ਟੀਕੋਣ ਵੀ ਸਾਹਮਣੇ ਲਿਆਈਏ। ਕਿਸਾਨਾਂ ਦੇ ਬੱਚਿਆਂ ਨੂੰ ਵਿਦਿਆ ਪ੍ਰਾਪਤ ਕਰਨੀ ਇੱਕ ਸਰਾਪ ਹੀ ਸਮਝੋ ਕਿ ਇੱਕ ਕਿਸਾਨ ਦਾ ਪੁੱਤਰ ਆਨਰਜ਼ ਨਾਲ ਇੰਜੀਨੀਅਰਿੰਗ (ਓਨਗਨਿeeਰਨਿਗ ੱਟਿਹ ੍ਹੋਨੋਰਸ) ਵਿਚ ਡਿਗਰੀ ਪ੍ਰਾਪਤ ਕਰੇ ਅਤੇ ਨੌਕਰੀ ਦੀ ਲਾਈਨ ਵਿਚ ਸਭ ਤੋਂ ਪਿੱਛੇ। ਉਹ ‘ਮੰਨੂ’ ਤੋਂ ਕੀ ਮੁਆਵਜ਼ਾ ਮੰਗੇ ਕਿ ਕਿਸਾਨਾਂ ਨੂੰ ‘ਅਨੁਸੂਚਿਤ ਜਾਤਾਂ’ ਵਿਚ ਕਿਉਂ ਨਹੀਂ ਪਾਇਆ? ਐਵੇਂ ਹੀ ‘ਸ਼ੇਰ, ਬੱਬਰ ਸ਼ੇਰ’ ਦੇ ਫੋਕੇ ਖਿਤਾਬ ਦੇ ਕੇ ਸਮਾਜ ਦੇ ਬੱਕਰੇ ਬਣਾ ਕੇ ਸਮੁੰਦਰੋਂ ਪਾਰ ਜਾਣ ਲਈ ਮਜਬੂਰ ਹੋ ਗਏ। ਪਿੰਡ ਨਿਕਾਲਾ ਤਾਂ ਕੀ, ਦੇਸ਼ ਨਿਕਾਲਾ ਹੀ ਮਿਲਿਆ। ਦੱਸੋ ਦੇਸ਼ ਨਿਕਾਲੇ ਦੀ ਮੁਆਫੀ ਜਾਂ ਮੁਆਵਜ਼ੇ ਦੀ ਵਸੂਲੀ, ਉਹ ਕਿਹੜੀ ਮਤਰੇਈ ਮਾਂ (‘ਕੈਕੇਈ’) ਤੋਂ ਮੰਗੇ? ਪਰ, ਜਿਵੇਂ ਮੈਂ ਕਿਹਾ ਹੈ, ਇਹ ਵੀ ਇੱਕ ‘ਨਵੇਂ ਭੇਸ ਵਿਚ ਬਰਕਤ’ ਹੈ| ਜੇ ਕੈਕੇਈ ਨਾ ਹੁੰਦੀ ਤਾਂ ਨਾ ਰਮਾਇਣ ਹੁੰਦੀ, ਨਾ ਦੀਵਾਲੀ। ਪੰਜਾਬ (ਭਾਰਤ) ਲਈ ਘਾਟਾ, ਕੈਨੇਡਾ ਅਤੇ ਅਮਰੀਕਾ ਨੂੰ ਲਾਭ ਹੀ ਲਾਭ।
ਇਸ ਲਈ ਮੈਂ ਇਸ ‘ਬਾਤ’ ਦੇ ਕੁਝ ਉਪਦੇਸ਼ ਠੁਕਰਾਉਣ ਲਈ ਮਜਬੂਰ ਹੋ ਗਿਆ:
1. ਜੁਰਮ ਕਿਸ ਨੇ ਕੀਤਾ? ਜਾਂ ਇਹ ਕੋਈ ਜੁਰਮ ਵੀ ਸੀ ਜਾਂ ਇਸ ਵਿਚ ਕੋਈ ਛੁਪੀ ਹੋਈ ਬਰਕਤ ਸੀ?
2. ਕਿਸ ਨੂੰ ਮੁਆਫੀ ਮੰਗਣੀ ਚਾਹੀਦੀ ਹੈ ਅਤੇ ਕਿਉਂ? ਮੁਆਵਜ਼ਾ ਜੇ ਹੈ ਤਾਂ ਕਿਸ ਦੇ ਸਿਰ?
ਰੱਬ ਦੇ ਘਰ ਦੇਰ ਹੈ, ਅੰਧੇਰ ਨਹੀਂ (ਘੋਦ ਸeeਸ ਟਹe ਟਰੁਟਹ ਬੁਟ ਹe ਸਿ ਸeਲਦੋਮ ਪੁਨਚਟੁਅਲ)। ਹੁਣ ਮੈਨੂੰ ਇੱਕ ਛੋਟੀ ਕਵਿਤਾ ਦੇ ਨਾਲ ਇਸ ਨੂੰ ਖਤਮ ਕਰਨ ਦੀ ਇਜਾਜ਼ਤ ਦਿਓ:
ਕਿਸਾਨ ਗਿਆ ਤਾਂ ਮਿੱਟੀ ਹਾਰੀ
ਜਦ ਭਾਰਤ ਨੂੰ ਮਿਲੀ ਆਜ਼ਾਦੀ
ਪੈਂਤੀ ਕਰੋੜ ਸੀ ਕੁੱਲ ਅਹਾਰੇ।
ਅੱਜ ਇਹ ਇਕ ਸੌ ਪੈਂਤੀ ਹੋਏ
ਇਕ ਅਰਬ ਨਵੇਂ ਢਿੱਡ ਪਧਾਰੇ।

ਦੋਹਾਂ ਗਵਾਂਢੀਆਂ ਹਮਲੇ ਕੀਤੇ
ਹਲ, ਬੰਦੂਕਾਂ ਕਦਮ ਵਧਾਇਆ।
ਜੈ ਜਵਾਨ ਔਰ ਜੈ ਕਿਸਾਨ ਦਾ
ਭਾਰਤ ਮਾਂ ਨੇ ਨਾਅਰਾ ਲਾਇਆ।

ਨਵੇਂ ਢਿੱਡਾਂ ਦੀਆਂ ਭੁੱਖਾਂ ਭਰਦੀ
ਹਰੀ ਕ੍ਰਾਂਤੀ ਆਈ ਰੱਖਣਹਾਰੀ।
ਟਰੈਕਟਰ ਬਿਜਲੀ ਪਾਣੀ ਨਹਿਰੀ
ਕਣਕ ਅਮਰੀਕੀ ਕਲਿਆਣਕਾਰੀ।

ਸਿਆਸਤੀਆਂ ਨੇ ਪਾਣੀ ਵੰਡੇ
ਬਿਜਲੀ ਤੇਲ ਨਾ ਰਿਹਾ ਭਰੋਸਾ।
ਜੈ ਕਿਸਾਨ ਦੇ ਨਾਅਰੇ ਠੰਡੇ
ਭੁੱਖੀ ਦੁਨੀਆਂ ਜੱਟ ‘ਤੇ ਰੋਸਾ।

ਬਿਜਲੀ ਖਾ ਗਏ ਕਾਰਖਾਨੇ
ਸ਼ੇਰ ਪਿਆ ਘੂਕੇ ਵੱਟ ਸਰਾਹਣੇ।
ਖੇਤੀ ਮਿੱਧਣ ਅਨਾਥ ਗਊਆਂ
ਸੁੱਕੀਆਂ ਫਸਲਾਂ ਝਾੜਨ ਦਾਣੇ।

ਧਰਤੀ ਭੁੱਖੀ ਫਸਲ ਪਿਆਸੀ
ਖਾਦ ਬਿਨਾ ਨਾ ਆਲੂ ਵੱਟ ‘ਤੇ।
ਕਹਿੰਦੇ ਜੀਰੀ ਪਾਣੀ ਪਲੀਤੇ
ਦੋਸ਼ ਪ੍ਰਦੂਸ਼ਣ ਜੜ੍ਹਿਆ ਜੱਟ ‘ਤੇ।

ਡੇਢ ਅਰਬ ਦੀਆਂ ਭਾਰੀ ਭੁੱਖਾਂ
ਜੇ ਨਾ ਯੂਰੀਆ ਪੈਦਾ ਹੁੰਦਾ।
ਲੜ ਭਿੜ ਜਾਂਦੇ ਮਰ ਚਿਰੋਕੇ
ਜੇ ਨਾ ਖਾਦ ਦਾ ਫਾਇਦਾ ਹੁੰਦਾ।

ਆਲੂ ਕਿਸਾਨ ਦੇ ਇੱਕ ਰੁਪਏ
ਬਾਣੀਆਂ ਦੀ ਮਨਮਰਜੀ ਬੋਲੀ।
ਦਸ ਰੁਪਏ ਨੂੰ ਰੇਹੜੀ ਵੇਚਣ
ਉਹ ਵੀ ਜਰਾ ਘਟਾ ਕੇ ਤੋਲੀ।

ਸਵੱਛ ਭਾਰਤ ਦਾ ਅਸ਼ੁੱਧ ਪਾਣੀ
ਸ਼ਹਿਰੀ ਮਨੁੱਖਾਂ ਦੀ ਦੇਖੋ ਸਫਾਈ।
ਅੰਨਦਾਤੇ ਨੂੰ ਦਾਤ ਕੀ ਦੇਣੀ
ਇਹ ਵੀ ਕਸੂਰ ਜੱਟ ਦਾ ਭਾਈ?

ਸੜਕਾਂ ਨਿਕਲੀਆਂ ਬੱਸਾਂ ਤੁਰੀਆਂ
ਨਵੇਂ ਦੌਰ ਵਿਚ ਤਾਂਗੇ ਖੜ੍ਹ ਗਏ।
ਉਦਯੋਗ ਕਰਨ ਦੀ ਲਹਿਰ ਚੱਲੀ
ਪਿੰਡ ਛੱਡ ਲੋਕ ਬੱਸਾਂ ਚੜ੍ਹ ਗਏ।

ਕਹਿੰਦੇ ਕਾਰੀਗਰ ਨਾ ਰੋਕੇ
ਜੱਟਾਂ ਨੇ ਨਾ ਹਾਮੀਆਂ ਭਰੀਆਂ।
ਕਾਰੀਗਰ ਕਾਰਖਾਨੀ ਹਰਸ਼ਿਤ
ਭੱਜ ਤੁਰੇ ਦੇਖ ਚਰਾਂਦਾ ਹਰੀਆਂ।

ਨੰਦੀ ਬਲਦ ਦੇ ਦੁੱਖ ਸੁਣਾ ਕੇ
ਸ਼ਹਿਰੀ ਚਾਤ੍ਰਿਕ ਜੱਟ ਨੂੰ ਭੰਡਿਆ।
ਭੁੱਲ ਗਿਆ ਜੋ ਕੰਨ੍ਹੇ ਜੁੜਿਆ
ਦੁੱਖ ਉਸ ਦਾ ਨਾ ਕਿਸੇ ਵੰਡਿਆ।

ਕਿਉਂ ਤੇ ਕੌਣ ਹੁਣ ਮੰਗੇ ਮਾਫੀ?
ਕੀ ਜੁਰਮ ਅਤੇ ਕੌਣ ਅਪਰਾਧੀ?
ਕਿਸ ਬਲਦ ਨੇ ਚੁੱਕਿਆ ਬੋਝਾ?
ਕਿਸ ਉਪਜਾਈ ਕਿਸ ਨੇ ਖਾਧੀ?

ਜਮਦੂਤ ਬੈਂਕ ਜੇ ਫੜਨ ਦੇਵਤੇ
ਆ ਵੀ ਗਈ ਜੇ ਉਨ੍ਹਾਂ ਦੀ ਵਾਰੀ।
ਕਿਸਾਨ ਮਿੱਟੀ ਦਾ ਮੇਲ ਸਦੀਵੀ
ਕਿਸਾਨ ਗਿਆ ਤਾਂ ਮਿੱਟੀ ਹਾਰੀ!