ਹਰੀ ਸਿੰਘ ਡੋਗਰੇ ਨਾਲ ਭਾਰਤ ਦੀ ਸੰਧੀ ਸਹੀਬੰਦ

ਹਰਪਾਲ ਸਿੰਘ ਪੰਨੂ
ਫੋਨ: 91-94642-51454
1947 ਵਿਚ ਦੇਸ਼ ਆਜ਼ਾਦ ਹੋਇਆ ਤਾਂ ਤਿੰਨ ਹਾਕਮਾਂ-ਜੂਨਾਗੜ੍ਹ ਦੇ ਨਵਾਬ, ਹੈਦਰਾਬਾਦ ਦੇ ਨਿਜ਼ਾਮ ਅਤੇ ਜੰਮੂ ਕਸਮੀਰ ਦੇ ਰਾਜਾ ਹਰੀ ਸਿੰਘ ਨੇ ਆਪਣੀਆਂ ਰਿਆਸਤਾਂ ਭਾਰਤ ਨਾਲ ਮਿਲਾਉਣ ਤੋਂ ਨਾਂਹ ਕਰ ਦਿੱਤੀ। ਹਰੀ ਸਿੰਘ, ਗੁਲਾਬ ਸਿੰਘ ਡੋਗਰੇ ਦਾ ਪੜਪੋਤਾ ਸੀ।

ਕਸ਼ਮੀਰ ਵਿਚ ਮੁਸਲਿਮ ਬਹੁਗਿਣਤੀ ਹੈ, ਜਿਨਾਹ ਨੇ ਸੋਚਿਆ ਕਸ਼ਮੀਰੀ ਆਪੇ ਪਾਕਿਸਤਾਨ ਵਿਚ ਆ ਜਾਣਗੇ। ਉਸ ਨੇ ਆਪਣੇ ਏਲਚੀ ਭੇਜੇ ਤਾਂ ਕਸ਼ਮੀਰੀਆਂ ਨੇ ਅਜੀਬ ਜਵਾਬ ਦਿੱਤਾ। ਕਹਿੰਦੇ, ਇਸਲਾਮ ਦੇ ਕਿਸੇ ਧਾਰਮਿਕ ਲੀਡਰ ਨੇ ਕਦੀ ਇਹ ਵਾਜਬ ਹੀ ਨਹੀਂ ਸਮਝਿਆ ਕਿ ਕਸ਼ਮੀਰ ਰਹਿਣਜੋਗ ਥਾਂ ਹੈ। ਸਾਨੂੰ ਇਸਲਾਮ ਦਾ ਕੀ ਪਤਾ! ਅਸੀਂ ਪਾਕਿਸਤਾਨੀਆਂ ਵਰਗੇ ਮੁਸਲਮਾਨ ਨਹੀਂ ਹਾਂ। ਦੋਹਾਂ ਵਿਚੋਂ ਕਿਸੇ ਦੇਸ਼ ਵਿਚ ਜਾਣ ਦੀ ਥਾਂ ਅਸੀਂ ਆਜ਼ਾਦ ਰਹਾਂਗੇ।
ਕਈ ਹਫਤੇ ਜਦ ਹਰੀ ਸਿੰਘ ਨੇ ਆਜ਼ਾਦੀ ਛੱਡਣ ਦਾ ਕੋਈ ਸੰਕੇਤ ਨਹੀਂ ਦਿੱਤਾ, ਤਦ ਪਾਕਿਸਤਾਨ ਨੇ ਕਬਾਇਲੀਆਂ ਤੋਂ ਕਸ਼ਮੀਰ ‘ਤੇ ਹਮਲਾ ਕਰਵਾ ਦਿੱਤਾ। ਦੁਧ ਘਿਉ, ਸ਼ਹਿਦ, ਮੇਵੇ, ਕਸ਼ਮੀਰਨਾਂ ਕਾਬੂ ਕਰਾਂਗੇ, ਕਬਾਇਲੀ ਬਾਗੋਬਾਗ। ਅੰਗਰੇਜ਼ਾਂ ਦਾ ਖਿਆਲ ਸੀ ਕਿ ਹਰੀ ਸਿੰਘ ਡਰਦਾ ਭੱਜ ਜਾਏਗਾ, ਕਸ਼ਮੀਰੀ ਪਾਕਿਸਤਾਨ ਨਾਲ ਰਲ ਜਾਣਗੇ। 24 ਅਕਤੂਬਰ ਨੂੰ ਹਜ਼ਾਰਾਂ ਸ਼ਸਤਰਧਾਰੀ ਕਬਾਇਲੀਆਂ ਦਾ ਕਾਰਵਾਂ ਸ੍ਰੀਨਗਰ ਵਲ ਚੱਲ ਪਿਆ।
ਸਿਵਿਲ ਅਫਸਰ ਵੀ. ਮੈਨਨ, ਸਰਦਾਰ ਪਟੇਲ ਦੇ ਬੜਾ ਨੇੜੇ ਸੀ। ਉਸ ਨੂੰ 25 ਅਕਤੂਬਰ ਨੂੰ ਹਰੀ ਸਿੰਘ ਨਾਲ ਗੱਲ ਕਰਨ ਲਈ ਭੇਜਿਆ। ਡਰਦਾ ਮਾਰਾ ਹਰੀ ਸਿੰਘ ਆਪਣੇ ਦਰਬਾਰ ਸਣੇ ਜੰਮੂ ਆ ਗਿਆ, ਜਿੱਥੇ ਉਸ ਦਾ ਸਰਦੀਆਂ ਦਾ ਕੈਂਪ ਹੁੰਦਾ ਸੀ। ਇਹ ਥਾਂ ਕਬਾਇਲੀਆਂ ਦੇ ਖਤਰੇ ਤੋਂ ਮੁਕਤ ਸੀ। ਹਰੀ ਸਿੰਘ ਦੇ ਪ੍ਰਧਾਨ ਮੰਤਰੀ ਮਹਾਜਨ ਨੇ ਪੰਡਿਤ ਨਹਿਰੂ ਅੱਗੇ ਬੇਨਤੀ ਕੀਤੀ ਕਿ ਸਾਡੀ ਸੈਨਿਕ ਮਦਦ ਕਰੋ, ਭਾਵੇਂ ਕਿਸੇ ਸ਼ਰਤ ‘ਤੇ ਕਰੋ। ਜੇ ਭਾਰਤੀ ਸੈਨਾ ਤੁਰੰਤ ਸ੍ਰੀਨਗਰ ਨਾ ਪੁੱਜੀ ਤਾਂ ਮੈਂ ਜਿਨਾਹ ਨਾਲ ਗੱਲ ਕਰਨ ਲਾਹੌਰ ਜਾਵਾਂਗਾ।
ਫਸਟ ਸਿੱਖ ਬਟਾਲੀਅਨ 27 ਅਕਤੂਬਰ ਨੂੰ ਸ੍ਰੀਨਗਰ ਪੁੱਜ ਗਈ। ਮਹਾਜਨ ਦਸਦਾ ਹੈ, ਮੈਂ ਸਵਖਤੇ ਜਹਾਜਾਂ ਦੀਆਂ ਆਵਾਜ਼ਾਂ ਸੁਣੀਆਂ। ਆਰਮੀ ਪੁੱਜ ਗਈ। ਸਵੇਰੇ ਨੌਂ ਵਜੇ ਮੇਰੇ ਕੋਲ ਸੁਨੇਹਾ ਆਇਆ ਕਿ ਫੌਜ ਨੇ ਐਕਸ਼ਨ ਕਰ ਦਿੱਤਾ। ਕਬਾਇਲੀ ਸ੍ਰੀਨਗਰ ਤਾਂ ਨਹੀਂ ਪੁਜ ਸਕੇ, ਪਰ ਉਨ੍ਹਾਂ ਨੇ ਕਾਫੀ ਹਿੱਸੇ ‘ਤੇ ਕਬਜ਼ਾ ਕਰ ਲਿਆ।
ਜਿਨਾਹ ਨੂੰ ਭਾਰਤੀ ਫੌਜ ਦੇ ਐਕਸ਼ਨ ਦਾ ਪਤਾ ਲੱਗਾ ਤਾਂ ਉਸ ਨੇ ਕਾਰਜਕਾਰੀ ਅੰਗਰੇਜ਼ ਜਰਨੈਲ ਸਰ ਗ੍ਰੇਸੀ ਨੂੰ ਕਿਹਾ ਕਿ ਦੋ ਬ੍ਰਿਗੇਡ ਫੌਜ ਭੇਜੋ-ਇਕ ਰਾਵਲਪਿੰਡੀ ਤੋਂ, ਦੂਜੀ ਸਿਆਲਕੋਟ ਤੋਂ। ਸਿਆਲਕੋਟ ਵਾਲੀ ਸੈਨਾ ਜੰਮੂ ‘ਤੇ ਹਮਲਾ ਕਰਕੇ ਹਰੀ ਸਿੰਘ ਨੂੰ ਫੜ ਕੇ ਲਿਆਏਗੀ, ਰਾਵਲਪਿੰਡੀ ਵਾਲੀ ਸ੍ਰੀਨਗਰ ‘ਤੇ ਹਮਲਾ ਕਰੇ। ਗ੍ਰੇਸੀ ਨੇ ਇਹ ਕਹਿ ਕੇ ਨਾਂਹ ਕਰ ਦਿੱਤੀ ਕਿ ਇਹ ਹਿੰਦ-ਪਾਕਿ ਦੀ ਜੰਗ ਹੈ, ਮੈਂ ਆਪਣੇ ਫੀਲਡ ਮਾਰਸ਼ਲ ਸਰ ਕਲਾਡ ਦੀ ਆਗਿਆ ਬਿਨਾ ਜੰਗ ਵਿਚ ਨਹੀਂ ਉਲਝਾਂਗਾ।
ਕਲਾਡ ਨੇ ਆਗਿਆ ਨਾ ਦੇਣੀ ਸੀ, ਨਾ ਦਿੱਤੀ। ਵਾਇਸਰਾਇ ਲਾਰਡ ਮਾਊਂਟਬੈਟਨ ਨੇ ਬਾਅਦ ਵਿਚ ਦੱਸਿਆ, ਜਿਨਾਹ ਮੈਨੂੰ ਮਿਲਣ ਆਇਆ ਤੇ ਇਤਰਾਜ਼ ਜਤਾਇਆ ਕਿ ਭਾਰਤ ਨੇ ਸ਼ੱਰੇਆਮ ਹਿੰਸਾ ਰਾਹੀਂ ਹਮਲਾ ਕਰਕੇ ਕਸ਼ਮੀਰ ‘ਤੇ ਕਬਜ਼ਾ ਕੀਤਾ ਹੈ, ਜਦੋਂ ਕਿ ਹਰੀ ਸਿੰਘ ਭਾਰਤ ਨਾਲ ਰਲਣਾ ਨਹੀਂ ਸੀ ਚਾਹੁੰਦਾ। ਮੈਂ ਕਿਹਾ, ਕਬਾਇਲੀਆਂ ਨੇ ਪਾਕਿਸਤਾਨ ਦੀ ਸ਼ਹਿ ‘ਤੇ ਕਸ਼ਮੀਰ ਉਤੇ ਪਹਿਲਾਂ ਹਮਲਾ ਕੀਤਾ। ਰਾਜਾ ਆਜ਼ਾਦ ਰਹਿਣਾ ਚਾਹੁੰਦਾ ਸੀ, ਕਬਾਇਲੀਆਂ ਦੇ ਹਮਲੇ ਪਿਛੋਂ ਹਰੀ ਸਿੰਘ ਭਾਰਤ ਨਾਲ ਮਿਲ ਗਿਆ, ਇਸ ਦੀ ਜਿੰਮੇਵਾਰੀ ਪਾਕਿਸਤਾਨ ਸਿਰ ਹੈ।
ਪਾਕਿਸਤਾਨੀ ਫੌਜਾਂ ਨੇ ਕੂਚ ਤਾਂ ਕੀਤਾ, ਪਰ ਦੇਰ ਹੋ ਚੁਕੀ ਸੀ। ਉਦੋਂ ਤਕ ਭਾਰਤ ਦੋ-ਤਿਹਾਈ ਰਕਬੇ ‘ਤੇ ਕਬਜ਼ਾ ਕਰ ਚੁਕਾ ਸੀ। ਮਰੀ, ਗਿਲਗਿਤ ਅਤੇ ਬਲਿਸਤਾਂ ਪਾਕਿਸਤਾਨ ਕੋਲ ਆ ਗਈਆਂ। ਇਹ ਪਹਿਲੀ ਭਾਰਤ-ਪਾਕਿਸਤਾਨ ਜੰਗ ਇਕ ਸਾਲ ਚੱਲੀ। ਪੰਡਿਤ ਨਹਿਰੂ 1948 ਦੇ ਅਖੀਰ ਵਿਚ ਇਸ ਨੂੰ ਯੂ. ਐਨ. ਓ. ਪਾਸ ਲੈ ਗਏ, ਜਿਸ ਦੀ ਹੁਣ ਤੱਕ ਆਲੋਚਨਾ ਹੋ ਰਹੀ ਹੈ ਕਿ ਘਰ ਦਾ ਮਸਲਾ ਕੌਮਾਂਤਰੀ ਕਿਉਂ ਬਣਾਇਆ ਗਿਆ। ਯੂ. ਐਨ. ਓ. ਨੇ 13 ਅਗਸਤ 1948 ਨੂੰ ਇਕ ਮਤਾ ਤਿਆਰ ਕੀਤਾ, ਜੋ 5 ਜਨਵਰੀ 1949 ਨੂੰ ਲਾਗੂ ਹੋਇਆ, ਜਿਸ ‘ਤੇ ਹਰੀ ਸਿੰਘ ਦੇ ਵੀ ਦਸਤਖਤ ਹਨ।
ਮਹਾਰਾਜੇ ਦਾ ਬਿਆਨ, “ਮੈਂ ਸ੍ਰੀਮਾਨ ਇੰਦਰ ਮਹੇਂਦਰ, ਰਾਜਰਾਜੇਸ਼ਵਰ, ਮਹਾਰਾਜਾ ਧਿਰਾਜ, ਸ੍ਰੀ ਹਰੀ ਸਿੰਘ ਜੀ, ਜੰਮੂ ਕਸ਼ਮੀਰ ਦੇ ਨਰੇਸ਼ ਤਥਾ ਤਿੱਬਤਾਦਿ ਦੇਸ਼-ਅਧੀਪਤਿ, ਜੰਮੂ ਕਸ਼ਮੀਰ ਦਾ ਹਾਕਿਮ, ਮੈਂ ਆਪਣੀ ਪ੍ਰਭੂਸੱਤਾ ਭਾਰਤ ਵਿਚ ਮਿਲਾਉਣ ਦੇ ਦਸਤਾਵੇਜ਼ ਉਪਰ ਹਸਤਾਖਰ ਕਰਦਾ ਹਾਂ।”