ਵਧਦੇ ਤਾਪਮਾਨ ਦੀ ਮਾਰ ਤੋਂ ਕਿਵੇਂ ਬਚਿਆ ਜਾਵੇ?

ਡਾ. ਗੁਰਿੰਦਰ ਕੌਰ
ਫੋਨ: 408-493-9776
25 ਜੁਲਾਈ 2019 ਨੂੰ ਯੂਰਪ ਦੇ ਕਈ ਮੁਲਕਾਂ ਵਿਚ ਸੈਂਕੜੇ ਥਾਂਈਂ ਔਸਤ ਤਾਪਮਾਨ ਦੇ ਰਿਕਾਰਡ ਟੁੱਟ ਗਏ, ਜਿਸ ਨਾਲ ਲੱਖਾਂ ਲੋਕ ਪ੍ਰਭਾਵਿਤ ਹੋਏ। ਫਰਾਂਸ ਦੀ ਰਾਜਧਾਨੀ ਪੈਰਿਸ ਵਿਚ ਤਾਪਮਾਨ 72 ਸਾਲ ਦੀ ਔਸਤ ਦਾ ਰਿਕਾਰਡ ਤੋੜਦਾ 40.6 ਡਿਗਰੀ ਸੈਲੀਅਸ ਤੱਕ ਜਾ ਪੁੱਜਾ, ਸਗੋਂ ਬੈਲਜ਼ੀਅਮ ਦੇ ਸ਼ਹਿਰ ਕਲੀਇਨ ਬਰੋਜ ਵਿਚ 1833 ਤੋਂ ਹੁਣ ਤੱਕ ਦੇ ਸਮੇਂ ਵਿਚ ਸਭ ਤੋਂ ਵੱਧ ਤਾਪਮਾਨ ਰਿਕਾਰਡ ਕੀਤਾ ਗਿਆ। ਇਸ ਤੋਂ ਇਲਾਵਾ ਇੰਗਲੈਂਡ, ਫਰਾਂਸ, ਨੀਦਰਲੈਂਡ, ਸਵਿਟਜ਼ਰਲੈਂਡ, ਫਿਨਲੈਂਡ ਅਤੇ ਹੋਰ ਮੁਲਕਾਂ ਦੀਆਂ ਸੈਂਕੜੇ ਥਾਂਵਾਂ ਦੇ ਨਾਲ ਨਾਲ ਆਰਕਟਿਕ ਧਰੁਵ ਤੱਕ ਦੇ ਖੇਤਰ ਵਿਚ 25 ਜੁਲਾਈ ਨੂੰ ਔਸਤ ਤਾਪਮਾਨ ਦੇ ਵਾਧੇ ਨਾਲ ਪਿਛਲੇ ਸਾਰੇ ਰਿਕਾਰਡ ਟੁੱਟ ਗਏ। ਤਾਪਮਾਨ ਵਿਚ ਇਹ ਵਾਧਾ ਜਬਰਦਸਤ ਗਰਮ ਹਵਾਵਾਂ ਚੱਲਣ ਕਾਰਨ ਹੋਇਆ ਹੈ।

ਯੂਰਪੀਨ ਮਹਾਂਦੀਪ ਵਿਚ ਜੂਨ ਮਹੀਨੇ ਔਸਤ ਤਾਪਮਾਨ 2 ਡਿਗਰੀ ਸੈਲਸੀਅਸ ਦਾ ਵਾਧਾ ਰਿਕਾਰਡ ਕੀਤਾ ਗਿਆ। ਨੋਆ ਏਜੰਸੀ ਅਨੁਸਾਰ ਇਸ ਸਾਲ ਦੱਖਣੀ ਅਤੇ ਉਤਰੀ ਅਮਰੀਕਾ ਵਿਚ ਵੀ ਇਸ ਮਹੀਨੇ ਤਾਪਮਾਨ ਔਸਤ ਤੋਂ ਵੱਧ ਹੀ ਰਿਹਾ ਹੈ। ਜੁਲਾਈ ਮਹੀਨੇ ਅਮਰੀਕਾ ਦੇ ਅੱਧੇ ਤੋਂ ਵੱਧ ਖੇਤਰ ਰਿਕਾਰਡ ਤੋਂ ਵੱਧ ਗਰਮੀ ਦੀ ਮਾਰ ਵਿਚ ਆਏ, ਜਿਸ ਕਾਰਨ 6 ਵਿਅਕਤੀ ਮੌਤ ਦੇ ਮੂੰਹ ਵਿਚ ਜਾ ਪਏ। ਅਮਰੀਕਾ ਅਤੇ ਯੂਰਪ ਦੇ ਮੁਲਕਾਂ ਨੂੰ ਤਾਂ ਆਮ ਤੌਰ ‘ਤੇ ਠੰਡੇ ਇਲਾਕਿਆਂ ਵਜੋਂ ਜਾਣਿਆ ਜਾਂਦਾ ਹੈ, ਜੇ ਇਨ੍ਹਾਂ ਇਲਾਕਿਆਂ ਵਿਚ ਲੋਕ ਗਰਮੀ ਕਾਰਨ ਮਰਨ ਲੱਗ ਪਏ ਹਨ ਤਾਂ ਗਰਮ ਮੁਲਕਾਂ ਦੇ ਲੋਕਾਂ ਦੀ ਕੀ ਹਾਲਤ ਹੋਵੇਗੀ? ਇਹ ਅੰਦਾਜ਼ਾ ਲਾਉਂਦਿਆਂ ਅੱਖਾਂ ਅੱਗੇ ਹਨੇਰਾ ਆ ਜਾਂਦਾ ਹੈ।
ਮਨੁੱਖੀ ਗਤੀਵਿਧੀਆਂ ਕਾਰਨ ਆਈ ਮੌਸਮੀ ਤਬਦੀਲੀ ਨਾਲ ਵੱਖ ਵੱਖ ਥਾਂਵਾਂ ‘ਤੇ ਗਰਮ ਦਿਨਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਸਟੀਫਨ ਲੇਹ ਦੀ 16 ਜੁਲਾਈ 2019 ਨੂੰ ਛਪੀ ਇਕ ਖੋਜ ਅਨੁਸਾਰ ਅਗਲੇ 20 ਸਾਲਾਂ ਵਿਚ ਲੱਖਾਂ ਅਮਰੀਕੀਆਂ ਨੂੰ ਭਿਆਨਕ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜੇ ਅਮਰੀਕਨ ਬਾਸ਼ਿੰਦਿਆਂ ਵਿਚ ਕਾਰਬਨ ਨਿਕਾਸੀ ਹੁਣ ਵਾਲੀ ਰਫਤਾਰ ਨਾਲ ਹੀ ਜਾਰੀ ਰਹੀ ਤਾਂ ਇਸ ਦੇ ਕੁਝ ਖੇਤਰਾਂ ਵਿਚ ਤਾਪਮਾਨ 52.7 ਡਿਗਰੀ ਸੈਲਸੀਅਸ ਤੱਕ ਵਧ ਸਕਦਾ ਹੈ।
ਸਟੀਫਨ ਲੇਹ ਨੇ ਤਾਪਮਾਨ ਅਤੇ ਨਮੀ ਦੀਆਂ ਹਾਲਤਾਂ ਦਾ ਕਾਉਂਟੀ ਅਨੁਸਾਰ ਅਧਿਐਨ ਕਰਦਿਆਂ ਇੰਕਸ਼ਾਫ ਕੀਤਾ ਹੈ ਕਿ 2050 ਤੱਕ ਮੁਲਕ ਦੇ ਉਤਰ ਤੋਂ ਲੈ ਕੇ ਦੱਖਣ ਤੱਕ ਵੱਸੇ ਲਗਭਗ ਸਾਰੇ ਖੇਤਰਾਂ ਵਿਚ ਅੱਤ ਦੀ ਗਰਮੀ ਦੇ ਦਿਨਾਂ ਵਿਚ ਵਾਧਾ ਹੋ ਜਾਵੇਗਾ। ਸਭ ਤੋਂ ਘੱਟ ਵਾਧਾ (9 ਦਿਨਾਂ ਦਾ) ਸਿਆਟਲ ਸ਼ਹਿਰ ਵਿਚ ਹੋਵੇਗਾ, ਕਿਉਂਕਿ ਇਹ ਸ਼ਹਿਰ ਮੁਲਕ ਦੇ ਉਤਰੀ ਖੇਤਰ ਵਿਚ ਸਥਿਤ ਹੈ, ਪਰ ਉਤਰ ਤੋਂ ਦੱਖਣੀ ਹਿੱਸੇ ਵੱਲ ਨੂੰ ਗਰਮੀ ਦੇ ਦਿਨਾਂ ਦੀ ਗਿਣਤੀ ਵਧਦੀ ਹੋਈ ਮਿਥੀ ਗਈ ਹੈ, ਜਿਸ ਨਾਲ ਮਿਆਮੀ ਵਿਚ ਦਿਨਾਂ ਦੀ ਗਿਣਤੀ ਵਧ ਕੇ 178 ਤੱਕ ਹੋ ਸਕਦੀ ਹੈ। ਇਸ ਖੋਜ ਅਨੁਸਾਰ ਆਉਣ ਵਾਲੇ 60 ਸਾਲਾਂ ਵਿਚ ਅਮਰੀਕਾ ਦੀ ਇਕ-ਤਿਹਾਈ ਆਬਾਦੀ ਗਰਮੀ ਨਾਲ ਸਬੰਧਿਤ ਖਤਰਨਾਕ ਬਿਮਾਰੀਆਂ ਦਾ ਸ਼ਿਕਾਰ ਹੋ ਜਾਵੇਗੀ।
ਡਬਲਿਊ. ਐਮ. ਓ. ਦੀ ਇਕ ਰਿਪੋਰਟ ਅਨੁਸਾਰ 2019 ਦੇ ਜਨਵਰੀ ਤੋਂ ਜੂਨ ਮਹੀਨੇ ਤੱਕ ਆਸਟਰੇਲੀਆ, ਭਾਰਤ, ਪਾਕਿਸਤਾਨ ਅਤੇ ਮੱਧ ਯੂਰਪੀ ਮੁਲਕਾਂ ਨੇ ਵੀ ਇਸ ਸਾਲ ਤਾਪਮਾਨ ਦੀ ਕਰੋਪੀ ਝੱਲੀ ਹੈ। ਮਈ ਦੇ ਅਖਰੀਲੇ ਅਤੇ ਜੂਨ ਦੇ ਪਹਿਲੇ ਹਫਤੇ ਭਾਰਤ ਦੇ ਕਈ ਸ਼ਹਿਰਾਂ ਵਿਚ ਤਾਪਮਾਨ 50 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ। 2 ਅਤੇ 3 ਜੂਨ ਨੂੰ ਤਾਂ ਮੌਸਮ ਨਿਗਰਾਨੀ ਵੈਬਸਾਈਟ ਐਲਡੋਰਾਡੋ ਅਨੁਸਾਰ ਦੁਨੀਆਂ ਦੇ ਸਭ ਤੋਂ ਗਰਮ 15 ਸ਼ਹਿਰਾਂ ਵਿਚੋਂ 11 ਭਾਰਤ, 2 ਚੀਨ ਅਤੇ 2 ਪਾਕਿਸਤਾਨ ਵਿਚ ਸਨ। ਦੱਖਣੀ ਰਾਜ ਕੇਰਲ, ਤੇਲੰਗਾਨਾ, ਤਾਮਿਲਨਾਡੂ, ਆਂਧਰਾ ਪ੍ਰਦੇਸ਼ ਅਤੇ ਕਰਨਾਟਕ ਤਾਂ ਫਰਵਰੀ ਅਤੇ ਮਾਰਚ ਵਿਚ ਹੀ ਔਸਤ ਨਾਲੋਂ ਵਧ ਤਾਪਮਾਨ ਦੀ ਲਪੇਟ ਵਿਚ ਆਏ ਸਨ।
ਆਰਕਟਿਕ ਧਰੁਵ ਉਤੇ ਔਸਤ ਤਾਪਮਾਨ ਵਿਚ ਵਾਧਾ ਧਰਤੀ ਉਤਲੇ ਔਸਤ ਤਾਪਮਾਨ ਦੇ ਵਾਧੇ ਤੋਂ ਦੁੱਗਣੀ ਰਫਤਾਰ ਨਾਲ ਹੋ ਰਿਹਾ। ਵਰਤਮਾਨ ਸਮੇਂ ਆਰਕਟਿਕ ਧਰੁਵ ਉਤੇ ਤਾਪਮਾਨ 1970 ਦੇ ਦਹਾਕੇ ਨਾਲੋਂ 2.3 ਡਿਗਰੀ ਸੈਲਸੀਅਸ ਵਧ ਚੁਕਾ ਹੈ। ਆਰਕਟਿਕ ਧਰੁਵ ਦੇ ਔਸਤ ਤਾਪਮਾਨ ਵਿਚ ਵਾਧੇ ਨਾਲ ਦੁਨੀਆਂ ਦੇ ਸਾਰੇ ਮੁਲਕਾਂ ਦੇ ਮੌਸਮੀ ਚੱਕ ਉਤੇ ਪ੍ਰਭਾਵ ਪੈਂਦਾ ਹੈ। ਇਸ ਨਾਲ ਧਰਤੀ ਉਤੇ ਤਾਪਮਾਨ ਦੀ ਵੰਡ ਭਾਵ ਗਰਮੀ ਤੇ ਸਰਦੀ ਦੇ ਦਿਨਾਂ ਦੀ ਗਿਣਤੀ ਅਤੇ ਤਾਪਮਾਨ ਦੇ ਵਾਧੇ ਤੇ ਘਾਟੇ ਦੀ ਤੀਬਰਤਾ ਅਤੇ ਘਣਤਾ ਦੇ ਨਾਲ ਮੀਂਹ ਤੇ ਬਰਫ ਪੈਣ ਦੀ ਮਾਤਰਾ ‘ਤੇ ਵੀ ਪ੍ਰਭਾਵ ਪਿਆ ਹੈ।
ਇਸ ਸਾਲ ਆਰਕਟਿਕ ਧਰੁਵ ਉਤੇ ਬਰਫੀਲਾ ਖੇਤਰ 1981-2010 ਦੀ ਔਸਤ ਨਾਲੋਂ 10.5 ਫੀਸਦ ਅਤੇ ਅਨਟਾਰਟਿਕ ਉਤੇ 8.5 ਫੀਸਦ ਘੱਟ ਰਿਕਾਰਡ ਕੀਤਾ ਗਿਆ ਹੈ, ਜਿਸ ਦਾ ਤਾਪਮਾਨ ਦੇ ਵਾਧੇ ਨਾਲ ਸਿੱਧਾ ਸਬੰਧ ਹੈ। ਆਈ. ਪੀ. ਸੀ. ਸੀ. ਦੀ ਇਕ ਰਿਪੋਰਟ ਅਨੁਸਾਰ ਜੇ ਆਰਕਟਿਕ ਧਰੁਵ ਤੋਂ ਤਾਪਮਾਨ ਦੇ ਵਾਧੇ ਨਾਲ ਸਾਰੀ ਬਰਫ ਪਿਘਲ ਜਾਂਦੀ ਹੈ ਤਾਂ ਗਰਮੀਆਂ ਵਿਚ ਤਾਪਮਾਨ ਦੀ ਮਾਰ ਹੁਣ ਨਾਲੋਂ 10 ਗੁਣਾ ਵਧ ਜਾਵੇਗੀ।
ਨੋਆ ਦੀ 19 ਜੁਲਾਈ 2019 ਨੂੰ ਰਿਲੀਜ਼ ਹੋਈ ਇਕ ਰਿਪੋਰਟ ਅਨੁਸਾਰ ਪਿਛਲੇ 140 ਸਾਲਾਂ ਦੇ ਰਿਕਾਰਡ ਅਨੁਸਾਰ 2019 ਦਾ ਜੂਨ ਮਹੀਨਾ ਹੁਣ ਤੱਕ ਦੇ ਜੂਨ ਮਹੀਨਿਆਂ ਵਿਚੋਂ ਸਭ ਤੋਂ ਗਰਮ ਰਿਹਾ ਹੈ। 20ਵੀਂ ਸਦੀ ਦੇ ਜੂਨ ਦੇ ਮਹੀਨਿਆਂ ਦੇ ਔਸਤ ਤਾਪਮਾਨ (15.5 ਡਿਗਰੀ ਸੈਲਸੀਅਸ) ਤੋਂ ਇਹ ਤਾਪਮਾਨ 0.95 ਡਿਗਰੀ ਸੈਲਸੀਅਸ (1.71 ਡਿਗਰੀ ਫਾਰਨਹਾਈਟ) ਵੱਧ ਆਂਕਿਆ ਗਿਆ ਹੈ, ਜੋ ਚਿੰਤਾ ਦਾ ਵਿਸ਼ਾ ਹੈ।
2015 ਤੋਂ ਹਰ ਸਾਲ ਗਰਮ ਹਵਾਵਾਂ ਦੀ ਆਮਦ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਪਿਛਲੇ 4 ਸਾਲ ਰਿਕਾਰਡ ਅਨੁਸਾਰ ਹੁਣ ਤੱਕ ਦੇ ਸਭ ਤੋਂ ਗਰਮ ਸਾਲ ਰਹੇ ਹਨ। ਸਾਲ 2018 ਤਾਪਮਾਨ ਦੇ ਵਾਧੇ ਅਨੁਸਾਰ ਚੌਥੇ ਨੰਬਰ ਉਤੇ ਸੀ। ਹੁਣ ਤੱਕ ਸਭ ਤੋਂ ਗਰਮ ਸਾਲ ਭਾਵੇਂ 2016 ਰਿਹਾ ਹੈ, ਪਰ ਨੌਆ ਅਨੁਸਾਰ 2019 ਦਾ ਜਨਵਰੀ ਤੋਂ ਜੂਨ ਤੱਕ ਦਾ ਔਸਤ ਤਾਪਮਾਨ 2016 ਦੇ ਇਸ ਸਮੇਂ ਦੇ ਔਸਤ ਤਾਪਮਾਨ ਤੋਂ ਵੱਧ ਰਿਕਾਰਡ ਕੀਤਾ ਗਿਆ ਹੈ। ਡਬਲਿਊ. ਐਮ. ਓ. ਅਨੁਸਾਰ 2019 ਦਾ ਸਾਲ ਹੁਣ ਤੱਕ ਦਾ ਪੰਜਵਾਂ ਸਭ ਤੋਂ ਗਰਮ ਸਾਲ ਅਤੇ 2015-2019 ਤੱਕ ਦੇ 5 ਸਾਲ ਹੁਣ ਤੱਕ ਦੇ ਰਿਕਾਰਡ ਅਨੁਸਾਰ ਲਗਾਤਾਰ ਸਭ ਤੋਂ ਗਰਮ ਸਾਲ ਹੋ ਸਕਦੇ ਹਨ। ਵਰਤਮਾਨ ਸਮੇਂ ਦੌਰਾਨ ਵਾਯੂਮੰਡਲ ਵਿਚ ਕਾਰਬਨਡਾਇਆਕਸਾਈਡ ਦੀ ਮਾਤਰਾ 415 ਪਾਰਟਸ ਪ੍ਰਤੀ ਮਿਲੀਅਨ ਹੈ, ਜੋ 3 ਮਿਲੀਅਨ ਸਾਲਾਂ ਵਿਚ ਸਭ ਤੋਂ ਵੱਧ ਹੈ।
ਤਾਪਮਾਨ ਦਾ ਇਸ ਤਰ੍ਹਾਂ ਲਗਾਤਾਰ ਵਧਣਾ ਇਕ ਗੰਭੀਰ ਚੁਣੌਤੀ ਬਣ ਗਿਆ ਹੈ, ਕਿਉਂਕਿ ਮੌਸਮੀ ਚੱਕਰ ਵਿਚ ਤੇਜ਼ੀ ਨਾਲ ਤਬਦੀਲੀ ਆ ਰਹੀ ਹੈ, ਜਿਵੇਂ ਇਕ ਪਾਸੇ ਗਰਮੀ ਦੀ ਮਾਰੂ ਲਹਿਰ ਅਤੇ ਦੂਜੇ ਪਾਸੇ ਭਾਰੀ ਬਰਫਬਾਰੀ ਅਤੇ ਇਕ ਪਾਸੇ ਭਾਰੀ ਮੀਂਹ ਪੈਣ ਕਾਰਨ ਕਈ ਇਲਾਕਿਆਂ ਵਿਚ ਸੋਕਾ ਪੈਣਾ ਸ਼ੁਰੂ ਹੋ ਗਿਆ ਹੈ, ਜਿਸ ਨਾਲ ਆਉਣ ਵਾਲੇ ਸਮੇਂ ਵਿਚ ਅਨਾਜ ਅਤੇ ਪਾਣੀ ਵਿਚ ਭਾਰੀ ਕਮੀ ਆ ਸਕਦੀ ਹੈ।
ਆਈ. ਪੀ. ਸੀ. ਸੀ. ਦੀ ਸਾਲ 2014 ਦੀ ਇਕ ਰਿਪੋਰਟ ਵਿਚ ਮੌਸਮ ਵਿਚ ਆ ਰਹੀਆਂ ਤਬਦੀਲੀਆਂ ਬਾਰੇ ਚਿੰਤਾਜਨਕ ਤੱਥ ਪੇਸ਼ ਕਰਦਿਆਂ ਚਿਤਾਵਨੀ ਦਿੱਤੀ ਗਈ ਸੀ ਕਿ ਜੇ ਗਰੀਨਹਾਊਸ ਗੈਸਾਂ ਦੀ ਨਿਕਾਸੀ ਨੂੰ ਘਟਾਉਣ ਲਈ ਠੋਸ ਕਦਮ ਨਾ ਚੁਕੇ ਗਏ ਤਾਂ ਮੌਸਮੀ ਤਬਦੀਲੀਆਂ ਦੇ ਪ੍ਰਭਾਵਾਂ ਤੋਂ ਦੁਨੀਆਂ ਦਾ ਕੋਈ ਵੀ ਮੁਲਕ ਬਚ ਨਹੀਂ ਸਕੇਗਾ। ਇਸ ਰਿਪੋਰਟ ਵਿਚ ਇਹ ਵੀ ਖੁਲਾਸਾ ਕੀਤਾ ਗਿਆ ਸੀ ਕਿ ਧਰਤੀ ਉਤੇ ਵਧਦਾ ਤਾਪਮਾਨ ਛੋਟੇ ਟਾਪੂਆਂ ਤੋਂ ਲੈ ਕੇ ਵੱਡੇ ਮਹਾਂਦੀਪਾਂ ਤੱਕ ਅਤੇ ਗਰੀਬ ਤੇ ਅਮੀਰ ਮੁਲਕਾਂ ਦੇ ਨਾਲ ਨਾਲ ਧਰਤੀ ਦੇ ਸਾਰੇ ਖਿੱਤਿਆਂ ਨੂੰ ਆਪਣੀ ਮਾਰ ਵਿਚ ਲੈ ਚੁਕਾ ਹੈ।
ਆਈ. ਪੀ. ਸੀ. ਸੀ. ਨੇ ਅਕਤੂਬਰ 2018 ਵਿਚ ਰਿਲੀਜ਼ ਇਕ ਰਿਪੋਰਟ ਵਿਚ ਖੁਲਾਸਾ ਕਰਦਿਆਂ ਸਪਸ਼ਟ ਕੀਤਾ ਕਿ ਹੁਣ ਸਾਡੇ ਕੋਲ ਤਾਪਮਾਨ 1.5 ਡਿਗਰੀ ਸੈਲਸੀਅਸ ਤੱਕ ਦਾ ਵਾਧਾ ਰੋਕਣ ਲਈ ਸਿਰਫ 12 ਸਾਲ ਹਨ, ਇਸ ਪਿਛੋਂ ਮਾਮੂਲੀ ਜਿਹਾ (ਅੱਧਾ ਡਿਗਰੀ ਸੈਲਸੀਅਸ) ਵਾਧਾ ਵੀ ਮਾਰੂ ਸਾਬਤ ਹੋਵੇਗਾ, ਜਿਸ ਨਾਲ ਹੜ੍ਹ, ਸੋਕਾ, ਅੱਤ ਦੀ ਗਰਮੀ ਅਤੇ ਠੰਡ ਮਨੁੱਖਾਂ ਸਮੇਤ ਹਰ ਤਰ੍ਹਾਂ ਦੇ ਜੀਵ-ਜੰਤੂਆਂ ਲਈ ਮਾਰੂ ਸਾਬਤ ਹੋਣਗੇ। ਇਸੇ ਸਾਲ ਮਾਰਚ ਮਹੀਨੇ ਗਲੋਬਲ ਇਨਵਾਇਰਨਮੈਂਟਲ ਆਊਟਲੂਕ ਦੀ ‘ਸਿਹਤਮੰਦ ਗ੍ਰਹਿ ਅਤੇ ਸਿਹਤਮੰਦ ਲੋਕ’ ਦੇ ਸਿਰਲੇਖ ਹੇਠ ਛਪੀ ਇਕ ਰਿਪੋਰਟ ਵਿਚ ਵੀ ਮਨੁੱਖੀ ਗਤੀਵਿਧੀਆਂ ਕਾਰਨ ਆ ਰਹੀਆਂ ਮੌਸਮੀ ਤਬਦੀਲੀਆਂ ਅਤੇ ਵਿਗਾੜਾਂ ਬਾਰੇ ਗੰਭੀਰ ਚਿੰਤਾ ਪ੍ਰਗਟਾਉਂਦਿਆਂ ਧਰਤੀ ਅਤੇ ਇਸ ਉਤੇ ਵਿਚਰ ਰਹੇ ਹਰ ਪ੍ਰਕਾਰ ਦੇ ਜੀਵ-ਜੰਤੂਆਂ ਦੀ ਹੋਂਦ ਤੇ ਉਨ੍ਹਾਂ ਦੇ ਸਿਹਤਮੰਦ ਜੀਵਨ ਲਈ ਛੇਤੀ ਤੋਂ ਛੇਤੀ ਉਪਰਾਲੇ ਕਰਨ ਲਈ ਪੁਰਜ਼ੋਰ ਸਿਫਾਰਸ਼ ਕੀਤੀ ਗਈ ਹੈ।
ਵੱਖ ਵੱਖ ਰਿਪੋਰਟਾਂ ਤੋਂ ਇਹ ਸਾਫ ਜਾਹਰ ਹੈ ਕਿ ਸਾਰੇ ਮੁਲਕਾਂ ਨੂੰ ਰਲਮਿਲ ਕੇ ਕੌਮੀ ਅਤੇ ਕੌਮਾਂਤਰੀ ਪੱਧਰ ‘ਤੇ ਤੇਜ਼ੀ ਨਾਲ ਗਰੀਨਹਾਊਸ ਗੈਸਾਂ ਦੀ ਨਿਕਾਸੀ ਨੂੰ ਘੱਟ ਕਰਨ ਦੇ ਉਪਰਾਲੇ ਕਰਨੇ ਚਾਹੀਦੇ ਹਨ। ਸਾਲ 2014 ਦੀ ਆਈ. ਪੀ. ਸੀ. ਸੀ. ਦੀ ਇਕ ਰਿਪੋਰਟ ਪਿਛੋਂ ਭਾਵੇਂ ਪੈਰਿਸ ਮੌਸਮੀ ਸੰਧੀ ਵਿਚ ਗਰੀਨ ਹਾਊਸ ਗੈਸਾਂ ਦੀ ਨਿਕਾਸੀ ਘੱਟ ਕਰਨ ਲਈ ਸਾਰੇ ਮੁਲਕਾਂ ਨੇ ਰੂਪ ਰੇਖਾ ਉਲੀਕੀ ਸੀ, ਪਰ ਉਸ ਨੂੰ ਅਮਲੀ ਜਾਮਾ ਪਹਿਨਾਉਣ ਤੋਂ ਪਹਿਲਾਂ ਹੀ 2017 ਵਿਚ ਅਮਰੀਕਾ ਦੇ ਰਾਸ਼ਟਰਪਤੀ ਨੇ ਉਸ ਤੋਂ ਬਾਹਰ ਨਿਕਲਣ ਦਾ ਐਲਾਨ ਕਰ ਦਿੱਤਾ ਅਤੇ ਕਿਹਾ ਕਿ ਇਹ ਸੰਧੀ ਅਮਰੀਕਾ ਦੇ ਅਰਥਚਾਰੇ ਦੇ ਹਿੱਤ ਵਿਚ ਨਹੀਂ।
2018 ਵਿਚ ਆਈ ਰਿਪੋਰਟ ਦੇ ਨਤੀਜੇ ਅਮਰੀਕਾ, ਸਾਉਦੀ ਅਰਬ, ਕੁਵੈਤ ਅਤੇ ਰੂਸ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਪੋਲੈਂਡ ਦੇ ਸ਼ਹਿਰ ਕਾਟੋਵਿਸ ਵਿਚ 2018 ਵਿਚ ਹੋਈ ਕਾਨਫਰੰਸ ਵਿਚ ਪੈਰਿਸ ਮੌਸਮੀ ਸੰਧੀ ਨੂੰ ਅਮਲ ਵਿਚ ਲਿਆਉਣ ਲਈ ਤਾਪਮਾਨ ਸੁਰੱਖਿਆ ਦੇ ਵਾਧੇ ਦੀ ਹੱਦ 1.5 ਡਿਗਰੀ ਸੈਲਸੀਅਸ ਤੱਕ ਰੋਕਣ ਉਤੇ ਕੋਈ ਫੈਸਲਾ ਨਾ ਹੋ ਸਕਿਆ। ਜੇ ਤਾਪਮਾਨ ਦੇ ਵਾਧੇ ਉਤੇ ਲਗਾਮ ਪਾਉਣ ਵਾਲੀਆਂ ਕੌਮਾਂਤਰੀ ਕਾਨਫਰੰਸਾਂ ਫੇਲ੍ਹ ਹੁੰਦੀਆਂ ਰਹੀਆਂ ਤਾਂ ਧਰਤੀ ਅਤੇ ਇਸ ‘ਤੇ ਰਹਿਣ ਵਾਲੇ ਜੀਵ-ਜੰਤੂ ਅਣਕਿਆਸੇ ਮੌਸਮੀ ਵਿਗਾੜਾਂ ਦੀ ਮਾਰ ਝੱਲਣ ਲਈ ਮਜਬੂਰ ਹੋ ਜਾਣਗੇ।
ਮੌਸਮੀ ਤਬਦੀਲੀ ਦੇ ਵਿਗਾੜਾਂ ਤੋਂ ਨਿਜਾਤ ਪਾਉਣ ਲਈ ਸਾਨੂੰ ਕੌਮਾਂਤਰੀ ਪੱਧਰ ਤੋਂ ਲੈ ਕੇ ਕੌਮੀ, ਖੇਤਰੀ ਅਤੇ ਸਥਾਨਕ ਪੱਧਰ ‘ਤੇ ਉਪਰਾਲੇ ਕਰਨੇ ਚਾਹੀਦੇ ਹਨ। ਕੌਮਾਂਤਰੀ ਪੱਧਰ ਉਤੇ ਇਸੇ ਸਾਲ 23 ਸਤੰਬਰ ਨੂੰ ਸੰਯੁਕਤ ਰਾਸ਼ਟਰ ਦੇ ਸੈਕਟਰੀ ਜਨਰਲ ਐਨਟੋਨੀਓ ਗੁਟਰਸ ਨੇ ਤਾਪਮਾਨ ਦੇ ਵਾਧੇ ਉਤੇ ਕਾਬੂ ਪਾਉਣ ਲਈ ਨਿਊ ਯਾਰਕ ਵਿਚ ਇਕ ਸਪੈਸ਼ਲ ਕਲਾਈਮੇਟ ਸੰਮੇਲਨ ਰੱਖਿਆ ਹੈ ਅਤੇ ਇਸ ਵਿਚ ਸਿਰਫ ਉਹ ਹੀ ਮੁਲਕ ਹਿੱਸਾ ਲੈਣਗੇ, ਜਿਨ੍ਹਾਂ ਦੀਆਂ ਆਪਣੇ ਮੁਲਕ ਵਿਚ ਕਾਰਬਨ ਨਿਕਾਸੀ ਦੀ ਕਟੌਤੀ ਵਧਾਉਣ ਲਈ ਚੰਗੀਆਂ ਤਜਵੀਜ਼ਾਂ/ਯੋਜਨਾਵਾਂ ਹਨ।
ਇਸ ਪਿਛੋਂ ਚਿੱਲੀ ਦੇ ਸ਼ਹਿਰ ਸੈਨਤਿਆਗੋ ਵਿਚ ਸੀ. ਓ. ਪੀ. 25 ਵਿਚ ਵੀ ਇਸ ਬਾਰੇ ਡੂੰਘਾਈ ਨਾਲ ਵਿਚਾਰ-ਵਟਾਂਦਰਾ ਕਰਕੇ 2020 ਵਿਚ ਬਰਤਾਨੀਆ ਵਿਚ ਹੋਣ ਵਾਲੀ ਸੀ. ਓ. ਪੀ. 26 ਲਈ ਵਿਊਂਤਬੰਦੀ ਤਿਆਰ ਕੀਤੀ ਜਾਵੇ, ਕਿਉਂਕਿ 2020 ਵਿਚ ਹੋਣ ਵਾਲੀ ਸੀ. ਓ. ਪੀ. 26 ਵਿਚ ਕਾਰਬਨ ਨਿਕਾਸੀ ਦੀ ਕਟੌਤੀ ਕਰਨ ਲਈ ਸਾਰੇ ਮੁਲਕਾਂ ਦੀ ਰਾਇ ਨਾਲ ਅੰਤਿਮ ਫੈਸਲਾ ਲਿਆ ਜਾਵੇਗਾ ਅਤੇ ਤਾਪਮਾਨ ਦੇ ਵਾਧੇ ਨੂੰ 1.5 ਡਿਗਰੀ ਸੈਲੀਅਸ ਤੱਕ ਰੋਕਣ ਦਾ ਉਪਰਾਲਾ ਕੀਤਾ ਜਾਵੇਗਾ।
ਸਵਾਲ ਹੈ ਕਿ ਇਨ੍ਹਾਂ ਕਾਨਫਰੰਸਾਂ ਵਿਚ ਕਿੰਨੀ ਸਫਲਤਾ ਮਿਲਦੀ ਹੈ? ਇਸ ਤੋਂ ਇਲਾਵਾ ਕੌਮੀ ਪੱਧਰ ‘ਤੇ ਵੀ ਕਾਰਵਾਈ ਦੀ ਲੋੜ ਹੈ। ਬਰਤਾਨੀਆ, ਆਇਰਲੈਂਡ, ਕੈਨੇਡਾ ਅਤੇ ਫਰਾਂਸ ਵਰਗੇ ਕੁਝ ਮੁਲਕਾਂ ਨੇ ਮੌਸਮੀ ਐਮਰਜੈਂਸੀ ਦਾ ਐਲਾਨ ਕੀਤਾ ਹੈ, ਜੋ ਇਸ ਸਬੰਧ ਵਿਚ ਤੇਜ਼ੀ ਨਾਲ ਕਦਮ ਚੁੱਕਣ ਦੀ ਨੀਅਤ ਨੂੰ ਵੀ ਦਰਸਾਉਂਦਾ ਇਕ ਸ਼ਲਾਘਾਯੋਗ ਕਦਮ ਹੈ। ਗਰੀਨਹਾਊਸ ਗੈਸਾਂ ਦੀ ਨਿਕਾਸੀ ਨੂੰ ਘੱਟ ਕਰਨ ਲਈ ਹਰ ਮੁਲਕ ਨੂੰ ਚਾਹੀਦਾ ਹੈ ਕਿ ਤੇਲ, ਕੋਇਲੇ ਆਦਿ ਦੀ ਵਰਤੋਂ ਘਟਾ ਕੇ ਕੁਦਰਤੀ ਸਰੋਤਾਂ ਭਾਵ ਹਵਾ, ਪਾਣੀ ਅਤੇ ਸੂਰਜੀ ਸਰੋਤਾਂ ਤੋਂ ਊਰਜਾ ਪੈਦਾ ਕਰੇ। ਇਸ ਦੇ ਨਾਲ ਨਾਲ ਜੰਗਲਾਂ ਦੇ ਰਕਬੇ ਵਿਚ ਵਾਧਾ ਕਰਨਾ ਚਾਹੀਦਾ ਹੈ, ਕਿਉਂਕਿ ਰੁੱਖ ਗਰੀਨਹਾਊਸ ਗੈਸਾਂ ਨੂੰ ਕਾਫੀ ਮਾਤਰਾ ਵਿਚ ਆਪਣੇ ਅੰਦਰ ਜਜ਼ਬ ਕਰ ਲੈਂਦੇ ਹਨ।
ਇੱਥੇ ਇਹ ਜਾਣ ਲੈਣਾ ਵੀ ਜ਼ਰੂਰੀ ਹੈ ਕਿ ਜੰਗਲਾਂ ਥੱਲੇ ਰਕਬਾ ਵਧਣਾ ਜ਼ਰੂਰੀ ਹੈ, ਨਾ ਕਿ ਫਸਲਾਂ ਜਾਂ ਵਪਾਰਕ ਰੁੱਖਾਂ ਥੱਲੇ ਜਿਵੇਂ ਸਾਡੇ ਮੁਲਕ ਵਿਚ ਪਿਛਲੇ ਦੋ ਸਾਲਾਂ ਵਿਚ ਜੰਗਲਾਂ ਥੱਲੇ ਇਕ ਫੀਸਦ ਰਕਬਾ ਵਧਿਆ ਹੈ, ਪਰ ਅਸਲ ਵਿਚ ਇਸ ਵਿਚੋਂ 82 ਫੀਸਦ ਰਕਬਾ ਖੇਤੀਬਾੜੀ ਜਦਕਿ ਸਿਰਫ 4.4 ਫੀਸਦ ਜੰਗਲਾਂ ਥੱਲੇ ਵਧਿਆ ਹੈ। ਇਸੇ ਤਰ੍ਹਾਂ ਯੂਰਪ ਦੇ ਕੁਝ ਮੁਲਕਾਂ ਜਿਵੇਂ ਸਵੀਡਨ, ਫਿਨਲੈਂਡ, ਸਪੇਨ ਅਤੇ ਫਰਾਂਸ ਵਿਚ ਜੰਗਲਾਂ ਦਾ ਰਕਬਾ ਵਧ ਰਿਹਾ ਹੈ ਅਤੇ ਇਹ ਵਾਧਾ 1990-2015 ਦੌਰਾਨ ਲਗਭਗ 90,000 ਵਰਗ ਮੀਟਰ ਆਂਕਿਆ ਗਿਆ ਹੈ, ਪਰ ਇਹ ਵਾਧਾ ਵੀ ਉਨ੍ਹਾਂ ਦਰਖਤਾਂ ਦਾ ਹੀ ਹੈ, ਜਿਨ੍ਹਾਂ ਦੀ ਲਕੜੀ ਕਾਗਜ਼ ਅਤੇ ਇਮਾਰਤਾਂ ਬਣਾਉਣ ਲਈ ਵਰਤੀ ਜਾਂਦੀ ਹੈ। ਇਸ ਲਈ ਇਸ ਸਮੇਂ ਜੰਗਲਾਂ ਦੇ ਉਸ ਰਕਬੇ ਵਿਚ ਵਾਧਾ ਕਰਨਾ ਚਾਹੀਦਾ ਹੈ, ਜੋ ਗਰੀਨ ਹਾਊਸ ਗੈਸਾਂ ਨੂੰ ਵੱਧ ਤੋਂ ਵੱਧ ਜਜ਼ਬ ਕਰ ਸਕਣ।
ਇਸ ਤੋਂ ਇਲਾਵਾ ਹਰ ਇਕ ਮੁਲਕ ਨੂੰ ਆਵਾਜਾਈ ਦੇ ਜਨਤਕ ਸਾਧਨਾਂ ਨੂੰ ਇੰਨਾ ਚੁਸਤ-ਦਰੁਸਤ ਬਣਾ ਦੇਣਾ ਚਾਹੀਦਾ ਹੈ ਕਿ ਲੋਕ ਨਿੱਜੀ ਸਾਧਨਾਂ ਨੂੰ ਆਪ-ਮੁਹਾਰੇ ਤਿਅਗ ਦੇਣ। ਹਰ ਵਿਅਕਤੀ ਨੂੰ ਨਿੱਜੀ ਤੌਰ ‘ਤੇ ਉਪਰਾਲੇ ਕਰਨ ਦੀ ਵੀ ਲੋੜ ਹੈ, ਜਿਵੇਂ ਕੁਦਰਤੀ ਸਾਧਨਾਂ ਦੀ ਲੋੜ ਅਨੁਸਾਰ ਵਰਤੋਂ ਅਤੇ ਊਰਜਾ ਨਾਲ ਚੱਲਣ ਵਾਲੇ ਸਾਧਨ ਜਿਵੇਂ ਘਰਾਂ ਦੀ ਲਾਈਟ, ਪੱਖੇ, ਏ. ਸੀ., ਟੀ. ਵੀ. ਆਦਿ ਦੀ ਵਰਤੋਂ ਘੱਟ ਕਰਕੇ ਗਰੀਨ ਹਾਊਸ ਗੈਸਾਂ ਦੀ ਨਿਕਾਸੀ ਘੱਟ ਕੀਤੀ ਜਾ ਸਕਦੀ।
ਇਸ ਦੇ ਨਾਲ ਨਾਲ ਸਵੀਡਨ ਦੀ 16 ਸਾਲਾ ਲੜਕੀ ਗਰੀਟਾ ਥੁਨਬਰਗ, ਜਿਸ ਨੇ ‘ਫਰਾਈਡੇਅ ਫਾਰ ਫਿਊਚਰ’ ਮੁਹਿੰਮ ਚਲਾ ਕੇ ਸਾਰੀ ਦੁਨੀਆਂ ਦੇ ਸਕੂਲੀ ਬੱਚਿਆਂ ਨੂੰ ਵਾਤਾਵਰਣ ਦੀ ਖਸਤਾ ਹਾਲਤ ਬਾਰੇ ਜਾਗਰੂਕ ਕਰਕੇ ਆਪਣੇ ਮੁਲਕ ਦੀ ਸਰਕਾਰ ਨੂੰ ਫਰਾਈਡੇਅ (ਸ਼ੁੱਕਰਵਾਰ) ਨੂੰ ਸਕੂਲ ਨਾ ਜਾ ਕੇ, ਆਪਣੇ ਸ਼ਹਿਰ ਵਿਚ ਹੀ ਕਿਸੇ ਇਕ ਖਾਸ ਥਾਂ ਇਕੱਠੇ ਹੋ ਕੇ ਸ਼ਾਂਤੀਪੂਰਵਕ ਰੋਸ ਪ੍ਰਗਟ ਕਰਕੇ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਲਈ ਸੋਚਣ ਲਈ ਮਜਬੂਰ ਕਰਨ ਦੀ ਮੁਹਿੰਮ ਚਲਾਈ ਹੈ ਤਾਂ ਕਿ ਸਰਕਾਰਾਂ ਆਪਣੀਆਂ ਆਰਥਕ ਵਿਕਾਸ ਦੀਆਂ ਗਿਣਤੀਆਂ-ਮਿਣਤੀਆਂ ਛੱਡ ਕੇ ਆਉਣ ਵਾਲੀਆਂ ਪੀੜ੍ਹੀਆਂ ਲਈ ਸਿਹਤਮੰਦ ਵਾਤਾਵਰਣ ਬਣਾਉਣ ਲਈ ਤੇਜ਼ੀ ਨਾਲ ਉਪਰਾਲੇ ਸ਼ੁਰੂ ਕਰ ਦੇਣ। ਇਸ ਲਈ ਹਰ ਮੁਲਕ ਦੀ ਸਰਕਾਰ ਨੂੰ ਆਪਣੇ ਤੌਰ ‘ਤੇ ਅਤੇ ਕੌਮਾਂਤਰੀ ਪੱਧਰ ਉਤੇ ਸਾਂਝੇ ਤੌਰ ‘ਤੇ ਇਸ ਪੀੜ੍ਹੀ ਤੋਂ ਸਿੱਖਿਆ ਲੈਂਦਿਆਂ, ਬਿਨਾ ਦੇਰੀ ਕੀਤੇ ਮੌਸਮੀ ਤਬਦੀਲੀਆਂ ਦੀ ਭਿਆਨਕ ਮਾਰ ਤੋਂ ਬਚਣ ਦੇ ਤੇਜ਼ੀ ਨਾਲ ਉਪਰਾਲੇ ਕਰਨੇ ਚਾਹੀਦੇ ਹਨ।