ਮੂਕ-ਮੌਤ ਵੱਲ ਤੋਰਿਆ ਜਾ ਰਿਹਾ ਹੈ ਐਮੇਜ਼ੋਨ

ਲਾਤੀਨੀ ਅਮਰੀਕਾ ਦੇ ਮੁਲਕਾਂ ਵਿਚ ਪੈਂਦੇ ਸਾਂਝੇ ਐਮੇਜ਼ੋਨ ਜੰਗਲ ਅਤੇ ਦਰਿਆ ਦੀ ਆਪਣੀ ਕਹਾਣੀ ਹੈ। ਇਥੇ ਜੀਵ-ਜੰਤੂਆਂ ਦੀਆਂ ਸੈਂਕੜੇ ਨਸਲਾਂ ਦਾ ਵਸੇਬਾ ਹੈ, ਪਰ ਆਧੁਨਿਕ ਵਿਕਾਸ ਨੇ ਹੁਣ ਇਨ੍ਹਾਂ ਜੰਗਲਾਂ ਲਈ ਖਤਰਾ ਖੜ੍ਹਾ ਕਰ ਦਿੱਤਾ ਹੈ। ਇਹ ਜੰਗਲ ਲੋਪ ਹੋਣ ਨਾਲ ਮਨੁੱਖੀ ਵਸੋਂ ਉਤੇ ਕੀ ਅਸਰ ਪੈ ਸਕਦੇ ਹਨ, ਇਸ ਬਾਰੇ ਖੁਲਾਸਾ ਵਾਤਾਵਰਣ ਬਾਰੇ ਅਕਸਰ ਲੋਕਾਂ ਨੂੰ ਜਾਗਰੂਕ ਕਰਦੇ ਰਹਿੰਦੇ ਵਿਦਵਾਨ ਵਿਜੇ ਬੰਬੇਲੀ ਨੇ ਇਸ ਲੇਖ ਵਿਚ ਕੀਤਾ ਹੈ। ਲੇਖ ਵਿਚ ਵਿਚਾਰੀ ਗਈ ਐਮੋਜ਼ੋਨ ਦੀ ਵਿਲੱਖਣਤਾ ਬੜੀ ਦਿਲਚਸਪ ਹੈ।

-ਸੰਪਾਦਕ

ਵਿਜੇ ਬੰਬੇਲੀ
ਫੋਨ: +91-94634-39075

ਐਮੇਜ਼ੋਨ ਲਾਤੀਨੀ (ਦੱਖਣੀ) ਅਮਰੀਕੀ ਦੇਸ਼ਾਂ ਦਾ ਸਾਂਝਾ ਜੰਗਲ ਹੈ, ਪ੍ਰਿਥਵੀ ਦਾ ਸਾਂਝਾ ਵਿਰਸਾ। ਇਨ੍ਹਾਂ ਜੰਗਲਾਂ ਵਿਚੋਂ ਨਿਕਲਦੇ ਦਰਿਆ ਦਾ ਨਾਂ ਵੀ ਐਮੇਜ਼ੋਨ ਹੈ। ਸਾਡੀ ਧਰਤੀ ਉਪਰ ਦਰਿਆਵਾਂ ਦੇ ਦੋ ਜਨਮ-ਸੋਮੇ ਹਨ, ਗਲੇਸ਼ੀਅਰ (ਬਰਫੀਲੇ ਪਹਾੜ) ਅਤੇ ਸੰਘਣੇ ਜੰਗਲ। ਜਿਥੇ ਐਮੇਜ਼ੋਨ ਜੰਗਲ ਐਮੇਜ਼ੋਨ ਦਰਿਆ ਦਾ ਜਨਮਦਾਤਾ ਹੈ, ਉਥੇ ਐਮੇਜ਼ੋਨ ਦਰਿਆ ਵੀ ਐਮੇਜ਼ੋਨ ਜੰਗਲ ਦਾ ਪੂਰਕ ਹੈ। ਦੋਹਾਂ ਦੀ ਹੋਂਦ ਇਕ ਦੂਜੇ ਤੋਂ ਬਿਨਾ ਕਿਆਸੀ ਨਹੀਂ ਜਾ ਸਕਦੀ, ਉਵੇਂ ਹੀ ਦੋਹਾਂ ਦੀ ਹੋਣੀ ਵੀ, ਪਰ ਇਹ ਵੀ ਓਨਾ ਹੀ ਸੱਚ ਹੈ ਕਿ ਮਨੁੱਖ ਦੀ ਹੋਂਦ ਵੀ ਐਮੇਜ਼ੋਨ ਨਾਲ ਜੁੜੀ ਹੋਈ ਹੈ, ਉਵੇਂ ਹੀ ਜਿਵੇਂ ਰੁੱਖ ਅਤੇ ਪਾਣੀ ਨਾਲ ਬੰਦੇ ਦੀ ਹੋਣੀ ਜੁੜੀ ਹੋਈ ਹੈ।
ਐਮੇਜ਼ੋਨ ਖਿੱਤੇ ਕੋਲ ਇਸ ਵੇਲੇ ਦੁਨੀਆਂ ਦੇ ਬਿਹਤਰੀਨ ਰੁੱਖਾਂ ਦਾ ਅਮੀਰ ਜ਼ਖੀਰਾ ਹੈ। ਅਫਰੀਕੀ ਕਾਂਗੋ ਦੇ ਜੰਗਲਾਂ ਨੂੰ ਵੀ ਸੰਸਾਰ ਦੀ ਹਰਿਆਲੀ ਵਿਚ ਮਾਣਮੱਤਾ ਸਥਾਨ ਪ੍ਰਾਪਤ ਹੈ, ਪਰ ਐਮੇਜ਼ੋਨ ਦੇ ਟਾਕਰੇ ਇਸ ਦਾ ਦੂਜਾ ਸਥਾਨ ਹੈ। ਦੋਵੇਂ ਖਿੱਤੇ ਸਾਡੀ ਪ੍ਰਿਥਵੀ ਉਪਰ ਵਰਖਾ ਵਾਲੇ ਜੰਗਲਾਂ ਦੇ ਉਤਮ ਨਮੂਨੇ ਹਨ। ਜੰਗਲ ਵੀ ਵਰਖਾ ਦੇ ਜਨਮਦਾਤਾ ਹਨ ਅਤੇ ਵਰਖਾ ਪਾਣੀ ਦਾ ਮੁਢਲਾ ਸੋਮਾ ਹੈ।
ਐਮੇਜ਼ੋਨ ਦੁਆਲੇ ਜੰਗਲੀ ਖੇਤਰ ਦਾ ਰਕਬਾ 53,61,300 ਵਰਗ ਕਿਲੋਮੀਟਰ (8.15 ਕਰੋੜ ਏਕੜ) ਹੈ, ਜੋ ਅਮਰੀਕਾ ਦੇ 90 ਫੀਸਦੀ ਖੇਤਰਫਲ ਦੇ ਬਰਾਬਰ ਬਣਦਾ ਹੈ। ਐਮੇਜ਼ੋਨ ਦੇ ਜੰਗਲੀ ਰਕਬੇ ਵਿਚ ਘੱਟੋ-ਘੱਟ 9 ਦੇਸ਼ ਹਨ-ਬ੍ਰਾਜ਼ੀਲ, ਬੋਲੀਵੀਆ, ਪੇਰੂ, ਇਕੁਆਡੋਰ, ਕੋਲੰਬੀਆ, ਵੈਂਜ਼ੂਏਲਾ, ਗੁਆਨਾ, ਸੁਰੀਨਾਮ ਅਤੇ ਫ੍ਰੈਂਚ ਗਿਆਨਾ, ਪਰ ਬਹੁਤਾ ਹਿੱਸਾ ਬ੍ਰਾਜ਼ੀਲ ਦਾ ਹੈ; ਇਸੇ ਲਈ ਕਈ ਵਾਰ ਐਮੇਜ਼ੋਨ ਅਤੇ ਬ੍ਰਾਜ਼ੀਲ ਨੂੰ ਇਕ-ਦੂਜੇ ਨਾਲ ਰਲਗੱਡ ਕਰ ਦਿੱਤਾ ਜਾਂਦਾ ਹੈ।
ਐਮੇਜ਼ੋਨ ਸਿਰਫ ਸ਼ੂਕਦਾ ਹੋਇਆ ਦਰਿਆ ਹੀ ਨਹੀਂ, ਸਾਡੀ ਪ੍ਰਿਥਵੀ ‘ਤੇ ਸੰਘਣੀ ਹਰਿਆਲੀ ਦਾ ਉਹ ਛਤਰ ਹੈ, ਜੋ ਸਾਨੂੰ ਸਭ ਨੂੰ ਸੂਰਜ ਦੀ ਮਾਰੂ ਤਪਸ਼ ਤੋਂ ਬਚਾ ਰਿਹਾ ਹੈ। ਐਮੇਜ਼ੋਨ ਦਰਿਆ ਦੀਆਂ ਇਕ ਹਜ਼ਾਰ ਤੋਂ ਵੱਧ ਸ਼ਾਖਾਵਾਂ ਹਨ ਤੇ ਇਹ 6400 ਕਿਲੋਮੀਟਰ ਦਾ ਪੈਂਡਾ ਮਾਰਦਾ, ਵਲ-ਵਲੇਵੇਂ ਖਾਂਦਾ ਅੰਧ-ਮਹਾਂਸਾਗਰ ਵਿਚ ਜਾ ਰਲਦਾ ਹੈ। ਲੰਬਾਈ ਦੇ ਪੱਖ ਤੋਂ ਕੇਵਲ ਨੀਲ ਨਦੀ (6600 ਕਿਲੋਮੀਟਰ) ਹੀ ਇਸ ਤੋਂ ਵੱਡੀ ਹੈ ਤੇ ਗੰਗਾ ਇਸ ਤੋਂ ਕੁਝ ਛੋਟੀ ਪਰ ਜਲਮਾਤਰਾ ਦੇ ਵਹਿਣ ਵਿਚ ਐਮੇਜ਼ੋਨ ਦਾ ਕੋਈ ਸਾਨੀ ਨਹੀਂ। ਹਰ ਘੰਟੇ ਕਰੀਬ 170 ਅਰਬ ਗੈਲਨ ਪਾਣੀ ਸਮੁੰਦਰ ਵਿਚ ਜਾ ਰਲਦਾ ਹੈ। ਇਹ ਮਾਤਰਾ ਨੀਲ ਨਦੀ ਦੇ ਵਹਿਣ ਨਾਲੋਂ 60 ਗੁਣਾ ਵੱਧ ਹੈ। ਇਸ ਦਾ ਪਾੜ? ਖਹਿਣ-ਦੱਸਣ ਵਾਲੀ ਕੋਈ ਗੱਲ ਹੀ ਨਹੀਂ। ਦਰਿਆ ਦੇ ਦਹਾਨੇ ਤੋਂ ਇਕ ਕਿਲੋਮੀਟਰ ਉਪਰ ਵੱਲ ਵੀ ਇਕ ਕੰਢੇ ‘ਤੇ ਖੜ੍ਹੇ ਹੋ ਕੇ ਤੁਸੀਂ ਦੂਜੇ ਕੰਢੇ ਦੀ ਸਾਰ ਨਹੀਂ ਲੈ ਸਕਦੇ।
…ਤੇ ਇਸ ਦੇ ਜੰਗਲ? ਹਾਂ, ਜੰਗਲ ਇੰਨੇ ਸੰਘਣੇ ਹਨ ਕਿ ਸਿਰਫ ਐਮੇਜ਼ੋਨ ਹੀ ਇਨ੍ਹਾਂ ਵਿਚੋਂ ਲਾਂਘਾ ਬਣਾ ਸਕਦਾ ਹੈ। ਇੰਨੇ ਸੰਘਣੇ ਹਨ ਕਿ ਕਈ ਹਿੱਸਿਆਂ ਵਿਚ ਸੂਰਜ ਦੀ ਰੌਸ਼ਨੀ ਵੀ ਨਹੀਂ ਲੰਘਦੀ। ਟਾਹਣ ਇੰਨੇ ਉਚੇ ਹਨ ਕਿ ਥਮਲਿਆਂ ‘ਤੇ ਸਾਵੀਂ ਛੱਤ ਪਈ ਭਾਸਦੀ ਹੈ। ਟਾਹਣਿਆਂ ਦੇ ਗਲ ਲੱਗੀਆਂ ਵੇਲਾਂ ਦੂਰ ਉਪਰ ਸ਼ਾਖਾਵਾਂ ਵਿਚ ਜਾ ਵੜਦੀਆਂ ਹਨ ਤੇ ਇਸ ਵਿਚ ਪਿੜੀਆਂ ਪਾ ਕੇ ਇਸ ਛਤਰ ਨੂੰ ਹੋਰ ਸੰਘਣਾ ਕਰ ਦਿੰਦੀਆਂ ਹਨ।
ਦੁਨੀਆਂ ਦੇ ਮਾਹਰ ਪ੍ਰਾਣੀ ਵਿਗਿਆਨੀ ਵੀ ਅਜੇ ਤਕ ਐਮੇਜ਼ੋਨ ਦੀ ਜੀਵਨ-ਬਣਤਰ ਨੂੰ ਬਿਆਨ ਨਹੀਂ ਕਰ ਸਕੇ। 1982 ਵਿਚ ਅਮਰੀਕਾ ਦੀ ਕੌਮੀ ਵਿਗਿਆਨ ਅਕਾਦਮੀ ਨੇ ਲਿਖਿਆ ਸੀ: “ਐਮੇਜ਼ੋਨ ਦੇ ਦਸ ਵਰਗ ਕਿਲੋਮੀਟਰ ਰਕਬੇ ਵਿਚ ਰੁੱਖਾਂ ਦੀਆਂ 750, ਪਸੂਆਂ ਦੀਆਂ 125, ਪੰਛੀਆਂ ਦੀਆਂ 400 ਅਤੇ ਸੱਪਾਂ ਦੀਆਂ ਇਕ ਸੈਂਕੜੇ ਤੋਂ ਵੱਧ ਕਿਸਮਾਂ ਹਨ। ਹਰ ਰੁੱਖ ਉਪਰ ਖੋੜਾਂ ਅਤੇ ਘੁਰਨਿਆਂ ਅੰਦਰ ਕੀੜਿਆਂ-ਮਕੌੜਿਆਂ ਦੀਆਂ ਚਾਰ ਸੌ ਤੋਂ ਵੀ ਵੱਧ ਨਸਲਾਂ ਦੇਖਣ ਵਿਚ ਆਈਆਂ ਹਨ। ਜਲ ਜੀਵਾਂ ਦੀਆਂ ਸੱਠ ਤੋਂ ਵੱਧ ਸ਼੍ਰੇਣੀਆਂ ਢਾਈ ਕੁ ਕਿਲੋਮੀਟਰ ਦੇ ਘੇਰੇ ਵਿਚ ਤੁਹਾਨੂੰ ਮਿਲ ਜਾਣਗੀਆਂ।” ਐਮੇਜ਼ੋਨ ਘਾਟੀ ਵਿਚ ਪੌਦਿਆਂ ਦੀਆਂ 40 ਹਜ਼ਾਰ ਤੋਂ ਵੱਧ ਜਿਣਸਾਂ ਗਿਣੀਆ ਜਾ ਚੁੱਕੀਆਂ ਹਨ। ਕਈ ਪੌਦੇ, ਜੀਵ-ਜੰਤੂ ਅਤੇ ਪੰਖੇਰੂ ਐਮੇਜ਼ੋਨ ਵਰਗੇ ਹੀ ਹੈਰਾਨੀਜਨਕ ਹਨ, ਜਿਵੇਂ ਲਿਲੀ ਦਾ ਫੁੱਲ ਇਕ ਮੀਟਰ ਚੌੜਾ ਹੋ ਸਕਦਾ ਹੈ, ਤਿਤਲੀਆਂ ਦੀਆਂ ਖੰਭੜੀਆਂ ਨਹੀਂ ਸਗੋਂ ਖੰਭ 20 ਸੈਂਟੀਮੀਟਰ ਤੱਕ ਲੰਮੇ ਹੁੰਦੇ ਹਨ, ਪਿਰਾਰਕੂ ਮੱਛੀ ਦੋ ਮੀਟਰ ਹੁੰਦੀ ਹੈ। ਇਥੇ ਅਜਿਹੇ ਪੌਦੇ ਹਨ, ਜੋ ਗਲੇ-ਸੜੇ ਮਾਸ ਦੀ ਸੜ੍ਹਿਆਂਦ ਮਾਰਦੇ ਹਨ ਅਤੇ ਹਰ ਜੀਵ ਇਕ ਦੂਜੇ ਦੇ ਸ਼ਿਕਾਰ ‘ਤੇ ਹੀ ਜੀਅ ਰਿਹਾ ਹੈ, ਪਰ ਹਰ ਇਕ ਨੂੰ ਕੁਦਰਤ ਮਾਂ ਨੇ ਸੁਰੱਖਿਆ ਦੇ ਚੱਜ ਦਾ ਦਾਅ-ਪੇਚ ਸਿਖਾ ਦਿੱਤਾ ਹੈ।
ਇਸ ਤਰ੍ਹਾਂ ਐਮੇਜ਼ੋਨ ਦੇ ਜੰਗਲਾਂ ਕੋਲ ਪ੍ਰਾਣੀ-ਮੰਡਲ ਦੀ ਉਤਪਤੀ ਅਤੇ ਵਿਕਾਸ ਦੇ ਅਜਿਹੇ ਭੇਤ ਹਨ, ਜਿਨ੍ਹਾਂ ਤੱਕ ਸਾਡੀ ਅਜੇ ਤਕ ਰਸਾਈ ਨਹੀਂ ਹੋ ਸਕੀ। ਰਸਾਇਣ ਵਿਗਿਆਨੀ ਕਹਿੰਦੇ ਹਨ ਕਿ ਇਹ ਬਨਸਪਤੀਆਂ ਦਾ ਖਜਾਨਾ ਅਤੇ ਬੇਸ਼ੁਮਾਰ ਦਵਾਈਆਂ ਦਾ ਭੰਡਾਰ ਹੈ; ਜਿਵੇਂ ਇਥੇ ਇਕ ਅਜਿਹਾ ਰੁੱਖ ਹੈ, ਜਿਸ ਦੇ ਮਿਸ਼ਰਨ ਤੋਂ ਅਜਿਹੀ ਸੁਗੰਧੀ ਆਉਂਦੀ ਹੈ, ਜਿਸ ਨਾਲ ਪੱਤੇ ਖਾਣ ਵਾਲੇ ਕੀੜੇ ਦੌੜ ਜਾਂਦੇ ਹਨ। ਸੰਸਾਰ ਵਿਚ ਖੇਤੀ ਨੂੰ ਬਚਾਉਣ ਲਈ ਕਰੋੜਾਂ ਰੁਪਿਆਂ ਦੀਆਂ ਕੀਟਨਾਸ਼ਕ ਦਵਾਈਆਂ ਛਿੜਕ ਕੇ ਮਨੁੱਖੀ ਸਰੀਰ ਅੰਦਰ ਜ਼ਹਿਰ ਭੇਜਿਆ ਜਾ ਰਿਹਾ ਹੈ। ਇਹ ਪੌਦਾ ਇਨ੍ਹਾਂ ਖਤਰਨਾਕ ਮਾਰੂ ਦਵਾਈਆਂ ਦੀ ਥਾਂ ਲੈ ਸਕਦਾ ਹੈ। ਕੈਂਸਰ ਅਤੇ ਵਧ-ਲਹੂ ਦਬਾਅ ਵਰਗੇ ਰੋਗਾਂ ਲਈ ਪਹਿਲਾਂ ਹੀ ਕਈ ਜੜੀ-ਬੂਟੀਆਂ ਕਾਰਗਰ ਸਿੱਧ ਹੋ ਰਹੀਆਂ ਹਨ।
ਇਹ ਗੱਲ ਹੈਰਾਨੀਜਨਕ ਹੀ ਲੱਗੇਗੀ ਕਿ ਦੁਨੀਆਂ ਦੀਆਂ ਹਰ ਚਾਰ ਫਾਰਮੇਸੀਆਂ ਵਿਚੋਂ ਇਕ ਦਾ ਆਧਾਰ ਇਹ ਤਪਤ-ਖੰਡੀ ਸੰਘਣੇ ਜੰਗਲ ਹਨ। ਅਨੁਮਾਨ ਲਾਇਆ ਗਿਆ ਹੈ ਕਿ ਇਥੇ 1400 ਅਜਿਹੇ ਪੌਦੇ ਹਨ, ਜਿਨ੍ਹਾਂ ਕੋਲ ਕੈਂਸਰ ਰੋਗ ਦੇ ਵਿਪਰੀਤੀ ਗੁਣ ਹਨ। ਇਸ ਜੀਵ ਰਸਾਇਣੀ ਗੁਦਾਮ ਵਿਚ ਤੁਹਾਨੂੰ ਦੁਨੀਆਂ ਭਰ ਦੇ ਅੱਧੇ ਪੌਦਿਆਂ ਤੇ ਜੀਵਾਂ ਦੀ ਸੰਭਾਲ ਮਿਲ ਜਾਏਗੀ। ਕਿੰਨਾ ਵੱਡਾ ਦੁਖਾਂਤ ਹੈ ਕਿ ਅੱਜ ਦੀ ਮਨੁੱਖੀ ਨਸਲ ਜੀਵਨ ਦੇਣ ਵਾਲੇ ਇਸ ਸੋਮੇ ਨੂੰ ਬੁਰੀ ਤਰ੍ਹਾਂ ਨਸ਼ਟ ਕਰ ਰਹੀ ਹੈ। ਜੰਗਲੀ ਰਕਬਾ ਖਤਮ ਕਰਨ ਦਾ ਅਰਥ ਹੈ, ਧਰਤੀ ਤੋਂ ਅਣਗਿਣਤ ਜੀਵ-ਨਸਲਾਂ ਦਾ ਸਫਾਇਆ। ਅਮਰੀਕਾ ਦਾ ਮਸ਼ਹੂਰ ਬਨਸਪਤੀ ਵਿਗਿਆਨੀ ਅਤੇ ਵਾਤਾਵਰਣ ਮਾਹਿਰ ਪੀਟਰ ਐਚ. ਰਾਵੇਨ ਪਿਛਲੀ ਸਦੀ ਦੇ ਅਖੀਰ ਵਿਚ ਕਲਪ ਉਠਿਆ ਸੀ, “ਹੁਣ ਤਾਂ ਇਹ ਦਿਸਣ ਲੱਗਾ ਹੈ ਕਿ ਆਉਂਦੀ ਸਦੀ ਦੇ ਪਹਿਲੇ ਦਹਾਕੇ ਤੱਕ ਘੱਟੋ-ਘੱਟ ਦਸ ਲੱਖ ਜਿਣਸਾਂ ਮੁੱਕ ਚੁੱਕੀਆਂ ਹੋਣਗੀਆਂ ਅਤੇ ਜੇ ਜੰਗਲੀ ਵਸੇਬੇ ਇਸੇ ਤਰ੍ਹਾਂ ਹੀ ਮੁੱਕਦੇ ਰਹੇ ਤਾਂ ਇੱਕੀਵੀਂ ਸਦੀ ਦੇ ਅੱਧ ਤੀਕ ਕੁਲ ਜਿਣਸਾਂ ਦਾ ਅੱਧ ਤਬਾਹ ਹੋ ਚੁਕਾ ਹੋਵੇਗਾ।”
ਇਸ ਤਰ੍ਹਾਂ ਐਮੇਜ਼ੋਨ ਦੇ ਜੰਗਲ ਕੇਵਲ ਰੁੱਖਾਂ ਦੇ ਝੁੰਡ ਹੀ ਨਹੀਂ ਸਗੋਂ ਇਹ ਬਹੁਤ ਵੱਡਾ ਕੁਦਰਤੀ ਕਾਰਖਾਨਾ ਹੈ, ਜੋ ਪੌਸ਼ਟਿਕ ਤੱਤਾਂ ਦੀ ਨਮੀ ਨੂੰ ਮੁੜ ਗੇੜ ਵਿਚ ਲਿਆਉਂਦਾ ਹੈ। ਇਸ ਦੀ ਵਿਸ਼ਾਲ ਛੱਤ ਦੇ ਉਪਰੋਂ ਪੱਤਿਆਂ ਵਿਚੋਂ ਅਥਾਹ ਮਿਕਦਾਰ ਵਿਚ ਨਮੀ ਨਿਕਲ-ਨਿਕਲ ਕੇ ਪੌਣਾਂ ਵਿਚ ਰਲਦੀ ਰਹਿੰਦੀ ਹੈ। ਇਹੋ ਨਮੀ ਲੌਢੇ ਵੇਲੇ ਤੀਕ ਬੱਦਲਾਂ ਦਾ ਰੂਪ ਧਾਰ ਕੇ ਮੋਹਲੇਧਾਰ ਵਰਖਾ ਬਣ ਜਾਂਦੀ ਹੈ। ਇਹ ਕਾਰਖਾਨਾ ਲਗਾਤਾਰ, ਆਦਿ-ਜੁਗਾਦ ਤੋਂ ਇਸੇ ਤਰ੍ਹਾਂ ਚੱਲ ਰਿਹਾ ਹੈ।
ਕਿਆਫਾ ਲਾਇਆ ਗਿਆ ਹੈ ਕਿ ਜੇ ਐਮੇਜ਼ੋਨ ਜੰਗਲ ਤਬਾਹ ਹੋ ਗਏ ਤਾਂ ਵਾਯੂ ਮੰਡਲ ਵਿਚ ਰਲ ਰਹੇ ਜਲ-ਵਾਸ਼ਪ ਦੀ ਮਾਤਰਾ 20 ਫੀਸਦੀ ਘੱਟ ਜਾਣੀ ਹੈ। ਸਿਰਫ ਨਮੀ ਦੀ ਘਾਟ ਹੀ ਨਹੀਂ ਸਗੋਂ ਜਦੋਂ ਵੀ ਬਨਸਪਤੀ ਦਾ ਹਰਾ-ਕੱਜਣ ਲੋਪ ਹੁੰਦਾ ਹੈ ਤਾਂ ਇਸ ਨਾਲ ਜੀਵਤ-ਪ੍ਰਿਥਵੀ ਦੀ ਕਾਰਬਨ ਡਾਇਆਕਸਾਈਡ ਚੂਸਣ ਦੀ ਸਮਰੱਥਾ ਵੀ ਘਟ ਜਾਂਦੀ ਹੈ। ਇਸ ਦਾ ਮਾੜਾ ਪ੍ਰਭਾਵ ਆਕਸੀਜਨ ਉਤਪਾਦਨ ‘ਤੇ ਵੀ ਪੈਂਦਾ ਹੈ। ਇਸੇ ਤਰ੍ਹਾਂ ਨਾਈਟਰੋਜਨ ਨੂੰ ਮੁੜ ਗੇੜ ਵਿਚ ਲਿਆਉਣ ਦਾ ਕਾਰਜ ਵੀ ਢਿੱਲਾ ਪੈ ਜਾਂਦਾ ਹੈ, ਜਿਸ ਨਾਲ ਪੌਦਿਆਂ ਨੂੰ ਪੂਰੇ ਨਾਇਟਰੇਟ ਨਾ ਮਿਲਣ ਕਾਰਨ ਬਨਸਪਤੀ ਦੀ ਵੰਨ-ਸਵੰਨਤਾ ‘ਤੇ ਮਾਰੂ ਪ੍ਰਭਾਵ ਪੈਂਦੇ ਹਨ।
ਇਕ ਸਰਵੇਖਣ ਅਨੁਸਾਰ “ਦੁਨੀਆਂ ਦੀਆਂ ਘੱਟੋ-ਘੱਟ ਇਕ ਤਿਹਾਈ ਪ੍ਰਾਣੀ ਜਿਣਸਾਂ ਇਥੇ ਰਹਿ ਰਹੀਆਂ ਹਨ। ਇਹਦੇ ਵਿਚੋਂ ਜਿਨ੍ਹਾਂ ਦੇ ਵਿਗਿਆਨਕ ਨਾਂ ਧਰ ਕੇ ਸੂਚੀਬੱਧ ਕੀਤਾ ਗਿਆ ਹੈ, ਉਹ ਤਾਂ ਅਜੇ ਨਾਂ-ਮਾਤਰ ਹੀ ਹਨ।
ਐਮੇਜ਼ੋਨੀ ਖੇਤਰ ਦੇ ਅੱਧੇ ਹੈਕਟੇਅਰ ਵਿਚ ਸਮਸ਼ੀਤ ਊਸ਼ਵੀ ਜੰਗਲਾਂ ਨਾਲੋਂ ਦਸ ਗੁਣਾ ਵੱਧ ਵੰਨਗੀ ਭਰਪੂਰ ਬਨਸਪਤੀ ਹੈ, ਪਰ ਹੁਣ ਇਹ ਕਾਰਖਾਨਾ ਬੰਦ ਹੁੰਦਾ ਦਿਸਦਾ ਹੈ। ਮੁੱਖ ਕਾਰਨ ਮਨੁੱਖੀ ਹਵਸ ਅਤੇ ਧਨ-ਕੁਬੇਰ ਧਾੜਵੀਆਂ ਦੀ ਲਾਲਸਾ ਹੈ। ਸੰਯੁਕਤ ਰਾਸ਼ਟਰ ਦੇ ਤਾਜ਼ਾ ਅਨੁਮਾਨਾਂ ਅਨੁਸਾਰ ਦੁਨੀਆਂ ਦੇ ਤਪਤ-ਖੰਡੀ ਵਰਖੀਲੇ ਖੇਤਰਾਂ ਵਿਚ ਹਰ ਸਾਲ 75 ਲੱਖ ਹੈਕਟੇਅਰ ਜੰਗਲ ਲੋਪ ਹੋ ਰਹੇ ਹਨ। ਇਸ ਤਰ੍ਹਾਂ ਜੰਗਲ ਲੋਪ ਹੋਣ ਦੀ ਦਰ ਪਹਿਲਾਂ ਨਾਲੋਂ ਕੋਈ ਪੰਜਾਹ ਪ੍ਰਤੀਸ਼ਤ ਵਧ ਗਈ ਹੈ। ‘ਸੰਸਾਰ ਜੰਗਲੀ-ਜੀਵ ਫੰਡ’ ਵਾਲਿਆਂ ਦਾ ਕਹਿਣਾ ਹੈ ਕਿ ਇਹ ਕਟਾਈ 10 ਤੋਂ 20 ਹੈਕਟੇਅਰ ਪ੍ਰਤੀ ਮਿੰਟ ਹੈ। 1980 ਵਿਚ ਅਮਰੀਕਾ ਦੀ ਕੌਮੀ ਵਿਗਿਆਨ ਅਕਾਦਮੀ ਨੇ ਜੋ ਅੰਕੜੇ ਇਕੱਤਰ ਕੀਤੇ ਸਨ, ਉਨ੍ਹਾਂ ਅਨੁਸਾਰ ਇਹ ਦਰ ਦੋ ਕਰੋੜ ਹੈਕਟੇਅਰ ਪ੍ਰਤੀ ਸਾਲ ਹੈ।
ਐਮੇਜ਼ੋਨ ਜੰਗਲ ਮੁੱਕਣ ਨਾਲ ਸਿਰਫ ਦੱਖਣੀ ਅਮਰੀਕਾ ‘ਤੇ ਹੀ ਕਹਿਰ ਨਹੀਂ ਟੁੱਟੇਗਾ ਸਗੋਂ ਸਮੁੱਚੇ ਗ੍ਰਹਿ ਦੀ ਹੋਣੀ ਇਸ ਆਫਤ ਦੀ ਗ੍ਰਿਫਤ ਵਿਚ ਹੋਵੇਗੀ। ਜੇ ਇਹ ਜੰਗਲ ਘਟ ਗਏ ਤਾਂ ਦਸ ਲੱਖ ਜੀਵਾਂ ਦੀ ਵੰਸ਼-ਸ਼੍ਰੇਣੀ ਮੁੱਕ ਜਾਣੀ ਹੈ। ਇਉਂ ਸਾਡੀ ਧਰਤੀ ਅਮੁੱਲੇ ਪਾਣੀ ਵਿਰਸੇ ਤੋਂ ਵਾਂਝੀ ਹੋ ਜਾਵੇਗੀ। ਇੰਨੀ ਲੱਕੜੀ ਸੜਨ ਨਾਲ ਜਿਹੜੀ ਜਲਣ ਕਿਰਿਆ ਵਿਚ ਵਾਧਾ ਹੋਵੇਗਾ, ਉਸ ਨਾਲ ਇਸ ਸਾਵੇ ਘਰ ਦੇ ਹੋਰ ਅਤੇ ਤੇਜ਼ੀ ਨਾਲ ਤਪਤ ਹੋ ਜਾਣ ਦੇ ਭੈਅ ਨੂੰ ਵੀ ਰੱਦ ਨਹੀਂ ਕੀਤਾ ਜਾ ਸਕਦਾ। ਜੰਗਲ ਲੱਕੜ, ਖਣਿਜਾਂ, ਕਾਰਖਾਨਿਆਂ ਅਤੇ ਖੇਤਾਂ ਲਈ ਖਤਮ ਹੋ ਰਹੇ ਹਨ। ਇਹ ਬੜਾ ਮਾਰੂ ਘਟਨਾਕ੍ਰਮ ਹੈ।
ਜਾਰਜ ਮੈਸਨ ਯੂਨੀਵਰਸਿਟੀ (ਫੇਅਰਫੈਕਸ, ਵਰਜੀਨੀਆ) ਦੇ ਵਾਤਾਵਰਣ ਵਿਗਿਆਨ ਅਤੇ ਨੀਤੀ ਵਿਭਾਗ ਦਾ ਪ੍ਰੋਫੈਸਰ ਥਾਮਸ ਲਵਜੁਆਏ ਲਿਖਦਾ ਹੈ, “ਐਮੇਜ਼ੋਨ ਸਿਰਫ ਜਲ ਪ੍ਰਵਾਹ ਨਹੀਂ ਸਗੋਂ ਪ੍ਰਾਣੀ ਵਿਗਿਆਨ ਦਾ ਅਮੀਰ-ਤਰੀਨ ਪੁਸਤਕਾਲਾ ਹੈ। ਇਹ ਤਾਂ ਦੁਨੀਆਂ ਦੀ ਮਹਾਨ ਪ੍ਰਯੋਗਸ਼ਾਲਾ ਹੈ ਅਤੇ ਗਲੋਬ ਉਪਰਲੇ ਜਲਵਾਯੂ ਦਾ ਧੁਰਾ ਹੈ। ਇਹ ਸਮੁੱਚੀ ਧਰਤੀ ਦੀ ਹੋਣੀ ਦਾ ਪ੍ਰਤੀਕ ਹੈ।”
ਐਮੇਜ਼ੋਨ ਜੰਗਲਾਂ ਦਾ ਵਿਗੜਦਾ ਸਰੂਪ ਪ੍ਰਿਥਵੀ ਉਪਰਲੇ ਜਲਵਾਯੂ ਦੀ ਬਣਤਰ ਨੂੰ ਵਿਗਾੜ ਕੇ ਰੱਖ ਦੇਵੇਗਾ। ਇਹ ਜੰਗਲ ਜਿਥੇ ਵਾਧੂ ਤਪਸ਼ ਚੂਸ ਕੇ ਤਾਪਮਾਨ ਦੀ ਵੰਡ ‘ਤੇ ਪੂਰਾ ਕੰਟਰੋਲ ਰੱਖਦੇ ਹਨ, ਉਥੇ ਜੈਨਰੇਟਰ ਵਾਂਗ ਬੱਦਲਾਂ ਨੂੰ ਵੀ ਉਤੇਜਿਤ ਕਰਦੇ ਰਹਿੰਦੇ ਹਨ। ਇਸ ਤਰ੍ਹਾਂ ਇਨ੍ਹਾਂ ਦੇ ਮੁਢਲੇ ਸਰੂਪ ਵਿਚ ਪਿਆ ਕਿਸੇ ਵੀ ਤਰ੍ਹਾਂ ਦਾ ਵਿਘਨ ਸਾਡੇ ਜਲਵਾਯੂ ‘ਤੇ ਅਣਕਿਆਸਿਆ, ਅਣਡਿੱਠਾ ਅਤੇ ਅਕੱਥ ਵਿਗਾੜ ਪਾ ਸਕਦਾ ਹੈ। ਇਨ੍ਹਾਂ ਜੰਗਲਾਂ ਦੀ ਲੱਕੜੀ ਵਿਚ 75 ਬਿਲੀਅਨ ਘਣ ਕਾਰਬਨ ਹੈ ਅਤੇ ਜਦੋਂ ਅਸੀਂ ਇਨ੍ਹਾਂ ਰੁੱਖਾਂ ਨੂੰ ਜ਼ਮੀਨਾਂ ਦੀ ਹਵਸ ਕਾਰਨ ਸਾੜ ਦਿੱਤਾ ਤਾਂ ਕਿਆਸ ਕਰੋ, ਕਿੰਨੀ ਹੋਰ ਕਾਰਬਨ ਡਾਇਆਕਸਾਈਡ ਸਾਡੇ ਵਾਯੂਮੰਡਲ ਵਿਚ ਰਲ ਜਾਏਗੀ। ਇਹ ਪੌਣ, ਜੋ ਪਹਿਲਾਂ ਹੀ ਇਸ ਗੈਸ ਦੀ ਵਧਦੀ ਮਾਤਰਾ ਕਰ ਕੇ ਹੁੰਮਸ ਵਾਲੀ ਹੋ ਰਹੀ ਹੈ, ਸਾਡੀਆਂ ਧਰੁਵੀ ਬਰਫਾਂ ਨੂੰ ਪਿਘਲਾ ਕੇ ਜਲਵਾਯੂ ਦਾ ਸੁਭਾਅ ਤੇ ਮੁਹਾਂਦਰਾ ਹੀ ਬਦਲ ਸਕਦੀ ਹੈ।
ਜੰਗਲ ਮੁੱਕਣ ਵਾਲੀ ਗੱਲ ਨਿਰਸੰਦੇਹ ਭਿਆਨਕ ਹੈ, ਪਰ ਇਕ ਗੱਲ ਜੋ ਜੰਗਲਾਂ ਦੇ ਮੁੱਕਣ ਤੋਂ ਪਹਿਲਾਂ ਹੀ ਵਾਪਰ ਜਾਣੀ ਹੈ, ਉਹ ਵੱਧ ਖਤਰਨਾਕ ਹੈ; ਉਹ ਹੈ ਜਲਵਾਯੂ ਦੇ ਸੁਭਾਅ ਵਿਚ ਨਾਟਕੀ ਤਬਦੀਲੀ। ਜਲਵਾਯੂ ਦੇ ਬਦਲਣ ਨਾਲ ਪੌਦਿਆਂ ਅਤੇ ਜਾਨਵਰਾਂ ਦਾ ਸਮੂਹਿਕ ਵਿਨਾਸ਼ ਹੋ ਸਕਦਾ ਹੈ। ਐਮੇਜ਼ੋਨ ਦਾ ਵਿਨਾਸ਼ ਸਰਵ-ਵਿਆਪੀ ਵਿਨਾਸ਼ ਦਾ ਸੂਚਕ ਬਣ ਜਾਏਗਾ ਅਤੇ ਐਮੇਜ਼ੋਨ ਦੱਖਣੀ ਅਮਰੀਕਾ ਦਾ ਇਕ ਦਰਿਆ ਹੀ ਕਿਉਂ ਨਾ ਹੋਵੇ, ਪਰ ਇਹ ਸਮੁੱਚੀ ਧਰਤੀ ਦੇ ਸਰੀਰ ਵਿਚ ਸ਼ਾਹਰਗ ਵਾਂਗ ਹੈ।
ਐਮੇਜ਼ੋਨ ਦੀ ਤਬਾਹੀ ਨੂੰ ਦੇਖ ਕੇ ਦੁਨੀਆਂ ਭਰ ਵਿਚੋਂ ਵਾਤਾਵਰਣੀ ਮਰਜੀਵੜਿਆਂ ਨੇ ਆਵਾਜ਼ ਉਠਾਈ ਹੈ, “ਆਓ ਇਨ੍ਹਾਂ ਅਤਿ ਕੀਮਤੀ ਵਰਖੀਲੇ ਜੰਗਲਾਂ ਨੂੰ ਬਚਾ ਲਈਏ”, “ਜੰਗਲਾਂ ਨਾਲ ਧਰੋਹ ਨਾ ਕਰੋ”, “ਐਮੇਜ਼ੋਨ ਅਤੇ ਇਸ ਦਾ ਹਰ ਇਕ ਰੁੱਖ ਇਸ ਧਰਤੀ ਦੀ ਸਾਂਝੀ ਵਿਰਾਸਤ ਹੈ।”