ਹਿੰਦੂਤਵ ਦੇ ਦੌਰ ਵਿਚ ਮੀਆਂ ਕਵਿਤਾ

ਹਿੰਦੂਤਵਵਾਦੀਆਂ ਦੀ ਬੁਰਛਾਗਰਦੀ ਭਾਰਤ ਦੇ ਕਰੀਬ ਹਰ ਸੂਬੇ ਵਿਚ ਸਿਰ ਚੜ੍ਹ ਬੋਲ ਰਹੀ ਹੈ। ਮੁਸਲਮਾਨ ਭਾਈਚਾਰਾ ਖਾਸ ਤੌਰ ‘ਤੇ ਇਨ੍ਹਾਂ ਦੇ ਨਿਸ਼ਾਨੇ ਉਤੇ ਹੈ। ਅਸਾਮ ਵਿਚ ਹੜ੍ਹ ਤਾਂ ਪਿਛੇ ਜਿਹੇ ਆਏ ਹਨ, ਜਿਨ੍ਹਾਂ ਨੇ ਲੱਖਾਂ ਲੋਕ ਉਜਾੜ ਦਿੱਤੇ ਪਰ ਉਸ ਤੋਂ ਪਹਿਲਾਂ ਉਥੇ ਜੋ ਹੜ੍ਹ ਨਫਰਤ ਦਾ ਆਇਆ ਹੈ, ਉਸ ਦੀ ਭਰਪਾਈ ਨਹੀਂ ਹੋ ਰਹੀ। ਨਫਰਤ ਦੇ ਇਸ ਹੜ੍ਹ ਨੂੰ ਕਵਿਤਾ ਨੇ ਵੰਗਾਰਿਆ ਅਤੇ ਤਿੰਨ ਸਾਲ ਤੋਂ ਲਿਖੀ ਜਾ ਰਹੀ ‘ਮੀਆਂ ਕਵਿਤਾ’ ਸਾਹਮਣੇ ਆਈ। ਦੋ ਲੇਖਾਂ ‘ਚ ਨਵਸ਼ਰਨ ਕੌਰ ਅਤੇ ਐਸ਼ ਪੀ. ਸਿੰਘ ਨੇ ਇਸ ਮਸਲੇ ਨੂੰ ਵਿਸਥਾਰ ਸਹਿਤ ਵਿਚਾਰਿਆ ਹੈ ਅਤੇ ਹਿੰਦੂਤਵ ਦੀ ਲੋਕ-ਦੋਖੀ ਪਹੁੰਚ ਦੀ ਨਿਸ਼ਾਨਦੇਹੀ ਕੀਤੀ ਹੈ। ਪੇਸ਼ ਹੈ, ਪਹਿਲਾ ਨਵਸ਼ਰਕ ਕੌਰ ਦਾ ਲੇਖ। ਦੂਜਾ ਐਸ਼ ਪੀ. ਸਿੰਘ ਦਾ ਲੇਖ ਅਗਲੇ ਅੰਕ ਵਿਚ।

-ਸੰਪਾਦਕ

ਨਵਸ਼ਰਨ ਕੌਰ

ਗਿਆਰਾਂ ਜੁਲਾਈ 2019 ਨੂੰ ਆਸਾਮ ਪੁਲਿਸ ਨੇ ਇਕ ਸ਼ਿਕਾਇਤ ‘ਤੇ ਦਸ ਜਣਿਆਂ ਖਿਲਾਫ ਐਫ਼ਆਈ.ਆਰ. ਦਰਜ ਕੀਤੀ। ਉਨ੍ਹਾਂ ਉਤੇ ਦੋਸ਼ ਹੈ: ਆਸਾਮ ਦੀ ਅਸਮਿਤਾ ਨੂੰ ਠੇਸ ਪਹੁੰਚਾਉਣਾ, ਬਦਅਮਨੀ ਫੈਲਾਉਣਾ, ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨਾ ਅਤੇ ਭਾਰਤ ਦੀ ਅਖੰਡਤਾ ਨੂੰ ਠੇਸ ਪਹੁੰਚਾਉਣੀ। ਇਨ੍ਹਾਂ ਨੂੰ ਕਿਸੇ ਵੀ ਵੇਲੇ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਇਹ ਦਸ ਜਣੇ ਕੌਣ ਹਨ? ਇਹ ਮੁਸਲਮਾਨ ਆਸਾਮੀ ਹਨ, ਜਿਨ੍ਹਾਂ ਦੇ ਵਡੇਰਿਆਂ ਦਾ ਪਿਛੋਕੜ ਪੂਰਬੀ ਬੰਗਾਲ ਦਾ ਹੈ। ਇਹ ਬ੍ਰਹਮਪੁੱਤਰ ਦਰਿਆ ਦੇ ਵੱਡੇ ਬਰੇਤਿਆਂ ਵਿਚ ਵਸਦੇ ਮਿਹਨਤਕਸ਼ ਕਿਸਾਨ, ਮਜ਼ਦੂਰ ਹਨ। ਇਨ੍ਹਾਂ ਦਸਾਂ ਵਿਚੋਂ ਬਹੁਤੇ ਕਵੀ ਹਨ ਅਤੇ ਇਹ ‘ਮੀਆਂ ਕਵਿਤਾ’ ਲਿਖਦੇ ਹਨ।
ਮੀਆਂ ਉਰਦੂ ਦਾ ਲਫਜ਼ ਹੈ, ਜੋ ਜਨਾਬ ਜਾਂ ਸ੍ਰੀਮਾਨ ਸੰਬੋਧਨ ਲਈ ਵਰਤਿਆ ਜਾਂਦਾ ਹੈ। ਇਹ ਇੱਜਤ ਦੇਣ ਵਾਲਾ ਜਾਂ ਦੋਸਤਾਨਾ ਸ਼ਬਦ ਹੈ, ਪਰ ਆਸਾਮ ਵਿਚ ਮੀਆਂ ਇਕ ਸਦੀ ਤੋਂ ਉਥੇ ਆਣ ਵੱਸੇ ਪੂਰਬੀ ਬੰਗਾਲ ਮੂਲ ਦੇ ਮੁਸਲਮਾਨਾਂ ਲਈ ਹਿਕਾਰਤ ਵਜੋਂ ਵਰਤਿਆ ਜਾਂਦਾ ਹੈ। ਆਸਾਮ ਵਿਚ ਦਹਾਕਿਆਂ ਤੋਂ ਪੂਰਬੀ ਬੰਗਾਲ ਮੂਲ ਦੇ ਮੁਸਲਮਾਨ ਵਿਤਕਰੇ ਅਤੇ ਨਫਰਤੀ ਜਬਰ ਦਾ ਸ਼ਿਕਾਰ ਰਹੇ ਹਨ। ਉਨ੍ਹਾਂ ਨੂੰ ਆਸਾਮ ਵਾਸੀ ਹੁੰਦਿਆਂ ਵੀ ਸਦਾ ਪਰਵਾਸੀ ਜਾਂ ਗੈਰ ਕਾਨੂੰਨੀ ਨਾਗਰਿਕ ਗਰਦਾਨਿਆ ਜਾਂਦਾ ਹੈ। ਫਰਵਰੀ 1983 ਵਿਚ ਆਸਾਮ ਦੇ ਨੇਲੀ ਜਿਲੇ ਦੇ 15 ਪਿੰਡਾਂ ਵਿਚ ਇਨ੍ਹਾਂ ਮੁਸਲਮਾਨਾਂ ‘ਤੇ ਯੋਜਨਾਬੱਧ ਨਫਰਤੀ ਹਮਲਾ ਹੋਇਆ। ਛੇ ਘੰਟੇ ਚੱਲੇ ਇਸ ਹਮਲੇ ਵਿਚ ਕਈ ਹਜ਼ਾਰ ਔਰਤਾਂ, ਆਦਮੀਆਂ ਅਤੇ ਬੱਚਿਆਂ ਨੂੰ ਕਤਲ ਕਰ ਦਿੱਤਾ ਗਿਆ। 688 ਲੋਕਾਂ ਉਤੇ ਇਨ੍ਹਾਂ ਕਤਲਾਂ ਵਿਚ ਸ਼ਾਮਲ ਹੋਣ ਦੇ ਕੇਸ ਦਰਜ ਹੋਏ ਅਤੇ ਫਿਰ ਬਹੁਗਿਣਤੀ ਦੇ ਦਬਾਅ ਥੱਲੇ 1985 ਵਿਚ ਹੋਏ ‘ਆਸਾਮ ਸਮਝੌਤੇ’ ਤਹਿਤ ਇਹ ਸਾਰੇ ਕੇਸ ਖਾਰਜ ਕਰ ਦਿੱਤੇ ਗਏ। ਆਜ਼ਾਦ ਭਾਰਤ ਦੇ ਇਸ ਪਹਿਲੇ, ਵੱਡੇ ਫਿਰਕੂ ਕਤਲੇਆਮ ਦੇ ਇਕ ਵੀ ਦੋਸ਼ੀ ‘ਤੇ ਮੁਕੱਦਮਾ ਨਹੀਂ ਚੱਲਿਆ, ਸਜ਼ਾ ਤਾਂ ਕੀ ਹੋਣੀ ਸੀ। ਨੇਲੀ ਕਤਲੇਆਮ 1984 ਦੇ ਸਿੱਖ ਕਤਲੇਆਮ ਤੋਂ ਵੀਹ ਮਹੀਨੇ ਪਹਿਲਾਂ ਵਾਪਰਿਆ।
ਨੇਲੀ ਦੀ ਤ੍ਰਾਸਦੀ ਅਤੇ ਬੇਇਨਸਾਫੀ ਤੋਂ ‘ਮੀਆਂ ਕਵਿਤਾ’ ਦਾ ਦੌਰ ਸ਼ੁਰੂ ਹੋਇਆ। ਇਹ ਰੋਹ ਦੀ ਕਵਿਤਾ ਹੈ। ਇਹ ਆਪਣੇ ਨਾਲ ਹੋਈ ਬੇਇਨਸਾਫੀ ਦਾ ਇਜ਼ਹਾਰ ਹੈ, ਬੋਲਣ ਦੀ ਆਜ਼ਾਦੀ ਦੇ ਮਨੁੱਖੀ ਹੱਕ ਦਾ ਅਮਲ ਹੈ। 1985 ਵਿਚ ਲਿਖੀ ਖਬੀਰ ਅਹਿਮਦ ਦੀ ਲੰਮੀ ਕਵਿਤਾ ‘ਬੇਨਤੀ ਹੈ ਕਿ’ ਦੇ ਅੰਸ਼ ਨੇਲੀ ਤ੍ਰਾਸਦੀ ਨੂੰ ਬਿਆਨਦੇ ਹਨ:
ਬੇਨਤੀ ਹੈ ਕਿ
ਮੈਂ ਇਕ ਵਸਨੀਕ ਹਾਂ,
ਇਕ ਮੀਆਂ, ਤੁਹਾਡੀ ਨਫਰਤ ਦਾ ਪਾਤਰ
ਮਾਮਲਾ ਕੁਝ ਵੀ ਹੋਵੇ, ਮੇਰਾ ਨਾਂ ਹੈ
ਇਸਮਾਈਲ ਸ਼ੇਖ, ਰਮਜ਼ਾਨ ਅਲੀ ਜਾਂ ਮਾਜਿਦ ਮੀਆਂ
ਵਿਸ਼ਾ- ਮੈਂ ਆਸਾਮੀ ਹਾਂ
ਮੇਰੇ ਕੋਲ ਕਹਿਣ ਨੂੰ ਬਹੁਤ ਕੁਝ ਹੈ
ਆਸਾਮ ਦੀਆਂ ਲੋਕ ਕਹਾਣੀਆਂ ਤੋਂ ਵੀ ਪੁਰਾਣਾ
ਤੁਹਾਡੀਆਂ ਨਸਾਂ ਵਿਚ ਵਹਿੰਦੇ ਖੂਨ ਤੋਂ ਵੀ ਪੁਰਾਣਾ
ਚਾਲੀ ਸਾਲਾਂ ਦੀ ਆਜ਼ਾਦੀ ਦੇ ਬਾਅਦ ਵੀ
ਤੁਹਾਡੇ ਚਹੇਤੇ ਲੇਖਕਾਂ ਦੀਆਂ ਕਲਮਾਂ ਪਾਸ ਮੇਰੇ ਲਈ ਥਾਂ ਨਹੀਂ
ਤੁਹਾਡੇ ਕਲਮਕਾਰਾਂ ਦਾ ਬੁਰਸ਼ ਮੇਰੀ ਤਸਵੀਰ ਨਹੀਂ ਵਾਹੁੰਦਾ
ਮੇਰਾ ਨਾਂ ਨਹੀਂ ਪੁਕਾਰਿਆ ਜਾਂਦਾ
ਕਿਸੇ ਵਿਧਾਨ ਸਭਾ ਜਾਂ ਸੰਸਦ ਤੋਂ…
ਮਾਮਲਾ ਕੁਝ ਵੀ ਹੋਵੇ, ਮੇਰਾ ਨਾਂ ਹੈ…।
ਤੁਸੀਂ ਗੱਲ ਕਰਦੇ ਹੋ ਕਿਸਾਨਾਂ, ਮਜ਼ਦੂਰਾਂ ਦੀ
ਆਸਾਮ ਧਾਨ ਤੇ ਮਿਹਨਤ ਦੀ ਧਰਤ ਹੈ,
ਤੁਸੀਂ ਆਖਦੇ ਹੋ
ਮੈਂ ਨਤਮਸਤਕ ਹਾਂ ਧਾਨ ਨੂੰ
ਮੈਂ ਨਤਮਸਤਕ ਹਾਂ ਮਿਹਨਤ ਮਜ਼ਦੂਰੀ ਨੂੰ,
ਕਿਉਂਕਿ ਮੈਂ ਕਿਸਾਨ ਦਾ ਪੁੱਤ ਹਾਂ…।
ਇਕ ਗੰਦਾ ਮੀਆਂ
ਮਾਮਲਾ ਕੁਝ ਵੀ ਹੋਵੇ,
ਮੇਰਾ ਨਾਂ ਹੈ ਖਬੀਰ ਅਹਿਮਦ ਜਾਂ ਮਿਜਾਨੂਰ ਮੀਆਂ…।
83 ਦੀ ਅੱਗ ਵਰ੍ਹਾਉਂਦੀ ਰਾਤ
ਮੇਰੇ ਲੋਕ ਚੁੱਲ੍ਹਿਆਂ ਵਾਂਗ ਬਲਦੇ,
ਵਿਰਲਾਪ ਕਰਦੇ ਰਹੇ
ਮੁਕਾਲਮੁਆ, ਰੂਪੋਹੀ, ਜੁਰੀਆ,
ਸਾਇਆ ਦਾਕਾ, ਪਾਖੀ ਦਾਕਾ
ਬੱਦਲਾਂ ਨੂੰ ਵੀ ਅੱਗ ਲੱਗ ਗਈ
ਸਿਵਿਆਂ ਵਾਂਗ ਬਲੇ ਮੀਆਂ ਲੋਕਾਂ ਦੇ ਘਰ।

85 ਵਿਚ ਜੁਆਰੀਆਂ ਦੇ ਗਰੋਹ ਨੇ
ਨੀਲਾਮ ਕਰ ਦਿੱਤਾ ਮੈਨੂੰ
ਵਿਧਾਨ ਸਭਾ ਦੀ ਚਲਦੀ ਸਦਨ ਵਿਚਕਾਰ।
ਬੰਗਾਲੀ ਮੂਲ ਦੇ ਸੈਂਕੜੇ ਲੋਕ ਸਾਲਾਂ ਤੋਂ ਆਸਾਮ ਦੇ ਹਿਰਾਸਤੀ ਕੇਂਦਰਾਂ ਵਿਚ ਅਣਮਨੁੱਖੀ ਹਾਲਾਤ ਵਿਚ ਨਜ਼ਰਬੰਦ ਹਨ। ਇਹ ਉਹ ਲੋਕ ਹਨ, ਜੋ ਭਾਰਤੀ ਨਾਗਰਿਕਤਾ ਦੇ ਸਬੂਤ ਪੇਸ਼ ਨਹੀਂ ਕਰ ਸਕੇ। ਕੌਮੀ ਨਾਗਰਿਕਤਾ ਰਜਿਸਟਰ ਦੇ ਨੋਟੀਫਿਕੇਸ਼ਨ ਨੇ ਇਸ ਸਮੱਸਿਆ ਨੂੰ ਹੋਰ ਗਹਿਰਾ ਕਰ ਦਿੱਤਾ। ਇਸ ਅਨੁਸਾਰ ਆਸਾਮ ਵਿਚ ਰਹਿਣ ਵਾਲਿਆਂ ਨੇ ਇਹ ਸਬੂਤ ਦੇਣਾ ਹੈ ਕਿ ਉਹ 24 ਮਾਰਚ 1971 ਤੋਂ ਪਹਿਲਾਂ ਆਸਾਮ ਦੇ ਵਾਸੀ ਸਨ। ਜੁਲਾਈ 2018 ਨੂੰ ਆਸਾਮ ਰਾਜ ਨੇ ਆਸਾਮੀ ਸ਼ਹਿਰੀਆਂ ਦੀ ਸੂਚੀ ਕੱਢੀ ਜਿਸ ਵਿਚ ਆਸਾਮ ‘ਚ ਵਸਦੇ ਕਰੀਬ 40 ਲੱਖ ਲੋਕਾਂ ਦੇ ਨਾਂ ਨਹੀਂ ਸਨ। ਉਨ੍ਹਾਂ ਨੂੰ ਅਗਲੇ ਕੁਝ ਸਮੇਂ ਅੰਦਰ ਆਪਣੇ ਸ਼ਹਿਰੀ ਹੋਣ ਦੇ ਸਬੂਤ ਪੇਸ਼ ਕਰਨ ਦੀ ਮੋਹਲਤ ਦਿੱਤੀ ਗਈ। ਸੂਚੀ ਵਿਚੋਂ ਗੈਰਹਾਜ਼ਰ 40 ਲੱਖ ਲੋਕਾਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਬੂਤਾਂ ਦੀ ਮੰਗ ਨੇ ਘੋਰ ਸੰਕਟ ਵਲ ਧੱਕ ਦਿੱਤਾ।
ਮਨੁੱਖੀ ਹੱਕਾਂ ਦੇ ਕਾਰਕੁਨਾਂ ਦਾ ਮੰਨਣਾ ਹੈ ਕਿ ਇਹ ਸੂਚੀ ਮਨੁੱਖੀ ਇਤਿਹਾਸ ਵਿਚ ਕੁਝ ਲੋਕਾਂ ਨੂੰ ਹੱਕਾਂ ਤੋਂ ਵਾਂਝਿਆਂ ਕਰਨ ਦੀ ਸਭ ਤੋਂ ਵੱਡੀ ਮਸ਼ਕ ਹੈ। ਭਾਰਤ ਦੀ ਬੰਗਲਾਦੇਸ਼ ਨਾਲ ਕੋਈ ਐਸੀ ਸੰਧੀ ਨਹੀਂ, ਜਿਸ ਤਹਿਤ ਆਪਣੀ ਨਾਗਰਿਕਤਾ ਦਾ ਸਬੂਤ ਦੇ ਸਕਣ ਤੋਂ ਅਸਮਰੱਥ ਲੋਕ ਬੰਗਲਾਦੇਸ਼ ਭੇਜੇ ਜਾਣਗੇ। ਫੇਰ 31 ਜੁਲਾਈ ਨੂੰ ਕੌਮੀ ਰਜਿਸਟਰ ਦੀ ਅੰਤਿਮ ਸੂਚੀ ਜਾਰੀ ਕੀਤੀ ਜਾਵੇਗੀ ਤਾਂ ਇਸ ਤੋਂ ਬਾਹਰ ਰਹਿ ਗਏ ਲੋਕਾਂ ਦਾ ਕੀ ਹਸ਼ਰ ਹੋਵੇਗਾ? ਕੀ ਉਹ ਸਾਰੀ ਉਮਰ ਹਿਰਾਸਤੀ ਕੇਂਦਰਾਂ ਵਿਚ ਸੜਦੇ ਰਹਿਣਗੇ? ਅੱਜ ਲੱਖਾਂ ਲੋਕਾਂ ‘ਤੇ ਬੇਵਤਨੇ, ਬੇਘਰੇ ਅਤੇ ਰਾਸ਼ਟਰਹੀਣ ਹੋ ਜਾਣ ਦਾ ਖਤਰਾ ਮੰਡਰਾ ਰਿਹਾ ਹੈ।
ਇਸੇ ਪ੍ਰਸੰਗ ਵਿਚ ਸ਼ੁਰੂ ਹੋਇਆ ਮੀਆਂ ਕਵਿਤਾ ਦਾ ਮੌਜੂਦਾ ਦੌਰ, ਹਫੀਜ਼ ਅਹਿਮਦ ਦੀ ਕੌਮੀ ਨਾਗਰਿਕਤਾ ਰਜਿਸਟਰ ਬਾਰੇ 2016 ਵਿਚ ਲਿਖੀ ਕਵਿਤਾ ‘ਦਰਜ ਕਰੋ ਮੈਂ ਮੀਆਂ ਹਾਂ’ ਨਾਲ। ਇਹ ਰੋਹ ਦੀ ਕਵਿਤਾ ਹੈ। ਹਫੀਜ਼ ਅਹਿਮਦ ਆਪਣੀ ਕਵਿਤਾ ਨਾਲ ਨਾ ਸਿਰਫ ਕੌਮੀ ਨਾਗਰਿਕਤਾ ਰਜਿਸਟਰ ਦਾ ਬੇਖੌਫ ਵਿਰੋਧ ਕਰਦਾ ਹੈ ਸਗੋਂ ਇਕ ਵਾਰ ਫੇਰ ‘ਮੀਆਂ’ (ਜੋ ਗਾਲ੍ਹ ਬਣ ਚੁਕੀ ਹੈ) ਨੂੰ ਆਪਣੀ ਪਛਾਣ ਬਣਾਉਂਦਾ ਹੈ ਅਤੇ ਆਪਣੀ ਮਾਂ ਬੋਲੀ ਵਿਚ ਕਹਿੰਦਾ ਹੈ:
ਦਰਜ ਕਰੋ, ਮੈਂ ਮੀਆਂ ਹਾਂ
ਰਾਸ਼ਟਰੀ ਨਾਗਰਿਕ ਰਜਿਸਟਰ ਵਿਚ
ਮੇਰਾ ਸੀਰੀਅਲ ਨੰਬਰ ਹੈ 200543
ਮੇਰੇ ਦੋ ਬੱਚੇ ਹਨ
ਆਉਂਦੀ ਗਰਮੀਆਂ ਰੁੱਤੇ
ਮੇਰਾ ਇਕ ਹੋਰ ਬਾਲ ਆਉਣਾ ਹੈ
ਉਹਨੂੰ ਵੀ ਓਨੀ ਹੀ ਨਫਰਤ ਕਰੋਗੇ
ਜਿੰਨੀ ਮੈਨੂੰ ਕਰਦੇ ਹੋ?
ਦਰਜ ਕਰੋ, ਮੈਂ ਮੀਆਂ ਹਾਂ
ਮੈਂ ਵੀਰਾਨ, ਦਲਦਲੀ ਭੋਂ ਨੂੰ
ਧਾਨ ਦੇ ਹਰੇ ਖੇਤਾਂ ਵਿਚ ਬਦਲ ਦਿੱਤਾ
ਤੁਹਾਨੂੰ ਰਜਾਉਣ ਲਈ।
ਮੈਂ ਇੱਟਾਂ ਢੋਈਆਂ
ਤੁਹਾਡੀਆਂ ਉਸਾਰੀਆਂ ਲਈ
ਮੈਂ ਤੁਹਾਡੀ ਕਾਰ ਚਲਾਉਂਦਾ ਹਾਂ
ਤੁਹਾਡੇ ਆਰਾਮ ਲਈ
ਮੈਂ ਗੰਦੀਆਂ ਨਾਲੀਆਂ ਸਾਫ ਕਰਦਾ ਹਾਂ
ਤੁਹਾਨੂੰ ਨਰੋਆ ਰੱਖਣ ਲਈ
ਮੈਂ ਹਮੇਸ਼ਾ ਤੋਂ ਹਾਜ਼ਰ ਹਾਂ
ਤੁਹਾਡੀ ਚਾਕਰੀ ‘ਤੇ
ਤੁਸੀਂ ਫੇਰ ਵੀ ਅਸੰਤੁਸ਼ਟ ਹੋ!
ਦਰਜ ਕਰੋ, ਮੈਂ ਮੀਆਂ ਹਾਂ
ਜਮਹੂਰੀ, ਧਰਮ ਨਿਰਪੇਖ ਰਾਸ਼ਟਰ ਦਾ
ਇਕ ਨਾਗਰਿਕ ਹੱਕਾਂ ਤੋਂ ਵਿਹੂਣਾ।
(ਤੁਹਾਡੀ ਲਿਸਟ ਵਿਚ)
ਮੇਰੀ ਮਾਂ ‘ਸ਼ੱਕੀ’ ਵੋਟਰ ਹੈ
ਭਾਵੇਂ ਉਸ ਦੇ ਮਾਪੇ ਭਾਰਤੀ ਨੇ
ਜੇ ਤੁਸੀਂ ਚਾਹੋ ਮੈਨੂੰ ਮਾਰ ਛੱਡੋ
ਮੇਰੇ ਪਿੰਡ ‘ਚੋਂ ਮੈਨੂੰ ਬੇਦਖਲ ਕਰ ਦਿਓ
ਮੇਰੇ ਹਰਿਆਲੇ ਖੇਤ ਮੈਥੋਂ ਖੋਹ ਲਵੋ
ਬੁਲਡੋਜ਼ਰ ਲਵੋ
ਮੇਰੇ ‘ਤੇ ਫੇਰ ਛੱਡੋ
ਤੁਹਾਡੀਆਂ ਗੋਲੀਆਂ
ਮੇਰੀ ਛਾਤੀ ਵਿੰਨ੍ਹ ਸੁੱਟਣ
ਬਿਨਾ ਕਿਸੇ ਕਸੂਰ ਦੇ।
ਦਰਜ ਕਰੋ, ਮੈਂ ਮੀਆਂ ਹਾਂ
ਬ੍ਰਹਮਪੁੱਤਰ ਦਾ
ਤੁਹਾਡੇ ਤਸੀਹਿਆਂ ਨੇ
ਮੇਰਾ ਪਿੰਡਾ ਸਾੜ ਕੇ ਸੁਆਹ ਕਰ ਦਿੱਤਾ ਹੈ
ਮੇਰੀਆਂ ਅੱਖਾਂ ਵਿਚ ਅੱਗ ਦੀ ਰੱਤ ਹੈ
ਖਬਰਦਾਰ!
ਮੇਰੇ ਕੋਲ ਗੁੱਸੇ ਦੇ ਸਿਵਾਏ ਹੋਰ ਕੁਝ ਨਹੀਂ
ਮੇਰੇ ਕੋਲੋਂ ਦੂਰ ਰਹੋ!
ਜਾਂ ਰਾਖ ਹੋ ਜਾਓ।
ਮੀਆਂ ਕਵਿਤਾ ਆਪਣੀ ਧਰਤੀ ਤੋਂ ਪਰਾਇਆ/ਦੂਜਾ ਹੋਣ ਦਾ ਦੁੱਖ ਕਹਿੰਦੀ ਹੈ। ਸ਼ਾਲਿਮ ਹੁਸੈਨ ‘ਨਾਨਾ, ਮੈਂ ਲਿਖ ਦਿੱਤਾ ਹੈ’ ਵਿਚ ਕਹਿੰਦਾ ਹੈ:
ਨਾਨਾ, ਮੈਂ ਲਿਖ ਦਿੱਤਾ ਹੈ
ਸਹੀ ਪਾ ਦਿੱਤੀ ਹੈ
ਨੋਟਰੀ ਤੋਂ ਤਸਦੀਕ ਵੀ ਹੋ ਚੁਕੀ ਹੈ
ਕਿ ਮੈਂ ਮੀਆਂ ਹਾਂ।
ਹੁਣ ਦੇਖ ਮੈਨੂੰ ਉਠਦੇ ਨੂੰ
ਹੜ੍ਹਾਂ ਦੇ ਪਾਣੀਆਂ ਵਿਚੋਂ
ਪਹਾੜਾਂ ਹੇਠੋਂ ਸਰਕਦੀ ਮਿੱਟੀ ਵਿਚੋਂ
ਦੇਖ ਮੈਨੂੰ ਕੂਚ ਕਰਦਿਆਂ
ਰੇਤਿਆਂ, ਬਰੇਤਿਆਂ ਤੇ ਸੱਪਾਂ ਦੀਆਂ ਖੁੱਡਾਂ ਤੋਂ
ਦੇਖ ਮੈਨੂੰ ਕਹੀ ਨਾਲ ਧਰਤ ਨੂੰ ਚੀਰਦਿਆਂ
ਧਾਨ, ਗੰਨੇ ਤੇ ਦਸਤਾਂ ਨਾਲ ਸਣੇ
ਖੇਤਾਂ ‘ਚੋਂ ਸਰਕਦਿਆਂ
ਪੜ੍ਹ ਲੈ ਮੇਰੀ ਉਲਝਣ।
ਜਦੋਂ ਕਹਿੰਦੇ ਨੇ ਧੱਕੜ ਮੈਨੂੰ ਬੰਗਲਾਦੇਸ਼ੀ
ਤੇ ਮੈਂ ਦੱਸਦਾ ਹਾਂ ਮੇਰੇ ਬਾਗੀ ਦਿਲ ਨੂੰ
ਮੈਂ ਤੇ ਮੀਆਂ ਹਾਂ।
ਦੇਖ ਮੈਨੂੰ ਸੰਵਿਧਾਨ ਦੀ ਕਾਪੀ ਵੱਖੀ ਥੱਲੇ
ਤੇ ਉਂਗਲ ਦਿੱਲੀ ਵੱਲ ਕੀਤਿਆਂ
ਆਪਣੀ ਸੰਸਦ, ਆਪਣੀ ਸੁਪਰੀਮ ਕੋਰਟ
ਆਪਣੇ ਕਨਾਟ ਪਲੇਸ ਵੱਲ ਜਾਂਦਿਆਂ
ਤੇ ਦੱਸਦਿਆਂ ਸੰਸਦ ਮੈਂਬਰਾਂ, ਜੱਜਾਂ ਨੂੰ
ਤੇ ਜਨਪਥ ‘ਤੇ ਟੂਮਾਂ ਵੇਚਦੀ ਕੁੜੀ ਨੂੰ
ਮੈਂ ਮੀਆਂ ਹਾਂ।
ਕੌਮੀ ਰਜਿਸਟਰ ਦਾ ਅਸਰ ਅਤੇ ਗਰੀਬ ਲੋਕਾਂ ਉਤੇ ਟੁੱਟੇ ਕਹਿਰ ਦਾ ਜਾਇਜ਼ਾ ਲੈਣ ਲਈ ਹਾਲ ਹੀ ਵਿਚ ਅਸੀਂ ‘ਕਾਰਵਾਂ-ਏ-ਮੁਹੱਬਤ’ ਮੁਹਿੰਮ ਵਿਚ ਸ਼ਾਮਲ ਕੁਝ ਸਾਥੀ, ਆਸਾਮ ਗਏ। ਉਸ ਫੇਰੀ ਦੌਰਾਨ ਅਸੀਂ ਉਨ੍ਹਾਂ ਪਰਿਵਾਰਾਂ ਨੂੰ ਵੀ ਮਿਲੇ, ਜਿਨ੍ਹਾਂ ਵਿਚ ਮਰਦਾਂ ਜਾਂ ਔਰਤਾਂ ਨੇ ਇਸ ਸਾਰੀ ਸਰਕਾਰੀ ਕਾਰਵਾਈ, ਬੇਦਖਲੀ, ਹਿਰਾਸਤੀ ਕੇਂਦਰਾਂ ਵਿਚ ਕੈਦ ਦੇ ਡਰ, ਅਤੇ ਰੋਜ਼-ਰੋਜ਼ ਦੀ ਜ਼ਿੱਲਤ ਨੂੰ ਨਾ ਸਹਿੰਦਿਆਂ ਖੁਦਕੁਸ਼ੀ ਕਰ ਲਈ ਸੀ। ਪਤਾ ਲੱਗਾ ਕਿ ਪਿਛਲੇ ਕੁਝ ਹੀ ਮਹੀਨਿਆਂ ਵਿਚ 57 ਮਰਦ ਅਤੇ ਔਰਤਾਂ ਖੁਦਕੁਸ਼ੀ ਕਰ ਚੁਕੇ ਹਨ। ਕੌਮੀ ਰਜਿਸਟਰ ਦੀ ਤ੍ਰਾਸਦੀ ਅਸੀਂ ਅੱਖੀਂ ਵੇਖੀ-ਸਰਕਾਰੀ ਕਾਰਕੁਨਾਂ ਤੇ ਏਜੰਟਾਂ ਦੀ ਬੇਲਗਾਮ ਲੁੱਟ, ਮੁਸਲਮਾਨਾਂ ਖਿਲਾਫ ਖੁੱਲ੍ਹੇਆਮ ਨਫਰਤ ਦਾ ਇਜ਼ਹਾਰ ਅਤੇ ਕਹਿੰਦੇ ਕਹਾਉਂਦੇ ਪ੍ਰਗਤੀਸ਼ੀਲ ਆਸਾਮੀ ਲੇਖਕਾਂ, ਬੁੱਧੀਜੀਵੀਆਂ ਦੀ ਵੀ ਬੰਗਾਲੀ ਮੂਲ ਦੇ ਲੋਕਾਂ ਪ੍ਰਤੀ ਉਦਾਸੀਨਤਾ!
ਅਸੀਂ ਬੇਦਖਲੀ ਦਾ ਡਰ, ਬੇਵਤਨੀ ਦਾ ਦਰਦ ਅਤੇ ਰੋਹ ਵਾਲਾ ਸੁਰ ਮਹਿਸੂਸ ਕੀਤਾ। ਬਰੇਤਿਆਂ ਵਿਚ ਵਿਚਰ ਕੇ ਸਮਝ ਆਈ ਕਿ ਉਨ੍ਹਾਂ ਮੂਲ ਵਾਸੀਆਂ ਕੋਲ ਨਾਗਰਿਕਤਾ ਦੇ ਸਬੂਤ ਕਿਉਂ ਨਹੀਂ ਹਨ ਜਿਨ੍ਹਾਂ ਦੇ ਹਿੱਸੇ ਉਜਾੜਾ ਆਇਆ ਹੈ। ਜੋ ਦਰਿਆ ਦਾ ਰੁਖ ਬਦਲਣ ਨਾਲ ਵਾਰ-ਵਾਰ ਉਜੜਦੇ, ਵਸਦੇ ਤੇ ਫਿਰ ਉਜੜਦੇ ਹਨ। ਔਰਤਾਂ ਜੋ ਨਿੱਕੀ ਉਮਰੇ ਵਿਆਹੀਆਂ ਗਈਆਂ, ਜੋ ਕਦੀ ਸਕੂਲ ਨਹੀਂ ਗਈਆਂ, ਤੇ ਨਹੀਂ ਹੈ ਉਨ੍ਹਾਂ ਕੋਲ ‘ਵਿਰਾਸਤ ਦਾ ਸਰਟੀਫਿਕੇਟ’ ਆਪਣੇ ਭਾਰਤੀ ਬਾਪ ਦੀ ਬੇਟੀ ਹੋਣ ਦਾ ਦਸਤਾਵੇਜ਼।
34 ਸਾਲਾਂ ਦੇ ਇਜ਼ਹਾਰ ਅਹਿਮਦ ਨੇ ਦੱਸਿਆ ਕਿ ਆਪਣੀ ਇਸ ਉਮਰ ਵਿਚ ਉਸ ਨੇ 17 ਵਾਰ ਉਜਾੜਾ ਹੰਢਾਇਆ ਹੈ। ਬਚਪਨ ਵਿਚ ਆਪਣੇ ਮਾਂ ਬਾਪ ਨਾਲ ਤੇ ਹੁਣ ਆਪਣੀ ਮਿਹਨਤ ਨਾਲ ਉਹ ਹਰ ਵਾਰ ਨਵੀਂ ਥਾਂ ਵਸੇਬਾ ਕਰਦਾ ਹੈ, ਪਰ ਉਸ ਕੋਲ ਕੋਈ ਵਿਰਾਸਤੀ ਦਸਤਾਵੇਜ਼ ਨਹੀਂ ਕਿ ਉਸ ਦਾ ਪਿਤਾ ਆਸਾਮ ਦਾ ਮੂਲ ਵਾਸੀ ਸੀ। ਉਸ ਦੇ ਭਰਾ ਕੋਲ ਕੁਝ ਕਾਗਜ਼ ਹਨ, ਪਰ ਇਜ਼ਹਾਰ ਕੋਲ ਕੋਈ ਐਸਾ ਕਾਗਜ਼ ਨਹੀਂ ਕਿ ਉਹ ਆਪਣੇ ਭਰਾ ਹੋਣ ਦਾ ਸਬੂਤ ਦੇ ਸਕੇ।
ਇਹ ਕੇਹਾ ਕਾਨੂੰਨ ਤੇ ਕੇਹਾ ਵਰਤਾਰਾ ਹੈ ਕਿ ਲੋਕ ਵੀ ਨਾਜਾਇਜ਼ ਹਨ ਅਤੇ ਇਸ ਵਰਤਾਰੇ ਤੋਂ ਜਨਮੀ ਕਵਿਤਾ ਵੀ ਨਾਜਾਇਜ਼ ਹੈ; ਤੇ ਅਸੀਂ ਜਿਨ੍ਹਾਂ ਕੋਲ ਵਿਰਾਸਤੀ ਦਸਤਾਵੇਜ਼ ਵੀ ਹਨ ਅਤੇ ਵਿਦਰੋਹ ਦੀ ਕਵਿਤਾ ਦੀ ਵਿਰਾਸਤ ਵੀ, ਇਨ੍ਹਾਂ ਸਮਿਆਂ ਵਿਚ ਕਿਥੇ ਹਾਂ? ਕੀ ਸਾਡਾ ਫਰਜ਼ ਨਹੀਂ ਬਣਦਾ ਕਿ ਮੀਆਂ ਕਵੀਆਂ ਦੇ ਹੱਕ ਵਿਚ ਖੜ੍ਹੀਏ, ਉਨ੍ਹਾਂ ਦੇ ਕਵਿਤਾ ਰਚਣ ਦੇ ਹੱਕ ਦੀ ਅਵਾਜ਼ ਨੂੰ ਬੁਲੰਦ ਕਰੀਏ ਅਤੇ ਮੰਗ ਕਰੀਏ ਕਿ ਮੀਆਂ ਕਵੀਆਂ ਖਿਲਾਫ ਬੇਤੁਕੇ ਕੇਸ ਰੱਦ ਕੀਤੇ ਜਾਣ?