ਭਾਰਤ ਅੰਦਰ ਹਿੰਦੂਤਵ ਦੀ ਚੜ੍ਹਤ ਕਿਵੇਂ ਹੋਈ…

ਆਰ. ਐਸ਼ ਐਸ਼ ਨਾਲ ਜੁੜੇ ਸੰਗਠਨਾਂ ਅਤੇ ਇਨ੍ਹਾਂ ਦੇ ਕੰਮ-ਕਾਜ ਦਾ ਖੁਲਾਸਾ
27 ਸਤੰਬਰ 1925 ਨੂੰ ਹੋਂਦ ਵਿਚ ਆਈ ਰਾਸ਼ਟਰੀ ਸਵੈਮਸੇਵਕ ਸੰਘ (ਆਰ. ਐਸ਼ ਐਸ਼) ਨੇ ਕਰੀਬ ਨੌਂ ਦਹਾਕਿਆਂ ਵਿਚ ਬੜੇ ਉਤਰਾ-ਚੜ੍ਹਾਅ ਦੇਖੇ ਹਨ। ਅੱਜ ਕੱਲ੍ਹ ਇਸ ਦੇ ਸਿਆਸੀ ਵਿੰਗ ਭਾਰਤੀ ਜਨਤਾ ਪਾਰਟੀ (ਭਾਜਪਾ), ਜਿਸ ਦਾ ਨਾਂ 1977 ਤਕ ‘ਭਾਰਤੀ ਜਨ ਸੰਘ’ ਸੀ, ਦੇ ਹੱਥ ਭਾਰਤ ਦੀ ਹਕੂਮਤ ਹੈ। 1977 ਤੋਂ 1980 ਤਕ ਇਸ ਦਾ ਜਨਤਾ ਪਾਰਟੀ ਵਿਚ ਰਲੇਵਾਂ ਹੋਇਆ ਰਿਹਾ, ਪਰ 1980 ਵਿਚ ਅਟਲ ਬਿਹਾਰੀ ਵਾਜਪਾਈ ਨੂੰ ਪ੍ਰਧਾਨ ਬਣਾ ਕੇ ਪਾਰਟੀ ਦਾ ਨਾਂ ਭਾਰਤੀ ਜਨਤਾ ਪਾਰਟੀ ਰੱਖਿਆ ਗਿਆ। ਇਸ ਵੇਲੇ ਇਹ ਸੰਸਾਰ ਦੀ ਸਭ ਤੋਂ ਵੱਡੀ ਪਾਰਟੀ ਹੈ; ਇਸੇ ਤਰ੍ਹਾਂ ਆਰ. ਐਸ਼ ਐਸ਼ ਸੰਸਾਰ ਦੀ ਸਭ ਤੋਂ ਵੱਡੀ ਵਾਲੰਟੀਅਰ ਸੰਸਥਾ ਹੈ। ਉਘੇ ਪੱਤਰਕਾਰ ਧੀਰੇਂਦਰ ਕੁਮਾਰ ਝਾਅ ਨੇ ਪਿਛਲੇ ਕੁਝ ਸਮੇਂ ਦੌਰਾਨ ਹਿੰਦਤਵੀ ਤਾਕਤਾਂ ਦੀ ਚੜ੍ਹਤ ਲਈ ਜ਼ਿੰਮੇਵਾਰ ਸੰਗਠਨਾਂ ਬਾਰੇ ਚਰਚਾ ਆਪਣੀ ਕਿਤਾਬ ‘ਸ਼ੈਡੋ ਆਰਮੀਜ਼’ (ਹਿੰਦੂਤਵੀ ਲਸ਼ਕਰ) ਵਿਚ ਕੀਤੀ ਹੈ। ਇਹ ਕਿਤਾਬ ਅਸੀਂ ਪਾਠਕਾਂ ਲਈ ਲੜੀਵਾਰ ਛਾਪ ਰਹੇ ਹਾਂ।

-ਸੰਪਾਦਕ

ਭਾਰਤ ਵਿਚ ਪਿਛਲੇ ਤਿੰਨ ਦਹਾਕਿਆਂ ਅੰਦਰ ਹਿੰਦੂਤਵੀ ਸਿਆਸਤ ਦਾ ਜ਼ਬਰਦਸਤ ਉਭਾਰ ਹੋਇਆ ਹੈ। ਇਸ ਦੀਆਂ ਬਹੁਤ ਸਾਰੀਆਂ ਤੰਦਾਂ ਨਾ ਕੇਵਲ ਭਾਰਤੀ ਜਨਤਾ ਪਾਰਟੀ (ਭਾਜਪਾ) ਸਗੋਂ ਇਸ ਦੀ ਛਾਂ ਹੇਠ ਕੰਮ ਕਰ ਰਹੇ ਕਈ ਹੋਰ ਸੰਗਠਨ ਹਨ। ਇਹ ਸਾਰੇ ਇੱਕੋ ਮਕਸਦ ਲਈ ਪੈਦਾ ਕੀਤੇ ਗਏ ਹਨ ਤਾਂ ਜੋ ਯਕੀਨੀ ਬਣਾਇਆ ਜਾ ਸਕੇ ਕਿ ਇੱਕੋ ਖਾਸ ਕੌਮ ‘ਹਿੰਦੂ’ ਹੈ, ਜਿਸ ਕੋਲ ਵਿਸ਼ੇਸ਼ ਹੱਕ ਹੈ ਕਿ ਸਾਡੀ ਕੌਮੀ ਪਛਾਣ ਪਰਿਭਾਸ਼ਤ ਕਰੇ। ਰਾਸ਼ਟਰੀ ਸਵੈਮਸੇਵਕ ਸੰਘ (ਆਰ. ਐਸ਼ ਐਸ਼) ਜੋ ਪੂਰੇ ਦੇਸ਼ ‘ਚ ਫੈਲੀ ਹੋਈ ਸੰਸਥਾ ਹੈ, ਦੇ ਮੈਂਬਰ ਪਿਛਾਂਹਖਿੱਚੂ ਕੱਟੜਵਾਦੀ ਹਿੰਦੂ ਵਿਚਾਰਧਾਰਾ ਵਾਲੇ ਹਨ ਅਤੇ ਉਹੀ ਪੂਰੀ ਸਿਆਸਤ ਦੇ ਝੰਡਾਬਰਦਾਰ ਹਨ। 1925 ਵਿਚ ਬਣੀ ਆਰ. ਐਸ਼ ਐਸ਼ ਅਜੇ ਵੀ ਕਾਨੂੰਨੀ ਤੌਰ ‘ਤੇ ਕਿਸੇ ਭਾਰਤੀ ਕਾਨੂੰਨ ਅਨੁਸਾਰ ਰਜਿਸਟਰ ਨਹੀਂ ਹੋਈ ਅਤੇ ਇਸ ਨੂੰ ਕਾਨੂੰਨੀ ਦਰਜਾ ਪ੍ਰਾਪਤ ਨਹੀਂ ਹੈ। ਇਹ ਭਾਵੇਂ ਆਪਣੇ ਆਪ ਨੂੰ ਸਭਿਆਚਾਰਕ ਸੰਸਥਾ ਕਹਾਉਂਦੀ ਹੈ, ਪਰ ਇਸ ਦੇ ਸਿਆਸੀ ਮੰਤਵ ਹਮੇਸ਼ਾ ਕੇਂਦਰੀ ਏਜੰਡਾ ਬਣਦੇ ਰਹੇ ਹਨ।
ਬਸਤੀਵਾਦੀ ਅੰਗਰੇਜ਼ ਫੌਜ ਦੇ ਸਾਂਚੇ ਵਿਚ ਢਲੀ, ਉਸੇ ਤਰ੍ਹਾਂ ਦੀ ਵਰਦੀ ਤੇ ਸਿਖਲਾਈ, ਭਾਵੇਂ ਹਥਿਆਰਬੰਦ ਹੋਵੇ ਤੇ ਭਾਵੇਂ ਗੈਰ ਹਥਿਆਰਬੰਦ, ਇਹ ਸੰਸਥਾ ਇਟਲੀ ਦੇ ਫਾਸ਼ੀਵਾਦੀ ਆਗੂ ਬੈਨੀਤੋ ਮੁਸੋਲਿਨੀ ਦੇ ਆਦਰਸ਼ਾਂ ਦੀ ਧਾਰਨੀ ਹੈ। ਆਰ. ਐਸ਼ ਐਸ਼ ਨੇ ਆਜ਼ਾਦੀ ਪਿਛੋਂ ਕਈ ਉਤਰਾਅ ਚੜ੍ਹਾਅ ਦੇਖੇ ਹਨ। ਇਸ ‘ਤੇ ਤਿੰਨ ਵਾਰ ਪਾਬੰਦੀ ਲੱਗੀ। ਪਹਿਲੀ ਵਾਰ 1948 ਵਿਚ ਮਹਾਤਮਾ ਗਾਂਧੀ ਦੇ ਕਤਲ ਪਿਛੋਂ ਕਰੀਬ ਇੱਕ ਸਾਲ ਲਈ, ਫਿਰ 1970 ਦੀ ਐਮਰਜੈਂਸੀ ਸਮੇਂ ਦੋ ਸਾਲ ਲਈ ਅਤੇ ਤੀਜੀ ਵਾਰ ਕੁੱਝ ਮਹੀਨਿਆਂ ਲਈ 1992 ਵਿਚ ਬਾਬਰੀ ਮਸਜਿਦ ਢਾਹੇ ਜਾਣ ਸਮੇਂ, ਪਰ ਇਸ ਦੀ ਮੈਂਬਰਸ਼ਿਪ ਲਗਾਤਾਰ ਵਧਦੀ ਰਹੀ।
ਆਰ. ਐਸ਼ ਐਸ਼ ਦਾ ਪਸਾਰਾ ਵੀ ਹੌਲੀ-ਹੌਲੀ ਪਰ ਲਗਾਤਾਰ ਜਾਰੀ ਰਿਹਾ। ਇਸ ਸਮੇਂ ਪੂਰੇ ਭਾਰਤ ‘ਚ ਸੰਘ ਦੀ ਸਰਪ੍ਰਸਤੀ ਵਾਲੇ ਦਰਜਨਾਂ ਸੰਗਠਨ ਹਨ। ਸਭ ਤੋਂ ਅਹਿਮ ਟਰੇਡ ਯੂਨੀਅਨ ਵਿੰਗ ਭਾਰਤੀ ਮਜ਼ਦੂਰ ਸੰਘ, ਅਖਿਲ ਭਾਰਤੀਆ ਵਿਦਿਆਰਥੀ ਪ੍ਰੀਸ਼ਦ, ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਹਨ। ਆਰ. ਐਸ਼ ਐਸ਼ ਅਤੇ ਇਸ ਦੀਆਂ ਵੱਖੋ-ਵੱਖਰੀਆਂ ਸ਼ਾਖਾਵਾਂ ਨੂੰ ਇਕੱਠੇ ਤੌਰ ‘ਤੇ ਸੰਘ ਪਰਿਵਾਰ ਕਿਹਾ ਜਾਂਦਾ ਹੈ। ਇਸ ਦੇ ਭਾਰਤ ਵਿਚ ਡੇਢ ਲੱਖ ਪ੍ਰਾਜੈਕਟ ਚੱਲ ਰਹੇ ਹਨ, ਜਿਨ੍ਹਾਂ ਵਿਚ ਕਬਾਇਲੀ ਭਲਾਈ ਸਿੱਖਿਆ ਅਤੇ ਹਿੰਦੂਤਵੀ ਧਾਰਮਿਕ ਪ੍ਰੋਗਰਾਮ ਸ਼ਾਮਲ ਹਨ। ਕਈ ਹੋਰ ਵੀ ਹੋਣਗੇ, ਜਿਨ੍ਹਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਅਧਿਕਾਰਤ ਤੌਰ ‘ਤੇ ਭਾਜਪਾ ਆਰ. ਐਸ਼ ਐਸ਼ ਦਾ ਸਿਆਸੀ ਸੰਗਠਨ ਹੈ, ਪਰ ਵਿਹਾਰਕ ਤੌਰ ‘ਤੇ ਬਹੁਤ ਸਾਰੀਆਂ ਹੋਰ ਸ਼ਾਖਾਵਾਂ ਵੀ ਸਿਆਸੀ ਮੰਤਵਾਂ ਲਈ ਭਾਰਤ ਨੂੰ ਹਿੰਦੂਤਵੀ ਰਾਸ਼ਟਰ ਵਿਚ ਬਦਲਣ ਲਈ ਸਰਗਰਮ ਹਨ। ਇਹ ਸਾਰਾ ਕੁੱਝ ਹਿੰਦੂਤਵ ਨੂੰ ਬਚਾਉਣ ਦੇ ਪਰਦੇ ਹੇਠ ਕਰਦੇ ਹਨ। ਕੋਈ ਦਲੀਲ ਦੇ ਸਕਦਾ ਹੈ ਕਿ ਆਰ. ਐਸ਼ ਐਸ਼ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ, ਭਾਜਪਾ ਦੇ ਲਸ਼ਕਰ ਹਨ। ਚੋਣਾਂ ਲੜਨ ਤੋਂ ਬਿਨਾ ਉਹ ਇਹ ਸਾਰਾ ਕੁੱਝ ਕਰਦੇ ਹਨ, ਜੋ ਸਿਆਸੀ ਪਾਰਟੀਆਂ ਕਰਦੀਆਂ ਹਨ। ਇਹ ਲੋਕਾਂ ਨੂੰ ਪ੍ਰੇਰਿਤ ਕਰਦੇ ਹਨ, ਸਿਆਸੀ ਧਰੁਵੀਕਰਨ ਕਰਦੇ ਹਨ, ਚੋਣ ਲਈ ਉਮੀਦਵਾਰਾਂ ਦੀ ਸ਼ਨਾਖਤ ਕਰਦੇ ਹਨ ਅਤੇ ਬੂਥ ਪੱਧਰ ‘ਤੇ ਮੁਹਿੰਮਾਂ ਚਲਾਉਂਦੇ ਹਨ। ਇਹ ਭਾਰਤ ‘ਚ ਹਰ ਥਾਂ ਮੌਜੂਦ ਹਨ। ਇਨ੍ਹਾਂ ਦੇ ਹਰ ਸੰਗਠਨ ਉਤੇ ਆਰ. ਐਸ਼ ਐਸ਼ ਦਾ ਸਿੱਧਾ ਜਾਂ ਅਸਿੱਧਾ ਪ੍ਰਭਾਵ ਹੈ।
ਆਰ. ਐਸ਼ ਐਸ਼ ਭਾਵੇਂ ਸਿੱਧੇ ਤੌਰ ‘ਤੇ ਸਿਆਸਤ ਵਿਚ ਭਾਗ ਲੈਣ ਤੋਂ ਕੰਨੀ ਕਤਰਾਉਂਦੀ ਹੈ। ਇਹ ਦਰਅਸਲ ਪਿੱਤਰੀ ਸੰਸਥਾ ਵਜੋਂ ਭਾਜਪਾ ਅਤੇ ਹੋਰ ਸਹਿਯੋਗੀ ਸੰਗਠਨਾਂ ਨੂੰ ਯੁੱਧਨੀਤਕ ਅਤੇ ਵਿਚਾਰਧਾਰਕ ਸੇਧ ਦੇਣ ਦਾ ਕੰਮ ਕਰਦੀ ਹੈ। ਇਸ ਦੇ ਨਾਲ ਹੀ ਇਹ ਆਪਣੇ ਹੋਰ ਸਹਿਯੋਗੀ ਸੰਗਠਨਾਂ ਰਾਹੀਂ ਫਿਰਕੂ ਫਸਾਦ ਕਰਾਉਣ ਦਾ ਕੰਮ ਕਰਦੀ ਹੈ। ਘੱਟ ਗਿਣਤੀਆਂ ‘ਤੇ ਹੋਣ ਵਾਲੇ ਹਮਲੇ ਧਰੁਵੀਕਰਨ ਦਾ ਕੰਮ ਕਰਦੇ ਹਨ, ਜੋ ਹਿੰਦੂਤਵੀ ਸਿਆਸਤ ਲਈ ਜ਼ਰੂਰੀ ਖੁਰਾਕ ਹੈ।
ਇਹ ਸਾਰਾ ਕੁੱਝ ਗੋਲ ਮੋਲ ਢੰਗ ਨਾਲ ਕੀਤਾ ਜਾਂਦਾ ਹੈ। ਇਹ ਢੰਗ-ਤਰੀਕਾ ਸੰਘ ਪਰਿਵਾਰ ਦੇ ਹਰ ਤੌਰ-ਤਰੀਕੇ ਵਿਚ ਦੇਖਿਆ ਜਾ ਸਕਦਾ ਹੈ, ਜਿਵੇਂ ਆਰ. ਐਸ਼ ਐਸ਼ ਤੇ ਭਾਜਪਾ ਦੇ ਸਬੰਧ, ਭਾਜਪਾ ਤੇ ਵਿਸ਼ਵ ਹਿੰਦੂ ਪ੍ਰੀਸ਼ਦ, ਬਜਰੰਗ ਦਲ ਤੇ ਭਾਜਪਾ ਅਤੇ ਹਿੰਦੂ ਆਕਿਆ ਵੇਦੀ, ਭਾਜਪਾ ਅਤੇ ਰਾਸ਼ਟਰੀ ਸਿੱਖ ਸੰਗਤ, ਆਰ. ਐਸ਼ ਐਸ਼ ਅਤੇ ਭੌਂਸਲਾ ਮਿਲਟਰੀ ਸਕੂਲ ਆਦਿ।
ਜਦੋਂ ਵੀ ਕਦੇ ਕੋਈ ਸੰਗਠਨ ਕੋਈ ਝਗੜਾ ਖੜ੍ਹਾ ਕਰਦੇ ਹਨ, ਆਰ. ਐਸ਼ ਐਸ਼ ਅਤੇ ਭਾਜਪਾ ਇਨ੍ਹਾਂ ਨੂੰ ਹਾਸ਼ੀਆ ਸੰਗਠਨ (ਫਰਿੰਜ ਆਰਗੇਨਾਈਜੇਸ਼ਨਜ਼) ਦਾ ਨਾਂ ਦੇ ਦਿੰਦੇ ਹਨ। ਹਕੀਕਤ ਇਹ ਹੈ ਕਿ ਇਹ ਸੰਘ ਪਰਿਵਾਰ ਦਾ ਸਰਗਰਮ ਹਿੱਸਾ ਹਨ, ਇਹ ਸੰਘ ਪਰਿਵਾਰ ਦੇ ਖਾੜਕੂ ਸੰਗਠਨ ਹਨ, ਇਹ ਭਾਜਪਾ ਅਤੇ ਆਰ. ਐਸ਼ ਐਸ਼ ਦਾ ਸਾਰਾ ਕੰਮ ਕਰਦੇ ਹਨ। ਸਮਾਜ ‘ਚ ਧਰੁਵੀਕਰਨ ਲਈ ਕੀਤੇ ਜਾਂਦੇ ਸਾਰੇ ਕੰਮ ਇਹੋ ਸੰਗਠਨ ਕਰਦੇ ਹਨ।
ਇਨ੍ਹਾਂ ਸੰਗਠਨਾਂ ਵਿਚ ਕੁੱਝ ਸੰਘ ਪਰਿਵਾਰ ਦੇ ਘੇਰੇ ਤੋਂ ਬਾਹਰ ਦੇ ਲੱਗ ਸਕਦੇ ਹਨ ਕਿਉਂਕਿ ਉਹ ਤਕਨੀਕੀ ਤੌਰ ‘ਤੇ ਨਾ ਤਾਂ ਸੰਘ ਵਲੋਂ ਪੈਦਾ ਕੀਤੇ ਗਏ ਹਨ ਅਤੇ ਨਾ ਹੀ ਉਨ੍ਹਾਂ ‘ਤੇ ਸੰਘ ਦਾ ਕੰਟਰੋਲ ਹੈ। ਇਨ੍ਹਾਂ ਵਿਚੋਂ ਮੁੱਖ ਸਨਾਤਨ ਸੰਸਥਾ, ਹਿੰਦੂ ਯੁਵਾ ਵਾਹਿਨੀ, ਸ੍ਰੀ ਰਾਮ ਸੈਨੇ ਅਤੇ ਅਭਿਨਵ ਭਾਰਤ ਹਨ। ਫਿਰ ਵੀ ਇਹ ਸਵੈ ਨਿਰਭਰ ਨਹੀਂ। ਇਨ੍ਹਾਂ ਵਿਚੋਂ ਬਹੁਤਿਆਂ ਦਾ ਨਾੜੂਆ ਸੰਘ ਪਰਿਵਾਰ ਨਾਲ ਜੁੜਿਆ ਹੋਇਆ ਹੈ ਅਤੇ ਵਿਚਾਰਧਾਰਕ ਤੌਰ ‘ਤੇ ਇਹ ਇਕੋ ਜਿਹੀ ਸੋਚ ਵਾਲੇ ਹਨ। ਆਰ. ਐਸ਼ ਐਸ਼ ਅਤੇ ਇਸ ਦੀਆਂ ਸ਼ਾਖਾਵਾਂ ਵਾਂਗ ਇਹ ਵੀ ਇਹੀ ਦਾਅਵਾ ਕਰਦੇ ਹਨ ਕਿ ਉਹ ਆਪਣਾ ਵਿਚਾਰਧਾਰਕ ਆਧਾਰ ਵੀ.ਡੀ. ਸਾਵਰਕਰ ਦੇ ਹਿੰਦੂਤਵ ਤੋਂ ਹੀ ਲੈਂਦੇ ਹਨ; ਜਿਵੇਂ ਉਸ ਨੇ ‘ਹਿੰਦੂ ਕੌਣ ਹੈ?’ ਵਿਚ ਲਿਖਿਆ ਹੈ।
1923 ਵਿਚ ਛਪੀ ਇਹ ਲਿਖਤ ਹਿੰਦੂਤਵ ਨੂੰ ਹਿੰਦੂਵਾਦ (ਹਿੰਦੂਇਜ਼ਮ) ਦੀ ਥਾਂ ਹਿੰਦੂ ਪਛਾਣ ਸਮਝਦੀ ਹੈ। ਸਾਵਰਕਰ ਅਨੁਸਾਰ, ਹਿੰਦੂ ਉਹ ਹੈ ਜੋ ਭਾਰਤ ਨੂੰ ਆਪਣੀ ਪਵਿੱਤਰ ਭੂਮੀ ਸਮਝਦਾ ਹੈ; ਜਿਸ ਅੰਦਰ ਵੈਦਿਕ ਕੌਮ ਦਾ ਮਹਾਨ ਖੂਨ ਦੌੜਦਾ ਹੈ; ਜੋ ਆਪਣੀ ਹਿੰਦੂ ਸੰਸਕ੍ਰਿਤੀ ‘ਤੇ ਮਾਣ ਮਹਿਸੂਸ ਕਰਦਾ ਹੈ। ਵਿਹਾਰਕ ਤੌਰ ‘ਤੇ ਆਰ. ਐਸ਼ ਐਸ਼ ਅਤੇ ਇਸ ਦੀਆਂ ਸ਼ਾਖਾਵਾਂ ਨੇ ਹਿੰਦੂਤਵ ਅਤੇ ਹਿੰਦੂਇਜ਼ਮ ‘ਤੇ ਵਿਚਾਰਧਾਰਕ ਤੌਰ ‘ਤੇ ਸ਼ਬਦਾਂ ਦੀ ਖੇਡ ਹੀ ਖੇਡੀ ਹੈ। ਇਨ੍ਹਾਂ ਨੇ ਆਖਰਕਾਰ ਘੱਟ ਗਿਣਤੀ ਧਾਰਮਿਕ ਸਮੂਹਾਂ ਲਈ, ਖਾਸ ਤੌਰ ‘ਤੇ ਮੁਸਲਮਾਨਾਂ, ਇਸਾਈਆਂ ਅਤੇ ਸਿੱਖਾਂ ਲਈ ਨਫਰਤ ਹੀ ਪੈਦਾ ਕੀਤੀ ਹੈ।
ਮੁਸਲਮਾਨਾਂ ਨੂੰ ਹਿੰਦੂਆਂ ਲਈ ਖਤਰੇ ਦੇ ਤੌਰ ‘ਤੇ ਪੇਸ਼ ਕਰਕੇ, ਉਨ੍ਹਾਂ ‘ਤੇ ਕੀਤੇ ਜਾਂਦੇ ਹਮਲਿਆਂ ਦੀ ਵਾਜਬੀਅਤ ਪੇਸ਼ ਕੀਤੀ ਜਾਂਦੀ ਹੈ। ਇਹੀ ਹਿੰਦੂਤਵੀ ਸਿਆਸਤ ਦਾ ਅਹਿਮ ਸੰਦ ਹੈ, ਜਿਸ ਨੂੰ ਵੱਖ-ਵੱਖ ਸੰਗਠਨ ਵਰਤ ਰਹੇ ਹਨ। ਇਹ ਗੱਲ ਭਾਵੇਂ ਜਨਤਕ ਤੌਰ ‘ਤੇ ਨਾ ਮੰਨਣ, ਪਰ ਇਨ੍ਹਾਂ ਦਾ ਉਦੇਸ਼ ਹਮੇਸ਼ਾ ਇਹੀ ਹੁੰਦਾ ਹੈ ਕਿ ਹਿੰਦੂਆਂ ਵਿਚ ਨਕਲੀ ਡਰ ਪੈਦਾ ਕਰਕੇ ਉਨ੍ਹਾਂ ਦੀਆਂ ਵੋਟਾਂ ਦਾ ਧਰੁਵੀਕਰਨ ਕੀਤਾ ਜਾਵੇ ਅਤੇ ਇਸ ਨੂੰ ਹਿੰਦੂਤਵੀ ਏਜੰਡੇ ਦੀ ਪੂਰਤੀ ਕਰਨ ਵਾਲੀ ਪਾਰਟੀ ਦੇ ਹੱਕ ਵਿਚ ਭੁਗਤਾਇਆ ਜਾਵੇ।
ਸਿੱਖਾਂ ਦੇ ਸਬੰਧ ਵਿਚ ਵਿਰੋਧ ਦੀ ਥਾਂ ਮਨਾਉਣ ਵਾਲਾ ਢੰਗ ਭਾਰੂ ਰਹਿੰਦਾ ਹੈ। ਸੰਘ ਪਰਿਵਾਰ ਦਾ ਮੰਤਵ ਹੈ ਕਿ ਸਿੱਖ ਪਛਾਣ ਨੂੰ ਖਤਮ ਕਰਕੇ ਹਿੰਦੂਇਜ਼ਮ ਵਿਚ ਰਲਾ ਲਿਆ ਜਾਵੇ। ਸਿੱਖ ‘ਧਮਕਾਏ ਜਾਣ ਵਾਲੇ’ ਵਰਗ ਵਿਚ ਨਹੀਂ ਆਉਂਦੇ, ਉਨ੍ਹਾਂ ਨੂੰ ਉਸ ਵੇਲੇ ਹੀ ਹਿੰਦੂਤਵੀ ਹਮਲੇ ਦਾ ਸਾਹਮਣਾ ਕਰਨਾ ਪੈਂਦਾ ਹੈ, ਜਦੋਂ ਹਿੰਦੂਇਜ਼ਮ ਨਾਲ ਵੱਖਰੀ ਪਛਾਣ ਦਾ ਮੁੱਦਾ ਖੜ੍ਹਾ ਹੁੰਦਾ ਹੈ।
ਪਹਿਲੀ ਨਜ਼ਰੇ ਇਹ ‘ਹਾਸ਼ੀਆ ਸੰਗਠਨ’ ਭਾਵੇਂ ਸੰਘ ਪਰਿਵਾਰ ਦਾ ਹਿੱਸਾ ਹਨ ਜਾਂ ਆਜ਼ਾਦ ਕੰਮ ਕਰਦੇ ਹਨ, ਇਹ ਹਮੇਸ਼ਾ ਸਥਾਨਕ ਜਾਂ ਖੇਤਰੀ ਸਿਆਸਤ ਦੇ ਉਤਰਾਅ ਚੜ੍ਹਾਅ ਨੂੰ ਪ੍ਰਗਟ ਕਰਦੇ ਹਨ। ਡੂੰਘੀ ਨਜ਼ਰ ਮਾਰਿਆਂ ਇਹ ਹਿੰਦੂਤਵੀ ਸਿਆਸਤ ਵਲੋਂ ਪੈਦਾ ਕੀਤੇ ਫਿਰਕੂ ਵਾਵਰੋਲੇ ਪ੍ਰਤੀਤ ਹੁੰਦੇ ਹਨ। ਭਾਜਪਾ ਦਾ 1984 ਦੀਆਂ ਲੋਕ ਸਭਾ ਦੀਆਂ ਦੋ ਸੀਟਾਂ ਤੋਂ 2014 ਦੀਆਂ 282 ਸੀਟਾਂ ‘ਤੇ ਪਹੁੰਚਣਾ ਅਤੇ ਲੋਕ ਸਭਾ ਵਿਚ ਪੂਰਨ ਬਹੁਮੱਤ ਪ੍ਰਾਪਤ ਕਰਨਾ ਇੱਕ ਸਿਆਸੀ ਪਾਰਟੀ ਦਾ ਹੀ ਸਿਆਸੀ ਸਫਰ ਨਹੀਂ ਹੈ, ਇਹ ਅਜਿਹੀਆਂ ਅਣਗਿਣਤ ਫੌਜਾਂ/ਸੰਗਠਨਾਂ ਦਾ ਸਫਰ ਵੀ ਹੈ (ਐਤਕੀਂ ਤਾਂ ਸੀਟਾਂ ਦੀ ਗਿਣਤੀ 303 ਤਕ ਅੱਪੜ ਗਈ ਹੈ)।
ਅਜੇ ਵੀ ਇਨ੍ਹਾਂ ਸੰਗਠਨਾਂ ਦੀ ਉਤਪਤੀ ਅਤੇ ਵਿਕਾਸ ਬਾਰੇ ਵਿਸਥਾਰ ਸਹਿਤ ਜਾਣਕਾਰੀ ਨਹੀਂ ਮਿਲਦੀ। ਇਹ ਫੌਜਾਂ ਦੇਸ਼ਵਿਆਪੀ ਸੰਗਠਨ ਦਾ ਸਿੱਧਾ ਪ੍ਰਗਟਾਵਾ ਨਹੀਂ ਹਨ। ਇਨ੍ਹਾਂ ਦੀ ਆਪਣੀ ਵੱਖਰੀ ਪਛਾਣ ਵੀ ਹੈ। ਕਾਫੀ ਸਮਾਂ ਮੈਂ ਇਹੀ ਸਮਝਦਾ ਰਿਹਾ ਕਿ ਇਹ ਆਪਣੇ ਭਾਈ ਬੰਧੂਆਂ ਦੀ ਸਿਆਸਤ ਲਈ ਭਰਤੀ ਕਰਨ ਅਤੇ ਸਿਖਲਾਈ ਦੇਣ ਦਾ ਕੰਮ ਕਰਦੇ ਹਨ। ਇਹ ਇਸ ਲਈ ਸੀ ਕਿਉਂਕਿ ਮੈਂ ਇਨ੍ਹਾਂ ਨੂੰ ਦੇਸ਼ ਵਿਆਪੀ ਹਿੰਦੂਤਵੀ ਸੰਗਠਨਾਂ, ਆਰ. ਐਸ਼ ਐਸ਼, ਭਾਜਪਾ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਸ਼ੀਸ਼ੇ ਵਿਚੋਂ ਦੇਖਦਾ ਸੀ। ਜਦੋਂ ਮੈਂ ਖੋਜ ਪੜਤਾਲ ਲਈ ਨਿਕਲਿਆ ਅਤੇ ਵੱਖ-ਵੱਖ ਲੋਕਾਂ ਨੂੰ ਮਿਲਿਆ ਤਾਂ ਪਤਾ ਲੱਗਾ ਕਿ ਇਨ੍ਹਾਂ ‘ਹਾਸ਼ੀਆ ਸੰਗਠਨਾਂ’ ਦਾ ਵਿਕਾਸ ਦਾ ਆਪਣਾ ਰਾਹ ਹੈ, ਜੋ ਅੰਦਰੂਨੀ ਵਿਰੋਧਾਂ ਅਤੇ ਸਥਾਨਕ ਦੁੱਖ ਤਕਲੀਫ ਤੇ ਪ੍ਰੇਰਕਾਂ ਵਿਚੋਂ ਦੀ ਹੋ ਕੇ ਆਉਂਦਾ ਹੈ।
ਅਗਾਂਹ ਜਿਨ੍ਹਾਂ ਅੱਠ ਸੰਗਠਨਾਂ ਦੀ ਚਰਚਾ ਕਰਾਂਗੇ, ਉਨ੍ਹਾਂ ਵਿਚੋਂ ਚਾਰ ਸੰਘ ਪਰਿਵਾਰ ਨਾਲ ਹਨ ਅਤੇ ਚਾਰ ਆਜ਼ਾਦ ਹਨ। ਪਹਿਲੇ ਵਰਗ ਵਿਚ ਬਜਰੰਗ ਦਲ, ਰਾਸ਼ਟਰੀ ਸਿੱਖ ਸੰਗਤ, ਭੌਂਸਲਾ ਮਿਲਟਰੀ ਸਕੂਲ ਅਤੇ ਹਿੰਦੂ ਆਕਿਆ ਵੇਦੀ ਹਨ। ਦੂਜੇ ਵਰਗ ਵਿਚ ਅਭਿਨਵ ਭਾਰਤ, ਸਨਾਤਨ ਸੰਸਥਾ, ਹਿੰਦੂ ਯੁਵਾ ਵਾਹਿਨੀ ਅਤੇ ਸਿਰੀ ਰਾਮ ਸੈਨੇ ਹਨ।
ਇਨ੍ਹਾਂ ਸੰਗਠਨਾਂ ਦੇ ਇਤਿਹਾਸ ਅਤੇ ਵਿਕਾਸ ਬਾਰੇ ਪੁਣ-ਛਾਣ ਕਰਦਿਆਂ ਮੈਨੂੰ ਅਚੰਭਿਤ ਕਰਨ ਵਾਲੇ ਪਾਤਰ ਮਿਲੇ। ਕਈ ਹੁਸ਼ਿਆਰ ਸਨ, ਕਈ ਮੂਰਖ ਅਤੇ ਕਈ ਸਿਆਸੀ ਪਰਦੇ ਹੇਠ ਮੁਜ਼ਰਿਮ ਦਿਸਣ ਵਾਲੇ ਵੀ ਸਨ, ਪਰ ਇਹ ਸਾਰੇ ਪੂਰੇ ਜੋਸ਼ ਅਤੇ ਤਾਕਤ ਦੇ ਗਰੂਰ ਵਿਚ ਸਨ। ਉਹ ਜੋ ਕੁੱਝ ਕਰ ਰਹੇ ਸਨ, ਉਸ ਬਾਰੇ ਐਨ ਜਾਗਰੂਕ ਸਨ। ਆਪਣੇ ਪ੍ਰਵਚਨਾਂ ਰਾਹੀਂ ਉਨ੍ਹਾਂ ਦੀ ਵਿਚਾਰਧਾਰਾ ਅਤੇ ਸੰਗਠਨ ਦੇ ਬਹੁ-ਸਿਰੇ ਜਾਲ ਦਾ ਪਤਾ ਲੱਗਾ।
ਹਿੰਦੂਤਵ ਸ਼ਬਦ ਜਿਸ ਦੀ ਸਾਵਰਕਾਰ ਨੇ ਹਿੰਦੂਨੈਸ ਦੇ ਤੌਰ ‘ਤੇ ਵਿਆਖਿਆ ਕੀਤੀ (ਹਿੰਦੂਇਜ਼ਮ-ਹਿੰਦੂਵਾਦ ਦੇ ਤੌਰ ‘ਤੇ ਨਹੀਂ), ਇਹ ਸੰਘ ਪਰਿਵਾਰ ਦੇ ਮੈਂਬਰਾਂ ਦਾ ਦਿਲੋਂ, ਕੇਂਦਰੀ ਵਿਚਾਰ ਹੈ ਪਰ ਜ਼ਮੀਨੀ ਪੱਧਰ ‘ਤੇ ਮਸਲਾ ਹੋਰ ਤਰ੍ਹਾਂ ਪੇਸ਼ ਹੁੰਦਾ ਹੈ। ਇਹ ਹਿੰਦੂਇਜ਼ਮ ਹੀ ਹੈ, ਜੋ ਜਨ ਸਮੂਹਾਂ ਨੂੰ ਇਕੱਠੇ ਕਰਨ ਅਤੇ ਵੋਟਾਂ ਦਾ ਧਰੁਵੀਕਰਨ ਕਰਨ ਦਾ ਕੰਮ ਕਰਦਾ ਹੈ। ਹਿੰਦੂਤਵ ਦਾ ਵਿਚਾਰਧਾਰਕ ਰੂਪ ਉਸ ਸਮੇਂ ਲੋਪ ਹੋ ਜਾਂਦਾ ਹੈ, ਜਦੋਂ ਕੋਈ ਭਾਜਪਾ ਜਾਂ ਆਰ. ਐਸ਼ ਐਸ਼ ਦੇ ਕੌਮੀ ਮੁੱਖ ਦਫਤਰ ਤੋਂ ਬਾਹਰ ਆਉਂਦਾ ਹੈ।
ਹਾਲਾਤ ਦੀ ਸਿਤਮਜ਼ਰੀਫੀ ਇਹ ਹੈ ਕਿ ਪਛੜੀਆਂ ਅਤੇ ਹੇਠਲੀਆਂ ਜਾਤਾਂ ਦੇ ਬਹੁਤ ਸਾਰੇ ਨੌਜਵਾਨ ਜੋ ਇਨ੍ਹਾਂ ਜ਼ਮੀਨੀ ਸੈਨਿਕਾਂ ਦਾ ਵੱਡਾ ਹਿੱਸਾ ਬਣ ਜਾਂਦੇ ਹਨ, ਇਹੀ ਪਰਛਾਵਾਂ ਫੌਜਾਂ ਬਣਾਉਂਦੇ ਹਨ। ਇਹ ਲੋਕ ਇਹ ਪਛਾਣਨਾ ਭੁੱਲ ਜਾਂਦੇ ਹਨ ਕਿ ਉਹ ਹਿੰਦੂਤਵ ਜਿਸ ਲਈ ਉਹ ਆਪਣੀ ਸਾਰੀ ਤਾਕਤ ਲਾ ਰਹੇ ਹਨ, ਇਹ ਹੋਰ ਕੁੱਝ ਨਹੀਂ, ਕੇਵਲ ਬ੍ਰਾਹਮਣਵਾਦ ਹੈ। ਇਹ ਉਹੀ ਬ੍ਰਾਹਮਣਵਾਦੀ ਹਿੰਦੂਤਵ ਹੈ, ਜਿਸ ਨੇ ਉਨ੍ਹਾਂ ਨੂੰ ਸਦੀਆਂ ਤਕ ਦਬਾਈ ਰੱਖਿਆ ਅਤੇ ਜਿਨ੍ਹਾਂ ਖਿਲਾਫ ਲੜਨ ਦੀ ਉਨ੍ਹਾਂ ਦੀ ਅਮੀਰ ਵਿਰਾਸਤ ਮੌਜੂਦ ਹੈ। ਇਹ ਆਪਣੀ ਵਧ ਰਹੀ ਹਿੰਦੂ ਧਾਰਮਿਕਤਾ, ਦੂਜਿਆਂ ਨੂੰ ‘ਧਮਕਾਉਣ’ ਦੀ ਮਾਨਸਿਕਤਾ ਤੇ ਨਫਰਤ ਵਿਚ ਅੰਨ੍ਹੇ ਹੋ ਜਾਂਦੇ ਹਨ ਅਤੇ ਇਹ ਨਹੀਂ ਦੇਖ ਸਕਦੇ ਕਿ ਉਹੀ ਹਿੰਦੂਤਵ ਜਿਸ ਲਈ ਉਹ ਕੰਮ ਕਰ ਰਹੇ ਹਨ, ਉਹ ਮੁੜ ਬ੍ਰਾਹਮਣਾਂ ਅਤੇ ਉਚ ਜਾਤੀਆਂ ਦੀ ਪ੍ਰਭੂਸੱਤਾ ਕਾਇਮ ਕਰਨ ਵੱਲ ਵਧ ਰਿਹਾ ਹੈ।
ਕਦੇ ਕਦੇ ਸੱਚਾਈ ਵੀ ਦਿਸਣ ਲੱਗਦੀ ਹੈ। ਮਿਸਾਲ ਵਜੋਂ, ਜਦੋਂ ਜਾਤੀ ਢਾਂਚਾ ਸਥਾਨਕ ਪੱਧਰ ‘ਤੇ ਸ਼ਕਤੀਆਂ ਦੀ ਵੰਡ ਕਰਨ ਵੇਲੇ ਪ੍ਰਭਾਵੀ ਹੁੰਦੀ ਹੈ। ਇਹ ਕਈ ਵਾਰ ਪਛੜੀਆਂ ਜਾਤੀਆਂ ਦੇ ਆਗੂਆਂ ‘ਚ ਬਗਾਵਤ ਪੈਦਾ ਕਰਦੀ ਹੈ, ਜਿਵੇਂ ਸਿਰੀ ਰਾਮ ਸੈਨੇ ਵੇਲੇ ਹੋਇਆ। ਉਂਜ, ਇਹ ਬਾਗੀ ਵਿਚਾਰਧਾਰਕ ਬਦਲ ਬਾਰੇ ਬਹੁਤ ਘੱਟ ਸੋਚਦੇ ਹਨ।
ਹਿੰਦੂਤਵੀ ਤਾਕਤਾਂ ਦੀ ਜਿੱਤ, ਭਾਜਪਾ ਦੀ 2014 ਦੀਆਂ ਲੋਕ ਸਭਾ ਚੋਣਾਂ ਅਤੇ ਬਹੁਤੇ ਰਾਜਾਂ ਦੀਆਂ ਚੋਣਾਂ ਵਿਚ ਜਿੱਤ ਦਾ ਆਧਾਰ ਬਣੀ (ਜੋ ਹੁਣ 2019 ਦੀਆਂ ਚੋਣਾਂ ਵਿਚ ਵੀ ਹੋਰ ਵੀ ਜ਼ੋਰਦਾਰ ਤਰੀਕੇ ਨਾਲ ਬਣੀ ਹੈ – ਸੰਪਾਦਕ)। ਇਸ ਕਾਰਨ ਬ੍ਰਾਹਮਣਵਾਦ ਨੇ ਸਮਾਜ ਸੁਧਾਰ ਅੰਦੋਲਨਾਂ ਅਤੇ ਬ੍ਰਾਹਮਣਵਾਦ ਵਿਰੋਧੀ ਵਿਚਾਰਧਾਰਕ ਅੰਦੋਲਨ ਸਮੇਂ ਖਾਲੀ ਕੀਤੇ ਸਥਾਨ ਮੁੜ ਭਰਨੇ ਸ਼ੁਰੂ ਕਰ ਦਿੱਤੇ ਹਨ।
ਇਸ ਲਿਖਤ ਦੀਆਂ ਅਗਲੀਆਂ ਕੜੀਆਂ ਵਿਚ ਤਸਵੀਰ ਇਸ ਤਰ੍ਹਾਂ ਚਿੱਤਰੀ ਗਈ ਹੈ ਕਿ ਹਿੰਦੂਤਵ ਜੋ ਹਿੰਸਾ, ਨਫਰਤੀ ਭਾਸ਼ਣਾਂ ਅਤੇ ਦਹਿਸ਼ਤ ਉਪਰ ਨਿਰਭਰ ਹੈ, ਦਾ ਪਰਛਾਵਾਂ ਕਿਵੇਂ ਦੁਨੀਆਂ ਉਤੇ ਪੈਂਦਾ ਹੈ; ਕਿਵੇਂ ਚੋਣਾਂ ਜਿੱਤਣ ਅਤੇ ਬ੍ਰਾਹਮਣਵਾਦੀ ਏਜੰਡਾ ਲਾਗੂ ਕਰਨ ਲਈ ਹਿੰਦੂ ਕੌਮੀ ਪ੍ਰਾਜੈਕਟ ਦੀ ਪੂਰਤੀ ਲਈ ਪੂਰਾ ਟਿੱਲ ਲਾਇਆ ਜਾ ਰਿਹਾ ਹੈ।
(ਚਲਦਾ)