ਗੁਰੂ ਸਹਿਬਾਨ ਦੇ ਅਸਤਰਾਂ ਸ਼ਸਤਰਾਂ ਦੀ ਦਿੱਖ ਵਿਗਾੜਨ ਦਾ ਦੋਸ਼

ਅੰਮ੍ਰਿਤਸਰ: ਸਿੱਖ ਵਿਦਵਾਨਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਸੁਸ਼ੋਭਿਤ ਪੁਰਾਤਨ ਅਸਤਰ-ਸ਼ਸਤਰਾਂ ਦੀ ਮੁਰੰਮਤ ਦੀ ਸੇਵਾ ਦੌਰਾਨ ਇਨ੍ਹਾਂ ਉਪਰ ਸੋਨੇ ਤੇ ਹੀਰੇ ਲਾਉਣ ਨਾਲ ਇਨ੍ਹਾਂ ਦੀ ਪੁਰਾਤਨ ਦਿੱਖ ਖ਼ਤਮ ਕਰਨ ਤੇ ਇਨ੍ਹਾਂ ਨੂੰ ਸਿਰਫ ਇਕ ਸ਼ੋਅ ਪੀਸ ਬਣਾ ਦੇਣ ਦਾ ਦਾਅਵਾ ਕੀਤਾ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਸਥਿਤ ਗੁਰੂ ਨਾਨਕ ਅਧਿਐਨ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਤੇ ਸਿੱਖ ਵਿਦਵਾਨ ਗੁਰਸ਼ਰਨਜੀਤ ਸਿੰਘ ਨੇ ਆਖਿਆ ਕਿ ਗੁਰੂ ਸਾਹਿਬਾਨ ਤੇ ਹੋਰ ਸਿੱਖ ਜਰਨੈਲਾਂ ਦੇ ਪੁਰਾਤਨ ਸ਼ਸਤਰ ਸਿੱਖ ਕੌਮ ਲਈ ਵਿਰਸਾ ਹਨ ਤੇ ਇਨ੍ਹਾਂ ਨੂੰ ਪੁਰਾਤਨ ਸਰੂਪ ਵਿਚ ਹੀ ਸੰਭਾਲ ਕੇ ਰੱਖਣਾ ਚਾਹੀਦਾ ਹੈ।
ਇਨ੍ਹਾਂ ਉਪਰ ਸੋਨੇ ਤੇ ਹੀਰੇ ਲਾਉਣ ਨਾਲ ਜਾਂ ਕੋਈ ਹੋਰ ਵਾਧਾ ਕਰਨ ਨਾਲ ਇਨ੍ਹਾਂ ਦੀ ਪੁਰਾਤਨਤਾ ਖ਼ਤਮ ਹੋ ਜਾਵੇਗੀ। ਉਨ੍ਹਾਂ ਆਖਿਆ ਕਿ ਅੱਜ ਦੇ ਆਧੁਨਿਕ ਯੁੱਗ ਵਿਚ ਪੁਰਾਤਨ ਵਸਤਾਂ ਦੀ ਸਾਂਭ-ਸੰਭਾਲ ਲਈ ਨਵੀਂ ਤਕਨਾਲੋਜੀ ਆ ਚੁੱਕੀ ਹੈ ਤੇ ਅਜਿਹੀਆਂ ਵਿਰਸੇ ਨਾਲ ਜੁੜੀਆਂ ਪੁਰਾਤਨ ਬਹੁਮੁੱਲੀ ਧਰੋਹਰ ਨੂੰ ਨਵੀਂ ਤਕਨਾਲੋਜੀ ਦੀ ਮਦਦ ਨਾਲ ਪੁਰਾਤਨ ਸਰੂਪ ਵਿਚ ਹੀ ਸਾਂਭ-ਸੰਭਾਲ ਕੇ ਰੱਖਣਾ ਚਾਹੀਦਾ ਹੈ। ਸ਼੍ਰੋਮਣੀ ਕਮੇਟੀ ਮੈਂਬਰ ਤੇ ਸਾਬਕਾ ਜਨਰਲ ਸਕੱਤਰ ਬੀਬੀ ਕਿਰਨਜੋਤ ਕੌਰ ਨੇ ਆਖਿਆ ਕਿ ਅਜਿਹਾ ਕਰਨ ਨਾਲ ਵਿਰਾਸਤ ਖ਼ਤਮ ਹੋ ਜਾਵੇਗੀ। ਉਨ੍ਹਾਂ ਦੋਸ਼ ਲਾਇਆ ਕਿ ਕਈ ਅਜਿਹੇ ਢੰਗ ਤਰੀਕਿਆਂ ਨਾਲ ਗੁਰਦੁਆਰਿਆਂ ਵਿਚੋਂ ਪੁਰਾਤਨਤਾ ਨੂੰ ਖ਼ਤਮ ਕੀਤਾ ਜਾ ਰਿਹਾ ਹੈ।
ਦਲ ਖਾਲਸਾ ਦੇ ਆਗੂ ਕੰਵਰਪਾਲ ਸਿੰਘ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਹਰਬੀਰ ਸਿੰਘ ਸੰਧੂ ਨੇ ਵੀ ਆਖਿਆ ਕਿ ਇਹ ਸ਼ਸਤਰ ਸਿੱਖ ਕੌਮ ਦੇ ਵਿਰਸੇ ਦਾ ਬਹੁਮੁੱਲਾ ਹਿੱਸਾ ਹਨ ਤੇ ਇਨ੍ਹਾਂ ਦੀ ਪੁਰਾਤਨਤਾ ਨਾਲ ਛੇੜਛਾੜ ਨਹੀਂ ਹੋਣੀ ਚਾਹੀਦੀ ਦੂਜੇ ਪਾਸੇ ਅਕਾਲ ਤਖ਼ਤ  ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਆਖਿਆ ਕਿ ਪੁਰਾਤਨ ਸ਼ਸਤਰਾਂ ਦੀ ਦਿੱਖ ਨਾਲ ਕੋਈ ਛੇੜਛਾੜ ਨਹੀਂ ਕੀਤੀ ਗਈ, ਸਿਰਫ ਕੁਝ ਸ਼ਸਤਰਾਂ ਦੀਆਂ ਮਿਆਨਾਂ ਬਦਲੀਆਂ ਗਈਆਂ ਹਨ ਜੋ ਕਿ ਪਹਿਲਾਂ ਟੁੱਟ ਚੁੱਕੀਆਂ ਸਨ। ਇਨ੍ਹਾਂ ਦੀ ਪੁਰਾਤਨਤਾ ਨਾਲ ਕੋਈ ਛੇੜਛਾੜ ਨਹੀਂ ਕੀਤੀ ਗਈ।
ਜ਼ਿਕਰਯੋਗ ਹੈ ਕਿ ਜੂਨ 1984 ਵਿਚ ਸਾਕਾ ਨੀਲਾ ਤਾਰਾ ਸਮੇਂ ਅਕਾਲ ਤਖ਼ਤ ਸਾਹਿਬ ਵਿਖੇ ਫੌਜੀ ਗੋਲਾਬਾਰੀ ਨਾਲ ਨੁਕਸਾਨੇ ਗੁਰੂ ਸਾਹਿਬਾਨ ਤੇ ਹੋਰ ਸਿੱਖ ਜਰਨੈਲਾਂ ਦੇ ਅਸਤਰ-ਸ਼ਸਤਰਾਂ ਦੀ ਸਾਂਭ ਸੰਭਾਲ ਦੀ ਸੇਵਾ ਆਖਰੀ ਪੜਾਅ ਵਿਚ ਹੈ ਤੇ ਹੁਣ ਇਨ੍ਹਾਂ ਇਤਿਹਾਸਕ ਤੇ ਪੁਰਾਤਨ ਸ਼ਸਤਰਾਂ ਉਪਰ ਸੋਨੇ ਦੀ ਕਢਾਈ ਤੇ ਹੀਰੇ ਲਾਉਣ ਦਾ ਕੰਮ ਜਾਰੀ ਹੈ। ਅਕਾਲ ਤਖ਼ਤ  ਵਿਖੇ ਇਸ ਵੇਲੇ ਪੁਰਾਤਨ ਤੇ ਇਤਿਹਾਸਕ ਕੁਲ 52 ਅਸਤਰ-ਸ਼ਸਤਰ ਹਨ ਜਿਨ੍ਹਾਂ ਵਿਚ 50 ਪੁਰਾਤਨ ਤੇ ਦੋ ਨਵੇਂ ਸ਼ਸਤਰ ਸ਼ਾਮਲ ਹਨ।
ਗੁਰੂ ਸਾਹਿਬਾਨ ਤੇ ਸਿੱਖ ਜਰਨੈਲਾਂ ਨਾਲ ਸਬੰਧਤ ਇਨ੍ਹਾਂ ਅਹਿਮ ਨਿਸ਼ਾਨੀਆਂ ਦੇ ਰੋਜ਼ਾਨਾ ਰਹਿਰਾਸ ਦੇ ਪਾਠ ਮਗਰੋਂ ਸਿੱਖ ਸੰਗਤਾਂ ਨੂੰ ਦਰਸ਼ਨ ਕਰਵਾਏ ਜਾਂਦੇ ਹਨ। ਇਨ੍ਹਾਂ ਸ਼ਸਤਰਾਂ ਵਿਚ ਦੋ ਗੁਰੂ ਸਾਹਿਬਾਨ,  ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਮੇਤ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ, ਬਾਬਾ ਬੁੱਢਾ ਜੀ ਤੇ ਬਾਬਾ ਦੀਪ ਸਿੰਘ ਸਮੇਤ ਹੋਰ ਸਿੱਖ ਜਰਨੈਲਾਂ ਦੀਆਂ ਨਿਸ਼ਾਨੀਆਂ ਸ਼ਾਮਲ ਹਨ।
ਸੇਵਾ ਕਰਵਾ ਰਹੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਸੁਖਦੇਵ ਸਿੰਘ ਭੋਰਾ ਕੋਹਨਾ, ਭਾਈ ਸਤਨਾਮ ਸਿੰਘ (ਪੰਜ ਪਿਆਰਾ), ਸ੍ਰੀ ਸੁਖਦੇਵ ਸਿੰਘ ਤੇ ਬਾਬਾ ਛੰਦਾ ਸਿੰਘ ਨੇ ਦੱਸਿਆ ਕਿ ਸੇਵਾ ਦਾ ਤਕਰੀਬਨ 80 ਫੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ ਤੇ ਹੁਣ ਸ਼ਸਤਰਾਂ ਉਪਰ ਸੋਨੇ ਦੀ ਕਢਾਈ ਤੇ ਹੀਰੇ ਲਾਉਣ ਦਾ ਕੰਮ ਚਲ ਰਿਹਾ ਹੈ ਜੋ ਜਲਦੀ ਹੀ ਮੁਕੰਮਲ ਹੋ ਜਾਵੇਗਾ।
ਉਨ੍ਹਾਂ ਸਪੱਸ਼ਟ ਕੀਤਾ ਕਿ ਇਨ੍ਹਾਂ ਸ਼ਸ਼ਤਰਾਂ ਵਿਚੋਂ ਉਨ੍ਹਾਂ ਸ਼ਸਤਰਾਂ ਉਪਰ ਹੀ ਸੋਨੇ ਦਾ ਕੰਮ ਕੀਤਾ ਜਾ ਰਿਹਾ ਹੈ ਜਿਨ੍ਹਾਂ ‘ਤੇ ਪਹਿਲਾਂ ਹੀ ਸੋਨੇ ਦੀ ਮੀਨਾਕਾਰੀ ਦਾ ਕੰਮ ਮੌਜੂਦ ਸੀ ਪਰ 15 ਸ੍ਰੀ ਸਾਹਿਬ, ਤੇਗੇ ਤੇ ਖੰਡਿਆਂ ਦੇ ਮਿਆਨ ਨਵੇਂ ਬਣਾਏ ਗਏ ਹਨ, ਇਹ ਮਿਆਨ ਹੁਣ ਵਿਸ਼ੇਸ਼ ਸਾਗਵਾਨ ਦੀ ਲੱਕੜ ਦੇ ਤਿਆਰ ਕਰਵਾਏ ਗਏ ਹਨ ਜਿਨ੍ਹਾਂ ਉਪਰ ਸੋਨੇ ਦੀ ਠੋਕਰ ਤੇ ਸੰਮ ਲਾਏ ਜਾ ਰਹੇ ਹਨ। ਇਸ ਵਾਸਤੇ ਤਕਰੀਬਨ ਅੱਠ ਕਿਲੋ ਸੋਨੇ ਦੀ ਵਰਤੋਂ ਕੀਤੀ ਗਈ ਹੈ।
ਸੋਨੇ ‘ਤੇ ਮੀਨਾਕਾਰੀ ਦਾ ਕੰਮ ਵਿਸ਼ੇਸ਼ ਕਾਰੀਗਰਾਂ ਤੋਂ ਕਰਵਾਇਆ ਗਿਆ ਹੈ। ਇਸ ਤੋਂ ਪਹਿਲਾਂ ਪੁਰਾਤਨ ਮਿਆਨਾਂ ਤੇ ਇਹ ਠੋਕਰਾਂ ਤੇ ਸੰਮ ਚਾਂਦੀ ਦੇ ਬਣੇ ਹੋਏ ਸਨ। ਹੁਣ ਸੋਨੇ ਦੇ ਬਣਾਏ ਗਏ ਸੰਮਾਂ ਵਿਚੋਂ ਵਿਚਕਾਰਲੇ ਹਰ ਸੰਮ ‘ਤੇ ਸੱਤ ਹੀਰੇ ਤੇ ਅੱਠ ਪੰਨੇ ਜੜੇ ਜਾ ਰਹੇ ਹਨ ਜੋ ਇਨ੍ਹਾਂ ਮਿਆਨਾਂ ਨੂੰ ਹੋਰ ਖੂਬਸੂਰਤੀ ਪ੍ਰਦਾਨ ਕਰਨਗੇ। ਇਹ ਹੀਰੇ ਲਾਉਣ ਲਈ ਮਿਆਨਾਂ ਨੂੰ ਮੁੰਬਈ ਵਿਖੇ ਭੇਜਿਆ ਗਿਆ ਹੈ।
______________________________________
ਅਕਾਲ ਤਖ਼ਤ ਵਿਖੇ ਸਸ਼ੋਭਿਤ ਪੁਰਾਤਨ ਸ਼ਸਤਰ
ਅਕਾਲ ਤਖ਼ਤ ਵਿਖੇ ਪੁਰਾਤਨ ਸ਼ਸਤਰਾਂ ਵਿਚ ਇਸ ਵੇਲੇ ਅੱਠ ਸ੍ਰੀ ਸਾਹਿਬ, ਦੋ ਤੇਗੇ, ਚਾਰ ਖੰਡੇ, ਦੋ ਪਿਸਤੌਲਾਂ, ਪੰਜ ਕਟਾਰ, ਪੰਜ ਗੁਰਜ, ਦੋ ਤੀਰ, ਇਕ ਛੋਟੀ ਸ੍ਰੀ ਸਾਹਿਬ, ਇਕ ਤੇਚ ਕਵਚ, ਇਕ ਕਰੋਲ, ਛੋਟੇ ਵੱਡੇ ਖੰਡੇ ਅਤੇ ਛੋਟੇ ਵੱਡੇ ਚੱਕਰ ਸ਼ਾਮਲ ਹਨ। ਅੱਠ ਸ੍ਰੀ ਸਾਹਿਬ  ਜਿਨ੍ਹਾਂ ਵਿਚ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀ ਮੀਰੀ ਤੇ ਪੀਰੀ ਦੀ ਨਿਸ਼ਾਨੀ ਸ੍ਰੀ ਸਾਹਿਬ, ਸ੍ਰੀ ਗੁਰੂ ਗੋਬਿੰਦ ਜੀ ਦੀ, ਬਾਬਾ ਬੁੱਢਾ ਜੀ ਦੀ, ਭਾਈ ਜੇਠਾ ਜੀ ਦੀ, ਬਾਬਾ ਬਿਧੀ ਚੰਦ, ਭਾਈ ਕਰਮ ਸਿੰਘ, ਭਾਈ ਉਦੈ ਸਿੰਘ ਦੀ ਸ੍ਰੀ ਸਾਹਿਬ ਸ਼ਾਮਲ ਹੈ। ਦੋ ਤੇਗਿਆਂ ਵਿਚ ਇਕ ਭਾਈ ਬਚਿੱਤਰ ਸਿੰਘ ਦਾ ਤੇ ਇਕ ਜਥੇਦਾਰ ਅਕਾਲੀ ਫੂਲਾ ਸਿੰਘ ਦਾ ਹੈ, ਚਾਰ ਖੰਡਿਆਂ ਵਿਚ ਇਕ ਬਾਬਾ ਦੀਪ ਸਿੰਘ ਦਾ, ਇਕ ਬਾਬਾ ਨੌਧ ਸਿੰਘ ਦਾ, ਇਕ ਬਾਬਾ ਗੁਰਬਖਸ਼ ਸਿੰਘ ਦਾ, ਇਕ ਜਥੇਦਾਰ ਅਕਾਲੀ ਫੂਲਾ ਸਿੰਘ ਦਾ ਹੈ ਜਦੋਂਕਿ ਦੋ ਪਿਸਤੌਲਾਂ ਵਿਚ ਇਕ ਬਾਬਾ ਦੀਪ ਸਿੰਘ ਦੀ ਤੇ ਇਕ ਬਾਬਾ ਗੁਰਬਖ਼ਸ਼ ਸਿੰਘ ਦੀ ਹੈ। ਪੰਜ ਕਟਾਰਾਂ ਵਿਚ ਇਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ, ਇਕ ਸ੍ਰੀ ਗੁਰੂ ਗੋਬਿੰਦ ਸਿੰਘ, ਇਕ ਸਾਹਿਬਜ਼ਾਦਾ ਅਜੀਤ ਸਿੰਘ, ਇਕ ਸਾਹਿਬਜ਼ਾਦਾ ਜੁਝਾਰ ਸਿੰਘ ਤੇ ਇਕ ਜਥੇਦਾਰ ਅਕਾਲੀ ਫੂਲਾ ਸਿੰਘ ਦੀ ਹੈ। ਇਕ ਛੋਟੀ ਸ੍ਰੀ ਸਾਹਿਬ ਅਤੇ ਇਕ ਗੁਰਜ ਜੋ ਨੌਂ ਧਾਤਾਂ ਦਾ ਬਣਿਆ ਹੋਇਆ ਹੈ, ਉਹ ਵੀ ਸ੍ਰੀ ਗੁਰੂ ਹਰੋਗੋਬਿੰਦ ਸਾਹਿਬ ਦਾ ਹੈ। ਇਸੇ ਤਰ੍ਹਾਂ ਦੋ ਤੀਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹਨ, ਜਿਨ੍ਹਾਂ ‘ਤੇ ਸਵਾ ਤੋਲਾ ਸੋਨਾ ਲੱਗਾ ਹੋਇਆ ਹੈ। ਇਨ੍ਹਾਂ ਵਿਚ ਹੀ ਇਕ ਕਰੋਲ ਬਾਬਾ ਦੀਪ ਸਿੰਘ ਦੀ ਹੈ ਜੋ ਇਰਾਨੀ ਸ਼ਸਤਰ ਹੈ। ਇਥੇ ਦੋ ਅਜਿਹੇ ਵੱਡੇ ਚੱਕਰ ਹਨ ਜਿਨ੍ਹਾਂ ਉਪਰ ਜਾਪ ਸਾਹਿਬ ਤੇ ਇਕ ਉਪਰ ਜਪੁਜੀ ਸਾਹਿਬ ਦਾ ਪਾਠ ਉਕਰਿਆ ਹੋਇਆ ਹੈ। ਇਕ ਛੋਟੇ ਚੱਕਰ ‘ਤੇ 10 ਗੁਰੂ ਸਾਹਿਬਾਨ ਦੇ ਨਾਂ ਤੇ ਉਸ ਦੇ ਦੂਜੇ ਪਾਸੇ ਮੂਲ ਮਤਰ ਦਾ ਪਾਠ ਹੈ।
________________________________________
ਸਾਕਾ ਨੀਲਾ ਤਾਰਾ ਦੌਰਾਨ ਨੁਕਸਾਨੇ ਗਏ ਸ਼ਸਤਰ
ਜੂਨ 1984 ਵਿਚ ਫੌਜੀ ਕਾਰਵਾਈ ਵੇਲੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਨੂੰ ਭਾਰੀ ਨੁਕਸਾਨ ਪੁੱਜਾ ਸੀ। ਇਸ ਇਮਾਰਤ ਦੇ ਨਾਲ ਹੀ ਇਥੇ ਰੱਖੇ ਅਸਤਰ-ਸ਼ਸਤਰਾਂ ਨੂੰ ਵੀ ਨੁਕਸਾਨ ਪੁੱਜਾ ਸੀ। ਉਸ ਵੇਲੇ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਵੱਲੋਂ ਆਰਜ਼ੀ ਤੌਰ ‘ਤੇ ਇਨ੍ਹਾਂ ਦੀ ਮੁਰੰਮਤ ਕਰਵਾ ਕੇ ਠੀਕ ਕਰ ਦਿੱਤਾ ਗਿਆ ਸੀ ਪਰ ਹੁਣ ਇਨ੍ਹਾਂ ਦੀ ਹਾਲਤ ਹੋਰ ਖਸਤਾ ਹੋ ਗਈ ਸੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਵੱਲੋਂ ਇਨ੍ਹਾਂ ਦੀ ਮੁਰੰਮਤ ਦੀ ਸੇਵਾ ਕਰਾਉਣ ਦਾ ਫੈਸਲਾ ਕੀਤਾ। ਇਹ ਸੇਵਾ ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ਬਾਬਾ ਨਰਿੰਦਰ ਸਿੰਘ, ਬਾਬਾ ਬਲਵਿੰਦਰ ਸਿੰਘ, ਕਾਰ ਸੇਵਾ ਲੰਗਰ ਸਾਹਿਬ ਵਾਲਿਆਂ ਨੂੰ ਸੌਂਪੀ ਗਈ ਸੀ। ਇਨ੍ਹਾਂ ਦੀ ਮੁਰੰਮਤ ਲਈ ਨੰਦੇੜ ਤੋਂ ਹੀ ਹਜ਼ੂਰੀਏ ਸਿੱਖ ਜਗਬੀਰ ਸਿੰਘ ਤੇ ਉਨ੍ਹਾਂ ਦੇ ਸਾਥੀ ਸੱਦੇ ਗਏ।

Be the first to comment

Leave a Reply

Your email address will not be published.