ਆਜ਼ਾਦੀ ਦਿਵਸ ਮੌਕੇ ਕੈਪਟਨ ਨੇ ਗਿਣਵਾਈਆਂ ਸਰਕਾਰ ਦੀਆਂ ਪ੍ਰਾਪਤੀਆਂ

ਦੇਸ਼ ਵਿਰੋਧੀ ਤਾਕਤਾਂ ਨੂੰ ਕੀਤੀ ਤਾੜਨਾ
ਜਲੰਧਰ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੀ ਅਮਨ-ਸ਼ਾਂਤੀ ਅਤੇ ਸਦਭਾਵਨਾ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰਨ ਵਾਲੀਆਂ ਤਾਕਤਾਂ ਨੂੰ ਸਖਤ ਚਿਤਾਵਨੀ ਦਿੰਦਿਆਂ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਅਜਿਹੀਆਂ ਸ਼ਕਤੀਆਂ ਨੂੰ ਮੂੰਹ ਤੋੜਵਾਂ ਜਵਾਬ ਦੇਣ ਲਈ ਇਕਜੁਟ ਹੋਣ। ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਚ 73ਵੇਂ ਆਜ਼ਾਦੀ ਦਿਹਾੜੇ ਮੌਕੇ ਕਰਵਾਏ ਗਏ ਸੂਬਾ ਪੱਧਰੀ ਸਮਾਗਮ ‘ਚ ਕੌਮੀ ਝੰਡਾ ਲਹਿਰਾਉਣ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੀ ਅਮਨ-ਸ਼ਾਂਤੀ ਨੂੰ ਕਿਸੇ ਵੀ ਕੀਮਤ ‘ਤੇ ਭੰਗ ਨਹੀਂ ਹੋਣ ਦੇਵਾਂਗੇ।
ਮੁੱਖ ਮੰਤਰੀ ਨੇ ਪੰਜਾਬੀਆਂ ਵੱਲੋਂ ਦੇਸ਼ ਦੀ ਆਜ਼ਾਦੀ ਵਿਚ ਪਾਏ ਵੱਡਮੁੱਲੇ ਯੋਗਦਾਨ ਨੂੰ ਯਾਦ ਕੀਤਾ ਤੇ ਆਜ਼ਾਦੀ ਦੇ ਪਰਵਾਨਿਆਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਨੂੰ ਮਜ਼ਬੂਤ ਤੇ ਖ਼ੁਸ਼ਹਾਲ ਸੂਬਾ ਬਣਾਉਣ ਦੀ ਵਚਨਬੱਧਤਾ ਪ੍ਰਗਟਾਈ।

ਮੁੱਖ ਮੰਤਰੀ ਨੇ ਤਿੰਨ ਆਜ਼ਾਦੀ ਘੁਲਾਟੀਆਂ ਪ੍ਰੇਮ ਸਾਗਰ, ਦੇਵ ਬ੍ਰਤ ਸ਼ਰਮਾ ਤੇ ਜਵਾਹਰ ਲਾਲ ਦਾ ਸਨਮਾਨ ਕੀਤਾ। ਇਸ ਤੋਂ ਇਲਾਵਾ ਲੋੜਵੰਦ ਔਰਤਾਂ ਨੂੰ ਸਿਲਾਈ ਮਸ਼ੀਨਾਂ ਤੇ ਦਿਵਿਆਂਗਾਂ ਨੂੰ ਟ੍ਰਾਈਸਾਈਕਲ ਵੰਡੇ। ਆਜ਼ਾਦੀ ਦਿਹਾੜੇ ਮੌਕੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਆਪਣੇ ਸੰਕਲਪ ਨੂੰ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਹੁਣ ਤੱਕ ਐਨ.ਡੀ.ਪੀ.ਐਸ਼ ਐਕਟ ਤਹਿਤ 27,744 ਕੇਸ ਦਰਜ ਕੀਤੇ ਗਏ ਹਨ ਅਤੇ 33,622 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸੂਬੇ ਵਿਚ ਨਸ਼ੇ ਦੀ ਗ੍ਰਿਫਤ ‘ਚ ਫਸੇ 87,000 ਵਿਅਕਤੀਆਂ ਦਾ ਇਲਾਜ 178 ਓਟ ਕਲੀਨਿਕਾਂ ਵਿਚ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਪੁਰਬ ਸਬੰਧੀ ਹੁਣ ਤੱਕ 3500 ਪਿੰਡਾਂ ਵਿਚ 40 ਲੱਖ ਬੂਟੇ ਲਾਏ ਜਾ ਚੁੱਕੇ ਹਨ।
ਸਿੱਖਿਆ ਦੇ ਖੇਤਰ ਦੀ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ 30 ਕਰੋੜ ਰੁਪਏ ਖਰਚ ਕੇ 261 ਸਮਾਰਟ ਸਕੂਲ ਸਥਾਪਤ ਕੀਤੇ ਗਏ ਹਨ। ਦਾਨੀਆਂ ਦੇ ਸਹਿਯੋਗ ਨਾਲ ਲਗਭਗ 4000 ਪ੍ਰਾਇਮਰੀ, ਮਿਡਲ ਅਤੇ ਹਾਈ ਸਕੂਲਾਂ ਨੂੰ ਸਮਾਰਟ ਸਕੂਲਾਂ ਵਿਚ ਬਦਲ ਦਿੱਤਾ ਗਿਆ। ਸੂਬਾ ਸਰਕਾਰ 9 ਸਤੰਬਰ ਤੋਂ 30 ਸਤੰਬਰ ਤੱਕ ਪੰਜਵਾਂ ਵਿਸ਼ਾਲ ਰੁਜ਼ਗਾਰ ਮੇਲਾ ਵੱਖ-ਵੱਖ ਥਾਵਾਂ ‘ਤੇ ਲਾਵੇਗੀ। ਸਰਕਾਰ ਇਕ ਲੱਖ ਨੌਜਵਾਨਾਂ ਨੂੰ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਸਹਿਯੋਗ ਦੇਵੇਗੀ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਡਿਜੀਟਲ ਪੰਜਾਬ ਉਪਰਾਲੇ ਤਹਿਤ ਨੌਜਵਾਨਾਂ ਨੂੰ ਛੇਤੀ ਹੀ ਸਮਾਰਟ ਮੋਬਾਈਲ ਫੋਨ ਮੁਹੱਈਆ ਕਰਵਾ ਕੇ ਚੋਣਾਂ ‘ਚ ਕੀਤਾ ਵਾਅਦਾ ਪੂਰਾ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਨਵੀਂ ਉਦਯੋਗਿਕ ਨੀਤੀ ਨਾਲ 50,000 ਕਰੋੜ ਰੁਪਏ ਦਾ ਨਿਵੇਸ਼ ਸੂਬੇ ਵਿਚ ਆਉਣ ਲਈ ਰਾਹ ਪੱਧਰਾ ਹੋਇਆ ਹੈ।
______________________________
ਆਜ਼ਾਦੀ ਘੁਲਾਟੀਆਂ ਦੇ ਵਾਰਸਾਂ ਨੇ ਸਰਕਾਰੀ ਸਨਮਾਨ ਲੈਣ ਤੋਂ ਕੀਤਾ ਇਨਕਾਰ
ਪਟਿਆਲਾ: ਆਜ਼ਾਦੀ ਦਿਹਾੜੇ ਨੂੰ ਸਮਰਪਿਤ ਪਟਿਆਲਾ ‘ਚ ਹੋਏ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਕ ਮੈਂਬਰਾਂ ਨੇ ਸਨਮਾਨ ਲੈਣ ਤੋਂ ਨਾਂਹ ਕਰ ਦਿੱਤੀ। ਉਨ੍ਹਾਂ ਦਾ ਤਰਕ ਸੀ ਕਿ ਜਿੰਨਾ ਚਿਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਦੀ ਪੂਰਤੀ ਨਹੀਂ ਕਰਦੀ, ਉਹ ਅਜਿਹਾ ਸਨਮਾਨ ਨਹੀਂ ਲੈਣਗੇ। ਸਮਾਗਮ ਦੌਰਾਨ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਮੁੱਖ ਮਹਿਮਾਨ ਵਜੋਂ ਪੁੱਜੇ ਹੋਏ ਸਨ। ਫਰੀਡਮ ਫਾਈਟਰ ਉਤਰਾਅਧਿਕਾਰੀ ਐਸੋਸੀਏਸ਼ਨ ਦੇ ਆਗੂਆਂ ਦਾ ਕਹਿਣਾ ਸੀ ਕਿ ਸਰਕਾਰ ਦੀ ਵਾਅਦਾਖਿਲਾਫੀ ਪ੍ਰਤੀ ਉਨ੍ਹਾਂ ਵਿਚ ਰੋਸ ਹੈ।
ਇਸੇ ਤਰ੍ਹਾਂ ਫਰੀਡਮ ਫਾਈਟਰ ਉਤਰਾਅਧਿਕਾਰੀ ਜਥੇਬੰਦੀ ਪੰਜਾਬ ਦੇ ਸੱਦੇ ਤਹਿਤ ਸੰਗਰੂਰ ਪੁਲਿਸ ਲਾਈਨ ਖੇਡ ਸਟੇਡੀਅਮ ਵਿਚ ਆਜ਼ਾਦੀ ਦਿਵਸ ਸਮਾਗਮ ਦੌਰਾਨ ਫਰੀਡਮ ਫਾਈਟਰਾਂ ਦੇ ਵਾਰਸਾਂ ਨੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਤੋਂ ਸਰਕਾਰੀ ਸਨਮਾਨ ਲੈਣ ਤੋਂ ਇਨਕਾਰ ਕਰ ਦਿੱਤਾ। ਉਹ ਮੰਗਾਂ ਸਬੰਧੀ ਨੋਟੀਫਿਕੇਸ਼ਨ ਜਾਰੀ ਨਾ ਕਰਨ ਦੇ ਰੋਸ ਵਜੋਂ ਸਰਕਾਰ ਤੋਂ ਖਫਾ ਸਨ। ਉਂਜ ਫਰੀਡਮ ਫਾਈਟਰਾਂ ਦੇ ਵਾਰਸ ਆਜ਼ਾਦੀ ਦਿਵਸ ਸਮਾਗਮ ਵਿਚ ਸ਼ਾਮਲ ਹੋਏ ਤੇ ਕੌਮੀ ਝੰਡੇ ਨੂੰ ਸਲਾਮੀ ਮਗਰੋਂ ਕੈਬਨਿਟ ਮੰਤਰੀ ਨੂੰ ਮੰਗ ਪੱਤਰ ਦੇ ਕੇ ਸਮਾਗਮ ‘ਚੋਂ ਚਲੇ ਗਏ। ਜਥੇਬੰਦੀ ਦੇ ਸੂਬਾ ਪ੍ਰਧਾਨ ਹਰਿੰਦਰਪਾਲ ਸਿੰਘ ਖਾਲਸਾ ਦੀ ਅਗਵਾਈ ਹੇਠ ਬਣੀ ਪੰਜ ਮੈਂਬਰੀ ਕੋਰ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਸੰਘਰਸ਼ ਦੀ ਅਗਲੀ ਰੂਪ ਰੇਖਾ ਉਲੀਕੀ ਜਾਵੇਗੀ।
ਮੋਗਾ ਵਿਚ ਜ਼ਿਲ੍ਹਾ ਪੱਧਰੀ ਆਜ਼ਾਦੀ ਦਿਹਾੜੇ ‘ਤੇ ਗੁਰਬਤ ਦੀ ਜੰਗ ਲੜ ਰਹੀ ਦੇਸ਼ ਭਗਤ ਪਰਿਵਾਰ ਦੀ ਪਿੰਡ ਰਣੀਆਂ ਦੀ ਰਹਿਣ ਵਾਲੀ ਬਿਰਧ ਮਹਿਲਾ ਸੁਰਿੰਦਰ ਕੌਰ ਨੇ ਸਨਮਾਨ (ਸ਼ਾਲ) ਲੈਣ ਦੀ ਪੇਸ਼ਕਸ਼ ਠੁਕਰਾ ਦਿੱਤੀ। ਮਹਿਲਾ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਹੱਥ ‘ਚ ਸ਼ਹੀਦ ਫੌਜੀ ਜਵਾਨ ਦੀ ਤਸਵੀਰ ਤੇ ਤਾਮਰ ਪੱਤਰ ਵੀ ਫੜਾ ਦਿੱਤਾ। ਵਿੱਤ ਮੰਤਰੀ ਨੇ ਭਾਵੁਕ ਹੋਈ ਮਹਿਲਾ ਨੂੰ ਕਲਾਵੇ ‘ਚ ਤਾਂ ਲਿਆ ਪਰ ਕੋਈ ਤਸੱਲੀਬਖਸ਼ ਭਰੋਸਾ ਨਹੀਂ ਦਿੱਤਾ।
________________________________________
ਕੈਪਟਨ ਵੱਲੋਂ ਵੱਖ-ਵੱਖ ਖੇਤਰਾਂ ‘ਚ ਨਾਮਣਾ ਖੱਟਣ ਵਾਲੀਆਂ 21 ਸ਼ਖਸੀਅਤਾਂ ਸਨਮਾਨਤ
ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਜ਼ਾਦੀ ਦਿਹਾੜੇ ਮੌਕੇ ਕਰਵਾਏ ਗਏ ਇਕ ਰਾਜ ਪੱਧਰੀ ਸਮਾਗਮ ਦੌਰਾਨ ਸਮਾਜ ਸੇਵਾ, ਸਾਹਿਤ, ਵਾਤਾਵਰਨ ਤੇ ਖੇਤੀ ਦੇ ਖੇਤਰ ਸਮੇਤ ਹੋਰਨਾਂ ਖੇਤਰਾਂ ‘ਚ ਵਿਲੱਖਣ ਉਪਲਬਧੀਆਂ ਹਾਸਲ ਕਰਨ ਵਾਲੀਆਂ 21 ਪ੍ਰਮੁੱਖ ਸ਼ਖਸੀਅਤਾਂ ਨੂੰ ਸਟੇਟ ਐਵਾਰਡ ਨਾਲ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ ਉਥੇ 9 ਪੁਲਿਸ ਅਧਿਕਾਰੀਆਂ ਨੂੰ ਮੁੱਖ ਮੰਤਰੀ ਪੁਲਿਸ ਮੈਡਲ ਵੀ ਪ੍ਰਦਾਨ ਕੀਤੇ।
ਸਨਮਾਨਤ ਹੋਣ ਵਾਲੀਆਂ ਸ਼ਖਸੀਅਤਾਂ ‘ਚ ਕੈਂਸਰ ਦੇ ਖੇਤਰ ‘ਚ ਸ਼ਲਾਘਾਯੋਗ ਕੰਮ ਕਰਨ ਵਾਲੇ ਮੋਗਾ ਜ਼ਿਲ੍ਹੇ ਨਾਲ ਸਬੰਧਤ ਉਘੇ ਸਮਾਜ ਸੇਵਕ ਕੁਲਵੰਤ ਸਿੰਘ ਧਾਲੀਵਾਲ, ਪਟਿਆਲਾ ਤੋਂ ਲੈਫ਼ ਕਰਨਲ (ਸੇਵਾ ਮੁਕਤ) ਬਿਸ਼ਨ ਦਾਸ, ਮੰਡੀ ਅਹਿਮਦਗੜ੍ਹ ਤੋਂ ਸਮਾਜ ਸੇਵਕ ਰਾਕੇਸ਼ ਕੁਮਾਰ ਗਰਗ, ਪਠਾਨਕੋਟ ਦੇ ਪਿੰਡ ਕਾਨਪੁਰ ਦੇ ਅਮਨਦੀਪ ਸਿੰਘ, ਮਾਨਸਾ ਤੋਂ ਤਰਸੇਮ ਚੰਦ ਸੈਮੀ, ਤਬਲਾ ਵਾਦਕ ਪੰਡਿਤ ਮਨੂੰ ਸੀਨ, ਰੋਪੜ ਜ਼ਿਲ੍ਹੇ ਦੇ ਪਿੰਡ ਸੰਧੂਆ ਤੋਂ ਜਿੰਦਰ ਸਿੰਘ, ਪਟਿਆਲਾ ਤੋਂ ਹਰਸ਼ ਕੁਮਾਰ ਹਰਸ਼, ਰਾਜਪੁਰਾ ਤੋਂ ਅਭਿਸ਼ੇਕ ਚੌਹਾਨ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਕੰਪਿਊਟਰ ਮਾਹਿਰ ਡਾ. ਵਿਸ਼ਾਲ ਗੋਇਲ, ਲੁਧਿਆਣਾ ਤੋਂ ਕੈਂਸਰ ਮਾਹਿਰ ਡਾ. ਦਵਿੰਦਰ ਸਿੰਘ ਸੰਧੂ, ਪੰਜਾਬੀ ਲੇਖਕ ਗੁਰਮੀਤ ਸਿੰਘ ਸਿੰਘਲ, ਜਲੰਧਰ ਤੋਂ ਰਾਜੇਸ਼ ਕੁਮਾਰ ਭਗਤ, ਬਾਬਾ ਸੇਵਾ ਸਿੰਘ ਖਡੂਰ ਸਾਹਿਬ, ਪਠਾਨਕੋਟ ਤੋਂ ਸਮੀਰ ਸ਼ਾਰਦਾ, ਨਵਾਂ ਸ਼ਹਿਰ ਤੋਂ ਲਲਿਤ ਮੋਹਨ ਪਾਠਕ, ਅੰਮ੍ਰਿਤਸਰ ਤੋਂ ਗੁਣਬੀਰ ਸਿੰਘ, ਪਟਿਆਲਾ ਤੋਂ ਵੈਟਰਨਰੀ ਇੰਸਪੈਕਟਰ ਅਮਨਦੀਪ ਸਿੰਘ, ਹਰੀਪੁਰ ਜਲੰਧਰ ਦੀ ਸਰਪੰਚ ਸ੍ਰੀਮਤੀ ਸੀਤਾ ਰਾਣੀ, ਫਤਿਹਗੜ੍ਹ ਸਾਹਿਬ ਤੋਂ ਹਰਪ੍ਰੀਤ ਸਿੰਘ ਢਿੱਲੋਂ ਅਤੇ ਮੁਹਾਲੀ ਤੋਂ ਕੁਲਦੀਪ ਸਿੰਘ ਸ਼ਾਮਲ ਹਨ, ਜਦਕਿ ਮੁੱਖ ਮੰਤਰੀ ਪੁਲਿਸ ਮੈਡਲ ਨਾਲ ਸਨਮਾਨਤ ਹੋਣ ਵਾਲੇ ਪੁਲਿਸ ਅਧਿਕਾਰੀਆਂ ‘ਚ ਵਿਜੀਲੈਂਸ ਬਿਊਰੋ ਦੇ ਜੁਆਇੰਟ ਡਾਇਰੈਕਟਰ ਪਰਮਜੀਤ ਸਿੰਘ ਗੁਰਾਇਆ, ਐਸ਼ਐਸ਼ਪੀ. ਵਿਜੀਲੈਂਸ ਬਿਊਰੋ ਜਲੰਧਰ ਰੇਂਜ ਦਲਜਿੰਦਰ ਸਿੰਘ ਢਿੱਲੋਂ, ਏ.ਆਈ.ਜੀ. ਇਲੈੱਕਸ਼ਨ ਸੈੱਲ ਹਰਬੀਰ ਸਿੰਘ, ਐਸ਼ਐਸ਼ਪੀ. ਇਨਵੈਸਟੀਗੇਸ਼ਨ ਪਟਿਆਲਾ ਹਰਮੀਤ ਸਿੰਘ ਹੁੰਦਲ, ਡੀ.ਐਸ਼ਪੀ. ਇਲੈਕਸ਼ਨ ਸੈੱਲ ਅਮਰੋਜ਼ ਸਿੰਘ, ਡੀ. ਐਸ਼ ਪੀ. ਪੰਜਾਬ ਪੁਲਿਸ ਅਕੈਡਮੀ ਫਿਲੌਰ ਸੇਵਕ ਸਿੰਘ, ਐਸ਼ਐਚ.ਓ. ਦਾਖਾ ਇੰਸਪੈਕਟਰ ਜਗਦੀਸ਼ ਕੁਮਾਰ, ਐਸ਼ਐਚ. ਓ. ਮੁੱਲਾਂਪੁਰ ਮੁਹਾਲੀ ਇੰਸਪੈਕਟਰ ਭਗਵੰਤ ਸਿੰਘ ਅਤੇ ਜਲੰਧਰ ਦਿਹਾਤੀ ਦੇ ਇੰਸਪੈਕਟਰ ਕਰਨੈਲ ਸਿੰਘ ਸ਼ਾਮਲ ਹਨ।