ਮੋਦੀ ਵੱਲੋਂ ਚੀਫ ਆਫ ਡਿਫੈਂਸ ਸਟਾਫ ਅਹੁਦਾ ਕਾਇਮ ਕਰਨ ਦਾ ਐਲਾਨ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਜ਼ਾਦੀ ਦਿਵਸ ਮੌਕੇ ਲਾਲ ਕਿਲ੍ਹੇ ਦੀ ਫਸੀਲ ਤੋਂ ਆਪਣੇ ਸੰਬੋਧਨ ਵਿਚ ਚੀਫ ਆਫ ਡਿਫੈਂਸ ਸਟਾਫ ਅਹੁਦਾ ਬਣਾਉਣ ਦਾ ਐਲਾਨ ਕਰਦਿਆਂ ਅਹਿਦ ਲਿਆ ਕਿ ਉਹ ਜੰਮੂ ਕਸ਼ਮੀਰ ਦੇ ਲੋਕਾਂ ਦੀਆਂ ਖਾਹਿਸ਼ਾਂ ਨੂੰ ਪੂਰਾ ਕਰਨਗੇ। ਉਨ੍ਹਾਂ ਆਬਾਦੀ ‘ਤੇ ਕਾਬੂ ਪਾਉਣ ਅਤੇ ‘ਇਕ ਰਾਸ਼ਟਰ, ਇਕ ਚੋਣ’ ਦੇ ਮੁੱਦੇ ਵੀ ਉਭਾਰੇ। ਦੂਜੀ ਵਾਰ ਪ੍ਰਧਾਨ ਮੰਤਰੀ ਬਣਨ ਮਗਰੋਂ ਪਹਿਲੇ ਆਜ਼ਾਦੀ ਦਿਵਸ ਮੌਕੇ ਸ੍ਰੀ ਮੋਦੀ ਨੇ ਧਾਰਾ 370 ਨੂੰ ਮਨਸੂਖ ਕਰਨ ਦੇ ਕਦਮ ਨੂੰ ‘ਇਕ ਰਾਸ਼ਟਰ, ਇਕ ਸੰਵਿਧਾਨ’ ਵੱਲ ਕਦਮ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਨੂੰ ਦਿੱਤਾ ਗਿਆ ਵਿਸ਼ੇਸ਼ ਦਰਜਾ 70 ਸਾਲਾਂ ‘ਚ ਫੈਸਲਾਕੁਨ ਨਤੀਜੇ ਦੇਣ ‘ਚ ਨਾਕਾਮ ਰਿਹਾ ਅਤੇ ਉਨ੍ਹਾਂ ਵੱਲੋਂ ਹੁਣ ਖਿੱਤੇ ਦੇ ਵਿਕਾਸ ਲਈ ਹਰ ਸੰਭਵ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ।

ਆਪਣੇ 95 ਮਿੰਟਾਂ ਦੇ ਭਾਸ਼ਨ ‘ਚ ਪ੍ਰਧਾਨ ਮੰਤਰੀ ਨੇ ਕਿਹਾ, “ਸਰਕਾਰ ਨੇ ਚੀਫ ਆਫ ਡਿਫੈਂਸ ਸਟਾਫ (ਸੀ.ਡੀ.ਐਸ਼) ਦਾ ਅਹੁਦਾ ਕਾਇਮ ਕਰਨ ਦਾ ਫੈਸਲਾ ਲਿਆ ਹੈ। ਇਸ ਨਾਲ ਸਾਰੀਆਂ ਤਿੰਨੋਂ ਸੈਨਾਵਾਂ ਨੂੰ ਮਿਲ ਕੇ ਕੰਮ ਕਰਨ ‘ਚ ਸਹਾਇਤਾ ਮਿਲੇਗੀ ਕਿਉਂਕਿ ਹੁਣ ਮੁਲਕ ਬੰਦਸ਼ਾਂ ‘ਚ ਰਹਿ ਕੇ ਕੰਮ ਨਹੀਂ ਕਰ ਸਕਦਾ ਅਤੇ ਉਸ ਨੂੰ ਬਦਲ ਰਹੀ ਦੁਨੀਆਂ ਨਾਲ ਕਦਮ ਮਿਲਾ ਕੇ ਤੁਰਨਾ ਪਵੇਗਾ।” ਇਸ ਦੌਰਾਨ ਉਨ੍ਹਾਂ ਸਰਹੱਦ ਪਾਰੋਂ ਅਤਿਵਾਦ, ਭ੍ਰਿਸ਼ਟਾਚਾਰ, ਗਰੀਬੀ, ਪਲਾਸਟਿਕ ਦੀ ਵਰਤੋਂ ‘ਤੇ ਪਾਬੰਦੀ, ਖਾਦਾਂ ਦੀ ਵਰਤੋਂ ਘਟਾਉਣ ਅਤੇ ਪਾਣੀ ਦੀ ਸੰਭਾਲ ਆਦਿ ਜਿਹੇ ਮੁੱਦਿਆਂ ਨੂੰ ਵੀ ਛੋਹਿਆ।
ਸ੍ਰੀ ਮੋਦੀ ਨੇ ‘ਜਲ ਜੀਵਨ’ ਮਿਸ਼ਨ ਦਾ ਐਲਾਨ ਕਰਦਿਆਂ ਕਿਹਾ ਕਿ ਸਰਕਾਰ ਸਾਰੇ ਘਰਾਂ ‘ਚ ਟੂਟੀਆਂ ਰਾਹੀਂ ਪੀਣ ਵਾਲਾ ਪਾਣੀ ਮੁਹੱਈਆ ਕਰਾਉਣ ਲਈ ਸਾਢੇ ਤਿੰਨ ਲੱਖ ਕਰੋੜ ਰੁਪਏ ਖਰਚੇਗੀ। ਉਨ੍ਹਾਂ ਕਿਹਾ ਕਿ ਭਾਜਪਾ ਦੀ ਅਗਵਾਈ ਹੇਠਲੀ ਸਰਕਾਰ ਨੇ ਪਿੰਡਾਂ ਦੇ ਲੋਕਾਂ, ਕਿਸਾਨਾਂ, ਪੱਛੜਿਆਂ, ਦਲਿਤਾਂ ਅਤੇ ਆਦਿਵਾਸੀਆਂ ਦੀ ਭਲਾਈ ਲਈ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦਾ ਜੀਵਨ ਸੁਖਾਲਾ ਬਣਾਉਣ ਲਈ ਸਰਕਾਰ ਦਾ ਘੱਟ ਦਖਲ ਹੋਵੇਗਾ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਅਤੇ ਭਾਈ-ਭਤੀਜਾਵਾਦ ਲੋਕਾਂ ਦੀ ਜ਼ਿੰਦਗੀ ‘ਚ ਸਿਉਂਕ ਵਾਂਗ ਫੈਲ ਗਿਆ ਹੈ ਜਿਸ ਦੇ ਖਾਤਮੇ ਲਈ ਕੇਂਦਰ ਸਰਕਾਰ ਤਕਨਾਲੋਜੀ ਦੀ ਸਹਾਇਤਾ ਨਾਲ ਕਦਮ ਉਠਾ ਰਹੀ ਹੈ।
__________________________
ਅਭਿਨੰਦਨ ਨੂੰ ਵੀਰ ਚੱਕਰ, ਪ੍ਰਕਾਸ਼ ਜਾਧਵ ਤੇ ਹਰਸ਼ਪਾਲ ਨੂੰ ਕੀਰਤੀ ਚੱਕਰ
ਨਵੀਂ ਦਿੱਲੀ: ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ ਨੇ ਆਜ਼ਾਦੀ ਦਿਵਸ ਦੀ ਪੂਰਬਲੀ ਸ਼ਾਮ ਨੂੰ 132 ਬਹਾਦਰੀ ਪੁਰਸਕਾਰਾਂ ਤੇ ਹੋਰ ਸਨਮਾਨਾਂ ਲਈ ਪ੍ਰਵਾਨਗੀ ਦਿੱਤੀ। ਇਨ੍ਹਾਂ ਪੁਰਸਕਾਰਾਂ ‘ਚ 2 ਕੀਰਤੀ ਚੱਕਰ, 1 ਵੀਰ ਚੱਕਰ, 14 ਸ਼ੌਰਿਆ ਚੱਕਰ, 8 ਬਾਰ ਟੂ ਸੈਨਾ ਮੈਡਲ (ਬਹਾਦਰੀ), 90 ਸੈਨਾ ਮੈਡਲ (ਬਹਾਦਰੀ), 5 ਹਵਾਈ ਸੈਨਾ ਮੈਡਲ (ਬਹਾਦਰੀ), 7 ਵਾਯੂ ਸੈਨਾ ਮੈਡਲ (ਬਹਾਦਰੀ) ਅਤੇ 5 ਯੁੱਧ ਸੇਵਾ ਮੈਡਲ ਸ਼ਾਮਲ ਹਨ।
ਪੁਲਵਾਮਾ ਹਮਲੇ ਤੋਂ ਬਾਅਦ ਬਾਲਾਕੋਟ ਹਵਾਈ ਹਮਲੇ ਨੂੰ ਅੰਜ਼ਾਮ ਦੇਣ ਵਾਲੇ ਕਈ ਜਾਂਬਾਜ਼ਾਂ ਨੂੰ ਇਸ ਵਾਰ ਬਹਾਦਰੀ ਪੁਰਸਕਾਰਾਂ ਨਾਲ ਨਿਵਾਜਿਆ ਜਾਵੇਗਾ, ਜਿਨ੍ਹਾਂ ‘ਚ ਪਾਕਿਸਤਾਨ ਦੇ ਐੱਫ-16 ਜਹਾਜ਼ ਨੂੰ ਤਬਾਹ ਕਰਨ ਵਾਲੇ ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਨੂੰ ਯੁੱਧ ਸਮੇਂ ‘ਚ ਭਾਰਤ ਦੇ ਤੀਸਰੇ ਸਭ ਤੋਂ ਵੱਡੇ ਬਹਾਦਰੀ ਸਨਮਾਨ ਵੀਰ ਚੱਕਰ ਨਾਲ ਸਨਮਾਨਤ ਕੀਤਾ ਅਤੇ ਕੰਟਰੋਲ ਰੂਮ ‘ਚ ਉਨ੍ਹਾਂ ਦੀ ਮਦਦਗਾਰ ਬਣੀ ਸੁਕੈਡਰਨ ਲੀਡਰ ਮਿੰਟੀ ਅਗਰਵਾਲ ਨੂੰ ਯੁੱਧ ਸੇਵਾ ਮੈਡਲ ਨਾਲ ਨਿਵਾਜਿਆ। ਇਸ ਤੋਂ ਇਲਾਵਾ ਬਾਲਾਕੋਟ ‘ਚ ਅਤਿਵਾਦੀ ਧੜੇ ਜੈਸ਼-ਏ-ਮੁਹੰਮਦ ਦੇ ਟਿਕਾਣਿਆਂ ‘ਤੇ ਹਮਲਾ ਕਰਨ ਵਾਲੇ ਮਿਰਾਜ ਲੜਾਕੂ ਜਹਾਜ਼ਾਂ ਦੇ ਪਾਇਲਟਾਂ ਨੂੰ ਵੀ ਬਹਾਦਰੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਸੈਨਾ ਤੋਂ ਰਾਸ਼ਟਰੀ ਰਾਈਫ਼ਲ ਦੇ ਸੈਪਰ ਪ੍ਰਕਾਸ਼ ਜਾਧਵ ਅਤੇ ਸੀ.ਆਰ.ਪੀ.ਐੱਫ਼. ਕਮਾਂਡੈਂਟ ਹਰਸ਼ਪਾਲ ਸਿੰਘ ਨੂੰ ਸ਼ਾਂਤੀ ਸਮੇਂ ‘ਚ ਦੇਸ਼ ਦੇ ਸਭ ਤੋਂ ਵੱਡੇ ਦੂਸਰੇ ਪੁਰਸਕਾਰ ਕੀਰਤੀ ਚੱਕਰ ਨਾਲ ਸਨਮਾਨਿਤ ਕੀਤਾ।
ਸ਼ੌਰਿਆ ਚੱਕਰ ਹਾਸਲ ਕਰਨ ਵਾਲੇ ਜਾਂਬਾਜ਼ਾਂ ‘ਚ ਲੈਫਟੀਨੈਂਟ ਕਰਨਲ ਅਜੈ ਸਿੰਘ ਕੁਸ਼ਵਾਹਾ, ਕੈਪਟਨ ਮਹੇਸ਼ ਕੁਮਾਰ ਭੂਰੇ ਅਤੇ ਰਾਈਫਲ ਮੈਨ ਅਜਵੀਰ ਸਿੰਘ ਚੌਹਾਨ ਸ਼ਾਮਲ ਹਨ, ਜਦਕਿ ਮੇਜਰ ਵਿਭੂਤੀ ਸ਼ੰਕਰ ਡੂੰਡੀਆਲ, ਲਾਂਸਨਾਇਕ ਸੰਦੀਪ ਸਿੰਘ, ਸਿਪਾਹੀ ਬ੍ਰਿਜੇਸ਼ ਕੁਮਾਰ, ਸਿਪਾਹੀ ਹਰੀ ਸਿੰਘ ਅਤੇ ਰਾਈਫਲਮੈਨ ਐੱਸ਼ ਸ਼ਿਵ ਕੁਮਾਰ ਨੂੰ ਇਹ ਸਨਮਾਨ ਮਰਨ ਉਪਰੰਤ ਪ੍ਰਦਾਨ ਕੀਤਾ।