ਗਰਮਖਿਆਲੀ ਸਿੱਖ ਜਥੇਬੰਦੀਆਂ ਨੇ ਕਾਲੇ ਦਿਵਸ ਵਜੋਂ ਮਨਾਇਆ ਆਜ਼ਾਦੀ ਦਿਵਸ

ਅੰਮ੍ਰਿਤਸਰ: ਗਰਮਖਿਆਲੀ ਸਿੱਖ ਜਥੇਬੰਦੀਆਂ ਤੇ ਉਨ੍ਹਾਂ ਦੀਆਂ ਹੋਰ ਹਮਖਿਆਲੀ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਗਟਾਉਂਦਿਆਂ ਆਜ਼ਾਦੀ ਦਿਹਾੜੇ ਨੂੰ ਕਾਲੇ ਦਿਵਸ ਵਜੋਂ ਮਨਾਇਆ ਗਿਆ। ਇਸ ਸਬੰਧੀ ਸੂਬੇ ਦੇ 14 ਜ਼ਿਲ੍ਹਿਆਂ ਵਿਚ ਰੋਸ ਦਿਖਾਵੇ ਕੀਤੇ ਗਏ। ਜਦੋਂਕਿ ਤਰਨ ਤਾਰਨ ਵਿਚ ਜਥੇਬੰਦੀਆਂ ਦੀ ਇਸ ਕਾਰਵਾਈ ‘ਤੇ ਰੋਕ ਲਾ ਦਿੱਤੀ ਗਈ ਸੀ ਤੇ ਪਹਿਲਾਂ ਹੀ ਸਿੱਖ ਆਗੂਆਂ ਨੂੰ ਹਿਰਾਸਤ ਵਿਚ ਲੈ ਲਿਆ ਸੀ। ਇਨ੍ਹਾਂ ਜਥੇਬੰਦੀਆਂ ਵਿਚ ਦਲ ਖਾਲਸਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਯੂਨਾਈਟਿਡ ਅਕਾਲੀ ਦਲ, ਸਿੱਖ ਯੂਥ ਆਫ ਪੰਜਾਬ ਅਤੇ ਸਟੂਡੈਂਟਸ ਫਾਰ ਸੁਸਾਇਟੀ ਨਾਂ ਦੀਆਂ ਜਥੇਬੰਦੀਆਂ ਸ਼ਾਮਲ ਸਨ।

ਸਿੱਖ ਆਗੂਆਂ ਨੇ ਇਸ ਮੌਕੇ ਯੂ.ਐਨ.ਓ. ਅਤੇ ਕੌਮਾਂਤਰੀ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਭਾਰਤ ਸਰਕਾਰ ‘ਤੇ ਦਬਾਅ ਬਣਾਉਣ ਤਾਂ ਜੋ ਵੱਖ-ਵੱਖ ਖਿੱਤਿਆਂ ਵਿਚ ਸੰਘਰਸ਼ਸ਼ੀਲ ਕੌਮਾਂ ਨੂੰ ਸਵੈ-ਨਿਰਣੈ ਦਾ ਹੱਕ ਮਿਲ ਸਕੇ। ਅੰਮ੍ਰਿਤਸਰ ਵਿਚ ਕੀਤੇ ਗਏ ਰੋਸ ਦਿਖਾਵੇ ਵਿਚ ਦਲ ਖਾਲਸਾ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ, ਬੁਲਾਰੇ ਕੰਵਰਪਾਲ ਸਿੰਘ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਪ੍ਰੋ. ਮਹਿੰਦਰ ਸਿੰਘ, ਯੂਨਾਈਟਿਡ ਅਕਾਲੀ ਦਲ ਦੇ ਗੁਰਦੀਪ ਸਿੰਘ ਬਠਿੰਡਾ ਦੀ ਅਗਵਾਈ ਹੇਠ ਉਨ੍ਹਾਂ ਦੇ ਕਾਰਕੁਨ ਸ਼ਾਮਲ ਹੋਏ। ਇਥੇ ਤਰ੍ਹਾਂ ਜਲੰਧਰ, ਗੁਰਦਾਸਪੁਰ, ਮਾਨਸਾ, ਬਠਿੰਡਾ, ਸੰਗਰੂਰ, ਬਰਨਾਲਾ, ਮੋਗਾ, ਪਟਿਆਲਾ, ਫਤਹਿਗੜ੍ਹ ਸਾਹਿਬ, ਫਿਰੋਜ਼ਪੁਰ ਅਤੇ ਕੋਟਕਪੂਰਾ ਵਿਚ ਵੀ ਰੋਸ ਮੁਜ਼ਾਹਰੇ ਕੀਤੇ ਗਏ।
ਬਠਿੰਡਾ ਵਿਚ ਸਿੱਖ ਜਥੇਬੰਦੀਆਂ ਨੇ 15 ਅਗਸਤ ਨੂੰ ਕਾਲੇ ਦਿਨ ਵਜੋਂ ਮਨਾਇਆ। ਜਥੇਬੰਦੀਆਂ ਵੱਲੋਂ ਸ਼ਹਿਰ ਵਿਚ ਕਾਲੇ ਝੰਡਿਆਂ ਨਾਲ ਰੋਸ ਮਾਰਚ ਕੱਢਿਆ ਗਿਆ। ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ‘ਚ ਸ਼੍ਰੋਮਣੀ ਅਕਾਲੀ ਦਲ ‘ਅ’ ਤੇ ਹੋਰ ਪੰਥਕ ਜਥੇਬੰਦੀ ਵੱਲੋਂ 15 ਅਗਸਤ ਨੂੰ ਕਾਲੇ ਦਿਵਸ ਵਜੋਂ ਮਨਾਉਂਦਿਆਂ ਖੰਡਾ ਚੌਂਕ ‘ਚ ਰੋਸ ਇਕੱਤਰਤਾ ਕਰ ਕੇ ਕਾਲੇ ਝੰਡੇ ਲਹਿਰਾਏ ਗਏ। ਇਸ ਪ੍ਰੋਗਰਾਮ ਦੇ ਇਵਜ਼ ਭਾਵੇਂ ਪੁਲਿਸ ਪ੍ਰਸ਼ਾਸਨ ਮੁਸ਼ਤੈਦ ਰਿਹਾ, ਪਰ ਰੋਸ ਪ੍ਰਦਰਸ਼ਨ ਸ਼ਾਂਤੀਪੂਰਵਕ ਨਿਬੜ ਗਿਆ।
_________________________
ਪਾਕਿ ਨੇ ਕਾਲੇ ਦਿਨ ਵਜੋਂ ਮਨਾਇਆ ਭਾਰਤ ਦਾ ਸੁਤੰਤਰਤਾ ਦਿਵਸ
ਇਸਲਾਮਾਬਾਦ: ਪਾਕਿਸਤਾਨ ਵਿਚ ਭਾਰਤ ਦਾ ਸੁਤੰਤਰਤਾ ਦਿਵਸ ਕਾਲੇ ਦਿਨ ਵਜੋਂ ਮਨਾਇਆ ਗਿਆ। ਇਸ ਸਬੰਧੀ ਪਾਕਿ ‘ਚ ਅਖਬਾਰਾਂ ਨੇ ਕਾਲੇ ਰੰਗ ਦੀ ਸਰਹੱਦ ਨਾਲ ਖਬਰਾਂ ਛਾਪੀਆਂ ਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਸਮੇਤ ਕਈ ਨੇਤਾਵਾਂ ਨੇ ਆਪਣੇ ਸੋਸ਼ਲ ਮੀਡੀਆ ਖਾਤੇ ‘ਤੇ ਆਪਣੀਆਂ ਫੋਟੋਆਂ ‘ਤੇ ਕਾਲੇ ਰੰਗ ਦੀ ਸਰਹੱਦ ਲਗਾਈ। ਇੰਨਾ ਹੀ ਨਹੀਂ ਪਾਕਿ ਨੇ ਸਰਕਾਰੀ ਇਮਾਰਤਾਂ ‘ਤੇ ਝੰਡੇ ਵੀ ਅੱਧੇ ਚੜ੍ਹਾਏ। ਉਕਤ ਦੇ ਇਲਾਵਾ ਭਾਰਤੀ ਸੁਤੰਤਰਤਾ ਦਿਵਸ ਮੌਕੇ ਪਾਕਿਸਤਾਨ ਆਧਾਰਿਤ ਅਤਿਵਾਦੀ ਸਮੂਹ ਹਿਜ਼ਬੁਲ ਮੁਜਾਹਦੀਨ ਦੇ 1000 ਤੋਂ ਵੱਧ ਸਮਰਥਕਾਂ ਨੇ ਮੁਜ਼ੱਫਰਾਬਾਦ ‘ਚ ਮਾਰਚ ਕੀਤਾ ਤੇ ਕਾਲੇ ਝੰਡੇ ਲਹਿਰਾਉਂਦੇ ਹੋਏ ਭਾਰਤ ਵਿਰੋਧੀ ਨਾਅਰੇਬਾਜ਼ੀ ਕੀਤੀ, ਜਦਕਿ ਪਾਕਿਸਤਾਨ ਦੇ ਆਜ਼ਾਦੀ ਦਿਹਾੜੇ ਮੌਕੇ ਮਕਬੂਜ਼ਾ ਕਸ਼ਮੀਰ (ਪੀ.ਓ.ਕੇ.) ਦੇ ਨਰਿਆਲ ‘ਚ ਉਥੋਂ ਦੇ ਸਥਾਨਿਕ ਨਾਗਰਿਕਾਂ ਨੇ ਪਾਕਿਸਤਾਨੀ ਸੈਨਾ ਦੇ ਵਾਹਨ ਰੋਕ ਕੇ ਪਾਕਿ ਫੌਜ ਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।