ਚੰਡੀਗੜ੍ਹ: ਗੁਰੂ ਨਾਨਕ ਦੇਵ ਦਾ 550 ਸਾਲਾ ਪ੍ਰਕਾਸ਼ ਦਿਹਾੜਾ ਨਵੰਬਰ ਵਿਚ ਮਨਾਉਣ ਲਈ ਕੌਮਾਂਤਰੀ ਸੀਮਾ ਡੇਰਾ ਬਾਬਾ ਨਾਨਕ ਨੇੜੇ ਕਰਤਾਰਪੁਰ ਲਾਂਘੇ ਦਾ ਕੰਮ ਜੰਗੀ ਪੱਧਰ ‘ਤੇ ਚੱਲ ਰਿਹਾ ਹੈ। ਉਂਜ ਸਿਆਸੀ ਆਗੂਆਂ ਅਤੇ ਨਿਰਮਾਣ ਕੰਪਨੀਆਂ ਦੇ ਉੱਚ ਅਹੁਦੇਦਾਰਾਂ ਵੱਲੋਂ ਇਹ ਕਾਰਜ 31 ਅਕਤੂਬਰ ਤੱਕ ਸੰਪੂਰਨ ਕਰਨ ਦੇ ਦਾਅਵੇ ਅਤੇ ਵਾਅਦੇ ਕੀਤੇ ਜਾ ਰਹੇ ਹਨ। ਪਾਕਿਸਤਾਨ ਤੋਂ ਪੰਜ ਮਹੀਨੇ ਪਛੜ ਕੇ ਭਾਰਤੀ ਖੇਤਰ ਵਿਚ ਸ਼ੁਰੂ ਹੋਇਆ ਲਾਂਘੇ ਦਾ ਕੰਮ 65 ਫੀਸਦੀ ਮੁਕੰਮਲ ਕਰ ਲਿਆ ਗਿਆ ਹੈ, ਜਦੋਂ ਕਿ ਪਾਕਿਸਤਾਨ ‘ਚ ਲਾਂਘੇ ਦਾ ਕੰਮ ਲਗਭਗ 90 ਫੀਸਦ ਹੋ ਗਿਆ ਹੈ। ਇਧਰ, ਮਾਨਸੂਨ ਕਾਰਨ ਵੀ ਕੰਮ ਕੁਝ ਮੱਠਾ ਰਿਹਾ, ਜਿਸ ਵਿਚ ਆਉਂਦੇ ਦਿਨਾਂ ‘ਚ ਤੇਜ਼ੀ ਆ ਸਕਦੀ ਹੈ।
ਹਲਕਾ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕੁਝ ਦਿਨ ਪਹਿਲਾਂ ਦੱਸਿਆ ਸੀ ਕਿ ਪੰਜਾਬ ਸਰਕਾਰ ਵੱਲੋਂ ਲਾਂਘੇ ਦੇ ਨਿਰਮਾਣ ਕਾਰਜਾਂ ਨੂੰ ਜਲਦ ਨੇਪਰੇ ਚਾੜ੍ਹਨ ਲਈ ਪੰਜ ਆਈ.ਏ.ਐਸ਼ ਅਧਿਕਾਰੀਆਂ ਦੀ ਡਿਊਟੀ ਲਗਾਈ ਗਈ ਹੈ, ਜੋ ਇਥੋਂ ਦੇ ਨਿਰਮਾਣ ਕਾਰਜਾਂ ‘ਤੇ ਲਗਾਤਾਰ ਨਿਗਰਾਨੀ ਰੱਖਣਗੇ ਤੇ ਇਸ ਦੀ ਰਿਪੋਰਟ ਪੰਜਾਬ ਸਰਕਾਰ ਨੂੰ ਪੁੱਜਦੀ ਕਰਨਗੇ। ਸ੍ਰੀ ਰੰਧਾਵਾ ਨੇ ਦੱਸਿਆ ਕਿ ਜਿਹੜੇ ਪੰਜ ਅਧਿਕਾਰੀਆਂ ਦੀ ਡਿਊਟੀ ਲਗਾਈ ਹੈ, ਉਨ੍ਹਾਂ ਨੇ ਆਪੋ ਆਪਣੀ ਜ਼ਿੰਮੇਵਾਰੀ ਸੰਭਾਲ ਲਈ ਹੈ। ਇਸ ਦਾ ਮਨੋਰਥ ਲਾਂਘੇ ਨੂੰ 31 ਅਕਤੂਬਰ ਤੱਕ ਮੁਕੰਮਲ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਲਾਂਘੇ ਦਾ ਕੰਮ ਮਿਥੀ ਤਰੀਕ ਤੱਕ ਹਰ ਹਾਲਤ ਵਿਚ ਪੂਰਾ ਕਰ ਲਿਆ ਜਾਵੇਗਾ।
ਨਿਰਮਾਣ ਕੰਪਨੀ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਲੰਘੇ ਮਹੀਨੇ ਨਵੀਂ ਦਿੱਲੀ ਤੋਂ ਇਸ ਕਾਰਜ ਨੂੰ ਜਲਦ ਮੁਕੰਮਲ ਕਰਨ ਦਾ ਦਬਾਅ ਪੈਣ ਕਾਰਨ ਕਾਮਿਆਂ ਦੀ ਗਿਣਤੀ ਦੋ ਗੁਣਾ ਕਰ ਦਿੱਤੀ ਗਈ ਹੈ। ਅਸਲ ਵਿਚ ਭਾਰਤ ‘ਚ ਲਾਂਘੇ ਦੇ ਨਿਰਮਾਣ ਕਾਰਜ ਪਛੜ ਕੇ ਸ਼ੁਰੂ ਹੋਏ ਸਨ। ਭਾਵੇਂ ਦੇਸ਼ ਦੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਸਾਲ 26 ਨਵੰਬਰ ਨੂੰ ਕਰਤਾਰਪੁਰ ਲਾਂਘੇ ਦਾ ਰਸਮੀ ਨੀਂਹ ਪੱਥਰ ਰੱਖਿਆ ਸੀ ਤੇ ਪਾਕਿਸਤਾਨ ਵਾਲੇ ਪਾਸੇ ਇਹ ਕਾਰਜ ਨਵੰਬਰ ਮਹੀਨੇ ਦੇ ਆਖਰੀ ਦਿਨਾਂ ਵਿਚ ਸ਼ੁਰੂ ਕਰ ਦਿੱਤਾ ਗਿਆ ਸੀ ਜਦੋਂਕਿ ਡੇਰਾ ਬਾਬਾ ਨਾਨਕ ਵਿਚ ਇਹ ਕਾਰਜ 15 ਅਪਰੈਲ ਨੂੰ ਸ਼ੁਰੂ ਕੀਤਾ ਗਿਆ।
ਇਸੇ ਦੌਰਾਨ ਜ਼ਮੀਨ ਮਾਲਕ ਕਿਸਾਨਾਂ ਵੱਲੋਂ ਕਦੇ ਜ਼ਮੀਨ ਦੇ ਬਣਦੇ ਭਾਅ ਨਾ ਮਿਲਣਾ ‘ਤੇ ਰੋਸ ਪ੍ਰਦਰਸ਼ਨ ਕਰਨੇ, ਕਦੇ ਲਾਂਘੇ ਦੇ ਨਿਰਮਾਣ ਕਾਰਜ (ਰਸਤੇ) ਵਿਚ ਕਿਸੇ ਫਕੀਰ ਦੀ ‘ਜਗ੍ਹਾ’ ਦਾ ਆਉਣਾ ਤੇ ਮਾਲਕਾਂ/ਪ੍ਰਬੰਧਕਾਂ ਵੱਲੋਂ ਵਿਰੋਧ ਜਤਾਉਣਾ ਤੇ ਫਿਰ ਸੰਤ ਸਰੋਵਰ ਮੰਦਰ ਦੇ ਕੁਝ ਹਿੱਸੇ ਨੂੰ ਹਟਾਉਣ ਦੇ ਕੰਮ ਦੌਰਾਨ ਵੀ ਰੁਕਾਵਟ ਪੈਦਾ ਹੋਣ ਵਰਗੇ ਹਾਲਾਤਾਂ ਨਾਲ ਵੀ ਨਿਰਮਾਣ ਕੰਪਨੀਆਂ ਦੇ ਕੰਮ ਵਿਚ ਵਿਘਨ ਪਿਆ। ਇਨ੍ਹਾਂ ਘਟਨਾਵਾਂ ਦਾ ਲਾਂਘੇ ਦੇ ਕੰਮ ‘ਤੇ ਸਿੱਧੇ-ਅਸਿੱਧੇ ਢੰਗ ਨਾਲ ਪ੍ਰਭਾਵ ਪੈਣਾ ਸੁਭਾਵਿਕ ਸੀ।
ਕੇਂਦਰ ਸਰਕਾਰ ਵੱਲੋਂ ਜੰਮੂ ਕਸ਼ਮੀਰ ਵਿਚ ਧਾਰਾ 370 ਤੇ 35ਏ ਨੂੰ ਹਟਾਏ ਜਾਣ ਮਗਰੋਂ ਦੋਵਾਂ ਦੇਸ਼ਾਂ ਵਿਚ ਮਾਹੌਲ ਤਣਾਅਪੂਰਨ ਬਣਨ ਦੇ ਬਾਵਜੂਦ ਪਾਕਿਸਤਾਨ ਸਰਕਾਰ ਵੱਲੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਨਿਰਮਾਣ ਕਾਰਜ ਚਾਲੂ ਰੱਖਣਾ, ਦੇਸ਼ ਵਿਦੇਸ਼ ਵਿਚ ਵਸਦੀਆਂ ਸੰਗਤਾਂ ਨੂੰ ਸੁਖਦ ਸੁਨੇਹਾ ਦੇਣ ਵਾਲੀ ਗੱਲ ਹੈ। ਡੇਰਾ ਬਾਬਾ ਨਾਨਕ ਤੋਂ ਗੁਰੂ ਨਾਨਕ ਦੇਵ ਦੇ 17ਵੇਂ ਵੰਸ਼ ਬਾਬਾ ਸੁਖਦੀਪ ਸਿੰਘ ਬੇਦੀ ਨੇ ਕਿਹਾ ਕਿ ਦੋਵਾਂ ਦੇਸ਼ਾਂ ਦਰਮਿਆਨ ਤਣਾਅਪੂਰਨ ਮਾਹੌਲ ਵਿਚ ਲਾਂਘੇ ਦੇ ਕਾਰਜ ਨਿਰਵਿਘਨ ਨੇਪਰੇ ਚਾੜ੍ਹਨ ਨਾਲ ਕਰੋੜਾਂ ਸੰਗਤਾਂ ਦੀਆਂ ਲੰਘੇ 72 ਸਾਲਾਂ ਤੋਂ ਕੀਤੀਆਂ ਜਾ ਰਹੀਆਂ ਅਰਦਾਸਾਂ ਪੂਰੀਆਂ ਹੋਣ ਜਾ ਰਹੀਆਂ ਹਨ। ਸੰਗਤ ਨੂੰ ਲੰਗਰ, ਰਿਹਾਇਸ਼ ਅਤੇ ਸਿਹਤ ਸਹੂਲਤਾਂ ਦੇਣ ਲਈ ਭਾਈ ਬਲਦੇਵ ਸਿੰਘ ਵਡਾਲਾ ਵੱਲੋਂ ਹੁਣ ਤੋਂ ਹੀ ਡੇਢ ਏਕੜ ਜ਼ਮੀਨ ਠੇਕੇ ‘ਤੇ ਲੈ ਲਈ ਗਈ ਹੈ।
ਇਥੋਂ ਦੇ ਐਸ਼ਜੀ.ਪੀ.ਸੀ. ਮੈਂਬਰ ਜਥੇਦਾਰ ਅਮਰੀਕ ਸਿੰਘ ਸ਼ਾਹਪੁਰ ਨੇ ਭਾਰਤ ਦੀ ਕੇਂਦਰ ਸਰਕਾਰ ਦੀ ਨੀਅਤ ‘ਤੇ ਸ਼ੱਕ ਕਰਦਿਆਂ ਕਿਹਾ ਕਿ ਦੋਵਾਂ ਦੇਸ਼ਾਂ ਦੀਆਂ ਨਿਰਮਾਣ ਕੰਪਨੀਆਂ ਵੱਲੋਂ ਲਾਂਘੇ ਦੇ ਕੰਮ ਨੂੰ ਜੰਗੀ ਪੱਧਰ ‘ਤੇ ਕੀਤਾ ਜਾ ਰਿਹਾ ਹੈ ਪਰ ਕੇਂਦਰ ਸਰਕਾਰ ਵੱਲੋਂ ਜੰਮੂ ਕਸ਼ਮੀਰ ਦਾ ਮਸਲਾ ਖੜ੍ਹਾ ਕਰ ਕੇ ਲਾਂਘੇ ਦੇ ਕੰਮ ਨੂੰ ਤਾਰਪੀਡੋ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ‘ਚ ਵਧਦੀ ਕੁੜੱਤਣ ਕਾਰਨ ਜੇ ਲਾਂਘੇ ਦੇ ਕੰਮ ‘ਤੇ ਅਸਰ ਪੈਂਦਾ ਹੈ ਤਾਂ ਇਸ ਲਈ ਕੇਂਦਰ ਸਰਕਾਰ ਹੀ ਜ਼ਿੰਮੇਵਾਰ ਹੋਵੇਗੀ। ਲੰਘੇ 19 ਸਾਲਾਂ ਤੋਂ ਕਰਤਾਰਪੁਰ ਦਰਸ਼ਨ ਅਭਿਲਾਸ਼ੀ ਸੰਸਥਾ ਵੱਲੋਂ ਹਰ ਮੱਸਿਆ ‘ਤੇ ਖੁੱਲ੍ਹੇ ਲਾਂਘੇ ਲਈ ਅਰਦਾਸ ਕਰਨ ਵਾਲੇ ਸੰਸਥਾ ਦੇ ਆਗੂ ਤੇ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਤੇ ਗੁਰਿੰਦਰ ਸਿੰਘ ਬਾਜਵਾ ਨੇ ਆਸ ਜਤਾਈ ਕਿ ਕਰਤਾਰਪੁਰ ਲਾਂਘਾ ਸ਼ੁਰੂ ਹੋਣ ਨਾਲ ਦੋਵਾਂ ਦੇਸ਼ਾਂ ਵਿਚ ਆਪਸੀ ਸਬੰਧ ਮਜ਼ਬੂਤ ਹੋਣਗੇ। ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਅਤੇ ਲੈਂਡ ਪੋਰਟ ਅਥਾਰਟੀ ਆਫ ਇੰਡੀਆ ਦੇ ਉੱਚ ਅਧਿਕਾਰੀਆਂ ਨੇ ਦੱਸਿਆ ਕਿ ਸੀਮਾ ਨੇੜੇ ਯਾਤਰੂ ਕੰਪਲੈਕਸ ਤੋਂ ਇਲਾਵਾ ਇਮੀਗ੍ਰੇਸ਼ਨ ਦਫਤਰ, ਇੰਟੀਗ੍ਰੇਟਿਡ ਚੈੱਕ ਪੋਸਟ (ਆਈ.ਸੀ.ਪੀ.) ਦੀ ਬਿਲਡਿੰਗ ਤਿਆਰ ਹੋਵੇਗੀ।
ਦੱਸਣਯੋਗ ਹੈ ਕਿ ‘ਡੇਰਾ ਬਾਬਾ ਨਾਨਕ ਉਤਸਵ’ 5 ਤੋਂ 20 ਨਵੰਬਰ ਦੌਰਾਨ ਹੋ ਰਿਹਾ ਹੈ, ਜਿਸ ਵਿਚ ਸ਼ਬਦ, ਸੰਗੀਤ, ਕਵੀ ਦਰਬਾਰ ਹੋਵੇਗਾ ਤੇ ਭਾਰਤ ਦੇ ਦੂਸਰੇ ਰਾਜਾਂ ਵਿਚੋਂ ਧਾਰਮਿਕ ਸ਼ਖਸੀਅਤਾਂ ਆਉਣਗੀਆਂ ਅਤੇ 15 ਰਾਗਾਂ ਵਿਚ ਕੀਰਤਨ ਦਰਬਾਰ ਕਰਵਾਇਆ ਜਾਵੇਗਾ। ਹੱਥ ਲਿਖਤ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਅਤੇ ਸਾਖੀਆਂ ਸੰਗਤਾਂ ਦੇ ਦਰਸ਼ਨਾਂ ਨੂੰ ਲਿਆਂਦੀਆਂ ਜਾਣਗੀਆਂ। ਇਸ ਮੌਕੇ ਡੇਰਾ ਬਾਬਾ ਨਾਨਕ ਵਿਚ ‘ਨਾਨਕ ਬਗੀਚੀ’ ਸਥਾਪਤ ਕੀਤੀ ਜਾਵੇਗੀ।