ਸ਼੍ਰੋਮਣੀ ਅਕਾਲੀ ਦਲ ਦੇ ਖਜਾਨੇ ਨੂੰ ਫੰਡਾਂ ਦਾ ਸੋਕਾ

ਬਾਹਰੋਂ ਮਿਲਣ ਵਾਲਾ ਚੰਦਾ ਘਟਿਆ
ਬਠਿੰਡਾ: ਸ਼੍ਰੋਮਣੀ ਅਕਾਲੀ ਦਲ ਦਾ ਖਜ਼ਾਨਾ ਖਾਲੀ ਹੋਣ ਕੰਢੇ ਹੈ। ਹੁਣ ਅਕਾਲੀ ਦਲ ਨੂੰ ਬਾਹਰੋਂ ਮਿਲਣ ਵਾਲਾ ਚੰਦਾ ਘਟ ਗਿਆ ਹੈ ਅਤੇ ਬਾਦਲ ਪਰਿਵਾਰ ਦੀਆਂ ਕੰਪਨੀਆਂ ਹੀ ਚੰਦਾ ਦੇਣ ਲਈ ਮੋਹਰੀ ਬਣੀਆਂ ਹਨ। ਬਾਦਲ ਪਰਿਵਾਰ ਖੁਦ ਹੀ ਅਕਾਲੀ ਦਲ ਨੂੰ ਦਾਨ ਦੇ ਖੁੱਲ੍ਹੇ ਗੱਫੇ ਵਰਤਾ ਰਿਹਾ ਹੈ। ਰੌਚਕ ਗੱਲ ਇਹ ਹੈ ਕਿ ਬਾਦਲ ਪਰਿਵਾਰ ਦੀ ਡੱਬਵਾਲੀ ਟਰਾਂਸਪੋਰਟ ਅਤੇ ਔਰਬਿਟ ਰਿਜ਼ੌਰਟ ਕੰਪਨੀ ਵੱਲੋਂ ਅਕਾਲੀ ਦਲ ਨੂੰ ਇਕ ਹੱਥ ਚੰਦਾ ਦਿੱਤਾ ਜਾ ਰਿਹਾ ਹੈ ਤੇ ਦੂਜੇ ਬੰਨੇ ਔਰਬਿਟ ਏਵੀਏਸ਼ਨ ਨੂੰ ਅਕਾਲੀ ਦਲ ਕਰੋੜਾਂ ਦਾ ਕਿਰਾਇਆ ਤਾਰ ਰਿਹਾ ਹੈ। ਦੱਸਣਯੋਗ ਹੈ ਕਿ ਕੰਪਨੀਜ਼ ਐਕਟ 2013 ਤਹਿਤ ਜੋ ਕੰਪਨੀ ਸਿਆਸੀ ਧਿਰਾਂ ਨੂੰ ਚੰਦਾ ਦਿੰਦੀ ਹੈ, ਉਸ ਨੂੰ ਆਮਦਨ ਕਰ ਤੋਂ ਛੋਟ ਮਿਲ ਜਾਂਦੀ ਹੈ।

ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਕਮਿਸ਼ਨ ਨੂੰ ਜੋ ਹੁਣ ਤਾਜ਼ਾ ਸੂਚਨਾ ਭੇਜੀ ਹੈ, ਉਸ ਅਨੁਸਾਰ ਸਾਲ 2018-19 ਵਿਚ ਅਕਾਲੀ ਦਲ ਨੂੰ 1.75 ਕਰੋੜ ਚੰਦੇ ਵਜੋਂ ਪ੍ਰਾਪਤ ਹੋਏ ਹਨ, ਜਿਸ ‘ਚੋਂ ਪੰਜਾਹ ਫੀਸਦੀ ਤੋਂ ਵੱਧ ਦਾਨ ਬਾਦਲ ਪਰਿਵਾਰ ਵੱਲੋਂ ਦਿੱਤਾ ਗਿਆ ਹੈ। ਮੈਸਰਜ਼ ਡੱਬਵਾਲੀ ਟਰਾਂਸਪੋਰਟ ਦੇ ਡਾਇਰੈਕਟਰ ਲਖਵੀਰ ਸਿੰਘ ਨੇ ਅਕਾਲੀ ਦਲ ਨੂੰ 45 ਲੱਖ ਰੁਪਏ ਅਤੇ ਔਰਬਿਟ ਰਿਜ਼ੌਰਟ ਪ੍ਰਾਈਵੇਟ ਲਿਮਟਿਡ ਗੁੜਗਾਓਂ ਦੇ ਐੱਮ.ਡੀ ਲਖਵੀਰ ਸਿੰਘ ਨੇ 59 ਲੱਖ ਰੁਪਏ ਚੰਦੇ ਵਜੋਂ ਦਿੱਤੇ ਹਨ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪਾਰਟੀ ਨੂੰ 5.60 ਲੱਖ ਰੁਪਏ ਦਿੱਤੇ ਹਨ ਜਦੋਂ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ 60 ਹਜ਼ਾਰ ਦਾ ਪਾਰਟੀ ਨੂੰ ਦਾਨ ਦਿੱਤਾ ਹੈ।
ਵੇਰਵਿਆਂ ਅਨੁਸਾਰ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ 60 ਹਜ਼ਾਰ ਅਤੇ ਬਿਕਰਮ ਸਿੰਘ ਮਜੀਠੀਆ ਨੇ ਵੀ 60 ਹਜ਼ਾਰ ਚੰਦੇ ਵਜੋਂ ਪਾਰਟੀ ਨੂੰ ਦਿੱਤੇ ਹਨ। ਬਰਨਾਲਾ ਦੇ ਰੁਪਿੰਦਰ ਗੁਪਤਾ ਨੇ 6 ਲੱਖ ਦਿੱਤੇ ਹਨ ਜਦੋਂ ਕਿ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ ਨੇ ਇਕ ਲੱਖ ਰੁਪਏ ਦਾ ਚੰਦਾ ਦਿੱਤਾ ਹੈ। ਚੰਦਾ ਦੇਣ ਵਾਲੇ ਜ਼ਿਆਦਾ ਪਾਰਟੀ ਆਗੂ ਹੀ ਹਨ। ਬਾਹਰੋਂ ਮਿਲਣ ਵਾਲੇ ਚੰਦੇ ਨੂੰ ਫਿਲਹਾਲ ਬਰੇਕ ਲੱਗੀ ਹੋਈ ਹੈ। ਅਕਾਲੀ ਦਲ ਨੂੰ ਹਕੂਮਤ ਦੇ ਆਖਰੀ ਵਰ੍ਹੇ ਸਾਲ 2016-17 ਵਿਚ 115 ਲੋਕਾਂ ਤੇ ਕੰਪਨੀਆਂ ਤੋਂ 15.45 ਕਰੋੜ ਦਾ ਚੰਦਾ ਪ੍ਰਾਪਤ ਹੋਇਆ ਸੀ ਅਤੇ ਸਾਲ 2009-10 ਵਿਚ ਪਾਰਟੀ ਨੂੰ 7.14 ਕਰੋੜ ਦਾ ਚੰਦਾ ਮਿਲਿਆ ਸੀ। ਹਕੂਮਤ ਸਮੇਂ ਤਾਂ ਅਕਾਲੀ ਦਲ ਨੂੰ ਸ਼ਰਾਬ ਕੰਪਨੀਆਂ ਅਤੇ ਰੀਅਲ ਅਸਟੇਟ ਕੰਪਨੀਆਂ ਤੋਂ ਮੋਟਾ ਗੱਫਾ ਮਿਲ ਜਾਂਦਾ ਸੀ। ਲੰਘੇ ਮਾਲੀ ਵਰ੍ਹੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੂੰ ਜੀ-ਨੈਕਸਟ ਮੀਡੀਆ ਪ੍ਰਾਈਵੇਟ ਲਿਮਟਿਡ (ਪੀ.ਟੀ.ਸੀ) ਤੋਂ 25 ਲੱਖ ਰੁਪਏ ਦਾ ਚੰਦਾ ਮਿਲਿਆ ਹੈ।
ਸ਼੍ਰੋਮਣੀ ਅਕਾਲੀ ਦਲ ਨੂੰ ਸਾਲ 2017-18 ਵਿਚ 3.91 ਕਰੋੜ ਦੀ ਆਮਦਨ ਹੋਈ ਸੀ ਅਤੇ ਇਕੱਲੀ ਭਰਤੀ ਮੁਹਿੰਮ ਤੋਂ 1.06 ਕਰੋੜ ਰੁਪਏ ਕਮਾ ਲਏ ਸਨ। ਹੁਣ ਅਕਾਲੀ ਦਲ ਨੂੰ ਬਾਹਰੋ ਮਿਲਣ ਵਾਲਾ ਚੰਦਾ ਘੱਟ ਗਿਆ ਹੈ ਅਤੇ ਬਾਦਲ ਪਰਿਵਾਰ ਦੀਆਂ ਕੰਪਨੀਆਂ ਹੀ ਚੰਦਾ ਦੇਣ ਲਈ ਮੋਹਰੀ ਬਣੀਆਂ ਹਨ। ਨਜ਼ਰ ਮਾਰੀਏ ਤਾਂ ਸਾਲ ਪੰਜਾਬ ਚੋਣਾਂ 2017 ਵਿਚ ਸ਼੍ਰੋਮਣੀ ਅਕਾਲੀ ਦਲ ਨੇ ਔਰਬਿਟ ਏਵੀਏਸ਼ਨ ਦਾ ਹੈਲੀਕਾਪਟਰ ਵਰਤਿਆ ਸੀ ਜਿਸ ਦੇ 1.37 ਕਰੋੜ ਦਲ ਨੇ ਤਾਰੇ ਸਨ। ਸਾਲ 2017-18 ਦੀ ਆਡਿਟ ਰਿਪੋਰਟ ਅਨੁਸਾਰ ਸ਼੍ਰੋਮਣੀ ਅਕਾਲੀ ਦਲ 1.87 ਕਰੋੜ ਦਾ ਕਰਜ਼ਦਾਰ ਇਕੱਲੀ ਔਰਬਿਟ ਏਵੀਏਸ਼ਨ ਦਾ ਸੀ ਅਤੇ ਪੀ.ਟੀ.ਸੀ ਦੇ ਵੀ ਦਲ ਵੱਲ 57.50 ਲੱਖ ਖੜ੍ਹੇ ਸਨ।
ਸ਼੍ਰੋਮਣੀ ਅਕਾਲੀ ਦਲ ਦੇ ਖਜ਼ਾਨਚੀ ਅਤੇ ਵਿਧਾਇਕ ਐਨ.ਕੇ.ਸ਼ਰਮਾ ਦਾ ਕਹਿਣਾ ਸੀ ਕਿ ਪਾਰਟੀ ਤਰਫੋਂ ਹੁਣ ਮੈਂਬਰਸ਼ਿਪ ਮੁਹਿੰਮ ਸ਼ੁਰੂ ਕੀਤੀ ਹੈ ਅਤੇ ਮੈਂਬਰਸ਼ਿਪ ਫੀਸ 5 ਰੁਪਏ ਤੋਂ ਵਧਾ ਕੇ ਐਤਕੀਂ 10 ਰੁਪਏ ਕਰ ਦਿੱਤੀ ਹੈ ਜਿਸ ਨਾਲ ਦਲ ਕੋਲ ਕਾਫੀ ਪੈਸਾ ਆ ਜਾਵੇਗਾ। ਉਨ੍ਹਾਂ ਦੱਸਿਆ ਕਿ ਦਲ ਨੂੰ ਕੋਈ ਮਾਲੀ ਸਮੱਸਿਆ ਨਹੀਂ ਹੈ। ਜਦੋਂ ਪਾਰਟੀ ਨੂੰ ਜ਼ਰੂਰਤ ਪੈਂਦੀ ਹੈ ਤਾਂ ਉਦੋਂ ਫੰਡ ਇਕੱਠਾ ਕਰ ਲਿਆ ਜਾਂਦਾ ਹੈ। ਐਤਕੀਂ ਪਾਰਟੀ ਦਾ 50 ਲੱਖ ਮੈਂਬਰਸ਼ਿਪ ਦਾ ਟੀਚਾ ਰੱਖਿਆ ਗਿਆ ਹੈ।