ਰੱਖੜ ਪੁੰਨਿਆ ਜੋੜ ਮੇਲੇ ‘ਤੇ ਸਿਆਸੀ ਧਿਰਾਂ ਨੇ ਅਕਾਲ ਤਖਤ ਦੇ ਹੁਕਮਾਂ ਨੂੰ ਵਿਸਾਰਿਆ

ਰਈਆ: ਰੱਖੜ ਪੁੰਨਿਆ ਦੇ ਜੋੜ ਮੇਲੇ ‘ਤੇ ਬਾਬਾ ਬਕਾਲਾ ਵਿਚ ਹੋਈ ਸਿਆਸੀ ਕਾਨਫਰੰਸ ਵਿਚ ਪੰਜਾਬ ਦੀਆਂ ਸਿਆਸੀ ਧਿਰਾਂ ਨੇ ਅਕਾਲ ਤਖਤ ਵੱਲੋਂ ਜਾਰੀ ਹੁਕਮਾਂ ਦੀ ਭੋਰਾ ਪਰਵਾਹ ਨਹੀਂ ਕੀਤੀ ਤੇ ਆਪਣੇ ਸਿਆਸੀ ਵਿਰੋਧੀਆਂ ਨੂੰ ਖੁੱਲ੍ਹ ਕੇ ਰਗੜੇ ਲਾਉਣ ਉਤੇ ਸਾਰਾ ਜ਼ੋਰ ਲਾਇਆ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਚੰਡੀਗੜ੍ਹ ਪੰਜਾਬ ਨੂੰ ਦੇਣ ਅਤੇ ਪੰਜਾਬ ਨੂੰ ਆਪਣਾ ਵੱਖਰਾ ਹਾਈ ਕੋਰਟ ਬਣਾਉਣ ਦੀ ਕੇਂਦਰ ਸਰਕਾਰ ਪਾਸੋਂ ਮੰਗ ਦਾ ਮੁੱਦਾ ਤਾਂ ਚੁੱਕਿਆ ਪਰ ਇਸ ਲਈ ਢਿੱਲ ਦਾ ਦੋਸ਼ ਕਾਂਗਰਸ ਸਰਕਾਰ ਸਿਰ ਹੀ ਮੜ੍ਹਿਆ।

ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਸਿੱਖਾਂ ਨੇ ਕੀਤੀਆਂ ਪਰ ਗਾਂਧੀ ਪਰਿਵਾਰ ਨੇ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕਰਾਇਆ, ਦੋਸ਼ੀਆਂ ਨੂੰ ਸਜ਼ਾਵਾਂ ਤੋਂ ਬਚਾਉਣ ਲਈ ਹਰ ਹੀਲਾ ਵਰਤਿਆ ਤੇ ਪੁਸ਼ਤਪਨਾਹੀ ਕੀਤੀ। ਇਸ ਖਿਲਾਫ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਨਸਾਫ ਅਤੇ ਜਾਂਚ ਲਈ ਐਸ਼ਆਈ.ਟੀ. ਬਣਾਈ, ਨਤੀਜਾ ਇਹ ਕਿ ਅੱਜ ਸੱਜਣ ਕੁਮਾਰ ਵਰਗੇ ਜੇਲ੍ਹਾਂ ਵਿਚ ਬੰਦ ਹੋ ਕੇ ਸਜ਼ਾਵਾਂ ਭੁਗਤ ਰਹੇ ਹਨ। ਉਨ੍ਹਾਂ ਕਾਂਗਰਸ ਸਰਕਾਰ ਤੋਂ ਕੋਈ ਉਮੀਦ ਨਾ ਰੱਖਣ ਦੀ ਗਲ ਕਹੀ ਅਤੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਮੁੜ ਆਵੇਗੀ ਅਤੇ ਅਜਿਹੇ ਕਾਰਜ ਕੀਤੇ ਜਾਣਗੇ ਜਿਸ ਨਾਲ ਪੰਜਾਬ ਮੁੜ ਨੰਬਰ ਇਕ ‘ਤੇ ਆਵੇਗਾ। ਸ੍ਰੀ ਬਾਦਲ ਨੇ ਪੰਜਾਬ ਦੇ ਦਰਿਆਈ ਪਾਣੀਆਂ ਦਾ ਹੱਕ ਖੋਹਣ ਲਈ ਕਾਂਗਰਸ ਨੂੰ ਦੋਸ਼ੀ ਠਹਿਰਾਇਆ।
ਉਧਰ, ਕਾਂਗਰਸ ਵੱਲੋਂ ਕਰਵਾਈ ਗਈ ਸਿਆਸੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਹਿਕਾਰਤਾ ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਮੋਦੀ ਸਰਕਾਰ ਦੇਸ਼ ‘ਚ ਘੱਟ ਗਿਣਤੀਆਂ ਨੂੰ ਜਿਸ ਤਰ੍ਹਾਂ ਨੁਕਸਾਨ ਪਹੁੰਚਾ ਰਹੀ ਹੈ। ਇਸ ਤਰ੍ਹਾਂ ਇਕ ਦਿਨ ਦੇਸ਼ ਖਤਮ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਰਾਜਾਂ ਨੂੰ ਖੁਦਮੁਖਤਿਆਰੀ ਦੀ ਮੰਗ ਕਰਨ ਵਾਲੇ ਪ੍ਰਕਾਸ਼ ਸਿੰਘ ਬਾਦਲ ਦੇ ਫਰਜ਼ੰਦ ਸੁਖਬੀਰ ਸਿੰਘ ਬਾਦਲ ਵੱਲੋਂ ਜੰਮੂ-ਕਸ਼ਮੀਰ ‘ਚ ਧਾਰਾ 370 ਨੂੰ ਖਤਮ ਕਰਨ ਦੀ ਜੋ ਹਮਾਇਤ ਕੀਤੀ ਗਈ ਹੈ, ਇਨ੍ਹਾਂ ਨੂੰ ਇਹ ਨਹੀਂ ਪਤਾ ਕਿ ਮੋਦੀ ਦੀ ਤੋਪ ਦਾ ਮੂੰਹ ਪੰਜਾਬ ਵੱਲ ਵੀ ਹੋ ਸਕਦਾ ਹੈ।
ਬਾਦਲ ਪਰਿਵਾਰ ‘ਤੇ ਵਰ੍ਹਦਿਆਂ ਰੰਧਾਵਾ ਨੇ ਕਿਹਾ ਕਿ ਪੰਜਾਬ ਦੇ ਲੋਕ ਸਾਡੇ ਤੋਂ ਬਰਗਾੜੀ ਬੇਅਦਬੀ ਕੇਸ ਬਾਰੇ ਸੁਆਲ ਪੁੱਛਦੇ ਹਨ ਪਰ ਪੰਜਾਬ ਸਰਕਾਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਭੱਜਣ ਨਹੀਂ ਦੇਵੇਗੀ। ਉਨ੍ਹਾਂ ਕਿਹਾ ਕਿ ਸੀ.ਬੀ.ਆਈ. ਨੇ ਇਸ ਕੇਸ ਦੀ ਜਾਂਚ ਬੰਦ ਕਰਕੇ ਜੋ ਕਲੋਜ਼ਰ ਰਿਪੋਰਟ ਦਿੱਤੀ ਸੀ, ਉਸ ਵਿਰੁੱਧ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਡਵੋਕੇਟ ਜਨਰਲ ਨੂੰ ਕਾਨੂੰਨੀ ਪੈਰਵਾਈ ਕਰਨ ਦੇ ਨਿਰਦੇਸ਼ ਦੇ ਦਿੱਤੇ ਹਨ। ਉਨ੍ਹਾਂ ਕਿਹਾ ਕਿ ਜਿੰਨਾ ਲੋਕਾਂ ਨੇ ਬੇਅਦਬੀ ਕੀਤੀ ਤੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਵਿਚ ਪਾਇਆ ਹੈ, ਸਾਡੀ ਸਰਕਾਰ ਉਨ੍ਹਾਂ ਨੂੰ ਸਜ਼ਾ ਦਿਵਾ ਕੇ ਰਹੇਗੀ। ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਨੇ ਕੇਂਦਰ ਦੀ ਭਾਜਪਾ ਸਰਕਾਰ ਦੀ ਅਲੋਚਨਾ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਦੇਸ਼ ਦੀਆਂ ਕਈ ਸੰਵਿਧਾਨਿਕ ਸੰਸਥਾਵਾਂ ਨੂੰ ਹੌਲੀ-ਹੌਲੀ ਖਤਮ ਕਰ ਰਹੀ ਹੈ ਪਰ ਬਾਦਲ ਪਰਿਵਾਰ ਨੇ ਮੋਦੀ ਅੱਗੇ ਗੋਡੇ ਟੇਕੇ ਹੋਏ ਹਨ। ਬਾਦਲ ਪਰਿਵਾਰ ਨੂੰ ਨਸ਼ਿਆਂ ਲਈ ਜ਼ਿੰਮੇਵਾਰ ਠਹਿਰਾਉਂਦਿਆਂ ਉਨ੍ਹਾਂ ਕਿਹਾ ਕਿ ਬਾਦਲ ਤੇ ਮਜੀਠੀਆ ਪਰਿਵਾਰਾਂ ਨੇ ਜਿੰਨਾ ਨੁਕਸਾਨ ਪੰਜਾਬ ਦਾ ਕੀਤਾ ਹੈ, ਸਾਡੀ ਸਰਕਾਰ ਉਸ ਦੀ ਭਰਪਾਈ ਲਈ ਯਤਨ ਕਰ ਰਹੀ ਹੈ।
ਰੱਖੜ ਪੁੰਨਿਆ ਮੇਲੇ ਮੌਕੇ ਬਾਬਾ ਬਕਾਲਾ ਵਿਚ ਜਿਥੇ ਰਵਾਇਤੀ ਅਕਾਲੀ, ਕਾਂਗਰਸੀ ਅਤੇ ਆਮ ਆਦਮੀ ਪਾਰਟੀਆਂ ਨੇ ਸਿਆਸੀ ਕਾਨਫਰੰਸਾਂ ਕਰਕੇ ਇਕ ਦੂਜੇ ‘ਤੇ ਦੂਸ਼ਣਬਾਜ਼ੀ ਕੀਤੀ ਉਥੇ ਲੋਕ ਇਨਸਾਫ ਪਾਰਟੀ ਨੇ ਪੰਜਾਬ ਦੇ ਪਾਣੀਆਂ ਲਈ ਸੰਜੀਦਾ ਹੋ ਕੇ ਰਾਜਸਥਾਨ ਨੂੰ ਜਾਂਦੇ ਪਾਣੀ ਦੀ 16 ਲੱਖ ਕਰੋੜ ਰੁਪਏ ਕੀਮਤ ਵਸੂਲਣ ਲਈ ਤਿਆਰ ਕੀਤੀ ਜਾ ਰਹੀ ਪਟੀਸ਼ਨ ਲਈ 6 ਕੈਂਪ ਲਗਾ ਕੇ ਜੋੜ ਮੇਲੇ ਵਿਚ ਪਹੁੰਚੀਆਂ ਸੰਗਤਾਂ ਤੋਂ ਦਸਤਖਤ ਕਰਵਾਏ। ਇਸ ਮੌਕੇ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਸੰਗਤਾਂ ਨੂੰ ਪਾਣੀ ਦੇ ਜਨ ਅੰਦੋਲਨ ਸਬੰਧੀ ਪੋਸਟਰ ਵੰਡ ਕੇ ਜਾਗਰੂਕ ਕੀਤਾ। ਕੈਂਪਾਂ ਦੀ ਸਮਾਪਤੀ ਤੋਂ ਬਾਅਦ ਪਾਰਟੀ ਪ੍ਰਧਾਨ ਸ੍ਰੀ ਬੈਂਸ ਦੀ ਹਾਜ਼ਰੀ ਵਿਚ ਚਰਨਦੀਪ ਸਿੰਘ ਭਿੰਡਰ ਨੇ ਦੱਸਿਆ ਕਿ 20 ਹਜ਼ਾਰ ਤੋਂ ਵੱਧ ਸੰਗਤ ਨੇ ਦਸਤਖਤ ਕਰਕੇ ਪਾਣੀਆਂ ਦੇ ਸੰਘਰਸ਼ ਵਿਚ ਯੋਗਦਾਨ ਪਾਇਆ।
______________________________
‘ਆਪ’ ਵੱਲੋਂ ਪੰਜਾਬੀਆਂ ਲਈ ਵਾਅਦਿਆਂ ਦੀ ਝੜੀ
ਰਈਆ: ਇਤਿਹਾਸਕ ਨਗਰ ਬਾਬਾ ਬਕਾਲਾ ਵਿਚ ਮੇਲਾ ਰੱਖੜ ਪੁੰਨਿਆ ‘ਤੇ ਆਮ ਆਦਮੀ ਪਾਰਟੀ ਵੱਲੋਂ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਨੇ ਕਿਹਾ ਕੇ ਪੰਜਾਬ ਦੇ ਲੋਕ ਜੇ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਦੇਣ ਤਾਂ ਦਿੱਲੀ ਦੀ ਤਰ੍ਹਾਂ ਪੰਜਾਬ ਵਿਚ ਸਿਹਤ ਸੇਵਾਵਾਂ ਅਤੇ ਸਿੱਖਿਆ ਬਿਲਕੁਲ ਮੁਫਤ ਕਰਕੇ ਲੋਕਾਂ ਦੀ ਹਾਲਤ ਸੁਧਾਰੀ ਜਾਵੇਗੀ। ਚੰਗੀ ਸਿੱਖਿਆ ਦੇ ਕੇ ਬੇਰੁਜ਼ਗਾਰੀ ਖਤਮ ਕੀਤੀ ਜਾ ਸਕਦੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਵਿਚ ਬਿਜਲੀ ਪੈਦਾ ਹੋਣ ‘ਤੇ ਪ੍ਰਤੀ ਯੂਨਿਟ 10 ਰੁਪਏ ਤੋਂ ਵੱਧ ਲਿਆ ਜਾ ਰਿਹਾ ਹੈ, ਜਦਕਿ ਦਿੱਲੀ ਵਿਚ ਕੇਜਰੀਵਾਲ ਸਰਕਾਰ ਬਾਹਰੋਂ ਬਿਜਲੀ ਖਰੀਦ ਕੇ ਵੀ ਇਕ ਰੁਪਏ ਯੂਨਿਟ ਲੋਕਾਂ ਨੂੰ ਬਿਜਲੀ ਦੇ ਰਹੀ ਹੈ ਅਤੇ ਨਾਲ ਹੀ 200 ਯੂਨਿਟ ਮੁਆਫ ਵੀ ਕੀਤੇ ਗਏ ਹਨ। ਸ੍ਰੀ ਮਾਨ ਨੇ ਕਿਹਾ ਕਿ ਇਹ ਜਿਹੜੀ ਆਜ਼ਾਦੀ ਅਸੀਂ ਅੱਜ ਮਨਾ ਰਹੇ ਹਾਂ ਇਹ ਤਾਂ ਵੱਡੇ ਲੋਕਾਂ ਤੱਕ ਹੀ ਰਹਿ ਗਈ ਹੈ। ਆਮ ਆਦਮੀ ਤੱਕ ਤਾਂ ਆਜ਼ਾਦੀ ਪਹੁੰਚੀ ਹੀ ਨਹੀਂ ਹੈ। ਇਸ ਮੌਕੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਲੀਡਰ ਹਰਪਾਲ ਚੀਮਾ ਨੇ ਕਿਹਾ ਕਿ ਪੰਜਾਬ ਵਿੱਚ ਦੋਵੇਂ ਪਾਰਟੀਆਂ ਮਿਲ ਕੇ ਰਾਜ ਕਰ ਰਹੀਆਂ ਹਨ। ਜਿਵੇਂ ਅਕਾਲੀ ਭਾਜਪਾ ਸਰਕਾਰ ਨੇ ਦਸ ਸਾਲ ਲੋਕਾਂ ਨੂੰ ਲੁੱਟ ਕੇ ਖਾਧਾ ਹੈ ਉਸੇ ਤਰ੍ਹਾਂ ਹੁਣ ਕਾਂਗਰਸ ਦੀ ਸਰਕਾਰ ਉਸੇ ਰਸਤੇ ‘ਤੇ ਚੱਲ ਰਹੀ ਹੈ।