ਭਾਰਤ-ਪਾਕਿਸਤਾਨ ਤਣਾਅ ਨੇ ਲੀਹੋਂ ਲਾਹਿਆ ਦੁਵੱਲਾ ਵਪਾਰ

ਅੰਮ੍ਰਿਤਸਰ: ਭਾਰਤ ਅਤੇ ਪਾਕਿਸਤਾਨ ਵਿਚਾਲੇ ਅਟਾਰੀ-ਵਾਹਗਾ ਸਰਹੱਦ ਰਸਤੇ ਹੁੰਦਾ ਦੁਵੱਲਾ ਵਪਾਰ ਹਮੇਸ਼ਾ ਹੀ ਦੋਵਾਂ ਮੁਲਕਾਂ ਦੇ ਵਿਗੜਦੇ-ਸੁਧਰਦੇ ਆਪਸੀ ਰਿਸ਼ਤਿਆਂ ‘ਤੇ ਨਿਰਭਰ ਰਿਹਾ ਹੈ, ਜਿਸ ਕਾਰਨ ਇਹ ਆਪਸੀ ਵਪਾਰ ਕਈ ਵਾਰ ਪ੍ਰਭਾਵਿਤ ਹੋਇਆ ਹੈ। ਇਸ ਵਾਰ ਫਰਵਰੀ ਵਿਚ ਹੋਏ ਪੁਲਵਾਮਾ ਹਮਲੇ ਮਗਰੋਂ ਭਾਰਤ ਵੱਲੋਂ ਦਰਾਮਦ ਉੱਤੇ ਟੈਕਸ 200 ਫੀਸਦ ਵਧਾ ਦਿੱਤੇ ਜਾਣ ਤੋਂ ਬਾਅਦ ਇਹ ਦੁਵੱਲਾ ਵਪਾਰ ਉਸ ਵੇਲੇ ਤੋਂ ਹੀ ਲਗਭਗ ਬੰਦ ਪਿਆ ਹੈ

ਅਤੇ ਹੁਣ ਜੰਮੂ ਕਸ਼ਮੀਰ ਵਿਚ ਧਾਰਾ 370 ਖਤਮ ਕੀਤੇ ਜਾਣ ਮਗਰੋਂ ਪਾਕਿਸਤਾਨ ਨੇ ਵੀ ਸਰਹੱਦ ਰਸਤੇ ਹੁੰਦਾ ਇਹ ਦੁਵੱਲਾ ਵਪਾਰ ਬੰਦ ਕਰ ਦਿੱਤਾ ਹੈ।
ਭਾਰਤ ਵੱਲੋਂ ਪਾਕਿਸਤਾਨ ਨੂੰ 1996 ਵਿਚ ਤਰਜੀਹੀ ਮੁਲਕ ਐਮ.ਐਫ਼ਐਨ. ਦਾ ਦਰਜਾ ਦਿੱਤਾ ਗਿਆ ਸੀ ਤਾਂ ਜੋ ਦੋਵਾਂ ਦੇਸ਼ਾਂ ਵਿਚਾਲੇ ਖੁੱਲ੍ਹਾ ਵਪਾਰ ਹੋ ਸਕੇ ਪਰ ਉਸ ਵੇਲੇ ਵੀ ਪਾਕਿਸਤਾਨ ਨੇ ਭਾਰਤ ਨੂੰ ਇਹ ਦਰਜਾ ਨਹੀਂ ਦਿੱਤਾ ਸੀ ਅਤੇ ਸਿਰਫ 138 ਵਸਤਾਂ ਦੇ ਵਪਾਰ ਦੀ ਪ੍ਰਵਾਨਗੀ ਦਿੱਤੀ ਸੀ। ਭਾਰਤ ਵੱਲੋਂ ਦੁਵੱਲੇ ਵਪਾਰ ਅਤੇ ਆਵਾਜਾਈ ਨੂੰ ਬਿਹਤਰ ਬਣਾਉਣ ਦੇ ਮੰਤਵ ਨਾਲ ਹੀ ਅਟਾਰੀ ਸਰਹੱਦ ਵਿਚ 2012 ਵਿਚ ਕਰੋੜਾਂ ਰੁਪਏ ਦੀ ਲਾਗਤ ਨਾਲ ਆਈ.ਸੀ.ਪੀ. (ਸੰਗਠਿਤ ਚੈੱਕ ਪੋਸਟ) ਦਾ ਨਿਰਮਾਣ ਕੀਤਾ ਸੀ। ਲਗਭਗ 118 ਏਕੜ ਰਕਬੇ ਵਿਚ ਬਣੀ ਇਸ ਚੈੱਕ ਪੋਸਟ ‘ਤੇ ਅਤਿ-ਆਧੁਨਿਕ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ।
ਆਈ.ਸੀ.ਪੀ. ਦੀ ਸਥਾਪਨਾ ਮਗਰੋਂ ਇਥੋਂ ਹੋਣ ਵਾਲਾ ਵਪਾਰ ਵਧਿਆ ਸੀ ਪਰ ਭਾਜਪਾ ਦੀ ਕੇਂਦਰ ਵਿਚ ਸਥਾਪਤ ਹੋਈ ਸਰਕਾਰ ਦੇ ਹੁੰਦਿਆਂ ਆਪਸੀ ਦੁਵੱਲੇ ਰਿਸ਼ਤਿਆਂ ਵਿਚ ਨਿਰੰਤਰ ਉਤਾਰ-ਚੜ੍ਹਾਅ ਆਉਂਦਾ ਰਿਹਾ ਹੈ ਅਤੇ ਇਸ ਨੇ ਵਪਾਰ ਨੂੰ ਵੀ ਪ੍ਰਭਾਵਿਤ ਕੀਤਾ ਹੈ। 2012-13 ਵਿਚ ਇਹ ਦੁਵੱੱਲਾ ਵਪਾਰ ਲਗਭਗ 4800 ਕਰੋੜ ਰੁਪਏ ਦਾ ਹੋਇਆ ਸੀ, ਜੋ 2013-14 ਵਿਚ ਵਧ ਕੇ 5443 ਕਰੋੜ ਰੁਪਏ ਦਾ ਹੋ ਗਿਆ।
2014 ਵਿਚ ਭਾਜਪਾ ਦੀ ਸਰਕਾਰ ਸਥਾਪਤ ਹੋਣ ਮਗਰੋਂ ਇਸ ਰਸਤੇ ਕੁੱਲ 4485 ਕਰੋੜ ਰੁਪਏ ਦਾ ਦੁਵੱਲਾ ਵਪਾਰ ਹੋਇਆ। 2015-16 ਵਿਚ ਦੁਵੱਲਾ ਵਪਾਰ ਕੁਝ ਘਟਿਆ ਅਤੇ ਕੁੱਲ ਵਪਾਰ 3748 ਕਰੋੜ ਰੁਪਏ ਦਾ ਹੋਇਆ। ਇਸੇ ਤਰ੍ਹਾਂ 2016-17 ਵਿਚ 3971 ਕਰੋੜ ਅਤੇ 2017-18 ਵਿਚ 4148 ਕਰੋੜ ਦਾ ਵਪਾਰ ਹੋਇਆ ਹੈ। 2018-19 ਵਿਚ ਇਹ ਵਪਾਰ 4354 ਕਰੋੜ ਰੁਪਏ ਦਾ ਸੀ ਪਰ 2019-20 ਵਿਚ ਇਹ ਵਪਾਰ ਹੁਣ ਤੱਕ ਸਿਰਫ 531 ਕਰੋੜ ਰੁਪਏ ਦਾ ਹੀ ਹੋਇਆ ਹੈ। ਪੁਲਵਾਮਾ ਹਮਲੇ ਮਗਰੋਂ ਦਰਾਮਦ ਉਤੇ ਵਾਧੂ ਟੈਕਸ ਲਾਉਣ ਕਾਰਨ ਦਰਾਮਦ ਸਿਰਫ 369 ਕਰੋੜ ਰੁਪਏ ਦੀ ਹੋਈ ਹੈ ਜਦੋਂ ਕਿ ਪਿਛਲੇ ਵਰ੍ਹੇ ਇਹ ਦਰਾਮਦ 3627 ਕਰੋੜ ਰੁਪਏ ਦੀ ਸੀ। ਇਸੇ ਤਰ੍ਹਾਂ ਬਰਾਮਦ ਪਿਛਲੇ ਤਿੰਨ ਸਾਲਾਂ ਤੋਂ ਨਿਰੰਤਰ ਘੱਟ ਰਹੀ ਸੀ ਜੋ ਕਿ ਇਸ ਵਰ੍ਹੇ ਹੁਣ ਤੱਕ ਸਿਰਫ 162 ਕਰੋੜ ਰੁਪਏ ਦੀ ਹੀ ਹੋਈ ਹੈ, ਜਦੋਂ ਕਿ ਪਿਛਲੇ ਵਰ੍ਹੇ ਇਹ ਬਰਾਮਦ 726 ਕਰੋੜ ਰੁਪਏ ਦੀ ਸੀ। ਭਾਰਤ ਵੱਲੋਂ ਪਾਕਿਸਤਾਨ ਵਿਚ ਸੋਇਆਬੀਨ, ਸਬਜ਼ੀਆਂ, ਕਾਟਨ, ਚਿਕਨ ਫੀਡ, ਲਾਲ ਮਿਰਚ, ਆਟੋ-ਮੋਬਾਈਲ ਦੇ ਸਪੇਅਰ ਪਾਰਟ, ਪਲਾਸਟਿਕ ਦਾ ਦਾਣਾ ਤੇ ਹੋਰ ਵਸਤਾਂ ਭੇਜੀਆਂ ਜਾਂਦੀਆਂ ਸਨ ਜਦੋਂ ਕਿ ਪਾਕਿਸਤਾਨ ਵਾਲੇ ਪਾਸਿਉਂ ਸੀਮਿੰਟ, ਜਿਪਸਮ, ਛੁਹਾਰੇ, ਚੱਟਾਨੀ ਨਮਕ ਤੇ ਹੋਰ ਵਸਤਾਂ ਆ ਰਹੀਆਂ ਸਨ।
ਇਸ ਵਾਰ ਤਾਂ ਕਸ਼ਮੀਰ ਤੇ ਮਕਬੂਜ਼ਾ ਕਸ਼ਮੀਰ ਰਸਤੇ ਹੁੰਦਾ ਵਪਾਰ ਵੀ ਬੰਦ ਹੋ ਗਿਆ ਹੈ। ਇਸ ਤਰ੍ਹਾਂ ਦੋਵਾਂ ਦੇਸ਼ਾਂ ਵਿਚਾਲੇ ਚਲਦੀ ਸਮਝੌਤਾ ਐਕਸਪ੍ਰੈੱਸ ਰੇਲਗੱਡੀ, ਦਿੱਲੀ-ਲਾਹੌਰ ਵਿਚਾਲੇ ਚੱਲਦੀ ਦੋਸਤੀ ਬੱਸ ਅਤੇ ਅੰਮ੍ਰਿਤਸਰ-ਲਾਹੌਰ ਤੇ ਨਨਕਾਣਾ ਸਾਹਿਬ ਵਿਚਾਲੇ ਚਲਦੀ ਪੰਜ-ਆਬ ਬੱਸ ਵੀ ਬੰਦ ਹੋ ਗਈ ਹੈ, ਜਿਸ ਨਾਲ ਦੋਵਾਂ ਦੇਸ਼ਾਂ ਵਿਚਾਲੇ ਲੋਕਾਂ ਦੀ ਆਵਾਜਾਈ ਵੀ ਬੰਦ ਹੋ ਗਈ ਹੈ। ਇਸ ਵਰ੍ਹੇ ਹੁਣ ਤੱਕ ਆਈ.ਸੀ.ਪੀ. ਰਸਤੇ ਸਿਰਫ 13 ਹਜ਼ਾਰ ਲੋਕ ਹੀ ਦੋਵੇਂ ਪਾਸੇ ਆਏ ਤੇ ਗਏ ਹਨ, ਜਦੋਂ ਕਿ ਪਿਛਲੇ ਵਰ੍ਹੇ ਇਹ ਗਿਣਤੀ 77 ਹਜ਼ਾਰ ਸੀ। ਦੋਵਾਂ ਮੁਲਕਾਂ ਵਿਚ ਵਧ ਰਹੀ ਆਪਸੀ ਕੁੜੱਤਣ ਕਾਰਨ ਭਾਰਤ ਦਾ ਪਾਕਿਸਤਾਨ ਰਸਤੇ ਅਫਗਾਨਿਸਤਾਨ ਨਾਲ ਹੁੰਦਾ ਵਪਾਰ ਵੀ ਪ੍ਰਭਾਵਿਤ ਹੋਣ ਦੇ ਆਸਾਰ ਹਨ।
___________________________
ਕੁਲੀ ਤੇ ਟਰਾਂਸਪੋਰਟਰਾਂ ਦਾ ਧੰਦਾ ਠੱਪ
ਅਟਾਰੀ: ਭਾਰਤ-ਪਾਕਿਸਤਾਨ ਵਪਾਰ ਬੰਦ ਹੋਣ ਨਾਲ ਇਥੇ ਕੰਮ ਕਰਨ ਵਾਲੇ 3300 ਕੁਲੀ ਤੇ ਹੈਲਪਰ ਇਨ੍ਹੀਂ ਦਿਨੀਂ ਬੇਰੁਜ਼ਗਾਰ ਹੋ ਚੁੱਕੇ ਹਨ। ਭਾਰਤ-ਪਾਕਿਸਤਾਨ ਵਪਾਰ ਵਾਸਤੇ ਟਰਾਂਸਪੋਰਟਰਾਂ ਨੇ ਕਰਜ਼ਾ ਲੈ ਕੇ ਟਰੱਕ ਖਰੀਦੇ ਸਨ ਜੋ ਹੁਣ ਵੇਚੇ ਜਾ ਚੁੱਕੇ ਹਨ। ਇਸ ਸਬੰਧੀ ਗੱਲਬਾਤ ਕਰਦਿਆਂ ਕੁਲੀ ਯੂਨੀਅਨ ਅਟਾਰੀ ਦੇ ਪ੍ਰਧਾਨ ਬਾਬਾ ਭਜਨ ਸਿੰਘ ਨੇ ਦੱਸਿਆ ਕਿ ਸੰਗਠਿਤ ਚੈੱਕ ਪੋਸਟ ਅਟਾਰੀ ਸਰਹੱਦ ਵਿਚ 1433 ਕੁਲੀ ਅਤੇ ਏਨੇ ਹੀ ਹੈਲਪਰ ਕੰਮ ਕਰਦੇ ਹਨ। ਭਾਰਤ-ਪਾਕਿਸਤਾਨ ਵਿਚਾਲੇ ਵਪਾਰ ਬੰਦ ਹੋਣ ਨਾਲ ਕੁਲੀ, ਢਾਬਾ ਮਾਲਕ, ਰੇਹੜੀ, ਰਿਕਸ਼ੇ ਅਤੇ ਟਰਾਂਸਪੋਰਟਰ ਪ੍ਰਭਾਵਿਤ ਹੋਏ ਹਨ। ਬੇਰੁਜ਼ਗਾਰ ਹੋਏ ਕੁਲੀ ਪਰਿਵਾਰ ਦਾ ਪੇਟ ਪਾਲਣ ਲਈ ਦਿਹਾੜੀਆਂ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ 1972 ਤੋਂ ਲੈ ਕੇ ਭਾਰਤ-ਪਾਕਿਸਤਾਨ ਦੀ ਵਾਹਗਾ-ਅਟਾਰੀ ਸਰਹੱਦ ਰਸਤੇ ਵਪਾਰ ਚੱਲ ਰਿਹਾ ਹੈ। ਇਥੇ ਕੁਲੀਆਂ ਦੀ ਚੌਥੀ ਪੀੜੀ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ 14 ਫਰਵਰੀ ਨੂੰ ਪੁਲਵਾਮਾ ਹਮਲੇ ਮਗਰੋਂ ਭਾਰਤ ਸਰਕਾਰ ਵੱਲੋਂ 200 ਫੀਸਦੀ ਕਸਟਮ ਡਿਊਟੀ ਲਾਉਣ ਮਗਰੋਂ ਪਾਕਿਸਤਾਨ ਨਾਲ ਵਪਾਰ ਬੰਦ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਵਪਾਰ ਬੰਦ ਹੋਣ ਨਾਲ 10 ਹਜ਼ਾਰ ਪਰਿਵਾਰ ਪ੍ਰਭਾਵਿਤ ਹੋਏ ਹਨ।