ਆਫੀਆ ਸਦੀਕੀ ਦਾ ਜਹਾਦ-15

ਤੁਸੀਂ ਪੜ੍ਹ ਚੁੱਕੇ ਹੋæææ
ਪਾਕਿਸਤਾਨ ‘ਚ ਆਫੀਆ ਦੀ ਮਾਂ ਇਸਮਤ ਜਹਾਨ, ਮਜ਼ਹਬੀ ਤਾਲੀਮ ਦੇ ਖੇਤਰ ਦੀ ਉਘੀ ਸ਼ਖਸੀਅਤ ਸੀ ਤੇ ਇਸ ਮਜ਼ਹਬੀ ਤਾਲੀਮ ਦਾ ਆਫੀਆ ਉਤੇ ਬਹੁਤ ਗੂੜ੍ਹਾ ਰੰਗ ਚੜ੍ਹਿਆ। ਆਲੇ-ਦੁਆਲੇ ਦੇ ਮਾਹੌਲ ਨੇ ਵੀ ਅਸਰ ਪਾਇਆ। ਆਫੀਆ ਦੇ ਪਰਿਵਾਰ ਦਾ ‘ਜਹਾਦੀ’ ਜਨਰਲ ਜ਼ਿਆ-ਉਲ-ਹੱਕ ਅਤੇ ਹੋਰ ਕਹਿੰਦੇ-ਕਹਾਉਂਦੇ ਪਰਿਵਾਰਾਂ ਨਾਲ ਰਾਬਤਾ ਸੀ। ਫਿਰ ਉਹ ਪੜ੍ਹਾਈ ਲਈ ਆਪਣੇ ਭਰਾ ਮੁਹੰਮਦ ਅਲੀ ਕੋਲ ਅਮਰੀਕਾ ਪੁੱਜ ਗਈ। ਅਲੀ ਕੋਲ ਆਉਂਦੇ ਉਸ ਦੇ ਦੋਸਤਾਂ ਨਾਲ ਉਹ ਅਕਸਰ ਇਸਲਾਮ ਬਾਰੇ ਬਹਿਸਾਂ ਕਰਦੀ। ਉਸ ਦੀ ਹਰ ਗੱਲ ਮਜ਼ਹਬ ਦੇ ਪ੍ਰਸੰਗ ਵਿਚ ਹੁੰਦੀ। ਇਸਲਾਮ ਉਸ ਨੂੰ ਦੁਨੀਆਂ ਦਾ ਨਿਆਰਾ ਅਤੇ ਬਿਹਤਰ ਮਜ਼ਹਬ ਜਾਪਦਾ। ਇਸੇ ਜੋਸ਼ ਵਿਚ ਉਹ ਦੂਜੇ ਮਜ਼ਹਬਾਂ ਦੀ ਕਦਰ ਕਰਨਾ ਵੀ ਭੁੱਲ ਜਾਂਦੀ। ਉਸ ਦੀ ਲੋਚਾ ਸੀ ਕਿ ਸੰਸਾਰ ਉਤੇ ਇਸਲਾਮ ਦਾ ਬੋਲਬਾਲਾ ਹੋਵੇ। ਉਹ ਬੋਸਟਨ ਦੀ ਪ੍ਰਸਿੱਧ ਸੰਸਥਾ ਮੈਸਾਚੂਸੈਟਸ ਇੰਸਟੀਚਿਊਟ ਆਫ ਟੈਕਨਾਲੋਜੀ ਵਿਚ ਦਾਖਲ ਹੋਈ ਤਾਂ ਆਪਣੀ ਲਿਆਕਤ ਕਰ ਕੇ ਛੇਤੀ ਹੀ ਮਕਬੂਲ ਹੋ ਗਈ। ਉਥੇ ਉਸ ਦਾ ਸੰਪਰਕ ਮੁਸਲਿਮ ਸਟੂਡੈਂਟਸ ਐਸੋਸੀਏਸ਼ਨ ਨਾਲ ਹੋਇਆ ਤੇ ਫਿਰ ਜਹਾਦੀਆਂ ਨਾਲ। ਜਹਾਦੀਆਂ ਦਾ ਨਾਅਰਾ ਕਾਫਰ ਮਾਰਨ ਦਾ ਸੀ। 1993 ਦੀਆਂ ਛੁੱਟੀਆਂ ਵਿਚ ਆਫੀਆ ਪਾਕਿਸਤਾਨ ਗਈ ਅਤੇ ਤਕਰੀਰਾਂ ਕੀਤੀਆਂ। ਵਾਪਸੀ ਵੇਲੇ ਉਹ ਅਤਿਅੰਤ ਉਤਸ਼ਾਹ ਨਾਲ ਭਰੀ ਪਈ ਸੀ। ਉਹ ਜਹਾਦ ਨਾਲ ਹੋਰ ਡੂੰਘਾ ਜੁੜ ਗਈ। ਘਰਵਾਲਿਆਂ ਦੇ ਜ਼ੋਰ ਪਾਉਣ ‘ਤੇ ਉਸ ਦਾ ਨਿਕਾਹ ਅਹਿਮਦ ਮੁਹੰਮਦ ਖਾਨ ਨਾਲ ਪੜ੍ਹਿਆ ਗਿਆ। ਉਹ ਵੀ ਉਸ ਕੋਲ ਅਮਰੀਕਾ ਪੁੱਜ ਗਿਆ। ਫਿਰ 9/11 ਵਾਲਾ ਭਾਣਾ ਵਰਤ ਗਿਆ। ਆਫੀਆ ਪਾਕਿਸਤਾਨ ਪਰਤ ਗਈ ਅਤੇ ਅਮਜਦ ਨੂੰ ਵੀ ਸੱਦ ਲਿਆ। ਜਹਾਦ ਬਾਰੇ ਦੋਹਾਂ ਵਿਚਕਾਰ ਪਾੜਾ ਲਗਾਤਾਰ ਵਧਣ ਲੱਗ ਪਿਆ ਤੇ ਆਖਰਕਾਰ ਦੋਵੇਂ ਵੱਖ ਹੋ ਗਏ। ਅਮਜਦ ਖਾਨ ਨੇ ਕਿਸੇ ਹੋਰ ਕੁੜੀ ਨਾਲ ਨਿਕਾਹ ਕਰਵਾ ਲਿਆ। ਫਿਰ ਵਾਪਸ ਪਾਕਿਸਤਾਨ ਪੁੱਜੀ ਆਫੀਆ ਦਾ ਸਿੱਧਾ ਸੰਪਰਕ ਅਲ-ਕਾਇਦਾ ਦੇ ਅਹਿਮ ਬੰਦਿਆਂ ਨਾਲ ਹੋ ਗਿਆ। ਇਹ ਬੰਦੇ ਅਮਰੀਕਾ ਵਿਚ ਦੂਜੇ ਵੱਡੇ ਹਮਲੇ ਦੀ ਤਿਆਰੀ ਕਰ ਰਹੇ ਸਨ ਕਿ ਐਫ਼ਬੀæਆਈæ ਨੇ ਸਾਰੀ ਸੂਹ ਕੱਢ ਲਈ।æææਹੁਣ ਅੱਗੇ ਪੜ੍ਹੋæææ

ਹਰਮਹਿੰਦਰ ਚਹਿਲ
ਫੋਨ: 703-362-3239

ਪਹਿਲੀ ਮਾਰਚ, 2003 ਦੇ ਅਖ਼ਬਾਰ ਨੇ ਤਹਿਲਕਾ ਮਚਾ ਦਿੱਤਾ। ਮੁੱਖ ਖ਼ਬਰ ਸੀ ਕਿ ਕੇæਐਸ਼ਐਮæ ਨੂੰ ਪਾਕਿਸਤਾਨੀ ਪੁਲਿਸ ਨੇ ਫੜ ਲਿਆ ਹੈ। ਨਾਲ ਹੀ ਇਹ ਵੀ ਖ਼ਬਰ ਸੀ ਕਿ ਕੇæਐਸ਼ਐਮæ ਜਿਸ ਦਾ ਪੂਰਾ ਨਾਮ ਖਾਲਿਦ ਸ਼ੇਖ ਮੁਹੰਮਦ ਹੈ, ਅਲ-ਕਾਇਦਾ ਦਾ ਉਪਰੇਸ਼ਨਲ ਚੀਫ ਹੈ। ਉਹ ਉਸਾਮਾ ਬਿਨ-ਲਾਦਿਨ ਦੇ ਮੁਕਾਬਲੇ ਦਾ ਅਲ-ਕਾਇਦਾ ਲੀਡਰ ਅਤੇ 9/11 ਦਾ ਮਾਸਟਰ ਮਾਈਂਡ ਹੈ। ਪੁਲਿਸ ਮੁਤਾਬਕ ਕੇæਐਸ਼ਐਮæ ਰਾਵਲਪਿੰਡੀ ਫ਼ੌਜੀ ਛਾਉਣੀ ਕੋਲੋਂ ਕਿਸੇ ਦੇ ਵੱਡੇ ਘਰ ਵਿਚੋਂ ਗ੍ਰਿਫਤਾਰ ਕੀਤਾ ਗਿਆ ਸੀ। ਕਿਸੇ ਮੁਖਬਰ ਨੇ ਅਮਰੀਕਾ ਵਲੋਂ ਐਲਾਨੇ ਗਏ ਪੰਝੀ ਮਿਲੀਅਨ ਡਾਲਰ ਦਾ ਇਨਾਮ ਲੈਣ ਲਈ ਉਸ ਨੂੰ ਫੜਾਇਆ ਸੀ। ਕੇæਐਸ਼ਐਮæ ਨੂੰ ਜਿਸ ਦੇ ਘਰ ‘ਚੋਂ ਫੜਿਆ ਗਿਆ ਸੀ, ਉਹ ਖੁਦ ਇੱਕ ਸਾਇੰਟਿਸਟ ਸੀ। ਉਸ ਦੇ ਘਰ ਤੋਂ ਜੋ ਹੋਰ ਸਮਾਨ ਮਿਲਿਆ, ਉਸ ਤੋਂ ਪਤਾ ਲੱਗਿਆ ਕਿ ਅਲ-ਕਾਇਦਾ ਬਾਇਲੋਜੀਕਲ ਹਥਿਆਰ ਬਣਾਉਣ ਦੇ ਨੇੜੇ ਪਹੁੰਚ ਚੁਕਾ ਸੀ। ਉਥੋਂ ਹੀ ਅਲ ਕਾਇਦਾ ਦੇ ਹੋਰ ਮੈਂਬਰਾਂ ਦੇ ਪਤੇ ਮਿਲੇ। ਮਜੀਦ ਖਾਨ ਨੂੰ ਵੀ ਅਗਲੇ ਹੀ ਦਿਨ ਫੜ ਲਿਆ ਗਿਆ। ਇਸੇ ਤਰ੍ਹਾਂ ਇਸ ਰਿੰਗ ਦੇ ਕਈ ਹੋਰ ਮੈਂਬਰ ਵੀ ਪੁਲਿਸ ਦੀ ਗ੍ਰਿਫਤ ‘ਚ ਆ ਗਏ। ਉਧਰ ਅਮਰੀਕਾ ‘ਚ ਐਫ਼ਬੀæਆਈæ ਆਫੀਆ ਦੀ ਭੈਣ ਫੌਜ਼ੀਆ ਦੇ ਘਰ ਪਹੁੰਚੀ। ਫੌਜ਼ੀਆ ਨੂੰ ਸੁਆਲ-ਜੁਆਬ ਕਰ ਕੇ ਉਹ ਵਾਪਸ ਚਲੇ ਗਏ ਤਾਂ ਉਸ ਨੇ ਆਪਣੇ ਭਰਾ ਨੂੰ ਹਿਊਸਟਨ (ਟੈਕਸਸ) ਵਿਚ ਫੋਨ ਕੀਤਾ। ਉਹ ਹੈਰਾਨ ਰਹਿ ਗਈ ਜਦੋਂ ਅੱਗਿਓਂ ਉਸ ਨੇ ਦੱਸਿਆ ਕਿ ਉਸ ਦੇ ਘਰੋਂ ਵੀ ਐਫ਼ਬੀæਆਈæ ਵਾਲੇ ਹੁਣੇ ਹੀ ਗਏ ਹਨ। ਉਹ ਆਫੀਆ ਨੂੰ ਬੁਰੀ ਤਰ੍ਹਾਂ ਲੱਭ ਰਹੇ ਸਨ। ਇਸ ਬਾਰੇ ਫੌਜ਼ੀਆ ਨੇ ਆਫੀਆ ਨੂੰ ਪਾਕਿਸਤਾਨ ‘ਚ ਫੋਨ ਕਰਦਿਆਂ ਕਿਹਾ, “ਆਫੀਆ ਤੈਨੂੰ ਐਫ਼ਬੀæਆਈæ ਲੱਭਣ ਆਈ ਸੀ।”
“ਹੈਂ! ਪਰ ਕਿਉਂ?” ਫੌਜ਼ੀਆ ਦੀ ਗੱਲ ਸੁਣਦਿਆਂ ਹੀ ਆਫੀਆ ਦੇ ਹੋਸ਼ ਉਡ ਗਏ।
“ਇਹ ਤਾਂ ਪਤਾ ਨ੍ਹੀਂ, ਪਰ ਮੈਨੂੰ ਪਤਾ ਲੱਗਾ ਐ ਕਿ ਮਾਰਚ ਦੇ ਸ਼ੁਰੂ ਤੋਂ ਹੀ ਜੋ ਕੇæਐਸ਼ਐਮæ ਵਰਗਿਆਂ ਦੀਆਂ ਗ੍ਰਿਫਤਾਰੀਆਂ ਹੋਈਆਂ ਨੇ, ਇਹ ਸਭ ਉਸੇ ਕੜੀ ਦਾ ਹਿੱਸਾ ਐ।”
“ਹੂੰæææ।” ਆਫੀਆ ਸੋਚਾਂ ‘ਚ ਗੁਆਚ ਗਈ।
“ਆਫੀਆ ਤੂੰ ਕੇæਐਸ਼ਐਮæ ਬਾਰੇ ਕੁਛ ਜਾਣਦੀ ਐਂ?” ਫੌਜ਼ੀਆ ਨੇ ਸੁਆਲ ਕੀਤਾ।
“ਨ੍ਹੀਂ ਤਾਂ, ਪਰ ਤੂੰ ਕਿਉਂ ਪੁੱਛ ਰਹੀ ਐਂ?”
“ਆਫੀਆ ਇਹ ਕੋਈ ਲੰਬਾ ਚੱਕਰ ਲੱਗਦਾ ਐ, ਜਿਹੜੀਆਂ ਧੜਾਧੜ ਗ੍ਰਿਫਤਾਰੀਆਂ ਹੋ ਰਹੀਆਂ ਨੇ। ਇਸ ‘ਚ ਪਤਾ ਨ੍ਹੀਂ ਕਿਸ ਕਿਸ ਨੇ ਆ ਜਾਣਾ ਐਂ। ਸੁਣਿਐਂ, ਕੋਈ ਮਜੀਦ ਖਾਨ ਨਾਂ ਦਾ ਮੁੰਡਾ ਵੀ ਫੜਿਆ ਗਿਆ ਐ ਜੋ ਅਮਰੀਕਾ ਆ ਕੇ ਅਗਲੇ ਹਮਲੇ ਕਰਨੇ ਚਾਹੁੰਦਾ ਸੀ। ਆਫੀਆ ਸੱਚ ਦੱਸਾਂ ਤਾਂ ਮੈਨੂੰ ਬੜਾ ਈ ਡਰ ਲੱਗ ਰਿਹਾ ਐ। ਤੂੰ ਸੰਭਲ ਕੇ ਰਹੀਂ।”
ਫੌਜ਼ੀਆ ਦੇ ਫੋਨ ਨੇ ਆਫੀਆ ਦੇ ਹੋਸ਼ ਉਡਾ ਦਿੱਤੇ। ਉਸ ਨੂੰ ਲੱਗਣ ਲੱਗਿਆ ਕਿ ਉਸ ਨੂੰ ਫੜਨ ਕੋਈ ਆਇਆ ਕਿ ਆਇਆ। ਉਸ ਨੇ ਖੜ੍ਹੇ ਪੈਰ ਆਪਣੇ ਤਿੰਨਾਂ ਬੱਚਿਆਂ ਨੂੰ ਤਿਆਰ ਕੀਤਾ ਤੇ ਟੈਕਸੀ ਬੁਲਾ ਲਈ। ਉਸ ਦੀ ਮਾਂ ਨੇ ਉਸ ਨੂੰ ਸਮਝਾਉਂਦਿਆਂ ਕਿਹਾ, “ਆਫੀਆ ਇਹ ਕੀ ਝੱਲਾਪਣ ਐ। ਤੇਰਾ ਇਨ੍ਹਾਂ ਲੋਕਾਂ ਨਾਲ ਕੀ ਤੁਅੱਲਕ ਐ। ਤੈਨੂੰ ਕੋਈ ਕਿਉਂ ਫੜੂਗਾ। ਜਦੋਂ ਤੂੰ ਕੁਝ ਗਲਤ ਕੀਤਾ ਈ ਨ੍ਹੀਂ ਤਾਂ ਡਰਦੀ ਕਿਹੜੀ ਗੱਲ ਤੋਂ ਐਂ?”
“ਅੰਮੀ ਤੂੰ ਨ੍ਹੀਂ ਸਮਝ ਸਕਦੀ ਇਹ ਗੱਲ। ਇਸ ਵੇਲੇ ਮੇਰਾ ਇੱਥੋਂ ਚਲੇ ਜਾਣਾ ਈ ਬਿਹਤਰ ਐ।”
“ਆਫੀਆ ਸੱਚ ਦੱਸ ਕਿਧਰੇ ਤੇਰਾ ਕਿਸੇ ਪੁੱਠੇ-ਸਿੱਧੇ ਕੰਮ ਨਾਲ ਵਾਸਤਾ ਤਾਂ ਨ੍ਹੀਂ?” ਇਸਮਤ ਨੇ ਆਫੀਆ ਦੀ ਬਾਂਹ ਫੜ ਕੇ ਸਖਤੀ ਨਾਲ ਕਿਹਾ।
“ਅੰਮੀ ਮੈਂ ਕਿਹਾ ਨਾ ਕਿ ਇਹ ਵੇਲਾ ਬਹਿਸ ਦਾ ਨ੍ਹੀਂ ਐ।” ਇੰਨਾ ਕਹਿੰਦਿਆਂ ਆਫੀਆ ਨੇ ਬਾਂਹ ਛੁਡਵਾ ਲਈ ਤੇ ਆਪਣੀ ਤਿਆਰੀ ‘ਚ ਰੁੱਝ ਗਈ।
“ਮੇਰਾ ਮਨ ਕਹਿੰਦੈ ਕਿ ਤੂੰ ਜ਼ਰੂਰ ਅਲ-ਕਾਇਦਾ ਦੇ ਕਿਸੇ ਬੰਦੇ ਨਾਲ ਜੁੜੀ ਹੋਈ ਐਂ। ਤੂੰ ਮੈਨੂੰ ਸੱਚੋ ਸੱਚ ਦੱਸ ਦੇਹ, ਮੈਂ ਤੇਰਾ ਸਾਰਾ ਪ੍ਰਬੰਧ ਕਰ ਲਊਂਗੀ। ਤੈਨੂੰ ਆਂਚ ਨ੍ਹੀਂ ਆਉਣ ਦਿੰਦੀ।”
ਆਫੀਆ ਨੇ ਮਾਂ ਦੀ ਗੱਲ ਦਾ ਕੋਈ ਜੁਆਬ ਨਾ ਦਿੱਤਾ ਤਾਂ ਇਸਮਤ ਰੋਣ ਲੱਗੀ। ਇੰਨੇ ਨੂੰ ਟੈਕਸੀ ਆ ਗਈ ਤੇ ਆਫੀਆ ਬੱਚਿਆਂ ਨੂੰ ਚੁੱਕਦੀ ਬਾਹਰ ਨਿਕਲਣ ਲੱਗੀ। ਇਸਮਤ ਰੋਂਦੀ ਹੋਈ ਅੱਗੇ ਆ ਗਈ ਤੇ ਬੋਲੀ, “ਪਰ ਇੰਨਾ ਤਾਂ ਦੱਸ ਦੇਹ ਕਿ ਜਾ ਕਿੱਧਰ ਰਹੀ ਐਂ?”
“ਇਸ ਵੇਲੇ ਤਾਂ ਫਾਰੂਕੀ ਅੰਕਲ ਕੋਲ ਜਾ ਰਹੀ ਆਂ। ਉਥੋਂ ਜਾ ਕੇ ਤੈਨੂੰ ਫੋਨ ਕਰੂੰਗੀ।” ਇੰਨਾ ਕਹਿੰਦਿਆਂ ਆਫੀਆ ਬੱਚਿਆਂ ਸਮੇਤ ਟੈਕਸੀ ‘ਚ ਜਾ ਬੈਠੀ। ਇਸਮਤ ਦੇ ਵੇਖਦਿਆਂ ਵੇਖਦਿਆਂ ਟੈਕਸੀ ਅੱਖਾਂ ਤੋਂ ਉਹਲੇ ਹੋ ਗਈ। ਆਫੀਆ ਸਟੇਸ਼ਨ ਪਹੁੰਚੀ ਤੇ ਉਥੋਂ ਟੈਕਸੀ ਬਦਲ ਲਈ। ਅਗਲੀ ਟੈਕਸੀ ਲੈ ਕੇ ਉਹ ਸਿੱਧੀ ਅਲ-ਬਲੋਚੀ ਪਰਿਵਾਰ ਕੋਲ ਪਹੁੰਚੀ। ਪਰਿਵਾਰ ਵਾਲਿਆਂ ਨੇ ਉਸ ਨੂੰ ਖਿੜੇ ਮੱਥੇ ਜੀ ਆਇਆਂ ਕਿਹਾ, ਪਰ ਨਾਲ ਹੀ ਇਹ ਵੀ ਕਿਹਾ ਕਿ ਇਸ ਪਰਿਵਾਰ ਵਿਚ ਇੱਕ ਅਣਵਿਆਹਿਆ ਮਰਦ, ਭਾਵ ਅਲੀ ਰਹਿੰਦਾ ਹੈ; ਇਸ ਕਰ ਕੇ ਮਜ਼ਹਬੀ ਅਕੀਦੇ ਮੁਤਾਬਕ ਆਫੀਆ ਦਾ ਉਥੇ ਰਹਿਣਾ ਸਹੀ ਨ੍ਹੀਂ ਹੋਵੇਗਾ, ਪਰ ਘਰ ਦੇ ਵਡੇਰਿਆਂ ਨੇ ਇਸ ਦਾ ਹੱਲ ਸੋਚਦਿਆਂ ਆਫੀਆ ਨੂੰ ਪੁੱਛਿਆ, “ਬੇਟੀ ਤੂੰ ਅਲੀ ਨਾਲ ਨਿਕਾਹ ਲਈ ਰਾਜ਼ੀ ਐਂ?”
“ਜੀ ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਠੀਕ ਲੱਗਦਾ ਐ।” ਆਫੀਆ ਨੇ ਇੱਕ ਕਿਸਮ ਦੀ ਸਹਿਮਤੀ ਦੇ ਦਿੱਤੀ। ਅਗਲੇ ਦਿਨ ਹੀ ਸਾਦੇ ਢੰਗ ਨਾਲ ਉਨ੍ਹਾਂ ਦਾ ਨਿਕਾਹ ਕਰਵਾ ਦਿੱਤਾ ਗਿਆ ਤੇ ਆਫੀਆ ਆਪਣੇ ਬੱਚਿਆਂ ਸਮੇਤ ਅਲੀ ਨਾਲ ਰਹਿਣ ਲੱਗੀ।
ਉਧਰ ਇਸਮਤ ਸਾਰਾ ਦਿਨ ਉਡੀਕਦੀ ਰਹੀ ਪਰ ਆਫੀਆ ਦਾ ਫੋਨ ਨਾ ਆਇਆ। ਫਿਰ ਉਸ ਨੇ ਆਪ ਫਾਰੂਕੀ ਨੂੰ ਫੋਨ ਕੀਤਾ ਤਾਂ ਉਸ ਨੇ ਦੱਸਿਆ ਕਿ ਆਫੀਆ ਤਾਂ ਉਸ ਕੋਲ ਆਈ ਹੀ ਨਹੀਂ। ਉਹ ਵੀ ਫਿਕਰਮੰਦ ਹੋ ਗਿਆ। ਅਗਲੇ ਦਿਨ ਸ਼ਾਮ ਵੇਲੇ ਫਿਰ ਇਸਮਤ ਦਾ ਫੋਨ ਆਇਆ ਤਾਂ ਸਦੀਕੀ ਉਦਾਸ ਆਵਾਜ਼ ‘ਚ ਬੋਲਿਆ, “ਆਪਾ, ਮੈਨੂੰ ਲੱਗਦਾ ਐ ਕਿ ਆਫੀਆ ਨੂੰ ਪੁਲਿਸ ਨੇ ਕਿਧਰੇ ਰਸਤੇ ‘ਚ ਹੀ ਗ੍ਰਿਫਤਾਰ ਕਰ ਲਿਆ ਐ। ਨ੍ਹੀਂ ਤਾਂ ਉਹ ਕਿਤਿਉਂ ਫੋਨ ਜ਼ਰੂਰ ਕਰਦੀ।” ਇਸ ਤਣਾਅ ‘ਚ ਹੀ ਹਫਤਾ ਗੁਜ਼ਰ ਗਿਆ। ਇਸਮਤ ਥੋੜ੍ਹੀ-ਥੋੜ੍ਹੀ ਦੇਰ ਪਿੱਛੋਂ ਫਾਰੂਕੀ ਦੇ ਘਰ ਫੋਨ ਕਰਦੀ ਰਹੀ। ਉਧਰ ਫੌਜ਼ੀਆ ਵੀ ਸਵੇਰ ਸ਼ਾਮ ਆਪਣੀ ਮਾਂ ਨਾਲ ਗੱਲ ਕਰਦੀ, ਪਰ ਆਫੀਆ ਦਾ ਕਿਧਰੇ ਕੋਈ ਥਹੁ-ਟਿਕਾਣਾ ਨਾ ਲੱਭਿਆ ਤਾਂ ਇੱਕ ਦਿਨ ਇਮਸਤ ਰੋਂਦੀ ਹੋਈ ਫਾਰੂਕੀ ਨੂੰ ਬੋਲੀ, “ਭਾਈ ਜਾਨ ਤੁਹਾਡੀ ਗੱਲ ਸਹੀ ਐ। ਉਹ ਪੁਲਿਸ ਵਲੋਂ ਗ੍ਰਿਫਤਾਰ ਕਰ ਲਈ ਗਈ ਲੱਗਦੀ ਐ ਪਰ ਮੈਂ ਇਕੱਲੀ ਔਰਤ ਕੀ ਕਰਾਂ। ਕਿੱਥੇ ਲੱਭਾਂ ਉਸ ਨੂੰ। ਫਿਰ ਇਹ ਵੀ ਪਤਾ ਨ੍ਹੀਂ ਕਿ ਉਸ ਨੇ ਕੀਤਾ ਕੀ ਐ? ਉਸ ਨੇ ਦੱਸਿਆ ਵੀ ਕੁਝ ਨ੍ਹੀਂ। ਜਿਵੇਂ ਡਰਦੀ ਉਹ ਭੱਜੀ ਐ, ਉਸ ਤੋਂ ਲੱਗਦਾ ਐ ਕਿ ਗੱਲ ਕੋਈ ਜ਼ਰੂਰ ਐ।”
“ਆਪਾ ਤੂੰ ਇਕੱਲੀ ਨ੍ਹੀਂ ਐਂ। ਮੈਂ ਤੁਹਾਡੇ ਨਾਲ ਆਂ। ਆਪਾਂ ਰਲ ਕੇ ਉਸ ਨੂੰ ਲੱਭਾਂਗੇ।”
ਉਨ੍ਹਾਂ ਦੇ ਲੱਖ ਟੱਕਰਾਂ ਮਾਰਨ ਦੇ ਬਾਵਜੂਦ ਆਫੀਆ ਦੀ ਕੋਈ ਉਘ-ਸੁੱਘ ਨਾ ਨਿਕਲੀ। ਦਿਨ ਗੁਜ਼ਰਦੇ ਗਏ। ਇਸਮਤ, ਧੀ ਦੇ ਦੁੱਖੋਂ ਮੰਜੇ ਨਾਲ ਲੱਗ ਗਈ। ਫਾਰੂਕੀ ਵੀ ਸਾਰਾ ਦਿਨ ਇਸੇ ਫਿਕਰ ‘ਚ ਖੋਇਆ ਰਹਿੰਦਾ ਸੀ ਕਿ ਕੀ ਕੀਤਾ ਜਾਵੇ। ਉਧਰ ਫੌਜ਼ੀਆ ਦਾ ਬੁਰਾ ਹਾਲ ਸੀ। ਉਸ ਨੂੰ ਆਫੀਆ ਦਾ ਤਾਂ ਫਿਕਰ ਹੈ ਹੀ ਸੀ, ਨਾਲ ਹੀ ਉਸ ਨੂੰ ਇਹ ਵੀ ਲੱਗਦਾ ਸੀ ਜਿਵੇਂ ਉਸ ਦੀ ਵੀ ਨਿਗਰਾਨੀ ਕੀਤੀ ਜਾ ਰਹੀ ਹੋਵੇ। ਇਸ ਸਭ ਤੋਂ ਅਣਭਿੱਜ ਉਧਰ ਆਫੀਆ ਆਪਣੇ ਨਵੇਂ ਘਰਵਾਲੇ ਅਲੀ ਨਾਲ ਉਸ ਦੇ ਵੱਡੇ ਅਲ-ਬਲੋਚੀ ਪਰਿਵਾਰ ‘ਚ ਰਹਿ ਰਹੀ ਸੀ।
ਫਿਰ ਇੱਕ ਦਿਨ ਐਫ਼ਬੀæਆਈæ ਉਜ਼ੇਰ ਪਰਾਚਾ ਦੇ ਨਿਊ ਯਾਰਕ ਵਾਲੇ ਦਫਤਰ ਪਹੁੰਚੀ। ਉਹ ਕਈ ਦਿਨਾਂ ਤੋਂ ਉਸ ਦੀ ਨਿਗਰਾਨੀ ਕਰ ਰਹੇ ਸਨ। ਉਸ ਦਾ ਦਫਤਰ ਅੰਦਰੋਂ ਬੰਦ ਸੀ। ਦਰਵਾਜ਼ਾ ਖੜਕਾਇਆ ਗਿਆ ਤਾਂ ਉਜ਼ੇਰ ਨੇ ਦਰਵਾਜ਼ਾ ਖੋਲ੍ਹਿਆ। ਸਾਹਮਣੇ ਵਰਦੀਧਾਰੀ ਐਫ਼ਬੀæਆਈæ ਦੀ ਟੀਮ ਵੇਖ ਕੇ ਉਸ ਦੇ ਹੋਸ਼ ਉਡ ਗਏ। ਉਜ਼ੇਰ ਦੇ ਸਾਮਾਨ ਦੀ ਤਲਾਸ਼ੀ ਲਈ ਤਾਂ ਵਿਚੋਂ ਮਾਜੀਦ ਖਾਨ ਦੇ ਪੇਪਰ ਨਿਕਲੇ। ਉਸ ਨੂੰ ਉਥੇ ਹੀ ਗ੍ਰਿਫਤਾਰ ਕਰ ਲਿਆ ਗਿਆ। ਉਸ ਨੂੰ ਨਿਊ ਯਾਰਕ ਮੈਟਰੋਪਾਲੀਟਿਨ ਡਿਟੈਨਸ਼ਨ ਸੈਂਟਰ ਲਿਜਾਇਆ ਗਿਆ। ਉਸ ਦੀ ਤਫਤੀਸ਼ ਸ਼ੁਰੂ ਹੋਈ ਤਾਂ ਉਸ ਨੇ ਸਭ ਕੁਝ ਦੱਸ ਦਿੱਤਾ ਕਿ ਕਿਵੇਂ ਉਸ ਦਾ ਪਿਉ ਹੀ ਉਸ ਨੂੰ ਇਸ ਚੱਕਰ ‘ਚ ਪਾਉਣ ਦਾ ਕਾਰਨ ਬਣਿਆ। ਐਫ਼ਬੀæਆਈæ ਲਈ ਹੁਣ ਇਹ ਬਹੁਤ ਜ਼ਰੂਰੀ ਹੋ ਗਿਆ ਕਿ ਉਜ਼ੇਰ ਦੇ ਪਿਉ ਨੂੰ ਫੜਿਆ ਜਾਵੇ, ਪਰ ਗ੍ਰਿਫਤਾਰੀਆਂ ਦਾ ਦੌਰ ਚੱਲਦਿਆਂ ਮਹੀਨੇ ਤੋਂ ਉਪਰ ਹੋ ਗਿਆ ਸੀ। ਬਹੁਤ ਕੁਝ ਬਦਲ ਗਿਆ ਸੀ। ਸ਼ੁਰੂ ‘ਚ ਪਾਕਿਸਤਾਨ ਸਰਕਾਰ ਨੇ ਐਫ਼ਬੀæਆਈæ ਦੀ ਮਦਦ ਕੀਤੀ ਸੀ, ਫਿਰ ਉਥੇ ਦੀ ਖੁਫੀਆ ਏਜੰਸੀ ਆਈæਐਸ਼ਆਈæ ਅਲ-ਕਾਇਦਾ ਦੇ ਮਸ਼ਹੂਰ ਬੰਦਿਆਂ ਨੂੰ ਬਚਾਉਣ ਲੱਗ ਪਈ ਸੀ। ਜਦੋਂ ਹੀ ਐਫ਼ਬੀæਆਈæ ਪਹੁੰਚਦੀ, ਉਦੋਂ ਨੂੰ ਉਨ੍ਹਾਂ ਦਾ ਟਾਰਗੈੱਟ ਭੱਜ ਚੁਕਾ ਹੁੰਦਾ। ਉਹ ਸਮਝ ਗਏ ਕਿ ਆਈæਐਸ਼ਆਈæ ਹੁਣ ਉਨ੍ਹਾਂ ਦੀ ਪੇਸ਼ ਨਹੀਂ ਚੱਲਣ ਦੇ ਰਹੀ। ਇਸੇ ਕਰ ਕੇ ਉਨ੍ਹਾਂ ਸੈਫਉਲਾ ਪਰਾਚਾ ਵਾਲੀ ਗੱਲ ਬਾਹਰ ਨਾ ਕੱਢੀ। ਐਫ਼ਬੀæਆਈæ ਨੇ ਉਸ ਲਈ ਵੱਖਰਾ ਤਰੀਕਾ ਚੁਣਿਆ।
ਇੱਕ ਦਿਨ ਨਿਊ ਯਾਰਕ ਰਹਿੰਦੇ ਸੈਫਉਲਾ ਪਰਾਚਾ ਦੇ ਪੁਰਾਣੇ ਦੋਸਤ ਅਤੇ ਬਿਜ਼ਨਸ ਪਾਰਟਨਰ ਚਾਰਲਸ ਦਾ ਉਸ ਨੂੰ ਫੋਨ ਆਇਆ। ਉਹ ਬੋਲਿਆ, “ਸੈਫਉਲਾ, ਤੈਨੂੰ ਜ਼ਰੂਰੀ ਗੱਲ ਤਾਂ ਇਹ ਕਹਿਣੀ ਐਂ ਕਿ ਤੂੰ ਇੱਧਰ ਅਮਰੀਕਾ ਵੱਲ ਮੂੰਹ ਨਾ ਕਰੀਂ। ਇੱਥੇ ਆਉਣਾ ਤੇਰੇ ਲਈ ਖਤਰੇ ਤੋਂ ਖਾਲੀ ਨ੍ਹੀਂ ਹੋਵੇਗਾ।”
“ਚਾਰਲਸ, ਇਹ ਗੱਲ ਤਾਂ ਮੈਂ ਵੀ ਸਮਝਦਾ ਆਂ। ਇਨ੍ਹਾਂ ਮੇਰੇ ਬੇਕਸੂਰ ਪੁੱਤਰ ਨੂੰ ਐਵੇਂ ਈ ਫੜ ਲਿਆ, ਪਰ ਬਿਜ਼ਨਸ ਵੀ ਬੰਦ ਨ੍ਹੀਂ ਕੀਤਾ ਜਾ ਸਕਦਾ।”
“ਇਹ ਗੱਲ ਵੀ ਠੀਕ ਐ। ਬਿਜ਼ਨਸ ਲਈ ਆਪਣਾ ਮਿਲਣਾ ਜ਼ਰੂਰੀ ਐ, ਪਰ ਮੈਂ ਵੀ ਯਾਰ ਪਾਕਿਸਤਾਨ ਆਉਣ ਤੋਂ ਡਰਦਾਂ।”
“ਚਾਰਲਸ, ਤੂੰ ਵੀ ਇੱਥੇ ਅਜੇ ਬਿਲਕੁਲ ਨਾ ਆਵੀਂ। ਅਜੇ ਤਾਂ ਮੈਂ ਵੀ ਇੱਥੇ ਲੁਕ ਕੇ ਈ ਤੁਰਿਆ ਫਿਰਦਾ ਆਂ। ਇਨ੍ਹਾਂ ਐਫ਼ਬੀæਆਈæ ਵਾਲੇ ਕਮੂਤਾਂ ਦਾ ਕੀ ਪਤਾ ਕਿ ਕਦੋਂ ਕਿਸ ਨੂੰ ਚੰਬੜ ਜਾਣ।”
“ਤੂੰ ਫਿਰ ਇਉਂ ਕਿਉਂ ਨ੍ਹੀਂ ਕਰਦਾ ਕਿ ਆਪਾਂ ਕਿਧਰੇ ਹੋਰ ਲੁਕ ਛਿਪ ਕੇ ਮਿਲ ਲਈਏ?”
“ਤੂੰ ਈ ਦੱਸ ਕਿ ਕਿੱਥੇ ਮਿਲ ਸਕਦੇ ਆਂ?”
“ਤੂੰ ਇਉਂ ਕਰ ਥਾਈਲੈਂਡ ਆ ਜਾ। ਉਥੇ ਕਿਸੇ ਨੂੰ ਪਤਾ ਵੀ ਨ੍ਹੀਂ ਲੱਗਣਾ ਤੇ ਆਪਾਂ ਮਿਲ ਵੀ ਲਵਾਂਗੇ, ਪਰ ਜ਼ਰਾ ਹੁਸ਼ਿਆਰੀ ਨਾਲ ਜਹਾਜ਼ ਚੜ੍ਹੀਂ।”
“ਹਾਂ ਇਹ ਤਾਂ ਠੀਕ ਐ। ਨਾਲੇ ਉਥੇ ਈ ਕੁਝ ਦੇਰ ਗੁਜ਼ਾਰ ਆਊਂਗਾ। ਜਦੋਂ ਤੱਕ ਗੱਲ ਠੰਢੀ ਨ੍ਹੀਂ ਪੈਂਦੀ।”
“ਠੀਕ ਐ ਫਿਰ ਆਪਾਂ ਉਥੇ ਮਿਲਦੇ ਆਂ।”
ਇਸ ਪਿੱਛੋਂ ਉਨ੍ਹਾਂ ਤਾਰੀਖ ਤੈਅ ਕਰ ਲਈ। ਮਿੱਥੇ ਦਿਨ ਸੈਫਉਲਾ ਚੁੱਪ-ਚੁਪੀਤੇ ਕਰਾਚੀ ਤੋਂ ਥਾਈਲੈਂਡ ਲਈ ਫਲਾਈਟ ਲੈ ਕੇ ਜਹਾਜ਼ ‘ਚ ਜਾ ਬੈਠਾ। ਜਹਾਜ਼ ਬੈਂਕਾਕ ਪਹੁੰਚਿਆ ਤਾਂ ਉਹ ਹੋਰਨਾਂ ਦੇ ਨਾਲ ਪੌੜੀ ਰਾਹੀਂ ਜਹਾਜ਼ ਤੋਂ ਹੇਠਾਂ ਉਤਰਿਆ। ਹੇਠਾਂ ਸਕਿਉਰਟੀ ਵਾਲੇ ਨੇ ਉਸ ਨਾਲ ਗੱਲ ਕਰਨ ਲਈ ਉਸ ਨੂੰ ਜ਼ਰਾ ਪਾਸੇ ਬੁਲਾ ਲਿਆ। ਅਗਲੇ ਹੀ ਪਲ ਕੋਲ ਖੜ੍ਹੀ ਵੈਨ ‘ਚੋਂ ਕੁਝ ਬੰਦੇ ਉਤਰੇ ਤੇ ਉਨ੍ਹਾਂ ਬੋਚ ਕੇ ਸੈਫਉਲਾ ਨੂੰ ਆਪਣੇ ਨਾਲ ਬਿਠਾ ਲਿਆ। ਕਿਸੇ ਨੂੰ ਭਿਣਕ ਵੀ ਨਾ ਲੱਗੀ ਕਿ ਉਥੇ ਕੀ ਹੋਇਆ। ਉਹ ਅਸਲ ਵਿਚ ਐਫ਼ਬੀæਆਈæ ਵਾਲੇ ਸਨ। ਉਨ੍ਹਾਂ ਨੇ ਹੀ ਚਾਰਲਸ ਨੂੰ ਡਰਾ ਧਮਕਾ ਕੇ ਆਪਣੀ ਮਦਦ ਲਈ ਮਨਾਇਆ ਸੀ। ਇਹ ਸਾਰਾ ਡਰਾਮਾ ਚਾਰਲਸ ਤੋਂ ਸੈਫਉਲਾ ਨੂੰ ਬੈਂਕਾਕ ਲਿਆਉਣ ਲਈ ਕਰਵਾਇਆ ਗਿਆ। ਅਗਲੇ ਹੀ ਦਿਨ ਸੈਫਉਲਾ ਪਰਾਚਾ ਨੂੰ ਹੋਰਨਾਂ ਵਾਂਗ ਅਫਗਾਨਿਸਤਾਨ ਦੀਆਂ ਗੁਪਤ ਜੇਲ੍ਹਾਂ ‘ਚ ਪਹੁੰਚਾ ਦਿੱਤਾ ਗਿਆ। ਉਧਰ ਉਸ ਦੇ ਪਰਿਵਾਰ ਅਤੇ ਜਾਣ-ਪਛਾਣ ਵਾਲੇ ਹੈਰਾਨ ਰਹਿ ਗਏ ਕਿ ਸੈਫਉਲਾ ਗਿਆ ਤਾਂ ਗਿਆ ਕਿੱਧਰ!
ਇਸੇ ਦੌਰਾਨ ਐਫ਼ਬੀæਆਈæ ਦੇ ਹੱਥ ਅਜਿਹਾ ਬੰਦਾ ਆ ਗਿਆ ਜਿਸ ਨੇ ਸਾਰਾ ਰਿੰਗ ਹੀ ਤੋੜ ਦਿੱਤਾ। ਇਹ ਸੀ ਫਾਰਸੀ ਨਾਂ ਦਾ ਟਰੱਕ ਡਰਾਈਵਰ ਜੋ ਸ਼ਿਕਾਗੋ ਰਹਿੰਦਾ ਸੀ। ਇਹ ਮਾਜੀਦ ਖਾਂ ਦਾ ਦੋਸਤ ਸੀ ਜਿਸ ਦਾ ਭੇਤ ਮਜੀਦ ਖਾਂ ਦੀ ਇੰਟੋਰੇਗਸ਼ਨ ਵੇਲੇ ਹੀ ਮਿਲਿਆ। ਜਿੰਨਾ ਵੱਡਾ ਇਹ ਅਲਕਾਇਦਾ ਦਾ ਸੋਰਸ ਸੀ, ਉਨਾ ਹੀ ਵੱਡਾ ਇਹ ਪਜ਼ਲ ਨਿਕਲਿਆ। ਇਸ ਨੇ ਇੰਟੈਰੋਗੇਸ਼ਨ ਦਾ ਇੱਕ ਦੌਰ ਵੀ ਨਾ ਝੱਲਿਆ ਅਤੇ ਉਹ ਐਫ਼ਬੀæਆਈæ ਦੀ ਹਰ ਕਿਸਮ ਦੀ ਮਦਦ ਕਰਨਾ ਮੰਨ ਗਿਆ। ਐਫ਼ਬੀæਆਈæ ਸ਼ਾਇਦ ਉਸ ਦੀਆਂ ਗੱਲਾਂ ਨਾ ਮੰਨਦੀ ਪਰ ਜਦੋਂ ਉਸ ਨੇ ਕਿਹਾ ਕਿ ਉਹ ਕੇæਐਸ਼ਐਮæ ਦੇ ਭਾਣਜੇ ਅਲੀ ਨੂੰ ਫੜਵਾ ਸਕਦਾ ਹੈ ਤਾਂ ਐਫ਼ਬੀæਆਈæ ਵਾਲਿਆਂ ਦੀਆਂ ਵਾਛਾਂ ਖਿੱਲਰ ਗਈਆਂ। ਉਸ ਨੂੰ ਕਿਸੇ ਗੁਪਤ ਘਰ ‘ਚ ਲਿਜਾ ਕੇ ਅਲੀ ਨਾਲ ਰਾਬਤਾ ਕਾਇਮ ਰੱਖਣ ਨੂੰ ਕਿਹਾ ਗਿਆ। ਥੋੜ੍ਹੀ ਹੀ ਦੇਰ ਪਿੱਛੋਂ ਜਦੋਂ ਉਸ ਨੇ ਦੱਸਿਆ ਕਿ ਅਲੀ ਪਾਕਿਸਤਾਨ ‘ਚ ਬੈਠਾ ਉਥੇ ਦੀ ਅਮਰੀਕਨ ਅੰਬੈਸੀ ‘ਤੇ ਹਮਲਾ ਕਰਨ ਦੀ ਤਿਆਰੀ ਕਰ ਰਿਹਾ ਹੈ ਤਾਂ ਐਫ਼ਬੀæਆਈæ ਇੱਕ ਦਮ ਹਰਕਤ ਵਿਚ ਆ ਗਈ।
ਜਦੋਂ ਐਫ਼ਬੀæਆਈæ ਦੀ ਟੀਮ ਨੇ ਪਾਕਿਸਤਾਨੀ ਪੁਲਿਸ ਫੋਰਸ ਨਾਲ ਉਸ ਘਰ ਨੂੰ ਘੇਰਾ ਪਾਇਆ ਜਿੱਥੇ ਅਲੀ ਅਮਰੀਕਨ ਅੰਬੈਸੀ ਉਪਰ ਸੁੱਟਣ ਵਾਲੇ ਬੰਬ ਨੂੰ ਬਣਾਉਣ ‘ਚ ਰੁੱਝਿਆ ਹੋਇਆ ਸੀ ਤਾਂ ਉਦੋਂ ਹੀ ਅਲੀ ਅਤੇ ਉਸ ਦੇ ਸਾਥੀ ਨੇ ਪੁਲਿਸ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਧਰੋਂ ਪੁਲਿਸ ਨੇ ਵੀ ਗੋਲੀਬਾਰੀ ਸ਼ੁਰੂ ਕਰ ਦਿੱਤੀ। ਕੁਝ ਮਿੰਟ ਹੀ ਬੀਤੇ ਸਨ ਕਿ ਉਦੋਂ ਨੂੰ ਆਈæਐਸ਼ਆਈæ ਦਾ ਹਥਿਆਰਬੰਦ ਦਸਤਾ ਆ ਪਹੁੰਚਿਆ। ਉਹ ਸ਼ਾਇਦ ਲੇਟ ਹੋ ਜਾਣ ਕਾਰਨ ਸਿਰ ਮਾਰ ਰਹੇ ਸਨ। ਇੰਨੇ ਨੂੰ ਅੰਦਰੋਂ ਅਲੀ ਦੀ ਆਵਾਜ਼ ਆਈ ਕਿ ਉਹ ਕੁਝ ਦੇਰ ਲਈ ਗੋਲੀਬੰਦੀ ਕਰ ਦੇਣ ਤਾਂ ਕਿ ਅੰਦਰ ਘਿਰੇ ਬੱਚੇ ਨੂੰ ਬਾਹਰ ਕੱਢਿਆ ਜਾ ਸਕੇ। ਆਈæਐਸ਼ਆਈæ ਵਾਲਿਆਂ ਨੇ ਗੋਲੀਬਾਰੀ ਰੁਕਵਾ ਦਿੱਤੀ। ਕੁਝ ਕੁ ਮਿੰਟ ਉਡੀਕਣ ਪਿੱਛੋਂ ਆਈæਐਸ਼ਆਈæ ਵਾਲਿਆਂ ਨੇ ਆਪਣਾ ਟਰੱਕ ਦਰਵਾਜ਼ੇ ਨਾਲ ਜਾ ਲਾਇਆ ਤੇ ਕਿਸੇ ਨੂੰ ਚੁੱਪ-ਚੁਪੀਤੇ ਜਿਹੇ ਟਰੱਕ ‘ਚ ਬਿਠਾ ਕੇ ਤੁਰਦੇ ਬਣੇ। ਪਿੱਛੇ ਪੁਲਿਸ ਵਾਲੇ ਭੁਚੱਕੇ ਖੜ੍ਹੇ ਵੇਖਦੇ ਰਹਿ ਗਏ। ਉਹ ਆਈæਐਸ਼ਆਈæ ਦੀ ਇਸ ਹਰਕਤ ਬਾਰੇ ਸੋਚ ਹੀ ਰਹੇ ਸਨ ਕਿ ਉਦੋਂ ਨੂੰ ਅੰਦਰੋਂ ਫਿਰ ਆਵਾਜ਼ ਆਈ ਕਿ ਜੇ ਉਨ੍ਹਾਂ ਨੂੰ ਆਈæਐਸ਼ਆਈæ ਗ੍ਰਿਫਤਾਰ ਕਰ ਰਹੀ ਹੈ ਤਾਂ ਉਹ ਹਥਿਆਰ ਸੁੱਟਣ ਲਈ ਤਿਆਰ ਹਨ।
ਪੁਲਿਸ ਵਾਲਿਆਂ ਨੇ ਕਿਹਾ ਕਿ ਠੀਕ ਹੈ, ਜਿਵੇਂ ਤੁਸੀਂ ਕਹਿੰਦੇ ਹੋ, ਉਵੇਂ ਹੀ ਹੋਵੇਗਾ। ਅੰਦਰੋਂ ਅਲੀ ਅਤੇ ਉਸ ਦਾ ਸਾਥੀ ਹੱਥ ਖੜ੍ਹੇ ਕਰੀ ਬਾਹਰ ਆ ਗਏ। ਜਦੋਂ ਉਨ੍ਹਾਂ ਨੂੰ ਪੁਲਿਸ ਨੇ ਬੰਨ੍ਹ ਕੇ ਗੱਡੀਆਂ ‘ਚ ਬਿਠਾ ਲਿਆ ਤਾਂ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਆਈæਐਸ਼ਆਈæ ਵਾਲੇ ਤਾਂ ਜਾ ਚੁੱਕੇ ਸਨ, ਪਰ ਹੁਣ ਕੁਝ ਨਹੀਂ ਹੋ ਸਕਦਾ ਸੀ। ਪਾਕਿਸਤਾਨੀ ਪੁਲਿਸ ਅਤੇ ਅਮਰੀਕਨ ਐਫ਼ਬੀæਆਈæ ਵਾਲੇ ਇਸ ਗ੍ਰਿਫਤਾਰੀ ਨਾਲ ਇੰਨਾ ਖੁਸ਼ ਹੋਏ ਕਿ ਉਹ ਆਈæਐਸ਼ਆਈæ ਦੀ ਦਖਲਅੰਦਾਜ਼ੀ ਕਰ ਕੇ ਕਿਸੇ ਨੂੰ ਉਥੋਂ ਕੱਢਣ ਵਾਲੀ ਗੱਲ ਭੁੱਲ ਗਏ। ਐਫ਼ਬੀæਆਈæ ਵਾਲਿਆਂ ਦੀ ਖੁਸ਼ੀ ਉਦੋਂ ਹੋਰ ਵੀ ਵਧ ਗਈ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਅਲੀ ਦੇ ਨਾਲ ਫੜਿਆ ਬੰਦਾ ਖਾਲਿਦ ਅਲ-ਅਸਦ ਹੈ। ਖਾਲਿਦ ਅਲ-ਅਸਾਦ ਸਾਲ 2000 ‘ਚ ਅਮਰੀਕਨ ਸਮੁੰਦਰੀ ਬੇੜੇ ਯੂæਐਸ਼ਐਸ਼ ਕੋਲਜ਼੍ਹ ਉਪਰ ਹਮਲਾ ਕਰ ਕੇ 17 ਅਮਰੀਕੀ ਫੌਜੀਆਂ ਨੂੰ ਮਾਰ ਦੇਣ ਵਾਲੀ ਅਤਿਵਾਦੀ ਘਟਨਾ ਦੀ ਸਾਜ਼ਿਸ਼ ‘ਚ ਸ਼ਾਮਲ ਸੀ।
ਆਖਰ ਪਹਿਲੀ ਮਾਰਚ ਨੂੰ ਸ਼ੁਰੂ ਹੋਇਆ ਗ੍ਰਿਫਤਾਰੀਆਂ ਦਾ ਸਿਲਸਲਾ ਬੰਦ ਹੋ ਗਿਆ। ਅਮਰੀਕਾ ਉਪਰ ਦੂਜਾ ਵੱਡਾ ਹਮਲਾ ਕਰਨ ਵਾਲੀ ਸਾਜ਼ਿਸ਼ ਦੇ ਮੁੱਖ ਦੋਸ਼ੀ ਕੇæਐਸ਼ਐਮæ ਤੋਂ ਲੈ ਕੇ ਹੇਠਲੇ ਪੱਧਰ ਤੱਕ ਦੇ ਸਾਰੇ ਅਤਿਵਾਦੀ ਐਫ਼ਬੀæਆਈæ ਦੇ ਕਬਜ਼ੇ ‘ਚ ਆ ਚੁੱਕੇ ਸਨ। ਸਿਰਫ ਇਕੋ ਇੱਕ ਇਨਸਾਨ ਰਹਿ ਗਿਆ ਸੀ ਜੋ ਐਫ਼ਬੀæਆਈæ ਦੀ ਪਹੁੰਚ ਤੋਂ ਕਿਧਰੇ ਦੂਰ ਸੀ। ਉਹ ਸੀ ਆਫੀਆ ਸਦੀਕੀ। ਐਫ਼ਬੀæਆਈæ ਨੇ ਦੁਨੀਆਂ ਦਾ ਕੋਨਾ-ਕੋਨਾ ਛਾਣ ਮਾਰਿਆ, ਪਰ ਆਫੀਆ ਦੀ ਕੋਈ ਉਘ-ਸੁੱਘ ਨਾ ਨਿਕਲੀ। ਐਫ਼ਬੀæਆਈæ ਉਸ ਨੂੰ ਬਹੁਤ ਅਹਿਮ ਮੰਨ ਰਹੀ ਸੀ। ਇਸ ਤੋਂ ਬਿਨਾਂ ਜਿਸ ਘਰ ‘ਚੋਂ ਕੇæਐਸ਼ਐਮæ ਫੜਿਆ ਗਿਆ ਸੀ, ਉਥੋਂ ਐਫ਼ਬੀæਆਈæ ਨੂੰ ਜੋ ਦਸਤਾਵੇਜ਼ ਮਿਲੇ ਸਨ, ਉਨ੍ਹਾਂ ਤੋਂ ਇਹੀ ਸਾਬਤ ਹੁੰਦਾ ਸੀ ਕਿ ਅਲ-ਕਾਇਦਾ ਬਾਇਲੋਜੀਕਲ ਅਤੇ ਕੈਮੀਕਲ ਹਥਿਆਰ ਬਣਾਉਣ ਦੇ ਨੇੜੇ ਪਹੁੰਚ ਚੁੱਕੀ ਹੈ। ਐਫ਼ਬੀæਆਈæ ਸੋਚ ਰਹੀ ਸੀ ਕਿ ਕਿਧਰੇ ਇਹ ਨਾ ਹੋਵੇ ਕਿ ਕੋਈ ਨਾ ਕੋਈ ਖਤਰਨਾਕ ਹਥਿਆਰ ਬਣ ਚੁੱਕਾ ਹੋਵੇ ਤੇ ਅਤਿਵਾਦੀ ਉਸ ਨੂੰ ਅਮਰੀਕਾ ਖਿਲਾਫ ਵਰਤਣ ਲਈ ਤਿਆਰ ਹੋਣ। ਹੁਣ ਤੱਕ ਫੜੇ ਗਏ ਕਈ ਅਲਕਾਇਦਾ ਮੈਂਬਰਾਂ ਨੇ ਆਪਣੀ ਇੰਟੈਰੋਗੇਸ਼ਨ ਦੌਰਾਨ ਮੰਨਿਆ ਸੀ ਕਿ ਆਫੀਆ ਬਹੁਤ ਜ਼ਿਆਦਾ ਖਤਰਨਾਕ ਹੈ। ਉਹ ਅਮਰੀਕਾ ਉਪਰ ਕੈਮੀਕਲ ਹਥਿਆਰਾਂ ਨਾਲ ਕਰਨ ਵਾਲੇ ਅਗਲੇ ਹਮਲੇ ਲਈ ਸਿਰ ਤੋੜ ਕੰਮ ਕਰ ਰਹੀ ਹੈ। ਐਫ਼ਬੀæਆਈæ ਇਸ ਗੱਲੋਂ ਵੀ ਫਿਰਕਮੰਦ ਸੀ ਕਿ ਕਿਧਰੇ ਉਹ ਕਿਸੇ ਬਦਲਵੇਂ ਨਾਂ ਥੱਲੇ ਪਾਸਪੋਰਟ ਲੈ ਕੇ ਅਮਰੀਕਾ ਨਾ ਆ ਵੜੇ ਤੇ ਕਿਸੇ ਨੂੰ ਪਤਾ ਹੀ ਨਾ ਲੱਗੇ। ਆਖਰ ਐਫ਼ਬੀæਆਈæ ਨੇ ਉਸ ਦੀ ਫੋਟੋ ਅਤੇ ਹੋਰ ਜਾਣਕਾਰੀ ਆਪਣੇ ਇਸ਼ਤਿਹਾਰੀ ਮੁਜਰਮਾਂ ਵਾਲੀ ਲਿਸਟ ‘ਤੇ ਪਾ ਦਿੱਤੀ। ਇਸ ਲਿਸਟ ‘ਤੇ ਇਕੱਲਾ ਉਸ ਦਾ ਨਾਮ ਹੀ ਨਹੀਂ, ਸਗੋਂ ਨਾਲ ਹੀ ਉਸ ਦੇ ਪਹਿਲੇ ਪਤੀ ਅਮਜਦ ਦਾ ਨਾਂ ਵੀ ਪਾਇਆ ਗਿਆ ਸੀ।
ਜਦੋਂ ਹੀ ਇਹ ਖਬਰ ਬਾਹਰ ਆਈ ਕਿ ਐਫ਼ਬੀæਆਈæ ਨੇ ਆਫੀਆ ਨੂੰ ਆਪਣੇ ਇਸ਼ਤਿਹਾਰੀ ਮੁਜਰਮਾਂ ਵਾਲੀ ਲਿਸਟ ਉਪਰ ਪਾ ਦਿੱਤਾ ਤਾਂ ਹਰ ਪਾਸੇ ਤਹਿਲਕਾ ਮੱਚ ਗਿਆ। ਅਖਬਾਰਾਂ ਨੇ ਇਸ ਖ਼ਬਰ ਨੂੰ ਚੁੱਕ ਲਿਆ। ਅਮਰੀਕਨ ਮੀਡੀਆ ਨੇ ਖ਼ਬਰ ਦਿੱਤੀ ਕਿ ਆਫੀਆ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਉਸ ਨੂੰ ਅਮਰੀਕਨ ਸਰਕਾਰ ਦੇ ਹਵਾਲੇ ਵੀ ਕੀਤਾ ਜਾ ਚੁੱਕਾ ਹੈ ਅਤੇ ਅਮਰੀਕਨ ਉਸ ਨੂੰ ਅਫਗਾਨਿਸਤਾਨ ਦੀ ਕਿਸੇ ਗੁਪਤ ਜੇਲ੍ਹ ਵਿਚ ਲੈ ਗਏ ਹਨ। ਇਸੇ ਦੌਰਾਨ ਹੀ ਪਾਕਿਸਤਾਨੀ ਮੀਡੀਏ ਨੇ ਖ਼ਬਰ ਦਿੱਤੀ ਕਿ ਆਫੀਆ ਫੜੀ ਜ਼ਰੂਰ ਗਈ ਸੀ ਪਰ ਉਸ ਨੂੰ ਥਾਣੇ ਲਿਜਾ ਕੇ ਰਿਹਾਅ ਕਰ ਦਿੱਤਾ ਗਿਆ। ਇਸ ਦੇ ਅਗਲੇ ਦਿਨ ਪਾਕਿਸਤਾਨ ਦੇ ਮਸ਼ਹੂਰ ਅਖਬਾਰ ਡਾਨ ਨੇ ਖਬਰ ਦਿੱਤੀ ਕਿ ਆਫੀਆ ਨੂੰ ਉਸ ਵੇਲੇ ਕਰਾਚੀ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਗਿਆ ਜਦੋਂ ਉਹ ਫਲਾਈਟ ਲੈ ਕੇ ਕਿਧਰੇ ਜਾਣ ਦੀ ਤਾਕ ‘ਚ ਸੀ। ਇੱਕ ਹੋਰ ਅਖਬਾਰ ਨੇ ਆਪਣੇ ਪੁਲਿਸ ਸੂਤਰਾਂ ਦੇ ਹਵਾਲੇ ਨਾਲ ਲਿਖਿਆ ਕਿ ਆਫੀਆ ਨੂੰ ਉਦੋਂ ਗ੍ਰਿਫਤਾਰ ਕੀਤਾ ਗਿਆ ਜਦੋਂ ਉਹ ਬੱਚਿਆਂ ਸਮੇਤ ਕਰਾਚੀ ਤੋਂ ਇਸਲਾਮਾਬਾਦ ਜਾ ਰਹੀ ਸੀ ਅਤੇ ਉਸ ਨੂੰ ਆਈæਐਸ਼ਆਈæ ਦੇ ਹਵਾਲੇ ਕਰ ਦਿੱਤਾ ਗਿਆ ਹੈ।
ਅਗਲੇ ਹੀ ਦਿਨ ਫਿਰ ਖ਼ਬਰ ਆ ਗਈ ਕਿ ਆਫੀਆ ਨੂੰ ਪਾਕਿਸਤਾਨ ਸਰਕਾਰ ਨੇ ਫੜਿਆ ਹੈ ਤੇ ਇਸ ਵੇਲੇ ਉਹ ਉਸ ਦੀ ਕੈਦ ‘ਚ ਹੈ, ਪਰ ਅਗਲੇ ਦਿਨ ਪਾਕਿਸਤਾਨ ਸਰਕਾਰ ਨੇ ਪ੍ਰੈਸ ਕਾਨਫਰੰਸ ਕਰ ਕੇ ਇਹ ਖ਼ਬਰ ਨਕਾਰ ਦਿੱਤੀ। ਜਦੋਂ ਫਿਰ ਤੋਂ ਡਾਨ ਅਖ਼ਬਾਰ ਨੇ ਜ਼ੋਰ-ਸ਼ੋਰ ਨਾਲ ਲਿਖਿਆ ਕਿ ਆਫੀਆ ਇਸ ਵੇਲੇ ਅਮਰੀਕਨ ਸਰਕਾਰ ਕੋਲ ਹੈ ਤੇ ਉਸ ਨੂੰ ਅਫਗਾਨਿਸਤਾਨ ਵਿਚ ਕਿਧਰੇ ਗੁਪਤ ਜੇਲ੍ਹ ‘ਚ ਰੱਖਿਆ ਗਿਆ ਹੈ ਤਾਂ ਅਮਰੀਕਨ ਸਰਕਾਰ ਨੇ ਇਸ ਖ਼ਬਰ ਦਾ ਖੰਡਨ ਕਰਦਿਆਂ ਕਿਹਾ ਕਿ ਆਫੀਆ ਉਨ੍ਹਾਂ ਕੋਲ ਨਹੀਂ ਹੈ। ਇਸ ਵਿਚਕਾਰ ਇਹ ਵੀ ਖ਼ਬਰ ਆਈ ਕਿ ਆਫੀਆ, ਕਿਉਂਕਿ ਅਲ-ਕਾਇਦਾ ਬਾਰੇ ਸਭ ਕੁਝ ਜਾਣਦੀ ਸੀ, ਹੋ ਸਕਦਾ ਹੈ ਕਿ ਉਸ ਦਾ ਹਸ਼ਰ ਵੀ ਆਸਿਫ ਭੂਜਾ ਵਾਲਾ ਹੀ ਹੋਇਆ ਹੋਵੇ। ਆਸਿਫ ਭੂਜਾ ਦਾ ਨਾਂ ਪੱਤਰਕਾਰ ਡੇਨੀਅਲ ਪਰਲ ਦੇ ਕਤਲ ‘ਚ ਆ ਗਿਆ ਸੀ।
ਅਗਲੇ ਦਿਨ ਜਦੋਂ ਪੁਲਿਸ ਉਸ ਦੇ ਘਰ ਉਸ ਨਾਲ ਗੱਲਬਾਤ ਲਈ ਪਹੁੰਚੀ ਤਾਂ ਉਹ ਅਗਾਂਹ ਮਰਿਆ ਹੋਇਆ ਮਿਲਿਆ। ਸਭ ਨੂੰ ਸ਼ੱਕ ਸੀ ਕਿ ਉਸ ਨੂੰ ਅਲ-ਕਾਇਦਾ ਨੇ ਆਪ ਹੀ ਮਾਰ ਦਿੱਤਾ ਹੈ ਤਾਂ ਕਿ ਕਿਧਰੇ ਕੋਈ ਭੇਤ ਬਾਹਰ ਨਾ ਨਿਕਲ ਜਾਵੇ। ਖੈਰ! ਖ਼ਬਰਾਂ ਦਾ ਬਾਜ਼ਾਰ ਗਰਮ ਸੀ। ਲੋਕ ਭੰਬਲਭੂਸੇ ‘ਚ ਸਨ ਕਿਉਂਕਿ ਕੋਈ ਵੀ ਖ਼ਬਰ ਅਜਿਹੀ ਨਹੀਂ ਸੀ ਜਿਸ ‘ਤੇ ਭਰੋਸਾ ਕੀਤਾ ਜਾ ਸਕੇ। ਆਖਰ ਬਣਦੀ-ਬਣਦੀ ਆਫੀਆ ਦੀ ਖ਼ਬਰ, ਵਾਕਿਆ ਹੀ ਭੰਬਲਭੂਸਾ ਬਣ ਗਈ। ਆਫੀਆ ਭੇਤ ਬਣ ਕੇ ਰਹਿ ਗਈ। ਕਿਸੇ ਨੂੰ ਪੱਕਾ ਕੁਝ ਵੀ ਪਤਾ ਨਹੀਂ ਸੀ, ਬੱਸ ਸਭ ਦੇ ਅੰਦਾਜ਼ੇ ਸਨ। ਫਿਰ ਹੌਲੀ-ਹੌਲੀ ਆਫੀਆ ਦੇ ਨਾਂ ਦੀ ਚਰਚਾ ਘਟਣ ਲੱਗੀ। 2003 ਦੀਆਂ ਗਰਮੀਆਂ ਖਤਮ ਹੋਣ ਤਕ ਆਫੀਆ ਦਾ ਨਾਂ ਖ਼ਬਰਾਂ ‘ਚੋਂ ਗਾਇਬ ਹੋ ਚੁੱਕਾ ਸੀ।

Be the first to comment

Leave a Reply

Your email address will not be published.