ਮੁੱਖ ਮੰਤਰੀ ਵੱਲੋਂ ਜੰਗ-ਏ-ਆਜ਼ਾਦੀ ਯਾਦਗਾਰ ਦਾ ਤੀਸਰਾ ਪੜਾਅ ਦੇਸ਼ ਨੂੰ ਸਮਰਪਤ

ਕਰਤਾਰਪੁਰ (ਜਲੰਧਰ): ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ‘ਚ ਪੰਜਾਬੀਆਂ ਵੱਲੋਂ ਪਾਏ ਗਏ ਯੋਗਦਾਨ ਨੂੰ ਬੇਹੱਦ ਭਾਵਪੂਰਨ ਤਰੀਕੇ ਨਾਲ ਰੂਪਮਾਨ ਕਰਦੀ ਜੰਗ-ਏ-ਆਜ਼ਾਦੀ ਯਾਦਗਾਰ ਦੇ ਤੀਸਰੇ ਪੜਾਅ ਦਾ ਉਦਘਾਟਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤਾ ਗਿਆ।

ਯਾਦਗਾਰ ਦਾ ਇਹ ਤੀਸਰਾ ਪੜਾਅ ਜਲ੍ਹਿਆਂਵਾਲਾ ਬਾਗ ਦੇ ਸਾਕੇ ਦੀ ਸ਼ਤਾਬਦੀ ਅਤੇ ਸੈਲੂਲਰ ਜੇਲ੍ਹ (ਕਾਲੇ ਪਾਣੀ) ਦੇ ਸ਼ਹੀਦਾਂ ਨੂੰ ਸਮਰਪਿਤ ਕੀਤਾ ਗਿਆ ਹੈ ਤੇ ਇਤਿਹਾਸ ਦੀਆਂ ਇਨ੍ਹਾਂ ਦੋਵਾਂ ਹੌਲਨਾਕ ਘਟਨਾਵਾਂ ਨੂੰ ਹੋਲੋਗ੍ਰਾਫਿਕ ਤਕਨੀਕ ਨਾਲ ਬਹੁਤ ਹੀ ਭਾਵਪੂਰਨ ਢੰਗ ਨਾਲ ਪ੍ਰਦਰਸ਼ਿਤ ਕੀਤਾ ਗਿਆ ਹੈ। ਇਸ ਮੌਕੇ ਕਰਵਾਏ ਗਏ ਇਕ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਉਨ੍ਹਾਂ ਇਹ ਯਾਦਗਾਰ ਦੇਸ਼ ਵਾਸੀਆਂ ਨੂੰ ਸਮਰਪਿਤ ਕਰਦਿਆਂ ਕਿਹਾ ਕਿ ਦੇਸ਼ ਦੀ ਆਜ਼ਾਦੀ ‘ਚ ਪੰਜਾਬੀਆਂ ਦਾ ਯੋਗਦਾਨ ਬੇਮਿਸਾਲ ਹੈ ਤੇ ਇਹ ਯਾਦਗਾਰ ਅਜਿਹੇ ਦੇਸ਼ ਭਗਤਾਂ ਨੂੰ ਸੱਚੀ ਸ਼ਰਧਾਂਜਲੀ ਹੈ, ਜਿਨ੍ਹਾਂ ਨੇ ਦੇਸ਼ ਦੀ ਖਾਤਰ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ।
ਉਨ੍ਹਾਂ ਕਿਹਾ ਕਿ ਯਾਦਗਾਰ ਵਿਚਲੀਆਂ ਵੱਖ-ਵੱਖ ਗੈਲਰੀਆਂ ‘ਚ ਆਜ਼ਾਦੀ ਸੰਘਰਸ਼ ਲਈ ਚੱਲੀਆਂ ਵੱਖ-ਵੱਖ ਲਹਿਰਾਂ ਨੂੰ ਅਤਿ ਆਧੁਨਿਕ ਸੂਚਨਾ ਤਕਨੀਕ ਦੀ ਮਦਦ ਨਾਲ ਬਹੁਤ ਹੀ ਭਾਵਪੂਰਨ ਢੰਗ ਨਾਲ ਪੇਸ਼ ਕੀਤਾ ਗਿਆ ਹੈ, ਜਿਨ੍ਹਾਂ ਨੂੰ ਦੇਖ ਕੇ ਹਰ ਕੋਈ ਭਾਵੁਕ ਹੋ ਜਾਂਦਾ ਹੈ ਤੇ ਅੱਜ ਉਹ ਖੁਦ ਵੀ ਆਪਣੇ ਜਜ਼ਬਾਤ ‘ਤੇ ਕਾਬੂ ਨਹੀਂ ਰੱਖ ਸਕੇ। ਉਨ੍ਹਾਂ ਕਿਹਾ ਕਿ ਆਜ਼ਾਦੀ ਦੇ ਪਰਵਾਨਿਆਂ ਨੇ ਗੁਲਾਮੀ ਦੀਆਂ ਜ਼ੰਜੀਰਾਂ ਤੋੜਨ ਲਈ ਜੋ ਤਸੀਹੇ ਝੱਲੇ, ਉਨ੍ਹਾਂ ਨੂੰ ਦੇਖ ਕੇ ਅੱਜ ਵੀ ਰੂਹ ਕੰਬ ਜਾਂਦੀ ਹੈ ਤੇ ਉਨ੍ਹਾਂ ਦੀ ਬੜੇ ਚਿਰ ਦੀ ਇਹ ਤਮੰਨਾ ਸੀ ਕਿ ਅਜਿਹੇ ਦੇਸ਼ ਭਗਤਾਂ ਦੀ ਕੋਈ ਅਜਿਹੀ ਯਾਦਗਾਰ ਬਣਾਈ ਜਾਵੇ, ਜਿਥੇ ਲੋਕ ਆ ਕੇ ਨਾ ਕੇਵਲ ਇਨ੍ਹਾਂ ਸ਼ਹੀਦਾਂ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕਰ ਸਕਣ, ਬਲਕਿ ਨੌਜਵਾਨ ਪੀੜ੍ਹੀ ਵੀ ਪੰਜਾਬੀਆਂ ਦੇ ਗੌਰਵਮਈ ਇਤਿਹਾਸ ਤੋਂ ਸੇਧ ਲੈ ਸਕੇ ਤੇ ਅੱਜ ਉਨ੍ਹਾਂ ਦਾ ਇਹ ਸੁਪਨਾ ਪੂਰਾ ਹੋ ਸਕਿਆ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਯਾਦਗਾਰ ‘ਚ ਆਉਣ ਵਾਲਾ ਹਰ ਵਿਅਕਤੀ ਇਥੋਂ ਕੁਝ ਨਾ ਕੁਝ ਲੈ ਕੇ ਜਾਵੇਗਾ ਅਤੇ ਇਸ ਦਾ ਪ੍ਰਭਾਵ ਉਸ ਦੀ ਸਾਰੀ ਜ਼ਿੰਦਗੀ ‘ਤੇ ਬਣਿਆ ਰਹੇਗਾ। ਉਨ੍ਹਾਂ ਮੰਚ ‘ਤੇ ਮੌਜੂਦ ਤਕਨੀਕੀ ਸਿੱਖਿਆ, ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕਿਹਾ ਕਿ ਉਹ ਸਕੂਲੀ ਬੱਚਿਆਂ ਨੂੰ ਇਹ ਯਾਦਗਾਰ ਦਿਖਾਉਣ ਲਈ ਵਿਆਪਕ ਪ੍ਰੋਗਰਾਮ ਉਲੀਕਣ। ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਰਿਮੋਟ ਕੰਟਰੋਲ ਨਾਲ ਇਥੋਂ ਹੀ ਜਲੰਧਰ ਅਤੇ ਕਪੂਰਥਲਾ ਜ਼ਿਲ੍ਹਿਆਂ ‘ਚ 265.15 ਕਰੋੜ ਰੁਪਏ ਦੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਵੀ ਉਦਘਾਟਨ ਕੀਤਾ। ਉਨ੍ਹਾਂ ਦੇ ਸੰਬੋਧਨ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਵੱਖ-ਵੱਖ ਸਮਾਗਮਾਂ ‘ਚ ਹਾਜ਼ਰ ਵੱਡੀ ਗਿਣਤੀ ਲੋਕਾਂ ਵੱਲੋਂ ਬਹੁਤ ਹੀ ਗੰਭੀਰਤਾ ਨਾਲ ਸੁਣਿਆ ਗਿਆ।
ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅੱਜ ਨੌਜਵਾਨ ਪੀੜ੍ਹੀ ਆਪਣੇ ਵਿਰਸੇ ਅਤੇ ਇਤਿਹਾਸ ਨੂੰ ਭੁੱਲਦੀ ਜਾ ਰਹੀ ਹੈ ਤੇ ਅਜਿਹੇ ‘ਚ ਵਿਰਾਸਤ-ਏ- ਖ਼ਾਲਸਾ, ਵਾਰ ਮਿਊਜ਼ੀਅਮ ਅਤੇ ਜੰਗ-ਏ-ਆਜ਼ਾਦੀ ਵਰਗੀਆਂ ਯਾਦਗਾਰਾਂ ਹੀ ਨੌਜਵਾਨਾਂ ਨੂੰ ਆਪਣੇ ਗੌਰਵਮਈ ਵਿਰਸੇ ਅਤੇ ਇਤਿਹਾਸ ਨਾਲ ਜੋੜਨ ‘ਚ ਅਹਿਮ ਯੋਗਦਾਨ ਪਾ ਸਕਦੀਆਂ ਹਨ। ਉਨ੍ਹਾਂ ਸੈਲੂਲਰ ਜੇਲ੍ਹ ਦੇ ਕੀਤੇ ਆਪਣੇ ਦੌਰੇ ਨੂੰ ਯਾਦ ਕਰਦੇ ਹੋਏ ਕਿਹਾ ਕਿ ਉਥੇ ਲਿਖੇ ਸ਼ਹੀਦਾਂ ਦੇ ਨਾਂਵਾਂ ਤੋਂ ਉਹ ਖੁਦ ਵਾਕਫ ਨਹੀਂ ਸਨ ਤੇ ਉਸ ਸਮੇਂ ਹੀ ਉਨ੍ਹਾਂ ਨੇ ਇਹ ਪ੍ਰਣ ਕੀਤਾ ਸੀ ਕਿ ਕਾਲੇ ਪਾਣੀ, ਜਿਥੇ ਇਕ ਵਾਰ ਗਿਆ ਬੰਦਾ ਜ਼ਿੰਦਾ ਵਾਪਸ ਨਹੀਂ ਸੀ ਆਉਂਦਾ ਵਰਗੀਆਂ ਸਜ਼ਾਵਾਂ ਕੱਟਣ ਵਾਲੇ ਸ਼ਹੀਦਾਂ ਦੀ ਕੋਈ ਅਜਿਹੀ ਯਾਦਗਾਰ ਬਣੇ, ਜਿਥੇ ਉਨ੍ਹਾਂ ‘ਤੇ ਢਾਹੇ ਗਏ ਜ਼ੁਲਮ ਅਤੇ ਤਸ਼ੱਦਦ ਨੂੰ ਬਿਆਨ ਕਰੇ, ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਇਹ ਪਤਾ ਲੱਗ ਸਕੇ ਕਿ ਜਿਸ ਆਜ਼ਾਦੀ ਦਾ ਅੱਜ ਉਹ ਨਿੱਘ ਮਾਣ ਰਹੇ ਹਨ, ਉਸ ਨੂੰ ਹਾਸਲ ਕਰਨ ਲਈ ਆਜ਼ਾਦੀ ਪਰਵਾਨਿਆਂ ਨੂੰ ਕਿਸ ਤਰ੍ਹਾਂ ਦੀਆਂ ਮੁਸੀਬਤਾਂ ਝੱਲਣੀਆਂ ਪਈਆਂ ਸਨ ਤੇ ਕੁਰਬਾਨੀਆਂ ਦੇਣੀਆਂ ਪਈਆਂ ਸਨ। ਉਨ੍ਹਾਂ ਨੌਜਵਾਨਾਂ ‘ਚ ਪੁਸਤਕਾਂ ਪੜ੍ਹਨ ਦੇ ਘੱਟ ਰਹੇ ਰੁਝਾਨ ਨੂੰ ਦੇਖਦੇ ਹੋਏ ਯਾਦਗਾਰ ‘ਚ ਬਣਾਈ ਜਾ ਰਹੀ ਲਾਇਬ੍ਰੇਰੀ ਦਾ ਡਿਜ਼ੀਟੀਲਾਈਜੇਸ਼ਨ ਕੀਤੇ ਜਾਣ ਦਾ ਸੁਝਾਅ ਵੀ ਦਿੱਤਾ।