ਕੈਪਟਨ ਸਰਕਾਰ ਨੇ ਢਾਈ ਸਾਲ ਸੱਤਾ ਭੋਗਣ ‘ਤੇ ਵੀ ਨਾ ਦਿੱਤਾ ਮੁਲਾਜ਼ਮਾਂ ਨੂੰ ਕੋਈ ਰਾਹ

ਚੰਡੀਗੜ੍ਹ: ਵੱਡੇ ਵਾਅਦੇ ਕਰ ਕੇ ਸੱਤਾ ਵਿਚ ਆਈ ਪੰਜਾਬ ਦੀ ਕੈਪਟਨ ਸਰਕਾਰ ਨੇ ਆਪਣੇ 28 ਮਹੀਨਿਆਂ ਦਾ ਕਾਰਜਕਾਲ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਕੋਈ ਰਾਹ ਨਹੀਂ ਦਿੱਤਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਹੁਣ ਤੱਕ ਦੇ ਰਾਜ ਦੌਰਾਨ ਮੁਲਾਜ਼ਮ ਜਥੇਬੰਦੀਆਂ ਨੂੰ ਮਹਿਜ਼ ਦਰਜਨਾਂ ਮੀਟਿੰਗਾਂ ਦੀਆਂ ਤਰੀਕਾਂ ਹੀ ਦਿੱਤੀਆਂ ਹਨ ਪਰ ਪੱਲੇ ਕੁਝ ਨਹੀਂ ਪਾਇਆ।

ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਦੀ ਗੱਦੀ ਉਪਰ ਬਿਰਾਜਮਾਨ ਹੁੰਦਿਆਂ ਹੀ ਮੁਲਾਜ਼ਮਾਂ ਦੀਆਂ ਸਾਰੀਆਂ ਮੰਗਾਂ ਵਿੱਤੀ ਸੰਕਟ ਦੀ ਆੜ ਹੇਠ ਠੰਢੇ ਬਸਤੇ ਵਿਚ ਪਾ ਦਿੱਤੀਆਂ ਸਨ। ਇਸ ਤਹਿਤ 6ਵੇਂ ਤਨਖਾਹ ਕਮਿਸ਼ਨ ਦੀ ਮਿਆਦ ਦਸੰਬਰ 2019 ਤੱਕ ਵਧਾ ਕੇ ਅਸਿੱਧੇ ਢੰਗ ਨਾਲ ਕਮਿਸ਼ਨ ਨੂੰ ਖੂਹ-ਖਾਤੇ ਪਾ ਦਿੱਤਾ ਹੈ। ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਮੁਲਾਜ਼ਮਾਂ ਦੀਆਂ 22 ਫੀਸਦ ਡੀਏ ਦੀਆਂ ਬਣਦੀਆਂ 5 ਕਿਸ਼ਤਾਂ ਵਿਚੋਂ ਸਿਰਫ 7 ਫੀਸਦ ਦੋ ਕਿਸ਼ਤਾਂ ਹੀ ਦਿੱਤੀਆਂ ਹਨ। ਡੀਏ ਦਾ ਕਈ ਮਹੀਨਿਆਂ ਦਾ ਬਕਾਇਆ ਦੇਣ ਬਾਰੇ ਤਾਂ ਸਰਕਾਰ ਭੁੱਲ ਗਈ ਜਾਪਦੀ ਹੈ। ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਨਹੀਂ ਕੀਤਾ ਗਿਆ ਅਤੇ ਹੋਰ ਮੰਗਾਂ ਵੀ ਦੱਬੀਆਂ ਪਈਆਂ ਹਨ।
ਪੰਜਾਬ ਤੇ ਯੂਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਐਕਸ਼ਨ ਕਮੇਟੀ ਵੱਲੋਂ 14 ਅਗਸਤ ਨੂੰ ਪਟਿਆਲਾ ਵਿਚ ਕੀਤੀ ਰੈਲੀ ਦੌਰਾਨ ਮੁੱਖ ਮੰਤਰੀ ਨੇ ਮੰਗਾਂ ਮੰਨਣ ਦਾ ਐਲਾਨ ਕਰਨ ਦੀ ਥਾਂ ਮੁੜ 28 ਅਗਸਤ ਨੂੰ ਕੈਬਨਿਟ ਸਬ ਕਮੇਟੀ ਨਾਲ ਮੀਟਿੰਗ ਕਰਨ ਦੀ ਤਰੀਕ ਹੀ ਮੁਲਾਜ਼ਮਾਂ ਦੇ ਪੱਲੇ ਪਾਈ। ਇਸ ਜਥੇਬੰਦੀ ਦੇ ਆਗੂ ਸੱਜਣ ਸਿੰਘ ਨੇ ਲੋਕ ਸਭਾ ਚੋਣਾਂ ਦੌਰਾਨ ਮਰਨ ਵਰਤ ਰੱਖਿਆ ਸੀ। ਇਸ ਦੌਰਾਨ ਸਰਕਾਰ ਨੇ ਚੋਣਾਂ ਖਤਮ ਹੁੰਦਿਆਂ ਹੀ 27 ਮਈ ਨੂੰ ਐਕਸ਼ਨ ਕਮੇਟੀ ਨਾਲ ਮੀਟਿੰਗ ਕਰਨ ਦੀ ਤਰੀਕ ਦਿੱਤੀ ਸੀ ਪਰ ਮੀਟਿੰਗ ਅੱਜ ਤੱਕ ਨਹੀਂ ਕੀਤੀ ਗਈ। ਇਸ ਦੇ ਉਲਟ ਚੰਡੀਗੜ੍ਹ ਪੁਲਿਸ ਨੇ ਸੱਜਣ ਸਿੰਘ ਸਮੇਤ 18 ਆਗੂਆਂ ‘ਤੇ ਕੇਸ ਦਰਜ ਕੀਤੇ ਹਨ। ਪੰਜਾਬ ਸੁਬਰਾਡੀਨੇਟ ਸਰਵਿਸਜ਼ ਫੈਡਰੇਸ਼ਨ ਦੇ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਨੇ ਕਿਹਾ ਕਿ ਕੈਪਟਨ ਸਰਕਾਰ ਕੋਲੋਂ ਅੱਜ ਤੱਕ ਉਨ੍ਹਾਂ ਨੂੰ ਤਰੀਕਾਂ ਹੀ ਮਿਲੀਆਂ ਹਨ।
ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕੈਪਟਨ ਸਰਕਾਰ ‘ਤੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਵਾਰ-ਵਾਰ ਧੋਖਾ ਅਤੇ ਵਾਅਦਾਖਿਲਾਫੀ ਕਰਨ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਜਨਵਰੀ 2018 ਤੋਂ ਲੈ ਕੇ ਅੱਜ ਤੱਕ ਮਹਿੰਗਾਈ ਭੱਤੇ ਦੀ ਰਾਸ਼ੀ ਸਰਕਾਰ ਦੱਬੀ ਬੈਠੀ ਹੈ। ਮੀਟਿੰਗਾਂ ਤੇ ਵਾਅਦੇ ਬੇਸਿੱਟਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਮੁਲਾਜ਼ਮ ਵਰਗ ਦੀ ਪਿੱਠ ‘ਚ ਵਾਰ-ਵਾਰ ਛੁਰਾ ਮਾਰਨਾ ਬੰਦ ਕਰੇ।
____________________________
ਬੇਰੁਜ਼ਗਾਰ ਅਧਿਆਪਕਾਂ ਦਾ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਮੋਰਚਾ
ਸੰਗਰੂਰ: ਪੰਜਾਬ ਭਰ ਤੋਂ ਪੁੱਜੇ ਈ.ਟੀ.ਟੀ. ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਨੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਕੋਠੀ ਨੇੜੇ ਪੱਕਾ ਮੋਰਚਾ ਲਾ ਦਿੱਤਾ। ਬੇਰੁਜ਼ਗਾਰ ਅਧਿਆਪਕ ਸਿੱਖਿਆ ਮੰਤਰੀ ਵੱਲੋਂ ਭਰਤੀ ਪ੍ਰਕਿਰਿਆ ਸ਼ੁਰੂ ਨਾ ਕਰਨ ਅਤੇ ਭਰਤੀ ਸਬੰਧੀ ਨਵੀਆਂ ਸ਼ਰਤਾਂ ਲਾਉਣ ਤੋਂ ਖਫਾ ਹਨ। ਇਸ ਤੋਂ ਪਹਿਲਾਂ ਈ.ਟੀ.ਟੀ. ਟੈਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੀ ਅਗਵਾਈ ਹੇਠ ਬੇਰੁਜ਼ਗਾਰ ਅਧਿਆਪਕ ਸਥਾਨਕ ਬੀ.ਐਸ਼ਐਨ.ਐਲ਼ ਪਾਰਕ ਵਿੱਚ ਇਕੱਠੇ ਹੋਏ, ਜਿਥੋਂ ਰੋਸ ਮਾਰਚ ਦੌਰਾਨ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਜਿਉਂ ਹੀ ਬੇਰੁਜ਼ਗਾਰ ਅਧਿਆਪਕ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੀ ਕੋਠੀ ਵੱਲ ਵਧੇ ਤਾਂ ਪੁਲਿਸ ਨੇ ਸਖਤ ਨਾਕਾਬੰਦੀ ਕਰਕੇ ਰੋਕ ਲਿਆ। ਰੋਹ ਵਿਚ ਆਏ ਬੇਰੁਜ਼ਗਾਰ ਅਧਿਆਪਕਾਂ ਨੇ ਕੋਠੀ ਨੇੜੇ ਧੂਰੀ-ਪਟਿਆਲਾ ਬਾਈਪਾਸ ਸੜਕ ਉਪਰ ਰੋਸ ਧਰਨਾ ਲਾਉਂਦਿਆਂ ਆਵਾਜਾਈ ਠੱਪ ਕਰ ਦਿੱਤੀ ਅਤੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ।