ਭਾਜਪਾ ਦੀ ਬੜ੍ਹਕ ਨੇ ਡਰਾਏ ਅਕਾਲੀ

ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ ਦੀ ਅੱਖ ਹੁਣ ਪੰਜਾਬ ਉਤੇ ਹੈ। ਭਾਜਪਾ ਦੇ ਪੰਜਾਬ ਪ੍ਰਧਾਨ ਸਵੇਤ ਮਲਿਕ ਵਲੋਂ 2022 ਵਿਚ ਸੂਬੇ ਵਿਚ ਕਮਲ ਦਾ ਫੁੱਲ ਖਿੜਾਉਣ ਦੇ ਦਿੱਤੇ ਬਿਆਨ ਤੋਂ ਬਾਅਦ ਅਕਾਲੀਆਂ ਲਈ ਵੀ ਭਾਈਵਾਲਾਂ ਨੇ ਨਵੀਂ ਚੁਣੌਤੀ ਖੜ੍ਹੀ ਕਰ ਦਿੱਤੀ ਹੈ।

ਅਕਾਲੀ ਦਲ ਭਾਵੇਂ ਇਸ ਟਿੱਪਣੀ ਬਾਰੇ ਕੁਝ ਵੀ ਬੋਲਣ ਤੋਂ ਟਾਲਾ ਵੱਟ ਰਿਹਾ ਹੈ ਪਰ ਭਾਜਪਾ ਵਲੋਂ ਸੂਬੇ ਵਿਚ ਵਿੱਢੀ ਮੈਂਬਰਸ਼ਿਪ ਮੁਹਿੰਮ ਤੇ ਇਸ ਨੂੰ ਮਿਲ ਰਹੇ ਹੁੰਗਾਰੇ ਤੋਂ ਕਾਫੀ ਘਾਬਰਿਆ ਹੋਇਆ ਹੈ। ਇਸ ਦੇ ਸੰਕੇਤ ਇਸ ਗੱਲੋਂ ਹੀ ਮਿਲਦੇ ਹਨ ਕਿ ਪਿਛਲੇ ਦਿਨੀਂ ਇਕ ਸੀਨੀਅਰ ਅਕਾਲੀ ਆਗੂ ਦਾ ਆਡੀਓ ਵਾਇਰਲ ਹੋਇਆ ਸੀ ਜਿਸ ਵਿਚ ਉਹ ਭਾਜਪਾ ਆਗੂਆਂ ਨੂੰ ਆਪਣੀ ਮੈਂਬਰਸ਼ਿਪ ਮੁਹਿੰਮ ਬਾਦਲ ਦੇ ਹਲਕੇ ਤੋਂ ਦੂਰ ਰੱਖਣ ਦੀ ਬੇਨਤੀ ਕਰ ਰਿਹਾ ਹੈ। ਇਹ ਆਗੂ ਫੋਨ ਉਤੇ ਆਖ ਰਿਹਾ ਹੈ- “ਹੋਰ ਜਿਥੇ ਮਰਜ਼ੀ ਮੈਂਬਰ ਬਣਾਉ ਪਰ ਬਾਦਲ ਸਾਹਬ ਦੇ ਹਲਕੇ ਤੋਂ ਦੂਰ ਰਹਿਓ।”
ਦੱਸ ਦਈਏ ਕਿ ਦੇਸ਼ ਭਰ ਵਿਚ ਚੰਗਾ ਆਧਾਰ ਬਣਾਉਣ ਮਗਰੋਂ ਭਾਜਪਾ ਨੂੰ ਪੰਜਾਬ ਰੜਕ ਰਿਹਾ ਹੈ। ਇਥੇ ਅਜੇ ਭਾਈਵਾਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਰਹਿਮੋ-ਕਰਮ ਉਤੇ ਹੈ। ਪੰਜਾਬ ਭਾਜਪਾ ਪਿਛਲੇ ਸਮੇਂ ਤੋਂ ਅਕਾਲੀ ਦਲ ਤੋਂ ਵੱਧ ਸੀਟਾਂ ਦੀ ਮੰਗ ਕਰਦੀ ਰਹੀ ਹੈ ਪਰ ਹਾਈਕਮਾਨ ਨੇ ਇਸ ਨੂੰ ਨਹੀਂ ਗੌਲਿਆ। ਹੁਣ ਮੰਨਿਆ ਜਾ ਰਿਹਾ ਹੈ ਕਿ ਭਾਜਪਾ ਪੰਜਾਬ ਵਿਚ ਪੈਰ ਪਸਾਰਨ ਲਈ ਹੱਥ-ਪੈਰ ਮਾਰ ਰਹੀ ਹੈ। ਸਵੇਤ ਮਲਿਕ ਦਾ ਦਾਅਵਾ ਹੈ ਕਿ ਪੰਜਾਬ ‘ਚ ਮੈਂਬਰਸ਼ਿਪ ਫਾਰਮ ਭਰਨ ਦਾ 2 ਲੱਖ ਦਾ ਟੀਚਾ ਰੱਖਿਆ ਗਿਆ ਸੀ ਪਰ ਸਮੇਂ ਤੋਂ ਪਹਿਲਾਂ ਹੀ 4 ਲੱਖ ਦਾ ਟੀਚਾ ਪੂਰਾ ਕਰ ਲਿਆ ਗਿਆ ਹੈ। ਵਰਕਰਾਂ ਦੀ ਮਿਹਨਤ ਸਦਕਾ ਪੰਜਾਬ ਦੀ ਧਰਤੀ ‘ਤੇ 2022 ਵਿਚ ਕਮਲ ਦਾ ਫੁੱਲ ਖਿੜਾ ਕੇ ਹੀ ਦਮ ਲੈਣਗੇ। ਮਲਿਕ ਦੇ ਦਾਅਵੇ ਤੋਂ ਸਪਸ਼ਟ ਹੈ ਕਿ ਭਾਜਪਾ ਹੁਣ ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਤੋਂ ਬਰਾਬਰ ਟਿਕਟਾਂ ਮੰਗੇਗੀ ਜਾਂ ਫਿਰ ਅਲੱਗ ਹੀ ਮੈਦਾਨ ਵਿਚ ਨਿੱਤਰ ਸਕਦੀ ਹੈ।
ਹਾਲ ਹੀ ਵਿਚ ਹੋਈਆਂ ਲੋਕ ਸਭਾ ਚੋਣਾਂ ਵਿਚ ਵੋਟ ਫੀਸਦੀ ਪੱਖੋਂ ਬਾਜ਼ੀ ਮਾਰਨ ਕਾਰਨ ਵੀ ਭਾਜਪਾ ਦੇ ਭਾਈਵਾਲਾਂ ਪ੍ਰਤੀ ਸੁਰ ਬਦਲੇ ਹੋਏ ਹਨ। ਇਨ੍ਹਾਂ ਚੋਣਾਂ ਵਿਚ ਕਾਂਗਰਸ 8 ਸੀਟਾਂ ‘ਤੇ ਜਿੱਤ ਪ੍ਰਾਪਤ ਕਰਕੇ ਵੱਡੀ ਜਿੱਤ ਦਾ ਦਾਅਵਾ ਕਰ ਰਹੀ ਹੈ। ਇਸੇ ਤਰ੍ਹਾਂ ਅਕਾਲੀ ਦਲ ਬਾਦਲ ਪਰਿਵਾਰ ਵਾਲੀਆਂ ਦੋ ਸੀਟਾਂ ਜਿੱਤ ਕੇ ਦੁਬਾਰਾ ਮੈਦਾਨ ਵਿਚ ਆਉਣ ਦੇ ਦਮਗਜ਼ੇ ਮਾਰ ਰਿਹਾ ਹੈ ਪਰ ਜੇ ਇਨ੍ਹਾਂ ਚੋਣ ਨਤੀਜਿਆਂ ਨੂੰ ਧਿਆਨ ਨਾਲ ਦੇਖੀਏ ਤਾਂ ਕਈ ਦਿਲਚਸਪ ਤੱਥ ਸਾਹਮਣੇ ਆਉਂਦੇ ਹਨ।
ਸਿਆਸੀ ਪਾਰਟੀਆਂ ਦੀ ਮਜ਼ਬੂਤੀ ਇਸ ਗੱਲ ਤੋਂ ਵੀ ਝਲਕਦੀ ਹੈ ਕਿ ਉਹ ਕਿੰਨੀਆਂ ਸੀਟਾਂ ‘ਤੇ ਚੋਣ ਲੜਦੀ ਹੈ ਅਤੇ ਉਨ੍ਹਾਂ ਵਿਚੋਂ ਕਿੰਨੀਆਂ ਜਿੱਤਦੀ ਹੈ। ਇਸ ਵਿਚ ਸਭ ਤੋਂ ਚੰਗਾ ਰਿਕਾਰਡ ਭਾਰਤੀ ਜਨਤਾ ਪਾਰਟੀ ਦਾ ਰਿਹਾ ਜਿਸ ਨੇ ਤਿੰਨ ਸੀਟਾਂ ਲੜੀਆਂ ਅਤੇ ਦੋ ਜਿੱਤੀਆਂ ਭਾਵ 66 ਫੀਸਦੀ ਸੀਟਾਂ ‘ਤੇ ਜਿੱਤ ਪ੍ਰਾਪਤ ਕੀਤੀ। ਅਕਾਲੀ ਦਲ 20 ਫੀਸਦ ਸੀਟਾਂ ‘ਤੇ ਜੇਤੂ ਰਿਹਾ; ਉਸ ਨੇ 10 ਸੀਟਾਂ ਲੜੀਆਂ ਅਤੇ 2 ਉਤੇ ਜਿੱਤ ਪ੍ਰਾਪਤ ਕੀਤੀ। ਕਾਂਗਰਸ 61 ਫੀਸਦੀ ਸੀਟਾਂ ‘ਤੇ ਜੇਤੂ ਰਹੀ। ਕੁੱਲ ਮਿਲਾ ਕੇ ਭਾਜਪਾ ਨੇ ਇਹ ਹਿਸਾਬ ਲਾ ਲਿਆ ਹੈ ਕਿ ਅਕਾਲੀ ਦਲ ਦੇ ਹੁਣ ਦਿਨ ਪੁੱਗ ਗਏ ਹਨ। ਹੁਣ ਤੱਕ ਧਰਮ ਦੇ ਨਾਮ ਉਤੇ ਸਿਆਸਤ ਕਰਦੇ ਰਹੇ ਅਕਾਲੀ ਲੋਕ ਮਨਾਂ ਵਿਚੋਂ ਲਹਿ ਗਏ ਹਨ ਤੇ ਹੁਣ ਇਸ ਮੌਕੇ ਦਾ ਫਾਇਦਾ ਉਠਾਉਣ ਦਾ ਵੇਲਾ ਹੈ। ਭਾਜਪਾ ਇਸੇ ਮੌਕੇ ਨੂੰ ਸਾਂਭਣ ਦੀ ਰਣਨੀਤੀ ਉਤੇ ਚੱਲ ਰਹੀ ਹੈ।