ਕੋਈ ਦੇਵੋ ਇਸ ਦਰਦ ਦੀ ਦਵਾ ਲੋਕੋ

ਮੇਜਰ ਕੁਲਾਰ ਬੋਪਾਰਾਏ ਕਲਾਂ
ਫੋਨ: 916-273-2856
ਕਈਆਂ ‘ਤੇ ਜਵਾਨੀ ਤਾਂ ਨੱਚ-ਨੱਚ ਕੇ ਆਈ ਸੀ, ਪਰ ਜਾਣ ਲੱਗੀ ਉਮਰੋਂ ਪਹਿਲਾਂ ਹੀ ਬੁੱਢੇ ਕਰ ਗਈ। ਕਈਆਂ ਨੇ ਜਵਾਨੀ ਕੰਮ ਕਰਦਿਆਂ ਲੰਘਾ ਦਿੱਤੀ ਕਿ ਬੁਢਾਪੇ ਦੇ ਦਿਨ ਸੁਖਾਲੇ ਨਿਕਲ ਜਾਣਗੇ। ਪੱਟਾਂ ‘ਤੇ ਪੁਆਈਆਂ ਮੋਰਨੀਆਂ ਨੂੰ ਵੇਖ ਲੋਕ ਗੱਭਰੂ ਦੀ ਸਿਫਤ ਕਰਦੇ ਸਨ ਪਰ ਬੁਢਾਪੇ ਵਿਚ ਅੱਖਾਂ ਤੋਂ ਹੀ ਓਹਲੇ ਹੋ ਗਈਆਂ। ਕਈਆਂ ਨੂੰ ਧਰਮ ਸਥਾਨਾਂ ਦੀ ਯਾਤਰਾ ਦਾ ਫਲ ਇਸ ਕਰ ਕੇ ਨਹੀਂ ਮਿਲਿਆ ਕਿ ਉਨ੍ਹਾਂ ਨੇ ਬੁੱਢੇ ਮਾਪਿਆਂ ਦੀ ਸੇਵਾ ਨਹੀਂ ਕੀਤੀ। ਮਰਨ ਅਤੇ ਸ਼ਹੀਦ ਹੋਣ ਵਿਚ ਇੰਨਾ ਕੁ ਫਰਕ ਹੈ ਕਿ ਮਰਨ ਵਾਲੇ ਨੂੰ ਘਰ ਦੇ ਵੀ ਭੁੱਲ ਜਾਂਦੇ ਹਨ ਜਦਕਿ ਸ਼ਹੀਦ ਦਿਲਾਂ ਵਿਚ ਵੱਸਦੇ ਨੇ। ਅੱਜ ਉਸ ਪਾਤਰ ਨੂੰ ਯਾਦ ਕਰਦਿਆਂ ਲਿਖ ਰਿਹਾ ਹਾਂ, ਜਿਸ ਨੇ ਜਗਰਾਉਂ ਦੀ ਰੋਸ਼ਨੀ ਤੇ ਛਪਾਰ ਦੇ ਮੇਲੇ ‘ਤੇ ਬੋਲੀਆਂ ਤਾਂ ਪੂਰੀਆਂ ਤੱਤੀਆਂ ਪਾਈਆਂ ਪਰ ਜਹਾਨੋਂ ਕੂਚ ਕਰ ਜਾਣ ਮਗਰੋਂ ਕਿਸੇ ਨੇ ਉਸ ਦੀ ਬਾਤ ਵੀ ਨਾ ਪੁੱਛੀ।
ਇਹ ਗੱਲ ਉਨ੍ਹਾਂ ਸਮਿਆਂ ਦੀ ਹੈ ਜਦੋਂ ਹਰ ਘਰ ‘ਚ ਬੱਚਿਆਂ ਦੀ ਗਿਣਤੀ ਨੌਂ ਤੋਂ ਉਪਰ ਹੀ ਹੁੰਦੀ ਸੀ। ਉਦੋਂ ਵੱਧ ਬੱਚੇ ਜੰਮਣ ਵਾਲੇ ਮਾਪਿਆਂ ਨੂੰ ਮਾਣ-ਤਾਣ ਵੀ ਮਿਲਦਾ ਸੀ ਪਰ ਕਪੂਰ ਸਿੰਘ ਦੀ ਪਤਨੀ ਅਮਰ ਕੌਰ ਨੇ ਇੱਕੋ ਪੁੱਤਰ ਨੂੰ ਜਨਮ ਦਿੱਤਾ ਸੀ ਜਿਸ ਦਾ ਨਾਂ ਸੀ ਗੁਰਦਿੱਤ ਸਿੰਘ, ਯਾਨਿ ਗੁਰਾਂ ਨੇ ਦਿੱਤਾ। ਦੋਵੇਂ ਮੀਆਂ ਬੀਵੀ ਖੁਸ਼ ਸਨ ਕਿ ਰੱਬ ਨੇ ਜੜ੍ਹ ਲਾ ਦਿੱਤੀ। ਕਪੂਰ ਸਿੰਘ ਕੋਲ ਭੋਇੰ ਬਹੁਤ ਸੀ। ਦੋ ਖੂਹ ਆਪਣੇ ਸਨ ਤੇ ਦੋ ਜੋੜੀਆਂ ਬਲਦਾਂ ਦੀਆਂ ਤੇ ਇਕ ਬੋਤਾ। ਵੱਡਾ ਘਰ ਸੀ ਪਰ ਪਰਿਵਾਰ ਛੋਟਾ ਹੋਣ ਕਰ ਕੇ ਤਿੰਨ ਸੀਰੀ ਪੱਕੇ ਹੀ ਰੱਖੇ ਹੁੰਦੇ ਸਨ।
ਕਪੂਰ ਸਿੰਘ ਦੇ ਤਿੰਨੇ ਸੀਰੀ ਉਸ ਲਈ ਭਰਾਵਾਂ ਤੋਂ ਵਧ ਕੇ ਸਨ। ਕਪੂਰ ਸਿੰਘ ਦਾ ਵਿਆਹ ਚੜ੍ਹਦੀ ਜਵਾਨੀ ਵਿਚ ਹੋ ਗਿਆ ਪਰ ਔਲਾਦ ਬਾਰਾਂ ਸਾਲਾਂ ਬਾਅਦ ਵੀ ਨਾ ਹੋਈ। ਫਿਰ ਨਸੀਬ ਕੌਰ ਆਪਣੀ ਛੋਟੀ ਭੈਣ ਅਮਰ ਕੌਰ ਦਾ ਰਿਸ਼ਤਾ ਲੈ ਆਈ। ਦੋਵਾਂ ਭੈਣਾਂ ਨੇ ਵਾਹਿਗੁਰੂ ਅੱਗੇ ਬੜੀਆਂ ਅਰਦਾਸਾਂ ਕੀਤੀਆਂ। ਅਮਰ ਕੌਰ ਦੇ ਵਿਆਹ ਨੂੰ ਪੰਜ ਸਾਲ ਹੋ ਗਏ ਸਨ, ਪਰ ਕੁੱਖ ਅਜੇ ਵੀ ਖਾਲੀ ਸੀ। ਲੋਕ ਕਪੂਰ ਸਿੰਘ ਨੂੰ ਮਖੌਲ ਕਰਦੇ, ‘ਦੋ ਤੀਵੀਆਂ ਹਨ ਤੇ ਨਿਆਣਾ ਇਕ ਵੀ ਨਹੀਂ।’ ਕਹਿੰਦੇ ਨੇ, ਰੱਬ ਦੀ ਮਾਰ ਤਾਂ ਬੰਦਾ ਔਖਾ-ਸੌਖਾ ਝੱਲ ਲੈਂਦਾ ਹੈ, ਪਰ ਲੋਕਾਂ ਦੀ ਜ਼ੁਬਾਨ ਤੋਂ ਨਿਕਲੇ ਨਸ਼ਤਰ ਨਹੀਂ ਸਹਿ ਸਕਦਾ। ਅਖੀਰ ਕਪੂਰ ਸਿੰਘ ਨੇ ਸਿਆਣਿਆਂ ਤੋਂ ਪੁੱਛ ਪੁਆਈ, ਪਰ ਉਨ੍ਹਾਂ ਨੇ ਵੀ ਉਹਦੇ ਕਰਮਾਂ ਵਿਚ ਔਲਾਦ ਦਾ ਸੁੱਖ ਨਾ ਹੋਣ ਦੀ ਗੱਲ ਕਹਿ ਛੱਡੀ। ਜ਼ਮੀਨ ਜਾਇਦਾਦ ਲਈ ਵਾਰਸ ਤੋਂ ਫਿਕਰਮੰਦ ਕਪੂਰ ਸਿੰਘ ਨੇ ਸਿਆਣਿਆਂ ਦੀ ਚੌਖਟ ਨਾ ਛੱਡੀ। ਅਗਲੇ ਸਾਲ ਕਪੂਰ ਸਿੰਘ ਦੇ ਘਰੇ ਗੁਰਦਿੱਤ ਨੇ ਜਨਮ ਲਿਆ ਤੇ ਵਿਹੜੇ ਵਿਚ ਬੁਝੇ ਚਿਰਾਗ ਜਗ ਪਏ।
ਨਿਆਣੇ ਦੀ ਆਵਾਜ਼ ਸੁਣਨ ਲਈ ਤਰਸਦੀਆਂ ਕੰਧਾਂ ਵੀ ਖਿੜ ਗਈਆਂ। ਕਪੂਰ ਸਿੰਘ ਨੇ ਕਿਸੇ ਨੂੰ ਖਾਲੀ ਨਾ ਮੋੜਿਆ। ਚਾਅ ਤੇ ਖੁਸ਼ੀ ਵਿਚ ਨਸੀਬ ਕੌਰ ਤੇ ਅਮਰ ਕੌਰ ਦਾ ਪੱਬ ਹੇਠਾਂ ਨਹੀਂ ਸੀ ਲੱਗਦਾ। ਗੁਰਦਿੱਤ ਘਰ ਦਾ ਚਿਰਾਗ ਹੀ ਨਹੀਂ, ਦਿਲ ਦੀ ਧੜਕਣ ਵੀ ਸੀ। ਦਿਨ ਬੀਤਦੇ ਗਏ ਗੁਰਦਿੱਤ ਨੇ ਜਵਾਨੀ ਵਿਚ ਪੈਰ ਰੱਖਦਿਆਂ ਬਚਪਨ ‘ਚ ਮਿਲੇ ਲਾਡ ਪਿਆਰ ਨੂੰ ਉਲਾਂਭਿਆਂ ਦੇ ਰੂਪ ਵਿਚ ਮਾਪਿਆਂ ਨੂੰ ਵਾਪਸ ਕਰਨਾ ਸ਼ੁਰੂ ਕਰ ਦਿੱਤਾ। ਤੁਰੇ ਜਾਂਦੇ ਨੇ ਕਿਸੇ ਦੀ ਮੱਝ ਖੋਲ੍ਹ ਜਾਣੀ ਤੇ ਕਦੀ ਕਿਸੇ ਮਾਈ ਦੀਆਂ ਪਾਥੀਆਂ ਢਾਹ ਜਾਣੀਆਂ। ਪਹਿਲਾਂ ਤਾਂ ਲੋਕਾਂ ਨੇ ਕਪੂਰ ਸਿੰਘ ਦੇ ਅਸਰ ਰਸੂਖ ਕਰ ਕੇ ਉਲਾਂਭਾ ਨਾ ਦੇਣਾ ਪਰ ਜਦੋਂ ਪਾਣੀ ਸਿਰੋਂ ਲੰਘ ਗਿਆ ਤਾਂ ਲੋਕਾਂ ਨੇ ਉਹਦੇ ਘਰ ਅੱਗੇ ਕਤਾਰਾਂ ਲਾ ਲਈਆਂ। ਪਹਿਲਾਂ ਤਾਂ ਕਪੂਰ ਸਿੰਘ ਵੀ ਨਾ ਮੰਨਦਾ, ਫਿਰ ਉਹਨੇ ਆਪ ਅੱਖੀਂ ਵੇਖਿਆ। ਪਿਉ ਪੁੱਤ ਵਿਚ ਤੂੰ-ਤੂੰ, ਮੈਂ-ਮੈਂ ਹੋਣ ਲੱਗੀ। ਕਪੂਰ ਸਿੰਘ ਹੱਥ ਚੁੱਕਦਾ ਤਾਂ ਦੋਵੇਂ ਮਾਂਵਾਂ ਪੁੱਤ ਦੀ ਢਾਲ ਬਣ ਜਾਂਦੀਆਂ। ਉਮਰ ਦੇ ਸਤਾਰ੍ਹਵੇਂ ਸਾਲ ਹੀ ਗੁਰਦਿੱਤ ਮੇਲਿਆਂ ਦਾ ਹਾਣੀ ਬਣ ਗਿਆ। ਉਸ ਦੇ ਹਾਣੀ ਤਾਂ ਸਰੀਰ ਬਣਾਉਣ ‘ਚ ਲੱਗੇ ਸਨ ਪਰ ਉਹ ਘਰ ਦੀ ਕੱਢੀ ਦਾਰੂ ਦਾ ਪਿਆਕੜ ਬਣ ਗਿਆ। ਕਪੂਰ ਸਿੰਘ ਨੇ ਪੁੱਤ ਨੂੰ ਸੁਧਾਰਨ ਲਈ ਵਿਆਹ ਦੀ ਨੱਥ ਪਾਉਣ ਦਾ ਫੈਸਲਾ ਕਰ ਲਿਆ।
ਵਿਆਹ ਮਗਰੋਂ ਵੀ ਗੁਰਦਿੱਤ ਬਾਜ਼ ਨਾ ਆਇਆ। ਥੋੜ੍ਹਾ ਸਮਾਂ ਤਾਂ ਘਰਦਿਆਂ ਨੇ ਉਸ ਦੀਆਂ ਕਰਤੂਤਾਂ ‘ਤੇ ਪਰਦਾ ਪਾਇਆ ਪਰ ਬਹੁਤਾ ਚਿਰ ਅੱਗ ਕੱਖਾਂ ਥੱਲੇ ਲੁਕੋ ਨਾ ਹੋਈ। ਜਦੋਂ ਉਹਦੇ ਸਹੁਰਿਆਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਆਪਣੀ ਧੀ ਨੂੰ ਵਾਪਸ ਲਿਆਉਣ ਦਾ ਮਨ ਬਣਾ ਲਿਆ, ਪਰ ਧੀ ਨੇ ਮਾਪਿਆਂ ਨਾਲ ਜਾਣ ਤੋਂ ਨਾਂਹ ਕਰ ਦਿੱਤੀ। ਉਧਰ ਗੁਰਦਿੱਤ ਦੇ ਘਰ ਦੋ ਮੁੰਡੇ ਤੇ ਇਕ ਕੁੜੀ ਹੋ ਗਈ। ਘਰਦਿਆਂ ਨੇ ਫਿਰ ਕਿਹਾ, ਚੱਲੋ, ਰੱਬ ਨੇ ਅੱਗੇ ਜੜ੍ਹ ਲਾ ਦਿੱਤੀ। ਕਪੂਰ ਸਿੰਘ ਪੋਤਿਆਂ ਦੀਆਂ ਖੁਸ਼ੀਆਂ ਮਨਾਉਂਦਾ, ਜਹਾਨੋਂ ਤੁਰ ਗਿਆ। ਜ਼ਮੀਨ ਦੀ ਮਾਲਕੀ ਗੁਰਦਿੱਤ ਸਿੰਘ ਨਾਂ ਬੋਲਣ ਲੱਗੀ। ਉਸ ਨੇ ਫਿਰ ਪੁਰਾਣੀ ਢਾਣੀ ਵਿਚ ਜਾ ਹੱਥ ਮਿਲਾਇਆ।
ਦੋਵੇਂ ਮਾਂਵਾਂ ਹੁਣ ਗੁਰਦਿੱਤ ਸਿੰਘ ਦੀਆਂ ਹਰਕਤਾਂ ਦੇਖ ਆਪਣੀ ਹੀ ਕੁੱਖ ਨੂੰ ਕੋਸਣ ਲੱਗੀਆਂ। ਜਗਰਾਉਂ ਦੀ ਰੋਸ਼ਨੀ ਤੇ ਛਪਾਰ ਦੇ ਮੇਲੇ ‘ਤੇ ਗੁਰਦਿੱਤ ਸਿੰਘ ਦਾ ਨਾਂ ਬੋਲਣ ਲੱਗਿਆ ਤੇ ਬੋਲੀਆਂ ਦਾ ਉਹ ਮਾਸਟਰ ਬਣ ਗਿਆ। ਹੌਲੀ-ਹੌਲੀ ਉਸ ਨੇ ਜ਼ਮੀਨ ਨੂੰ ਹੱਥ ਪਾ ਲਿਆ। ਪਸ਼ੂ ਡੰਗਰ ਵਿਕ ਗਏ। ਤਿੰਨੇ ਸੀਰੀ ਕਪੂਰ ਸਿੰਘ ਨੂੰ ਯਾਦ ਕਰਦੇ ਬੂਹੇ ਅੱਗਿਓਂ ਦੀ ਟੱਪ ਜਾਂਦੇ। ਪਹਿਲਾਂ ਨਸੀਬ ਕੌਰ ਤੁਰ ਗਈ, ਫਿਰ ਭੈਣ ਦੇ ਮਗਰ ਹੀ ਅਮਰ ਕੌਰ ਜਾ ਵੜੀ। ਸਾਰਾ ਕੁਝ ਗੁਰਦਿੱਤ ਸਿੰਘ ਦੇ ਹੱਥ ਆ ਗਿਆ। ਪੁਰਖਿਆਂ ਦੀ ਜ਼ਮੀਨ ਨੂੰ ਉਸ ਨੇ ਇਉਂ ਟੱਕ ਦੇ ਲਿਆ ਜਿਵੇਂ ਜੱਟ ਰੇਤੇ ਦੇ ਟਿੱਬੇ ਨੂੰ ਲਾਉਂਦਾ ਹੈ।
ਗੁਰਦਿੱਤ ਦੀਆਂ ਹਰਕਤਾਂ ਦੇਖ ਕੇ ਸਹੁਰਿਆਂ ਨੇ ਜ਼ਮੀਨ ਆਪਣੇ ਦੋਵੇਂ ਭਾਣਜਿਆਂ ਨਾਮ ਕਰਵਾ ਲਈ। ਹੱਥੋਂ ਜ਼ਮੀਨ ਨਿਕਲਣ ਕਰ ਕੇ ਉਹਨੇ ਰਾਜਸਥਾਨ ਤੋਂ ਅਫ਼ੀਮ ਲਿਆ ਕੇ ਵੇਚਣੀ ਸ਼ੁਰੂ ਕਰ ਦਿੱਤੀ। ਕਈ ਵਾਰ ਫੜਿਆ ਵੀ ਜਾਣਾ, ਪਰ ਉਹ ਕਾਲੇ ਧੰਦੇ ਕਰਨੋ ਨਾ ਹਟਿਆ। ਦੋਵੇਂ ਪੁੱਤ ਗੱਭਰੂ ਹੋ ਚੁੱਕੇ ਸਨ ਪਰ ਕੋਈ ਰਿਸ਼ਤੇ ਲਈ ਨਾ ਢੁਕਿਆ। ਧੀ ਦਾ ਰਿਸ਼ਤਾ ਕਰਨ ਵਾਲਾ ਸੌ ਗੱਲਾਂ ਕਰਦਾ ਹੈ ਤੇ ਸਭ ਕੁਝ ਦੇਖਦਾ ਹੈ, ਪਰ ਇੱਥੇ ਤਾਂ ਗੁਰਦਿੱਤ ਸਿੰਘ ਦੀਆਂ ਕੀਤੀਆਂ ਮੂਹਰੇ ਆ ਰਹੀਆਂ ਸਨ। ਇਕ ਵਾਰ ਫਿਰ ਗੁਰਦਿੱਤ ਸਿੰਘ ਬਠਿੰਡੇ ਦੇ ਰੇਲਵੇ ਸਟੇਸ਼ਨ ‘ਤੇ ਅਫ਼ੀਮ ਸਣੇ ਕਾਬੂ ਆ ਗਿਆ। ਚਾਰ ਸਾਲ ਦੀ ਕੈਦ ਹੋ ਗਈ। ਘਰਦਿਆਂ ਸ਼ੁਕਰ ਮਨਾਇਆ। ਕੈਦ ਦੌਰਾਨ ਹੀ ਉਹਦੇ ਦੋਵੇਂ ਪੁੱਤ ਵਿਆਹੇ ਗਏ। ਉਨ੍ਹਾਂ ਨੇ ਆਪਣੇ ਪਿਉ ਦੀ ਨਹੀਂ, ਸਗੋਂ ਦਾਦੇ ਤੇ ਪੜਦਾਦੇ ਦੀ ਪੈੜ ਵਿਚ ਪੈੜ ਰੱਖੀ। ਤਰੱਕੀ ਦੇ ਰਾਹ ‘ਤੇ ਕਦਮ ਰੱਖਦਿਆਂ ਉਨ੍ਹਾਂ ਨੇ ਸੋਭਾ ਖੱਟਣੀ ਸ਼ੁਰੂ ਕਰ ਦਿੱਤੀ। ਦੋਵਾਂ ਪੁੱਤਰਾਂ ਦੀ ਸਿਆਣਪ ਨਾਲ ਗੁਰਦਿੱਤ ਸਿੰਘ ਦੇ ਚਿੱਟੇ ਦਾੜ੍ਹੇ ‘ਤੇ  ਲੱਗਿਆ ਦਾਗ਼ ਤਾਂ ਸਾਫ਼ ਨਾ ਹੋ ਸਕਿਆ ਪਰ ਕੋਸ਼ਿਸ਼ ਜਾਰੀ ਰਹੀ। ਸਮਾਂ ਲੰਘਿਆ ਤਾਂ ਗੁਰਦਿੱਤ ਸਿੰਘ ਰਿਹਾ ਹੋ ਕੇ ਆ ਗਿਆ, ਪਰ ਕੈਦ ਕੱਟਣ ਦੇ ਬਾਵਜੂਦ ਉਹ ਸਿੱਧਾ ਨਾ ਹੋਇਆ। ਗੁਰਦਿੱਤ ਸਿੰਘ ਦੇ ਦੁੱਖਾਂ ਤੋਂ ਸਤਾਈ ਉਸ ਦੀ ਪਤਨੀ ਵੀ ਉਸ ਦਾ ਸਾਥ ਛੱਡ ਸਦਾ ਦੀ ਨੀਂਦ ਸੌਂ ਗਈ।
ਗੁਰਦਿੱਤ ਸਿੰਘ ਦੀ ਧੀ ਵੀ ਕਈ ਵਰ੍ਹੇ ਸਹੁਰੀਂ ਨਾ ਗਈ ਤੇ ਉਹਦਾ ਛੱਡ-ਛਡਾਅ ਹੋ ਗਿਆ। ਪਿਉ ਤੋਂ ਦੁਖੀ ਪੁੱਤਰਾਂ ਤੇ ਧੀ ਨੇ ਕਈ ਵਾਰ ਰੱਬ ਅੱਗੇ ਤਰਲੇ ਕੱਢਣੇ ਕਿ ਜਾਂ ਸਾਨੂੰ ਚੁੱਕ ਲੈ ਜਾਂ ਸਾਡੇ ਬਾਪੂ ਨੂੰ ਜਹਾਨੋਂ ਲੈ ਜਾ।
ਜਦੋਂ ਸਿੰਘਾਂ ਦਾ ਸੰਘਰਸ਼ ਸ਼ੁਰੂ ਹੋਇਆ ਤਾਂ ਗੁਰਦਿੱਤ ਸਿੰਘ ਉਨ੍ਹਾਂ ਦੇ ਅੜਿੱਕੇ ਆ ਗਿਆ। ਮਸਾਂ ਤਰਲੇ ਕੱਢ ਕੇ ਛੁੱਟਿਆ। ਚਾਰ ਦਿਨ ਸੁਖਾਲੇ ਕੱਢੇ, ਫਿਰ ਉਸੇ ਰਾਹ ਪੈ ਗਿਆ। ਅਖੀਰ ਗੁਰਦਿੱਤ ਸਿੰਘ ਦਾ ਪਰਿਵਾਰ ਉਸ ਵਕਤ ਦੁੱਖਾਂ ਤੋਂ ਮੁਕਤ ਹੋ ਗਿਆ ਜਦੋਂ ਤਿੰਨ ਮਹੀਨਿਆਂ ਬਾਅਦ ਉਸ ਦੇ ਕੱਪੜੇ ਥਾਣੇ ਵਿਚੋਂ ਮਿਲੇ। ਉਸ ਨੇ ਰੇਲ ਗੱਡੀ ਥੱਲੇ ਆ ਕੇ ਖੁਦਕੁਸ਼ੀ ਕਰ ਲਈ ਸੀ। ਗੁਰਦਿੱਤ ਸਿੰਘ ਆਪ ਤਾਂ ਚਲਿਆ ਗਿਆ ਪਰ ਸਿੱਖਿਆ ਦੇ ਗਿਆ ਕਿ ਬੁਰੇ ਕੰਮ ਦੇ ਚੰਗੇ ਨਤੀਜੇ ਨਹੀਂ ਨਿਕਲਦੇ। ਕਈ ਵਾਰ ਸੁੱਖ ਔਲਾਦ ਨਾਲ ਨਹੀਂ ਮਿਲਦਾ ਤੇ ਕਈ ਵਾਰ ਦੁੱਖ ਮਾਪਿਆਂ ਕਰ ਕੇ ਹੰਢਾਉਣਾ ਪੈਂਦਾ ਹੈ।

Be the first to comment

Leave a Reply

Your email address will not be published.