ਪਾਕਿਸਤਾਨ ਨੇ ਦਿੱਲੀ-ਲਾਹੌਰ ਬੱਸ ਸੇਵਾ ਤੇ ਸਮਝੌਤਾ ਐਕਸਪ੍ਰੈੱਸ ਰੋਕੀ

ਅੰਮ੍ਰਿਤਸਰ: ਭਾਰਤ ਵੱਲੋਂ ਕਸ਼ਮੀਰ ‘ਚੋਂ ਧਾਰਾ 370 ਖਤਮ ਕੀਤੇ ਜਾਣ ਦੇ ਵਿਰੋਧ ‘ਚ ਪਾਕਿਸਤਾਨ ਨੇ ਭਾਰਤ-ਪਾਕਿ ਵਿਚਾਲੇ ਚੱਲਣ ਵਾਲੀ ਦਿੱਲੀ-ਲਾਹੌਰ ਬੱਸ ਸੇਵਾ ਤੇ ਥਾਰ ਐਕਸਪ੍ਰੈੱਸ ਨੂੰ ਵੀ ਰੋਕ ਦਿੱਤਾ ਹੈ। ਉਧਰ, ਪਾਕਿਸਤਾਨ ਦੇ ਰੇਲਵੇ ਮੰਤਰੀ ਸ਼ੇਖ਼ ਰਾਸ਼ਿਦ ਅਹਿਮਦ ਨੇ ਐਲਾਨ ਕੀਤਾ ਕਿ ਪਾਕਿ ਰੇਲਵੇ ਮੰਤਰਾਲੇ ਵੱਲੋਂ ਭਾਰਤ-ਪਾਕਿ ਵਿਚਾਲੇ ਚੱਲਣ ਵਾਲੀ ਸਮਝੌਤਾ ਐਕਸਪ੍ਰੈੱਸ ਨੂੰ ਹਮੇਸ਼ਾ-ਹਮੇਸ਼ਾ ਲਈ ਬੰਦ ਕਰ ਦਿੱਤਾ ਗਿਆ ਹੈ।

ਪਾਕਿ ਵੱਲੋਂ ਜਾਰੀ ਆਦੇਸ਼ ‘ਚ ਕਿਹਾ ਗਿਆ ਕਿ ਉਹ ਦਿੱਲੀ-ਲਾਹੌਰ ਬੱਸ ਸੇਵਾ ਬੰਦ ਕਰ ਰਹੇ ਹਨ। ਪਾਕਿ ਦੇ ਸੰਚਾਰ ਮੰਤਰੀ ਮੁਰਾਦ ਸਈਦ ਨੇ ਟਵੀਟ ਕਰਕੇ ਦੱਸਿਆ ਕਿ ਕੌਮੀ ਸੁਰੱਖਿਆ ਕੌਂਸਲ ਦੇ ਫੈਸਲੇ ਤਹਿਤ ਦਿੱਲੀ-ਲਾਹੌਰ ਬੱਸ ਸੇਵਾ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ। ਦਿੱਲੀ-ਲਾਹੌਰ ਵਿਚਾਲੇ ਚੱਲਣ ਵਾਲੀ ‘ਸਦਾ-ਏ-ਸਰਹੱਦ’ ਬੱਸ ਸੇਵਾ 1999 ਵਿਚ ਸ਼ੁਰੂ ਹੋਈ ਸੀ। 2001 ਵਿਚ ਸੰਸਦ ‘ਤੇ ਹਮਲੇ ਦੇ ਬਾਅਦ ਇਸ ਨੂੰ ਰੋਕ ਦਿੱਤਾ ਗਿਆ ਸੀ, ਜੋ 2003 ਵਿਚ ਮੁੜ ਸ਼ੁਰੂ ਕੀਤੀ ਗਈ ਸੀ। ਪਾਕਿ ਦੇ ਇਸ ਫੈਸਲੇ ਨਾਲ ਦੋਵਾਂ ਦੇਸ਼ਾਂ ਨੂੰ ਸੜਕ ਅਤੇ ਰੇਲ ਸੇਵਾ ਰਾਹੀਂ ਜੋੜਨ ਵਾਲੇ ਦੋਵੇਂ ਕੌਮਾਂਤਰੀ ਲਿੰਕ ਫਿਲਹਾਲ ਬਿਲਕੁਲ ਬੰਦ ਹੋ ਗਏ ਹਨ। ਦੋਵਾਂ ਮੁਲਕਾਂ ਵਿਚਾਲੇ ਚੱਲਣ ਵਾਲੀ ਥਾਰ ਐਕਸਪ੍ਰੈੱਸ ਬਾੜਮੇਰ ਦੇ ਮੁਨਾਬਾਓ ਤੋਂ ਪਾਕਿ ਦੇ ਸੂਬਾ ਸਿੰਧ ‘ਚ ਸਥਿਤ ਖੋਖਰਾਪਾਰ ਵਿਚਾਲੇ ਚੱਲਣ ਵਾਲੀ ਪਹਿਲੀ ਕੌਮਾਂਤਰੀ ਰੇਲ ਗੱਡੀ ਹੈ।
ਹਫਤੇ ‘ਚ ਇਕ ਵਾਰ ਚੱਲਣ ਵਾਲੀ ਇਹ ਗੱਡੀ ਇਸ ਤੋਂ ਪਹਿਲਾਂ ਸੰਨ 1965 ‘ਚ ਪਟੜੀਆਂ ਦੇ ਨੁਕਸਾਨੇ ਜਾਣ ਕਾਰਨ ਰੋਕੀ ਗਈ ਸੀ, ਜਿਸ ਦੇ 41 ਸਾਲ ਬਾਅਦ ਇਸ ਨੂੰ ਮੁੜ 18 ਫਰਵਰੀ 2006 ‘ਚ ਸ਼ੁਰੂ ਕੀਤਾ ਗਿਆ। ਦੱਸਣਯੋਗ ਹੈ ਕਿ ਬੀਤੇ ਦਿਨੀਂ ਪਾਕਿ ਰੇਲ ਮੰਤਰਾਲੇ ਨੇ ਸਮਝੌਤਾ ਐਕਸਪ੍ਰੈੱਸ ਨੂੰ ਬੰਦ ਕਰਨ ਦਾ ਐਲਾਨ ਕਰਦਿਆਂ ਪਾਕਿਸਤਾਨ ਤੋਂ ਪਰਤਣ ਵਾਲੀ ਉਕਤ ਯਾਤਰੂ ਗੱਡੀ ਨੂੰ ਵਾਹਗਾ ਸਟੇਸ਼ਨ ‘ਤੇ ਹੀ ਰੋਕ ਦਿੱਤਾ ਸੀ। ਪਾਕਿ ਵੱਲੋਂ ਆਪਣੇ ਗਾਰਡ ਤੇ ਡਰਾਈਵਰ ਨੂੰ ਭਾਰਤੀ ਸਰਹੱਦ ‘ਚ ਭੇਜਣ ਤੋਂ ਇਨਕਾਰ ਕਰਨ ‘ਤੇ ਭਾਰਤ ਨੂੰ ਰੇਲ ਗੱਡੀ ਨੂੰ ਵਾਹਗਾ ਸਟੇਸ਼ਨ ਤੋਂ ਲਿਆਉਣ ਲਈ ਆਪਣਾ ਡਰਾਈਵਰ ਤੇ ਇੰਜਣ ਭੇਜਣਾ ਪਿਆ। ਇਸ ਤੋਂ ਪਹਿਲਾਂ ਦਿੱਲੀ-ਲਾਹੌਰ ਵਿਚਾਲੇ ਚੱਲਣ ਵਾਲੀ ‘ਸਦਾ-ਏ-ਸਰਹੱਦ’ ਕੌਮਾਂਤਰੀ ਬੱਸ ਆਪਣੇ ਨਿਰਧਾਰਿਤ ਸਮੇਂ ਅਨੁਸਾਰ ਸਵੇਰੇ 8.30 ਵਜੇ 22 ਯਾਤਰੂਆਂ ਨੂੰ ਲੈ ਕੇ ਵਾਹਗਾ ਤੋਂ ਅਟਾਰੀ ਪਹੁੰਚੀ ਤੇ ਕਸਟਮ ਤੇ ਇਮੀਗ੍ਰੇਸ਼ਨ ਜਾਂਚ ਉਪਰੰਤ ਉਸ ਨੂੰ ਦਿੱਲੀ ਲਈ ਰਵਾਨਾ ਕੀਤਾ ਗਿਆ। ਇਸ ਪ੍ਰਕਾਰ ਦਿੱਲੀ ਤੋਂ ਵਾਹਗਾ ਪਹੁੰਚਣ ਵਾਲੀ ਬੱਸ ਵੀ ਆਪਣੇ ਨਿਰਧਾਰਿਤ ਸਮੇਂ ‘ਤੇ 28 ਯਾਤਰੂ ਲੈ ਕੇ ਪਾਕਿ ਰਵਾਨਾ ਹੋਈ। ਲਾਹੌਰ-ਅੰਮ੍ਰਿਤਸਰ ਬੱਸ ‘ਚ ਪਾਕਿ ਵੱਲੋਂ ਇਕ ਮੁਸਾਫਰ ਆਇਆ ਜਦਕਿ ਭਾਰਤ ਵੱਲੋਂ ਇਸ ਬੱਸ ਰਾਹੀਂ ਦੋ ਲੋਕ ਰਵਾਨਾ ਹੋਏ।