ਭਾਰਤ-ਪਾਕਿ ਤਣਾਅ ਨੇ ਦੋਵਾਂ ਮੁਲਕਾਂ ਦੇ ਕਾਰੋਬਾਰੀਆਂ ਦੀਆਂ ਆਸਾਂ ‘ਤੇ ਫੇਰਿਆ ਪਾਣੀ

ਦੁਵੱਲਾ ਵਪਾਰ ਮੁਅੱਤਲ ਹੋਣ ਕਾਰਨ ਦੋਵੇਂ ਪਾਸੇ ਪਵੇਗਾ ਅਰਬਾਂ ਦਾ ਘਾਟਾ
ਅੰਮ੍ਰਿਤਸਰ: ਜੰਮੂ-ਕਸ਼ਮੀਰ ਤੋਂ ਧਾਰਾ 370 ਤੇ 35-ਏ ਹਟਾਏ ਜਾਣ ਤੋਂ ਬਾਅਦ ਪਾਕਿਸਤਾਨ, ਭਾਰਤ ਨਾਲ ਵਪਾਰਕ ਸਬੰਧ ਖਤਮ ਕਰਨ ਦੇ ਰਾਹ ਤੁਰ ਪਿਆ ਹੈ। ਪਾਕਿਸਤਾਨ ਦੇ ਐਲਾਨ ਤੋਂ ਬਾਅਦ ਭਾਰਤ-ਪਾਕਿ ਦੇ ਇੰਟੈਗ੍ਰੇਟਿਡ ਚੈੱਕ ਪੋਸਟ (ਆਈ.ਸੀ.ਪੀ.) ਅਟਾਰੀ, ਚੱਕਣ ਦੇ ਬਾਗ (ਪੁਣਛ) ਅਤੇ ਉੜੀ ਚਖੋਟੀ (ਕਸ਼ਮੀਰ) ਰਾਹੀਂ ਦੋਵਾਂ ਮੁਲਕਾਂ ਵਿਚਾਲੇ ਹੋਣ ਵਾਲਾ ਵਪਾਰ ਬਿਲਕੁਲ ਠੱਪ ਹੋ ਗਿਆ ਹੈ, ਜਿਸ ਨਾਲ ਜਿਥੇ ਦੋਵੇਂ ਪਾਸੇ ਦੇ ਵਪਾਰੀਆਂ ਨੂੰ ਅਰਬਾਂ ਰੁਪਈਆਂ ਦਾ ਘਾਟਾ ਪਵੇਗਾ, ਉਥੇ ਹੀ ਇਸ ਕਾਰਵਾਈ ਨਾਲ ਸਰਹੱਦ ਦੇ ਦੋਵੇਂ ਪਾਸੇ ਮਾਲ ਦੀ ਢੁਆਈ ਕਰਨ ਵਾਲੇ ਹਜ਼ਾਰਾਂ ਕੁਲੀ, ਕਸਟਮ ਹਾਊਸ ਏਜੰਟ ਅਤੇ ਟਰੱਕ ਡਰਾਈਵਰ ਦੋ ਵਕਤ ਦੀ ਰੋਟੀ ਲਈ ਮੁਹਤਾਜ ਹੋ ਜਾਣਗੇ।

ਇਸ ਨਾਲ ਲੱਖਾਂ ਲੋਕਾਂ ਨੂੰ ਬੇਰੁਜ਼ਗਾਰੀ ਦੀ ਮਾਰ ਝੱਲਣੀ ਪਵੇਗੀ। ਦੱਸਣਯੋਗ ਹੈ ਕਿ ਉਕਤ ‘ਚੋਂ ਚੱਕਣ ਦੇ ਬਾਗ ਅਤੇ ਉੜੀ ਚਖੋਟੀ ਰਾਹੀਂ ਹੁੰਦੇ ਵਪਾਰ ‘ਤੇ ਪੁਲਵਾਮਾ ਵਿਚ ਹੋਏ ਹਮਲੇ ਬਾਅਦ ਭਾਰਤ ਵੱਲੋਂ ਰੋਕ ਲਗਾ ਦਿੱਤੀ ਗਈ ਸੀ, ਜਦਕਿ ਪਾਕਿ ਨੂੰ ਸਬਕ ਸਿਖਾਉਣ ਦੇ ਇਰਾਦੇ ਨਾਲ ਇਸ ਮੁਲਕ ਵੱਲੋਂ ਆਉਣ ਵਾਲੇ ਸਾਮਾਨ ‘ਤੇ 200 ਫੀਸਦੀ ਕਸਟਮ ਡਿਊਟੀ ਵਧਾਉਣ ਅਤੇ ਪਾਕਿ ਨੂੰ ਸਾਲ 1998 ‘ਚ ਦਿੱਤਾ ਸਭ ਤੋਂ ਤਰਜੀਹੀ ਦੇਸ਼ ਦਾ ਦਰਜਾ ਖਤਮ ਕਰਨ ਬਾਅਦ ਆਈ.ਸੀ.ਪੀ. ਅਟਾਰੀ ਰਾਹੀਂ ਭਾਰਤ-ਪਾਕਿ ਵਿਚਾਲੇ ਹੋਣ ਵਾਲਾ ਵਪਾਰ ਲਗਭਗ ਪਹਿਲਾਂ ਹੀ ਠੱਪ ਹੋਇਆ ਪਿਆ ਹੈ। ਦੱਸਿਆ ਜਾ ਰਿਹਾ ਹੈ ਕਿ ਆਈ.ਸੀ.ਪੀ. ਰਾਹੀਂ ਸਾਲ 2018 ਦੌਰਾਨ ਭਾਰਤ ਅਤੇ ਪਾਕਿਸਤਾਨ ਵਿਚਾਲੇ 140 ਅਰਬ ਰੁਪਏ ਦਾ ਵਪਾਰ ਹੋਇਆ, ਜੋ ਕਿ ਦੋਵੇਂ ਪਾਸੇ ਵਾਰ-ਵਾਰ ਸਬੰਧਾਂ ‘ਚ ਆਉਣ ਵਾਲੀ ਕੁੜੱਤਣ ਕਾਰਨ ਬੀਤੇ ਵਰ੍ਹਿਆਂ ਦੇ ਮੁਕਾਬਲੇ ਕਾਫੀ ਘੱਟ ਸੀ। ਇਸ ਦੇ ਬਾਵਜੂਦ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਲਈ ਉਸਾਰੀ ਦਾ ਕੰਮ ਸ਼ੁਰੂ ਹੋਣ ਤੋਂ ਬਾਅਦ ਦੋਵੇਂ ਮੁਲਕਾਂ ਦੇ ਵਪਾਰੀਆਂ ਵੱਲੋਂ ਆਸ ਕੀਤੀ ਜਾ ਰਹੀ ਸੀ ਕਿ ਇਸ ਵਰ੍ਹੇ ਆਈ.ਸੀ.ਪੀ. ਰਾਹੀਂ ਲਗਭਗ 250 ਅਰਬ ਰੁਪਏ ਤੋਂ ਵਧੇਰੇ ਦਾ ਕਾਰੋਬਾਰ ਹੋਵੇਗਾ। ਜਦਕਿ ਹੁਣ ਸਰਹੱਦ ਦੇ ਦੋਵੇਂ ਪਾਸੇ ਰਿਸ਼ਤਿਆਂ ‘ਚ ਇਕ ਵਾਰ ਫਿਰ ਬਣੀ ਕੜਵਾਹਟ ਕਾਰਨ ਇਸ ਬਾਰੇ ਸਭ ਉਮੀਦਾਂ ਉਤੇ ਪਾਣੀ ਫਿਰਦਾ ਵਿਖਾਈ ਦੇ ਰਿਹਾ ਹੈ।
ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨ ਵੱਲੋਂ ਭਾਰਤ ਨਾਲ ਰਸਮੀ ਤੌਰ ‘ਤੇ ਵਪਾਰ ਬੰਦ ਕਰਨ ਦੇ ਕੀਤੇ ਐਲਾਨ ਨਾਲ ਭਾਰਤ ਤੋਂ ਜ਼ਿਆਦਾ ਪਾਕਿਸਤਾਨੀ ਵਪਾਰੀਆਂ ਨੂੰ ਨੁਕਸਾਨ ਪਹੁੰਚੇਗਾ। ਆਈ.ਸੀ.ਪੀ. ਰਾਹੀਂ ਪਾਕਿਸਤਾਨ ਨਾਲ ਵਪਾਰ ਕਰਨ ਵਾਲੇ ਭਾਰਤੀ ਵਪਾਰੀਆਂ ਦਾ ਕਹਿਣਾ ਹੈ ਕਿ ਦੋਵੇਂ ਦੇਸ਼ਾਂ ‘ਚ ਕਾਰੋਬਾਰ ਨੂੰ ਲੈ ਕੇ ਦਰਾਮਦ-ਬਰਾਮਦ ਸਬੰਧੀ ਹੋਏ ਸਮਝੌਤੇ ਦੇ ਚਲਦਿਆਂ 124 ਵਸਤੂਆਂ ਦਾ ਕਾਰੋਬਾਰ ਕਰਨ ਦੀ ਮਨਜ਼ੂਰੀ ਦੋਵੇਂ ਪਾਸੇ ਦੇ ਵਪਾਰੀਆਂ ਨੂੰ ਦਿੱਤੀ ਗਈ ਸੀ, ਜਦਕਿ ਪਿਛਲੇ ਲੰਬੇ ਸਮੇਂ ਤੋਂ ਭਾਰਤ-ਪਾਕਿ ਵਿਚਾਲੇ ਸਿਰਫ 20-22 ਵਸਤੂਆਂ ਦੀ ਹੀ ਦਰਾਮਦ-ਬਰਾਮਦ ਹੋ ਰਹੀ ਹੈ। ਸਾਲ 2019 ਦੇ ਜੁਲਾਈ ਮਹੀਨੇ ਤੱਕ ਜਿਥੇ ਭਾਰਤ ਵੱਲੋਂ ਇਕੱਲੇ ਸੂਤੀ ਧਾਗੇ, ਮੱਝ ਦਾ ਮਾਸ ਤੇ ਕੁਝ ਇਕ ਹੋਰ ਵਸਤਾਂ ਦੇ ਟਰੱਕ ਬਹੁਤ ਹੀ ਘੱਟ ਗਿਣਤੀ ‘ਚ ਪਾਕਿਸਤਾਨ ਭੇਜੇ ਜਾ ਸਕੇ, ਉਥੇ ਹੀ ਪਾਕਿਸਤਾਨੀ ਵਪਾਰੀਆਂ ਵਲੋਂ ਜਿਪਸਮ, ਸੀਮੈਂਟ, ਡਰਾਈ ਫਰੂਟ, ਸੁੱਕੀ ਖਜੂਰ, ਤਾਜ਼ਾ ਫਲ, ਪਲਾਸਟਿਕ ਦਾਨਾ, ਸ਼ੀਸ਼ਾ, ਸੋਢਾ, ਕੱਚਾ ਐਲੂਮੀਨੀਅਮ, ਚੂਨਾ, ਅਨਾਰਦਾਣਾ, ਗੂਗਲ, ਅਜ਼ਵਾਇਣ, ਮੁਲੱਠੀ, ਪਨੀਰ ਦੋਧੀ, ਰਤਨ ਜੋਤ, ਉੱਨ, ਰਾਕ ਸਾਲਟ, ਰਬੜ ਦੀਆਂ ਪੁਰਾਣੀਆਂ ਟਿਊਬਾਂ ਤੇ ਟਾਇਰ, ਚਮੜਾ, ਪਿਆਜ਼ ਤੇ ਕੁਝ ਹੋਰ ਸਾਮਾਨ ਦੇ ਕੁੱਲ 34009 ਟਰੱਕ ਆਈ.ਸੀ.ਪੀ. ਰਾਹੀਂ ਭਾਰਤ ਭੇਜੇ ਗਏ।
______________________
ਪਾਕਿ ਦੁਵੱਲੇ ਸਬੰਧਾਂ ‘ਤੇ ਡਰਾਉਣੀ ਤਸਵੀਰ ਪੇਸ਼ ਕਰ ਰਿਹੈ: ਭਾਰਤ
ਨਵੀਂ ਦਿੱਲੀ: ਭਾਰਤ ਨੇ ਪਾਕਿਸਤਾਨ ਨੂੰ ਸਫਾਰਤੀ ਰਿਸ਼ਤੇ ਘਟਾਉਣ ਅਤੇ ਕਾਰੋਬਾਰ ਬੰਦ ਕਰਨ ਦੇ ਫੈਸਲੇ ‘ਤੇ ਮੁੜ ਵਿਚਾਰ ਕਰਨ ਨੂੰ ਕਿਹਾ ਹੈ। ਭਾਰਤ ਨੇ ਕਿਹਾ ਕਿ ਪਾਕਿਸਤਾਨ ਨੇ ਆਪਣੇ ਇਸ ਕਦਮ ਲਈ ਜੋ ਕਾਰਨ ਦੱਸੇ ਹਨ, ਉਹ ਜ਼ਮੀਨੀ ਤੱਥਾਂ ਨਾਲ ਮੇਲ ਨਹੀਂ ਖਾਂਦੇ। ਪਾਕਿਸਤਾਨ ਨੇ ਭਾਰਤ ਨਾਲ ਦੁਵੱਲੇ ਵਪਾਰਕ ਰਿਸ਼ਤੇ ਰੱਦ ਕਰਨ ਦਾ ਐਲਾਨ ਕੀਤਾ ਸੀ ਅਤੇ ਇਸਲਾਮਾਬਾਦ ਤੋਂ ਭਾਰਤੀ ਰਾਜਦੂਤ ਨੂੰ ਜਾਣ ਨੂੰ ਕਿਹਾ ਸੀ। ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਇਕ ਤਫਸੀਲੀ ਬਿਆਨ ‘ਚ ਕਿਹਾ ਗਿਆ ਕਿ ਅਜਿਹੀਆਂ ਰਿਪੋਰਟਾਂ ਵੇਖੀਆਂ ਗਈਆਂ ਹਨ ਜਿਸ ਮੁਤਾਬਕ ਭਾਰਤ ਨਾਲ ਦੁਵੱਲੇ ਸਬੰਧਾਂ ਬਾਰੇ ਪਾਕਿਸਤਾਨ ਨੇ ਕੁਝ ਇਕਪਾਸੜ ਕਦਮ ਚੁੱਕਣ ਦਾ ਫੈਸਲਾ ਕੀਤਾ ਹੈ। ਪਾਕਿਸਤਾਨ ਵੱਲੋਂ ਚੁੱਕੇ ਕਦਮਾਂ ਦਾ ਮਕਸਦ ਦੁਨੀਆਂ ਦੇ ਸਾਹਮਣੇ ਦੁਵੱਲੇ ਸਬੰਧਾਂ ਦੀ ਡਰਾਉਣੀ ਤਸਵੀਰ ਪੇਸ਼ ਕਰਨਾ ਹੈ।