ਕੌਮੀ ਫਿਲਮ ਪੁਰਸਕਾਰ: ਆਯੂਸ਼ਮਾਨ ਤੇ ਵਿੱਕੀ ਕੌਸ਼ਲ ਸਾਂਝੇ ਤੌਰ ‘ਤੇ ਬਣੇ ਸਰਵੋਤਮ ਅਦਾਕਾਰ

ਨਵੀਂ ਦਿੱਲੀ: ਫਿਲਮ ‘ਅੰਧਾਧੁਨ’ ਅਤੇ ‘ਉੜੀ’ ਵਿਚ ਨਿਭਾਏ ਕਿਰਦਾਰਾਂ ਲਈ ਬਾਲੀਵੁੱਡ ਅਦਾਕਾਰਾਂ ਆਯੂਸ਼ਮਾਨ ਖੁਰਾਣਾ ਅਤੇ ਵਿੱਕੀ ਕੌਸ਼ਲ ਨੇ ਸਾਂਝੇ ਤੌਰ ‘ਤੇ ਸਰਵੋਤਮ ਅਦਾਕਾਰ ਦਾ ਕੌਮੀ ਫਿਲਮ ਪੁਰਸਕਾਰ ਜਿੱਤਿਆ ਹੈ। ਗੁਜਰਾਤੀ ਫਿਲਮ ‘ਹੇਲਾਰੋ’ ਨੂੰ ਸਰਵੋਤਮ ਫਿਲਮ ਐਲਾਨਿਆ ਗਿਆ ਹੈ। ਲੋਕ ਸਭਾ ਚੋਣਾਂ ਕਾਰਨ ਤਿੰਨ ਮਹੀਨਿਆਂ ਦੀ ਦੇਰੀ ਨਾਲ ਐਲਾਨੇ ਗਏ 66ਵੇਂ ਕੌਮੀ ਫਿਲਮ ਪੁਰਸਕਾਰਾਂ ਤਹਿਤ ਆਦਿੱਤਿਆ ਧਾਰ ਨੂੰ ‘ਉੜੀ: ਦਾ ਸਰਜੀਕਲ ਸਟ੍ਰਾਈਕ’ ਲਈ ਸਰਵੋਤਮ ਨਿਰਦੇਸ਼ਕ ਐਲਾਨਿਆ ਗਿਆ ਹੈ।

ਫਿਲਮ ‘ਅੰਧਾਧੁਨ’ ਨੇ ਸਰਵੋਤਮ ਹਿੰਦੀ ਫਿਲਮ ਅਤੇ ਸਰਵੋਤਮ ਅਡਾਪਟਿਡ ਸਕ੍ਰੀਨਪਲੇਅ ਪੁਰਸਕਾਰ ਜਿੱਤੇ। ਤੇਲਗੂ ਫਿਲਮ ‘ਮਹੰਤੀ’ ਵਿਚ ਪੁਰਾਣੀ ਅਦਾਕਾਰਾ ਸਵਿੱਤਰੀ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਕੀਰਤੀ ਸੁਰੇਸ਼ ਨੇ ਸਰਵੋਤਮ ਅਦਾਕਾਰਾ ਦਾ ਪੁਰਸਕਾਰ ਜਿੱਤਿਆ। ਫਿਲਮ ‘ਬਧਾਈ ਹੋ’, ਜੋ ਕਿ ਵਡੇਰੀ ਉਮਰ ਵਿਚ ਗਰਭਵਤੀ ਹੋਈ ਮਹਿਲਾ ਦੇ ਪਰਿਵਾਰ ਦੀ ਕਹਾਣੀ ਹੈ, ਨੂੰ ਮਨੋਰੰਜਨ ਦੇ ਪੱਖ ਤੋਂ ਸਰਵੋਤਮ ਪ੍ਰਸਿੱਧ ਫਿਲਮ ਐਲਾਨਿਆ ਗਿਆ। ਇਸ ਫਿਲਮ ਵਿਚ ਭੂਮਿਕਾ ਨਿਭਾਉਣ ਵਾਲੀ ਸੀਨੀਅਰ ਅਦਾਕਾਰਾ ਸੁਰੇਖਾ ਸੀਕਰੀ ਨੇ ਸਰਵੋਤਮ ਸਹਿ-ਅਦਾਕਾਰਾ ਦਾ ਪੁਰਸਕਾਰ ਜਿੱਤਿਆ। ਅਕਸ਼ੈ ਕੁਮਾਰ ਦੀ ਫਿਲਮ ‘ਪੈਡਮੈਨ’ ਨੂੰ ਸਮਾਜਿਕ ਮੁੱਦਿਆਂ ਬਾਰੇ ਸਰਵੋਤਮ ਫਿਲਮ ਐਲਾਨਿਆ ਗਿਆ। ਰਿਲੀਜ਼ ਹੋਣ ਮੌਕੇ ਮੁਸ਼ਕਲਾਂ ਦਾ ਸਾਹਮਣਾ ਕਰਨ ਵਾਲੀ ਸੰਜੇ ਲੀਲਾ ਭੰਸਾਲੀ ਦੀ ਫਿਲਮ ‘ਪਦਮਾਵਤ’ ਨੂੰ ‘ਘੂਮਰ’ ਗੀਤ ਲਈ ਸਰਵੋਤਮ ਕੋਰਿਓਗ੍ਰਾਫੀ ਦਾ ਪੁਰਸਕਾਰ ਮਿਲਿਆ ਜਦਕਿ ਭੰਸਾਲੀ ਨੂੰ ਸਰਵੋਤਮ ਸੰਗੀਤ ਨਿਰਦੇਸ਼ਕ ਐਲਾਨਿਆ ਗਿਆ।
ਇਸੇ ਫਿਲਮ ਦੇ ਗੀਤ ‘ਬਿਨਤੇ ਦਿਲ’ ਲਈ ਅਰੀਜੀਤ ਸਿੰਘ ਨੂੰ ਸਰਵੋਤਮ ਪੁਰਸ਼ ਪਿੱਠਵਰਤੀ ਗਾਇਕ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ। ਗਾਇਕ ਅਤੇ ਗੀਤਕਾਰ ਸਵਾਨੰਦ ਕਿਰਕਿਰੇ ਨੂੰ ਮਰਾਠੀ ਫਿਲਮ ‘ਚੁੰਬਕ’ ਲਈ ਸਰਵੋਤਮ ਸਹਿ-ਅਦਾਕਾਰ ਦਾ ਪੁਰਸਕਾਰ ਦਿੱਤਾ ਗਿਆ ਹੈ। ਇਨ੍ਹਾਂ ਪੁਰਸਕਾਰਾਂ ਦਾ ਐਲਾਨ ਜਿਊਰੀ ਮੁਖੀ ਰਾਹੁਲ ਰਵੇਲ ਵਲੋਂ ਕੀਤਾ ਗਿਆ। ਇਹ ਪੁਰਸਕਾਰ ਪ੍ਰਦਾਨ ਕੀਤੇ ਜਾਣ ਦੇ ਸਮੇਂ ਬਾਰੇ ਹਾਲੇ ਕੁਝ ਸਪੱਸ਼ਟ ਨਹੀਂ ਹੈ।
ਨੈਸ਼ਨਲ ਐਵਾਰਡੀ ਫਿਲਮਕਾਰ ਸ਼ਿਲਪੀ ਗੁਲਾਟੀ ਵੱਲੋਂ ਨਿਰਦੇਸ਼ਤ ਅਤੇ ਨਿਊਰੋ ਸਾਈਕੈਟਰਿਕ ਤੇ ਨਸ਼ਾ ਛੁਡਾਊ ਮਾਹਿਰ ਡਾ. ਜੇ.ਪੀ.ਐਸ਼ ਭਾਟੀਆ ਵੱਲੋਂ ਪ੍ਰੋਡਿਊਸ ਕੀਤੀ ਡਾਕੂਮੈਂਟਰੀ ‘ਤਾਲਾ ਤੇ ਕੂੰਜੀ’ ਨੂੰ 66ਵੇਂ ਨੈਸ਼ਨਲ ਫਿਲਮ ਐਵਾਰਡ ਸਮਾਗਮ ਦੌਰਾਨ ਨੈਸ਼ਨਲ ਐਵਾਰਡ ਦਿੱਤਾ ਗਿਆ ਹੈ। ਇਸ ਨੂੰ ਫੀਚਰ ਫਿਲਮ ਸ਼੍ਰੇਣੀ ਵਿਚੋਂ ਵੱਖਰੇ ਤੌਰ ‘ਤੇ ਰੱਖ ਕੇ ਐਵਾਰਡ ਦਿੱਤਾ ਗਿਆ ਹੈ। ਡਾ. ਜੇ.ਪੀ.ਐਸ਼ ਭਾਟੀਆ ਨੇ ਕਿਹਾ ਕਿ ਉਹ ਖੁਸ਼ ਹਨ ਕਿ ਉਨ੍ਹਾਂ ਵੱਲੋਂ ਕੀਤੇ ਸਮਾਜਿਕ ਕਾਰਜ ਨੂੰ ਮਾਣ ਦਿੱਤਾ ਗਿਆ ਹੈ।